ਆਨੰਦਪੁਰ ਸਾਹਿਬ `ਚ 36 ਕਰੋੜ ਰੁਪਏ ਦੇ ਪ੍ਰੋਜੈਕਟ ਲੋਕ ਅਰਪਣ

ਸ੍ਰੀ ਆਨੰਦਪੁਰ ਸਾਹਿਬ: ਸਥਾਨਕ ਬੱਸ ਸਟੈਂਡ ਦੇ ਨੇੜੇ ਨਵੇਂ ਬਣੇ ਨਵੇਂ ਸੈਲਾਨੀ ਸੂਚਨਾ ਕੇਂਦਰ ਦਾ ਉਦਘਾਟਨ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤਾ ਗਿਆ। ਇਸ ਮੌਕੇ ਮੰਤਰੀ ਬੈਂਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ 36 ਕਰੋੜ ਰੁਪਏ ਦੇ ਪ੍ਰੋਜੈਕਟ ਲੋਕ ਅਰਪਣ ਕੀਤੇ ਗਏ ਨੇ ਜਿਨ੍ਹਾਂ ਵਿਚ ਸੈਲਾਨੀ ਸੂਚਨਾ ਕੇਂਦਰ (ਟੀ.ਆਈ.ਸੀ.), ਨੇਚਰ ਪਾਰਕ, ਮਾਤਾ ਨੈਣਾ ਦੇਵੀ ਰੋਡ ਦੇ ਸੁੰਦਰੀਕਰਨ ਦਾ ਕੰਮ ਅਤੇ ਭਾਈ ਜੈਤਾ ਜੀ ਦੀ ਯਾਦਗਾਰ ਸ਼ਾਮਲ ਹਨ।

ਮੰਤਰੀ ਬੈਂਸ ਨੇ ਦੱਸਿਆ ਕਿ ਸ੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਮੇਨ ਰੋਡ ਤੱਕ ਸੜਕ ਨੂੰ ਦਰਬਾਰ ਸਾਹਿਬ ਦੇ ਹੈਰੀਟੇਜ ਸਟਰੀਟ ਦੀ ਤਰਜ਼ ਉਤੇ 25 ਕਰੋੜ ਦੀ ਲਾਗਤ ਦੇ ਨਾਲ ਸਫੇਦ ਮਾਰਬਲ ਹੈਰੀਟੇਜ ਸਟਰੀਟ ਦਾ ਪ੍ਰੋਜੈਕਟ ਪਾਸ ਕਰਵਾਇਆ ਜਾ ਚੁੱਕਿਆ ਹੈ ਤੇ ਉਸ ਦਾ ਕੰਮ ਵੀ ਜਲਦੀ ਸ਼ੁਰੂ ਹੋਵੇਗਾ। ਇਸ ਮੌਕੇ ਇਕ ਸਵਾਲ ਦੇ ਜਵਾਬ ਵਿਚ ਹਰਜੋਤ ਬੈਂਸ ਨੇ ਕਿਹਾ ਕਿ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ, ਇਸ ਨੂੰ ਸਟੱਡੀ ਕੀਤਾ ਜਾ ਰਿਹਾ ਹੈ ਤੇ ਇਹ ਕੰਮ ਹਾਲੇ ਸ਼ੁਰੂਆਤੀ ਦੌਰ ਵਿਚ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਇਸ ਕਦਰ ਤੱਕ ਵੱਧ ਚੁੱਕਿਆ ਹੈ ਕਿ ਹੁਣ ਇੱਕ ਜ਼ਿਲ੍ਹੇ ਦੇ ਡੀ.ਸੀ. ਅਤੇ ਤਿੰਨ ਵਿਧਾਇਕਾਂ ਸਣੇ ਕਾਫੀ ਉੱਚ ਅਧਿਕਾਰੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਆਫ ਐਮੀਨੈਂਸਾਂ ਵਿਚ ਦਾਖਲ ਲੈਣ ਲਈ ਹੁਣ ਵਿਦਿਆਰਥੀਆਂ ਦੀ ਹੋੜ ਲੱਗ ਚੁੱਕੀ ਹੈ ਅਤੇ ਨਿਰਧਾਰਿਤ ਸੀਟਾਂ ਨਾਲੋਂ ਕਈ ਗੁਣਾਂ ਵੱਧ ਬੱਚਿਆਂ ਦੀ ਦਾਖਲਿਆਂ ਲਈ ਰਜਿਸਟਰੇਸ਼ਨ ਹੋ ਚੁੱਕੀ ਹੈ, ਜਦੋਂਕਿ ਇਸ ਸਬੰਧੀ ਆਨਲਾਈਨ ਅਪਲਾਈ ਕਰਨ ਦਾ ਪੋਰਟਲ ਹਾਲੇ 19 ਮਾਰਚ ਤੱਕ ਖੁੱਲ੍ਹਾ ਹੈ।
ਉਨ੍ਹਾਂ ਪ੍ਰੈਸ ਕਲੱਬ ਦੇ ਵਿਕਾਸ ਲਈ ਆਪਣੇ ਅਖਤਿਆਰੀ ਫੰਡ ‘ਚੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਕਾਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਇਸ ਮੁਕੱਦਸ ਧਰਤੀ ਦੀ ਪੂਰੀ ਦੁਨੀਆਂ ਵਿਚ ਮਾਨਤਾ ਹੈ ਇਸ ਧਰਤੀ ‘ਤੇ ਹੋਰ ਵੀ ਵਿਕਾਸ ਕੰਮ ਹੋਣ ਤਾਂ ਜੋ ਦੇਸ਼ ਅਤੇ ਦੁਨੀਆਂ ਤੋਂ ਲੋਕ ਇਸ ਧਰਤੀ ਨੂੰ ਦੇਖਣ ਲਈ ਆਉਣ।
ਰਾਇਸ਼ੁਮਾਰੀ ਨਾਲ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ `ਤੇ ਵਿਚਾਰ: ਬੈਂਸ
ਰੂਪਨਗਰ: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਪਹਿਲਾਂ ਰਾਇਸ਼ੁਮਾਰੀ ਕਰਵਾਈ ਜਾਵੇਗੀ, ਜਿਸ ਉਪਰੰਤ ਪੰਜਾਬ ਸਰਕਾਰ ਸਬੰਧਤ ਲੋਕਾਂ ਅਤੇ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਇਸ ਸਬੰਧੀ ਯੋਗ ਫ਼ੈਸਲਾ ਲਵੇਗੀ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਫੀ ਲੋਕਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਕਾਫੀ ਲੋਕਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋਕ ਰਾਇ ਨੂੰ ਅਹਿਮੀਅਤ ਦਿੱਤੀ ਜਾਵੇਗੀ।