ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਵੇਂ ਵਰ੍ਹੇ ਸੰਮਤ 556 ਦੀ ਆਮਦ ਉਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਵੱਡੀ ਗਿਣਤੀ ਸ਼ਰਧਾਲੂਆਂ ਨੇ ਨਵੇਂ ਵਰ੍ਹੇ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ।
ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਸੰਗਤ ਨੂੰ ਨਾਨਕਸ਼ਾਹੀ ਵਰ੍ਹੇ 556 ਦੀ ਵਧਾਈ ਦਿੱਤੀ ਅਤੇ ਗੁਰਮਤਿ ਅਨੁਸਾਰ ਜੀਵਨ ਜਿਉੂਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਸਿੱਖ ਕੌਮ ਨੂੰ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਦਿਨ ਮਨਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਗਿਆਨੀ ਗੁਰਮਿੰਦਰ ਸਿੰਘ ਨੇ ਸੰਗਤ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਕੀਤੀ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਆਮ ਦਿਨਾਂ ਨਾਲੋਂ ਵਧੇਰੇ ਗਿਣਤੀ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ। ਸ਼ਰਧਾਲੂਆਂ ਨੇ ਸਰੋਵਰ ਵਿਚ ਇਸ਼ਨਾਨ ਕੀਤਾ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਨਵੇਂ ਵਰ੍ਹੇ ਦੇ ਨਾਨਕਸ਼ਾਹੀ ਕੈਲੰਡਰ ਸੰਗਤ ਨੂੰ ਵੰਡੇ ਗਏ ਸਨ।
ਨਾਨਕਸ਼ਾਹੀ ਕੈਲੰਡਰ ਦੀ ਸ਼ੁਰੂਆਤ 2003 ਵਿਚ ਹੋਈ ਸੀ ਅਤੇ ਇਸ ਦੀ ਰਚਨਾ ਪਾਲ ਸਿੰਘ ਪੁਰੇਵਾਲ ਨੇ ਕੀਤੀ ਸੀ। ਇਹ ਕੈਲੰਡਰ ਸੂਰਜ ਚਾਲ ‘ਤੇ ਆਧਾਰਿਤ ਸੀ ਅਤੇ ਬਿਕਰਮੀ ਕੈਲੰਡਰ ਨਾਲੋਂ ਵੱਖਰਾ ਸੀ ਜਿਸ ਵਿਚ ਚਾਰ ਗੁਰਪੁਰਬਾਂ ਨੂੰ ਛੱਡ ਕੇ ਬਾਕੀ ਸਾਰੇ ਗੁਰਪੁਰਬ ਅਤੇ ਤਿਉਹਾਰਾਂ ਦੀਆਂ ਤਰੀਕਾਂ ਪੱਕੇ ਤੌਰ ‘ਤੇ ਨਿਰਧਾਰਤ ਕਰ ਦਿੱਤੀਆਂ ਗਈਆਂ ਸਨ। 2010 ਵਿਚ ਇਸ ਵਿਚ ਸੋਧ ਕੀਤੀ ਗਈ ਅਤੇ ਬਾਅਦ ਵਿਚ ਇਕ ਹੋਰ ਸੋਧ ਕਰਦਿਆਂ ਇਸ ਦਾ ਰਲੇਵਾਂ ਬਿਕਰਮੀ ਕੈਲੰਡਰ ਨਾਲ ਕਰ ਦਿੱਤਾ ਗਿਆ ਸੀ ਜਿਸ ਦਾ ਅੱਜ ਵੀ ਵਿਰੋਧ ਜਾਰੀ ਹੈ ਅਤੇ ਇਸ ਮਾਮਲੇ ਵਿਚ ਸੰਗਤ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ ਜਿਸ ਕਾਰਨ ਕਈ ਗੁਰਪੁਰਬ ਦੋ ਦੋ ਵਾਰ ਮਨਾਏ ਜਾਂਦੇ ਹਨ।
ਦਲ ਖਾਲਸਾ ਵੱਲੋਂ ਨਾਨਕਸ਼ਾਹੀ ਕੈਲੰਡਰ ਰਿਲੀਜ਼
ਅੰਮ੍ਰਿਤਸਰ: ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਦੇ ਕੇ ਨਾਨਕਸ਼ਾਹੀ ਕੈਲੰਡਰ ਸਬੰਧੀ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਦੀ ਅਪੀਲ ਕੀਤੀ। ਜਥੇਬੰਦੀ ਨੇ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸ੍ਰੀ ਅਕਾਲ ਤਖਤ ‘ਤੇ ਅਰਦਾਸ ਕਰਕੇ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕੀਤਾ। ਇਸ ਦੌਰਾਨ ਜਥੇਬੰਦੀ ਵੱਲੋਂ ਸਰਬਸੰਮਤੀ ਨਾਲ ਨੌਜਵਾਨ ਪਰਮਜੀਤ ਸਿੰਘ ਮੰਡ ਨੂੰ ਦਲ ਖ਼ਾਲਸਾ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ। ਜਥੇਬੰਦੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਸੰਮਤ 556 ਕੈਲੰਡਰ, ਨਾਨਕਸ਼ਾਹੀ ਦੇ ਲੇਬਲ ਹੇਠ ਅਸਲ ਵਿਚ ਬਿਕਰਮੀ ਕੈਲੰਡਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 9 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਬਿਕਰਮੀ ਕੈਲੰਡਰ ‘ਨਾਨਕਸ਼ਾਹੀ‘ ਦੇ ਨਾਂ ਹੇਠ ਛਾਪ ਕੇ ਕੌਮ ਨੂੰ ਗੁੰਮਰਾਹ ਕਰ ਰਹੀ ਹੈ। ਨਾਨਕਸ਼ਾਹੀ ਕੈਲੰਡਰ ਵਿਵਾਦ ਨੇ ਪਿਛਲੇ ਇਕ ਦਹਾਕੇ ਤੋਂ ਕੌਮ ਨੂੰ ਵੰਡਿਆ ਹੋਇਆ ਹੈ। ਉਨ੍ਹਾਂ ਇਸ ਵਿਵਾਦ ਨੂੰ ਸੁਲਝਾਉਣ ਦੀ ਅਪੀਲ ਕੀਤੀ।
ਮੋਦੀ ਨੇ ਸਿੱਖਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਨੂੰ ਚੇਤ ਦੀ ਸੰਗਰਾਂਦ ਉਤੇ ਨਵੇਂ ਸਾਲ ਦੀ ਸ਼ੁਰੂਆਤ ‘ਤੇ ਵਧਾਈ ਦਿੱਤੀ। ਐਕਸ ਉਤੇ ਉਨ੍ਹਾਂ ਕਿਹਾ, “ਸਿੱਖਾਂ ਨਵੇਂ ਸਾਲ ਦੀ ਸ਼ੁਭਕਾਮਨਾਵਾਂ। ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਰਹੇ ਤੇ ਉਹ ਸਾਰਿਆਂ ਨੂੰ ਤੰਦਰੁਸਤੀ ਅਤੇ ਖੁਸ਼ਹਾਲੀ ਬਖ਼ਸ਼ਣ।”