ਗੁਲਜ਼ਾਰ ਸਿੰਘ ਸੰਧੂ
ਲਕਸ਼ਦੀਪ ਟਾਪੂਆਂ ਦੇ ਦੱਖਣ ਵਿਚ ਧਰਤੀ ਨਾਲੋਂ ਟੁੱਟਿਆ ਸਮੁੰਦਰ ਵਿਚ ਡੁਬਕੀਆਂ ਲਾਉਂਦਾ ਇੱਕ ਨਿਕਚੂ ਜਿਹਾ ਦੇਸ਼ ਮਾਲਦੀਵ ਅੱਜ-ਕੱਲ੍ਹ ਚਰਚਾ ਵਿਚ ਹੈ| ਬਹੁਤਾ ਏਸ ਲਈ ਕਿ ਇਸਦੇ ਹਾਲ ਵਿਚ ਹੀ ਚੁਣੇ ਗਏ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਭਾਰਤ ਨਾਲੋਂ ਨਾਤਾ ਤੋੜ ਕੇ ਚੀਨ ਦਾ ਰੁਖ਼ ਅਪਣਾ ਲਿਆ ਹੈ| ਤੁਰਕੀ ਤੋਂ ਸੁਰੱਖਿਆ ਡਰੋਨ ਖਰੀਦਣਾ ਉਸਦਾ ਨਵਾਂ ਪੈਂਤੜਾ ਹੈ| ਸਾਗਰ ਤੋਂ ਕੇਵਲ ਪੌਣੇ ਅੱਠ ਫੁੱਟ ਉੱਚੇ ਇਸ ਦੇਸ਼ ਦੇ ਟਾਪੂ ਸਾਗਰ ਦੇ 470 ਮੀਲ ਵਿਚ ਫੈਲੇ ਹੋਏ ਹਨ| ਕੋਈ ਮਾਲ ਮੱਤੇ ਨਾਲ ਭਰਿਆ ਸਮੁੰਦਰੀ ਜਹਾਜ਼ ਇਨ੍ਹਾਂ ਟਾਪੂਆਂ ਵਿਚੋਂ ਕਿਸੇ ਇੱਕ ਨਾਲ ਟਕਰਾ ਕੇ ਬੇਕਾਰ ਹੋ ਜਾਂਦਾ ਹੈ ਤਾਂ ਇਸਦਾ ਮਾਲ ਅਸਬਾਬ ਵੀ ਮਾਲਦੀਵੀਆਂ ਦਾ ਹੋ ਜਾਂਦਾ ਹੈ|
ਇਸ ਦੇਸ਼ ਦੀ ਪ੍ਰਮੁਖ ਆਮਦਨ ਇਸਦੇ ਦੀਪਾਂ ਦੀ ਵਚਿੱਤਰਤਾ ਹੈ ਜਿਸਨੂੰ ਵੇਖਣ ਦੁਨੀਆ ਭਰ ਦੇ ਯਾਤਰੀ ਆਉਂਦੇ ਹਨ| 2021 ਤੋਂ 2023 ਦੌਰਾਨ ਭਾਰਤ ਤੋਂ ਏਥੇ ਜਾਣ ਵਾਲਿਆਂ ਦੀ ਗਿਣਤੀ ਦੋ ਲੱਖ ਪ੍ਰਤੀ ਸਾਲ ਸੀ ਤੇ ਚੀਨੀ ਯਾਤਰੀਆਂ ਦੀ ਕੇਵਲ 54 ਹਜ਼ਾਰ| 1976 ਦੇ ਭਾਰਤੀ ਯਾਤਰੀਆਂ ਵਿਚ ਮੈਂ ਤੇ ਮੇਰੀ ਹਮ ਸਫਰ ਵੀ ਸ਼ਾਮਲ ਸਾਂ| ਅਸਲ ਵਿਚ ਮੇਰੀ ਪਤਨੀ ਨੂੰ ਵਿਸ਼ਵ ਸਿਹਤ ਸੰਸਥਾ ਉਥੇ ਡਾਕਟਰੀ ਸਲਾਹਕਾਰ ਵਜੋਂ ਭੇਜਿਆ ਸੀ ਤੇ ਮੈਂ ਸੈਰ ਸਪਾਟੇ ਲਈ ਨਾਲ ਚਲਾ ਗਿਆ ਸਾਂ| ਉਥੇ ਜਾ ਕੇ ਪਤਾ ਲੱਗਿਆ ਕਿ ਉਦੋਂ ਤਕ ਉਥੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਖੁੱਲ੍ਹ ਚੁੱਕੀ ਸੀ| ਸਾਡੇ ਉਥੋਂ ਪਰਤਣ ਪਿਛੋਂ 1984 ਵਿਚ ਉਥੇ ਭਾਰਤ-ਮਾਲਦੀਵ ਮਿੱਤਰਤਾ ਐਸੋਸੀਏਸ਼ਨ ਨਾਂ ਦੀ ਇਕ ਸੰਸਥਾ ਵੀ ਹੋਂਦ ਵਿਚ ਆ ਚੁੱਕੀ ਸੀ, ਜਿਸ ਰਾਹੀਂ ਨਾਚ ਗਾਣੇ, ਸਾਹਿਤ, ਸਭਿਆਚਾਰ ਦਾ ਆਦਾਨ-ਪ੍ਰਦਾਨ ਹੁੰਦਾ ਸੀ| ਹੁਣ ਤਾਂ ਉਥੇ ਵਿਦਿਅਕ ਸੰਸਥਾਵਾਂ ਤੋਂ ਬਿਨਾ ਡਾਕਟਰੀ ਸਹਾਇਤਾ ਲਈ 200 ਬਿਸਤਰਿਆਂ ਦਾ ਇੰਦਰਾ ਗਾਂਧੀ ਮੈਮੋਰੀਅਲ ਹਸਪਤਾਲ ਵੀ ਸਥਾਪਤਾ ਹੋ ਚੁੱਕਾ ਹੈ| ਕੋਵਿਡ 19 ਦੇ ਸਮੇਂ ਉਨ੍ਹਾਂ ਨੂੰ ਟੀਕੇ ਪਹੁੰਚਾਉਣ ਵਾਲਾ ਵੀ ਸਾਡਾ ਦੇਸ਼ ਹੀ ਸੀ| ਭਾਰਤ ਨਾਲ ਵਿਗਾੜ ਪੈਣ ਦਾ ਕਾਰਨ ਤਾਂ ਸਮਝ ਨਹੀਂ ਆਉਂਦਾ ਪਰ ਸ੍ਰੀ ਨਰਿੰਦਰ ਮੋਦੀ ਦੀ ਲਕਸ਼ਦੀਪ ਫੇਰੀ ਸਮੇਂ ਉਥੋਂ ਦੇ ਤਿੰਨ ਡਿਪਟੀ ਮੰਤਰੀਆਂ ਨੇ ‘ਵਾਪਸ ਜਾਓ’ ਨਾਅਰੇ ਲਾਏ ਸਨ|
ਚੇਤੇ ਰਹੇ ਕਿ ਇਹ ਨਿਕਚੂ ਤੇ ਗਰੀਬ ਗਣਰਾਜ 98% ਪੜ੍ਹਿਆ ਹੋਇਆ ਹੈ ਅਤੇ ਏਥੋਂ ਦਾ ਧਰਮ, ਝੰਡਾ, ਵਿਧਾਨ ਤੇ ਜੀਵਨ ਢੰਗ ਇਸਲਾਮਿਕ ਹੈ ਪਰ ਏਥੇ ਪਰਦੇ ਦਾ ਕੋਈ ਰਿਵਾਜ ਨਹੀਂ| ਕੀ ਬੁੱਢੇ ਤੇ ਕੀ ਮੁੰਡੇ ਕੁੜੀਆਂ ਸ਼ਾਮ ਦੇ ਛੇ ਵਜੇ ਤੋਂ ਦਸ ਵਜੇ ਤੱਕ ਸਾਗਰ ਕੰਢੇ ਦੇ ਚਾਂਦਨੀ ਮਾਰਗ ਉੱਤੇ ਸੈਰ ਕਰਦੇ ਪੈਂਟ ਸਕਰਟ ਪਹਿਨੇ ਮਿਲਦੇ ਹਨ| ਏਥੋਂ ਦੀ ਪ੍ਰਮੁੱਖ ਖੁਰਾਕ ਮੱਛੀ, ਪਪੀਤਾ, ਕੇਲਾ ਤੇ ਥੋੜ੍ਹਾ ਬਹੁਤ ਨਾਰੀਅਲ ਵੀ| ਮੱਛੀ ਤਾਂ ਏਨੀ ਹੁੰਦੀ ਹੈ ਕਿ ਸਵੇਰੇ ਸਵੇਰੇ ਚਾਂਦਨੀ ਮਾਰਗ `ਤੇ ਸੈਰ ਕਰਨ ਨਿਕਲੀਏ ਤਾਂ ਸਾਗਰੀ ਲਹਿਰਾਂ ਦੀਆਂ ਸੁੱਟੀਆਂ ਮੱਛੀਆਂ ਨੂੰ ਛੋਟੇ-ਛੋਟੇ ਬੱਚੇ ਚੁੱਕ ਕੇ ਏਦਾਂ ਖ਼ੁਸ਼ ਹੁੰਦੇ ਹਨ ਜਿਵੇਂ ਏਥੇ ਹਨੇਰੀ ਤੋਂ ਪਿੱਛੋਂ ਝੜੇ ਹੋਏ ਅੰਬ ਜਾਂ ਚੁੱਕਣ ਵਾਲੇ ਬੇਰ| ਏਥੋਂ ਦੀ ਟਿਊਨਾ ਮੱਛੀ ਏਨੀ ਚੰਗੀ ਸਮਝੀ ਜਾਂਦੀ ਹੈ ਕਿ ਮੱਛੀ-ਖਾਣੇ ਯਾਤਰੀ ਲਿਆਉਣੀ ਚਾਹੁਣ ਤਾਂ ਉਨ੍ਹਾਂ ਨੂੰ ਪਰਮਿਟ ਕਟਾਉਣਾ ਪੈਂਦਾ ਹੈ| ਉਨ੍ਹਾਂ ਦੀ ਆਰਥਿਕਤਾ ਦਾ ਸੋਮਾ ਵੀ ਇਹ ਮੱਛੀ ਹੈ ਜਾਂ ਵਿਦੇਸ਼ੀ ਯਾਤਰੀ| ਸਾਡੇ ਦੇਸ਼ ਨਾਲ ਵਿਗਾੜ ਨਵੰਬਰ 2023 ਨੂੰ ਹੋਏ ਉਥੋਂ ਦੇ ਰਾਜ ਪਲਟੇ ਨਾਲ ਪਿਆ ਜਦੋਂ ਉਥੋਂ ਦੀ ਜਨਤਾ ਨੇ ਚੀਨ ਪੱਖੀ ਰਾਸ਼ਟਰਪਤੀ ਚੁਣ ਲਿਆ| ਮੁਹੰਮਦ ਮੁਈਜ਼ੂ! ਉਸਨੇ ਕਮਾਂਡ ਸੰਭਾਲਦੇ ਸਾਰ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਆਪਣੇ ਵਲੋਂ ਦਿੱਤੇ ਹੈਲੀਕਾਪਟਰ 10 ਮਾਰਚ ਤੋਂ ਪਹਿਲਾਂ ਵਾਪਸ ਲੈ ਜਾਣ| ਫੇਰ 4 ਮਾਰਚ ਨੂੰ ਵਾਪਸੀ ਸਮੇਂ ਉਸਨੇ ਇਹ ਗੱਲ ਵੀ ਕਹੀ ਕਿ ਉਸਦਾ ਦੇਸ਼ ਛੋਟਾ ਨਹੀਂ ਸਾਗਰ ਦੇ ਨੌਂ ਲੱਖ ਮੁਰੱਬਾ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ, 12 ਹਜ਼ਾਰ ਟਾਪੂਆਂ ਵਾਲਾ ਆਪਣੀ ਸੰਭਾਲ ਆਪ ਕਰ ਸਕਦਾ ਹੈ|
ਚੀਨ ਤੇ ਤੁਰਕੀ ਤੋਂ ਸਹਾਇਤਾ ਲੈਣ ਦੀਆਂ ਜੜ੍ਹਾਂ ਵੀ ਏਸੇ ਵਿਚ ਹਨ| ਉਹ ਦੇਸ਼ ਸੌ ਫੀਸਦੀ ਇਸਲਾਮਿਕ ਹੈ| ਭਾਰਤ ਨਾਲੋਂ ਬਿਖੇੜੇ ਦੀਆਂ ਜੜ੍ਹਾਂ ਮੋਦੀ ਸਰਕਾਰ ਦੇ ਹਿੰਦੂਤਵ ਏਜੰਡੇ ਵਿਚ ਵੀ ਹੋ ਸਕਦੀਆਂ ਹਨ|
ਚੇਤੇ ਰਹੇ ਕਿ ਇੱਥੋਂ ਦੀਆਂ ਫ਼ਸਲਾਂ ਨਾਰੀਅਲ, ਕੇਲਾ ਤੇ ਪਪੀਤਾ ਹਨ ਜਿਹੜੇ ਕਿ ਸਮੁੰਦਰ ਦੇ ਕੰਢੇ ਆਮ ਹੁੰਦੇ ਹਨ| ਖਾਣ ਲਈ ਮਿੱਠੇ| ਕਿਧਰੇ-ਕਿਧਰੇ ਸੰਗਤਰਾ ਤੇ ਕੋਈ ਕੋਈ ਮੱਕੀ ਦਾ ਟਾਂਡਾ ਵੀ ਉੱਗ ਆਉਂਦਾ ਹੈ| ਪੀਣ ਲਈ ਪਾਣੀ ਮੀਂਹ ਵਰ੍ਹਨ ਸਮੇਂ ਮਕਾਨਾਂ ਦੀਆਂ ਛੱਤਾਂ ਉਤੇ ਜਮ੍ਹਾਂ ਕੀਤਾ ਜਾਂਦਾ ਹੈ, ਜਿਸ ਨੂੰ ਪਿੱਛੋਂ ਉਤਾਰ ਕੇ ਪੀ ਲਿਆ ਜਾਂਦਾ ਹੈ| ਮੀਂਹਾਂ ਦਾ ਇੱਥੇ ਕੋਈ ਘਾਟਾ ਨਹੀਂ|
1976 ਵਿਚ ਇੱਥੋਂ ਦੀ ਪੁਲਸ ਅਤੇ ਫ਼ੌਜ ਕੋਲ ਡੰਡੇ ਤੋਂ ਵਡੇਰਾ ਕੋਈ ਹਥਿਆਰ ਨਹੀਂ ਸੀ| ਆਉਣ-ਜਾਣ ਵਾਲੇ ਯਾਤਰੀਆਂ ਨੂੰ ਚੇਤਾਵਨੀ ਦਿੱਤੀ ਜਾਂਦੀ ਸੀ ਕਿ ਮਾਲਦੀਪ ਦਾਖ਼ਲ ਹੋਣ ਤੋਂ ਪਹਿਲਾਂ ਪੱਕਾ ਕਰ ਲੈਣ ਕਿ ਉਨ੍ਹਾਂ ਕੋਲ ਕੋਈ ਮੂਰਤੀ, ਹਥਿਆਰ, ਸ਼ਰਾਬ, ਕੁੱਤਾ ਜਾਂ ਹੋਰ ਜਾਨਵਰ ਨਾ ਹੋਵੇ| ਹਥਿਆਰ ਉਹ ਰੱਖਦੇ ਹੀ ਨਹੀਂ ਸਨ ਤੇ ਜਾਨਵਰ ਉਥੇ ਚੂਹੇ ਤੋਂ ਵੱਡਾ ਕੋਈ ਨਹੀਂ ਸੀ ਮਿਲਦਾ| ਜੇ ਕਿਸੇ ਮਾਪੇ ਜਾਂ ਅਧਿਆਪਕ ਨੇ ਆਪਣੇ ਬੱਚੇ ਜਾਂ ਮਿਸ ਨੂੰ ਇਹ ਸਮਝਾਉਣਾ ਹੁੰਦਾ ਕਿ ਹਾਥੀ ਕਿੱਡਾ ਹੁੰਦਾ ਹੈ ਤਾਂ ਉਹ ਚੂਹੇ ਨੂੰ ਹਜ਼ਾਰਾਂ ਲੱਖਾਂ ਨਾਲ ਜ਼ਰਬ ਦੇ ਕੇ ਹੀ ਸਮਝਾ ਸਕਦਾ ਸੀ|
ਜਿਥੋਂ ਤਕ ਤੁਰਨ-ਫਿਰਨ ਦੇ ਵਸੀਲਿਆਂ ਦਾ ਸੰਬੰਧ ਹੈ, ਹਜ਼ਾਰਾਂ ਰੁਪਏ ਮਹੀਨਾ ਤਨਖਾਹ ਲੈਣ ਵਾਲੇ ਯੂ. ਐਨ.ਓ. ਸਲਾਹਕਾਰਾਂ ਨੂੰ ਵੀ ਇਥੇ ਵੱਡੀ ਤੋਂ ਵੱਡੀ ਸਵਾਰੀ ਸਾਈਕਲ ਮਿਲਦੀ ਸੀ ਜਿਸ ਦੇ ਪਿਛਲੇ ਮਡਗਾਰਡ ਉਤੇ ਗੌਰਮਿੰਟ ਆਫ ਮਾਲਦੀਵ ਲਿਖਿਆ ਹੁੰਦਾ ਸੀ| ਮੇਰੀ ਬੀਵੀ ਸਾਈਕਲ ਚਲਾਉਣਾ ਨਹੀਂ ਸੀ ਜਾਣਦੀ, ਪਰ ਮੈਂ ਨਿੱਜੀ ਫੇਰੇ ਤੋਰੇ ਲਈ ਉਸ ਦੇ ਸਰਕਾਰੀ ਸਾਈਕਲ ਦੀ ਵਰਤੋਂ ਨਹੀਂ ਸੀ ਕਰ ਸਕਦਾ| ਕਾਨੂੰਨ ਇਸ ਦੀ ਆਗਿਆ ਨਹੀਂ ਸੀ ਦਿੰਦਾ| ਮੈਂ ਆਪਣੇ ਲਈ ਸਾਈਕਲ ਕਿਰਾਏ `ਤੇ ਲੈ ਲਈ| ਮੇਰੇ ਨਾਲ ਜੋ ਬੀਤੀ ਉਹ ਦਿਲਚਸਪ ਹੈ| ਇਕ ਦਿਨ ਸੂਰਜ ਛਿਪਣ ਵੇਲੇ ਮੈਨੂੰ ਇਕ ਮੋੜ ਉਤੇ ਸਿਪਾਹੀ ਨੇ ਰੋਕ ਲਿਆ| ਇਹ ਸੋਚ ਕੇ ਕਿ ਮੈਂ ਬੱਤੀ ਨਹੀਂ ਜਗਾਈ, ਮੈਂ ਸਾਈਕਲ ਤੋਂ ਉਤਰਿਆ ਅਤੇ ਬੱਤੀ ਜਗਾ ਲਈ| ਜਦੋਂ ਮੁੜ ਚੜ੍ਹਨ ਲੱਗਾ ਤਾਂ ਸਿਪਾਹੀ ਨੇ ਫੇਰ ਸੀਟੀ ਮਾਰ ਦਿੱਤੀ| ਮੈਂ ਫੇਰ ਉਤਰ ਗਿਆ| ਉਸ ਨੇ ਇਸ਼ਾਰਾ ਕਰ ਕੇ ਮੈਨੂੰ ਦੱਸਿਆ ਕਿ ਮੈਨੂੰ ਗੋਲ ਚੱਕਰ ਉਪਰੋਂ ਘੁੰਮ ਕੇ ਆਉਣਾ ਚਾਹੀਦਾ ਸੀ| ਚੱਕਰ, ਛੋਟਾ, ਖੂਹ ਦੀ ਗੋਲਾਈ ਜਿੱਡਾ| ਮੈਂ ਆਪਣੀ ਗ਼ਲਤੀ ਲਈ ਸੌਰੀ ਕਹਿ ਕੇ ਫੇਰ ਸਾਈਕਲ ’ਤੇ ਚੜ੍ਹ ਗਿਆ| ਪਰ ਸਿਪਾਹੀ ਨੇ ਫੇਰ ਸੀਟੀ ਮਾਰ ਕੇ ਮੈਨੂੰ ਸਾਈਕਲ ਤੋਂ ਉਤਾਰ ਲਿਆ ਗ਼ਲਤੀ ਦੀ ਮੁਆਫ਼ੀ ਮੰਗ ਲੈਣਾ ਕਾਫ਼ੀ ਨਹੀਂ ਸੀ| ਜਿੰਨਾ ਚਿਰ ਮੈਂ ਗੱਲ ਚੱਕਰ ਦੇ ਉਤੋਂ ਦੀ ਹੋ ਕੇ ਨਹੀਂ ਲੰਘਿਆ ਉਸ ਨੇ ਮੈਨੂੰ ਤੁਰਨ ਨਹੀਂ ਦਿੱਤਾ| ਸਿਪਾਹੀ ਇਹ ਵੀ ਜਾਣਦਾ ਸੀ ਕਿ ਉਥੋਂ ਦੀ ਸਭ ਤੋਂ ਵੱਧ ਤਨਖ਼ਾਹ ਲੈਣ ਵਾਲੀ ਤੇ ਇੱਜ਼ਤਦਾਰ ਡਾਕਟਰ ਦੇ ਘਰ ਵਾਲਾ ਸਾਂ, ਪਰ ਉਥੋਂ ਦਾ ਕਾਨੂੰਨ ਉਸ ਨੂੰ ਇਹ ਆਗਿਆ ਨਹੀਂ ਸੀ ਦਿੰਦਾ ਕਿ ਮੇਰੇ ਵੱਲੋਂ ਕੀਤੀ ਗਈ ਕਾਨੂੰਨ ਦੀ ਉਲੰਘਣਾ ਪਰਵਾਨ ਕਰਦਾ|
ਉਸ ਦਿਨ ਤੋਂ ਲੈ ਕੇ ਅੱਜ ਤੱਕ ਕੋਈ 100 ਦੇ ਕਰੀਬ ਮਾਲਦੀਵ ਦੇ ਵਸਨੀਕ ਮੈਨੂੰ ਪਿਛਲੇ 45 ਸਾਲਾਂ ਵਿਚ ਦਿੱਲੀ ਤੇ ਚੰਡੀਗੜ੍ਹ ਆ ਕੇ ਮਿਲ ਚੁੱਕੇ ਹਨ| ਉਨ੍ਹਾਂ ਨੂੰ ਸਾਡਾ ਦੋ ਮਹੀਨੇ ਉਥੇ ਰਹਿਣਾ ਨਹੀਂ ਭੁੱਲਿਆ ਤੇ ਮੈਨੂੰ ਉਨ੍ਹਾਂ ਦੇ ਸਿਪਾਹੀ ਵੱਲੋਂ ਚੱਕਰ ਦਾ ਗੇੜਾ ਦੁਆਉਣਾ| ਸਾਰਕ ਮੀਟਿੰਗਾਂ ਸਮੇਂ ਭਾਰਤ, ਨੇਪਾਲ, ਪਾਕਿਸਤਾਨ, ਬੰਗਲਾ ਦੇਸ਼, ਬਰਮਾ ਅਤੇ ਸ੍ਰੀਲੰਕਾ ਦੇ ਮੰਤਰੀਆਂ ਤੇ ਪ੍ਰਧਾਨ ਮੰਤਰੀਆਂ ਨਾਲ ਕੀ ਬੀਤਦੀ ਹੋਵੇਗੀ ਉਹ ਆਪ ਹੀ ਦੱਸ ਸਕਦੇ ਹਨ|
ਅੰਤਿਕਾ
—ਮਿਰਜ਼ਾ ਗਾਲਿਬ—
ਰਾਤ ਕੇ ਵਕਤ ਮੈਂ ਪੀਏ, ਸਾਥ ਰਕੀਬ ਕੋ ਲੀਏ
ਆਏ ਵੁਹ ਯਾਂ ਖੁਦਾ ਕਰੇ, ਪਰ ਨਾ ਕਰੇ ਖੁਦਾ ਕਿ ਯੂੰ।