ਅਕਾਲੀ-ਭਾਜਪਾ ਲਈ ਸਿਆਸੀ ਧਰਾਤਲ `ਤੇ ਪ੍ਰੀਖਿਆ ਦੀ ਘੜੀ

ਚੰਡੀਗੜ੍ਹ: ਅਕਾਲੀ-ਭਾਜਪਾ ਗੱਠਜੋੜ ਦੀ ਸੰਭਾਵਨਾ ਖਤਮ ਹੋਣ ਉਤੇ ਨਵੇਂ ਸਮੀਕਰਨ ਬਣਨ ਲੱਗੇ ਹਨ। ਅਕਾਲੀ ਦਲ ਅਤੇ ਭਾਜਪਾ ਲਈ ਲੋਕ ਸਭਾ ਚੋਣਾਂ ‘ਚ ਗੱਠਜੋੜ ਤੋਂ ਕਿਨਾਰਾ ਸਿਆਸੀ ਧਰਾਤਲ ‘ਤੇ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ਭਾਜਪਾ 1998 ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਚੋਣ ਪਿੜ ‘ਚ ਇਕੱਲੀ ਨਿੱਤਰੇਗੀ। ਬੇਸ਼ੱਕ ਸੰਗਰੂਰ ਅਤੇ ਜਲੰਧਰ ਦੀ ਜ਼ਿਮਨੀ ਚੋਣ ਵਿਚ ਅਕਾਲੀ ਦਲ ਤੇ ਭਾਜਪਾ ਦੇ ਰਾਹ ਵੱਖੋ ਵੱਖਰੇ ਸਨ ਪਰ ਭਾਜਪਾ ਹੁਣ 13 ਲੋਕ ਸਭਾ ਸੀਟਾਂ ‘ਤੇ ਆਪਣਾ ਸਿਆਸੀ ਵਜ਼ਨ ਤੋਲੇਗੀ।

ਗੱਠਜੋੜ ਮੌਕੇ ਅਕਾਲੀ ਦਲ 10 ਸੀਟਾਂ ਤੋਂ ਚੋਣ ਲੜਦਾ ਰਿਹਾ ਹੈ ਜਦੋਂ ਕਿ ਭਾਜਪਾ ਦੇ ਹਿੱਸੇ ਤਿੰਨ ਸੀਟਾਂ ਰਹੀਆਂ ਹਨ। ਵੇਰਵਿਆਂ ਅਨੁਸਾਰ ਸਾਲ 2019 ਅਤੇ 2014 ਦੀਆਂ ਚੋਣਾਂ ਵਿਚ ਭਾਜਪਾ ਨੇ ਦੋ-ਦੋ ਸੀਟਾਂ ਜਿੱਤੀਆਂ ਸਨ ਜਦੋਂ ਕਿ ਅਕਾਲੀ ਦਲ ਨੇ ਕ੍ਰਮਵਾਰ 2 ਅਤੇ ਚਾਰ ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ।
ਪੰਜਾਬ ਵਿਚ ਸਿੱਖ ਭਾਈਚਾਰੇ ਦੀ ਕਰੀਬ 57 ਫੀਸਦੀ ਅਤੇ ਹਿੰਦੂ ਭਾਈਚਾਰੇ ਦੀ 38 ਫੀਸਦੀ ਆਬਾਦੀ ਹੈ। ਭਾਜਪਾ ਦੀ ਕੋਸ਼ਿਸ਼ ਰਹੇਗੀ ਕਿ ਸ਼ਹਿਰੀ ਵੋਟਾਂ ਅਤੇ ਖਾਸ ਕਰਕੇ ਹਿੰਦੂ ਭਾਈਚਾਰੇ ਦੇ ਵੋਟ ਬੈਂਕ ਨੂੰ ਇੱਕੋ ਮੋਰੀ ਕੱਢਿਆ ਜਾਵੇ। ਭਾਜਪਾ ਨੂੰ ਰਾਮ ਮੰਦਰ ਅਤੇ ਨਰਿੰਦਰ ਮੋਦੀ ਦੀਆਂ ਵਿਕਾਸ ਪ੍ਰਾਪਤੀਆਂ ‘ਤੇ ਭਰੋਸਾ ਹੈ। ਸਿਆਸੀ ਮਾਹਿਰਾਂ ਅਨੁਸਾਰ ਭਾਜਪਾ ਵੱਲੋਂ ਹੁਣ 13 ਲੋਕ ਸਭਾ ਹਲਕਿਆਂ ਵਿਚ ਸ਼ਹਿਰੀ ਵੋਟ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ ਅਤੇ ਭਾਜਪਾ ਨੂੰ ਆਸ ਹੈ ਕਿ ਉਹ ਆਪਣੇ ਵੋਟ ਬੈਂਕ ਵਿਚ ਵਾਧਾ ਕਰਨ ਵਿਚ ਕਾਮਯਾਬ ਹੋਵੇਗੀ।
ਦੂਜੇ ਪਾਸੇ ਅਕਾਲੀ ਦਲ ਨੇ ਆਪਣੇ ਟਕਸਾਲੀ ਵੋਟ ਬੈਂਕ ਉਤੇ ਧਿਆਨ ਕੇਂਦਰਿਤ ਕਰਨਾ ਹੈ ਤਾਂ ਜੋ ਕਿਸਾਨਾਂ ਅਤੇ ਪੰਥਕ ਵੋਟ ਬੈਂਕ ਨੂੰ ਮੁੜ ਅਕਾਲੀ ਦਲ ਨਾਲ ਜੋੜਿਆ ਜਾ ਸਕੇ। ਦੇਖਣਾ ਹੋਵੇਗਾ ਕਿ ਕਿਸਾਨੀ ਅਕਾਲੀ ਦਲ ਦਾ ਕਿੰਨਾ ਕੁ ਸਾਥ ਦਿੰਦੀ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਨੇ ਜਦੋਂ ਐਨ.ਡੀ.ਏ. ਨਾਲੋਂ ਨਾਤਾ ਤੋੜਿਆ ਸੀ ਤਾਂ ਉਸ ਮਗਰੋਂ ਹੋਈਆਂ ਅਸੈਂਬਲੀ ਚੋਣਾਂ (2002) ਵਿਚ ਅਕਾਲੀ ਦਲ ਨੂੰ ਸਿਰਫ ਤਿੰਨ ਸੀਟਾਂ ਹਾਸਲ ਹੋਈਆਂ ਸਨ। ਸਿਆਸੀ ਹਲਕੇ ਆਖਦੇ ਹਨ ਕਿ ਅਕਾਲੀ ਦਲ ਲਈ ਆਪਣੇ ਟਕਸਾਲੀ ਵੋਟ ਬੈਂਕ ਦਾ ਭਰੋਸਾ ਜਿੱਤਣਾ ਮੁੱਖ ਚੁਣੌਤੀ ਹੋਵੇਗਾ। ਅਕਾਲੀ ਦਲ ਨੂੰ ਰੰਜ ਹੈ ਕਿ ਭਾਜਪਾ ਹਕੂਮਤ ਨੇ ਬੰਦੀ ਸਿੰਘਾਂ ਅਤੇ ਕਿਸਾਨੀ ਮੁੱਦਿਆਂ ‘ਤੇ ਨਰਮਗੋਸ਼ਾ ਨਹੀਂ ਦਿਖਾਇਆ ਹੈ। ਉਧਰ, ਭਾਜਪਾ ਇਸ ਗੱਲੋਂ ਧਰਵਾਸ ਵਿਚ ਹੈ ਕਿ ਅਕਾਲੀ ਦਲ ਦੇ ਮੌਜੂਦਾ ਪੈਂਤੜਿਆਂ ਕਰਕੇ ਭਾਜਪਾ ਦਾ ਸ਼ਹਿਰੀ ਵੋਟ ਬੈਂਕ ਦਾ ਧਰੁਵੀਕਰਨ ਹੋ ਜਾਵੇਗਾ। ਗੱਠਜੋੜ ਨਾ ਹੋਣ ਕਾਰਨ ਕਈ ਉਮੀਦਵਾਰਾਂ ਦੇ ਸੁਫਨਿਆਂ ‘ਤੇ ਪਾਣੀ ਫਿਰ ਸਕਦਾ ਹੈ।
ਭਾਜਪਾ ਨਾਲ ਸਾਂਝ ਪੰਜਾਬ ਦੇ ਮੁੱਦਿਆਂ ਕਰਕੇ ਤੋੜੀ: ਸੁਖਬੀਰ
ਮਾਨਸਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਨਾਲ ਸਮਝੌਤਾ ਸੀਟਾਂ ਦੀ ਵੰਡ ਨੂੰ ਲੈ ਕੇ ਬਿਲਕੁਲ ਨਹੀਂ ਟੁੱਟਿਆ, ਸਗੋਂ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਭਾਰਤੀ ਜਨਤਾ ਪਾਰਟੀ ਤੋਂ ਦੂਰੀ ਬਣਾਉਣ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਣੇ ਹੋਰ ਆਗੂ ਸੀਟਾਂ ਦੀ ਵੰਡ ਨੂੰ ਲੈ ਕੇ ਗੱਠਜੋੜ ਸਿਰੇ ਨਾ ਚੜ੍ਹਨ ਦੀ ਗੱਲ ਕਰ ਰਹੇ ਹਨ, ਪਰ ਸੱਚਾਈ ਇਹ ਹੈ ਕਿ ਅਕਾਲੀ ਦਲ ਨੇ ਲੰਬੇ ਸਮੇਂ ਤੋਂ ਚਲੀ ਆ ਰਹੀ ਭਾਜਪਾ ਨਾਲ ਸਾਂਝ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੀ ਤੋੜੀ ਹੈ।