ਕਰਮਜੀਤ ਸਿੰਘ ਚੰਡੀਗੜ੍ਹ
ਸੀਨੀਅਰ ਪੱਤਰਕਾਰ
ਗੈਂਗਸਟਰ ਤੋਂ ਸਿਆਸਤਦਾਨ ਬਣੇ ਜਾਂ ਗੈਂਗਸਟਰ ਵੀ ਅਤੇ ਸਿਆਸਤਦਾਨ ਵੀ: ਮੁਖਤਾਰ ਅੰਸਾਰੀ ਦੀ ਮੌਤ ਦੀ ਘਟਨਾ ਨੇ ਗੈਂਗਸਟਰਾਂ ਦੀ ਦੁਨੀਆਂ ਨੂੰ ਵੇਖਣ, ਸਮਝਣ ਅਤੇ ਮਹਿਸੂਸ ਕਰਨ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਦੇ ਦਿਲਾਂ ਅੰਦਰ ਅਤੇ ਦਿਮਾਗਾਂ ਅੰਦਰ ਇਕ ਡੂੰਘੀ ਝਾਤ ਮਾਰਨ ਦਾ ਮੌਕਾ ਦਿੱਤਾ ਹੈ।
ਵੈਸੇ ਸ਼ੁਕਰਵਾਰ ਵਾਲੇ ਦਿਨ ਮੁਲਕ ਦੇ ਸਾਰੇ ਚੈਨਲ ਇੱਕ ਆਵਾਜ਼ ਵਿਚ ਜਿਵੇਂ ਇਹ ਸਾਂਝਾ ਐਲਾਨ ਅਤੇ ਖੁਸ਼ੀ ਪ੍ਰਗਟ ਕਰ ਰਹੇ ਸਨ ਕਿ ਚੰਗਾ ਹੋਇਆ ਉਹ ਮਰ ਗਿਆ। ਪਰ ਕੋਈ ਵੀ ਚੈਨਲ ਇਥੋਂ ਤੱਕ ਕਿ ਸ਼ਨਿਚਰਵਾਰ ਦੇ ਅੰਗਰੇਜ਼ੀ ਅਤੇ ਪੰਜਾਬੀ ਅਖਬਾਰ ਵੀ ਇਸ ਸਵਾਲ ਤੋਂ ਪਰਦਾ ਨਹੀਂ ਸੀ ਚੁੱਕ ਰਹੇ ਕਿ ਆਖਰਕਾਰ ਕੋਈ ਗੈਂਗਸਟਰ ਕਿਉਂ ਬਣਦਾ ਹੈ? ਗੈਂਗਸਟਰ ਦੀ ਦੁਨੀਆਂ ਕਿਸ ਤਰ੍ਹਾਂ ਦੀ ਹੁੰਦੀ ਹੈ? ਕੀ ਉਨ੍ਹਾਂ ਦੇ ਅੰਦਰ ਵੀ ਦਿਲ ਹੁੰਦਾ ਹੈ? ਦੁਨੀਆਂ ਉਨ੍ਹਾਂ ਨੂੰ ਕਿਵੇਂ ਸਮਝਦੀ ਹੈ ਅਤੇ ਉਹ ਖੁਦ ਦੁਨੀਆਂ ਬਾਰੇ ਕਿਵੇਂ ਸੋਚਦੇ ਹਨ? ਚੜ੍ਹਦੀ ਜਵਾਨੀ ਵਾਲੇ ਗੱਭਰੂ ਕਿਹੜੀ ਗੱਲ ਕਰਕੇ ਗੈਂਗਸਟਰਾਂ ਨੂੰ ਪਿਆਰ ਕਰਨ ਲੱਗ ਜਾਂਦੇ ਹਨ? ਉਹ ਸਾਰੇ ਕੰਮ ਛੱਡ ਕੇ ਵੀ ਗਾਡ ਫਾਦਰ ਅਤੇ ਗਾਡ ਫੈਲਾਜ ਵਰਗੀਆਂ ਫਿਲਮਾਂ ਨੂੰ ਵੇਖਣ ਲਈ ਕਿਉਂ ਉਤਾਵਲੇ ਹੋ ਜਾਂਦੇ ਹਨ?
ਪੰਜਾਬ ਦੇ ਮੁੰਡਿਆਂ ਵਿਚ ਗੈਂਗਸਟਰ ਬਣਨ ਦੀ ਖਿੱਚ ਹੋਰਨਾਂ ਨਾਲੋਂ ਸਭ ਤੋਂ ਵੱਧ ਕਿਉਂ ਹੁੰਦੀ ਹੈ? ਕੀ ਇਹੋ ਇਕੋ ਇਕ ਕਾਰਨ ਹੈ ਕਿ ਬੇਰੁਜ਼ਗਾਰੀ ਉਨ੍ਹਾਂ ਨੂੰ ਉਸ ਸੰਸਾਰ ਵਲ ਧੱਕਦੀ ਹੈ ਜਾਂ ਉਨ੍ਹਾਂ ਦੇ ਧੁਰ ਅੰਦਰ ਨਾਇਕ ਜਾਂ ਹੀਰੋ ਬਣਨ ਦੀ ਰੀਝ ਹੁੰਦੀ ਹੈ? ਜਾਂ ਜ਼ਮੀਨ ਜਾਇਦਾਦ ਦੇ ਮਾਮਲਿਆਂ ਵਿਚ ਹੋਣ ਵਾਲੀਆਂ ਲੜਾਈਆਂ ਝਗੜਿਆਂ ਵਿਚ ਹੁੰਦਾ ਕੋਈ ਅਨਿਆਂ ਜਾਂ ਧੱਕਾ ਉਨ੍ਹਾਂ ਨੂੰ ਗੈਂਗਸਟਰਾਂ ਦਾ ਰਾਹ ਚੁਣਨ ਲਈ ਮਜਬੂਰ ਕਰ ਦਿੰਦਾ ਹੈ? ਕੀ ਕਾਰਨ ਹੈ ਕਿ ਖਾਸ ਕਰਕੇ ਪਿੰਡਾਂ ਦੇ ਮੁੰਡੇ ਅਤੇ ਉਹ ਵੀ ਸਿੱਖਾਂ ਵਿਚ ਜਵਾਨੀ ਵਿਚ ਹੀ ਗੈਂਗਸਟਰ ਬਣਨ ਦੀ ਇੱਛਾ ਕਿਉਂ ਬਲਵਾਨ ਹੁੰਦੀ ਹੈ?
ਇਕ ਹੋਰ ਸਵਾਲ ਕੀਤਾ ਜਾ ਸਕਦਾ ਹੈ ਕਿ ਕੀ ਇੱਕ ਗੈਂਗਸਟਰ ਤੇ ਇੱਕ ਜੁਝਾਰੂ ਸਿੱਖ ਵਿਚ ਦੂਰ ਨੇੜੇ ਦੀ ਕੋਈ ਸਾਂਝ ਜਾਂ ਇਕਰਾਰਨਾਮਾ ਹੁੰਦਾ ਹੈ? ਕੀ ਇਨ੍ਹਾਂ ਦੋਵਾਂ ਵਿਚ ਲਕੀਰ ਬਹੁਤ ਪਤਲੀ ਅਤੇ ਫਿੱਕੀ ਹੁੰਦੀ ਹੈ?
ਸਾਡਾ ਉਦੇਸ਼ ਅੱਜ ਇਹ ਨਹੀਂ ਹੈ ਕਿ ਇਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਜਾਵੇ, ਪਰ ਅਸੀਂ ਇੰਨਾ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਗੈਂਗਸਟਰ ਮੁਖਤਾਰ ਅੰਸਾਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੌਰਾਨ ਪੂਰੇ ਦੋ ਸਾਲ ਰੋਪੜ ਜੇਲ੍ਹ ਵਿਚ ਰਿਹਾ। ਪਰ ਕਿਸੇ ਖੋਜੀ ਦਾਨਸ਼ਵਰ ਨੇ ਏਡੇ ਵੱਡੇ ਗੈਂਗਸਟਰ ਨੂੰ ਧੁਰ ਅੰਦਰ ਤੱਕ ਜਾਨਣ ਦੀ ਕੋਸ਼ਿਸ਼ ਨਹੀਂ ਸੀ ਕੀਤੀ, ਜੋ ਕਈ ਵਾਰ ਆਪਣੇ ਹਲਕੇ ਤੋਂ ਯੂਪੀ ਅਸੈਂਬਲੀ ਲਈ ਸ਼ਾਨ ਨਾਲ ਜਿੱਤਦਾ ਰਿਹਾ। ਯੂਪੀ ਦੇ ਇੱਕ ਖਿੱਤੇ ਵਿਚ ਯੂਪੀ ਸਰਕਾਰ ਦੇ ਬਰਾਬਰ ਉਸਦੀ ਆਪਣੀ ਸਰਕਾਰ ਚਲਦੀ ਸੀ। ਉਸਦਾ ਦਾਦਾ ਕਿਸੇ ਸਮੇਂ ਕਾਂਗਰਸ ਪਾਰਟੀ ਦਾ ਪ੍ਰਧਾਨ ਰਿਹਾ ਸੀ ਅਤੇ ਉਸਦਾ ਨਾਨਾ ਫੌਜ ਵਿਚ ਬ੍ਰਿਗੇਡੀਅਰ ਦੇ ਅਹੁਦੇ ਉੱਤੇ ਸੀ ਅਤੇ ਭਾਰਤ ਦਾ ਇੱਕ ਸਾਬਕਾ ਉਪ ਰਾਸ਼ਟਰਪਤੀ ਰਿਸ਼ਤੇ ਵਿਚ ਉਸੇ ਦਾ ਚਾਚਾ ਲੱਗਦਾ ਸੀ। ਮੁਖਤਾਰ ਅੰਸਾਰੀ ਨੇ ਕਿਉਂ ਵੱਖਰਾ ਰਾਹ ਚੁਣਿਆ?
ਕੀ ਕਿਸੇ ਨੂੰ ਇਸ ਵੱਡੇ ਸਵਾਲ ਦਾ ਜਵਾਬ ਲੱਭਿਆ ਕਿ ‘ਜੋਰਾ 10 ਨੰਬਰੀਆ’ ਫਿਲਮ ਵੇਖ ਕੇ ਪੰਜਾਬ ਦੀ ਜਵਾਨੀ ਫਿਲਮ ਦੇ ਹੀਰੋ ਦੀਪ ਸਿੱਧੂ ਨੂੰ ਹੱਦੋਂ ਵੱਧ ਪਿਆਰ ਕਿਉਂ ਕਰਨ ਲੱਗ ਪਈ? ਕਿਉਂ ‘ਰੁਪਿੰਦਰ ਗਾਂਧੀ’ ਫਿਲਮ ਅੱਜ ਵੀ ਹਰਮਨ-ਪਿਆਰੀ ਹੈ? ਸਰਕਾਰੀ ਸਰਵੇਖਣ ਮੁਤਾਬਕ ਅੱਜ ਵੀ ਪੰਜਾਬ ਵਿਚ 70 ਦੇ ਕਰੀਬ ਗੈਂਗਸਟਰ ਸਰਗਰਮ ਹਨ ਜਦਕਿ 500 ਤੋਂ ਉੱਪਰ ਗ੍ਰਿਫਤਾਰ ਹੋ ਚੁੱਕੇ ਹਨ ਅਤੇ ਦਰਜਨਾਂ ਕਥਿਤ ਮੁਕਾਬਲਿਆਂ ਅਤੇ ਆਪਸੀ ਲੜਾਈਆਂ ਵਿਚ ਮਾਰੇ ਗਏ ਹਨ। ਇਨ੍ਹਾਂ ਵਿਚੋਂ ਕਈ ਗਰੀਬ ਕਿਸਾਨੀ ਦਾ ਹਿੱਸਾ ਹਨ ਜਦਕਿ ਕਈ ਰੱਜੇ-ਪੁੱਜੇ ਘਰਾਂ ਨਾਲ ਵੀ ਸਬੰਧ ਰੱਖਦੇ ਹਨ। ਫਿਰ ਸਿੱਖ ਨੌਜਵਾਨਾਂ ਨੇ ਹੀ ਇਸ ਰਾਹ ਨੂੰ ਕਿਉਂ ਚੁਣਿਆ? ਇਸ ਬਾਰੇ ਗੰਭੀਰ ਅਤੇ ਬਹੁਪਰਤੀ ਪੜਚੋਲ ਕਰਨ ਦਾ ਡੂੰਘਾ ਅਹਿਸਾਸ ਸਾਡੇ ਬੁੱਧੀਜੀਵੀਆਂ ਤੇ ਖੋਜੀ ਪੱਤਰਕਾਰਾਂ ਵਿਚ ਅਜੇ ਤੱਕ ਪੈਦਾ ਨਹੀਂ ਹੋਇਆ। ਸਿਰਫ ਤਰਦੇ ਤਰਦੇ, ਓਪਰੇ, ਘਸੇ-ਪਿਟੇ ਤੇ ਸਤਈ ਕਿਸਮ ਦੇ ਵਿਸ਼ਲੇਸ਼ਣ ਹੀ ਵੇਖਣ ਨੂੰ ਮਿਲਦੇ ਹਨ।
ਇਹ ਸੱਚ ਵੀ ਕਿੰਨਾ ਦਿਲਚਸਪ ਹੈ ਕਿ ਗੈਂਗਸਟਰ ਆਪਣੇ ਆਪ ਦੀ ਪਰਿਭਾਸ਼ਾ ਵੀ ਆਪ ਵੀ ਕਰਦੇ ਰਹਿੰਦੇ ਹਨ। ਜਿਵੇਂ ਇੱਕ ਗੈਂਗਸਟਰ ਪਿਆਰ ਦੀ ਫਿਲਾਸਫੀ ਬਾਰੇ ਕਹਿੰਦਾ ਹੈ ਕਿ ਸਾਡਾ ਪਿਆਰ ਇਕ ਤਜਰਬਾ, ਇੱਕ ਖੋਜ ਹੈ। ਦੂਸਰੇ ਦਾ ਇਹ ਖਿਆਲ ਹੈ ਕਿ ਸਾਡਾ ਪਿਆਰ ਤਾਂ ਬੁਲਟ ਪਰੂਫ ਹੈ। ਇਕ ਹੋਰ ਗੈਂਗਸਟਰ ਇਹ ਸਵੀਕਾਰ ਕਰਦਾ ਹੈ ਕਿ ਅਸੀਂ ਦਿਲ ਵੀ ਤੋੜਦੇ ਹਾਂ ਤੇ ਕਾਨੂੰਨ ਵੀ। ਪਰ ਉਸ ਗੈਂਗਸਟਰ ਨੂੰ ਕੀ ਆਖੋਗੇ ਜਿਸ ਦਾ ਅਨੁਭਵ ਹੈ ਕਿ ਸਾਡੇ ਦਿਲ ਤੇ ਸਾਡੀਆਂ ਰੂਹਾਂ ਇੱਕ-ਮਿਕ ਹੁੰਦੀਆਂ ਹਨ। ਇਕ ਗੈਂਗਸਟਰ ਇਹ ਕਹਿੰਦਾ ਹੈ ਕਿ ਜੇ ਸਾਡੇ ਵਿਚ ਰਲਣਾ ਹੈ ਤਾਂ ਇਹ ਨਾ ਕਹੋ ਕਿ ਮੇਰੀ ਤਮੰਨਾ ਹੈ, ਮੇਰੀ ਖਾਹਿਸ਼ ਹੈ, ਕਾਸ਼! ਇਹ ਪੂਰੀ ਹੋਵੇ, ਸਗੋਂ ਇਹ ਆਖੋ ਕਿ ਮੈਂ ਇਹ ਤਮੰਨਾ ਪੂਰੀ ਕਰ ਸਕਦਾ ਹਾਂ ਤੇ ਕਰਾਂਗਾ। ਇੱਕ ਗੈਂਗਸਟਰ ਦੀ ਇਹ ਧਾਰਨਾ ਹੈ ਕਿ ਅਸੀਂ ਭਾਵੇਂ ਕਿੰਨੇ ਮਾੜੇ ਹਾਂ ਪਰ ਅਸੀਂ ਇਕੱਠੇ ਰਹਿ ਕੇ ਚੰਗੇ ਹੁੰਦੇ ਹਾਂ। ਇਸ ਗੈਂਗਸਟਰ ਨੂੰ ਸੁਣੋ: ਸਾਡੇ ਪਿਆਰ ਵਿਚ ਬਹੁਤ ਗਰਮੀ ਹੁੰਦੀ ਹੈ, ਬੰਦੂਕ ਦੀ ਆਵਾਜ਼ ਨਾਲੋਂ ਵੀ ਕਿਤੇ ਵੱਧ। ਪਰ ਗੈਂਗਸਟਰਾਂ ਨੂੰ ਐਵੇਂ-ਕੈਂਵੇਂ ਵੀ ਨਾ ਸਮਝੋ। ਉਹ ਸਿਆਸਤ ਬਾਰੇ ਵੀ ਬਹੁਤ ਕੁਝ ਜਾਣਦੇ ਹਨ। ਸਿਆਸਤਦਾਨਾਂ ਬਾਰੇ ਉਨ੍ਹਾਂ ਦਾ ਐਲਾਨ ਹੈ ਕਿ ਸਿਆਸਤਦਾਨ ਭੈੜੇ ਤੋਂ ਭੈੜੇ ਗੈਂਗਸਟਰਾਂ ਤੋਂ ਵੀ ਕਿਤੇ ਵੱਧ ਗੰਦੇ ਹੁੰਦੇ ਹਨ। ਗੈਂਗਸਟਰ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਬਹੁਤੇ ਸਵਾਲ ਪੁੱਛੇ ਜਾਣ, ਉਹ ਤਾਂ ਬਸ ਸਵਾਲਾਂ ਦਾ ਜਵਾਬ ਹੀ ਦਿੰਦੇ ਹਨ। ਇਕ ਹੋਰ ਗੈਂਗਸਟਰ-ਅਨੁਭਵ ਇਸ ਨਤੀਜੇ ਉੱਤੇ ਪਹੁੰਚਦਾ ਹੈ ਕਿ ਹਰ ਬੰਦੇ ਵਿਚ ਇੱਕ ਗੈਂਗਸਟਰ ਲੁਕਿਆ ਹੁੰਦਾ ਹੈ। ਇਕ ਰਾਜਨੀਤਕ ਵਿਚਾਰ ਇਹ ਵੀ ਹੈ ਕਿ ਜਦੋਂ ਸੱਤਾ ਕੁਝ ਕੁ ਹੱਥਾਂ ਵਿਚ ਹੀ ਇਕੱਠੀ ਹੋ ਜਾਵੇ ਤਾਂ ਸਮਝੋ ਗੈਂਗਸਟਰ ਪਧਾਰ ਰਹੇ ਹਨ।
ਭਾਰਤ ਵਿਚ ਸਭ ਤੋਂ ਵੱਡਾ ਗੈਂਗਸਟਰ ਦਾਊਦ ਇਬਰਾਹੀਮ ਨੂੰ ਕਿਹਾ ਜਾਂਦਾ ਹੈ ਜਿਸ ਦੀ ਕੁਲ ਜਾਇਦਾਦ ਫੋਰਬਸ ਮੈਗਜ਼ੀਨ ਮੁਤਾਬਿਕ 2015 ਵਿਚ 6.7 ਬਿਲੀਅਨ ਅਮਰੀਕਨ ਡਾਲਰ ਸੀ। ਪਰ ਕੋਲੰਬੀਆ ਦਾ ਗੈਂਗਸਟਰ ਪਾਬਲੋ ਇਸਕੋਬਾਰ ਦੁਨੀਆ ਦਾ ਸਭ ਤੋਂ ਵੱਡਾ ਗੈਂਗਸਟਰ ਮੰਨਿਆ ਜਾਂਦਾ ਹੈ, ਜਿਸ ਦੀ ਜਾਇਦਾਦ ਫੋਰਬਸ ਮੈਗਜ਼ੀਨ ਮੁਤਾਬਕ ਇੱਕ ਸਮੇਂ 25 ਬਿਲੀਅਨ ਡਾਲਰ ਸੀ। ਕਿਸੇ ਇੱਕ ਵਿਅਕਤੀ ਕੋਲ ਵੱਧ ਤੋਂ ਵੱਧ ਕਿੰਨਾ ਖਜ਼ਾਨਾ ਹੁੰਦਾ ਹੈ, ਪਾਬਲੋ ਦਾ ਇਹੋ ਜਿਹੇ ਅਮੀਰਾਂ ਵਿਚ ਦੁਨੀਆਂ ਅੰਦਰ ਸੱਤਵਾਂ ਨੰਬਰ ਸੀ। ਇਹ ਗੈਂਗਸਟਰ ਗਰੀਬਾਂ ਨੂੰ ਬੇਹੱਦ ਪਿਆਰ ਕਰਦਾ ਸੀ। ਉਹ ਗਰੀਬਾਂ ਅਤੇ ਬੇਸਹਾਰਾਂ ਨੂੰ ਨਗਦ ਪੈਸਾ ਵੰਡਦਾ। ਉਨ੍ਹਾਂ ਨੂੰ ਘਰ ਬਣਾ ਕੇ ਦਿੰਦਾ, ਫੁੱਟਬਾਲ ਦੇ ਗਰਾਊਂਡ ਬਣਾਉਣ ‘ਤੇ ਖਰਚ ਕਰਦਾ। ਉਸਨੇ 1985 ਵਿਚ ਖੱਬੇਪੱਖੀ ਗੁਰੀਲਿਆਂ ਦੀ ਅਗਵਾਈ ਕਰਦਿਆਂ ਕੋਲੰਬੀਆ ਦੀ ਸੁਪਰੀਮ ਕੋਰਟ ਉੱਤੇ ਹਮਲਾ ਕੀਤਾ, ਜਿਸ ਵਿਚ ਅੱਧੇ ਜੱਜ ਮਾਰੇ ਗਏ ਸਨ। ਸਾਧਾਰਨ ਕਿਸਾਨੀ ਪਰਿਵਾਰ ਵਿਚੋਂ ਉੱਠਿਆ ਤੇ ਕੋਕੀਨ ਡਰੱਗ ਦਾ ਦੁਨੀਆਂ ਵਿਚ ਸਭ ਤੋਂ ਵੱਡਾ ਸਮਰਾਟ ਬਣ ਗਿਆ। ਕੋਕੀਨ ਵਿਚ ਅਰਬਾਂ ਰੁਪਇਆਂ ਦਾ ਕਾਰੋਬਾਰ ਉਸਦਾ ਅਮਰੀਕਾ ਵਿਚ ਚਲਦਾ ਸੀ। ਕੋਲੰਬੀਆ ਦੇ ਸਾਰੇ ਸਿਆਸਤਦਾਨ ਉਸਦੀ ਜੇਬ ਵਿਚ ਹੁੰਦੇ ਸਨ। ਕੋਲੰਬੀਆ ਦੇ ਅਫਸਰਾਂ ਅਤੇ ਵਜ਼ੀਰਾਂ ਨੂੰ ਇੱਕੋ ਸੰਦੇਸ਼ ਹੁੰਦਾ ਸੀ ਕਿ ਰਿਸ਼ਵਤ ਲਓ, ਜੇ ਨਹੀਂ ਲੈਣੀ ਤਾਂ ਗੋਲੀ ਖਾਓ। 1993 ਵਿਚ ਗੋਲੀ ਲੱਗਣ ਨਾਲ ਹੀ ਉਸਦੀ ਮੌਤ ਹੋਈ। ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ। ਉਸਨੇ ਇੱਕ ਸਮੇਂ ਕੋਲੰਬੀਆ ਸਰਕਾਰ ਨੂੰ ਪੇਸ਼ਕਸ਼ ਵੀ ਕੀਤੀ ਕਿ ਦੇਸ਼ ਦਾ ਸਾਰਾ ਕਰਜ਼ਾ ਉਹ ਇਕੱਲਾ ਹੀ ਵਾਪਸ ਮੋੜਨ ਲਈ ਤਿਆਰ ਹੈ। ਇਸਕੋਬਾਰ ਦੇ ਹੀ ਸਮਕਾਲੀ ਅਮਰੀਕੀ ਮਾਫੀਆ ਗੌਡਫਾਦਰ ਮਾਈਕਲ ਫਰਾਂਜ ਜੈਸੀ ਦੀ ਬਲਵਾਨ ਆਤਮਾ ਦਾ ਸਿੱਕਾ ਕੌਣ ਨਹੀਂ ਮੰਨਣਾ ਚਾਹੇਗਾ। ਇਸ ਨੇ ਆਪਣੀ ਮਰਜ਼ੀ ਅਤੇ ਹੌਂਸਲੇ ਨਾਲ ਮਾਫੀਆ ਜਗਤ ਦਾ ਤਿਆਗ ਕੀਤਾ ਅਤੇ ਫਿਰ ਅਮਰੀਕੀ ਜਮਹੂਰੀ ਤੰਤਰ ਦੇ ਭ੍ਰਿਸ਼ਟਾਚਾਰ ਨੂੰ ਬੇਪਰਦਾ ਕਰਨ ਲਈ ਮਾਫੀਆ ਡੈਮੋਕਰੇਸੀ ਨਾਂ ਦੀ ਸੰਜੀਦਾ ਤੇ ਬਹੁ-ਚਰਚਿਤ ਕਿਤਾਬ ਲਿਖੀ। ਇਨ੍ਹਾਂ ਨੇ ਸਿੱਧ ਕੀਤਾ ਕਿ ਗੈਂਗਸਟਰ ਕਲਚਰ, ਸਰਕਾਰੀ ਕਲਚਰ ਨਾਲੋਂ ਕਿਤੇ ਵੱਧ ਬਲਵਾਨ ਹੋ ਸਕਦਾ ਹੈ। ਇਹ ਦੁਨੀਆਂ ਭਰ ਦੇ ਸਥਾਪਿਤ ਸਰਕਾਰੀ ਕਲਚਰਾਂ ਉਤੇ ਜ਼ਬਰਦਸਤ ਚਪੇੜ ਅਤੇ ਚੁਣੌਤੀ ਸੀ।