ਭਾਜਪਾ ਨੇ ‘ਅਪਰੇਸ਼ਨ ਲੋਟਸ` ਨਾਲ ਮੁਹਿੰਮ ਭਖਾਈ

ਚੰਡੀਗੜ੍ਹ: ਲੋਕ ਸਭਾ ਚੋਣਾਂ ਦਰਮਿਆਨ ਭਾਜਪਾ ਦਾ ‘ਅਪਰੇਸ਼ਨ ਲੋਟਸ` ਇਕ ਵਾਰ ਫਿਰ ਚਰਚਾ ਵਿਚ ਹੈ। ਵਿਰੋਧੀ ਧਿਰਾਂ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਭਗਵਾ ਧਿਰ ਉਨ੍ਹਾਂ ਦੇ ਸੀਨੀਅਰ ਆਗੂਆਂ ਨੂੰ ਫੋਨ ਕਰ ਕੇ ਮੂੰਹ ਮੰਗੇ ਪੈਸੇ ਦੇਣ ਦੇ ਪੇਸ਼ਕਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਕੇਂਦਰੀ ਏਜੰਸੀਆਂ ਦੇ ਛਾਪਿਆਂ ਦਾ ਡਰਾਵਾ ਵੀ ਦਿੱਤਾ ਜਾ ਰਿਹਾ ਹੈ।

ਜਲੰਧਰ ਤੋਂ ਆਪ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਭਾਜਪਾ ਦਾ ਪੱਲਾ ਫੜਨ ਪਿੱਛੋਂ ਪਾਰਟੀ ਨੇ ਇਹ ਮੁੱਦਾ ਕੌਮੀ ਪੱਧਰ ਉਤੇ ਉਠਾਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਂਦੇ ਦਿਨਾਂ ਵਿਚ ਕਾਂਗਰਸ, ਆਪ ਅਤੇ ਅਕਾਲੀ ਦਲ ਦੇ ਕਈ ਵੱਡੇ ਆਗੂ ਭਾਜਪਾ ਵਿਚ ਸ਼ਾਮਲ ਕਰਨ ਦੀ ਤਿਆਰੀ ਹੈ। ਅਜਿਹੇ ਮਾਹੌਲ ਨੇ ਸਿਆਸੀ ਧਿਰਾਂ ‘ਚ ਤੌਖਲੇ ਪੈਦਾ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਦੀ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ‘ਅਪਰੇਸ਼ਨ ਲੋਟਸ‘ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ‘ਤੇ ਕਾਲ ਕਰ ਕੇ ਭਾਜਪਾ ‘ਚ ਸ਼ਾਮਲ ਹੋਣ ਲਈ ਪੰਜ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ।
ਭਾਜਪਾ ਉਤੇ ਇਹ ਦੋਸ਼ ਉਸ ਸਮੇਂ ਲੱਗੇ ਹਨ ਜਦੋਂ ਭਾਰਤ ਵਿਚ ਵਿਰੋਧੀ ਧਿਰਾਂ ਨੂੰ ਦਬਾਉਣ ਦਾ ਮਾਮਲਾ ਕੌਮਾਂਤਰੀ ਪੱਧਰ ਉਤੇ ਭਖਿਆ ਹੋਇਆ ਹੈ। ਚੋਣਾਂ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ ਡੱਕਣ ਅਤੇ ਕਾਂਗਰਸ ਦੇ ਖਾਤੇ ਸੀਲ ਕਰਨ ਉਤੇ ਅਮਰੀਕਾ ਸਣੇ ਕਈ ਮੁਲਕਾਂ ਨੇ ਫਿਕਰਮੰਦੀ ਜਤਾਈ ਹੈ ਅਤੇ ਇਸ ਉਤੇ ਨੇੜਿਓਂ ਨਜ਼ਰ ਰੱਖਣ ਦੀ ਗੱਲ ਆਖੀ ਹੈ।
ਪਿਛਲੇ ਕੁਝ ਦਿਨਾਂ ਵਿਚ ਦੋ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਪ੍ਰਨੀਤ ਕੌਰ ਭਾਜਪਾ ‘ਚ ਸ਼ਾਮਲ ਹੋਏ ਸਨ। ਇਸ ਵਾਰ ਪੰਜਾਬ ਵਿਚ ਭਾਜਪਾ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਭਾਜਪਾ ਆਪਣੀ ਲੀਡਰਸ਼ਿਪ ਨੂੰ ਅੱਗੇ ਕਰਨ ਦੀ ਥਾਂ ਦਲ ਬਦਲੂਆਂ ਉਤੇ ਦਾਅ ਖੇਡੇਗੀ। ਭਾਜਪਾ ਨੇ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ 13 ‘ਚੋਂ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਸੂਚੀ ਵਿਚ ਦਲ ਬਦਲੂਆਂ ਨੂੰ ਤਰਜੀਹ ਦਿੱਤੀ ਗਈ ਹੈ। ਇਨ੍ਹਾਂ 6 ਉਮੀਦਵਾਰਾਂ ਵਿਚੋਂ 4 ਜਣਿਆਂ ਨੂੰ ਕੁਝ ਦਿਨ ਪਹਿਲਾਂ ਹੀ ਪਾਰਟੀ ਵਿਚ ਸ਼ਾਮਲ ਕਰਵਾਇਆ ਹੈ। ਭਾਜਪਾ ਨੇ ਪੰਜਾਬ ਵਿਚ ਲੋਕ ਸਭਾ ਹਲਕਾ ਪਟਿਆਲਾ ਤੋਂ ਪ੍ਰਨੀਤ ਕੌਰ, ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ, ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ, ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅਤੇ ਫਰੀਦਕੋਟ ਤੋਂ ਹੰਸ ਰਾਜ ਹੰਸ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਨ੍ਹਾਂ ਵਿਚੋਂ ਪ੍ਰਨੀਤ ਕੌਰ, ਤਰਨਜੀਤ ਸਿੰਘ ਸੰਧੂ, ਸੁਸ਼ੀਲ ਕੁਮਾਰ ਰਿੰਕੂ ਅਤੇ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਨੇ ਕੁਝ ਦਿਨ ਪਹਿਲਾਂ ਹੀ ਪਾਰਟੀ ਵਿਚ ਸ਼ਾਮਲ ਕਰਵਾਇਆ ਹੈ। ਭਾਜਪਾ ਨੇ ਇਨ੍ਹਾਂ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਉਂਦਿਆਂ ਹੀ ਚੋਣ ਮੈਦਾਨ ਵਿਚ ਬਤੌਰ ਉਮੀਦਵਾਰ ਉਤਾਰ ਦਿੱਤਾ ਹੈ।
ਆਉਂਦੇ ਦਿਨਾਂ ਵਿਚ ‘ਮਿਸ਼ਨ ਪੰਜਾਬ` ਤਹਿਤ ਭਾਜਪਾ ਆਪਣੇ ਵਿਰੋਧੀਆਂ ਨੂੰ ਹੋਰ ਹਲੂਣਾ ਦੇ ਸਕਦੀ ਹੈ। ਇਸੇ ਦੌਰਾਨ ਈ.ਡੀ. ਵੱਲੋਂ ਪੰਜਾਬ `ਚ ਮਾਰਿਆਂ ਛਾਪਿਆਂ ਤੋਂ ਵੀ ਸੰਕੇਤ ਮਿਲਦੇ ਹਨ ਕਿ ਭਾਜਪਾ ਦੇ ਇਰਾਦੇ ਠੀਕ ਨਹੀਂ। ਚਰਚੇ ਹਨ ਕਿ ਕਾਂਗਰਸ `ਚੋਂ ਕੁਝ ਅਹਿਮ ਆਗੂ ਵੀ ਭਾਜਪਾ `ਚ ਜਾ ਸਕਦੇ ਹਨ ਤੇ ਇਨ੍ਹਾਂ ਅਫਵਾਹਾਂ ਦੇ ਚੱਲਦਿਆਂ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੂੰ ਸਪੱਸ਼ਟ ਕਰਨਾ ਪਿਆ ਕਿ ਜੇ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਨਾ ਵੀ ਬਣਾਇਆ ਤਾਂ ਵੀ ਉਹ ਕਾਂਗਰਸ `ਚ ਹੀ ਰਹਿਣਗੇ। ਕਾਂਗਰਸ ਤੇ ‘ਆਪ` ਨੇ ਭਾਜਪਾ ਦੀ ਟੇਢੀ ਨਜ਼ਰ ਨੂੰ ਤੱਕਦਿਆਂ ਆਪਣੇ ਆਗੂਆਂ ਨਾਲ ਤਾਲਮੇਲ ਵਧਾ ਦਿੱਤਾ ਹੈ। ਦੂਸਰੀ ਤਰਫ਼ ਭਾਜਪਾ ਦੀ ਟਕਸਾਲੀ ਲੀਡਰਸ਼ਿਪ ਅੰਦਰੋ-ਅੰਦਰੀ ਇਨ੍ਹਾਂ ਦਲ ਬਦਲੂਆਂ ਤੋਂ ਔਖ ਵਿਚ ਤਾਂ ਹੈ ਪਰ ਕੋਈ ਬੋਲਣ ਦੀ ਜੁਰਅਤ ਨਹੀਂ ਦਿਖਾ ਰਿਹਾ ਹੈ। ਕਈ ਟਕਸਾਲੀ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਪੰਜਾਬ ਭਾਜਪਾ ਦੀ ਪਹਿਲੀ ਕਤਾਰ `ਚ ਹੁਣ ਪੁਰਾਣੇ ਕਾਂਗਰਸੀ ਬੈਠੇ ਹਨ ਜਦੋਂ ਕਿ ਪਾਰਟੀ ਦੇ ਟਕਸਾਲੀ ਲੀਡਰ ਹੁਣ ਦੂਜੀ ਸਫ਼ `ਚ ਬੈਠੇ ਹਨ। ਚੇਤੇ ਰਹੇ ਕਿ ਭਾਜਪਾ ਸਿਰਫ ਪੰਜਾਬ ਵਿਚ ਹੀ ਨਹੀਂ ਸਗੋਂ ਪੂਰੇ ਮੁਲਕ ਵਿਚ ਵਿਰੋਧੀ ਧਿਰਾਂ ਦੇ ਵੱਡੇ ਆਗੂਆਂ ਨੂੰ ਹਰ ਹੀਲੇ ਆਪਣੇ ਵੱਲ ਖਿੱਚਣ ਵਿਚ ਲੱਗੀ ਹੈ। ਭਾਜਪਾ ਦੇ ਇਸੇ ਮਿਸ਼ਨ ਨੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਪੈਰੋਂ ਕੱਢ ਦਿੱਤਾ ਸੀ। ਦਿੱਲੀ ਵਿਚ ਆਪ ਸਰਕਾਰ ਦੇ ਕਈ ਮੰਤਰੀਆਂ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਜਾਂ ਫਿਰ ਕੇਂਦਰੀ ਏਜੰਸੀਆਂ ਦੀ ਕਾਰਵਾਈ ਲਈ ਤਿਆਰ ਰਹਿਣ ਲਈ ਧਮਕੀਆਂ ਮਿਲ ਰਹੀਆਂ ਹਨ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਦਿੱਲੀ ਅਤੇ ਪੰਜਾਬ ਵਿਚ ਆਪ ਦੀਆਂ ਸਰਕਾਰਾਂ ਹਨ। ਕਾਂਗਰਸ ਤੋਂ ਬਾਅਦ ਵਿਰੋਧੀ ਧਿਰ ਵਜੋਂ ਮਜ਼ਬੂਤ ਹੋਣ ਰਹੀ ਆਮ ਆਦਮੀ ਪਾਰਟੀ ਭਗਵਾ ਧਿਰ ਦੀਆਂ ਅੱਖਾਂ ਵਿਚ ਰੜਕ ਰਹੀ ਹੈ। ਇਸ ਲਈ ਇਨ੍ਹਾਂ ਦੋਵਾਂ ਸੂਬਿਆਂ ਵਿਚ ਆਉਂਦੇ ਦਿਨਾਂ ਵਿਚ ਭਾਜਪਾ ਆਪਣੀਆਂ ਸਰਗਰਮੀਆਂ ਹੋਰ ਤਿੱਖੀਆਂ ਕਰ ਸਕਦੀ ਹੈ।