ਅਮਰੀਕਾ ‘ਚ ਸਰਕਾਰੀ ਵਿਭਾਗਾਂ ਦਾ ਕੰਮਕਾਜ ਠੱਪ

ਸਿਹਤ ਸੰਭਾਲ ਪ੍ਰੋਗਰਾਮ ਬਣਿਆ ਅੜਿੱਕਾ
ਵਾਸ਼ਿੰਗਟਨ: ਅਮਰੀਕਾ ਵਿਚ ਬਜਟ ਨੂੰ ਲੈ ਕੇ ਰਾਜਨੀਤਕ ਅੜਿੱਕੇ ਕਾਰਨ ਲਗਭਗ 18 ਸਾਲ ਬਾਅਦ ਪਹਿਲੀ ਵਾਰ ਸਰਕਾਰੀ ਵਿਭਾਗਾਂ ਦਾ ਕੰਮਕਾਜ ਠੱਪ ਹੋ ਗਿਆ ਹੈ। ਇਹ ਸੰਕਟ ਮੁੱਖ ਰੂਪ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਿਹਤ ਸੰਭਾਲ ਪ੍ਰੋਗਰਾਮ ‘ਤੇ ਖਰਚ ਨੂੰ ਲੈ ਕੇ ਵਿਰੋਧੀ ਪਾਰਟੀ ਰਿਪਬਲਿਕਨ ਅਤੇ ਸੱਤਾਧਾਰੀ ਡੈਮੋਕਰੈਟ ਸੰਸਦ ਮੈਂਬਰਾਂ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਪੈਦਾ ਹੋਇਆ ਹੈ। ਇਹ ਪ੍ਰੋਗਰਾਮ ਓਬਾਮਾ ਕੇਅਰ ਵਜੋਂ ਮਸ਼ਹੂਰ ਹੈ। ਦੋਵਾਂ ਧਿਰਾਂ ‘ਚੋਂ ਕਿਸੇ ਵੱਲੋਂ ਵੀ ਆਪਣੇ ਰੁਖ ਤੋਂ ਪਿੱਛੇ ਨਾ ਹਟਣ ਕਾਰਨ ਰਾਸ਼ਟਰਪਤੀ ਭਵਨ ਤੋਂ ਹੁਕਮ ਜਾਰੀ ਕਰਨਾ ਪਿਆ ਕਿ ਫੈਡਰਲ ਸਰਕਾਰ ਦੀਆਂ ਏਜੰਸੀਆਂ ਦਾ ਕੰਮਕਾਜ ਬੰਦ ਕਰ ਦਿੱਤਾ ਗਿਆ ਹੈ। ਇਸ ਹੁਕਮ ਨਾਲ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਹਾਲ ਦੀ ਘੜੀ ਛੁੱਟੀ ‘ਤੇ ਜਾਣਾ ਪਿਆ ਹੈ ਅਤੇ ਕਈ ਸੇਵਾਵਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਸਥਿਤੀ 1995-96 ਵਿਚ ਪੈਦਾ ਹੋਈ ਸੀ। ਇਸੇ ਦੌਰਾਨ ਬਰਾਕ ਓਬਾਮਾ ਨੇ ਹਥਿਆਰਬੰਦ ਸੈਨਾਵਾਂ ਦੇ ਨਾਂ ਵੀਡੀਓ ਸੰਦੇਸ਼ ਜਾਰੀ ਕਰ ਕੇ ਕਿਹਾ ਕਿ ਸੰਸਦ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਇਹ ਬਜਟ ਪਾਸ ਕਰਨ ‘ਚ ਨਾਕਾਮ ਰਹੀ ਹੈ, ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਸਾਡੀ ਸਰਕਾਰ ਨੂੰ ਤਦ ਤਕ ਕੰਮ ਬੰਦ ਕਰਨਾ ਪੈ ਰਿਹਾ ਜਦੋਂ ਤਕ ਸੰਸਦ ਪੈਸੇ ਦੀ ਮਨਜ਼ੂਰੀ ਨਹੀਂ ਦਿੰਦੀ। ਇਹ ਸੰਦੇਸ਼ ਸਰਕਾਰੀ ਕੰਮਕਾਜ ਬੰਦ ਕਰਨ ਦਾ ਫ਼ੈਸਲਾ ਲਾਗੂ ਕੀਤੇ ਜਾਣ ਤੋਂ ਕੁਝ ਦੇਰ ਬਾਅਦ ਜਾਰੀ ਕੀਤਾ ਗਿਆ।
ਸ੍ਰੀ ਓਬਾਮਾ ਨੇ ਕਿਹਾ ਕਿ ਸਾਡੀ ਕੌਮੀ ਸੁਰੱਖਿਆ ਲਈ ਖਤਰਾ ਟਲਿਆ ਨਹੀਂ ਅਤੇ ਤੁਸੀਂ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਚੌਕਸ ਰਹਿਣਾ ਹੈ। ਅਫਗਾਨਿਸਤਾਨ ਅਪਰੇਸ਼ਨ ਵਰਗੀਆਂ ਇਸ ਸਮੇਂ ਚਲ ਰਹੀਆਂ ਸੈਨਿਕ ਕਾਰਵਾਈਆਂ ਨੂੰ ਜਾਰੀ ਰੱਖਿਆ ਜਾਵੇਗਾ। ਜੇ ਤੁਸੀਂ ਦੇਸ਼ ਤੋਂ ਦੂਰ ਖਤਰੇ ਵਿਚ ਰਹਿ ਕੇ ਸੇਵਾ ਕਰ ਰਹੇ ਹੋ ਤਾਂ ਅਸੀਂ ਵੀ ਇਹ ਯਕੀਨੀ ਬਣਾਵਾਂਗੇ ਕਿ ਤੁਹਾਨੂੰ ਵੀ ਉਹ ਕੁਝ ਉਪਲਬਧ ਹੋਵੇ ਜੋ ਤੁਹਾਡੇ ਮਿਸ਼ਨ ਨੂੰ ਕਾਮਯਾਬ ਕਰਨ ਲਈ ਜ਼ਰੂਰੀ ਹੈ। ਰਾਸ਼ਟਰਪਤੀ ਨੇ ਸੈਨਿਕਾਂ ਨੂੰ ਭਰੋਸਾ ਦਿੱਤਾ ਕਿ ਇਸ ਅੜਿੱਕੇ ਕਾਰਨ ਉਨ੍ਹਾਂ ਦੀ ਤਨਖਾਹ ਅਤੇ ਉਨ੍ਹਾਂ ਦੇ ਪਰਿਵਾਰ ਕਲਿਆਣ ‘ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾਵੇਗਾ।
ਬਜਟ ਵਿਭਾਗ ਦੇ ਡਾਇਰੈਕਟਰ ਸਿਲਵੀਆ ਮੈਥਿਊਜ਼ ਬਰਵੇਲ ਨੇ ਦੱਸਿਆ ਕਿ ਏਜੰਸੀਆਂ ਨੂੰ ਪੈਸੇ ਖਰਚ ਕਰਨ ਦੀ ਮਨਜ਼ੂਰੀ ਨਾ ਹੋਣ ਕਾਰਨ ਫੈਡਰਲ ਸਰਕਾਰ ਦੇ ਕੰਮਕਾਜ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਕੰਮਕਾਜ ਠੱਪ ਹੋਣ ਦਾ ਮਤਲਬ ਕੌਮੀ ਪਾਰਕ ਬੰਦ ਰਹਿਣਗੇ, ਖਾਣ ਵਾਲੀਆਂ ਚੀਜ਼ਾਂ ਦੀ ਜਾਂਚ ਦਾ ਕੰਮ ਬੰਦ ਰਹੇਗਾ। ਸਰਕਾਰੀ ਦਫ਼ਤਰਾਂ ਵਿਚ ਕਾਗਜ਼ੀ ਕਾਰਵਾਈ ਹੌਲੀ ਹੋ ਜਾਵੇਗੀ ਅਤੇ ਫੈਡਰਲ ਸਰਕਾਰ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਘਰ ਬਿਠਾ ਦਿੱਤਾ ਜਾਵੇਗਾ, ਉਨ੍ਹਾਂ ਨੂੰ ਕੰਮਕਾਜ ਠੱਪ ਰਹਿਣ ਦੇ ਸਮੇਂ ਦੀ ਤਨਖਾਹ ਨਹੀਂ ਮਿਲੇਗੀ।

Be the first to comment

Leave a Reply

Your email address will not be published.