ਲੋਕ ਘੋਲਾਂ ਅਤੇ ਸਾਹਿਤਕਾਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਪਿੰਡ ਕੁੱਸਾ ਹੁਣ ਗੈਂਗਸਟਰਾਂ ਦੀ ਭੂਮੀ ਵਜੋਂ ਪ੍ਰਚੱਲਤ ਹੋਣ ਲੱਗਾ

-ਰਣਜੀਤ ਚੱਕ ਤਾਰੇਵਾਲ
+91 82646 05441
** ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ‘ਕੁੱਸਾ’ ਪਿੰਡ ਫਿਰ ਆਇਆ ਚਰਚਾ ਵਿਚ

** ‘ਸ਼ਾਰਪ ਸ਼ੂਟਰ’ ਮਾਨੂੰ ਕੁੱਸਾ ਇਸੇ ਪਿੰਡ ਨਾਲ ਸਬੰਧਿਤ
** ਗੈਂਗਸਟਰ ਸੁਖਪ੍ਰੀਤ ਬੁੱਡਾ ਉਡਾ ਚੁੱਕਾ ਹੈ ਕਈ ਸੂਬਿਆਂ ਦੀ ਪੁਲੀਸ ਦੀ ਨੀਂਦ
** ਜੇਲ੍ਹ ਜਾਣ ਤੋਂ ਬਾਅਦ ਹੀ ਗੈਂਗਸਟਰ ਬਣੇ ਤਿੰਨੋਂ ਨੌਜਵਾਨ
ਸਿੱਧੂ ਮੂਸੇਵਾਲਾ ਦੇ ਕਤਲ ਵਿਚ ਹਲਕੇ ਦੇ ਪਿੰਡ ਕੁੱਸਾ ਦੇ ‘ਸ਼ਾਰਪ ਸ਼ੂਟਰ’ ਮਨਪ੍ਰੀਤ ਮਾਨੂੰ ਉਰਫ਼ “ਮਾਨੂੰ ਕੁੱਸਾ” ਦਾ ਨਾਂ ਆਉਣ ‘ਤੇ ਪਿੰਡ ਕੁੱਸਾ ਇੱਕ ਵਾਰ ਫਿਰ ਸੰਸਾਰ ਦੇ ਲੋਕਾਂ ਦੀ ਨਜ਼ਰ ਵਿਚ ਆ ਗਿਆ ਹੈ। ਇਸ ਤੋਂ ਪਹਿਲਾਂ ਇਸ ਪਿੰਡ ਦੇ ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਸੁਖਪ੍ਰੀਤ ਬੁੱਡਾ ਨੇ ਵੀ ਕਈ ਸਾਲ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੀ ਪੁਲਸ ਦੀ ਨੀਂਦ ਉਡਾਈ ਰੱਖੀ, ਜੋ ਕਿ ਅੱਜ-ਕੱਲ੍ਹ ਜੇਲ੍ਹ ਵਿਚ ਬੰਦ ਹੈ।
ਪਿੰਡ ਕੁੱਸਾ ਪੰਜਾਬ ਦੇ ਨਕਸ਼ੇ ‘ਤੇ ਅੰਕਿਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦਾ ਅਹਿਮ ਪਿੰਡ ਹੈ। ਇਹ ਪਿੰਡ ਸਾਹਿਤਕਾਰਾਂ, ਕਵੀਸ਼ਰਾਂ, ਢਾਡੀਆਂ ਦੇ ਪਿੰਡ ਵਜੋਂ ਦੇਸ਼-ਵਿਦੇਸ਼ ਦੇ ਨਕਸ਼ੇ `ਤੇ ਅੰਕਿਤ ਹੈ, ਕਿਉਂਕਿ ਇਸ ਪਿੰਡ ਵਿਚ ਵਿਸ਼ਵ-ਪ੍ਰਸਿੱਧ ਲੇਖਕ, ਸਾਹਿਤਕਾਰ, ਢਾਡੀ ਅਤੇ ਕਵੀਸ਼ਰ ਪੈਦਾ ਹੋਏ। ਵਿਸ਼ਵ-ਪ੍ਰਸਿੱਧ ਢਾਡੀ, ਮਰਹੂਮ ਗੁਰਬਖਸ਼ ਸਿੰਘ ਅਲਬੇਲਾ, ਅਮਰ ਸਿੰਘ ਸ਼ੌਂਕੀ, ਸੰਸਾਰ-ਪ੍ਰਸਿੱਧ ਨਾਵਲਕਾਰ ਅਤੇ ਫ਼ਿਲਮਕਾਰ ਸ਼ਿਵਚਰਨ ਜੱਗੀ ਕੁੱਸਾ (ਇੰਗਲੈਂਡ), ਕਰਮਜੀਤ ਸਿੰਘ ਕੁੱਸਾ, ਗਾਇਕ ਗੁਰਦੀਪ ਧਾਲੀਵਾਲ, ਗਾਇਕ ਗੁਰਮੀਤ ਕੁੱਸਾ ਕੈਨੇਡਾ, ਕਿੱਸਾਕਾਰ ਛੋਟਾ ਸਿੰਘ ਧਾਲੀਵਾਲ, ਕਵੀਸ਼ਰ ਧਰਮ ਸਿੰਘ ਧਾਲੀਵਾਲ, ਗੀਤਕਾਰ ਸ਼ਿੰਦਰ ਸਿੰਘ ਅਤੇ ਇਨਕਲਾਬੀ ਕਵੀ ਮਰਹੂਮ ਓਮ ਪ੍ਰਕਾਸ਼ ਕੁੱਸਾ.. ਆਦਿ ਉੱਚ-ਕੋਟੀ ਦੇ ਬੰਦੇ ਇਸੇ ਪਿੰਡ ਨੇ ਹੀ ਪੰਜਾਬੀਆਂ ਨੂੰ ਦਿੱਤੇ, ਜਿਨ੍ਹਾਂ ਨੇ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਦਿਨ ਰਾਤ ‘ਇੱਕ’ ਕੀਤਾ। ਇੱਥੇ ਹੀ ਨਹੀਂ, ਪਿੰਡ ਦਾ ਇੱਕ ਨੌਜਵਾਨ ਆਤਮਾ ਸਿੰਘ 1965 ਦੀ ਜੰਗ ਦਾ ਅਮਰ ਸ਼ਹੀਦ ਹੈ, ਜਿਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਬਲੀਦਾਨ ਦਿੱਤਾ। ਇਹ ਪਿੰਡ ‘ਘੋਲਾਂ’ ਵਜੋਂ ਜਾਣਿਆਂ ਜਾਂਦਾ ਹੈ। ਕਿਸਾਨ-ਮਜ਼ਦੂਰ-ਵਿਦਿਆਰਥੀ ਸੰਘਰਸ਼ ਦੇ ਵੱਡੇ ਘੋਲ਼ ਇਸ ਪਿੰਡ ਦੀ ਧਰਤੀ ਤੋਂ ਸ਼ੁਰੂ ਹੋਏ ਅਤੇ ਬੜੀ ਸ਼ਿੱਦਤ ਨਾਲ ਲੜੇ ਗਏ। ਇਥੇ ਜ਼ਿਕਰਯੋਗ ਹੈ ਕਿ ਵਿਸ਼ਵ-ਪ੍ਰਸਿੱਧ ਨਾਵਲਕਾਰ ਅਤੇ ਫ਼ਿਲਮ ਮੇਕਰ ਸ਼ਿਵਚਰਨ ਜੱਗੀ ਕੁੱਸਾ ਦਾ ਨਾਂ ਸਿਖ਼ਰ ‘ਤੇ ਹੈ, ਜਿਸ ਨੇ ਆਪਣੇ ਨਾਵਲਾਂ ਸਦਕਾ ਆਪਣੇ ਪਿੰਡ ਕੁੱਸਾ ਦਾ ਨਾਂ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਅਤੇ ਬੇਹੱਦ ਪ੍ਰਸਿੱਧੀ ਖੱਟੀ।
ਪਰ ਹਰ ਖੇਤਰ ਵਿਚ ਮੱਲਾਂ ਮਾਰਨ ਵਾਲੇ ਇਸ ਪਿੰਡ ਦੇ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਆਪਣੇ ਪਿੰਡ ਦਾ ਸ਼ਾਨਾਮੱਤੀ ਇਤਿਹਾਸ ਭੁਲਾ ਕੇ ਅਪਰਾਧ ਦੀ ਦੁਨੀਆਂ ਵਿਚ ਸ਼ਾਮਲ ਹੋ ਰਹੇ ਹਨ। ਵਿਸ਼ਵ ਪੱਧਰ ‘ਤੇ ਚਰਚਿਤ ਹੋਏ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਤਾਰ ਵੀ ਇਸ ਪਿੰਡ ਦੇ ਨੌਜਵਾਨ ਨਾਲ ਜੁੜਨ ਕਰ ਕੇ ਪਿੰਡ ਇੱਕ ਵਾਰ ਮੁੜ ਸੰਸਾਰ ਪੱਧਰ ’ਤੇ ਚਰਚਾ ਵਿਚ ਆਇਆ। ਦਿੱਲੀ ਪੁਲੀਸ ਵੱਲੋਂ ਕੀਤੇ ਖ਼ੁਲਾਸੇ ਵਿਚ ਜਿਸ ਨੌਜਵਾਨ ‘ਸ਼ਾਰਪ ਸ਼ੂਟਰ’ ਮਨਪ੍ਰੀਤ ਮਾਨੂੰ ਦਾ ਜ਼ਿਕਰ ਆਇਆ ਹੈ, ਜਿਸ ਨੇ ਸਿੱਧੂ ਮੂਸੇਵਾਲਾ ‘ਤੇ ਏ.ਕੇ. 47 ਨਾਲ ਹਮਲਾ ਕਰ ਕੇ ਉਸ ਨੂੰ ਕਤਲ ਕੀਤਾ, ਉਹ ਨੌਜਵਾਨ ਇਸੇ ਪਿੰਡ ਕੁੱਸਾ ਦਾ ਹੀ ਜੰਮਪਲ ਅਤੇ ਵਸਨੀਕ ਸੀ।
ਬੀਤੇ ਦਿਨੀਂ ਪੰਜਾਬੀ ਦੇ ਸੁਪਰ ਸਟਾਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਫੜੇ ਗਏ ਮੋਗਾ ਜ਼ਿਲ੍ਹੇ ਦੇ ਪਿੰਡ ਕੁੱਸਾ ਦੇ ਗੈਂਗਸਟਰ ਮਨਪ੍ਰੀਤ ਮਾਨੂੰ ਬਾਰੇ ਜਾਣਕਾਰੀ ਇਕੱਤਰ ਕਰਨ `ਤੇ ਪਤਾ ਲੱਗਿਆ ਹੈ ਕਿ ਮਨਪ੍ਰੀਤ ਮਾਨੂੰ ਪਹਿਲਾਂ ਲੱਕੜ ਦਾ ਮਿਸਤਰੀ ਸੀ ਅਤੇ ਆਪਣੇ ਦੋ ਭਰਾਵਾਂ ਨਾਲ਼ ‘ਕਾਰਪੇਂਟਰ’ ਦੀ ਦੁਕਾਨ ਚਲਾਉਂਦਾ ਸੀ। ਪਿੰਡ ‘ਰੰਗੀਆਂ’ ਦਾ ਇੱਕ ਵਿਅਕਤੀ ਉਸ `ਤੇ ਹਮਲਾ ਕਰਨ ਦੇ ਇਰਾਦੇ ਨਾਲ ਉਸ ਦੇ ਘਰ ਆਇਆ ਤਾਂ ਮਨਪ੍ਰੀਤ ਮਾਨੂੰ ਤੋਂ ਆਪਣੇ ਬਚਾਓ ਲਈ ਉਸ ਵਿਅਕਤੀ ‘ਤੇ ਕੀਤੇ ਗਏ ਵਾਰ ਨਾਲ ਉਸ ਵਿਅਕਤੀ ਦੀ ਮੌਤ ਹੋ ਗਈ। ਕਤਲ ਦੇ ਮੁਕੱਦਮੇ ਵਿਚ ਨਾਮਜ਼ਦ ਹੋਣ ਤੋਂ ਬਾਅਦ ਉਹ ਜੇਲ੍ਹ ਚਲਾ ਗਿਆ। ਜੇਲ੍ਹ ਜਾਣ ਤੋਂ ਬਾਅਦ ਮਨਪ੍ਰੀਤ ਮਾਨੂੰ ਲਗਾਤਾਰ ਅਪਰਾਧ ਜਗਤ ਦੀ ਦੁਨੀਆਂ ਵਿਚ ਧਸਦਾ ਗਿਆ।
ਜੇਲ੍ਹ ਤੋਂ ਛੁੱਟੀ ਆਉਣ ਉਪਰੰਤ ਮਾਨੂੰ ਨੇ ਆਪਣੇ ਛੋਟੇ ਭਾਈ ਗੁਰਦੀਪ ਸਿੰਘ ਗੋਰਾ ਨਾਲ ਰਲ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਮਨਪ੍ਰੀਤ ਮਾਨੂੰ ਆਪਣੇ ਭਰਾ ਨਾਲ਼ ਜੇਲ੍ਹ ਚਲਾ ਗਿਆ। ਸਮਝਿਆ ਜਾਂਦਾ ਹੈ ਕਿ ਜੇਲ੍ਹ `ਚੋਂ ਹੀ ਇਨ੍ਹਾਂ ਦੋ ਭਰਾਵਾਂ ਦੇ ਸਬੰਧ ਬਿਸ਼ਨੋਈ ਗਰੁੱਪ ਨਾਲ ਬਣੇ। ਜਾਣਕਾਰੀ ਮੁਤਾਬਿਕ ਮਨਪ੍ਰੀਤ ਮਾਨੂੰ `ਤੇ ਕੁੱਲ 14 ਅਪਰਾਧਕ ਮਾਮਲੇ ਦਰਜ ਹਨ, ਜਿਨ੍ਹਾਂ ਵਿਚ 4 ਕਤਲ ਦੇ ਮਾਮਲੇ ਹਨ। ਥਾਣਾ ਬੱਧਨੀ ਕਲਾਂ ਵਿਖੇ ਮਨਪ੍ਰੀਤ ਮਾਨੂੰ ਉਪਰ 5 ਵੱਖੋ-ਵੱਖਰੇ ਮੁਕੱਦਮੇ ਦਰਜ ਹਨ। ਮਜ੍ਹLਬੀ ਸਿੱਖ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਮਨਪ੍ਰੀਤ ਮਾਨੂੰ ਦਾ ਪਿੰਡ ਕੁੱਸਾ ਵਿਚਲਾ ਘਰ ਬੰਦ ਵੇਖਿਆ ਗਿਆ, ਕਿਉਂਕਿ ਉਸ ਦੇ ਦੂਸਰੇ ਭਰਾ ਗੁਰਦੀਪ ਸਿੰਘ ਗੋਰਾ ਅਤੇ ਸ਼ਮਸ਼ੇਰ ਸਿੰਘ ਵੀ ਫ਼ਰੀਦਕੋਟ ਦੀ ਜੇਲ੍ਹ ਵਿਚ ਅਪਰਾਧਕ ਮਾਮਲਿਆਂ ਵਿਚ ਬੰਦ ਹਨ। ਉਸ ਦੇ ਮਾਤਾ ਪਿਤਾ ਘਰ ਵਿਚ ਨਹੀਂ ਸਨ। ਉਸ ਦੇ ਘਰ ਅੱਗੇ ਪੁਲੀਸ ਵੱਲੋਂ ਇੱਕ ਨੋਟਿਸ ਵੀ ਲਗਾਇਆ ਗਿਆ ਸੀ।
ਬਾਅਦ ਵਿਚ, 20 ਜੁਲਾਈ 2022 ਨੂੰ ਪਾਕਿਸਤਾਨ ਦੇ ਬਾਰਡਰ ਏਰੀਏ ਦੇ ਪਿੰਡ ਭਕਨਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਮੁਕਾਬਲੇ ਵਿਚ ਮਾਰੇ ਗਏ ਮਨਪ੍ਰੀਤ ਮਾਨੂੰ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ‘ਮੁੱਖ ਸ਼ੂਟਰ’ ਮੰਨਿਆ ਗਿਆ ਸੀ। ਇਸ ਤੋਂ ਪਹਿਲਾਂ ਚਰਚਾ ਵਿਚ ਆਏ ਪਿੰਡ ਕੁੱਸਾ ਦੇ ਦਵਿੰਦਰ ਬੰਬੀਹਾ ਗਰੁੱਪ ਦੇ ਗੈਂਗਸਟਰ ਸੁਖਪ੍ਰੀਤ ਬੁੱਡਾ ਵੀ ਇੱਕ ਸਫ਼ਲ ਕਿਸਾਨ ਅਤੇ ਗੱਡੀਆਂ ਦਾ ਮਕੈਨਿਕ ਸੀ। ਉਸ ਦੀ ਕਹਾਣੀ ਵੀ ਮਨਪ੍ਰੀਤ ਮਾਨੂੰ ਨਾਲ ਮਿਲਦੀ ਜੁਲਦੀ ਹੈ। ਆਪਣੇ ਦੋਸਤ ਨਾਲ ਹੋਈ ਤਕਰਾਰ ਵਿਚ ਸੁਖਪ੍ਰੀਤ ਬੁੱਡਾ ਤੋਂ ਆਪਣੇ ਦੋਸਤ ਦੀ ਮੌਤ ਹੋ ਗਈ, ਜਿਸ ਦੇ ਦੋਸ਼ ਵਿਚ ਉਸ ਖ਼ਿਲਾਫ਼ ਕਤਲ ਦਾ ਮੁਕੱਦਮਾ ਥਾਣਾ ਬੱਧਨੀ ਕਲਾਂ ਵਿਖੇ ਦਰਜ ਹੋ ਗਿਆ, ਜਿਸ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਜੇਲ੍ਹ ਵਿਚ ਹੀ ਉਸ ਦੇ ਸਬੰਧ ਦਵਿੰਦਰ ਬੰਬੀਹਾ ਗਰੁੱਪ ਨਾਲ ਬਣੇ। ਜੇਲ੍ਹ ਵਿਚੋਂ ‘ਪੈਰੋਲ’ ‘ਤੇ ਬਾਹਰ ਆਉਣ ਤੋਂ ਬਾਅਦ ਉਹ ਭਗੌੜਾ ਹੋ ਗਿਆ ਅਤੇ ਦਵਿੰਦਰ ਬੰਬੀਹਾ ਦੇ ਗਰੁੱਪ ਵਿਚ ਸ਼ਾਮਲ ਹੋ ਗਿਆ। ਇੱਥੇ ਹੀ ਉਸ ਦਾ ਦਹਿਸ਼ਤ ਦੀ ਦੁਨੀਆਂ ਵਿਚ ਸਫ਼ਰ ਸ਼ੁਰੂ ਹੋ ਗਿਆ। ਉਸ `ਤੇ ਵੀ ਪੰਜਾਬ ਤੋਂ ਇਲਾਵਾ ਵੱਖ-ਵੱਖ ਸੂਬਿਆਂ ਵਿਚ ਕਤਲ ਅਤੇ ਅਪਰਾਧਕ ਮਾਮਲੇ ਦਰਜ ਹਨ ਅਤੇ ਉਹ ਵੀ ਇਸ ਸਮੇਂ ਜੇਲ੍ਹ ਵਿਚ ਬੰਦ ਹੈ।
ਇਸੇ ਹੀ ਪਿੰਡ ਦਾ ਇੱਕ ਨੌਜਵਾਨ ਹੈ ਪਰਬਤ ਸਿੰਘ ਕੁੱਸਾ। ਇਹ ਮਾੜੀ ਮੁਸਤਫ਼ਾ ਪਿੰਡ ਦੇ ਗੈਂਗਸਟਰ ਹਰਜੀਤ ਸਿੰਘ ਪੈਂਟਾ ਨੂੰ ਕਤਲ ਕਰਨ ਦੇ ਜੁਰਮ ਵਿਚ ਜੇਲ੍ਹ ਭੁਗਤ ਰਿਹਾ ਹੈ। ਇਹ ਵੀ ਬਿਸ਼ਨੋਈ ਗਰੁੱਪ ਨਾਲ ਸਬੰਧ ਰੱਖਦਾ ਸੀ ਅਤੇ ਮਾਨੂੰ ਕੁੱਸਾ ਦਾ ਹੀ ਸਾਥੀ ਰਿਹਾ ਹੈ। ਹੁਣ ਲੋਕ ਸਰਕਾਰ `ਤੇ ਇਹ ਸੁਆਲ ਉਠਾ ਰਹੇ ਹਨ ਕਿ ਪੰਜਾਬ ਦੀਆਂ ਜੇਲ੍ਹਾਂ ‘ਸੁਧਾਰ ਘਰ’ ਹਨ ਜਾਂ ਨੌਜਵਾਨਾਂ ਨੂੰ ਅਪਰਾਧ ਜਗਤ ਵੱਲ ਧੱਕਣ ਦਾ ਸਥਾਨ? ਕਿਉਂਕਿ ਜੇਲ੍ਹ ਵਿਚ ਜਾਣ ਤੋਂ ਬਾਅਦ ਹੀ ਪਿੰਡ ਕੁੱਸਾ ਦੇ ਇਹ ਨੌਜਵਾਨ ਅਪਰਾਧ ਜਗਤ ਵੱਲ ਧੱਕੇ ਗਏ। ਇੱਥੇ ਹੀ ਨਹੀਂ, ਹੋਰ ਨੌਜਵਾਨ ਵੀ ਜੇਲ੍ਹ ਜਾਣ ਤੋਂ ਬਾਅਦ ਚੰਗੇ ਨਾਗਰਿਕ ਬਣਨ ਦੀ ਥਾਂ ਅਪਰਾਧਕ ਜ਼ਿੰਦਗੀ ਜਿਉਂ ਰਹੇ ਹਨ, ਜੋ ਕਿ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ `ਤੇ ਬਹੁਤ ਵੱਡੇ ਪ੍ਰਸ਼ਨ ਚਿੰਨ੍ਹ ਹਨ!