ਪੰਜਾਬੀ ਸਮਾਜ ਵਿਚ ਉਥਲ-ਪੁਥਲ ਦੀ ਦਾਸਤਾਨ

ਗੁਰਚਰਨ ਸਿੰਘ ਨੂਰਪੁਰ
ਫੋਨ+91-98550-51099
ਪੰਜਾਬ ਨੂੰ ਇਸ ਸਮੇਂ ਬੜੀ ਸੂਝ ਵਾਲੀ ਰਾਜਸੀ ਅਗਵਾਈ ਦੀ ਲੋੜ ਹੈ ਜੋ ਇਸ ਨੂੰ ਵੱਖ-ਵੱਖ ਸੰਕਟਾਂ ਤੋਂ ਨਿਜਾਤ ਦਿਵਾ ਕੇ ਹਕੀਕੀ ਵਿਕਾਸ ਦੇ ਰਾਹ ਤੋਰ ਸਕੇ। ਪੰਜਾਬ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਕਿਰਤ ਵੱਲ ਮੁੜੀਏ। ਪੰਜਾਬੀ ਸੱਭਿਅਤਾ ਕਿਰਤ ਦੇ ਖਾਸੇ ਨਾਲ ਜੁੜੀ ਹੋਈ ਸੱਭਿਅਤਾ ਸੀ। ਇੱਥੇ ਨੌਜਵਾਨੀ ਦਾ ਕਿਰਤ ਤੋਂ ਕਿਨਾਰਾ ਕਰਨਾ ਵੱਡੀ ਸਮੱਸਿਆ ਬਣ ਗਿਆ ਹੈ। ਕਿਰਤ ਤੋਂ ਟੁੱਟੀ ਨੌਜਵਾਨ ਪੀੜ੍ਹੀ ਨੇ ਜਿੱਥੇ ਖੇਤੀ ਤੋਂ ਕਿਨਾਰਾ ਕਰ ਲਿਆ ਉਥੇ ਇਹ ਨਸ਼ਿਆਂ ਦੀ ਦਲਦਲ ਵਿਚ ਗਰਕ ਹੋਣ ਲੱਗੀ ਹੈ।

ਕੋਈ ਮੁਸਾਫਿਰ ਸਫ਼ਰ `ਤੇ ਸੀ। ਰਸਤੇ ਵਿਚ ਛੋਟੀ ਜਿਹੀ ਨਦੀ ਆਈ। ਆਪਣੇ ਸਾਮਾਨ ਸਮੇਤ ਉਹ ਬੰਦਾ ਨਦੀ ਪਾਰ ਕਰਨ ਹੀ ਲੱਗਾ ਸੀ ਕਿ ਉਸ ਨੂੰ ਕੁਝ ਕਦਮ ਦੀ ਦੂਰੀ `ਤੇ ਨਦੀ ਕੰਢੇ ਚਮਕਦੀ ਚੀਜ਼ ਦਿਖਾਈ ਦਿੱਤੀ। ਉਹ ਆਪਣਾ ਸਾਮਾਨ ਰੱਖ ਕੇ ਉਹ ਚੀਜ਼ ਦੇਖਣ ਚਲਾ ਗਿਆ। ਉਸ ਨੇ ਦੇਖਿਆ, ਸੋਨੇ ਦੀਆਂ ਪੰਜ ਮੋਹਰਾਂ ਸਨ ਜੋ ਕਿਸੇ ਨੇ ਨਦੀ ਦੇ ਤੱਟ `ਤੇ ਦੱਬ ਦਿੱਤੀਆਂ ਸਨ ਅਤੇ ਛੱਲਾਂ ਨਾਲ ਮਿੱਟੀ ਖੁਰਨ ਨਾਲ ਦਿਸਣ ਲੱਗ ਪਈਆਂ ਸਨ। ਉਸ ਨੇ ਮੋਹਰਾਂ ਨਦੀ ਦੇ ਪਾਣੀ ਨਾਲ ਧੋਤੀਆਂ, ਝੋਲੇ ਵਿਚ ਪਾਈਆਂ ਅਤੇ ਨਦੀ ਪਾਰ ਕਰਨ ਲੱਗਾ। ਅਜੇ ਉਹ ਪਾਣੀ ਵਿਚ ਉਤਰਿਆ ਹੀ ਸੀ ਕਿ ਉਹਦੇ ਮਨ ਵਿਚ ਖਿਆਲ ਆਇਆ- ਮੋਹਰਾਂ ਤਾਂ ਹੋਰ ਵੀ ਹੋ ਸਕਦੀਆਂ! ਮੈਨੂੰ ਦੇ ਤੱਟ `ਤੇ ਤੁਰ ਕੇ ਦੇਖਣਾ ਚਾਹੀਦਾ। ਆਪਣੇ ਮਨ ਦੀ ਇਸ ਸੋਚ ਉਡਾਰੀ `ਤੇ ਉਸ ਨੂੰ ਕੁਝ ਪਲ ਫਖਰ ਵੀ ਮਹਿਸੂਸ ਹੋਇਆ। ਮੋਹਰਾਂ ਵਾਲਾ ਝੋਲਾ ਅਤੇ ਬਾਕੀ ਸਾਮਾਨ ਇੱਕ ਪਾਸੇ ਰੱਖ ਕੇ ਉਹ ਨਦੀ ਦੇ ਕੰਢੇ-ਕੰਢੇ ਤੁਰ ਪਿਆ। ਉਹ ਕਾਫੀ ਦੂਰ ਤੱਕ ਗਿਆ ਪਰ ਕਿਤਿਓਂ ਹੋਰ ਮੋਹਰਾਂ ਨਹੀਂ ਲੱਭੀਆਂ। ਨਿਰਾਸ਼ ਜਿਹਾ ਹੋ ਕੇ ਜਦੋਂ ਵਾਪਸ ਆਇਆ ਤਾਂ ਉਹਦਾ ਮੋਹਰਾਂ ਵਾਲਾ ਝੋਲਾ ਅਤੇ ਬਾਕੀ ਸਮਾਨ ਉਥੋਂ ਗਾਇਬ ਸੀ। ਲਾਲਚ ਨੇ ਉਸ ਨੂੰ ਆਪਣੇ ਸਾਮਾਨ ਤੋਂ ਵੀ ਵਿਰਵਾ ਕਰ ਦਿੱਤਾ।
ਸਾਡੇ ਸਮਾਜ ਦੀ ਬਹੁਗਿਣਤੀ ਦੀ ਹਾਲਤ ਇਸ ਸਮੇਂ ਉਸ ਮੁਸਾਫਿਰ ਵਰਗੀ ਹੈ।
ਅਸੀਂ ਫੜੀਆਂ ਛੱਡ ਕੇ ਉਡਦੀਆਂ ਮਗਰ ਭੱਜ ਰਹੇ ਹਾਂ। ਇਹ ਠੀਕ ਹੈ ਕਿ ਭਾਰਤ ਦੀ ਵਾਗਡੋਰ ਉਨ੍ਹਾਂ ਲੋਕਾਂ ਦੇ ਹੱਥ ਵਿਚ ਰਹੀ ਜਿਨ੍ਹਾਂ ਨੇ ਲੋਕ ਹਿੱਤਾਂ ਦੀ ਬਜਾਇ ਆਪਣੇ ਨਿੱਜੀ ਸਵਾਰਥਾਂ ਅਤੇ ਰਾਜਸੀ ਹਿੱਤਾਂ ਨੂੰ ਪਹਿਲ ਦਿੱਤੀ। ਨਤੀਜੇ ਵਜੋਂ ਸਮਾਜ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਪੈਦਾ ਕੀਤੇ ਅੰਨ ਨਾਲ ਪੂਰੇ ਦੇਸ਼ ਦਾ ਢਿੱਡ ਭਰਦਾ ਆਇਆ ਹੈ। ਇਸ ਨਾਲ ਵੱਖ-ਵੱਖ ਸਮਿਆਂ `ਤੇ ਹੋਏ ਵਿਤਕਰਿਆਂ ਦੀ ਲੰਮੀ ਦਾਸਤਾਨ ਹੈ। ਹੁਣ ਪੰਜਾਬ ਦੇ ਕਿਸਾਨ ਨੂੰ ਕਿਹਾ ਜਾ ਰਿਹਾ ਹੈ ਕਿ ਜੋ ਅਨਾਜ ਤੁਸੀਂ ਪੈਦਾ ਕਰਦੇ ਹੋ, ਇਸ ਦੀ ਹੁਣ ਸਾਨੂੰ ਲੋੜ ਨਹੀਂ। ਇਸ ਤੋਂ ਵੱਡੀ ਅਕ੍ਰਿਤਘਣਤਾ ਹੋਰ ਕੀ ਹੋ ਸਕਦੀ ਹੈ?
ਜਿਣਸਾਂ ਦੇ ਜੋ ਭਾਅ ਕਿਸਾਨਾਂ ਨੂੰ ਦੇਣੇ ਚਾਹੀਦੇ ਸਨ, ਉਹ ਨਹੀਂ ਮਿਲਦੇ। ਕਣਕ ਝੋਨੇ ਦੇ ਫ਼ਸਲੀ ਚੱਕਰ ਨੇ ਪੰਜਾਬ ਦੇ ਪਾਣੀ ਦਾ ਪੱਧਰ ਬਹੁਤ ਹੇਠਾਂ ਕਰ ਦਿੱਤਾ। ਖੇਤੀਬਾੜੀ ਦੀਆਂ ਗ਼ਲਤ ਨੀਤੀਆਂ ਤਹਿਤ ਰੇਹਾਂ-ਸਪਰੇਹਾਂ, ਤੇਲ ਆਦਿ ਦੇ ਭਾਅ ਨੇ ਕਿਸਾਨਾਂ ਸਿਰ ਕਰਜ਼ੇ ਦੀਆਂ ਪੰਡਾਂ ਦੇ ਭਾਰ `ਚ ਹਰ ਦਿਨ ਵਾਧਾ ਕੀਤਾ। ਖੇਤੀ `ਤੇ ਬਾਜ਼ਾਰ ਦੇ ਗਲਬੇ ਨੇ ਨਵੀਂ ਪੀੜ੍ਹੀ ਦਾ ਖੇਤਾਂ ਨਾਲੋਂ ਮੋਹ ਤੋੜ ਦਿੱਤਾ। ਨਵੀਂ ਪੀੜ੍ਹੀ ਹੁਣ ਹੋਰ ਮੁਲਕਾਂ ਵਿਚ ਆਪਣਾ ਭਵਿੱਖ ਤਲਾਸ਼ ਰਹੀ ਹੈ। ਪੰਜਾਬ ਦੇ ਗੁਰਦੁਆਰਿਆਂ ਅਤੇ ਹੋਰ ਧਰਮ ਸਥਾਨਾਂ `ਤੇ ਵਿਦੇਸ਼ ਜਾ ਵੱਸਣ ਲਈ ਸੁਖਣਾ ਵਜੋਂ ਖਿਡੌਣਾ ਹਵਾਈ ਜਹਾਜ਼ ਚੜ੍ਹਾਏ ਜਾ ਰਹੇ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਛੋਟੇ ਕਿਸਾਨ ਮਜਬੂਰੀਵੱਸ ਆਪਣੀ ਭੋਇੰ ਦਾ ਟੋਟਾ ਵੇਚ ਕੇ ਆਪਣੇ ਬੱਚਿਆਂ ਨੂੰ ਹੋਰ ਮੁਲਕਾਂ ਵੱਲ ਤੋਰ ਰਹੇ ਹਨ। ਵਿਦੇਸ਼ ਗਏ ਲੋਕ ਵੀ ਆਪਣੀਆਂ ਇਧਰਲੀਆਂ ਜਾਇਦਾਦਾਂ ਵੇਚ ਵੱਟ ਕੇ ਦੂਜੇ ਮੁਲਕਾਂ ਵਿਚ ਸਰਮਾਇਆ ਲਾਉਣ ਨੂੰ ਤਰਜੀਹ ਦੇਣ ਲੱਗੇ ਹਨ।
ਅਜਿਹੇ ਕਈ ਹੋਰ ਕਾਰਨਾਂ ਕਰ ਕੇ ਜ਼ਮੀਨ ਬਹੁਤੇ ਲੋਕਾਂ ਤੋਂ ਥੋੜ੍ਹੇ ਲੋਕਾਂ ਦੇ ਹੱਥਾਂ ਵਿਚ ਜਾ ਰਹੀ ਹੈ। ਇਹ ਪੰਜਾਬ ਲਈ ਇੱਕ ਤਰ੍ਹਾਂ ਨਾਲ ਖ਼ਤਰੇ ਦੀ ਘੰਟੀ ਹੈ। ਭਵਿੱਖ ਵਿਚ ਇਹ ਅਮਲ ਹੋਰ ਵਧੇਗਾ। ਇਸ ਦੇ ਅਜਿਹੇ ਸਿੱਟੇ ਨਿਕਲਣਗੇ ਜਿਸ ਦਾ ਕਿਆਸ ਫਿਲਹਾਲ ਸਾਨੂੰ ਨਹੀਂ ਅਤੇ ਨਾ ਹੀ ਇਸ ਖ਼ਤਰੇ ਸਬੰਧੀ ਕਿਤੇ ਕੋਈ ਚਰਚਾ ਹੋ ਰਹੀ ਹੈ। ਕਿਸਾਨ ਅੰਦੋਲਨ ਦੌਰਾਨ ਲੱਖਾਂ ਲੋਕ ਆਪਣੀਆਂ ਜ਼ਮੀਨਾਂ ਬਚਾਉਣ ਲਈ ਸੜਕਾਂ `ਤੇ ਆਏ। ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਦੀ ਸ਼ਮੂਲੀਅਤ ਨੇ ਇਸ ਸੰਘਰਸ਼ ਨੂੰ ਨਿਵੇਕਲੀ ਪਛਾਣ ਦਿੱਤੀ। ਜ਼ਰਾ ਸੋਚੋ, ਜੇ ਇਹੋ ਜ਼ਮੀਨਾਂ ਕੁਝ ਕੁ ਲੋਕਾਂ ਦੇ ਹੱਥਾਂ ਵਿਚ ਹੁੰਦੀਆਂ ਤਾਂ ਕੀ ਇੰਨੀ ਵੱਡੀ ਗਿਣਤੀ ਵਿਚ ਲੋਕ ਇਸ ਸੰਘਰਸ਼ ਦਾ ਹਿੱਸਾ ਬਣਦੇ? ਭਵਿੱਖ ਵਿਚ ਜਦੋਂ ਜ਼ਮੀਨਾਂ ਥੋੜ੍ਹੇ ਲੋਕਾਂ ਦੇ ਹੱਥਾਂ ਵਿਚ ਹੋਣਗੀਆਂ, ਬਹੁਗਿਣਤੀ ਲੋਕ ਹੋਰ ਧੰਦਿਆਂ ਵਿਚ ਲੱਗੇ ਹੋਣਗੇ ਤਾਂ ਖੇਤੀ ਖੇਤਰ ਵਿਚ ਅਜਿਹੇ ਸੰਕਟ ਪੈਦਾ ਹੋਣਗੇ ਜਿਸ ਦਾ ਸਾਨੂੰ ਕਿਆਸ ਨਹੀਂ।
ਪੰਜਾਬ ਨੂੰ ਇਸ ਸਮੇਂ ਬੜੀ ਸੂਝ ਵਾਲੀ ਰਾਜਸੀ ਅਗਵਾਈ ਦੀ ਲੋੜ ਹੈ ਜੋ ਇਸ ਨੂੰ ਵੱਖ-ਵੱਖ ਸੰਕਟਾਂ ਤੋਂ ਨਿਜਾਤ ਦਿਵਾ ਕੇ ਹਕੀਕੀ ਵਿਕਾਸ ਦੇ ਰਾਹ ਤੋਰ ਸਕੇ। ਇਸ ਸਮੇਂ ਪੰਜਾਬ ਵਿਚ ਵਾਤਾਵਰਨ ਦਾ ਬਹੁਤ ਵੱਡਾ ਸੰਕਟ ਹੈ ਅਤੇ ਪੰਜਾਬ ਦੇ ਪਾਣੀਆਂ `ਤੇ ਵੀ ਡਾਕੇ ਵੱਜ ਰਹੇ ਰਹੇ ਹਨ। ਧਰਤੀ ਹੇਠਲੇ ਪਾਣੀ ਦੇ ਸੰਕਟ ਸਬੰਧੀ ਸਾਡੀ ਹਾਲਤ ਖ਼ਤਰਾ ਦੇਖ ਕੇ ਸ਼ੁਤਰਮੁਰਗ ਦੇ ਅੱਖਾਂ ਮੀਟਣ ਵਰਗੀ ਹੈ। ਦੂਸ਼ਿਤ ਵਾਤਾਵਰਨ ਨਾਲ ਬਿਮਾਰੀਆਂ ਦੁਸ਼ਵਾਰੀਆਂ ਵਧ ਰਹੀਆਂ ਹਨ। ਵੱਖ-ਵੱਖ ਭਿਆਨਕ ਬਿਮਾਰੀਆਂ ਦਾ ਸੰਤਾਪ ਪੰਜਾਬ ਦੇ ਲੱਖਾਂ ਲੋਕ ਭੁਗਤ ਰਹੇ ਹਨ। ਇਸ ਬਾਰੇ ਸਾਨੂੰ ਗੰਭੀਰ ਹੋਣ ਦੀ ਲੋੜ ਹੈ। ਪਾਣੀ ਦਾ ਸੰਕਟ ਇੱਕ ਤਰ੍ਹਾਂ ਨਾਲ ਪੰਜਾਬ ਦੀ ਸੱਭਿਅਤਾ ਦਾ ਸੰਕਟ ਹੈ ਜਿਸ ਨਾਲ ਪੰਜਾਬ ਦੀ ਹੋਂਦ ਨੂੰ ਵੱਡਾ ਖ਼ਤਰਾ ਹੈ। ਛੋਟੀਆਂ-ਛੋਟੀਆਂ ਬਰਸਾਤੀ ਨਦੀਆਂ ਨੂੰ ਮੁੜ ਸੁਰਜੀਤ ਕਰ ਕੇ, ਦਰਿਆਵਾਂ `ਤੇ ਵੱਖ-ਵੱਖ ਥਾਈਂ ਵਿਸ਼ਾਲ ਜਲਗਾਹਾਂ ਬਣਾ ਕੇ, ਕਣਕ ਝੋਨੇ ਦੇ ਫ਼ਸਲੀ ਚੱਕਰ `ਚੋਂ ਨਿਕਲ ਕੇ ਇਸ ਸੰਕਟ ਤੋਂ ਬਚਿਆ ਜਾ ਸਕਦਾ ਹੈ ਪਰ ਇਹ ਕੰਮ ਇਕੱਲੇ ਆਮ ਲੋਕਾਂ ਨੇ ਨਹੀਂ ਸਗੋਂ ਸਰਕਾਰਾਂ ਨੇ ਕਰਨੇ ਹੁੰਦੇ ਹਨ। ਪੰਜਾਬ ਦੇ ਪਾਣੀ ਦੇ ਸੰਕਟ ਤੋਂ ਬਚਿਆ ਜਾ ਸਕਦਾ ਹੈ। ਇਹ ਅਜਿਹਾ ਸੰਕਟ ਨਹੀਂ ਜਿਸ ਦਾ ਕੋਈ ਹੱਲ ਹੀ ਨਹੀਂ ਪਰ ਇਸ ਲਈ ਸੂਝ ਸਿਆਣਪ ਨਾਲ ਵੱਡੇ ਪ੍ਰੋਗਰਾਮ ਬਣਾ ਕੇ ਉਨ੍ਹਾਂ `ਤੇ ਤੁਰੰਤ ਕੰਮ ਕਰਨ ਦੀ ਲੋੜ ਹੈ। ਨਹੀਂ ਤਾਂ ਪਾਣੀ ਦਾ ਸੰਕਟ ਅਗਲੇ ਆਏ ਦਿਨ ਭਿਆਨਕ ਹੁੰਦਾ ਜਾਵੇਗਾ।
ਪੰਜਾਬ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਕਿਰਤ ਵੱਲ ਮੁੜੀਏ। ਪੰਜਾਬ ਦੇ ਉਨ੍ਹਾਂ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਕੋਲ ਰਿਜ਼ਕ ਦੇ ਥੋੜ੍ਹੇ ਬਹੁਤੇ ਸਾਧਨ ਹਨ ਉਹ ਇੱਥੇ ਕੰਮ ਕਰ ਕੇ ਰਾਜ਼ੀ ਨਹੀਂ। ਉਨ੍ਹਾਂ ਦੀ ਮਾਨਸਿਕਤਾ ਇਹ ਹੈ ਕਿ ਅਸੀਂ ਪੜ੍ਹ ਲਿਖ ਗਏ ਹਾਂ, ਅਸੀਂ ਕੰਮ ਕਿਉਂ ਕਰੀਏ? ਪੰਜਾਬੀ ਸੱਭਿਅਤਾ ਕਿਰਤ ਦੇ ਖਾਸੇ ਨਾਲ ਜੁੜੀ ਹੋਈ ਸੱਭਿਅਤਾ ਸੀ। ਇੱਥੇ ਨੌਜਵਾਨੀ ਦਾ ਕਿਰਤ ਤੋਂ ਕਿਨਾਰਾ ਕਰਨਾ ਵੱਡੀ ਸਮੱਸਿਆ ਬਣ ਗਿਆ ਹੈ। ਕਿਰਤ ਤੋਂ ਟੁੱਟੀ ਨੌਜਵਾਨ ਪੀੜ੍ਹੀ ਨੇ ਜਿੱਥੇ ਖੇਤੀ ਤੋਂ ਕਿਨਾਰਾ ਕਰ ਲਿਆ ਉਥੇ ਇਹ ਨਸ਼ਿਆਂ ਦੀ ਦਲਦਲ ਵਿਚ ਗਰਕ ਹੋਣ ਲੱਗੀ ਹੈ। ਨਸ਼ਾ ਇਸ ਸਮੇਂ ਪੰਜਾਬ ਦੀ ਵੱਡੀ ਸਮੱਸਿਆ ਬਣ ਗਿਆ ਹੈ। ਹਰ ਇਲਾਕੇ ਵਿਚ ਵੱਡੇ-ਵੱਡੇ ਜੇਲ੍ਹ-ਨੁਮਾ ਨਸ਼ਾ ਛਡਾਊ ਕੇਂਦਰ ਬਣ ਗਏ ਹਨ ਜਿੱਥੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਿਜਾਤ ਦਿਵਾਉਣ ਲਈ ਮਾਪਿਆਂ ਤੋਂ ਮੋਟੀਆਂ ਰਕਮਾਂ ਲਈਆਂ ਜਾਂਦੀਆਂ ਹਨ।
ਸਰਕਾਰਾਂ ਨੂੰ ਨਸ਼ਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਜਿੰਨੀ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਸੀ, ਓਨਾ ਨਹੀਂ ਹੋ ਸਕਿਆ। ਬੇਸ਼ੱਕ, ਦੁਨੀਆ ਦੇ ਵਿਕਸਿਤ ਦੇਸ਼ਾਂ ਵਿਚ ਵੀ ਨਸ਼ਿਆਂ ਦੀ ਸਮੱਸਿਆ ਹਰ ਦਿਨ ਭਿਆਨਕ ਹੋ ਰਹੀ ਹੈ ਪਰ ਪੰਜਾਬ ਦੀ ਗੁਰੂਆਂ ਮਹਾਂਪੁਰਸ਼ਾਂ ਦੀ ਧਰਤੀ ਦੇ ਮੱਥੇ `ਤੇ ਨਸ਼ਿਆਂ ਦਾ ਕਲੰਕ ਲੱਗਣਾ ਸਾਡੇ ਲਈ ਵੱਡੇ ਫਿਕਰ ਵਾਲੀ ਗੱਲ ਹੈ। ਇਸ ਲਈ ਬੜਾ ਜ਼ਰੂਰੀ ਹੈ ਕਿ ਨੌਜਵਾਨ ਅਤੇ ਮੁਟਿਆਰਾਂ ਇੱਥੇ ਰਹਿ ਕੇ ਕਿਰਤ ਨਾਲ ਜੁੜਨ ਤੇ ਵੱਖ-ਵੱਖ ਕਿੱਤਿਆਂ ਵਿਚ ਨਿਪੁੰਨ ਹੋਣ। ਇੱਥੇ ਰਹਿ ਕੇ ਕੰਮ ਕਰਨ ਵਿਚ ਸ਼ਰਮ ਮਹਿਸੂਸ ਕਰਨ ਵਾਲਿਆਂ ਦੀ ਹੈਂਕੜਬਾਜ਼ੀ ਵਿਦੇਸ਼ ਜਾ ਕੇ ਝੱਟ ਨਿਕਲ ਜਾਂਦੀ ਹੈ। ਅੱਜ ਲੋੜ ਹੈ, ਅਸੀਂ ਕਿਰਤ ਨਾਲ ਜੁੜੀਏ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯਤਨਸ਼ੀਲ ਹੋਈਏ।
ਪੰਜਾਬ ਅਨੇਕਾਂ ਵਾਰ ਉਜੜਿਆ ਤੇ ਮੁੜ ਵੱਸਿਆ; ਪੰਜਾਬ ਸਦਾ ਵਸਦਾ ਰਿਹਾ ਹੈ ਅਤੇ ਵਸਦਾ ਰਹੇਗਾ। ਸਮੇਂ ਦਾ ਸੱਚ ਇਹ ਵੀ ਹੈ ਕਿ ਪੰਜਾਬੀ ਸਮਾਜ ਇਸ ਸਮੇਂ ਵੱਡੀ ਉਥਲ ਪੁਥਲ ਵਿਚੋਂ ਗੁਜ਼ਰ ਰਿਹਾ ਹੈ। ਪੰਜਾਬ ਨੇ ਪਹਿਲਾਂ ਵੀ ਵੱਡੀਆਂ ਤਬਦੀਲੀਆਂ ਦੇਖੀਆਂ ਪਰ ਇਹ ਦੌਰ ਵੱਖਰੀ ਤਰ੍ਹਾਂ ਦੀ ਤਬਦੀਲੀ ਦਾ ਦੌਰ ਹੈ। ਇਸ ਵਿਚ ਵੱਡੀ ਗਿਣਤੀ `ਚ ਪੰਜਾਬ ਦੇ ਵਾਰਿਸ ਇਸ ਨੂੰ ਬੇਦਾਵਾ ਦੇ ਕੇ ਜਾ ਰਹੇ ਹਨ ਅਤੇ ਵੱਡੀ ਗਿਣਤੀ ਉਨ੍ਹਾਂ ਦੀ ਵੀ ਹੈ ਜੋ ਨਸ਼ਿਆਂ ਦੀ ਕਰੋਪੀ ਨਾਲ ਮੌਤ ਦੇ ਮੂੰਹ ਪੈ ਰਹੇ ਹਨ। ਭਵਿੱਖ ਦੇ ਦਸ ਬਾਰਾਂ ਸਾਲਾਂ ਦੌਰਾਨ ਪੰਜਾਬੀ ਸਮਾਜ ਦੇ ਵੱਡੀ ਗਿਣਤੀ ਪਰਿਵਾਰਾਂ ਵਿਚ ਵੱਖਰੀ ਤਰ੍ਹਾਂ ਦੇ ਸੰਤਾਪ ਹੋਣਗੇ। ਵਿਦੇਸ਼ ਗਏ ਨੌਜਵਾਨਾਂ ਨੇ ਇੱਧਰ ਪਰਤਣਾ ਨਹੀਂ। ਸਹਾਰਾ ਲੋੜਦੇ ਬਜ਼ੁਰਗ ਮਾਪਿਆਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੋਵੇਗਾ।
ਇਸ ਸਮੇਂ ਸਾਨੂੰ ਸਮਝਣ ਦੀ ਲੋੜ ਹੈ ਕਿ ਮਨੁੱਖ ਇਸ ਧਰਤੀ `ਤੇ ਮਸ਼ੀਨ ਬਣਨ ਨਹੀਂ ਆਇਆ ਅਤੇ ਨਾ ਹੀ ਮਨੁੱਖ ਦੀ ਹਰ ਸਰਗਰਮੀ ਪੈਸੇ ਲਈ ਹੋਣੀ ਚਾਹੀਦੀ ਹੈ। ਪੰਜਾਬੀ ਸਮਾਜ ਦੀ ਵਿਰਾਸਤ ਸਰਬੱਤ ਦਾ ਭਲਾ ਚਾਹੁਣ ਦੀ ਵਿਰਾਸਤ ਹੈ। ਸਾਡੀ ਲੋਕਧਾਰਾ ਵਿਚ ਥਾਂ-ਥਾਂ ਕਿਰਤ ਦਾ ਸੁਨੇਹਾ ਹੈ। ਅਸੀਂ ਮੁਸ਼ਕਿਲਾਂ ਸਮੱਸਿਆਵਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਵਾਲੇ ਲੋਕ ਹਾਂ। ਇਸ ਸਮੇਂ ਪੰਜਾਬ ਨੂੰ ਸਮੱਸਿਆਵਾਂ `ਚੋਂ ਬਾਹਰ ਕੱਢਣ ਲਈ ਇੱਥੇ ਰਹਿ ਕੇ ਸੰਘਰਸ਼ ਕਰਨ ਦੀ ਲੋੜ ਹੈ। ਅੱਜ ਲੋੜ ਹੈ ਕਿ ਪੰਜਾਬ ਨੂੰ ਹੱਸਦਾ ਵੱਸਦਾ ਬਣਾਉਣ ਲਈ ਸਭ ਧਿਰਾਂ ਯਤਨਸ਼ੀਲ ਹੋਣ। ਇਸ ਸਮੇਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਭਲਾ ਚਾਹੁਣ ਵਾਲੀਆਂ ਸਭ ਧਿਰਾਂ ਨੂੰ ਇੱਕ ਮੰਚ `ਤੇ ਇਕੱਠੇ ਹੋ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਬੜੀਆਂ ਵੱਡੀਆਂ ਮੁਸੀਬਤਾਂ ਅਤੇ ਦੁਸ਼ਵਾਰੀਆਂ ਦੇ ਬਾਵਜੂਦ ਪੰਜਾਬ ਵੱਸਦਾ ਰਿਹਾ ਹੈ ਅਤੇ ਵਸਦਾ ਰਹੇਗਾ। ਬਸ ਲੋੜ ਹੈ ਅਸੀਂ ਨਿਰਾਸ਼ ਨਾ ਹੋਈਏ ਅਤੇ ਇਹਦੇ ਭਲੇ ਲਈ ਯਤਨਸ਼ੀਲ ਹੋਈਏ।