ਚੋਣ ਬਾਂਡ: ਚੰਦਾ ਇਕੱਠਾ ਕਰਨ ਵਿਚ ਭਾਰਤੀ ਜਨਤਾ ਪਾਰਟੀ ਦੀ ਝੰਡੀ

ਨਵੀਂ ਦਿੱਲੀ: ਕੇਂਦਰ ਦੀ ਸੱਤਾ ਉਤੇ ਪਿਛਲੇ ਦਸ ਸਾਲਾਂ ਤੋਂ ਕਾਬਜ਼ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਚੋਣ ਬਾਂਡ ਸਕੀਮ ਜ਼ਰੀਏ 6986.5 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ।

ਉਂਜ ਚੋਣ ਕਮਿਸ਼ਨ ਵੱਲੋਂ ਪਹਿਲਾਂ ਤੇ ਤਾਜ਼ਾ ਜਾਰੀ ਡੇਟਾ ਦੀ ਤੁਲਨਾ ‘ਤੇ ਭਾਜਪਾ ਨੂੰ ਕੁੱਲ 7700 ਕਰੋੜ ਰੁਪਏ ਦਾ ਚੰਦਾ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਸਾਲ 2018 ਵਿਚ ਅਮਲ ‘ਚ ਆਈ ਇਸ ਸਕੀਮ ਤਹਿਤ ਕਿਸੇ ਪਾਰਟੀ ਨੂੰ ਚੰਦੇ ਦੇ ਰੂਪ ਵਿਚ ਮਿਲੇ ਇਹ ਸਭ ਤੋਂ ਜ਼ਿਆਦਾ ਫੰਡ ਹਨ। 1397 ਕਰੋੜ ਦੇ ਚੰਦੇ ਨਾਲ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਇਸ ਸੂਚੀ ਵਿਚ ਦੂਜੇ ਜਦੋਂਕਿ ਕਾਂਗਰਸ (1334 ਕਰੋੜ) ਤੇ ਭਾਰਤ ਰਾਸ਼ਟਰ ਸਮਿਤੀ (1322 ਕਰੋੜ) ਕ੍ਰਮਵਾਰ ਤੀਜੇ ਤੇ ਚੌਥੇ ਸਥਾਨ ‘ਤੇ ਹਨ। ਚੋਣ ਕਮਿਸ਼ਨ ਵੱਲੋਂ ਸਾਂਝੇ ਕੀਤੇ ਸੱਜਰੇ ਡੇਟਾ ਮੁਤਾਬਕ ਉੜੀਸਾ ਦੀ ਸੱਤਾਧਾਰੀ ਪਾਰਟੀ ਬੀਜੂ ਜਨਤਾ ਦਲ (ਬੀ.ਜੇ.ਡੀ.) ਨੂੰ 944.5 ਕਰੋੜ, ਡੀ.ਐਮ.ਕੇ. ਨੂੰ 656.5 ਕਰੋੜ ਤੇ ਆਂਧਰਾ ਪ੍ਰਦੇਸ਼ ਦੀ ਸੱਤਾਧਾਰੀ ਪਾਰਟੀ ਵਾਈ.ਐਸ.ਆਰ. ਕਾਂਗਰਸ ਨੂੰ ਚੰਦੇ ਵਜੋਂ ਕਰੀਬ 442.8 ਕਰੋੜ ਰੁਪਏ ਦੇ ਫੰਡ ਮਿਲੇ। ਐਨ.ਜੀ.ਓ. ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏ.ਡੀ.ਆਰ.) ਵੱਲੋਂ ਤਿਆਰ ਰਿਪੋਰਟ ਮੁਤਾਬਕ ਮਾਰਚ 2018 ਤੋਂ ਜਨਵਰੀ 2024 ਤੱਕ 16,518 ਕਰੋੜ ਰੁਪਏ ਮੁੱਲ ਦੇ ਚੋਣ ਬਾਂਡ ਵੇਚੇ ਗਏ ਸਨ। ਭਾਰਤੀ ਕਮਿਊਨਿਸਟ ਪਾਰਟੀ(ਮਾਰਕਸਵਾਦੀ), ਏ.ਆਈ.ਐਮ.ਆਈ.ਐਮ, ਇਨੈਲੋ ਤੇ ਬਸਪਾ ਜਿਹੀਆਂ ਪਾਰਟੀਆਂ ਨੂੰ ਚੋਣ ਬਾਂਡਾਂ ਦੇ ਰੁੂਪ ਵਿਚ ਕੋਈ ਚੰਦਾ ਨਹੀਂ ਮਿਲਿਆ।
ਚੋਣ ਕਮਿਸ਼ਨ ਵੱਲੋਂ ਨਸ਼ਰ ਕੀਤੇ ਡੇਟਾ ਮੁਤਾਬਕ ਚੋਣ ਬਾਂਡਾਂ ਦੀ ਖਰੀਦ ਵਿਚ ਮੋਹਰੀ ਰਹੀ ਫਿਊਚਰ ਗੇਮਿੰਗ ਤੇ ਹੋਟਲ ਸਰਵਸਿਜ਼ ਨੇ ਤਾਮਿਲ ਨਾਡੂ ਦੀ ਸੱਤਾਧਾਰੀ ਡੀ.ਐਮ.ਕੇ. ਨੂੰ 509 ਕਰੋੜ ਰੁਪਏ ਦਾ ਚੰਦਾ ਦਿੱਤਾ। ਫਿਊਚਰ ਗੇਮਿੰਗ ਦਾ ਮਾਲਕ ‘ਲਾਟਰੀ ਕਿੰਗ` ਸਾਂਟਿਆਗੋ ਮਾਰਟਿਨ ਕਿਸੇ ਵੇਲੇ ਈਡੀ ਦੀ ਰਾਡਾਰ `ਤੇ ਸੀ। ਡੀ.ਐਮ.ਕੇ. ਨੇ ਚੋਣ ਬਾਂਡਾਂ ਜ਼ਰੀਏ 656.5 ਕਰੋੜ ਰੁਪਏ ਦੀ ਰਾਸ਼ੀ ਮਿਲਣ ਦਾ ਦਾਅਵਾ ਕੀਤਾ ਹੈ ਤੇ ਇਸ ਵਿਚੋਂ 77 ਫੀਸਦ ਰਾਸ਼ੀ ਉਸ ਨੂੰ ਫਿਊਚਰ ਗੇਮਿੰਗ ਤੋਂ ਪ੍ਰਾਪਤ ਹੋਈ ਹੈ। ਬਹੁਤੀਆਂ ਸਿਆਸੀ ਪਾਰਟੀਆਂ ਨੇ ਅਜੇ ਤੱਕ ਚੰਦਾ ਦੇਣ ਵਾਲਿਆਂ ਦੇ ਨਾਮ ਜਨਤਕ ਨਹੀਂ ਕੀਤੇ, ਜਿਸ ਕਰਕੇ ਫਿਊਚਰ ਗੇਮਿੰਗ ਵੱਲੋਂ ਬਾਕੀ ਖਰੀਦੇ 859 ਕਰੋੜ ਰੁਪਏ ਮੁੱਲ ਦੇ ਬਾਂਡਾਂ ਦੇ ਲਾਭਪਾਤਰੀਆਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ `ਤੇ ਕੁੱਲ 523 ਮਾਨਤਾ ਪ੍ਰਾਪਤ ਤੇ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਬਾਰੇ ਡੇਟਾ ਜਨਤਕ ਕੀਤਾ ਹੈ, ਜਿਸ ਤੋਂ ਇਹ ਉਪਰੋਕਤ ਸਾਰਾ ਖੁਲਾਸਾ ਹੋਇਆ ਹੈ। ਚੋਣ ਕਮਿਸ਼ਨ ਵੱਲੋਂ ਡੇਟਾ ਵਿਚ ਸਿਆਸੀ ਪਾਰਟੀਆਂ ਵੱਲੋਂ ਕੀਤੇ ਖੁਲਾਸਿਆਂ ਦੀਆਂ ਸਕੈਨਡ ਕਾਪੀਆਂ, ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਵਿਚ ਦੱਸੀ ਜਾਂਦੀ ਹੈ, ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਨੇ ਜਿਹੜਾ ਡੇਟਾ ਚੋਣ ਕਮਿਸ਼ਨ ਨਾਲ ਸਾਂਝਾ ਕੀਤਾ ਸੀ, ਉਹ 12 ਅਪਰੈਲ 2019 ਤੋਂ ਸ਼ੁਰੂ ਹੋ ਕੇ ਪਿਛਲੇ ਮਹੀਨੇ ਸੁਪਰੀਮ ਕੋਰਟ ਵੱਲੋਂ ਬਾਂਡ ਸਕੀਮ ਰੱਦ ਕੀਤੇ ਜਾਣ ਤੱਕ ਦੇ ਅਰਸੇ ਨਾਲ ਸਬੰਧਤ ਸੀ। ਸੱਜਰੇ ਖੁਲਾਸੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪਿਛਲੇ ਸਾਲ ਨਵੰਬਰ ਵਿਚ ਦਾਖ਼ਲ ਕੀਤੇ ਹਲਫ਼ਨਾਮਿਆਂ ਨਾਲ ਸਬੰਧਤ ਹਨ, ਜਿਸ ਵਿਚ ਸਾਲ 2018 ਵਿਚ ਸਕੀਮ ਸ਼ੁਰੂ ਕਰਨ ਤੋਂ ਹੁਣ ਤੱਕ ਤੁੜਾਏ ਚੋਣ ਬਾਂਡਾਂ ਬਾਰੇ ਵੇਰਵੇ ਹਨ। ਚੋਣ ਕਮਿਸ਼ਨ ਵੱਲੋਂ ਪਹਿਲਾਂ ਤੇ ਅੱਜ ਜਨਤਕ ਕੀਤੇ ਡੇਟਾ ਦੀ ਤੁਲਨਾ ਤੋਂ ਪਤਾ ਲੱਗਾ ਹੈ ਕਿ ਭਾਜਪਾ ਨੂੰ ਸਕੀਮ ਦੇ ਮੁਕੰਮਲ ਅਰਸੇ ਦੌਰਾਨ ਕੁੱਲ 7700 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ।
ਤਾਜ਼ਾ ਜਾਰੀ ਅੰਕੜਿਆਂ ਮੁਤਾਬਕ ਜਨਤਾ ਦਲ (ਸੈਕੁਲਰ) ਨੂੰ 89.75 ਕਰੋੜ ਰੁਪਏ ਮੁੱਲ ਦੇ ਬਾਂਡ ਮਿਲੇ, ਜਿਸ ‘ਚ ਮੇਘਾ ਇੰਜੀਨੀਅਰਿੰਗ ਤੋਂ ਚੰਦੇ ਦੇ ਰੂਪ ਵਿਚ ਮਿਲੇ 50 ਕਰੋੜ ਰੁਪਏ ਵੀ ਸ਼ਾਮਲ ਹਨ। ਫਿਊਚਰ ਗੇਮਿੰਗ 1368 ਕਰੋੜ ਰੁਪਏ ਦੇ ਚੋਣ ਬਾਂਡਾਂ ਦੀ ਖਰੀਦ ਨਾਲ ਸੂਚੀ ਵਿਚ ਅੱਵਲ ਨੰਬਰ ਹੈ ਤੇ ਇਸ ਰਾਸ਼ੀ ਦਾ ਕਰੀਬ 37 ਫੀਸਦ ਡੀ.ਐਮ.ਕੇ. ਦੇ ਖਾਤੇ ਵਿਚ ਗਿਆ ਹੈ। ਡੀ.ਐਮ.ਕੇ. ਨੂੰ ਚੰਦਾ ਦੇਣ ਵਾਲੀਆਂ ਹੋਰਨਾਂ ਪ੍ਰਮੁੱਖ ਫਰਮਾਂ ਵਿਚ ਮੇਘਾ ਇੰਜੀਨੀਅਰਿੰਗ (105 ਕਰੋੜ ਰੁਪਏ), ਇੰਡੀਆ ਸੀਮਿੰਟਸ (14 ਕਰੋੜ ਰੁਪਏ) ਤੇ ਸਨ ਟੀਵੀ (100 ਕਰੋੜ) ਸ਼ਾਮਲ ਹਨ। ਡੀ.ਐਮ.ਕੇ. ਉਨ੍ਹਾਂ ਕੁਝ ਸਿਆਸੀ ਪਾਰਟੀਆਂ ਵਿਚ ਸ਼ੁਮਾਰ ਹੈ, ਜਿਸ ਨੇ ਚੰਦਾ ਦੇਣ ਵਾਲਿਆਂ ਦੀ ਪਛਾਣ ਜਨਤਕ ਕੀਤੀ ਹੈ। ਭਾਜਪਾ, ਕਾਂਗਰਸ, ਟੀ.ਐਮ.ਸੀ. ਤੇ ‘ਆਪ‘ ਜਿਹੀਆਂ ਪ੍ਰਮੁੱਖ ਪਾਰਟੀਆਂ ਸੁਪਰੀਮ ਕੋਰਟ ਦੇ ਸਖ਼ਤ ਤੇਵਰਾਂ ਮਗਰੋਂ ਸਬੰਧਤ ਜਾਣਕਾਰੀ ਜਨਤਕ ਕਰਨ ਲਈ ਮਜਬੂਰ ਹੋਈਆਂ ਹਨ।
ਕਾਲਾ ਧਨ ਭਾਜਪਾ ਦੇ ਖਾਤਿਆਂ ‘ਚ ਪਾਇਆ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਚੋਣ ਬਾਂਡ ਸਕੀਮ ਜ਼ਰੀਏ ਕਾਲਾ ਧਨ ਭਾਜਪਾ ਦੇ ਖਾਤਿਆਂ ਵਿਚ ਪਾਉਣ ਦੀ ‘ਸਾਜ਼ਿਸ਼` ਘੜੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਚੋਣ ਬਾਂਡ ‘ਘੁਟਾਲੇ` ਨੂੰ ਲੈ ਕੇ ਜਵਾਬਦੇਹ ਹਨ। ਉਨ੍ਹਾਂ ਸੱਤਾਧਾਰੀ ਪਾਰਟੀ `ਤੇ ‘ਟੈਕਸ ਅਤਿਵਾਦ` ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ ਅਤੇ ਆਮਦਨ ਕਰ ਅਥਾਰਿਟੀਜ਼ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਬੈਂਕ ਖਾਤੇ ਜਾਮ ਕਰਨ ਨੂੰ ਕਾਂਗਰਸ `ਤੇ ‘ਸਰਜੀਕਲ ਹਮਲੇ` ਕਰਾਰ ਦਿੱਤਾ।