ਤਰਨਜੀਤ ਸੰਧੂ ਵੱਲੋਂ ਭਾਰਤ-ਪਾਕਿ ਵਿਚਾਲੇ ਦੁਵੱਲਾ ਵਪਾਰ ਮੁੜ ਖੋਲ੍ਹਣ ਦਾ ਵਾਅਦਾ

ਅੰਮ੍ਰਿਤਸਰ: ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਆਪਣੇ ਸਿਆਸੀ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਕਿ ਉਹ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਆਰਥਿਕ ਪੈਕੇਜ ਲਿਆਉਣਗੇ।

ਆਪਣੇ ਏਜੰਡੇ ਬਾਰੇ ਸਪੱਸ਼ਟ ਕਰਦਿਆਂ ਸੰਯੁਕਤ ਰਾਜ ਵਿਚ ਸਾਬਕਾ ਰਾਜਦੂਤ ਰਹੇ ਸ੍ਰੀ ਸੰਧੂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਹ ਅਟਾਰੀ-ਵਾਹਗਾ ਸਰਹੱਦ ਦੇ ਜ਼ਮੀਨੀ ਮਾਰਗ ਰਾਹੀਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੇ ਵਪਾਰ ਨੂੰ ਮੁੜ ਖੋਲ੍ਹਣ, ਫਿਰੋਜ਼ਪੁਰ-ਮੱਖੂ ਰੇਲ ਲਿੰਕ ਦੇ ਕੰਮ ਨੂੰ ਤੇਜ਼ ਕਰਨ ਅਤੇ ਹਵਾਈ ਜਹਾਜ਼ ਰਾਹੀਂ ਕਾਰਗੋ ਸਹੂਲਤ ਨੂੰ ਵਧਾਉਣ ਵਰਗੇ ਤਰਜੀਹੀ ਕੰਮ ਕਰਵਾਉਣਗੇ।
ਸਾਬਕਾ ਰਾਜਦੂਤ ਨੇ ਕਿਹਾ ਕਿ ਅੰਮ੍ਰਿਤਸਰ ਦਾ ਆਰਥਿਕ ਵਿਕਾਸ ਦੱਖਣ ਪੂਰਬੀ ਏਸ਼ੀਆ ਅਤੇ ਇੰਡੋ-ਪੈਸੀਫਿਕ ਖਾੜੀ ਦੇ ਦੇਸ਼ਾਂ ਜਿਵੇਂ ਯੂ.ਏ.ਈ ਅਤੇ ਸਾਊਦੀ ਅਰਬ ਨਾਲ ਬਿਹਤਰ ਸੰਪਰਕ ਨਾਲ ਕਈ ਗੁਣਾ ਵਧ ਸਕਦਾ ਹੈ, ਜਿਸ ਨਾਲ ਸਥਾਨਕ ਘਰੇਲੂ ਉਤਪਾਦਾਂ ਦੇ ਨਿਰਯਾਤ, ਉਦਯੋਗ, ਸੈਰ-ਸਪਾਟਾ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿਚ ਵਿਕਾਸ ਦੇ ਦਰਵਾਜ਼ੇ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਗੀ ਸੋਚ ਤੇ ਪਹੁੰਚ ਕਾਰਨ ਅਮਰੀਕਾ-ਭਾਰਤ ਸਬੰਧ ਸਾਂਝੇਦਾਰੀ ਵਿਚ ਤਬਦੀਲ ਹੋ ਗਏ ਹਨ। ਮਾਈਕ੍ਰੋਸਾਫਟ, ਮਾਈਕ੍ਰੋਨ, ਸੈੱਲ ਫੋਨ ਵਰਗੀਆਂ ਕਈ ਕੌਮਾਂਤਰੀ ਕੰਪਨੀਆਂ ਨੇ ਭਾਰਤ ਵਿਚ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਹੈ। ਉਹ ਚਾਹੁੰਦੇ ਹਨ ਕਿ ਅੰਮ੍ਰਿਤਸਰ ਨੂੰ ਇਸ ਸਾਂਝ ਦਾ ਹਿੱਸਾ ਬਣਾਇਆ ਜਾਵੇ।