ਸ਼ੀਰਾ ਫ੍ਰੈਂਕਲ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਤਲ ਅਵੀਵ ਤੋਂ ਸ਼ੀਰਾ ਫ੍ਰੈਂਕਲ ਨੇ ‘ਦਿ ਨਿਊਯਾਰਕ ਟਾਈਮਜ਼’ ਲਈ ਆਪਣੀ ਇਸ ਰਿਪੋਰਟ ਵਿਚ ਇਜ਼ਰਾਈਲ ਵੱਲੋਂ ਫਲਸਤੀਨੀਆਂ ਦੀ ਨਿਗਰਾਨੀ ਲਈ ਚਿਹਰੇ ਦੀ ਸ਼ਨਾਖਤ ਕਰਨ ਵਾਲੀ ਤਕਨਾਲੋਜੀ ਦੀ ਦੁਰਵਰਤੋਂ ਬਾਰੇ ਅੱਖਾਂ ਖੋਲ੍ਹਣ ਵਾਲੇ ਖੁਲਾਸੇ ਕੀਤੇ ਹਨ। ਸ਼ੀਰਾ ਫ੍ਰੈਂਕਲ ਸਾਨ ਫਰਾਂਸਿਸਕੋ ਸਥਿਤ ਰਿਪੋਰਟਰ ਹੈ ਜੋ ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ, ਯੂਟਿਊਬ, ਟੈਲੀਗ੍ਰਾਮ ਅਤੇ ਵੱਟਸਐਪ ਸਮੇਤ ਸੋਸ਼ਲ ਮੀਡੀਆ ਕੰਪਨੀਆਂ ਉੱਪਰ ਕੇਂਦਰਤ ਕਰਦੇ ਹੋਏ ਰਿਪੋਰਟਿੰਗ ਕਰਦੀ ਹੈ ਕਿ ਤਕਨਾਲੋਜੀ ਦੇ ਰੋਜ਼ਮੱਰਾ ਜ਼ਿੰਦਗੀ ਉੱਪਰ ਕੀ ਅਸਰ ਪੈ ਰਹੇ ਹਨ। ਇਸ ਵਿਚ ਟੈੱਕ ਰਿਪੋਰਟਰ ਕਸ਼ਮੀਰ ਹਿਲ ਦਾ ਵੀ ਯੋਗਦਾਨ ਹੈ। ਇਸ ਰਿਪੋਰਟ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।
19 ਨਵੰਬਰ ਨੂੰ ਗਾਜ਼ਾ ਦੇ ਕੇਂਦਰੀ ਰਾਜਮਾਰਗ ਉੱਪਰਲੀ ਇਜ਼ਰਾਇਲੀ ਫ਼ੌਜੀ ਚੌਕੀ ਕੋਲੋਂ ਲੰਘਣ `ਤੇ ਮਿੰਟਾਂ `ਚ ਹੀ ਫ਼ਲਸਤੀਨੀ ਕਵੀ ਮੁਸਾਬ ਅਬੂ ਤੋਹਾ ਨੂੰ ਭੀੜ ਵਿਚੋਂ ਬਾਹਰ ਆਉਣ ਲਈ ਕਿਹਾ ਗਿਆ। ਉਹਨੇ ਗੋਦੀ ਚੁੱਕੇ ਆਪਣੇ 3 ਸਾਲਾ ਪੁੱਤਰ ਨੂੰ ਹੇਠਾਂ ਉਤਾਰ ਦਿੱਤਾ ਅਤੇ ਫ਼ੌਜੀ ਜੀਪ ਦੇ ਅੱਗੇ ਬੈਠ ਗਿਆ।
ਅੱਧੇ ਘੰਟੇ ਬਾਅਦ, ਮੁਸਾਬ ਅਬੂ ਤੋਹਾ ਨੇ ਸੁਣਿਆ ਕਿ ਉਸ ਦਾ ਨਾਂ ਬੋਲਿਆ ਜਾ ਰਿਹਾ ਹੈ। ਫਿਰ ਉਸ ਦੀਆਂ ਅੱਖਾਂ `ਤੇ ਪੱਟੀ ਬੰਨ੍ਹ ਦਿੱਤੀ ਗਈ ਅਤੇ ਉਸ ਨੂੰ ਪੁੱਛਗਿੱਛ ਕਰਨ ਲਈ ਲੈ ਗਏ।
ਇਸ 31 ਸਾਲਾ ਫ਼ਲਸਤੀਨੀ ਕਵੀ ਨੇ ਕਿਹਾ, “ਮੈਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ ਜਾਂ ਉਹ ਅਚਾਨਕ ਮੇਰਾ ਪੂਰਾ ਕਾਨੂੰਨੀ ਨਾਮ ਕਿਵੇਂ ਜਾਣ ਸਕਦੇ ਹਨ।” ਉਸ ਨੇ ਦੱਸਿਆ ਕਿ ਉਸ ਦਾ (ਕਥਿਤ) ਦਹਿਸ਼ਤਵਾਦੀ ਸਮੂਹ ਹਮਾਸ ਨਾਲ ਕੋਈ ਸਬੰਧ ਨਹੀਂ ਸੀ। ਕਿਹਾ ਗਿਆ ਕਿ ਉਹ ਗਾਜ਼ਾ ਛੱਡ ਕੇ ਮਿਸਰ ਜਾਣ ਦੀ ਕੋਸ਼ਿਸ਼ `ਚ ਸੀ।
ਤਿੰਨ ਇਜ਼ਰਾਇਲੀ ਖ਼ੁਫ਼ੀਆ ਅਧਿਕਾਰੀਆਂ ਜਿਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ `ਤੇ ਗੱਲ ਕੀਤੀ, ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਮੁਸਾਬ ਅਬੂ ਤੋਹਾ ਚਿਹਰੇ ਦੀ ਪਛਾਣ ਕਰਨ ਵਾਲੀ ਤਕਨਾਲੋਜੀ ਵਾਲੇ ਕੈਮਰਿਆਂ ਦੀ ਰੇਂਜ ਵਿਚ ਚਲਾ ਗਿਆ ਸੀ; ਉਸ ਦੇ ਚਿਹਰੇ ਨੂੰ ਸਕੈਨ ਕਰਨ ਅਤੇ ਉਸ ਦੀ ਪਛਾਣ ਕੀਤੇ ਜਾਣ ਤੋਂ ਬਾਅਦ, ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਪ੍ਰੋਗਰਾਮ ਨੇ ਖੋਜ ਲਿਆ ਕਿ ਕਵੀ ਦਾ ਨਾਮ ਇਜ਼ਰਾਇਲ ਦੀ ਲੋੜੀਂਦੇ ਵਿਅਕਤੀਆਂ ਦੀ ਸੂਚੀ ਵਿਚ ਸੀ।
ਮੁਸਾਬ ਅਬੂ ਤੋਹਾ ਉਨ੍ਹਾਂ ਸੈਂਕੜੇ ਫਲਸਤੀਨੀਆਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਪਿਛਲੇ ਸਾਲ ਦੇ ਅਖ਼ੀਰ `ਚ ਇਜ਼ਰਾਈਲ ਵੱਲੋਂ ਗਾਜ਼ਾ ਵਿਚ ਸ਼ੁਰੂ ਕੀਤੇ ਗਏ ਅਗਿਆਤ ਚਿਹਰੇ ਦੀ ਪਛਾਣ ਕਰਨ ਵਾਲੇ ਪ੍ਰੋਗਰਾਮ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ। ਇਜ਼ਰਾਇਲੀ ਖ਼ੁਫ਼ੀਆ ਅਫਸਰਾਂ, ਫ਼ੌਜੀ ਅਧਿਕਾਰੀਆਂ ਅਤੇ ਸਿਪਾਹੀਆਂ ਅਨੁਸਾਰ, ਵਿਆਪਕ ਪੱਧਰ ‘ਤੇ ਨਿਗਰਾਨੀ ਅਤੇ ਫ਼ਲਸਤੀਨੀਆਂ ਦੇ ਚਿਹਰਿਆਂ ਦੇ ਡਿਜੀਟਲ ਵੇਰਵੇ ਉਨ੍ਹਾਂ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਹੀ ਸੰਗ੍ਰਹਿ ਅਤੇ ਸੂਚੀਬੱਧ ਕਰਨ ਲਈ ਕੀਤੀ ਜਾ ਰਹੀ ਹੈ। ਖ਼ੁਫ਼ੀਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਕਨਾਲੋਜੀ ਦੀ ਵਰਤੋਂ ਸ਼ੁਰੂ `ਚ ਗਾਜ਼ਾ ਵਿਚ ਇਜ਼ਰਾਇਲੀਆਂ ਦੀ ਭਾਲ ਕਰਨ ਲਈ ਕੀਤਾ ਗਿਆ ਸੀ ਜਿਨ੍ਹਾਂ ਨੂੰ 7 ਅਕਤੂਬਰ ਨੂੰ ਸਰਹੱਦ ਪਾਰ ਦੇ ਛਾਪਿਆਂ ਦੌਰਾਨ ਹਮਾਸ ਦੁਆਰਾ ਬੰਦੀ ਬਣਾ ਲਿਆ ਗਿਆ ਸੀ। ਇਜ਼ਰਾਈਲ ਦੁਆਰਾ ਗਾਜ਼ਾ ਵਿਚ ਜ਼ਮੀਨੀ ਹਮਲਾ ਕਰਨ ਤੋਂ ਬਾਅਦ, ਇਹ ਹਮਾਸ ਜਾਂ ਹੋਰ ਦਹਿਸ਼ਤਵਾਦੀ ਸਮੂਹਾਂ ਨਾਲ ਸਬੰਧ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਜੜ੍ਹੋਂ ਉਖਾੜਨ ਦੇ ਪ੍ਰੋਗਰਾਮ `ਚ ਬਦਲ ਗਿਆ। ਇਕ ਅਧਿਕਾਰੀ ਦਾ ਕਹਿਣਾ ਹੈ ਕਿ ਕਈ ਵਾਰ ਤਾਂ ਤਕਨਾਲੋਜੀ ਨਾਗਰਿਕਾਂ ਨੂੰ ਗ਼ਲਤ ਹੀ ਹਮਾਸ ਦੇ ਭਗੌੜੇ ਅਤਿਵਾਦੀਆਂ ਵਜੋਂ ਚਿੰਨ੍ਹਤ ਕਰ ਦਿੰਦੀ ਹੈ।
ਚਾਰ ਖ਼ੁਫ਼ੀਆ ਅਧਿਕਾਰੀਆਂ ਨੇ ਦੱਸਿਆ ਕਿ ਚਿਹਰੇ ਦੀ ਪਛਾਣ ਦਾ ਪ੍ਰੋਗਰਾਮ ਇਜ਼ਰਾਈਲ ਦੀ ਫ਼ੌਜੀ ਖ਼ੁਫ਼ੀਆ ਯੂਨਿਟ ਦੁਆਰਾ ਸੰਚਾਲਤ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਸਾਈਬਰ ਖ਼ੁਫ਼ੀਆ ਡਿਵੀਜ਼ਨ ਯੂਨਿਟ 8200 ਵੀ ਸ਼ਾਮਲ ਹੈ। ਇਹ ਪ੍ਰੋਗਰਾਮ ਨਿੱਜੀ ਇਜ਼ਰਾਇਲੀ ਕੰਪਨੀ ‘ਕੋਰਸਾਈਟ’ ਦੀ ਤਕਨਾਲੋਜੀ ਉੱਪਰ ਆਧਾਰਿਤ ਹੈ। ਇਹ ਗੂਗਲ ਫੋਟੋਜ਼ ਤਕਨਾਲੋਜੀ ਦੀ ਵਰਤੋਂ ਵੀ ਕਰਦਾ ਹੈ। ਇਉਂ ਤਕਨਾਲੋਜੀ ਦੀ ਸਾਂਝੀ ਮਦਦ ਨਾਲ ਇਜ਼ਰਾਈਲ ਭੀੜ ਅਤੇ ਦਾਣੇਦਾਰ ਡਰੋਨ ਫੁਟੇਜ ਵਿਚੋਂ ਵੀ ਚਿਹਰੇ ਚੁਣਨ ਦੇ ਸਮਰੱਥ ਬਣ ਗਿਆ ਹੈ।
ਪ੍ਰੋਗਰਾਮ ਦੇ ਜਾਣਕਾਰ ਤਿੰਨ ਜਣਿਆਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਚਿੰਤਾਵਾਂ ਕਾਰਨ ਬੋਲ ਰਹੇ ਹਨ ਕਿ ਇਹ ਇਜ਼ਰਾਈਲ ਵੱਲੋਂ ਸਮੇਂ ਅਤੇ ਸਰੋਤਾਂ ਦੀ ਦੁਰਵਰਤੋਂ ਹੈ।
ਇਜ਼ਰਾਇਲੀ ਫ਼ੌਜ ਦੇ ਬੁਲਾਰੇ ਨੇ ਗਾਜ਼ਾ ਵਿਚ ਚੱਲ ਰਹੀ ਗਤੀਵਿਧੀ `ਤੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਪਰ ਕਿਹਾ ਕਿ “ਜੋ ਲੋਕ ਯੁੱਧ ਵਿਚ ਸ਼ਾਮਲ ਨਹੀਂ, ਫੌਜ ਉਨ੍ਹਾਂ ਦੇ ਨੁਕਸਾਨ ਨੂੰ ਘੱਟ ਕਰਨ ਲਈ ਮਹੱਤਵਪੂਰਨ ਕੋਸ਼ਿਸ਼ਾਂ ਕਰਦੇ ਹੋਏ ਹੀ ਲੋੜੀਂਦੀਆਂ ਸੁਰੱਖਿਆ ਅਤੇ ਖ਼ੁਫ਼ੀਆ ਕਾਰਵਾਈਆਂ ਕਰਦੀ ਹੈ।” ਉਸ ਅਨੁਸਾਰ, “ਇਸ ਪ੍ਰਸੰਗ `ਚ ਅਸੀਂ ਆਪਣੀਆਂ ਸੰਚਾਲਨ ਅਤੇ ਖੁਫੀਆ ਸਮਰੱਥਾਵਾਂ ਦਾ ਜ਼ਿਕਰ ਨਹੀਂ ਕਰ ਸਕਦੇ।”
ਤੇਜ਼ੀ ਨਾਲ ਵਿਕਸਤ ਹੋ ਰਹੀ ਆਧੁਨਿਕ ਏ.ਆਈ. ਪ੍ਰਣਾਲੀ ਕਾਰਨ ਚਿਹਰੇ ਦੀ ਪਛਾਣ ਕਰਨ ਵਾਲੀ ਤਕਨਾਲੋਜੀ ਹਾਲੀਆ ਸਾਲਾਂ ਵਿਚ ਦੁਨੀਆ ਭਰ ਵਿਚ ਫੈਲ ਗਈ ਹੈ। ਕੁਝ ਮੁਲਕ ਤਾਂ ਹਵਾਈ ਸਫ਼ਰ ਨੂੰ ਸੌਖਾ ਬਣਾਉਣ ਲਈ ਇਸ ਤਕਨਾਲੋਜੀ ਦੀ ਵਰਤੋਂ ਕਰਦੇ ਹਨ, ਚੀਨ ਅਤੇ ਰੂਸ ਨੇ ਘੱਟਗਿਣਤੀ ਸਮੂਹਾਂ ਦੇ ਵਿਰੁੱਧ ਅਤੇ ਅਸਹਿਮਤੀ ਨੂੰ ਦਬਾਉਣ ਲਈ ਇਸ ਦੀ ਵਰਤੋਂ ਕੀਤੀ ਹੈ। ਗਾਜ਼ਾ ਵਿਚ ਇਜ਼ਰਾਈਲ ਦੁਆਰਾ ਚਿਹਰੇ ਦੀ ਪਛਾਣ ਦਾ ਇਸਤੇਮਾਲ ਯੁੱਧ ਵਿਚ ਤਕਨਾਲੋਜੀ ਦੀ ਵਰਤੋਂ ਦੇ ਰੂਪ `ਚ ਸਾਹਮਣੇ ਆਇਆ ਹੈ। ਐਮਨੈਸਟੀ ਇੰਟਰਨੈਸ਼ਨਲ ਦੇ ਖੋਜਕਰਤਾ ਮਾਤ ਮਹਿਮੂਦੀ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਚਿਹਰੇ ਦੀ ਪਛਾਣ ਦੀ ਵਰਤੋਂ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ “ਫ਼ਲਸਤੀਨੀਆਂ ਦਾ ਪੂਰੀ ਤਰ੍ਹਾਂ ਅਮਾਨਵੀਕਰਨ” ਕੀਤਾ ਸਕਦਾ ਹੈ ਜਿੱਥੇ ਉਨ੍ਹਾਂ ਨੂੰ ਵਿਅਕਤੀਆਂ ਦੇ ਰੂਪ `ਚ ਨਹੀਂ ਦੇਖਿਆ ਗਿਆ। ਉਸ ਨੇ ਅੱਗੇ ਕਿਹਾ ਕਿ ਜਦੋਂ ਤਕਨਾਲੋਜੀ ਕਿਸੇ ਵਿਅਕਤੀ ਦੀ ਸ਼ਨਾਖਤ ਦਹਿਸ਼ਤਵਾਦੀ ਸਮੂਹ ਦਾ ਹਿੱਸਾ ਹੋਣ ਦੇ ਰੂਪ `ਚ ਕਰਦੀ ਹੈ ਤਾਂ ਇਜ਼ਰਾਇਲੀ ਫ਼ੌਜੀਆਂ ਵੱਲੋਂ ਤਕਨਾਲੋਜੀ `ਤੇ ਸਵਾਲ ਉਠਾਉਣ ਦੀ ਸੰਭਾਵਨਾ ਨਹੀਂ ਹੈ ਭਾਵੇਂ ਤਕਨਾਲੋਜੀ ਗ਼ਲਤੀਆਂ ਕਰਦੀ ਹੈ।
ਐਮਨੈਸਟੀ ਦੀ ਰਿਪੋਰਟ ਅਨੁਸਾਰ, ਪਿਛਲੇ ਸਾਲ ਇਜ਼ਰਾਈਲ ਨੇ ਪਹਿਲਾਂ ਪੱਛਮੀ ਕੰਢੇ ਅਤੇ ਪੂਰਬੀ ਯੇਰੂਸ਼ਲਮ ਵਿਚ ਚਿਹਰੇ ਦੀ ਪਛਾਣ ਦੀ ਵਰਤੋਂ ਕੀਤੀ ਸੀ ਪਰ ਗਾਜ਼ਾ ਵਿਚ ਇਹ ਕੋਸ਼ਿਸ਼ ਹੋਰ ਅੱਗੇ ਵਧਦੀ ਗਈ। ਐਮਨੈਸਟੀ ਦੀ ਰਿਪੋਰਟ ਅਨੁਸਾਰ, ਪੱਛਮੀ ਕੰਢੇ ਅਤੇ ਪੂਰਬੀ ਯੇਰੂਸ਼ਲਮ ਵਿਚ ਇਜ਼ਰਾਇਲੀਆਂ ਕੋਲ ਬਲੂ ਵੁਲਫ ਨਾਂ ਦੀ ਘਰੇਲੂ ਚਿਹਰਾ ਸ਼ਨਾਖਤ ਪ੍ਰਣਾਲੀ ਹੈ। ਪੱਛਮੀ ਕੰਢੇ ਦੇ ਸ਼ਹਿਰਾਂ ਜਿਵੇਂ ਹੈਬਰੋਨ ਵਿਚ ਚੈੱਕ-ਪੁਆਇੰਟਾਂ `ਤੇ ਲੰਘਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਫ਼ਲਸਤੀਨੀਆਂ ਨੂੰ ਹਾਈ-ਰੈਜ਼ੋਲੂਸ਼ਨ ਕੈਮਰਿਆਂ ਦੁਆਰਾ ਸਕੈਨ ਕੀਤਾ ਜਾਂਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫ਼ੌਜੀ ਫ਼ਲਸਤੀਨੀਆਂ ਦੇ ਚਿਹਰਿਆਂ ਨੂੰ ਸਕੈਨ ਕਰਨ ਅਤੇ ਉਨ੍ਹਾਂ ਨੂੰ ਡੇਟਾਬੇਸ ਵਿਚ ਜੋੜਨ ਲਈ ਸਮਾਰਟ ਫੋਨ ਐਪਸ ਦੀ ਵਰਤੋਂ ਵੀ ਕਰਦੇ ਹਨ।
ਗਾਜ਼ਾ ਜਿਥੋਂ ਇਜ਼ਰਾਈਲ 2005 ਵਿਚ ਪਿੱਛੇ ਹਟ ਗਿਆ ਸੀ, ਵਿਚ ਚਿਹਰੇ ਦੀ ਸ਼ਨਾਖਤ ਕਰਨ ਵਾਲੀ ਕੋਈ ਤਕਨਾਲੋਜੀ ਮੌਜੂਦ ਨਹੀਂ ਸੀ। ਇਜ਼ਰਾਇਲੀ ਖ਼ੁਫ਼ੀਆ ਅਧਿਕਾਰੀਆਂ ਨੇ ਕਿਹਾ ਕਿ ਗਾਜ਼ਾ ਵਿਚ ਹਮਾਸ ਦੀ ਨਿਗਰਾਨੀ ਫੋਨ ਲਾਈਨਾਂ ਨੂੰ ਟੈਪ ਕਰਨ, ਫ਼ਲਸਤੀਨੀ ਕੈਦੀਆਂ ਤੋਂ ਪੁੱਛਗਿੱਛ ਕਰਨ, ਡਰੋਨ ਫੁਟੇਜ ਹਾਸਲ ਕਰਨ, ਨਿੱਜੀ ਸੋਸ਼ਲ ਮੀਡੀਆ ਖ਼ਾਤਿਆਂ ਤੱਕ ਪਹੁੰਚ ਪ੍ਰਾਪਤ ਕਰਨ ਅਤੇ ਦੂਰਸੰਚਾਰ ਪ੍ਰਣਾਲੀਆਂ ਨੂੰ ਹੈਕ ਕਰਨ ਜ਼ਰੀਏ ਕੀਤੀ ਗਈ। 7 ਅਕਤੂਬਰ ਤੋਂ ਬਾਅਦ ਯੂਨਿਟ 8200 ਵਿਚ ਇਜ਼ਰਾਇਲੀ ਖ਼ੁਫ਼ੀਆ ਅਧਿਕਾਰੀਆਂ ਨੇ ਇਜ਼ਰਾਈਲ ਦੀਆਂ ਸਰਹੱਦਾਂ ਦੀ ਉਲੰਘਣਾ ਕਰਨ ਵਾਲੇ ਹਮਾਸ ਦੇ ਬੰਦੂਕਧਾਰੀਆਂ ਬਾਰੇ ਜਾਣਕਾਰੀ ਲਈ ਉਸ ਨਿਗਰਾਨੀ ਵੱਲ ਰੁਖ ਕੀਤਾ। ਇਕ ਅਧਿਕਾਰੀ ਨੇ ਕਿਹਾ ਕਿ ਯੂਨਿਟ ਨੇ ਸੁਰੱਖਿਆ ਕੈਮਰਿਆਂ ਤੋਂ ਹਮਲਿਆਂ ਦੀ ਫੁਟੇਜ ਲੈਣ ਦੇ ਨਾਲ-ਨਾਲ ਹਮਾਸ ਦੁਆਰਾ ਸੋਸ਼ਲ ਮੀਡੀਆ `ਤੇ ਅਪਲੋਡ ਕੀਤੇ ਵੀਡੀਓਜ਼ ਦੀ ਵੀ ਜਾਂਚ ਕੀਤੀ। ਯੂਨਿਟ ਨੂੰ ਹਮਾਸ ਦੇ ਉਨ੍ਹਾਂ ਮੈਂਬਰਾਂ ਦੀ “ਹਿੱਟ ਲਿਸਟ” ਬਣਾਉਣ ਲਈ ਕਿਹਾ ਗਿਆ ਸੀ ਜਿਨ੍ਹਾਂ ਨੇ ਹਮਲੇ ਵਿਚ ਹਿੱਸਾ ਲਿਆ ਸੀ।
ਤਿੰਨ ਇਜ਼ਰਾਇਲੀ ਖ਼ੁਫ਼ੀਆ ਅਫਸਰਾਂ ਨੇ ਕਿਹਾ ਕਿ ਗਾਜ਼ਾ ਵਿਚ ਚਿਹਰੇ ਦੀ ਪਛਾਣ ਪ੍ਰੋਗਰਾਮ ਲਗਾਉਣ ਲਈ ਫਿਰ ਕੋਰਸਾਈਟ ਦੀ ਮਦਦ ਲਈ ਗਈ। ਕੋਰਸਾਈਟ ਜਿਸ ਦਾ ਸਦਰ-ਮੁਕਾਮ ਤਲ ਅਵੀਵ ਵਿਖੇ ਹੈ, ਆਪਣੀ ਵੈਬਸਾਈਟ ਉੱਪਰ ਕਹਿੰਦੀ ਹੈ ਕਿ ਕਿਸੇ ਦੀ ਸਹੀ ਸ਼ਨਾਖਤ ਕਰਨ ਲਈ ਇਸ ਦੀ ਤਕਨਾਲੋਜੀ ਨੂੰ ਚਿਹਰੇ ਦਾ 50 ਪ੍ਰਤੀਸ਼ਤ ਤੋਂ ਵੀ ਘੱਟ ਦਿਸਦਾ ਹੋਣ ਦੀ ਜ਼ਰੂਰਤ ਪੈਂਦੀ ਹੈ। ਕੋਰਸਾਈਟ ਦੇ ਪ੍ਰਧਾਨ ਰਾਬਰਟ ਵਾਟਸ ਨੇ ਇਸ ਮਹੀਨੇ ਲਿੰਕਡਿਨ `ਤੇ ਪੋਸਟ ਕੀਤਾ ਸੀ ਕਿ ਚਿਹਰੇ ਦੀ ਪਛਾਣ ਕਰਨ ਵਾਲੀ ਤਕਨਾਲੋਜੀ “ਅਤਿ ਜ਼ਿਆਦਾ ਕੋਣਾਂ, (ਇੱਥੋਂ ਤੱਕ ਕਿ ਡਰੋਨ ਨਾਲ ਵੀ,) ਹਨੇਰੇ, ਮਾੜੀ ਕੁਆਲਿਟੀ ਦੇ ਹੁੰਦਿਆਂ ਵੀ ਕੰਮ ਕਰ ਸਕਦੀ ਹੈ।” ਕੋਰਸਸਾਈਟ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।
ਇਕ ਅਧਿਕਾਰੀ ਨੇ ਕਿਹਾ ਕਿ ਯੂਨਿਟ 8200 ਦੇ ਸਟਾਫ ਨੇ ਛੇਤੀ ਹੀ ਦੇਖਿਆ ਕਿ ਜੇਕਰ ਫੁਟੇਜ ਦਾਣੇਦਾਰ (ਥੋੜ੍ਹੀ ਖਿੰਡਵੀਂ) ਅਤੇ ਚਿਹਰੇ ਅਸਪਸ਼ਟ ਹਨ ਤਾਂ ਕੋਰਸਾਈਟ ਦੀ ਤਕਨੀਕ ਨੂੰ ਸ਼ਨਾਖਤ ਕਰਨ ਲਈ ਬਹੁਤ ਖੌਝਲਣਾ ਪੈਂਦਾ ਹੈ। ਜਦੋਂ ਫ਼ੌਜ ਨੇ 7 ਅਕਤੂਬਰ ਨੂੰ ਮਾਰੇ ਗਏ ਇਜ਼ਰਾਇਲੀਆਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਕਨਾਲੋਜੀ ਸਦਾ ਉਨ੍ਹਾਂ ਲੋਕਾਂ ਲਈ ਕਾਰਆਮਦ ਸਾਬਤ ਨਹੀਂ ਹੋਈ ਜਿਨ੍ਹਾਂ ਦੇ ਚਿਹਰੇ ਜ਼ਖ਼ਮੀ ਹੋਏ ਸਨ। ਅਧਿਕਾਰੀ ਨੇ ਕਿਹਾ ਕਿ ਉਦੋਂ ਝੂਠੇ ਪਾਜ਼ਿਟਿਵ ਨਤੀਜੇ ਜਾਂ ਅਜਿਹੇ ਕੇਸ ਵੀ ਸਨ ਜਦੋਂ ਕਿਸੇ ਵਿਅਕਤੀ ਦੀ ਗ਼ਲਤ ਤੌਰ `ਤੇ ਹਮਾਸ ਨਾਲ ਸਬੰਧਿਤ ਵਜੋਂ ਗ਼ਲਤ ਪਛਾਣ ਕਰ ਦਿੱਤੀ ਗਈ। ਤਿੰਨ ਖ਼ੁਫ਼ੀਆ ਅਫ਼ਸਰਾਂ ਨੇ ਕਿਹਾ, ਕੋਰਸਾਈਟ ਦੀ ਤਕਨਾਲੋਜੀ ਦੇ ਪੂਰਕ ਵਜੋਂ ਇਜ਼ਰਾਇਲੀ ਅਫ਼ਸਰਾਂ ਨੇ ਗੂਗਲ ਫੋਟੋਜ਼ ਤਕਨਾਲੋਜੀ ਦੀ ਵਰਤੋਂ ਕੀਤੀ ਜੋ ਗੂਗਲ ਦੀ ਮੁਫ਼ਤ ਫੋਟੋ ਸ਼ੇਅਰਿੰਗ ਅਤੇ ਸਟੋਰੇਜ ਸਰਵਿਸ ਹੈ। ਗੂਗਲ ਫੋਟੋਜ਼ `ਤੇ ਜਾਣੇ-ਪਛਾਣੇ ਵਿਅਕਤੀਆਂ ਦਾ ਡੇਟਾਬੇਸ ਅਪਲੋਡ ਕਰ ਕੇ, ਇਜ਼ਰਾਇਲੀ ਅਧਿਕਾਰੀ ਲੋਕਾਂ ਦੀ ਪਛਾਣ ਕਰਨ ਲਈ ਇਸ ਸਰਵਿਸ ਦੇ ਫੋਟੋ ਖੋਜ ਫੰਕਸ਼ਨ ਦੀ ਵਰਤੋਂ ਕਰਨ `ਚ ਕਾਮਯਾਬ ਹੋਏ।
ਇਕ ਅਧਿਕਾਰੀ ਨੇ ਕਿਹਾ, ਗੂਗਲ ਦੀ ਚਿਹਰਿਆਂ ਨੂੰ ਮਿਲਾਉਣ ਅਤੇ ਲੋਕਾਂ ਦੀ ਪਛਾਣ ਕਰਨ ਦੀ ਸਮਰੱਥਾ ਭਾਵੇਂ ਉਨ੍ਹਾਂ ਦੇ ਚਿਹਰੇ ਦਾ ਸਿਰਫ਼ ਛੋਟਾ ਜਿਹਾ ਹਿੱਸਾ ਹੀ ਦਿਖਾਈ ਦੇ ਰਿਹਾ ਹੋਵੇ, ਹੋਰ ਤਕਨਾਲੋਜੀ ਨਾਲੋਂ ਵਧੀਆ ਸੀ। ਅਫਸਰਾਂ ਨੇ ਕਿਹਾ, ਫ਼ੌਜ ਨੇ ਕੋਰਸਾਈਟ ਦੀ ਵਰਤੋਂ ਜਾਰੀ ਰੱਖੀ ਕਿਉਂਕਿ ਇਸ ਨੂੰ ਆਪਣੀ ਜ਼ਰੂਰਤ ਅਨੁਸਾਰ ਢਾਲਿਆ (ਕਸਟਮਾਈਜ਼ ਕੀਤਾ) ਜਾ ਸਕਦਾ ਸੀ।
ਗੂਗਲ ਦੇ ਬੁਲਾਰੇ ਨੇ ਕਿਹਾ ਕਿ ਗੂਗਲ ਫੋਟੋਜ਼ ਮੁਫ਼ਤ ਖ਼ਪਤਕਾਰ ਉਤਪਾਦ ਹੈ ਜੋ “ਫੋਟੋਆਂ ਵਿਚਲੇ ਬੇਪਛਾਣ ਲੋਕਾਂ ਲਈ ਪਛਾਣ ਮੁਹੱਈਆ ਨਹੀਂ ਕਰਦਾ।”
ਜਦੋਂ ਇਜ਼ਰਾਈਲ ਨੇ ਉੱਥੇ ਫ਼ੌਜੀ ਹਮਲਾ ਕਰ ਕੇ ਆਪਣਾ ਵਿਸਤਾਰ ਕੀਤਾ ਤਾਂ ਗਾਜ਼ਾ ਵਿਚ ਚਿਹਰੇ ਦੀ ਸ਼ਨਾਖਤ ਕਰਨ ਵਾਲਾ ਪ੍ਰੋਗਰਾਮ ਹੋਰ ਵਿਕਸਤ ਹੋ ਗਿਆ। ਗਾਜ਼ਾ ਵਿਚ ਦਾਖ਼ਲ ਹੋਣ ਵਾਲੇ ਇਜ਼ਰਾਇਲੀ ਫ਼ੌਜੀਆਂ ਨੂੰ ਤਕਨੀਕ ਨਾਲ ਲੈਸ ਕੈਮਰੇ ਦਿੱਤੇ ਗਏ। ਫ਼ੌਜੀਆਂ ਨੇ ਮੁੱਖ ਸੜਕਾਂ ਕੋਲ ਆਪਣੀਆਂ ਚੌਕੀਆਂ ਵੀ ਬਣਾ ਲਈਆਂ ਜਿਨ੍ਹਾਂ ਦੀ ਵਰਤੋਂ ਫ਼ਲਸਤੀਨੀ ਲੋਕ ਘਮਸਾਣ ਦੀ ਲੜਾਈ ਵਾਲੇ ਖੇਤਰਾਂ ਤੋਂ ਬਚ ਕੇ ਨਿਕਲਣ ਲਈ ਕਰ ਰਹੇ ਸਨ ਜਿੱਥੇ ਚਿਹਰਿਆਂ ਨੂੰ ਸਕੈਨ ਕਰਨ ਵਾਲੇ ਕੈਮਰੇ ਲਗਾਏ ਗਏ ਸਨ।
ਇਜ਼ਰਾਇਲੀ ਖ਼ੁਫ਼ੀਆ ਅਧਿਕਾਰੀਆਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਇਜ਼ਰਾਇਲੀ ਬੰਧਕਾਂ ਅਤੇ ਨਾਲ ਹੀ ਹਮਾਸ ਲੜਾਕਿਆਂ ਦੀ ਭਾਲ ਕਰਨਾ ਸੀ ਜਿਨ੍ਹਾਂ ਨੂੰ ਫਿਰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਜਾ ਸਕਦਾ ਸੀ।
ਇਕ ਅਧਿਕਾਰੀ ਨੇ ਕਿਹਾ ਕਿ ਕਿਸ ਨੂੰ ਰੋਕਣਾ ਹੈ, ਇਸ ਦੇ ਦਿਸ਼ਾ-ਨਿਰਦੇਸ਼ ਜਾਣਬੁੱਝ ਕੇ ਵਿਆਪਕ ਰੱਖੇ ਗਏ ਸਨ। ਫ਼ਲਸਤੀਨੀ ਕੈਦੀਆਂ ਨੂੰ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਦੇ ਨਾਮ ਦੱਸਣ ਲਈ ਕਿਹਾ ਗਿਆ ਜਿਨ੍ਹਾਂ ਬਾਰੇ ਇਜ਼ਰਾਇਲੀ ਅਧਿਕਾਰੀਆਂ ਦਾ ਮੰਨਣਾ ਸੀ ਕਿ ਉਹ ਹਮਾਸ ਦਾ ਹਿੱਸਾ ਹਨ। ਇਜ਼ਰਾਇਲ ਫਿਰ ਉਨ੍ਹਾਂ ਲੋਕਾਂ ਦੀ ਭਾਲ ਕਰੇਗਾ, ਇਸ ਉਮੀਦ ਨਾਲ ਕਿ ਉਨ੍ਹਾਂ ਨੂੰ ਵਧੇਰੇ ਖ਼ੁਫ਼ੀਆ ਜਾਣਕਾਰੀ ਮਿਲੇਗੀ।
ਇਜ਼ਰਾਇਲੀ ਖ਼ੁਫ਼ੀਆ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉੱਤਰੀ ਗਾਜ਼ਾ ਸ਼ਹਿਰ ਬੀਤ ਲਾਹੀਆ ਵਿਚ ਕਿਸੇ ਵਿਅਕਤੀ ਨੇ ਫ਼ਲਸਤੀਨੀ ਕਵੀ ਮੁਸਾਬ ਅਬੂ ਤੋਹਾ ਦਾ ਨਾਮ ਦੱਸਿਆ ਸੀ ਕਿ ਉਹ ਹਮਾਸ ਦਾ ਸੰਚਾਲਕ ਹੈ ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਅਫ਼ਸਰਾਂ ਨੇ ਕਿਹਾ ਕਿ ਉਸ ਦੀ ਫ਼ਾਈਲ ਵਿਚ ਹਮਾਸ ਨਾਲ ਸਬੰਧ ਸਪਸ਼ਟ ਕਰਨ ਵਾਲੀ ਕੋਈ ਖ਼ਾਸ ਖ਼ੁਫ਼ੀਆ ਜਾਣਕਾਰੀ ਨਹੀਂ ਹੈ।
ਇਕ ਇੰਟਰਵਿਊ ਵਿਚ ਮੁਸਾਬ ਅਬੂ ਤੋਹਾ ਜੋ ‘ਥਿੰਗਜ਼ ਯੂ ਮੇ ਫਾਈਂਡ ਹਿਡਨ ਇਨ ਮਾਈ ਈਅਰ: ਪੋਇਮਜ਼ ਫਰੌਮ ਗਾਜ਼ਾ’ ਦੇ ਲੇਖਕ ਹਨ, ਨੇ ਕਿਹਾ ਕਿ ਉਸ ਦਾ ਹਮਾਸ ਨਾਲ ਕੋਈ ਸਬੰਧ ਨਹੀਂ ਹੈ।
ਜਦੋਂ ਉਸ ਅਤੇ ਉਸ ਦੇ ਪਰਿਵਾਰ ਨੂੰ 19 ਨਵੰਬਰ ਨੂੰ ਫ਼ੌਜੀ ਚੌਕੀ ਉੱਪਰ ਰੋਕਿਆ ਗਿਆ, ਉਹ ਮਿਸਰ ਲਈ ਰਵਾਨਾ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਨੇ ਕਿਹਾ ਕਿ ਜਦੋਂ ਉਸ ਨੂੰ ਭੀੜ ਵਿਚੋਂ ਬਾਹਰ ਨਿਕਲਣ ਲਈ ਕਿਹਾ ਗਿਆ ਤਾਂ ਉਸ ਨੇ ਕੋਈ ਪਛਾਣ ਨਹੀਂ ਦਿਖਾਈ। ਉਸ ਦੇ ਹੱਥ ਕੜੀ ਲਾ ਕੇ ਤੰਬੂ ਵਿਚ ਲਿਜਾ ਕੇ ਬਿਠਾਇਆ ਗਿਆ ਜਿੱਥੇ ਕਈ ਦਰਜਨ ਆਦਮੀ ਬੈਠੇ ਸਨ, ਉੱਥੇ ਉਸ ਨੇ ਕਿਸੇ ਨੂੰ ਇਹ ਕਹਿੰਦੇ ਸੁਣਿਆ ਕਿ ਇਜ਼ਰਾਇਲੀ ਫ਼ੌਜ ਵੱਲੋਂ ਪੂਰੇ ਸਮੂਹ ਉੱਪਰ ‘ਨਵੀਂ ਤਕਨੀਕ’ ਦੀ ਵਰਤੋਂ ਕੀਤੀ ਗਈ ਹੈ। 30 ਮਿੰਟਾਂ ਦੇ ਅੰਦਰ ਹੀ ਇਜ਼ਰਾਇਲੀ ਫ਼ੌਜੀਆਂ ਨੇ ਉਸ ਨੂੰ ਉਸ ਦਾ ਪੂਰਾ ਨਾਮ ਲੈ ਕੇ ਹਾਕ ਮਾਰੀ।
ਮੁਸਾਬ ਅਬੂ ਤੋਹਾ ਨੇ ਕਿਹਾ ਕਿ ਬਿਨਾਂ ਕੋਈ ਕਾਰਨ ਦੱਸੇ ਉਨ੍ਹਾਂ ਨੂੰ ਗਾਜ਼ਾ ਵਾਪਸ ਭੇਜੇ ਜਾਣ ਤੋਂ ਪਹਿਲਾਂ ਦੋ ਦਿਨ ਇਜ਼ਰਾਇਲੀ ਨਜ਼ਰਬੰਦੀ ਕੇਂਦਰ ਵਿਚ ਰੱਖ ਕੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ। ਉਸ ਨੇ ‘ਦਿ ਨਿਊ ਯਾਰਕਰ’ ਵਿਚ ਆਪਣੇ ਅਨੁਭਵ ਬਾਰੇ ਲਿਖਿਆ, ਜਿੱਥੇ ਉਹ ਲੇਖਕ ਵਜੋਂ ਲਿਖਦਾ ਹੈ। ਉਸ ਨੇ ਆਪਣੀ ਰਿਹਾਈ ਦਾ ਸਿਹਰਾ ‘ਦਿ ਨਿਊ ਯਾਰਕਰ’ ਅਤੇ ਹੋਰ ਪ੍ਰਕਾਸ਼ਨਾਵਾਂ ਦੇ ਪੱਤਰਕਾਰਾਂ ਦੁਆਰਾ ਚਲਾਈ ਮੁਹਿੰਮ ਨੂੰ ਦਿੱਤਾ।
ਉਸ ਦੀ ਰਿਹਾਈ ਤੋਂ ਬਾਅਦ ਇਜ਼ਰਾਇਲੀ ਫ਼ੌਜੀਆਂ ਨੇ ਉਸ ਨੂੰ ਦੱਸਿਆ ਕਿ ਉਸ ਦੀ ਇੰਟੈਰੋਗੇਸ਼ਨ ‘ਗ਼ਲਤੀ’ ਨਾਲ ਹੋਈ ਸੀ। ਉਸ ਸਮੇਂ ਇਜ਼ਰਾਇਲੀ ਫ਼ੌਜ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੁਸਾਬ ਅਬੂ ਤੋਹਾ ਨੂੰ ਪੁੱਛਗਿੱਛ ਲਈ ਲਿਜਾਇਆ ਗਿਆ ਸੀ ਕਿਉਂਕਿ “ਖ਼ੁਫ਼ੀਆ ਜਾਣਕਾਰੀ ਗਾਜ਼ਾ ਪੱਟੀ ਦੇ ਅੰਦਰ ਕਈ ਨਾਗਰਿਕਾਂ ਅਤੇ ਦਹਿਸ਼ਤਵਾਦੀ ਜਥੇਬੰਦੀਆਂ ਦਰਮਿਆਨ ਕਈ ਤਰ੍ਹਾਂ ਦੀ ਗੱਲਬਾਤ ਦਾ ਸੰਕੇਤ ਦੇ ਰਹੀ ਸੀ।”
ਮੁਸਾਬ ਅਬੂ ਤੋਹਾ ਜੋ ਹੁਣ ਆਪਣੇ ਪਰਿਵਾਰ ਨਾਲ ਕਾਹਿਰਾ (ਮਿਸਰ) ਵਿਚ ਹੈ, ਨੇ ਕਿਹਾ ਕਿ ਉਸ ਨੂੰ ਗਾਜ਼ਾ ਵਿਚ ਚਿਹਰੇ ਦੀ ਸ਼ਨਾਖ਼ਤ ਕਰਨ ਵਾਲੇ ਕਿਸੇ ਪ੍ਰੋਗਰਾਮ ਦੀ ਵਰਤੋਂ ਦਾ ਇਲਮ ਨਹੀਂ ਸੀ।
ਉਸ ਨੇ ਕਿਹਾ, “ਮੈਨੂੰ ਨਹੀਂ ਸੀ ਪਤਾ ਕਿ ਇਜ਼ਰਾਈਲ ਮੇਰੇ ਚਿਹਰੇ ਨੂੰ ਕੈਪਚਰ ਕਰ ਰਿਹਾ ਹੈ ਜਾਂ ਰਿਕਾਰਡ ਕਰ ਰਿਹਾ ਹੈ” ਪਰ ਇਜ਼ਰਾਈਲ “ਆਪਣੇ ਡਰੋਨਾਂ ਨਾਲ ਕਈ ਸਾਲਾਂ ਤੋਂ ਅਸਮਾਨ ਤੋਂ ਸਾਡੇ ਉੱਪਰ ਨਜ਼ਰ ਤਾਂ ਰੱਖ ਹੀ ਰਿਹਾ ਹੈ। ਉਹ ਸਾਨੂੰ ਬਾਗ਼ਬਾਨੀ ਕਰਦਿਆਂ, ਸਕੂਲ ਜਾਂਦਿਆਂ ਅਤੇ ਆਪਣੀਆਂ ਪਤਨੀਆਂ ਨੂੰ ਪਿਆਰ ਕਰਦਿਆਂ ਨੂੰ ਵੀ ਦੇਖ ਰਹੇ ਹੁੰਦੇ ਹਨ। ਇਉਂ ਮਹਿਸੂਸ ਹੁੰਦਾ ਹੈ ਜਿਵੇਂ ਮੇਰੇ ਉੱਪਰ ਬਹੁਤ ਲੰਮੇ ਸਮੇਂ ਤੋਂ ਨਿਗਰਾਨੀ ਰੱਖੀ ਜਾ ਰਹੀ ਹੋਵੇ।”