ਦਸ ਕੁ ਮਿੰਟ ਦਾ ਫ਼ਾਸਲਾ

ਜਗਜੀਤ ਬਰਾੜ
ਫੋਨ: +1-925-984-3621
ਅਮਰੀਕਾ ਵੱਸਦੇ ਉਘੇ ਕਹਾਣੀਕਾਰ ਜਗਜੀਤ ਬਰਾੜ ਦਾ ਇਹ ਲੇਖ ਵੀ ਕਹਾਣੀ ਵਰਗਾ ਜਾਪਦਾ ਹੈ। ਇਸ ਲੇਖ ਵਿਚ ਉਹਨਾਂ ਨੇ ਉਹਨਾਂ ਪਲਾਂ ਦਾ ਜ਼ਿਕਰ ਕੀਤਾ ਹੈ ਜਦੋਂ ਬੰਦੇ ਨੂੰ ਜਾਪਦਾ ਹੈ ਕਿ ਉਸ ਦੀ ਆਖਰੀ ਅਲਵਿਦਾ ਦਾ ਵਕਤ ਆ ਗਿਆ ਹੈ। ਜਗਜੀਤ ਬਰਾੜ ਨੇ ਇਨ੍ਹਾਂ ਪਲਾਂ ਨੂੰ ਬੜੀ ਸੂਖਮਤਾ ਨਾਲ ਫੜਿਆ ਹੈ। ਲੇਖ ਵਿਚ ਮੈਡੀਕਲ ਸਾਇੰਸ ਨਾਲ ਸਬੰਧਤ ਜਿਸ ਤਰ੍ਹਾਂ ਦੀ ਚਰਚਾ ਸਾਹਮਣੇ ਆਈ ਹੈ, ਉਸ ਨਾਲ ਇਹ ਲੇਖ ਯਾਦਗਾਰੀ ਬਣ ਗਿਆ ਹੈ। ਇਹ ਦਿਲਚਸਪ ਲੇਖ ਅਸੀਂ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।

ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਇਕ ਦਿਨ ਮੈਂ ਜ਼ਿੰਦਗੀ ਦੀ ਛਿਣ ਭੰਗਰਤਾ ਦਾ ਅਹਿਸਾਸ ਏਨਾ ਨੇੜਿਓਂ ਕਰਾਂਗਾ। ਸੋ, ਇਸ ਬਾਰੇ ਸੁਣੋ। ਮੈਂ ਜੋ ਕਹਾਂਗਾ, ਉਹ ਕੁਛ ਤਾਂ ਮੇਰਾ ਆਪਣਾ ਅਨੁਭਵ ਹੈ ਅਤੇ ਕੁਛ ਮੇਰੀ ਵੱਡੀ ਬੇਟੀ ਮਾਨਿਕਾ ਅਤੇ ਡਾਕਟਰਾਂ ਤੋਂ ਪਤਾ ਲੱਗਾ ਹੈ।
ਵੀਰਵਾਰ, 20 ਅਕਤੂਬਰ 2022, ਰਾਤ ਦੇ ਦਸ ਵਜੇ ਮੈਂ ਆਪਣੇ ਸਟੱਡੀ ਕਮਰੇ ਵਿਚ ਕੰਪਿਊਟਰ `ਤੇ ਨਵੀਂ ਕਹਾਣੀ ਮੁਕੰਮਲ ਕਰਨ ਦੇ ਆਹਰ ਵਿਚ ਸਾਂ ਪਰ ਕਹਾਣੀ ਮੇਰੀ ਆਪਣੀ ਜ਼ਿੰਦਗੀ ਦੀ ਹੀ ਮੁਕੰਮਲ ਹੋ ਚੱਲੀ ਸੀ- ਸਬਬੀਂ ਬਚ ਗਈ। ਇਸ ਤਰ੍ਹਾਂ ਮੈਨੂੰ ਆਪਣੀ ਕਲਪਿਤ, ਅਧੂਰੀ ਕਹਾਣੀ ਮੁਕੰਮਲ ਕਰਨ ਦਾ ਇਕ ਹੋਰ ਮੌਕਾ ਮਿਲ ਗਿਆ।
ਜਦੋਂ ਉਸ ਰਾਤ ਮੈਂ ਕੰਪਿਊਟਰ `ਤੇ ਟਾਈਪ ਕਰ ਰਿਹਾ ਸਾਂ ਤਾਂ ਪਤਾ ਨਹੀਂ ਕੀ ਹੋਇਆ। ਮੈਨੂੰ ਕੁਛ ਵੀ ਯਾਦ ਨਹੀਂ ਪਰ ਜਦੋਂ ਹੋਸ਼ ਆਈ ਤਾਂ ਮੈਂ ਫ਼ਰਸ਼ `ਤੇ ਪਿਆ ਸਾਂ। ਜਦੋਂ ਡਿੱਗੇ ਪਏ ਨੇ ਮੈਂ ਚੁਫੇਰੇ ਦੇਖਿਆ ਤਾਂ ਅੱਖਾਂ ਅੱਗੇ ਧੁੰਦ ਸੀ। ਇਕ-ਦੋ (?) ਮਿੰਟਾਂ ਪਿੱਛੋਂ ਜਦੋਂ ਧੁੰਦ ਹਟ ਗਈ ਤਾਂ ਮੈਂ ਵੇਖਿਆ ਤਾਂ ਕੁਰਸੀ ਮੈਥੋਂ ਕੁਛ ਦੂਰ ਟੇਢੀ ਹੋਈ ਪਈ ਸੀ। ਸੋਚਿਆ ਕਿ ਮੈਂ ਤਾਂ ਬੇਹੋਸ਼ ਹੋ ਗਿਆ ਹੋਵਾਂਗਾ ਅਤੇ ਬੇਹੋਸ਼ੀ ਵਿਚ ਹੀ ਕੁਰਸੀ ਤੋਂ ਡਿੱਗ ਪਿਆ ਹੋਵਾਂਗਾ।
ਮੈਂ ਆਪਣੀ ਹਮਸਫ਼ਰ ਨਛੱਤਰ ਨੂੰ ਆਵਾਜ਼ ਮਾਰੀ। ਉਹ ਆਈ ਤਾਂ ਮੈਂ ਕਿਹਾ ਬੀ.ਪੀ. (ਬਲੱਡ ਪ੍ਰੈਸ਼ਰ) ਵੇਖਣ ਵਾਲੀ ਮਸ਼ੀਨ ਲੈ ਕੇ ਆ। ਪਿਛਲੇ ਛੀ ਕੁ ਮਹੀਨਿਆਂ ਤੋਂ ਮੈਨੂੰ ਬੀ.ਪੀ. ਦੀ ਸ਼ਿਕਾਇਤ ਸੀ, ਸੋ ਮੈਂ ਸੋਚਿਆ ਮੇਰਾ ਬੀ.ਪੀ. ਵਧ ਗਿਆ ਹੋਵੇਗਾ। ਜਦੋਂ ਬੀ.ਪੀ. ਵੇਖਿਆ ਤਾਂ ਉਹ ਨਾਰਮਲ ਸੀ ਪਰ ਨਬਜ਼ ਦੀ ਗਤੀ ਕੇਵਲ 44 ਸੀ। ਆਮ ਕਰ ਕੇ ਨਬਜ਼ ਦੀ ਇਕ ਮਿੰਟ ਦੀ ਔਸਤ ਗਤੀ 72 ਹੈ ਪਰ ਮੇਰੀ ਨਬਜ਼-ਗਤੀ 80 ਦੇ ਕਰੀਬ ਰਹਿੰਦੀ ਸੀ। ਪੰਜਾਂ ਮਿੰਟਾਂ ਬਾਅਦ ਗਤੀ 31 ਹੋ ਗਈ, ਫੇਰ ਅਗਲੇ ਪੰਜਾਂ ਮਿੰਟਾਂ ਪਿੱਛੋਂ 29 ਪਰ ਫੇਰ ਉਸ ਪਿੱਛੋਂ ਗਤੀ ਦਾ ਪਤਾ ਨਾ ਲੱਗ ਸਕਾ; ਉਹ ਏਨੀ ਘਟ ਚੁੱਕੀ ਸੀ ਕਿ ਮਸ਼ੀਨ ਦੱਸ ਨਹੀਂ ਸੀ ਰਹੀ। ਜਿੰਨਾ ਕੁ ਮਸ਼ੀਨ ਨੇ ਦੱਸਿਆ ਸੀ, ਉਸ ਮੁਤਾਬਕ ਮੇਰੀ ਨਬਜ਼ ਦੀ ਗਤੀ ਨਾਰਮਲ ਗਤੀ ਦੀ ਕੇਵਲ 36 ਪ੍ਰਤਿਸ਼ਤ ਰਹਿ ਗਈ ਸੀ।
ਉਸ ਸਮੇਂ ਤੱਕ ਰਾਤ ਦੇ 10:40 ਵੱਜ ਗਏ ਸਨ। ਨਛੱਤਰ ਨੇ ਸਾਡੀਆਂ ਦੋਹਾਂ ਬੇਟੀਆਂ ਨੂੰ ਫ਼ੋਨ ਕੀਤਾ। ਦੋਵੇਂ ਡਾਕਟਰ ਹਨ। ਸਾਡੀ ਵੱਡੀ ਬੇਟੀ ਮਾਨਿਕਾ ਦਾ ਘਰ ਸਾਥੋਂ ਕੇਵਲ ਪੰਜ ਮੀਲ ਹੈ। ਨਿਸਚੇ ਹੀ ਉਹ ਉਸ ਵਕਤ ਸੁੱਤੀ ਹੋਈ ਸੀ। ਉਹ ਜਦੋਂ ਸਾਡੇ ਘਰ ਪਹੁੰਚੀ ਤਾਂ 11:05 ਹੋ ਗਏ ਸਨ। ਉਸ ਦੇ ਆਉਣ ਤਾਈਂ ਮੈਂ ਕੁਛ ਠੀਕ ਹੋ ਗਿਆ ਸਾਂ। ਉਸ ਨੇ ਮੇਰੀ ਸਿਹਤ ਚੈੱਕ ਕੀਤੀ; ਮੇਰੀ ਛੋਟੀ ਧੀ ਪੈਮਿਲਾ ਨਾਲ ਸਲਾਹ ਕਰ ਕੇ ਮੈਨੂੰ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਲੈ ਜਾਣਾ ਮਿੱਥ ਲਿਆ। ਉਸ ਸਮੇਂ ਤੱਕ ਮੈਂ ਕੁਛ ਠੀਕ ਮਹਿਸੂਸ ਕਰਨ ਲੱਗ ਪਿਆ ਸਾਂ। ਸੋ ਮੈਂ ਆਪਣੇ ਕਮਰੇ ਵਿਚੋਂ, ਕਿਸੇ ਸਹਾਰੇ ਤੋਂ ਬਿਨਾ ਹੀ ਪੌੜੀਆਂ ਉੱਤਰਿਆ, ਮਾਨਿਕਾ ਦੀ ਕਾਰ ਵਿਚ ਜਾ ਬੈਠਾ ਅਤੇ ਬੈੱਲਟ ਲਾ ਲਈ। ਜਦੋਂ ਉਸ ਨੇ ਕਾਰ ਸਟਾਰਟ ਕੀਤੀ ਤਾਂ ਮੈਂ ਹੋਸ਼ ਵਿਚ ਸਾਂ ਪਰ ਕਾਰ ਤੁਰਨ ਤੋਂ ਪਹਿਲਾਂ ਹੀ ਮੈਂ ਫੇਰ ਬੇਹੋਸ਼ ਹੋ ਗਿਆ ਸਾਂ। ਮਾਨਿਕਾ ਨੇ ਬਾਅਦ ਵਿਚ ਦੱਸਿਆ ਕਿ ਪਹਿਲਾਂ ਤਾਂ ਮੈਂ ਪੰਜ-ਸੱਤ ਸਕਿੰਟ ਬਾਹਾਂ ਮਾਰਨ ਲੱਗ ਪਿਆ ਸਾਂ ਅਤੇ ਫੇਰ ਮੇਰਾ ਸਿਰ ਇਕ ਪਾਸੇ ਲੁਟਕ ਗਿਆ ਸੀ। ਉਹ ਮੈਨੂੰ ਕਹਿੰਦੀ ਰਹੀ, “ਡੈਡੀ! ਡੈਡੀ! ਵੇਕ ਅੱਪ!” ਉਸ ਨੇ ਦੱਸਿਆ ਕਿ ਮੈਨੂੰ ਦੋ ਮਿੰਟਾਂ ਪਿੱਛੋਂ ਹੋਸ਼ ਆਈ ਸੀ। ਮੇਰਾ ਜੀਅ ਖ਼ਰਾਬ ਹੋਣ ਲੱਗ ਪਿਆ; ਮੈਨੂੰ ਉਲਟੀ ਆ ਰਹੀ ਸੀ। ਮੈਂ ਮਾਨਿਕਾ ਨੂੰ ਕਾਰ ਸੜਕ ਦੇ ਇਕ ਪਾਸੇ ਕਰ ਕੇ ਰੋਕਣ ਲਈ ਕਿਹਾ ਪਰ ਉਸ ਨੇ ਕਾਰ ਨਾ ਰੋਕੀ। ਕਹਿੰਦੀ ਆਪਣੇ ਕੋਲ ਸਮਾਂ ਨਹੀਂ ਹੈ। ਮੈਨੂੰ ਤੌਲੀਆ ਫੜਾਉਂਦੀ ਨੇ ਕਿਹਾ ਕਿ ਉਲਟੀ ਮੈਂ ਕਾਰ ਵਿਚ ਹੀ ਕਰ ਲਵਾਂ। ਉਹ ਕਾਰ ਸਪੀਡ ਲਿਮਟ ਤੋਂ ਵੀ ਤੇਜ਼ ਚਲਾ ਰਹੀ ਸੀ, ਉਸ ਨੇ ਆਸੇ-ਪਾਸੇ ਵੇਖ ਕੇ ਦੋ ਵਾਰ ਲਾਲ ਬੱਤੀਆਂ ਵਿਚੋਂ ਵੀ ਕਾਰ ਲੰਘਾ ਲਈ ਸੀ।
ਜਦੋਂ ਅਸੀਂ ਐਮਰਜੈਂਸੀ ਵਿਭਾਗ ਦੇ ਬਾਹਰ ਪਹੁੰਚੇ ਤਾਂ 11:45 ਹੋ ਚੁੱਕੇ ਸਨ। ਮੈਂ ਕੁਛ ਹੋਸ਼ ਵਿਚ ਸਾਂ। ਮਾਨਿਕਾ ਛੇਤੀ-ਛੇਤੀ ਮੇਰੇ ਲਈ ਵ੍ਹੀਲ ਚੇਅਰ ਲੈ ਕੇ ਆਈ। ਚੇਅਰ ਵਿਚ ਬੈਠਦਿਆਂ ਹੀ ਮੈਂ ਉਸ ਨੂੰ ਕਿਹਾ, “ਫ਼ਿਊਨਰਲ ਸਮੇਂ ਮੇਰੇ ਉੱਤੇ ਮੇਰਾ ਪੀਐੱਚਡੀ ਵਾਲਾ ਗਾਊਨ ਪਾਈਂ।” ਉਹ ਕਹਿੰਦੀ, “ਨੋਅ ਡੈਡੀ, ਆਈ ਵੈਂਟ ਲੈੱਟ ਯੂ ਗੋ ਦੇਅਰ, ਨਾਅਟ ਸੈੱਟ। ਜਸਟ ਰੀਲੈਕਸ।” ਜਦੋਂ ਅਸੀਂ ਐਮਰਜੈਂਸੀ ਰੂਮ ਨੂੰ ਜਾ ਰਹੇ ਸਾਂ ਤਾਂ ਮਾਨਿਕਾ ਨੇ ਹਸਪਤਾਲ ਨੂੰ ਰਾਹ ਵਿਚੋਂ ਹੀ ਫ਼ੋਨ ਕਰ ਦਿੱਤਾ ਸੀ, ਉਹ ਵੀ ਆਪਣੇ ਮਰੀਜ਼ ਜਿਨ੍ਹਾਂ ਦੀ ਉਸ ਨੇ ਸਰਜਰੀ ਕਰਨੀ ਹੋਵੇ, ਓਸੇ ਹਸਪਤਾਲ ਵਿਚ ਦਾਖ਼ਲ ਕਰਦੀ ਹੈ।
ਐਮਰਜੈਂਸੀ ਰੂਮ ਵਿਚ ਸਾਰ ਮੈਂ ਵੇਖਿਆ ਤਾਂ ਸਾਹਮਣੀ ਕੰਧ ਨਾਲ ਚਾਰ ਮਸ਼ੀਨਾਂ ਪਈਆਂ ਸਨ ਅਤੇ ਹੋਰ ਵੀ ਕੁਛ ਡੀਵਾਈਸਾਂ ਸਨ। ਇਕ ਕੰਧ `ਤੇ ਲਾਲ ਰੰਗ ਦੇ ਬੱਲਬਾਂ ਦੀ ਲੜੀ ਸੀ। ਮਾਨਿਕਾ ਦੀ ਜਾਣ-ਪਛਾਣ ਕਰ ਕੇ ਐਮਰਜੈਂਸੀ ਰੂਮ ਵਿਚ ਇਕ ਡਾਕਟਰ, ਪੰਜ ਨਰਸਾਂ ਅਤੇ ਦੋ ਟੈਕਨੀਕਲ ਬੰਦਿਆਂ ਦੀ ਟੀਮ ਪਹਿਲਾਂ ਹੀ ਹਾਜ਼ਰ ਸੀ। ਉਹਨਾਂ ਨੇ ਆਪਣੇ-ਆਪਣੇ ਕੰਮ ਵੰਡੇ ਹੋਏ ਸਨ। ਜਦੋਂ ਹੀ ਮੈਨੂੰ ਮੇਜ਼ `ਤੇ ਪਾ ਲਿਆ ਗਿਆ, ਉਹ ਫੁਰਤੀ ਨਾਲ ਇਕੋ ਸਮੇਂ ਆਪਣਾ-ਆਪਣਾ ਕੰਮ ਕਰਨ ਲੱਗ ਪਏ। ਮੇਰਾ ਬੀ.ਪੀ. ਅਤੇ ਨਬਜ਼ ਦੀ ਗਤੀ ਵੇਖੀ ਜਾ ਰਹੇ ਸਨ; ਮੇਰੀ ਸੱਜੀ ਬਾਂਹ ਵਿਚ ਆਈ.ਵੀ. ਲਾਈ ਗਈ ਸੀ ਅਤੇ ਖੱਬੀ ਵਿਚ ਦੋ; ਟੈੱਸਟ ਕਰਨ ਲਈ ਬਲੱਡ ਲਿਆ ਜਾ ਰਿਹਾ ਸੀ; ਮੈਨੂੰ ਆਕਸੀਜਨ ਦਿੱਤੀ ਜਾ ਰਹੀ ਸੀ; ਇਕੋ ਸਮੇਂ ਟੈਂਪਰੇਚਰ, ਐਕਸ-ਰੇ, ਇਲੈੱਕਟਰੋਕਾਰਡੀਓਗਰਾਮ ਵੇਖਣ ਦਾ ਸਿਲਸਿਲਾ ਚੱਲ ਰਿਹਾ ਸੀ। ਇਲੈੱਕਟਰੋਕਾਰਡੀਓਗਰਾਮ ਨਬਜ਼ ਦੀ ਗਤੀ ਦਾ ਗ਼ਰਾਫ਼ ਬਣਾਈ ਜਾਂਦਾ ਸੀ ਜੋ ਨਾਲ ਦੀ ਨਾਲ, ਇਕ-ਇਕ ਪਲ ਪਿੱਛੋਂ, ਕਾਗਜ਼ `ਤੇ ਪ੍ਰਿੰਟ ਹੋਈ ਜਾਂਦਾ ਸੀ। ਇਸ ਪ੍ਰਕਾਰ ਨਬਜ਼ ਜਾਂ ਹਾਰਟ ਬੀਟ ਭਾਵ ਦਿਲ ਦੀ ਧੜਕਣ ਦੀ ਗਤੀ ਦਾ ਪਤਾ ਲੱਗੀ ਜਾਂਦਾ ਸੀ। ਜਿੰਨੀ ਘੱਟ ਗਤੀ, ਓਨਾ ਹੀ ਵੱਧ ਖ਼ਤਰਾ। ਐਮਰਜੈਂਸੀ ਰੂਮ ਵਿਚ ਪਹੁੰਚਣ ਬਾਅਦ, ਤਿੰਨਾਂ ਕੁ ਮਿੰਟਾਂ ਪਿੱਛੋਂ ਅਲਾਰਮ ਵੱਜਣ ਲੱਗ ਪਿਆ ਅਤੇ ਕੰਧ `ਤੇ ਲੱਗੇ ਲਾਲ ਰੰਗ ਦੇ ਬੋਲਬ ਛੇਤੀ-ਛੇਤੀ ਜਗਣ-ਬੁਝਣ ਲੱਗ ਪਏ।
ਮੈਨੂੰ ਅਗਲੇ ਦਿਨ ਪਤਾ ਲੱਗਾ ਕਿ ਅਲਾਰਮ ਮੈਨੂੰ ਖ਼ਤਰਾ ਵਧ ਜਾਣ ਕਰ ਕੇ ਵੱਜਣ ਲੱਗ ਪਿਆ ਸੀ ਤਾਂ ਕਿ ਜੇ ਕੋਈ ਹੋਰ ਡਾਕਟਰ ਜਾਂ ਨਰਸ ਨੇੜੇ ਹੋਣ ਤਾਂ ਉਹ ਵੀ ਆ ਜਾਣ। ਅਲਾਰਮ ਵੱਜਦਿਆਂ ਸਾਰ ਹੀ ਮੈਂ ਇਕਦਮ ਮਹਿਸੂਸ ਕੀਤਾ ਜਿਵੇਂ ਮੇਰੀ ਛਾਤੀ ਦੇ ਖੱਬੇ ਪਾਸੇ, ਦਿਲ ਤੋਂ ਉਤਾਂਹ ਦੀਆਂ ਪੱਸਲੀਆਂ ਉੱਤੇ, ਬਹੁਤ ਜ਼ੋਰ ਨਾਲ ਹਥੌੜਾ ਵੱਜਾ ਹੋਵੇ ਅਤੇ ਦਿਲ ਦਾ ਹੇਠਲਾ ਪਾਸਾ ਕਿਸੇ ਚੀਜ਼ ਨੇ ਘੁੱਟ ਲਿਆ ਹੋਵੇ। ਹਥੌੜੇ ਦੇ ਉਸ ਅਹਿਸਾਸ ਅਤੇ ਦਿਲ-ਘੁਟਣ ਦੀ ਪੀੜ ਏਨੀ ਸੀ ਕਿ ਮੈਂ ਕੁਰਲਾ ਉੱਠਿਆ ਸਾਂ। ਮਾਨਿਕਾ ਨੇ ਮੈਨੂੰ ਆਸਰਾ ਦੇਣ ਲਈ ਮੇਰਾ ਇਕ ਹੱਥ ਘੁੱਟ ਕੇ ਫੜ ਲਿਆ ਸੀ। ਨਿਸਚੇ ਹੀ ਮੈਨੂੰ ਉਸ ਦਾ ਬਹੁਤ ਆਸਰਾ ਮਹਿਸੂਸ ਹੁੰਦਾ ਸੀ। ਇਕ ਲਮਹੇ ਪਿੱਛੋਂ ਫੇਰ ਉਹੀ ਹਥੌੜਾ, ਫੇਰ ਉਹੀ ਦਰਦ; ਫੇਰ ਉਹੀ ਹਥੌੜਾ, ਫੇਰ ਉਹੀ ਦਰਦ। ਇਹ ਸਿਲਸਿਲਾ ਕਿੰਨਾ ਕੁ ਚਿਰ ਚੱਲਦਾ ਰਿਹਾ? ਮੈਂ ਕਹਿ ਨਹੀਂ ਸਕਦਾ ਪਰ ਸਮਾਂ ਭਾਵੇਂ ਕਿੰਨਾ ਵੀ ਥੋੜ੍ਹਾ ਸੀ, ਬਹੁਤ ਲੰਮਾ ਜਾਪਦਾ ਸੀ। ਮੈਂ ਮੈਡੀਕਲ ਟੀਮ ਨੂੰ ਉੱਚੀ ਆਵਾਜ਼ ਵਿਚ ਕਿਹਾ, “ਪਲੀਜ਼, ਗਿਵ ਮੀ ਪੇਨਕਿੱਲਰ।” ਪੇਨਕਿੱਲਰ ਤਾਂ ਉਹਨਾਂ ਨੇ ਪਹਿਲਾਂ ਹੀ ਦੇ ਦਿੱਤਾ ਸੀ ਪਰ ਉਸ ਦਾ ਅਜੇ ਅਸਰ ਨਹੀਂ ਸੀ ਹੋਇਆ। ਜਦੋਂ ਅਸਰ ਹੋਇਆ ਤਾਂ ਹਥੌੜੇ ਦੀ ਸੱਟ ਅਤੇ ਦਰਦ ਕੁਛ ਘਟ ਗਏ ਸਨ। ਉਸ ਪਿੱਛੋਂ ਜੋ ਹੋਇਆ, ਉਸ ਦਾ ਪਤਾ ਮੈਨੂੰ ਅਗਲੀ ਸਵੇਰ ਲੱਗਾ।
ਐਮਰਜੈਂਸੀ ਰੂਮ ਵਿਚ ਜਦੋਂ ਮੇਰੇ ਹਥੌੜਾ ਜਿਹਾ ਵੱਜਣ ਲੱਗਾ ਸੀ ਤਾਂ ਉਸ ਸਮੇਂ ਮੇਰੇ ਦਿਲ ਦੀ ਧੜਕਣ ਰੁਕ ਗਈ ਸੀ। ਡਾਕਟਰਾਂ ਅਨੁਸਾਰ ਮੇਰੀ ਸਥਿਤੀ ਕੰਪਲੀਟ ਹਾਰਟ ਬਲਾਕ ਸੀ। ਸੋ ਧੜਕਣ ਬਹਾਲ ਕਰਨ ਲਈ ਡਾਕਟਰ ਮੇਰੇ ਦਿਲ ਨੂੰ ਬਿਜਲੀ ਦੇ ਸ਼ੌਕ ਦੇ ਰਹੇ ਸਨ। ਉਹ ਇਕ ਜੰਤਰ ਨਾਲ ਬਹੁਤ ਹੀ ਥੋੜ੍ਹੇ-ਥੋੜ੍ਹੇ ਵਕਫ਼ੇ ਪਿੱਛੋਂ, ਬਿਜਲੀ ਦਾ ਕਰੰਟ ਲਾਈ ਜਾਂਦੇ ਸਨ ਜੋ ਮੈਨੂੰ ਹਥੌੜਾ ਵੱਜਣ ਵਾਂਗ ਲੱਗਦਾ ਸੀ- ਮੈਨੂੰ ਨਵੀਂ ਜ਼ਿੰਦਗੀ ਦੇਣ ਵਾਲਾ ਹਥੌੜਾ।
ਕੁਛ ਚਿਰ ਪਿੱਛੋਂ ਮੈਨੂੰ ਐੱਨਸਥੀਸੀਆ ਦਿੱਤਾ ਗਿਆ ਜਿਸ ਨਾਲ ਲਗਭਗ ਤਿੰਨ ਘੰਟਿਆਂ ਲਈ ਮੇਰੀ ਹੋਂਦ ਸੌਂ ਗਈ ਸੀ। ਐੱਨਸਥੀਸੀਆ ਦੇ ਅਸਰ ਹੇਠ ਦਰਦ ਮੇਰੇ ਜਿਸਮ ਵਿਚ ਰਜਿਸਟਰ ਨਹੀਂ ਸੀ ਹੋ ਰਿਹਾ। ਉਸ ਸਥਿਤੀ `ਚੋਂ ਮੈਂ ਬਾਹਰ ਕਦੋਂ ਆਇਆ? ਅਗਲੇ ਦਿਨ ਸਵੇਰ ਦੇ ਪੌਣੇ ਚਾਰ ਵਜੇ ਮੈਨੂੰ ਹੋਸ਼ ਆਈ ਸੀ।
ਐਮਰਜੈਂਸੀ ਰੂਮ ਦੇ ਡਾਕਟਰਾਂ ਅਤੇ ਮੈਡੀਕਲ ਟੀਮ ਨੇ ਮੇਰੇ ਓਥੇ ਪਹੁੰਚਣ ਸਮੇਂ ਹੀ ਜਾਣ ਲਿਆ ਸੀ ਕਿ ਸਿਲਸਿਲਾ ਮੇਰੇ ਦਿਲ ਵਿਚਲੀ ਕੁਦਰਤੀ ਬਣਦੀ ਬਿਜਲੀ ਵਿਚ ਕਿਸੇ ਨੁਕਸ ਸੀ ਜਿਸ ਦਾ ਕਰੰਟ ਪਲ-ਪਲ ਪਿਛੋਂ ਦਿਲ ਦੇ ਚੈਂਬਰਾਂ ਨਾਲ ਲੱਗ ਕੇ ਨਬਜ਼ ਚਲਾਉਂਦਾ ਹੈ; ਜਾਂ ਤਾਂ ਬਿਜਲੀ ਠੀਕ ਮਿਕਦਾਰ ਵਿਚ ਨਹੀਂ ਬਣ ਰਹੀ ਜਾਂ ਉਸ ਦੇ ਪ੍ਰਵਾਹ ਵਿਚ ਰੁਕਾਵਟ ਆ ਰਹੀ ਸੀ। ਇਹ ਠੀਕ ਕਰਨ ਲਈ ਮੈਨੂੰ ਸਰਜਰੀ ਦੀ ਅਤੇ ਕਾਰਡੀਆਲੌਜਿਕ ਸਰਜਨ ਦੀ ਤਤਪਰ ਲੋੜ ਸੀ ਪਰ ਐਮਰਜੈਂਸੀ ਰੂਮ ਵਿਚ ਕੋਈ ਸਪੈਸ਼ਲਿਸਟ ਡਾਕਟਰ ਨਹੀਂ ਹੁੰਦਾ। ਜਿਸ ਤਰ੍ਹਾਂ ਦੇ ਸਪੈਸ਼ਲਿਸਟ ਦੀ ਲੋੜ ਹੋਵੇ, ਉਹ ਬੁਲਾ ਲੈਂਦੇ ਹਨ। ਸੋ ਉਹਨਾਂ ਕਾਰਡੀਆਲੌਜਿਸਟ ਬੁਲਾ ਲਿਆ ਜਿਸ ਦੀਆਂ ਸੇਵਾਵਾਂ ਹਸਪਤਾਲ ਨੇ ਪਹਿਲਾਂ ਹੀ ਮਨਜ਼ੂਰ ਕੀਤੀਆਂ ਸਨ। ਕਾਰਡੀਆਲੌਜਿਸਟ ਨੂੰ ਐਮਰਜੈਂਸੀ ਰੂਮ ਵਿਚ ਪਹੁੰਚਣ ਲਈ ਘੱਟੋ-ਘੱਟ ਅੱਧਾ ਘੰਟਾ ਲੱਗ ਗਿਆ ਹੋਵੇਗਾ। ਉਸ ਨੇ ਮੇਰੀ ਨਬਜ਼ ਗਤੀ ਅਤੇ ਦਿਲ ਦੀ ਧੜਕਣ ਤੇਜ਼ ਕਰਨ ਲਈ ਕੋਈ ਸਰਜੀਕਲ ਪ੍ਰੋਸੀਜਰ ਕਰਨਾ ਸੀ ਜਿਸ ਨਾਲ ਬਿਜਲੀ ਦਾ ਕਰੰਟ ਦਿਲ ਦੇ ਚੈਂਬਰਾਂ ਤਾਈਂ ਠੀਕ ਸਮੇਂ ਪਹੁੰਚਣ ਲੱਗ ਜਾਣਾ ਸੀ ਤਾਂ ਕਿ ਜਦੋਂ ਵੀ ਗਤੀ ਹੌਲ਼ੀ ਹੋ ਜਾਣੀ ਸੀ ਤਾਂ ਉਸ ਨੂੰ ਤੇਜ਼ ਕਰਨ ਲਈ ਦਿਲ ਨੂੰ ਆਪਣੇ ਆਪ ਕਰੰਟ ਲੱਗ ਜਾਣਾ ਸੀ। ਇਹ ਸਾਰਾ ਸਮਾਂ ਮੈਂ ਐੱਨਸਥੀਸੀਏ ਨਾਲ ਸ਼ਰਾਬੀ ਹੋਇਆ ਮਸਤ ਰਿਹਾ ਸਾਂ।
ਇਸ ਪ੍ਰੋਸੀਜਰ ਲਈ ਸਰਜਨ ਨੇ ਮੇਰੀ ਧੌਣ ਦੀ ਇਕ ਨਾੜੀ (ਵੇਨ) ਰਤਾ ਕੁ ਕੱਟ ਕੇ ਉਸ ਵਿਚੋਂ ਇਕ ਬਾਰੀਕ ਤਾਰ ਪਾ ਕੇ ਉਸ ਦਾ ਇਕ ਸਿਰਾ ਦਿਲ ਨਾਲ ਜੋੜਨਾ ਸੀ ਅਤੇ ਦੂਜਾ ਵਿਸ਼ੇਸ਼ ਡੀਵਾਈਸ ਨਾਲ ਜੋ ਮੇਰੇ ਜਿਸਮ ਦੇ ਬਾਹਰ, ਦਿਲ ਵਾਲੇ ਪਾਸੇ, ਸਕਿਨ ਉੱਪਰ ਲਾਉਣੀ ਸੀ ਪਰ ਐਮਰਜੈਂਸੀ ਰੂਮ ਵਿਚ ਕੇਵਲ ਆਰਜ਼ੀ ਆਪਰੇਸ਼ਨ ਹੀ ਕੀਤਾ ਜਾ ਸਕਦਾ ਸੀ। ਸੋ ਸਰਜਨ ਨੇ ਤਾਰ, ਸੱਚੀਮੁੱਚੀ ਦੀ ਤਾਰ, ਜੋ ਟਾਈਟੇਨੀਅਮ ਧਾਤ ਦੀ ਸੀ, ਦਾ ਇਕ ਪਾਸਾ ਵੇਨ ਵਿਚ ਪਰੋ ਕੇ, ਉਸ ਨੂੰ ਹੌਲ਼ੀ-ਹੌਲ਼ੀ ਦਿਲ ਨਾਲ ਜੋੜਨਾ ਸੀ ਪਰ ਇਸ ਪ੍ਰਕਾਰ ਦਾ ਆਪਰੇਸ਼ਨ ਐਮਰਜੈਂਸੀ ਰੂਮ ਵਿਚ ਨਹੀਂ ਕੀਤਾ ਜਾ ਸਕਦਾ ਸੀ। ਉਂਝ ਉਸ ਰੂਮ ਵਿਚ ਕਾਰਡੀਆਲੌਜਿਸਟ ਨੇ ਕਿਸੇ ਤਰ੍ਹਾਂ ਨਬਜ਼ ਗਤੀ ਸਥਿਰ ਕਰ ਦਿੱਤੀ ਸੀ ਪਰ ਇਹ ਸਾਰਾ ਪ੍ਰਬੰਧ ਆਰਜ਼ੀ ਸੀ, ਇਕ-ਦੋ ਦਿਨਾਂ ਲਈ।
ਜਦੋਂ ਐੱਨਸਥੀਸੀਆ ਦਾ ਨਸ਼ਾ ਲਹਿ ਗਿਆ ਅਤੇ ਮੈਨੂੰ ਹੋਸ਼ ਆਈ ਤਾਂ ਦੋ ਆਦਮੀ ਮੈਨੂੰ ਪਹੀਆਂ ਵਾਲੇ ਬੈੱਡ `ਤੇ ਪਾ ਕੇ ਕਿਧਰੇ ਲਈ ਜਾ ਰਹੇ ਸਨ। ਮੈਂ ਪੁੱਛਿਆ, “ਆਰ ਯੂ ਟੇਕਿੰਗ ਮੀ ਫ਼ਾਰ ਐਨ ਆਪਰੇਸ਼ਨ?” ਇਕ ਬੰਦੇ ਨੇ ਜਵਾਬ ਦਿੱਤਾ, “ਯੂ ਵਰ ਟੈਂਪ੍ਰੇਰੇਲੀ ਟੇਕਨ ਕੇਅਰ ਔਫ਼ ਇਨ ਦੀ ਐਮਰਜੈਂਸੀ ਰੂਮ। ਨਾਓ ਵੀ ਆਰ ਟੇਕਿੰਗ ਯੂ ਟੂ ਐਨ ਇਨਟੈਂਸਿਵ ਕੇਅਰ ਯੂਨਿਟ।” ਸੋ ਉਹ ਮੈਨੂੰ ਇਕ ਵਿਸ਼ੇਸ਼ ਕਮਰੇ ਵਿਚ ਲੈ ਗਏ। ਜਿੰਨਾ ਚਿਰ ਮੈਂ ਹਸਪਤਾਲ ਵਿਚ ਸਾਂ, ਉਸੇ ਕਮਰੇ ਵਿਚ ਹੀ ਰਿਹਾ ਸਾਂ। ਅਜਿਹੇ ਕਮਰੇ ਵਿਚ ਕੇਵਲ ਗੰਭੀਰ ਹਾਲਤ ਵਾਲੇ ਮਰੀਜ਼ ਹੀ ਰੱਖੇ ਜਾਂਦੇ ਹਨ। ਉਹਨਾਂ ਦੀ ਦੇਖ-ਭਾਲ ਲਈ ਨਰਸ ਚੌਵੀ ਘੰਟੇ ਡਿਊਟੀ `ਤੇ ਰਹਿੰਦੀ ਹੈ। ਉਸ ਕਮਰੇ ਵਿਚ ਮੇਰੇ ਨਾਲ ਦੋ ਮਸ਼ੀਨਾਂ ਜੋੜ ਦਿੱਤੀਆਂ ਗਈਆਂ ਸਨ। ਇਕ ਲਗਾਤਾਰ ਮੇਰਾ ਬੀ.ਪੀ. ਅਤੇ ਨਬਜ਼ ਗਤੀ ਚੈੱਕ ਕਰੀ ਜਾਂਦੀ ਸੀ ਅਤੇ ਦੂਜੀ ਆਕਸੀਜਨ ਦੀ ਖਪਤ-ਦਰ। ਲੋੜ ਅਨੁਸਾਰ, ਨਰਸ ਸਮੇਂ ਸਿਰ ਦਵਾਈਆਂ ਦੇ ਦਿੰਦੀ ਸੀ। ਜਦੋਂ ਮੈਨੂੰ ਉਸ ਕਮਰੇ ਵਿਚ ਲਿਜਾਇਆ ਗਿਆ ਸੀ ਤਾਂ ਰਾਤ ਦੇ ਕੇਵਲ ਦੋ ਕੁ ਘੰਟੇ ਹੀ ਬਾਕੀ ਰਹਿੰਦੇ ਸਨ ਪਰ ਮੈਨੂੰ ਨੀਂਦ ਨਹੀਂ ਸੀ ਆਈ।
ਸ਼ੁੱਕਰਵਾਰ 21 ਅਕਤੂਬਰ ਨੂੰ ਸਵੇਰ ਦੇ ਸਾਢੇ ਸੱਤ ਵਜੇ ਹੀ ਮੇਰੇ ਟੈੱਸਟ ਫੇਰ ਸ਼ੁਰੂ ਹੋ ਗਏ। ਬਲੱਡ ਟੈੱਸਟ, ਐਕਸ-ਰੇ, ਯੂਰਿਨ ਟੈੱਸਟ, ਇਲੈੱਕਟਰੋਕਾਰਡੀਓਗਰਾਮ। ਬਾਅਦ ਦੁਪਹਿਰ ਦੋ ਵਜੇ ਮੇਰੇ ਪਰਮਾਨੈਂਟ ਪੇਸਮੇਕਰ ਪੈਣਾ ਸੀ। ਪੇਸਮੇਕਰ ਨੂੰ ਪਲੱਸ ਜੈਨਰੇਟਰ ਵੀ ਕਿਹਾ ਜਾਂਦਾ ਹੈ। ਇਹ ਅਜਿਹੀ ਡੀਵਾਈਸ ਹੈ ਜੋ ਹਰ ਵਕਤ ਨਬਜ਼ ਦੀ ਗਤੀ ਮਾਨੀਟਰ ਕਰਦੀ ਰਹਿੰਦੀ ਹੈ। ਜੇ, ਜਾਂ ਜਦੋਂ ਨਬਜ਼ ਦੀ ਗਤੀ ਘਟ ਜਾਵੇ ਤਾਂ ਪੇਸਮੇਕਰ ਦਿਲ ਨੂੰ ਕਰੰਟ ਲਾ ਕੇ ਨਬਜ਼ ਦੀ ਗਤੀ ਤੇਜ਼ ਕਰ ਦਿੰਦਾ ਹੈ।
ਸ਼ੁੱਕਰਵਾਰ ਦੋ ਵਜੇ ਮੇਰਾ ਆਪਰੇਸ਼ਨ ਕਰ ਕੇ ਪਰਮਾਨੈਂਟ ਪੇਸਮੇਕਰ ਪਾਉਣਾ ਸੀ। ਸਰਜਨ ਲਈ ਸਾਰਾ ਸਿਲਸਿਲਾ ਪਹਿਲਾਂ ਤਿਆਰ ਕਰਨ ਲਈ ਮੈਨੂੰ ਆਪਰੇਸ਼ਨ ਥੀਏਟਰ ਵਿਚ ਇਕ ਵਜੇ ਲਿਜਾਇਆ ਗਿਆ। ਓਥੇ ਮੇਰੇ ਨਾਲ ਦੋ ਮਸ਼ੀਨਾਂ ਜੋੜੀਆਂ ਗਈਆਂ। ਇਕ ਨਰਸ ਮੈਨੂੰ ਕਹਿੰਦੀ, “ਮੈਂ ਤੇਰੇ ਦੋਹਾਂ ਹੱਥਾਂ ਵਿਚ ਬਰੇਸਲੈੱਟ ਭਾਵ ਕੰਗਣ ਪਾਉਣੇ ਹਨ।” ਮੈਂ ਸੋਚਿਆ, ਉਹ ਸ਼ੁਗਲ ਕਰਦੀ ਹੋਵੇਗੀ ਪਰ ਨਹੀਂ। ਉਸ ਨੇ ਕੰਗਣ ਪਾ ਕੇ ਮੇਰੇ ਹੱਥ ਆਪਰੇਸ਼ਨ ਟੇਬਲ ਦੇ ਦੋਹੀਂ ਪਾਸੀਂ ਬੰਨ੍ਹ ਦਿੱਤੇ। ਕਿਉਂ? ਮੈਂ ਭਗੌੜਾ ਤਾਂ ਨਹੀਂ ਸੀ ਹੋ ਸਕਦਾ। ਹੱਥ ਇਸ ਲਈ ਬੰਨ੍ਹੇ ਸਨ ਕਿ ਆਪਰੇਸ਼ਨ ਦੀ ਜਗ੍ਹਾ ਖੱਬੀ ਕੱਛ ਦੇ ਨੇੜੇ ਹੋਣ ਕਾਰਨ, ਮੈਂ ਕਿਧਰੇ ਅਚੇਤੇ ਹੀ ਬਾਹਾਂ ਨਾ ਹਿਲਾ ਲਵਾਂ ਜਿਸ ਕਾਰਨ ਆਪਰੇਸ਼ਨ ਸਮੇਂ ਸਰਜਨ ਦੇ ਹੱਥ ਜਾਂ ਔਜ਼ਾਰ ਹਿੱਲ ਜਾਣ।
ਇਕ ਹੋਰ ਨਰਸ ਨੇ ਮੋਟੇ ਨੀਲੇ ਕਾਗਜ਼ ਜਿਸ ਵਿਚ ਨਿੱਕੇ-ਨਿੱਕੇ ਸੁਰਾਖ਼ ਸਨ, ਦੀ ਆਰਜ਼ੀ ਛਤਰੀ ਬਣਾ ਕੇ ਮੇਰਾ ਮੂੰਹ ਅਤੇ ਸਿਰ ਢੱਕ ਦਿੱਤੇ ਸਨ ਜਿਸ ਕਰ ਕੇ ਮੇਰਾ ਸਾਹ ਬੰਦ ਹੁੰਦਾ ਜਾਪਦਾ ਸੀ। ਮੈਂ ਉਸ ਨੂੰ ਕਿਹਾ ਕਿ ਮੇਰੇ `ਤੇ ਰਤਾ ਰਹਿਮ ਕਰ। ਉਹ ਕਹਿੰਦੀ, “ਛੇਤੀ ਹੀ ਐੱਨਸਥੀਸੀਆ ਤੇਰੇ `ਤੇ ਰਹਿਮ ਕਰ ਦੇਵੇਗਾ।” ਉਹੋ ਗੱਲ ਹੋਈ; ਕੁਛ ਸਕਿੰਟਾਂ ਪਿੱਛੋਂ ਮੈਂ ਬੇਹੋਸ਼ ਹੋ ਗਿਆ, ਐੱਨਸਥੀਸੀਏ ਦੇ ਰਹਿਮ ਕਾਰਨ ਸਾਹ ਬੰਦ ਹੋਣ ਦਾ ਅਹਿਸਾਸ ਨਾ ਰਿਹਾ। ਸਰਜਨ ਕਦੋਂ ਆਇਆ ਅਤੇ ਆਪਰੇਸ਼ਨ ਕਦੋਂ ਮੁੱਕਾ? ਇਸ ਦਾ ਮੈਨੂੰ ਕੋਈ ਗਿਆਨ ਨਹੀਂ। ਹਰ ਆਪਰੇਸ਼ਨ ਸਮੇਂ ਮੁੱਖ ਸਰਜਨ ਨਾਲ ਸਹਾਇਕ ਸਰਜਨ ਵੀ ਹੁੰਦਾ ਹੈ ਜੋ ਮੇਰੀ ਬੇਟੀ ਮਾਨਿਕਾ ਸੀ। ਮੈਨੂੰ ਉਸ ਦੇ ਆਪਰੇਸ਼ਨ ਥੀਏਟਰ ਵਿਚ ਹੋਣ ਦਾ ਅਗਾਊਂ ਪਤਾ ਸੀ। ਸੋ ਉਸ ਦੇ ਓਥੇ ਹੋਣ ਦਾ ਮੈਨੂੰ ਭਾਵਾਤਮਕ ਸੁੱਖ ਸੀ।
ਸਰਜਨ ਨੇ ਮੇਰੀ ਧੌਣ ਦੀ ਇਕ ਵੇਨ ਰਤਾ ਕੁ ਕੱਟ ਕੇ ਉਸ ਵਿਚੋਂ ਪੇਸਮੇਕਰ ਦੀਆਂ ਟਾਈਟੇਨੀਅਮ ਧਾਤ ਦੀਆਂ ਦੋ ਤਾਰਾਂ ਲੰਘਾ ਕੇ ਦਿਲ ਦੇ ਦੋ ਚੈਂਬਰਾਂ ਨਾਲ ਜੋੜ ਦਿੱਤੀਆਂ ਸਨ। ਇਹ ਵੇਖਣ ਲਈ ਕਿ ਤਾਰਾਂ ਠੀਕ ਰਾਹ `ਤੇ ਜਾ ਰਹੀਆਂ ਸਨ, ਉਹਨਾਂ ਅੱਗੇ ਲੱਗਾ ਜੰਤਰ ਫਲੇਰੋਸਕੋਪ ਵੇਨ ਵਿਚ ਰੌਸ਼ਨੀ ਕਰ ਕੇ ਸਰਜਨ ਦਾ ਰਾਹ ਪ੍ਰਦਰਸ਼ਿਤ ਕਰੀ ਜਾਂਦਾ ਸੀ।
ਪੇਸਮੇਕਰ ਛਾਤੀ ਦੇ ਖੱਬੇ ਪਾਸੇ ਦਿਲ ਤੋਂ ਉਤਾਂਹ, ਹੱਸੀ ਜਾਂ ਹੱਸਲੀ ਹੇਠ ਪਾਇਆ/ਰੱਖਿਆ ਗਿਆ ਸੀ। ਸੋ ਸਰਜਨ ਨੇ ਮੇਰੀ ਸਕਿਨ ਹੇਠ, ਸਭ ਤੋਂ ਉੱਪਰਲੀ ਪੱਸਲੀ ਦੇ ਪੱਠੇ ਵਿਚ ਪਾਕੇਟ ਜਾਂ ਜੇਬ ਜਿਹੀ ਬਣਾ ਕੇ ਉਸ ਵਿਚ ਪੇਸਮੇਕਰ ਰੱਖ ਕੇ ਜ਼ਖ਼ਮ ਸਿਉਂ ਦਿੱਤਾ ਸੀ। ਪੇਸਮੇਕਰ ਮਾਚਸ ਦੀ ਡੱਬੀ ਤੋਂ ਵੀ ਕਾਫ਼ੀ ਤਲਾ ਹੈ ਜਿਸ ਵਿਚ ਬਹੁਤ ਛੋਟੀ ਬੈਟਰੀ ਜਾਂ ਸੈੱਲ ਹੈ। ਇਸ ਸੈੱਲ ਦੀ ਜ਼ਿੰਦਗੀ ਲਗਭਗ ਦਸ ਸਾਲ ਹੈ। ਜੇ ਦਸ ਸਾਲ ਮੇਰਾ ਸਾਹ ਚੱਲਦਾ ਰਿਹਾ ਤਾਂ ਨਵਾਂ ਪੇਸਮੇਕਰ ਪਾਉਣਾ ਹੋਵੇਗਾ। ਰੱਬ ਕਰੇ ਏਵੇਂ ਹੀ ਹੋਵੇ। ਪੇਸਮੇਕਰ ਤਿੰਨ ਭਾਂਤਾਂ ਦੇ ਹਨ। ਜੋ ਮੇਰੇ ਪਾਇਆ ਗਿਆ, ਉਸ ਦੀਆਂ ਦੋ ਤਾਰਾਂ ਹਨ ਜੋ ਮੇਰੇ ਦਿਲ ਦੇ ਦੋ ਚੈਂਬਰਾਂ ਨਾਲ ਜੋੜੀਆਂ ਗਈਆਂ ਹਨ। ਉਂਜ ਦਿਲ ਦੇ ਚਾਰ ਚੈਂਬਰ ਹਨ। ਕਮਾਲ ਇਹ ਹੈ ਕਿ ਦਿਲ ਦਾ ਆਪਣਾ ਬਿਜਲਈ ਪ੍ਰਬੰਧ ਹੈ। ਇਸ ਤਸਵੀਰ ਦੇ ਆਰ.ਏ. ਚੈਂਬਰ ਦੇ ਉਪਰ ਵਿਚ ਮੱਕੀ ਦੇ ਦਾਣੇ ਜਿਹੀ ਥਾਂ ਵਿਚ ਕੁਦਰਤੀ ਬਿਜਲੀ ਬਣਦੀ ਹੈ ਜੋ ਦਿਲ ਦੇ ਚੈਂਬਰਾਂ ਨੂੰ ਦਿਲ ਦੇ ਹੀ ਪੱਠਿਆਂ ਦੇ ਬਾਰੀਕ ਧਾਗਿਆਂ ਵਰਗੇ ਰੇਸ਼ਿਆਂ ਰਾਹੀਂ ਪਹੁੰਚਦੀ ਰਹਿੰਦੀ ਹੈ। ਮੇਰੇ ਦਿਲ ਦੇ ਬਿਜਲਈ ਪ੍ਰਬੰਧ ਵਿਚ ਵਿਘਨ ਪੈ ਗਿਆ ਸੀ ਜਿਸ ਕਰ ਕੇ ਕਦੇ-ਕਦੇ ਚੈਂਬਰਾਂ ਵਿਚ ਕਰੰਟ ਪਹੁੰਚਣ `ਚ ਦੇਰ ਹੋ ਜਾਂਦੀ ਸੀ।
ਤਸਵੀਰ ਦੇ ਸੱਜੇ ਪਾਸੇ ਉਪਰ ਵੱਲ ਦਿਲ ਤੋਂ ਰਤਾ ਕੁ ਦੂਰ ਭੂਰੇ ਅਤੇ ਚਿੱਟੇ ਰੰਗ ਦੀ ਜੋ ਡੀਵਾਈਸ ਹੈ, ਉਹ ਹੈ ਪੇਸਮੇਕਰ। ਉਸ ਵਿਚੋਂ ਸੁਰਮਈ ਰੰਗ ਦੀਆਂ ਦੋ ਤਾਰਾਂ ਧੌਣ ਦੀ ਇਕ ਵੇਨ ਵਿਚੋਂ ਲੰਘਾ ਕੇ ਦਿਲ ਦੇ ਦੋ ਚੈਂਬਰਾਂ ਨਾਲ ਬਹੁਤ ਛੋਟੇ ਪੇਚਾਂ ਨਾਲ ਜੋੜੀਆਂ ਗਈਆਂ ਸਨ- ਹਾਂ, ਪੇਚਾਂ ਨਾਲ! ਫੇਰ ਪੇਸਮੇਕਰ ਛਾਤੀ ਵਿਚ ਬਣਾਈ ਪਾਕੇਟ ਵਿਚ ਰੱਖ ਕੇ ਜ਼ਖ਼ਮ ਸਿਉਂ ਦਿੱਤਾ ਗਿਆ ਸੀ। ਸੋ ਜਦੋਂ ਦਿਲ ਦੀ ਆਪਣੀ ਬਿਜਲੀ ਵਿਚ ਕੋਈ ਰੁਕਾਵਟ ਹੋ ਜਾਵੇ ਅਤੇ ਨਬਜ਼ ਦੀ ਦਰ ਘਟ ਜਾਵੇ ਤਾਂ ਪੇਸਮੇਕਰ ਦਾ ਸੈੱਲ ਨਬਜ਼ ਤੇਜ਼ ਕਰਨ ਲਈ ਆਪਣੇ-ਆਪ ਬਿਜਲੀ ਸਪਲਾਈ ਕਰ ਦਿੰਦਾ ਹੈ।
ਆਪਰੇਸ਼ਨ ਦੇ ਚੌਵੀ ਘੰਟਿਆਂ ਪਿੱਛੋਂ ਮੈਂ ਘਰ ਆ ਸਕਦਾ ਸੀ ਪਰ ਮੇਰੀ ਬੇਟੀ ਨੇ ਇਹਤਿਆਤ ਰੱਖਦਿਆਂ ਮੈਨੂੰ ਹਸਪਤਾਲ ਇਕ ਦਿਨ ਹੋਰ ਠਹਿਰਾ ਦਿੱਤਾ ਸੀ। ਘਰ ਆਉਣ ਤੋਂ ਪਹਿਲਾਂ ਹਸਪਤਾਲ ਨੇ ਮੈਨੂੰ ਮੋਬਾਈਲ ਫੋਨ ਜਿੱਡੀ ਵਿਸ਼ੇਸ਼ ਡੀਵਾਈਸ ਦਿੱਤੀ ਸੀ ਜੋ ਮੈਂ ਆਪਣੇ ਬੈੱਡ ਦੇ ਸਿਰਹਾਣੇ ਵਾਲੇ ਪਾਸੇ ਇਕ ਨਿੱਕੇ ਟੇਬਲ `ਤੇ ਰੱਖ ਲਈ ਹੈ। ਉਹ ਰਾਤ ਨੂੰ ਮੇਰੇ ਸੁੱਤੇ ਹੋਏ ਦੀ ਨਬਜ਼ ਦੀ ਗਤੀ ਹਰ ਵਕਤ ਮਾਨੀਟਰ ਕਰੀ ਜਾਂਦੀ ਹੈ ਅਤੇ ਗਤੀ ਦਾ ਡੈਟਾ ਲਗਾਤਾਰ, ਆਪਣੇ-ਆਪ ਹਸਪਤਾਲ ਨੂੰ ਰੀਲੇਅ ਹੋਈ ਜਾਂਦਾ ਹੈ, ਸ਼ਾਇਦ ਇਸ ਲਈ ਕਿ ਜੇ ਮੇਰੀ ਜ਼ਿੰਦਗੀ ਦੀ ਖੇਡ ਸੁੱਤੇ ਪਏ ਦੀ ਮੁੱਕ ਗਈ ਤਾਂ ਉਹਨਾਂ ਨੂੰ ਉਸ ਦਾ ਕਾਰਨ ਸਮਝ ਆ ਸਕੇ। ਸੋ ਹੁਣ, ਮਸ਼ੀਨ ਨਾਲ ਬੱਝੀ ਮੇਰੀ ਜ਼ਿੰਦਗੀ ਤਾਰਾਂ ਸਹਾਰੇ ਲਟਕ ਰਹੀ ਹੈ- ਤਾਰਾਂ ਸਹਾਰੇ? ਇਹ ਸੋਚਦਿਆਂ ਹੀ ਮੈਨੂੰ ਪੰਜਾਬ `ਚ ਮੇਰੇ ਪਿੰਡ ਨੂੰ ਜਾਂਦੀ ਬਿਜਲੀ ਦੇ ਖੰਭਿਆਂ ਦੀਆਂ ਤਾਰਾਂ ਯਾਦ ਆ ਜਾਂਦੀਆਂ ਹਨ।
ਕੰਪਿਊਟਰ ਸਾਹਵੇਂ ਬੈਠੇ ਦੇ ਬੇਹੋਸ਼ੀ ਵਿਚ ਅਚਾਨਕ ਡਿੱਗ ਪੈਣ ਅਤੇ ਹਸਪਤਾਲੋਂ ਘਰ ਵਾਪਸ ਆਉਣ ਤੱਕ ਜੋ ਮੇਰੇ ਨਾਲ ਵਾਪਰਿਆ ਸੀ, ਉਸ ਦੀ ਨਾ ਮੈਨੂੰ ਕੋਈ ਘਬਰਾਹਟ ਹੋਈ, ਨਾ ਕੋਈ ਡਰ ਅਤੇ ਨਾ ਹੀ ਫ਼ਿਕਰ ਹੋਇਆ ਸੀ। ਇਉਂ ਜਾਪਦਾ ਸੀ ਜਿਵੇਂ ਮੈਂ ਪਾਸੇ ਖੜ੍ਹ ਕੇ ਕੋਈ ਖੇਡ ਵੇਖ ਰਿਹਾ ਹੋਵਾਂ। ਹੁਣ ਮੈਂ ਸੋਚਦਾ ਹਾਂ ਕਿ ਕਿੰਨੇ ਬੰਦੇ ਹਉਮੈ ਦੇ ਸ਼ਰਾਬੀ ਹੋਏ ਆਪਣੇ ਸਿਰਾਂ ਵਿਚ ਏਨੀ ਹਵਾ ਭਰੀ ਫਿਰਦੇ ਹਨ ਕਿ ਉਹ ਉਹਨਾਂ ਦੇ ਮੋਢਿਆਂ ਦੇ ਮੇਚ ਨਹੀਂ ਆਉਂਦੇ। ਸ਼ਾਇਦ ਉਹਨਾਂ ਨੂੰ ਹਿੰਦੂ ਮਿੱਥ ਦੇ ਰਾਵਨ ਵਾਕੁਰ ਮੌਤ ਕਿੱਲੇ ਨਾਲ ਬੰਨ੍ਹ ਲੈਣ ਦਾ ਹੰਕਾਰ ਹੋਵੇ ਪਰ ਜ਼ਿੰਦਗੀ ਤਾਂ ਛਿਣ ਭੰਗਰੀ ਹੈ। ਇਹ ਭਾਂਡਾ ਤਾਂ ਰੇਤ ਦਾ ਹੈ। ਬੱਸ ਏਨਾ ਹੀ ਕਿ ਨਬਜ਼ ਧੜਕੀ ਨਾ ਧੜਕੀ! ਜੇ ਮੇਰੀ ਬੇਟੀ ਮੈਨੂੰ ਲੈ ਕੇ ਐਮਰਜੈਂਸੀ ਰੂਮ ਵਿਚ ਪਹੁੰਚਣ ਵਿਚ ਦਸ ਕੁ ਮਿੰਟ ਲੇਟ ਹੋ ਜਾਂਦੀ ਤਾਂ ਤਮਾਸ਼ਾ ਰਾਹ ਵਿਚ ਹੀ ਮੁੱਕ ਜਾਣਾ ਸੀ ਅਤੇ ਮੇਰੇ ਇਹ ਹਰਫ਼ ਸਦਾ ਲਈ ਬ੍ਰਹਿਮੰਡ ਵਿਚ ਭਟਕਦੇ ਰਹਿਣੇ ਸਨ। ਸੋ ਮੇਰੀ ਜ਼ਿੰਦਗੀ ਅਤੇ ਨਾ-ਜ਼ਿੰਦਗੀ ਵਿਚਲਾ ਫ਼ਾਸਲਾ ਕੇਵਲ ਦਸ ਕੁ ਮਿੰਟ ਹੀ ਰਹਿ ਗਿਆ ਸੀ। ਮੈਂ ਖ਼ੁਸ਼ਕਿਸਮਤ ਹਾਂ ਅਤੇ ਪ੍ਰਾਰਥਕ ਵੀ, ਮਾਨਿਕਾ ਵਰਗੀਆਂ ਧੀਆਂ ਪਰਮਾਤਮਾ ਹਰ ਮਾਂ-ਬਾਪ ਨੂੰ ਦੇਵੇ ਅਤੇ ਪੇਸਮੇਕਰ ਲੋੜ ਸਮੇਂ ਮੇਰੇ ਦਿਲ ਨੂੰ ਬਿਜਲੀ ਪਹੁੰਚਾਉਂਦਾ ਰਹੇ।