ਸ਼ਹਾਦਤ ਦਾ ਸਿੱਖ ਸੰਕਲਪ

ਬਲਕਾਰ ਸਿੰਘ ਪਰੋਫੈਸਰ
ਸ਼ਹਾਦਤ ਦੇ ਸਿੱਖ ਪ੍ਰਸੰਗ ਦੀਆਂ ਜਿਸ ਤਰ੍ਹਾਂ ਇਤਿਹਾਸਕ ਪ੍ਰਸੰਗ ਵਿਚ ਚਰਚਾਵਾਂ/ਗੱਲਾਂ ਹੋ ਰਹੀਆਂ ਹਨ, ਉਸ ਤਰ੍ਹਾਂ ਇਸ ਦੇ ਸਿਧਾਂਤ-ਉਸਾਰ ਜਾਂ ਸਿਧਾਂਤਕ ਧਰਾਤਲ ਦੀ ਚਰਚਾ/ਗੱਲ ਨਹੀਂ ਹੋ ਰਹੀ। ਇਉਂ ਵੀ ਕਿਹਾ ਜਾਂਦਾ ਰਿਹਾ ਹੈ ਕਿ ਆਮ ਬੰਦੇ ਤੱਕ ਪਹੁੰਚਾਏ ਜਾਣ ਵਾਲੇ ਬਿਰਤਾਂਤ ਨੂੰ ਸਿਧਾਂਤਕ ਬਾਰੀਕੀਆਂ ਦੀ ਲੋੜ ਨਹੀਂ ਹੁੰਦੀ। ਇਸ ਦੀ ਭੂਮਿਕਾ ਅੰਦਰੋਂ ਢਾਡੀ, ਕਵੀ ਅਤੇ ਕਥਾਕਾਰ ਨਿਭਾਉਂਦੇ ਰਹੇ ਹਨ ਅਤੇ ਬਾਹਰੋਂ ਪੱਛਮੀ ਰੰਗ ਵਾਲੀ ਅਕਾਦਮਿਕਤਾ ਨਿਭਾਉਣ ਲੱਗ ਪਈ ਸੀ। ਇਹੋ ਜਿਹੇ ਬਿਰਤਾਂਤ ਉਸ ਤਰ੍ਹਾਂ ਪਰੰਪਰਾ ਨਹੀਂ ਅਖਵਾ ਸਕਦੇ ਜਿਸ ਤਰ੍ਹਾਂ ਅੰਦਰੋਂ ਪੈਦਾ ਹੋਏ ਬਿਰਤਾਂਤ ਪਰੰਪਰਾ ਅਖਵਾਉਂਦੇ ਰਹੇ ਹਨ। ਇਹੋ ਜਿਹੀ ਜਿਹੜੀ ਅਕਾਦਮਿਕ ਮੁਹਿੰਮ ਹਿਊ ਮੈਕਲੋਡ ਨੇ ਸ਼ੁਰੂ ਕੀਤੀ ਸੀ, ਉਸ ਦੀ ਸਿਖਰ ਡਾ. ਫੀਨਿਕ ਦਾ ਪੀ-ਐਚ.ਡੀ ਥੀਸਿਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਦਾ ਸਿਰਲੇਖ ਤਾਂ ਸਲੋਕ ਵਾਰਾਂ ਤੇ ਵਧੀਕ ਵਿਚੋਂ ਗੁਰੂ ਨਾਨਕ ਦੇਵ ਜੀ ਦੇ 20ਵੇਂ ਸਲੋਕ ਵਿਚੋਂ ਲੈ ਲਿਆ ਗਿਆ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥1412
ਅਣਛਪੇ ਇਸ ਥੀਸਿਸ ਵਿਚ ਇਸ ਨਾਲ ਨਹੀਂ ਨਿਭਿਆ ਗਿਆ ਅਤੇ ਇਸ ਬਾਰੇ ਬਹੁਤ ਚਰਚਾ ਹੋ ਚੁੱਕੀ ਹੈ। ਏਥੇ ਤਾਂ ਏਨਾ ਹੀ ਕਹਿਣਾ ਹੈ ਕਿ ਡਾ. ਫੀਨਿਕ ਨੇ ਸਿਧਾਂਤ ਅਤੇ ਅਮਲ ਦੇ ਕੁਦਰਤੀ ਪਾੜੇ ਨੂੰ ਲੈ ਕੇ ਨਿਸ਼ੰਗ ਮਨਮਰਜ਼ੀਆਂ ਕਰਕੇ, ਸਿੱਖ ਦੀਆਂ ਕਮਜ਼ੋਰੀਆਂ/ਅਸਫਲਤਾਵਾਂ ਨੂੰ ਸਿੱਖ ਧਰਮ ਦੀਆਂ ਕਮਜ਼ੋਰੀਆਂ/ਅਸਫਲਤਾਵਾਂ ਵਾਂਗ ਪੇਸ਼ ਕਰ ਦਿੱਤਾ ਹੈ। ਇਸ ਦੇ ਵਿਸਥਾਰ ਵਿਚ ਜਾਣ ਦੀ ਇਥੇ ਗੁੰਜਾਇਸ਼ ਨਹੀਂ ਹੈ। ਬਾਣੀ ਰੌਸ਼ਨੀ ਵਿਚ ਸਿੱਖ ਇਤਿਹਾਸ ਨੂੰ ਵੇਖਾਂਗੇ ਤਾਂ ਇਸ ਨਤੀਜੇ `ਤੇ ਪਹੁੰਚ ਸਕਾਂਗੇ ਕਿ ਸ਼ਹੀਦੀ ਦੀ ਸਿੱਖ ਪਰੰਪਰਾ ਸਿਧਾਂਤ ਅਤੇ ਅਮਲ ਵਿਚ ਬਹੁਤ ਮਜ਼ਬੂਤ ਹੈ। ਨਘੌਚੀਆਂ ਵਾਂਗ ਕੀਤੀਆਂ ਹੋਈਆਂ ਮੇਨ ਮੇਖਾਂ ਨੂੰ ਧਿਆਨ ਵਿਚ ਰੱਖ ਕੇ ਕਿਹਾ ਜਾ ਸਕਦਾ ਹੈ ਕਿ ਸ਼ਹੀਦੀ ਵਰਗੇ ਸੰਕਲਪਾਂ ਨੂੰ ਜਿਵੇਂ ਸਿਆਸਤ ਵਰਤਦੀ ਜਾ ਰਹੀ ਹੈ, ਤਿਵੇਂ ਤਿਵੇਂ ਸ਼ਹੀਦੀ ਦੇ ਇਹੋ ਜਿਹੇ ਨਵੇਂ ਨਵੇਂ ਰੰਗ ਸਾਹਮਣੇ ਆਈ ਜਾ ਰਹੇ ਹਨ, ਜਿਨ੍ਹਾਂ ਦੀ ਸਿਧਾਂਤਕ ਪ੍ਰਸੰਗਕਤਾ ਸਥਾਪਤ ਨਹੀਂ ਕੀਤੀ ਜਾ ਸਕਦੀ।
ਗੁਰੂ ਕਾਲ ਵਿਚ ਸਮੇਂ ਦੀ ਸਰਕਾਰ ਵੱਲੋਂ ਸ਼ਹੀਦ ਕੀਤੇ ਗਏ ਗੁਰੂਕਿਆਂ ਦਾ ਬਿਰਤਾਂਤ, ਜਿਸ ਤਰ੍ਹਾਂ ਹਰ ਸਮਕਾਲ ਤੱਕ ਪਹੁੰਚਣਾ ਚਾਹੀਦਾ ਸੀ, ਉਸ ਤਰ੍ਹਾਂ ਨਹੀਂ ਪਹੁੰਚਿਆ। ਇਸੇ ਦਾ ਸਿੱਟਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਇਤਿਹਾਸਕ ਵੇਰਵੇ ਤਾਂ ਹਨ, ਪਰ ਇਸ ਦਾ ਸਿਧਾਂਤਕ ਉਸਾਰ ਪ੍ਰਾਪਤ ਨਹੀਂ ਹੈ। ਇਸ ਨਾਲ ਜਿੰਨਾ ਸ਼ਹੀਦ ਕੀਤੇ ਜਾਣ ਦਾ ਪਤਾ ਲੱਗਦਾ ਹੈ, ਉਸ ਤਰ੍ਹਾਂ ਸ਼ਹੀਦੀ ਦੀਆਂ ਊਰਜਿਤ ਪਰਤਾਂ ਦਾ ਪਤਾ ਨਹੀਂ ਲੱਗਦਾ। ਇਸ ਵਾਸਤੇ ਭਾਈ ਗੁਰਦਾਸ ਜੀ ਨੇ ਕੋਈ ਲੀਹ ਨਹੀਂ ਤੋਰੀ ਸੀ ਅਤੇ ਨਾ ਹੀ 52 ਕਵੀਆਂ ਵਿਚੋਂ ਕਿਸੇ ਦਾ ਧਿਆਨ ਇਸ ਪਾਸੇ ਗਿਆ ਸੀ। ਉਸ ਵੇਲੇ ਇਸ ਦੇ ਕਾਰਨਾਂ ਬਾਰੇ ਸੋਚਣ, ਸਮਝਣ ਅਤੇ ਬਿਆਨਣ ਦੀ ਕੋਈ ਪਰੰਪਰਾ ਹੀ ਸ਼ਾਇਦ ਨਹੀਂ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ, ਪੰਚਮ ਪਾਤਸ਼ਾਹ ਜੀ ਦੀ ਸਵੈ-ਇੱਛਤ ਸ਼ਹੀਦੀ ਦੀ ਨਿਰੰਤਰਤਾ ਵਿਚ ਸੀ। ਗੁਰੂ ਵਾਸਤੇ ਗੁਰੂ ਜੀ ਦੀ ਹਜ਼ੂਰੀ ਵਿਚ ਕੁਰਬਾਨ ਹੋ ਜਾਣ ਦੀ ਜੋ ਸ਼ਹੀਦੀ ਦੀ ਸਿੱਖ-ਪਰਤ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੇ ਸਾਹਮਣੇ ਲਿਆਂਦੀ ਸੀ, ਉਸ ਦਾ ਮਰਮ ਨੌਵੇਂ ਪਾਤਸ਼ਾਹ ਜੀ ਦੇ ਇਹ ਬਚਨ ਹਨ ਕਿ ਸ਼ਹੀਦ ਅਮਰ ਰਹਿੰਦਾ ਹੈ। ਮਰ ਕੇ ਵੀ ਨ ਮਰਨ ਦੀ ਸਾਖੀ ਦਾ ਸਿੱਖ-ਇਤਿਹਾਸ ਸਭ ਦੇ ਸਾਹਮਣੇ ਹੈ। ਸ਼ਹੀਦ ਹੋਣ ਵਾਲਿਆਂ ਅਤੇ ਸ਼ਹੀਦ ਕਰਨ ਵਾਲਿਆਂ ਵਿਚਕਾਰ ਜੋ ਵੱਢ ਸਿੱਖ-ਸ਼ਹੀਦੀਆਂ ਨਾਲ ਸਾਹਮਣੇ ਆਉਂਦਾ ਹੈ, ਉਸ ਦਾ ਬਿਰਤਾਂਤ ਅਜੇ ਸਿਰਜਿਆ ਜਾਣਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਹੀਦ ਸ਼ਬਦ ਦੀ ਵਰਤੋਂ ਦੋ ਵਾਰ ਹੋਈ ਹੈ। ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਨੇ ਸ਼ਹੀਦ ਨੂੰ ਉਨ੍ਹਾਂ ਕੋਟੀਆਂ ਵਿਚ ਗਿਣਿਆ ਹੋਇਆ ਹੈ, ਜਿਹੜੀਆਂ ਆਪਣੀ ਕਿਰਤ ਕਮਾਈ ਸਦਕਾ ਅਮਰ ਹੋ ਜਾਂਦੀਆਂ ਹਨ। ਲੀਹਾ ਪਾੜਵਾਂ ਰਾਹ ਵਿਖਾਉਣ ਵਾਲੇ ਰੱਬ ਦੇ ਇਹ ਬੰਦੇ ਰੱਬ ਵਰਗੀਆਂ ਸਿਫਤਾਂ ਦੇ ਮਾਲਕ ਹੋ ਜਾਂਦੇ ਹਨ। “ਜੈਸਾ ਸੇਵੈ ਤੈਸਾ ਹੋਇ” ਦੀ ਗੁਰਮਤਿ ਭਾਵਨਾ ਵਿਚ ਜਿਊਣ ਅਤੇ ਮਰਨ ਵਾਲੇ ਪੀਰਾਂ ਪੈਗੰਬਰਾਂ ਵਰਗੇ ਹੀ ਹੋ ਜਾਂਦੇ ਹਨ। ਆਪਣੇ ਇਸ਼ਟ ਦੀ ਅਰਦਾਸ ਵਿਚ ਝੁਕੇ ਰਹਿਣ ਵਾਲਿਆਂ ਦੇ ਦਰ `ਤੇ ਧਰਮ ਦੇ ਦਾਹਵੇਦਾਰ ਸਦਾ ਝੁਕੇ ਰਹਿੰਦੇ ਹਨ:
ਸਿਰੀ ਰਾਗੁ ਮਹਲਾ 1 ਘਰੁ 1 ਅਸਟਪਦੀਆਂ॥(53)
ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ॥
ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ॥
ਬਰਕਤਿ ਤਿਨ ਕਉ ਅਗਲੀ ਪੜਦੇ ਰਹਿਨਿ ਦਰੂਦ॥
ਏਸੇ ਭਾਵਨਾ ਦੀ ਨਿਰੰਤਰਤਾ ਵਿਚ ਭਗਤ ਰਵਿਦਾਸ ਜੀ ਨੇ ਸ਼ਹੀਦ ਨੂੰ ਸ਼ੇਖਾਂ ਅਤੇ ਪੀਰਾਂ ਵਰਗੀ ਮਾਨਤਾ ਦੇਂਦਿਆਂ ਦੱਸਿਆ ਹੋਇਆ ਹੈ ਕਿ ਇਸ ਰਾਹ `ਤੇ ਚੱਲਣ ਵਾਲੇ ਨੀਵੀਆਂ ਜਾਤਾਂ ਵਿਚੋਂ ਹੋ ਕੇ ਵੀ ਉੱਚੀਆਂ ਜਾਤਾਂ ਵਾਲਿਆਂ ਤੋਂ ਡੰਡਉਤ ਕਰਵਾਉਣ ਦੇ ਕਾਬਲ ਹੋ ਜਾਂਦੇ ਹਨ:
ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ॥
ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ॥(1293)
ਦੋਹਾਂ ਹਵਾਲਿਆਂ ਵਿਚ ਇਸਲਾਮੀ ਮੁਹਾਵਰਾ ਇਸ ਲਈ ਵਰਤਿਆ ਹੈ ਕਿਉਂਕਿ ਸ਼ਬਦ ‘ਸ਼ਹੀਦ’ ਅਰਬੀ ਮੂਲ ਤੋਂ ਹੈ ਅਤੇ ਇਸ ਨੂੰ ਸੰਕਲਪੀ ਧਰਾਤਲ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਜਾ ਰਿਹਾ ਹੈ। ਭਾਰਤ ਵਿਚ ਸ਼ਹੀਦੀ ਦੇ ਸੰਕਲਪ ਦਾ ਪ੍ਰਸੰਗਕ ਉਸਾਰ ਸਿੱਖ ਧਰਮ ਰਾਹੀਂ ਪਹਿਲੀ ਵਾਰ ਵਾਂਗ ਸਾਹਮਣੇ ਆਇਆ ਹੈ ਕਿਉਂਕਿ ਭਾਰਤ ਵਿਚ ਬਲੀ/ਕੁਰਬਾਨੀ ਦਾ ਪ੍ਰਾਪਤ ਸੰਕਲਪ ਆਪਣੇ ਪ੍ਰਭਾਵ ਅਤੇ ਪ੍ਰਗਟਾਵੇ ਵਿਚ ਸ਼ਹੀਦੀ ਵਰਗਾ ਬਿਲਕੁਲ ਨਹੀਂ ਹੈ। ਸ਼ਹੀਦੀ ਦੀਆਂ ਪਰਤਾਂ ਦੀ ਵਿਸ਼ੇਸ਼ਣ ਵਜੋਂ ਵਰਤੋਂ ਸਿੱਖ ਇਤਿਹਾਸ ਵਿਚ ਸ਼ਹਾਦਤ ਦੇਣ ਵਾਲਿਆਂ ਵਜੋਂ ਸਾਖੀ/ਗਵਾਹੀ ਭਰਨ ਵਾਲਿਆਂ ਵਾਂਗ ਹੋਈ ਹੈ। ਇਸੇ ਨੂੰ ਸੰਗਯਾ ਰੂਪ ਵਿਚ ਉਨ੍ਹਾਂ ਸ਼ਹੀਦਾਂ ਵਾਸਤੇ ਵਰਤਿਆ ਗਿਆ ਹੈ, ਜਿਨ੍ਹਾਂ ਦੀ ਲੋਕ ਸਾਖੀ/ਗਵਾਹੀ ਭਰਦੇ ਹਨ। ਸਿੱਖ ਪਰਸੰਗ ਵਿਚ ਸ਼ਹੀਦ ਉਸ ਨੂੰ ਮੰਨਿਆ ਗਿਆ ਹੈ, ਜਿਨ੍ਹਾਂ ਨੇ ਸਿੱਖੀ ਸਿਦਕ ਕੇਸਾਂ ਸੰਗ ਨਿਭਾਇਆ*1। ਇਸ ਤੋਂ ਪਿੱਛੋਂ ਆਉਣ ਵਾਲੀਆਂ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਲਿਖਤਾਂ ਗੁਰੁਮਤ ਮਾਰਤੰਡ (ਭਾਗ ਪਹਿਲਾ ਅਤੇ ਦੂਜਾ), ਗੁਰੁਮਤ ਸੁਧਾਕਰ ਅਤੇ ਗੁਰੁਮਤ ਪ੍ਰਭਾਕਰ ਵਿਚੋਂ ਸ਼ਹੀਦ ਦਾ ਸੰਕਲਪੀ ਹਵਾਲਾ ਗੁੰਮ ਹੈ। ਇਸ ਘਾਟ ਨੂੰ ਦੂਰ ਕਰਨ ਲਈ ਹੋਰ ਕਿਸੇ ਲੇਖਕ ਨੇ ਹੱਥ ਨਹੀਂ ਪਾਇਆ। ਚਲਾਵੇਂ ਹਵਾਲਿਆਂ ਵਾਂਗ ਧਰਮ-ਯੁੱਧ ਦੇ ਪ੍ਰਸੰਗਕ ਆਧਾਰ ਦੀ ਧੁਰੋਹਰ ਗੁਰੂ ਨਾਨਕ ਦੇਵ ਜੀ ਨੂੰ ਮੰਨਦਿਆਂ ਧਰਮਸਾਲ ਨੂੰ ਸਵੈ-ਇੱਛਤ ਨੈਤਿਕ ਸੰਘਰਸ਼ ਦਾ ਕੇਂਦਰ ਮੰਨ ਲੈਣ ਦਾ ਹਵਾਲਾ ਮਿਲਦਾ ਹੈ*2। ਇਹੀ ਭਾਵਨਾ ਮਿਸਲ ਕਾਲ (1716-1799), ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ (1799-1839), ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਲਗਾਤਾਰ ਧਰਮ-ਯੁੱਧ ਦੇ ਇਰਦ-ਗਿਰਦ ਸਿੱਖ-ਸ਼ਹੀਦੀਆਂ ਨੂੰ ਘੁੰਮਾਉਂਦੀ ਹੋਈ ਖਾੜਕੂ ਸੰਘਰਸ਼ ਤੱਕ ਪਹੁੰਚਦੀ ਪਹੁੰਚਦੀ, ਧਰਮ ਉਤੇ ਸਿਆਸਤ ਦੀ ਸਰਦਾਰੀ ਕਾਇਮ ਕਰਦੀ ਨਜ਼ਰ ਆ ਜਾਂਦੀ ਹੈ। ਇਸ ਨਾਲ ਢਾਡੀਆਂ ਅਤੇ ਸਟੇਜੀ ਕਵੀਆਂ ਵੱਲੋਂ ਨਿਭਾਈ ਜਾ ਰਹੀ ਊਰਜਿਤ ਹਿੱਸੇਦਾਰੀ ਮੱਧਮ ਹੁੰਦੀ ਜਾਂਦੀ ਰਹੀ ਸੀ ਕਿਉਂਕਿ ਸਭ ਕਾਸੇ ਦੇ ਕੇਂਦਰ ਵਿਚ ਸਿਆਸਤ ਆ ਗਈ ਹੈ। ਸਿੱਖ ਸੰਘਰਸ਼ ਦੇ ਜੋ ਇਤਿਹਾਸਕ ਪ੍ਰਸੰਗ ਸੋਹਣ ਸਿੰਘ ਸੀਤਲ ਨੇ ਉਸਾਰੇ ਸਨ, ਉਹੀ ਸਿੱਖ ਸਿਆਸਤ ਦੇ ਗਿਲਝਨੁਮਾ ਸਿਆਸੀ ਰੰਗ ਵਾਲੇ ਧਰਮ-ਯੁੱਧ `ਤੇ ਲਾਗੂ ਹੁੰਦੇ ਨਜ਼ਰ ਆ ਰਹੇ ਹਨ:
ਤੁਰੀਆਂ ਸੰਗ ਕਲਜੋਗਣਾ ਲੈ ਖੱਪਰ ਖਾਲੀ
ਹੋਵੇਗਾ ਅਸਮੇਧ ਜੱਗ ਰੱਜ ਖਾਣ ਸਵਾਲੀ
ਇਸ ਹਾਲਤ ਵਿਚ ਜੇ ਸ਼ਹਾਦਤ ਬਾਰੇ ਸੰਖੇਪ ਵਿਚ ਕਹਿਣਾ ਹੋਵੇ ਤਾਂ ਕਹਾਂਗਾ ਕਿ ਇਤਿਹਾਸਕ ਪ੍ਰਸੰਗ ਵਿਚ ਸ਼ਹਾਦਤ, ਲਹੂ ਨਾਲ ਕੰਧ `ਤੇ ਲਿਖੀ ਹੋਈ ਇਬਾਰਤ ਹੈ। ਸੋ ਸ਼ਹਾਦਤ ਹੁੰਦੀ ਨਹੀਂ ਸਗੋਂ ਵਾਪਰਦੀ ਹੈ। ਇਸ ਵਿਚ ਸ਼ਹੀਦ ਦੀ ਸਵੈ-ਇੱਛਤ ਚੋਣ ਅਤੇ ਗੁਰੂ ਦੇ ਭਾਣੇ ਵਿਚ ਨਿਭਣ ਦੀ ਮਾਨਸਿਕਤਾ ਸ਼ਾਮਲ ਹੁੰਦੀ ਹੈ। ਮਾਨਸਿਕਤਾ ਦੀ ਸਿੱਖ-ਘਾੜਤ, ਸ਼ਬਦ-ਗੁਰੂ ਦੀ ਟਕਸਾਲ ਵਿਚ ਹੁੰਦੀ ਹੈ ਅਤੇ ਹਰ ਸਮਕਾਲ ਦੀ ਲੋੜ ਮੁਤਾਬਿਕ ਇਤਿਹਾਸ ਸਿਰਜਣ ਦੀ ਭੂਮਿਕਾ ਨਿਭਾਉਂਦੀ ਹੈ। ਸਮਕਾਲ/ਵਰਤਮਾਨ ਦੀਆਂ ਸਿਆਸੀ ਪਹਿਲਤਾਵਾਂ ਨੇ ਸਿੱਖ ਭਾਈਚਾਰੇ ਨੂੰ ਆਮ ਕਰਕੇ ਅਤੇ ਪੰਥਕ ਸਿਆਸਤ ਨੂੰ ਖਾਸ ਕਰਕੇ ਪ੍ਰਤੀਰੋਧ ਦੀ ਸਿਆਸਤ ਵੱਲ ਤੋਰ ਦਿੱਤਾ ਹੈ ਅਤੇ ਸਭਿਆਚਾਰਕ-ਨਾਬਰੀ ਨੂੰ ਸਿੱਖ-ਰਾਸ਼ਟਰਵਾਦ ਦੀਆਂ ਸੰਭਾਵਨਾਵਾਂ ਵਿਚ ਉਲਝਾ ਦਿੱਤਾ ਹੈ। ਇਸ ਨਾਲ ਜੁੜੀ ਹੋਈ ਮਰਨ ਮਾਰਨ ਦੀ ਸਿਆਸਤ ਵਾਸਤੇ ਸ਼ਹੀਦੀ ਦੇ ਸਿੱਖ-ਜਜ਼ਬੇ ਨੂੰ ਬੰਦੂਕ ਦੀ ਗੋਲੀ ਨਾਲ ਤਾਕਤ ਲੈਣ ਵਾਲੇ ਰਾਹ ਪਾ ਦਿੱਤਾ ਗਿਆ ਹੈ। ਇਸ ਦੇ ਕੇਂਦਰ ਵਿਚ ਸਿੱਖ-ਮਿਸ਼ਨਰੀ ਤੋਂ ਸਿੱਖ-ਮਸੀਹਾ ਬਣ ਗਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਟਿਕਾ ਦਿੱਤਾ ਗਿਆ ਹੈ। ਇਸ ਨਾਲ ਕਿਸੇ ਵੀ ਮਰ ਜਾਣ ਵਾਲੇ ਨੂੰ ਸ਼ਹੀਦ ਗਰਦਾਨਣ ਦੀ ਸਿਆਸਤ ਦਾ ਬੋਲਬਾਲਾ ਹੁੰਦਾ ਜਾ ਰਿਹਾ ਹੈ। ਸ਼ਹੀਦੀ ਊਰਜਾ ਦਾ ਸ੍ਰੋਤ ਸਿੱਧੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ/ਅਨੁਸਾਰ ਸੀ/ਹੈ ਅਤੇ ਅਸਿੱਧੇ ਰੂਪ ਵਿਚ ਗੁਰਦੁਆਰਾ ਸੰਸਥਾ ਦੀ ਅਗਵਾਈ ਊਰਜਿਤ ਹੁੰਦਾ ਹੈ। ਸੰਸਥਾਈ-ਅਗਵਾਈ ਦੀ ਥਾਂ ਵਿਅਕਤੀਗਤ ਅਗਵਾਈ ਨਾਲ ਪੈਦਾ ਹੋ ਗਈ ਸਿਆਸਤ ਨੇ ਸ਼ਬਦ-ਗੁਰੂ ਵੱਲ ਸੇਧਤ ਹੋਣ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਪੈਣ ਵਾਲੇ ਰਾਹ ਪਾ ਦਿੱਤਾ ਹੈ।
ਨਹੀਂ ਸਮਝਾਂਗੇ ਤਾਂ ਸ਼ਹੀਦੀ-ਗੁਰਪੁਰਬਾਂ ਨੂੰ ਮੇਲਿਆਂ ਵਾਂਗ ਮਨਾਉਣ ਦੇ ਰਾਹ ਪੈਂਦੇ ਜਾਵਾਂਗੇ। ਇਸ ਨਾਲ ਪਵਿੱਤਰ ਸਰੋਕਾਰਾਂ ਦੀ ਦੁਕਾਨਦਾਰੀ ਹੋਣ ਲੱਗ ਪਵੇਗੀ। ਕੁਲ ਮਿਲਾ ਕੇ ਨਤੀਜਾ ਇਹੀ ਨਿਕਲਦਾ ਲੱਗਦਾ ਹੈ ਕਿ ਸਿੱਖ-ਸਿਧਾਂਤ ਉਤੇ ਸਿੱਖ-ਇਤਿਹਾਸ ਦੀ ਪਹਿਲ ਸਥਾਪਤ ਹੁੰਦੀ ਜਾ ਰਹੀ ਹੈ ਅਤੇ ਬਾਣੀ ਦੇ ਸਿੱਖਾਂ ਅਤੇ ਇਤਿਹਾਸ ਸਿੱਖਾਂ ਵਰਗੀ ਨਿਸ਼ਾਨਦੇਹੀ ਹੋਣ ਲੱਗ ਪਈ ਹੈ। ਇਹ ਕਹਿਣ ਅਤੇ ਸਮਝਣ ਵਿਚਲੇ ਫਰਕ ਵਾਂਗ ਲਗਾਤਾਰ ਸਾਹਮਣੇ ਆ ਰਿਹਾ ਹੈ ਕਿ ਸਿੱਖ ਭਾਈਚਾਰਾ ਅਮੀਰ ਵਿਰਾਸਤ ਦਾ ਮਾਲਕ ਹੋਣ ਦੀ ਸਿਆਸਤ ਤਾਂ ਕਰ ਰਿਹਾ ਹੈ, ਪਰ ਵਿਰਾਸਤ ਦਾ ਵਾਰਸ ਹੋਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਇਨ੍ਹਾਂ ਪਾੜਿਆਂ ਨਾਲ ਨਜਿੱਠਣ ਵਾਸਤੇ ਸਿਧਾਂਤ ਮੂਲਕ ਸਮਝ ਇਸ ਕਰਕੇ ਕੰਮ ਆ ਸਕਦੀ ਹੈ ਕਿਉਂਕਿ ਇਹ ਸਪਸ਼ਟ ਅਤੇ ਸੰਖੇਪ ਹੁੰਦੀ ਹੈ। ਇਹ ਅਕਾਦਮਿਕਤਾ ਜਿਸ ਤਰ੍ਹਾਂ ਕੰਮ ਆ ਸਕਦੀ ਹੈ, ਉਸ ਤਰ੍ਹਾਂ ਇਤਿਹਾਸ ਵੱਲ ਸੇਧਤ ਕਥਾਕਾਰੀ/ਭਾਸ਼ਣਕਾਰੀ ਕੰਮ ਨਹੀਂ ਹੋ ਸਕਦੀ। ਸ਼ਹਾਦਤ ਦਾ ਸਿੱਖ ਪ੍ਰਸੰਗ ਆਤਮ-ਇੱਛਾ ਨਾਲ ਭਾਣੇ ਵਿਚ ਜਿਊਣ ਦੀ ਸ਼ੈਲੀ ਦੀ ਨਿਰੰਤਰਤਾ ਵਿਚ ਸਾਹਮਣੇ ਕਿਉਂ ਨਹੀਂ ਆ ਰਿਹਾ, ਇਸ ਨੂੰ ਸਮਝਣ ਵੱਲ ਸੇਧਤ ਸੀ 15-17 ਫਰਵਰੀ 2024 ਨੂੰ ਪੰਜਾਬ ਯੂਨੀਵਰਸਿਟੀ ਵਿਚ “ਸ਼ਹੀਦੀ ਦਾ ਸਿੱਖ ਸੰਕਲਪ” ਵਿਸ਼ੇ `ਤੇ ਕੀਤਾ ਗਿਆ ਸੈਮੀਨਾਰ। ਉਸ ਵੇਲੇ ਪ੍ਰਗਟਾਏ ਗਏ ਵਿਚਾਰਾਂ ਨੂੰ ਇਹ ਕਹਿ ਕੇ ਸੰਕੋਚਣਾ ਚਾਹੁੰਦਾ ਹਾਂ ਕਿ ਸਿਆਸਤ ਦੇ ਰੰਗ ਵਿਚ ਸ਼ਹੀਦੀ ਦਾ ਹੋਣਾ ਤਾਂ ਸਾਹਮਣੇ ਆਈ ਜਾ ਰਿਹਾ ਹੈ; ਪਰ ਸ਼ਹੀਦੀ ਦਾ ਮੌਤ ਤੋਂ ਉਪਰ ਉੱਠ ਜਾਣ ਵਾਂਗ ਵਾਪਰਨਾ, ਸਾਹਮਣੇ ਨਹੀਂ ਆ ਰਿਹਾ ਹੈ। ਹੋਣ ਅਤੇ ਵਾਪਰਨ ਨੂੰ ਭਾਣੇ ਵਿਚ ਲੈਣ ਦੀ ਸਿੱਖ ਪਰੰਪਰਾ ਦਾ ਇਤਿਹਾਸ ਵਿਚ ਲਗਾਤਾਰ ਪ੍ਰਗਟਾਵਾ ਹੁੰਦਾ ਰਿਹਾ ਹੈ। ਏਸੇ ਦੀ ਨਿਰੰਤਰਤਾ ਵਿਚ ਜੋ ਇਸ ਵੇਲੇ ਮੰਨੇ ਜਾਣ ਦੀ ਸਿਆਸਤ ਹੋਈ ਜਾ ਰਹੀ ਹੈ, ਉਸ ਨੂੰ ਲਹੂ ਨਾਲ ਕੰਧ `ਤੇ ਲਿਖੀਆਂ ਵੀ ਧੁੰਦਲੀਆਂ ਦਿਸਣ ਲੱਗ ਪਈਆਂ ਹਨ। ਸ਼ਹਾਦਤ ਨਾਲ ਸਬੰਧਤ ਯਾਦਗਾਰਾਂ ਨਾਲ ਵੀ ਸਿਧਾਂਤ ਉਤੇ ਇਤਿਹਾਸ ਨੂੰ ਪਹਿਲ ਪ੍ਰਾਪਤ ਹੁੰਦੀ ਜਾ ਰਹੀ ਨਜ਼ਰ ਆ ਰਹੀ ਹੈ। ਏਸੇ ਨਾਲ ਜੁੜੀ ਹੋਈ ਸਿਆਸਤ ਦਾ ਬੋਲਬਾਲਾ ਹਰ ਪਾਸੇ ਹੋਈ ਜਾ ਰਿਹਾ ਹੈ। ਇਸ ਤਰ੍ਹਾਂ ਸ਼ਹਾਦਤ ਦਾ ਸਿਧਾਂਤ, ਸ਼ਹਾਦਤ ਦਾ ਇਤਿਹਾਸ ਅਤੇ ਸ਼ਹਾਦਤ ਦੀ ਸਿਆਸਤ ਇਕ ਦੂਜੇ ਦੀ ਪੂਰਕਤਾ ਵਿਚੋਂ ਨਿਕਲ ਕੇ ਆਪੋ-ਆਪਣੇ ਇਕਹਿਰੇ ਰਾਹ ਪੈ ਕੇ ਇਕ ਦੂਜੇ ਦੀ ਨਿਸ਼ੰਗ ਵਰਤੋਂ ਕਰੀ ਜਾ ਰਹੀਆਂ ਹਨ। ਇਸ ਨਾਲ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਿੱਖਾਂ ਦੀ ਸ਼ਾਨਾਮੱਤੀ ਵਿਰਾਸਤ ਵਿਚੋਂ ਸ਼ਹਾਦਤ ਨਾਲ ਸਬੰਧਤ ਹਵਾਲੇ ਤਾਂ ਸਾਹਮਣੇ ਆ ਰਹੇ ਹਨ, ਪਰ ਬਾਣੀ `ਤੇ ਆਧਾਰਤ ਬਿਰਤਾਂਤ ਮੇਰੇ ਵੇਖਣ ਵਿਚ ਅਜੇ ਤੱਕ ਸਾਹਮਣੇ ਨਹੀਂ ਆਇਆ। 20ਵੀਂ ਸਦੀ ਦੇ ਪਿਛਲੇ ਤਿੰਨ ਦਹਾਕੇ ਜੇ ਧਿਆਨ ਵਿਚ ਰੱਖ ਲਏ ਜਾਣ ਤਾਂ ਸਿਆਸੀ ਪ੍ਰਗਟਾਵਿਆਂ ਦੇ ਜੰਗਲ ਵਿਚ ਗੁਆਚਿਆਂ ਵਾਂਗ ਲੱਗਣ ਲੱਗ ਪੈਂਦਾ ਹੈ। ਵਾਪਰ ਗਏ ਨੂੰ ਜਿਸ ਤਰ੍ਹਾਂ ਡਾ. ਹਰਿਭਜਨ ਸਿੰਘ ਨੇ ਮਹਿਸੂਸ ਕੀਤਾ ਸੀ ਅਤੇ ਪ੍ਰਗਟਾਇਆ ਸੀ/ਹੈ, ਉਸ ਵੱਲ ਧਿਆਨ ਹੀ ਨਹੀਂ ਗਿਆ ਲੱਗਦਾ ਕਿਉਂਕਿ ਸਿੱਖ ਸੰਕਲਪਾਂ ਦੀ ਅਕਾਦਮਿਕਤਾ ਵੱਲ ਬਿਲਕੁਲ ਹੀ ਧਿਆਨ ਹੀ ਨਹੀਂ ਹੈ:
ਪ੍ਰਭ ਜੀ! ਆਪਣਾ ਬਿਰਦ ਬਿਚਾਰੋ
ਆਪਣਾ ਜਨ ਆਪਣੇ ਹੀ ਘਰ
ਗੈਰਾਂ ਵਾਂਗ ਨ ਮਾਰੋ।
ਪੁਸਤਕ ‘ਚੋਲਾ ਟਾਕੀਆਂ ਵਾਲਾ’ ਪੜ੍ਹਾਂਗੇ ਤਾਂ ਪਤਾ ਲੱਗੇਗਾ ਕਿ ਪੀੜ੍ਹੀ ਦਰ ਪੀੜ੍ਹੀ ਜੋ ਲਹੂ ਗੁਰੂਕੇ ਵਹਾਉਂਦੇ ਰਹੇ ਹਨ, ਉਹੀ ਜਦੋਂ ਗਵਾਹੀ ਬਣ ਕੇ ਇਤਿਹਾਸ ਵਿਚ ਪ੍ਰਗਟ ਹੁੰਦਾ ਰਿਹਾ ਹੈ ਤਾਂ ਸ਼ਹੀਦੀ ਅਖਵਾਉਂਦਾ ਰਿਹਾ ਹੈ ਅਤੇ ਇਸ ਰਾਹ ਤੁਰਨ ਵਾਲਿਆਂ ਨੂੰ ਊਰਜਿਤ ਕਰਦਾ ਰਿਹਾ ਹੈ। ਜਾਨ `ਤੇ ਖੇਡਣ ਵਾiਲ਼ਆਂ ਦੀ ਸਿੱਖ ਗਵਾਹੀ, ਨਿਤਾਣਿਆਂ, ਮਾਸੂਮਾਂ ਅਤੇ ਮਜਬੂਰਾਂ ਦੀਆਂ ਜਾਨਾਂ ਬਚਾਉਂਦੀ ਰਹੀ ਹੈ। ਇਸ ਵੇਲੇ ਜੇ ਕਹਿਣਾ ਹੋਵੇ ਤਾਂ ਕਹਾਂਗਾ ਕਿ ਸਿੱਖ ਸੁਰ ਵਿਚ ਸ਼ਹੀਦੀ-ਵਰਤਾਰਾ ਅਤੇ ਸਿਆਸੀ ਸੁਰ ਵਿਚ ਨਾਬਰੀ ਜਜ਼ਬਿਆਂ ਦੇ ਸਿਰ `ਤੇ ਮੰਡਰਾਉਂਦੀ ਮੌਤ ਇਕ ਪਰਤੀ ਨਹੀਂ ਦੋਹਰੀ ਹੈ। ਇਨ੍ਹਾਂ ਦੋਹਾਂ ਨੂੰ ਰਲਗੱਡ ਕਰਾਂਗੇ ਤਾਂ ਸਿੱਖ-ਸ਼ਹੀਦੀਆਂ ਦਾ ਪਰੰਪਰਕ ਪ੍ਰਸੰਗ ਧੁੰਧਲਾ ਹੁੰਦਾ ਗੁਆਚਣ ਵਾਲੇ ਰਾਹ ਪੈ ਜਾਵੇਗਾ। ਸਿੱਖਾਂ ਦੀਆਂ ਸ਼ਹੀਦੀਆਂ ਦਾ ਪਰੰਪਰਕ ਰੰਗ ਓਹੋ ਜਿਹਾ ਨਹੀਂ ਸੀ, ਜਿਹੋ ਜਿਹਾ ਰੰਗ ਇਸ ਵੇਲੇ ਸਿੱਖਾਂ ਦੇ ਸਿਰ `ਤੇ ਚੜ੍ਹ ਕੇ ਸਿਆਸਤ ਵਾਂਗ ਬੋਲਣ ਲੱਗ ਪਿਆ ਹੈ। ਇਸ ਨਾਲ ਗੁਰਦੁਆਰਾ ਸੰਸਥਾ, ਸ਼ਹੀਦੀ ਗੈਲਰੀਆਂ ਵਿਚ ਤਬਦੀਲ ਹੁੰਦੀ ਜਾ ਰਹੀ ਹੈ। ਸ਼ਹੀਦੀ ਨੂੰ ਮਨਮਰਜ਼ੀ ਨਾਲ ਮੰਨਣ ਅਤੇ ਪ੍ਰਗਟਾਉਣ ਦੀ ਸਿਆਸਤ ਅਜਬ ਕਿਸਮ ਦੀਆਂ ਬੇਲਗਾਮੀਆਂ ਨੂੰ ਸ਼ਹਿ ਦੇਈ ਜਾ ਰਹੀ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਪਰੰਪਰਕ ਸੁਰ ਵਿਚ ਭੁੰਜੇ ਸੌਂ ਕੇ ਅਤੇ ਘੱਟ ਖਾ ਕੇ ਮਹਿਸੂਸ ਕਰਨ ਵਾਲੇ ਘਟਦੇ ਜਾ ਰਹੇ ਹਨ ਅਤੇ ਡਾਂਗ ਨਾਲ ਲੰਗਰ ਛਕਾਉਣ ਵਾਲਿਆਂ ਦੀ ਰੋਡੀ ਭੋਡੀ ਭੀੜ ਗੁਰਪੁਰਬ ਨੂੰ ਮੇਲਾ ਭਾਵਨਾ ਵਿਚ ਮਨਾਉਂਦੀ ਦਨਦਨਾ ਰਹੀ ਆਮ ਵੇਖੀ ਜਾ ਸਕਦੀ ਹੈ। ਲਿਖਣ-ਪੜ੍ਹਨ ਵਾਲਿਆਂ ਨੂੰ ਸੋਹਣ ਸਿੰਘ ਸੀਤਲ ਵਰਗੇ ਲੇਖਕ ਨਜ਼ਰ ਨਹੀਂ ਆ ਰਹੇ। ਇਸ ਨਾਲ ਗੁਰਬਾਣੀ, ਇਤਿਹਾਸ ਅਤੇ ਪਰੰਪਰਾ ਨੂੰ ਗੁੰਨ੍ਹ ਕੇ ਤੁਰਨ ਵਾਲੀ ਲਿਖਤ-ਪਰੰਪਰਾ ਕਮਜ਼ੋਰ ਪੈਂਦੀ ਜਾ ਰਹੀ ਹੈ। ਇਸ ਪਾਸੇ ਤੁਰਦੇ ਤਾਂ ਇਹ ਦੱਸ ਸਕਦੇ ਸੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਨਾਲ-ਨਾਲ ਗੁਰੂ ਘਰ ਦਾ ਸ਼ਰਧਾਵਾਨ ਮੋਤੀ ਰਾਮ ਮਹਿਰਾ, ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਦੇ ਜੁਰਮ ਵਿਚ ਟੱਬਰ ਸਮੇਤ ਕੋਹਲੂ ਵਿਚ ਪੀੜ ਦਿੱਤਾ ਗਿਆ ਸੀ। ਇਸ ਪਾਸੇ ਤੁਰਦੇ ਤਾਂ ਦੱਸ ਸਕਣਾ ਸੀ ਕਿ ਗੁਰੂ ਸਾਹਿਬਾਨ ਦੀ ਸਿੱਖਿਆ ਨੇ ਆਮ ਬੰਦੇ ਨੂੰ ਅਕੀਦੇ ਦੀ ਮੁਹੱਬਤ ਵਾਸਤੇ ਸ਼ਹੀਦ ਹੋ ਸਕਣ ਦੇ ਰਾਹ ਵੀ ਪਾ ਦਿੱਤਾ ਸੀ ਅਤੇ ਬਲ ਵੀ ਬਖਸ਼ ਦਿੱਤਾ ਸੀ। ਮੋਤੀ ਰਾਮ ਮਹਿਰਾ ਗੁਰੂ ਦਾ ਸਿੱਖ ਸੀ ਅਤੇ ਬਾਣੀ ਨਾਲ ਜੁੜ ਕੇ ਭਾਣੇ ਵਿਚ ਜਿਊ ਸਕਣ ਦੇ ਸਮਰੱਥ ਹੋ ਗਿਆ ਸੀ। ਸ਼ਹੀਦੀਆਂ ਏਸੇ ਸੁਰ ਵਿਚ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।