ਨਿਊ ਯਾਰਕ (ਪੰਜਾਬ ਟਾਈਮਜ਼ ਬਿਊਰੋ): ਭਾਰਤ ਦੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੀ ਅਮਰੀਕਾ ਫੇਰੀ ਦੌਰਾਨ ਹਿੰਦ-ਪਾਕਿ ਰਿਸ਼ਤਿਆਂ ਵਿਚ ਕੁੜੱਤਣ ਦਾ ਮਾਮਲਾ ਭਾਰੂ ਰਿਹਾ। ਇਸ ਦੌਰਾਨ ਭਾਰਤ ਅਤੇ ਅਮਰੀਕਾ ਨੇ ਸਿਵਲ ਪਰਮਾਣੂ ਊਰਜਾ ਬਾਰੇ ਪਹਿਲਾ ਵਪਾਰਕ ਸਮਝੌਤਾ ਵੀ ਕੀਤਾ। ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨਾਲ ਗੱਲਬਾਤ ਤੋਂ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਸਿਵਲ ਪਰਮਾਣੂ ਊਰਜਾ ਬਾਰੇ ਪਹਿਲਾ ਵਪਾਰਕ ਸਮਝੌਤਾ ਕੀਤਾ ਹੈ। ਉਹ ਸਿਵਲ ਪਰਮਾਣੂ ਊਰਜਾ ਦੇ ਮੁੱਦੇ ‘ਤੇ ਵਿਕਾਸ ਚਾਹੁੰਦੇ ਹਨ ਅਤੇ ਅਸਲ ਵਿਚ ਅਮਰੀਕੀ ਕੰਪਨੀ ਤੇ ਭਾਰਤੀ ਸਿਵਲ ਪਰਮਾਣੂ ਊਰਜਾ ਵੱਲੋਂ ਮਿਲੇ ਕੇ ਕੀਤੇ ਜਾ ਰਹੇ ਕੰਮ ਕਾਰਨ ਇਸ ਦੇ ਯੋਗ ਹੋਏ ਹਨ। ਭਾਰਤੀ ਕੰਪਨੀ ਐਨæਪੀæਸੀæਆਈæਐਲ਼ (ਭਾਰਤੀ ਪਰਮਾਣੂ ਊਰਜਾ ਕਾਰਪੋਰੇਸ਼ਨ) ਤੇ ਅਮਰੀਕੀ ਕੰਪਨੀ ਵੈਸਟਿੰਗ ਹਾਊਸ ਨੇ ਸਮਝੌਤਾ ਕੀਤਾ ਹੈ ਜੋ ਭਾਰਤ ਵਿਚ ਪਰਮਾਣੂ ਪਲਾਂਟ ਲਾਉਣ ਲਈ ਰਸਤਾ ਤਿਆਰ ਕਰੇਗਾ, ਹਾਲਾਂਕਿ ਇਸ ਸਮਝੌਤੇ ਨੂੰ ਲੈ ਕੇ ਕਾਫ਼ੀ ਰੌਲਾ-ਰੱਪਾ ਵੀ ਪਿਆ ਸੀ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਮਰੀਕੀ ਕੰਪਨੀਆਂ ਨੂੰ ਭਾਰਤ ਦੇ ਬੁਨਿਆਦੀ ਢਾਂਚੇ ਤੇ ਰੱਖਿਆ ਸੈਕਟਰਾਂ ਸਣੇ ਹੋਰ ਖੇਤਰਾਂ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਾਫ ਕੀਤਾ ਕਿ ਦੇਸ਼ ਦੀਆਂ ਆਰਥਿਕ ਨੀਤੀਆਂ ਵਿਚ ਕਿਧਰੇ ਕੋਈ ਕਮਜ਼ੋਰੀ ਨਹੀਂ ਹੈ ਪਰ ਕੌਮਾਂਤਰੀ ਹਾਲਾਤ ਨੇ ਗਲਤਫਹਿਮੀ ਪੈਦਾ ਕਰ ਦਿੱਤੀ ਹੈ। ਉਂਜ, ਇਸ ਫੇਰੀ ਦੌਰਾਨ ਭਾਰਤ-ਪਾਕਿ ਸਬੰਧਾਂ ਵਿਚ ਆਈ ਕੁੜੱਤਣ ਦਾ ਮਾਮਲਾ ਅਹਿਮ ਰਿਹਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਇਜਲਾਸ ਦੌਰਾਨ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਕਰਨੀ ਚਾਹੁੰਦਾ ਹੈ ਤੇ ਉਹ ਭਾਰਤ ਨਾਲ ਉਸਾਰੂ ਗੱਲਬਾਤ ਦਾ ਚਾਹਵਾਨ ਹੈ। ਉਨ੍ਹਾਂ ਇਸ ਦੌਰਾਨ ਕਸ਼ਮੀਰ ਮੁੱਦਾ ਵੀ ਚੁੱਕਿਆ ਤੇ ਇਸ ਮਾਮਲੇ ਵਿਚ ਯੂæਐਨæ ਦੇ ਦਖ਼ਲ ਦੀ ਮੰਗ ਕੀਤੀ।
ਸੰਯੁਕਤ ਰਾਸ਼ਟਰ ਵਿਚ ਆਪਣੇ ਸੰਬੋਧਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀ ਧਰਤੀ ਉਤੇ ਅਤਿਵਾਦੀ ਤਾਣੇ-ਬਾਣੇ ਨੂੰ ਠੱਪ ਕਰ ਦੇਵੇ। ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਤੇ ਭਾਰਤ ਦੀ ਖੇਤਰੀ ਅਖੰਡਤਾ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋ ਸਕਦਾ। ਡਾæ ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲੋਂ ਕਸ਼ਮੀਰ ਮਸਲੇ ‘ਤੇ ਮਤਾ ਲਿਆਉਣ ਦੀ ਮੰਗ ਨੂੰ ਨਕਾਰਦਿਆਂ ਕਿਹਾ ਕਿ ਭਾਰਤ ਸਾਰੇ ਮਸਲਿਆਂ ਦਾ ਹੱਲ ਸ਼ਿਮਲਾ ਸਮਝੌਤੇ ਦੇ ਆਧਾਰ ‘ਤੇ ਕਰਨ ਦੇ ਹੱਕ ਵਿਚ ਹੈ।
ਉਧਰ, ਦੋਵਾਂ ਮੁਲਕਾਂ ਨੇ ਇਸ ਦੌਰੇ ਨੂੰ ਸ਼ੁਭ ਸੰਕੇਤ ਕਰਾਰ ਦਿੰਦਿਆਂ ਜਿੱਥੇ ਚੰਗੇ ਭਵਿੱਖ ਦੀ ਆਸ ਪ੍ਰਗਟਾਈ ਹੈ, ਉਥੇ ਡਾæ ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਨਵਾਜ਼ ਸ਼ਰੀਫ ਨਾਲ ਮੁਲਾਕਾਤ ਦੌਰਾਨ ਸਪਸ਼ਟ ਕਰ ਦਿੱਤਾ ਕਿ ਦੋਵਾਂ ਦੇਸ਼ਾਂ ਵਿਚਾਲੇ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਦੀ ਪ੍ਰਕਿਰਿਆ ਤਾਂ ਹੀ ਸ਼ੁਰੂ ਹੋਵੇਗੀ ਜੇ ਪਾਕਿਸਤਾਨ ਕੰਟਰੋਲ ਰੇਖਾ ‘ਤੇ ਜੰਗਬੰਦੀ ਦੀ ਉਲੰਘਣਾ ਤੇ ਪਾਕਿ ਜ਼ਮੀਨ ਤੋਂ ਭਾਰਤ ਵਿਰੁੱਧ ਚੱਲ ਰਹੀਆਂ ਅਤਿਵਾਦੀ ਸਰਗਰਮੀਆਂ ਨੂੰ ਮੁਕੰਮਲ ਤੌਰ ‘ਤੇ ਬੰਦ ਕਰੇ। ਦੋਵਾਂ ਨੇਤਾਵਾਂ ਵਿਚਾਲੇ ਇਕ ਘੰਟੇ ਤੱਕ ਚੱਲੀ ਮੀਟਿੰਗ ਦੌਰਾਨ ਕੋਈ ਵੱਡੀ ਗੱਲ ਸਾਹਮਣੇ ਨਹੀਂ ਆਈ, ਹਾਲਾਂਕਿ ਇਹ ਐਲਾਨ ਕੀਤਾ ਗਿਆ ਕਿ ਦੋਵਾਂ ਦੇਸ਼ਾਂ ਦੇ ਮਿਲਟਰੀ ਅਪ੍ਰੇਸ਼ਨ ਦੇ ਡਾਇਰੈਕਟਰ ਜਨਰਲ (ਡੀæਜੀæਐਮæਓæ) ਸਰਹੱਦ ‘ਤੇ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਸਪਸ਼ਟ ਯੋਜਨਾ ਬਣਾਉਣਗੇ ਤੇ ਅਜਿਹਾ ਰਸਤਾ ਤਿਆਰ ਕੀਤਾ ਜਾਵੇਗਾ ਕਿ ਅਜਿਹੀਆਂ ਘਟਨਾਵਾਂ ਦੁਹਰਾਈਆਂ ਨਾ ਜਾਣ, ਹਾਲਾਂਕਿ ਇਸ ਲਈ ਕੋਈ ਠੋਸ ਸਮਾਂ ਸੀਮਾ ਤੈਅ ਨਹੀਂ ਕੀਤੀ।
ਨਵਾਜ਼ ਸ਼ਰੀਫ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨਾਲ ਮੁਲਾਕਾਤ ਕਰ ਰਹੇ ਡਾæ ਮਨਮੋਹਨ ਸਿੰਘ ਨੇ ਇਸ ਮੀਟਿੰਗ ਵਿਚ ਪਾਕਿਸਤਾਨ ਦੀ ਜ਼ਮੀਨ ਤੋਂ ਚੱਲ ਰਹੀਆਂ ਅਤਿਵਾਦੀ ਸਰਗਰਮੀਆਂ ਨੂੰ ਰੋਕਣ ਦਾ ਮੁੱਦਾ ਬੜੇ ਪ੍ਰਭਾਵੀ ਤਰੀਕੇ ਨਾਲ ਉਠਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ, ਸਿਆਚਿਨ ਤੇ ਸਰ ਕਰੀਕ ਵਰਗੇ ਅਹਿਮ ਮਸਲਿਆਂ ਦੇ ਹੱਲ ਨਾਲ ਹੀ ਇਲਾਕੇ ਵਿਚ ਸ਼ਾਂਤੀ ਆ ਸਕਦੀ ਹੈ। ਇਸ ਮੌਕੇ ਨਵਾਜ਼ ਸ਼ਰੀਫ ਨੇ ਬਲੋਚਿਸਤਾਨ ਤੇ ਪਾਕਿਸਤਾਨ ਦੇ ਹੋਰ ਇਲਾਕਿਆਂ ਵਿਚ ਭਾਰਤੀ ਦਖਲਅੰਦਾਜ਼ੀ ਦੀ ਗੱਲ ਕੀਤੀ ਜਿਸ ਨੂੰ ਭਾਰਤ ਨੇ ਸਿਰੇ ਤੋਂ ਨਕਾਰ ਦਿੱਤਾ।
———————-
ਅਮਰੀਕੀ ਅਦਾਲਤ ਵੱਲੋਂ ਡਾæ ਮਨਮੋਹਨ ਸਿੰਘ ਨੂੰ ਸੰਮਨ
ਵਾਸ਼ਿੰਗਟਨ: ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ਇਕ ਸਿੱਖ ਜਥੇਬੰਦੀ ਦੀਆਂ ਕੋਸ਼ਿਸ਼ਾਂ ‘ਤੇ ਅਦਾਲਤ ਨੇ ਸੰਮਨ ਜਾਰੀ ਕਰ ਦਿੱਤੇ। ਇਹ ਸੰਮਨ 1990 ਵਿਚ ਪੰਜਾਬ ਵਿਚ ਅਤਿਵਾਦ ਵਿਰੁੱਧ ਕਾਰਵਾਈ ਦੌਰਾਨ ਵੱਡੇ ਪੱਧਰ ਉੱਤੇ ਹੋਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਸਬੰਧ ਵਿਚ ਜਾਰੀ ਕੀਤੇ ਗਏ ਹਨ। ਅਮਰੀਕਾ ਵਿਚ ਕਾਂਗਰਸ ਪਾਰਟੀ ਦਾ ਵਕੀਲ ਰਵੀ ਬੱਤਰਾ ਜੋ ਪਹਿਲਾਂ ਵੀ ਅਜਿਹੇ ਹੀ ਕੇਸ ਵਿਚ ਕਾਂਗਰਸ ਦਾ ਵਕੀਲ ਹੈ, ਨੇ ਕਿਹਾ ਕਿ ਸਿੱਖ ਜਥੇਬੰਦੀ ਦੀ ਇਹ ਕਾਰਵਾਈ ਸਿਰਫ਼ ਫ਼ੋਕੀ ਸ਼ੋਹਰਤ ਹਾਸਲ ਕਰਨ ਲਈ ਹੈ।
ਉਨ੍ਹਾਂ ਕਿਹਾ ਕਿ ਅਮਰੀਕੀ ਅਦਾਲਤ ਵਿਚ ਕੁਝ ਝੂਠੀਆਂ ਪ੍ਰੈਸ ਲਿਖਤਾਂ, ਕਾਨਫਰੰਸਾਂ ਨੂੰ ਆਧਾਰ ਬਣਾ ਕੇ 350 ਡਾਲਰ ਫਾਈਲਿੰਗ ਫੀਸ ਭਰ ਕੇ ਕਿਸੇ ਵਿਰੁੱਧ ਵੀ ਸੰਮਨ ਹਾਸਲ ਕੀਤੇ ਜਾ ਸਕਦੇ ਹਨ। ਸਿੱਖ ਜਥੇਬੰਦੀ ਨੇ ਆਪਣੀ 24 ਸਫ਼ਿਆਂ ਦੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ 1990 ਦੇ ਦਹਾਕੇ ਦੇ ਸ਼ੁਰੂ ਵਿਚ ਭਾਰਤ ਦੇ ਵਿੱਤ ਮੰਤਰੀ ਸਨ ਤੇ ਉਨ੍ਹਾਂ ਪੰਜਾਬ ਵਿਚ ਅਤਿਵਾਦ ਦੀ ਆੜ ਵਿਚ ਸਿੱਖ ਨੌਜਵਾਨਾਂ ਨੂੰ ਮਾਰਨ ਲਈ ਵਿੱਤ ਮੁਹੱਈਆ ਕਰਵਾਇਆ ਸੀ।
Leave a Reply