ਪੰਜਾਬ ਦੀਆਂ ਦਲ ਬਦਲੀਆਂ ਅਤੇ ਸਿਆਸਤ ਦਾ ਨਿਘਾਰ

ਨਵਕਿਰਨ ਸਿੰਘ ਪੱਤੀ
ਭਾਜਪਾ ਨੇ ‘ਕਾਂਗਰਸ ਮੁਕਤ ਭਾਰਤ` ਦੇ ਨਾਅਰੇ ਤਹਿਤ ਕਾਂਗਰਸ ਨੂੰ ਦੱਬ ਕੇ ਖੋਰਾ ਲਾਇਆ। ਹੁਣ ਨਾਅਰਾ ਉਹੀ ਹੈ, ਬਸ ਫਰਕ ਇਹ ਹੈ ਕਿ ਕਾਂਗਰਸ ਦੀ ਥਾਂ ‘ਇੰਡੀਆ` ਗੱਠਜੋੜ ਦਾ ਹਿੱਸਾ ਪਾਰਟੀਆਂ ਹਨ। ਉਂਝ, ਹਕੀਕਤ ਇਹ ਵੀ ਹੈ ਕਿ ਹੋਰ ਪਾਰਟੀਆਂ ਦੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਜੋ ਰਸਤਾ ਭਾਜਪਾ ਨੇ ਅਖਤਿਆਰ ਕੀਤਾ ਹੈ, ‘ਆਪ’ ਵੀ ਤਕਰੀਬਨ ਉਸੇ ਰਸਤੇ ਜਾ ਰਹੀ ਹੈ।

ਭਾਰਤ ਵਿਚ ਲੋਕ ਸਭਾ ਚੋਣਾਂ ਦੇ ਭਖੇ ਮੈਦਾਨ ਵਿਚ ਕਿਤੇ ਵੀ ਵਿਚਾਰਧਾਰਕ ਲੜਾਈ, ਇਮਾਨਦਾਰੀ, ਲੋਕ ਹਿੱਤਾਂ ਦੀ ਗੱਲ ਨਜ਼ਰ ਨਹੀਂ ਆ ਰਹੀ। ਦੇਸ਼ ਦੀ ‘ਸੱਤਾ` ‘ਤੇ ਕਾਬਜ਼ ਭਾਜਪਾ ਲਗਾਤਾਰ ਤੀਸਰੀ ਵਾਰ ਚੋਣ ਜਿੱਤਣ ਦੀ ਬਜਾਇ ਹਥਿਆਉਣ ਲਈ ਕਿਸੇ ਵੀ ਹੱਦ ਤੱਕ ਜਾ ਰਹੀ ਹੈ। ਇਹ ਕਹਿਣਾ ਕੋਈ ਅਤਿ ਕਥਨੀ ਨਹੀਂ ਹੋਵੇਗੀ ਕਿ ਇਸ ਚੋਣ ਪ੍ਰਕਿਰਿਆ ਦੌਰਾਨ ਰਾਜਨੀਤਕ ਪਾਰਟੀਆਂ ਤੋਂ ਵੱਧ ਸਰਗਰਮ ਤਾਂ ਕੇਂਦਰੀ ਏਜੰਸੀਆਂ ਹਨ।
ਵਿਰੋਧੀ ਧਿਰਾਂ ਦੀ ਇਸ ਗੱਲ ਵਿਚ ਦਮ ਹੈ ਕਿ ਭਾਜਪਾ ਚੋਣ ਜਿੱਤਣ ਲਈ ਉਨ੍ਹਾਂ ਦੇ ਆਗੂਆਂ ਨੂੰ ਕੇਂਦਰੀ ਏਜੰਸੀਆਂ ਦਾ ਡਰਾਵਾ ਜਾਂ ਲਾਲਚ ਦੇ ਕੇ ਆਪਣੇ ਵੱਲ ਖਿੱਚ ਰਹੀ ਹੈ ਪਰ ਸਿੱਕੇ ਦਾ ਦੂਜਾ ਪਹਿਲੂ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਵਿਰੋਧੀ ਧਿਰਾਂ ਦਾ ਖਾਸਾ ਵੀ ਕਿਸੇ ਵਿਚਾਰਧਾਰਾ ਦੀ ਪੈਦਾਇਸ਼ ਨਹੀਂ; ਉਹਨਾਂ ਵੀ ‘ਸੱਤਾ` ਉੱਪਰ ਕਾਬਜ਼ ਹੋਣ ਲਈ ਇੱਧਰੋ-ਉਧਰੋਂ ਉਮੀਦਵਾਰ ਲੈ ਕੇ ਚੋਣਾਂ ਲੜੀਆਂ ਹਨ। ਜੇ ਕੋਈ ਪਾਰਟੀ ਲੋਕ ਮੁੱਦਿਆਂ ‘ਤੇ ਕਿਸੇ ਵਿਚਾਰਧਾਰਾ ਉੱਪਰ ਪਹਿਰਾ ਦਿੰਦੀ ਹੈ ਤਾਂ ਉਸ ਨੂੰ ਤੋੜਨਾ ਐਨਾ ਸੌਖਾ ਨਹੀਂ ਹੁੰਦਾ।
ਪੂਰੇ ਦੇਸ਼ ਵਿਚੋਂ ਜੇਕਰ ਸਿਰਫ ਪੰਜਾਬ ਵਿਚ ਚੱਲ ਰਹੀਆਂ ਚੋਣ ਸਰਗਰਮੀਆਂ ਦਾ ਲੇਖਾ-ਜੋਖਾ ਕਰੀਏ ਤਾਂ ਸਮਝ ਪੈਂਦਾ ਹੈ ਕਿ ਇਹ ਚੋਣਾਂ ਲੋਕ ਮੁੱਦਿਆਂ ਦੀ ਬਜਾਇ ਆਪਸੀ ਚਿੱਕੜ ਉਛਾਲੀ ਤੱਕ ਸੀਮਤ ਹਨ। ਅਤਿ ਦੀ ਬੇਰੁਜ਼ਗਾਰੀ, ਕਿਸਾਨ ਮਜ਼ਦੂਰ ਖੁਦਕੁਸ਼ੀਆਂ, ਨਸ਼ਿਆਂ ਤੇ ਬੇਲੋੜੇ ਪਰਵਾਸ ਦਾ ਸਾਹਮਣਾ ਕਰ ਰਹੇ ਪੰਜਾਬ ਸਿਰ ਕਰਜ਼ੇ ਦੀ ਪੰਡ ਦਿਨੋ-ਦਿਨ ਭਾਰੀ ਹੋ ਰਹੀ ਹੈ ਪਰ ਹਾਕਮ ਜਮਾਤ ਦੀਆਂ ਪਾਰਟੀਆਂ ਇਹਨਾਂ ਮੁੱਦਿਆਂ ਨੂੰ ਸੰਬੋਧਨ ਹੋਣ ਦੀ ਬਜਾਇ ਜਾਇਜ਼-ਨਾਜਾਇਜ਼ ਢੰਗ ਨਾਲ ਚੋਣਾਂ ਜਿੱਤਣ ਲਈ ਕਾਹਲੀਆਂ ਹਨ।
ਭਾਜਪਾ ਪੰਜਾਬ ‘ਚ ਹੁਣ ਤੱਕ 6 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜਿਨ੍ਹਾਂ ਵਿਚੋਂ ਤਿੰਨ ਵਿਰੋਧੀ ਪਾਰਟੀਆਂ ਦੇ ਮੌਜੂਦਾ ਸੰਸਦ ਮੈਂਬਰ ਹਨ। ਭਾਜਪਾ ਨੇ ਆਪਣੇ ਕਾਡਰ ਵਿਚੋਂ ਉਮੀਦਵਾਰ ਬਣਾਉਣ ਦੀ ਬਜਾਇ ‘ਆਪ` ਦੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ, ਕਾਂਗਰਸ ਦੀ ਪਟਿਆਲਾ ਤੋਂ ਐੱਮਪੀ ਪ੍ਰਨੀਤ ਕੌਰ ਅਤੇ ਲੁਧਿਆਣਾ ਤੋਂ ਐੱਮਪੀ ਰਵਨੀਤ ਬਿੱਟੂ ਪਾਰਟੀ ਵਿਚ ਸ਼ਾਮਲ ਕਰ ਕੇ ਇਨ੍ਹਾਂ ਹੀ ਹਲਕਿਆਂ ਤੋਂ ਉਮੀਦਵਾਰ ਬਣਾ ਲਿਆ ਹੈ।
‘ਆਪ` ਦੇ ਪੂਰੇ ਦੇਸ਼ ਵਿਚੋਂ ਇਕਲੌਤੇ ਲੋਕ ਸਭਾ ਮੈਂਬਰ ਅਤੇ ਜਲੰਧਰ ਤੋਂ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਜਦ ਭਾਜਪਾ ਵਿਚ ਸ਼ਾਮਲ ਹੋਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਨਜ਼ ਕਸਦਿਆਂ ਸ਼ੋਸ਼ਲ ਮੀਡੀਆ ‘ਤੇ ਕੁਝ ਸਤਰਾਂ ਲਿਖੀਆਂ ਪਰ ਉਹੀ ਰਿੰਕੂ ਜਿਸ ਦਿਨ ਕਾਂਗਰਸ ਛੱਡ ਕੇ ‘ਆਪ` ਵਿਚ ਆਇਆ ਸੀ, ਉਸ ਦਿਨ ਉਹ ਮਹਾਨ ਕਿਵੇਂ ਸੀ? ਜਿਸ ਸੁਸ਼ੀਲ ਰਿੰਕੂ ਨੂੰ ਹੁਣ ਮੋਦੀ ਸਰਕਾਰ ਬਹੁਤ ਚੰਗੀ ਲੱਗਦੀ ਹੈ, ਉਸ ਰਿੰਕੂ ਨੂੰ ਵੀ ਪੁੱਛਣਾ ਬਣਦਾ ਹੈ ਕਿ ਕੁਝ ਮਹੀਨੇ ਪਹਿਲਾਂ ਉਸੇ ਸਰਕਾਰ ਖਿਲਾਫ ਲੋਕ ਸਭਾ ਵਿਚ ਕੀਤੇ ਰੋਸ ਪ੍ਰਦਰਸ਼ਨ ਕਾਰਨ ਉਸ ਨੂੰ ਸਦਨ ਤੋਂ ਮੁਅੱਤਲ ਵੀ ਕਰ ਦਿੱਤਾ ਗਿਆ ਸੀ।
ਇਹ ਮੁੱਖ ਧਾਰਾ ਸਿਆਸਤ ਦਾ ਨਿਘਾਰ ਹੀ ਕਿਹਾ ਜਾ ਸਕਦਾ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਨੇ 2022 ਵਿਚ ਹੋਈ ਚੋਣ ਕਾਂਗਰਸ ਵੱਲੋਂ ਲੜੀ, 2023 ਵਿਚ ਹੋਈ ਉਪ ਚੋਣ ‘ਆਪ` ਵੱਲੋਂ ਲੜੀ ਤੇ ਹੁਣ 2024 ਵਿਚ ਹੋ ਰਹੀ ਚੋਣ ਭਾਜਪਾ ਵੱਲੋਂ ਲੜੇਗਾ। ਸ਼ੀਤਲ ਅੰਗੁਰਾਲ 2022 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵਫਾਦਾਰ ਸਿਪਾਹੀ ਸੀ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਹ ਆਮ ਆਦਮੀ ਵਿਚ ਸ਼ਾਮਲ ਹੁੰਦਾ ਹੈ ਤੇ ਵਿਧਾਇਕ ਬਣਦਾ ਹੈ। ਜਲੰਧਰ ਦੇ ਵੋਟਰਾਂ ਦਾ ਸ਼ਸ਼ੋਪੰਜ ਵਿਚ ਹੋਣਾ ਸੁਭਾਵਿਕ ਹੈ ਕਿਉਂਕਿ 2022 ਵਿਚ ਰਿੰਕੂ ਤੇ ਅੰਗੁਰਾਲ ਇੱਕ ਦੂਜੇ ਖਿਲਾਫ ਚੋਣ ਲੜ ਰਹੇ ਸਨ ਤੇ ਇੱਕ ਦੂਜੇ ਖਿਲਾਫ ਇਲਜ਼ਾਮ ਵੀ ਲਗਾ ਰਹੇ ਸਨ; 2023 ਵਿਚ ਦੋਵੇਂ ਇਕੱਠੇ ਹੋ ਕੇ ਵੋਟਰਾਂ ਕੋਲ ਗਏ ਕਿ ‘ਆਪ` ਨੂੰ ਵੋਟ ਪਾਓ ਲੇਕਿਨ ਹੁਣ ਸਾਲ ਬਾਅਦ ਦੋਵੇਂ ਫਿਰ ਇਕੱਠੇ ਹੀ ਜਾਣਗੇ ਤੇ ਕਹਿਣਗੇ ਕਿ ਭਾਜਪਾ ਨੂੰ ਵੋਟ ਪਾਓ!
ਰਵਨੀਤ ਸਿੰਘ ਬਿੱਟੂ ਦਾ ਪਰਿਵਾਰ ਪੰਜਾਬ ਵਿਚ ਕਾਂਗਰਸ ਦੇ ਟਕਸਾਲੀ ਪਰਿਵਾਰਾਂ ਵਿਚੋਂ ਇਕ ਹੈ। ਉਸ ਨੇ ਕਾਂਗਰਸ ਦੀ ਸਰਕਾਰ ਦੌਰਾਨ ਆਪਣੇ ਭਰਾ ਨੂੰ ਡੀਐੱਸਪੀ ਭਰਤੀ ਕਰਵਾਉਣ ਤੋਂ ਲੈ ਕੇ ਅਨੇਕਾਂ ਜਾਇਜ਼-ਨਾਜਾਇਜ਼ ਕੰਮ ਕਰਵਾਏ। ਇਤਿਹਾਸਕ ਕਿਸਾਨ ਅੰਦੋਲਨ ਸਮੇਂ ਬਿੱਟੂ ਮੋਦੀ ਸਰਕਾਰ ਖਿਲਾਫ ਦਿੱਲੀ ਵਿਚ ਮੋਰਚਾ ਲਾ ਕੇ ਕਿਸਾਨ ਪੱਖੀ ਹੋਣ ਦਾ ਦਾਅਵਾ ਕਰਦਾ ਰਿਹਾ। ਪਿਛਲੇ ਦਿਨੀਂ ਇਕ ਮੀਡੀਆ ਅਦਾਰੇ ਨਾਲ ਇੰਟਰਵਿਊ ਦੌਰਾਨ ਬਿੱਟੂ ਭਾਜਪਾ ਆਗੂਆਂ ਖਿਲਾਫ ਬੁੜਕ-ਬੁੜਕ ਬੋਲ ਰਿਹਾ ਸੀ ਪਰ ਹੁਣ ਅਚਾਨਕ ਉਸ ਨੂੰ ਭਾਜਪਾ ਵਿਚ ਅਜਿਹਾ ਕੀ ਦਿਸ ਗਿਆ ਕਿ ਉਹ ਭਾਜਪਾ ਉਮੀਦਵਾਰ ਬਣ ਗਿਆ ਹੈ? ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਵੱਲੋਂ ਪੰਜਾਬ ਵਿਚ ਕਰਵਾਏ ਅੰਦਰੂਨੀ ਸਰਵੇਖਣ ਵਿਚ ਬਿੱਟੂ ਦੀ ਸੀਟ ਖਤਰੇ ਵਿਚ ਨਜ਼ਰ ਆ ਰਹੀ ਸੀ।
ਕਾਂਗਰਸ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਭਾਵੇਂ ਕੈਪਟਨ ਦੀ ਭਾਜਪਾ ਵਿਚ ਸ਼ਮੂਲੀਅਤ ਸਮੇਂ ਤੋਂ ਹੀ ਭਾਜਪਾ ਨਾਲ ਹੈ ਪਰ ਉਸ ਨੇ ਲੋਕ ਸਭਾ ਮੈਂਬਰੀ ਖੁੱਸ ਜਾਣ ਦੇ ਡਰੋਂ ਸਿਆਸੀ ਮੌਕਾਪ੍ਰਸਤੀ ਕਰਦਿਆਂ ਕਾਂਗਰਸ ਤੋਂ ਹੁਣ ਚੋਣਾਂ ਦੇ ਦਿਨਾਂ ਵਿਚ ਭਾਜਪਾ ਵਿਚ ਸ਼ਮੂਲੀਅਤ ਕੀਤੀ ਹੈ। ਪਿਛਲੇ ਦੋ-ਢਾਈ ਸਾਲਾਂ ਦਰਮਿਆਨ ਕੈਪਟਨ ਦੇ ਪਰਿਵਾਰ ਤੋਂ ਇਲਾਵਾ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਾਬਕਾ ਵਿਧਾਇਕ ਕੇਵਲ ਢਿੱਲੋਂ, ਫਤਿਹ ਜੰਗ ਸਿੰਘ ਬਾਜਵਾ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਦਰਜਨਾਂ ਕਾਂਗਰਸੀ ਲੀਡਰ ਭਾਜਪਾ ਵਿਚ ਜਾ ਚੁੱਕੇ ਹਨ। ਇਹ ਭਾਜਪਾ ਦੀ ਸਿਰੇ ਦੀ ਮੌਕਾਪ੍ਰਸਤੀ ਹੀ ਕਹੀ ਜਾ ਸਕਦੀ ਹੈ ਕਿ ਉਸ ਨੇ ਸਾਰੀ ਉਮਰ ਕਾਂਗਰਸ ਦੀ ਲੀਡਰਸ਼ਿਪ ਵਿਚ ਰਹੇ ਸੁਨੀਲ ਜਾਖੜ ਨੂੰ ਪਾਰਟੀ ਦਾ ਪ੍ਰਧਾਨ ਥਾਪਿਆ ਹੋਇਆ ਹੈ।
‘ਆਪ’ ਮੰਤਰੀ ਅਤੇ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਨੇ ਭਾਜਪਾ ‘ਤੇ ਅਪ੍ਰੇਸ਼ਨ ਲੋਟਸ ਤਹਿਤ ‘ਆਪ` ਵਿਧਾਇਕਾਂ ਨੂੰ ਲਾਲਚ ਦੇਣ ਦੇ ਦੋਸ਼ ਲਗਾਏ ਹਨ। ਇਸ ਮਾਮਲੇ ਨੂੰ ‘ਆਪ` ਦੇ ਤਿੰਨ ਵਿਧਾਇਕਾਂ ਰਜਿੰਦਰ ਪਾਲ ਕੌਰ ਛੀਨਾ, ਜਗਦੀਪ ਕੰਬੋਜ ਅਤੇ ਅਮਨਦੀਪ ਮੁਸਾਫਿਰ ਨੇ ਪ੍ਰੈੱਸ ਕਾਨਫਰੰਸ ਕਰ ਕੇ ਉਭਾਰਿਆ ਹੈ ਕਿ ਭਾਜਪਾ ਵਿਧਾਇਕਾਂ ਨੂੰ ਵੱਡੇ ਅਹੁਦੇ, ਲੋਕ ਸਭਾ ਚੋਣਾਂ ਲਈ ਟਿਕਟਾਂ ਤੇ ਜਾਂ ਫਿਰ ਪੈਸਿਆਂ ਦਾ ਲਾਲਚ ਦੇ ਰਹੀ ਹੈ। ਇਹ ਮਸਲਾ ਇਸ ਕਰ ਕੇ ਦਿਲਚਸਪ ਹੈ ਕਿਉਂਕਿ ਕੁਝ ਮਹੀਨੇ ਪਹਿਲਾਂ ਇਸੇ ਤਰ੍ਹਾਂ ਦੇ ਇਲਜ਼ਾਮ ਲਾਉਣ ਵਾਲੇ ‘ਆਪ` ਵਿਧਾਇਕਾਂ ਵਿਚੋਂ ਇਕ, ਸ਼ੀਤਲ ਅੰਗੁਰਾਲ ਹੁਣ ਭਾਜਪਾ ਵਿਚ ਸ਼ਾਮਲ ਹੋ ਚੁੱਕਾ ਹੈ। ਉਸ ਨੇ ਹੁਣ ‘ਆਪ` ਲੀਡਰਸ਼ਿਪ ਖਿਲਾਫ ਇਲਜ਼ਾਮ ਲਗਾ ਦਿੱਤਾ ਹੈ- “ਸਾਨੂੰ ਅਪਰੇਸ਼ਨ ਲੋਟਸ ਸਬੰਧੀ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਕਰਨ ਲਈ ਮਜਬੂਰ ਕੀਤਾ ਗਿਆ ਸੀ।” ਇਹ ਹਕੀਕਤ ਹੈ ਕਿ ਭਾਜਪਾ ਨੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ ਵਿਚ ਵਿਗਰੋਧੀ ਧਿਰ ਦੀ ਸਰਕਾਰ ਤੋੜ ਕਰ ਕੇ ਆਪਣੀਆਂ ਸਰਕਾਰਾਂ ਬਣਾਈਆਂ ਹਨ ਪਰ ਕੀ ‘ਆਪ` ਨੇ ਕਦੇ ਅਜਿਹੀ ਭੰਨ-ਤੋੜ ਨਹੀਂ ਕੀਤੀ?
ਹਕੀਕਤ ਇਹ ਹੈ ਕਿ ਬਾਕੀ ਪਾਰਟੀਆਂ ਦੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ/ਸੰਸਦ ਮੈਂਬਰਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਜੋ ਰਸਤਾ ਭਾਜਪਾ ਨੇ ਅਖਤਿਆਰ ਕੀਤਾ ਹੈ, ਘੱਟ ਜਾਂ ਵੱਧ ਰੂਪ ਵਿਚ ਲੱਗਭੱਗ ਉਹੀ ਰਸਤਾ ‘ਆਪ` ਨੇ ਵੀ ਅਪਣਾਇਆ ਹੋਇਆ ਹੈ। ਪਿਛਲੇ ਦਿਨੀਂ ਕਾਂਗਰਸ ਵਿਧਾਇਕ ਰਾਜ ਕਮੁਾਰ ਚੱਬੇਵਾਲ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰ ਕੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਹੂ-ਬ-ਹੂ ਉਹੀ ਕੰਮ ਕੀਤਾ ਹੈ ਜੋ ਭਾਜਪਾ ਨੇ ਅੰਗੁਰਾਲ ਨੂੰ ਸ਼ਾਮਲ ਕਰ ਕੇ ਕੀਤਾ ਹੈ। ਅਜੇ ਕੁਝ ਹਫਤੇ ਪਹਿਲਾਂ ਪੰਜਾਬ ਵਿਧਾਨ ਸਭਾ ਇਜਲਾਸ ਦੌਰਾਨ ਇਸੇ ਰਾਜ ਕੁਮਾਰ ਚੱਬੇਵਾਲ ਨੇ ਆਮ ਆਦਮੀ ਪਾਰਟੀ ਖਿਲਾਫ ਸਭ ਤੋਂ ਵੱਧ ਹਮਲਾਵਰ ਰੁਖ ਅਖਤਿਆਰ ਕੀਤਾ ਹੋਇਆ ਸੀ। ‘ਆਪ` ਨੇ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਉਮੀਦਵਾਰ ਬਣਾਇਆ ਹੈ, ਇਹ ਜੀਪੀ ‘ਆਪ` ਉਮੀਦਵਾਰ ਬਨਣ ਤੋਂ ਕੁਝ ਦਿਨ ਪਹਿਲਾਂ ਤੱਕ ਕਾਂਗਰਸ ਦਾ ਕੱਟੜ ਸਿਪਾਹੀ ਸੀ। ਲੋਕਾਂ ਨੂੰ ਸਭ ਤੋਂ ਵੱਧ ਹੈਰਾਨੀ ‘ਆਪ` ਤੋਂ ਹੋ ਰਹੀ ਹੈ ਕਿ ਜੇ ਕਾਂਗਰਸ ਵਰਗੀਆਂ ਪਾਰਟੀਆਂ ਦੇ ਲੀਡਰਾਂ ਨੂੰ ਟਿਕਟਾਂ ਦੇ ਕੇ ਹੀ ਲੀਡਰ ਬਣਾਉਣਾ ਹੈ ਤਾਂ ਫਿਰ ‘ਬਦਲਾਅ` ਕੀ ਹੈ?
ਇਹ ਵੀ ਤੱਥ ਹੈ ਕਿ ਅੱਜ ਤੱਕ ਪੰਜਾਬ ਵਿਚ ਭਾਜਪਾ ਦੇ ਪੈਰ ਨਹੀਂ ਲੱਗੇ। ਜਦ ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਆਈ ਤਾਂ ਉਨ੍ਹਾਂ ਆਪਣੇ ਕੁਝ ਮੁਫਾਦਾਂ ਲਈ 1996 ਤੋਂ ਭਾਜਪਾ ਨੂੰ ‘ਬਿਨਾਂ ਸ਼ਰਤ ਹਮਾਇਤ` ਦਿੱਤੀ। ਇਸ ਕਦਮ ਨਾਲ ਬਾਦਲ ਪਰਿਵਾਰ ਦੀ ਕੇਂਦਰੀ ਰਾਜਨੀਤੀ ਵਿਚ ਹਾਜ਼ਰੀ ਲੱਗਣ ਲੱਗ ਗਈ ਅਤੇ ਭਾਜਪਾ ਪੰਜਾਬ ਦੀ ਸੱਤਾ ਵਿਚ ਭਾਗੀਦਾਰ ਬਣ ਗਈ ਲੇਕਿਨ ਪੰਜਾਬ ਵਿਚ ਜਿੰਨੀ ਵਾਰ ਵੀ ਅਕਾਲੀ-ਭਾਜਪਾ ਸਰਕਾਰਾਂ ਬਣੀਆਂ, ਉਨ੍ਹਾਂ ਵਿਚ ਭਾਜਪਾ ਦੀ ਸਿਆਸੀ ਸਥਿਤੀ ਸਿਰਫ ਜੂਨੀਅਰ ਭਾਈਵਾਲ ਵਾਲੀ ਹੀ ਨਹੀਂ ਰਹੀ ਸਗੋਂ ਭਾਜਪਾ ਦੀ ਸੂਬਾਈ ਲੀਡਰਸ਼ਿਪ ਨੂੰ ਕੋਈ ਵੀ ਤਵੱਜੋ ਹੀ ਨਹੀਂ ਦਿੱਤੀ ਗਈ। ਭਾਜਪਾ ਲੀਡਰਸ਼ਿਪ ਵੱਲੋਂ ਸਾਰੀ ਤਾਕਤ ਝੋਕਣ ਦੇ ਬਾਵਜੂਦ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਸਿਰਫ਼ ਦੋ ਸੀਟਾਂ ਮਿਲੀਆਂ। ਇਸ ਤੋਂ ਬਾਅਦ ਭਾਜਪਾ ਨੇ ਕਾਂਗਰਸ ਲੀਡਰਸ਼ਿਪ ਦੇ ਵੱਡੇ ਹਿੱਸੇ ਸਮੇਤ ਕੁਝ ਅਕਾਲੀ ਅਤੇ ‘ਆਪ` ਦੇ ਕਈ ਆਗੂ ਪਾਰਟੀ ਵਿਚ ਸ਼ਾਮਲ ਕਰ ਲਏ।
ਭਾਜਪਾ ਨੇ ਕੁਝ ਸਾਲ ਪਹਿਲਾਂ ‘ਕਾਂਗਰਸ ਮੁਕਤ ਭਾਰਤ` ਦਾ ਨਾਅਰਾ ਦਿੱਤਾ ਸੀ ਜਿਸ ਤਹਿਤ ਕਾਂਗਰਸ ਨੂੰ ਦੱਬ ਕੇ ਖੋਰਾ ਲਾਇਆ ਗਿਆ। ਹੁਣ ਭਾਜਪਾ ਦਾ ਨਾਅਰਾ ਉਹੀ ਹੈ, ਬਸ ਫਰਕ ਇਹ ਪਿਆ ਹੈ ਕਿ ਕਾਂਗਰਸ ਦੀ ਥਾਂ ‘ਇੰਡੀਆ` ਗੱਠਜੋੜ ਦਾ ਹਿੱਸਾ ਪਾਰਟੀਆਂ ਹਨ। ਹੁਣ ਭਾਜਪਾ ਪੰਜਾਬ ਵਿਚ ‘ਆਪ` ਤੇ ਕਾਂਗਰਸ ਨੂੰ ਖੋਰਾ ਲਾ ਰਹੀ ਹੈ ਅਤੇ ਅਕਾਲੀ ਦਲ (ਬਾਦਲ) ਨੂੰ ਮਜ਼ਬੂਤ ਕਰਨ ਵੱਲ ਡੱਕਾ ਸੁੱਟ ਰਹੀ ਹੈ; ਉਦਹਾਰਨ ਵਜੋਂ ਢੀਂਡਸਾ ਪਰਿਵਾਰ ਅਤੇ ਜਗੀਰ ਕੌਰ ਦੀ ਅਕਾਲੀ ਦਲ ਵਿਚ ਵਾਪਸੀ ਭਾਜਪਾ ਕਰ ਕੇ ਹੀ ਸੰਭਵ ਹੋਈ ਹੈ। ਅਕਾਲੀ ਦਲ ਅਤੇ ਭਾਜਪਾ ਚੋਣ ਇਕੱਲੇ-ਇਕੱਲੇ ਜ਼ਰੂਰ ਲੜ ਰਹੇ ਹਨ ਪਰ ਇਨ੍ਹਾਂ ਨੂੰ ਲੋੜ ਲੱਗੀ ਤਾਂ ਇਕੱਠੇ ਹੋਣ ਨੂੰ ਦੇਰੀ ਨਹੀਂ ਕਰਨਗੇ।
‘ਆਪ` ਦੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਕਾਂਗਰਸ ਵਿਚ ਸ਼ਮੂਲੀਅਤ ਨੂੰ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਇਹ ਦਲੀਲ ਤਾਂ ਠੀਕ ਹੈ ਕਿ ਇਸ ਸਮੇਂ ਭਾਜਪਾ ਨੂੰ ਹਰਾਉਣਾ ਜ਼ਰੂਰੀ ਹੈ ਪਰ ਭਾਜਪਾ ਨੂੰ ਹਰਾਉਣ ਲਈ ਦਲ-ਬਦਲੀਆਂ ਕਰ ਕੇ ਕਾਂਗਰਸ ਵਰਗੀ ਪਾਰਟੀ ਵਿਚ ਸ਼ਮੂਲੀਅਤ ਕਰ ਲੈਣਾ ਵੀ ਕਿਸੇ ਪੱਖੋਂ ਸਿਆਣਪ ਨਹੀਂ। ਵੈਸੇ ਖੱਬੇ ਪੱਖੀ ਜਮਹੂਰੀ ਕੈਂਪ ਲਈ ਵੀ ਇਹ ਚਿੰਤਨ ਦਾ ਸਵਾਲ ਹੈ ਕਿ ਇਸ ਚੋਣ ਵਿਚ ਲੋਕਾਂ ਦੇ ਪੱਖ ਵਿਚ ਖੜ੍ਹ ਕੇ ਉਹ ਕੀ ਭੂਮਿਕਾ ਅਦਾ ਕਰ ਸਕਦੇ ਹਨ।