ਕੁਦਰਤ ਕੌਰ
ਉਘੇ ਅਦਾਕਾਰ ਰਣਦੀਪ ਹੁੱਡਾ ਦੀ ਫਿਲਮ ‘ਸਵਤੰਤਰ ਵੀਰ ਸਾਵਰਕਰ’ 22 ਮਾਰਚ ਨੂੰ ਰਿਲੀਜ਼ ਹੋ ਗਈ। ਫਿਲਮ ਬਾਰੇ ਰਿਪੋਰਟਾਂ ਹਨ ਕਿ ਇਹ ਫਿਲਮ ਇਕਪਾਸੜ ਢੰਗ ਨਾਲ ਬਣਾਈ ਹੈ ਅਤੇ ਇਸ ਫਿਲਮ ਮਕਸਦ ਸਿਰਫ ਪ੍ਰਾਪੇਗੰਡਾ ਜਾਪਦਾ ਹੈ। ਯਾਦ ਰਹੇ ਕਿ ਸਾਵਰਕਰ ਨੂੰ ਹਿੰਦੂਤਵ ਵਿਚਾਰਾਂ ਦਾ ਪਿਤਾਮਾ ਮੰਨਿਆ ਜਾਂਦਾ ਹੈ।
ਜਦੋਂ ਤੋਂ 2014 ਵਿਚ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ, ਸਾਵਰਕਰ ਨੂੰ ਬਹੁਤ ਵੱਡੇ ਦੇਸ਼ਭਗਤ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੀ ਸਿਆਸੀ ਸਰਪ੍ਰਸਤ ਜਥੇਬੰਦੀ, ਰਾਸ਼ਟਰੀ ਅਵੈਮਸੇਵਕ ਸੰਘ (ਆਰ.ਐੱਸ.ਐੱਸ.) ਦਾ ਪੂਰਾ ਜ਼ੋਰ ਇਹ ਸਾਬਤ ਕਰਨ ‘ਤੇ ਲੱਗਿਆ ਹੋਇਆ ਕਿ ਸਾਵਰਕਰ ਨੇ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਸਮੁੱਚੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਜਦਕਿ ਹਕੀਕਤ ਇਹ ਹੈ ਕਿ ਆਰ.ਐੱਸ.ਐੱਸ. ਦੇ ਕਿਸੇ ਵੀ ਲੀਡਰ ਨੇ ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਨਹੀਂ ਲਿਆ। ਜਦੋਂ ਭਾਰਤ ਦੇ ਦੇਸ਼ਭਗਤ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦੇ ਰਹੇ ਸਨ ਤਾਂ ਆਰ.ਐੱਸ.ਐੱਸ. ਇਹ ਪ੍ਰਚਾਰ ਕਰ ਰਹੀ ਸੀ ਕਿ ਅੰਗਰੇਜ਼ਾਂ ਨਾਲ ਲੜ ਕੇ ਆਪਣੀ ਤਾਕਤ ਜਾਇਆ ਨਹੀਂ ਕਰਨੀ ਚਾਹੀਦੀ ਸਗੋਂ ਹਿੰਦੂ ਰਾਸ਼ਟਰ ਲਈ ਇਹ ਤਾਕਤ ਬਚਾ ਕੇ ਰੱਖਣੀ ਚਾਹੀਦੀ ਹੈ। ਇਹੀ ਪ੍ਰਚਾਰ ਹਿੰਦੂ ਮਹਾਂ ਸਭਾ ਕਰਦੀ ਸੀ ਜਿਸ ਦਾ ਕਰਤਾ-ਧਰਤਾ ਸਾਵਰਕਰ ਸੀ। ਜਦੋਂ ਸਿਆਸੀ ਸਰਗਰਮੀ ਕਾਰਨ ਸਾਵਰਕਰ ਨੂੰ ਕਾਲੇਪਾਣੀ ਦੀ ਸਜ਼ਾ ਹੋਈ ਸੀ ਤਾਂ ਉਹ ਅੰਗਰੇਜ਼ ਹਾਕਮਾਂ ਤੋਂ ਲਿਖਤੀ ਮੁਆਫੀ ਮੰਗ ਕੇ ਰਿਹਾਅ ਹੋ ਗਿਆ ਸੀ ਜਦਕਿ ਗਦਰੀ ਅੰਗਰੇਜ਼ਾਂ ਦੇ ਜ਼ੁਲਮਾਂ ਦਾ ਟਾਕਰਾ ਕਰ ਰਹੇ ਸਨ। ਇਹ ਸਭ ਇਤਿਹਾਸ ਇਸ ਫਿਲਮ ਵਿਚ ਲੁਕੋ ਲਿਆ ਗਿਆ ਹੈ।
ਇਸ ਫਿਲਮ ਵਿਚ ਗਾਂਧੀ ਦੇ ਕਤਲ ਨੂੰ ਬੜੇ ਉਚੇਚ ਨਾਲ ਫਿਲਮਾਇਆ ਗਿਆ ਹੈ। ਇਤਿਹਾਸ ਦੱਸਦਾ ਹੈ ਕਿ ਸਾਵਰਕਰ ਦੇ ਪ੍ਰੇਰਨ ‘ਤੇ ਹੀ ਨੱਥੂਰਾਮ ਗੌਡਸੇ ਨੇ ਗਾਂਧੀ ਦਾ ਕਤਲ ਕੀਤਾ ਸੀ। ਬਾਅਦ ਵਿਚ ਜਦੋਂ ਮੁਕੱਦਮਾ ਚੱਲਿਆ ਤਾਂ ਸ਼ੱਕ ਦੀ ਸੂਈ ਸਾਵਰਕਰ ਵੱਲ ਘੁੰਮੀ ਸੀ ਪਰ ਫਿਰ ਸਾਰਾ ਮਸਲਾ ਲਾਂਭੇ ਖਿਸਕਾ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ. ਚਿਰਾਂ ਤੋਂ ਨੱਥੂਰਾਮ ਗੌਡਸੇ ਦੀ ਮਹਿਮਾ ਕਰ ਰਹੀ ਹੈ। ਇਕ ਥਾਂ ਤਾਂ ਉਸ ਦੇ ਨਾਂ ‘ਤੇ ਮੰਦਰ ਵੀ ਬਣਾ ਦਿੱਤਾ ਗਿਆ ਹੈ।
ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਫਿਲਮਾਂ ਆ ਰਹੀਆਂ ਜਿਨ੍ਹਾਂ ਰਾਹੀਂ ਆਰ.ਐੱਸ.ਐੱਸ. ਦੀ ਵਿਚਾਰਧਾਰਾਂ ਦਾ ਦੱਬ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ‘ਸਵਤੰਤਰ ਵੀਰ ਸਾਵਰਕਰ’ ਵੀ ਅਜਿਹੀ ਹੀ ਫਿਲਮ ਹੈ। ਫਿਲਮ ਵਿਚ ਮੁੱਖ ਰੋਲ ਅਦਾਕਾਰ ਰਣਦੀਪ ਹੁੱਡਾ ਨੇ ਨਿਭਾਇਆ ਹੈ ਅਤੇ ਫਿਲਮ ਦਾ ਨਿਰਦੇਸ਼ਨ ਵੀ ਉਸ ਨੇ ਖੁਦ ਕੀਤਾ ਹੈ। ਫਿਲਮ ਦਾ ਨਿਰਮਾਤਾ ਵੀ ਰਣਦੀਪ ਹੁੱਡਾ ਆਪ ਹੀ ਹੈ। ਇਸ ਫਿਲਮ ਦੀ ਚਰਚਾ ਤਾਂ ਹੋਈ ਹੈ ਪਰ ਇਸ ਚਰਚਾ ਦੀ ਟੋਨ ਨਕਾਰਾਤਮਕ ਵਧੇਰੇ ਹੈ। ਸਾਰੇ ਫਿਲਮ ਆਲੋਚਕਾਂ ਨੇ ਇਸ ਨੂੰ ਇਕਪਾਸੜ ਫਿਲਮ ਕਰਾਰ ਦਿੱਤਾ ਹੈ। ਉਂਝ, ਰਣਦੀਪ ਹੁੱਡਾ ਦੀ ਅਦਾਕਾਰੀ ਦੀ ਸਭ ਨੇ ਤਾਰੀਫ ਕੀਤੀ ਹੈ। ਉਸ ਨੇ ਸਾਰਵਕਰ ਵਾਲਾ ਰੋਲ ਨਿਭਾਉਣ ਲਈ ਆਪਣਾ ਭਾਰ ਵੀ ਤਕਰੀਬਨ 26 ਕਿੱਲੋ ਘਟਾ ਲਿਆ ਸੀ।
ਰਣਦੀਪ ਹੁੱਡਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ ‘ਵੈਡਿੰਗ ਮਾਨਸੂਨ’ ਨਾਲ ਸਾਲ 2001 ਵਿਚ ਕੀਤੀ ਸੀ। ਉਸ ਦੀ ਇਕ ਹੋਰ ਫਿਲਮ ‘ਤੇਰਾ ਕਯਾ ਹੋਗਾ ਲਵਲੀ’ ਵੀ ਮਾਰਚ ਮਹੀਨੇ ਹੀ ਰਿਲੀਜ਼ ਹੋਈ ਪਰ ਇਸ ਦੀ ਬਹੁਤੀ ਚਰਚਾ ਨਹੀਂ ਹੋਈ।