ਅੰਮ੍ਰਿਤਸਰ: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਪਰਿਵਾਰਕ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਵਿਖੇ ਅਰਦਾਸ ਮਗਰੋਂ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਪਰ ਵਿਰਾਸਤੀ ਮਾਰਗ ਵਿਚ ਚੱਲ ਰਿਹਾ ਧਰਨਾ ਪਹਿਲਾਂ ਵਾਂਗ ਹੀ ਜਾਰੀ ਹੈ। ਵਿਰਾਸਤੀ ਮਾਰਗ ਵਿਚ ਇਕੱਠ ਕੀਤਾ ਗਿਆ ਸੀ,
ਜਿਸ ਵਿਚ ਮਤਾ ਪਾਸ ਕਰਕੇ ਅੰਮ੍ਰਿਤਪਾਲ ਅਤੇ ਹੋਰ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਗਈ ਸੀ। ਇਕੱਠ ਵਿਚ ਖੁਫੀਆ ਵਿਭਾਗ ਦੇ ਕਰਮਚਾਰੀਆਂ ਦੀ ਮਾਰਕੁੱਟ ਕਰਨ ਦੇ ਮਾਮਲੇ ਵਿਚ ਪੁਲਿਸ ਨੇ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਏ.ਐਸ.ਆਈ. ਚਰਨਜੀਤ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੀ ਤਬੀਅਤ ਨਾਸਾਜ਼ ਹੈ। ਬੀਤੇ ਦਿਨੀਂ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਉਨ੍ਹਾਂ ਨੂੰ ਮਿਲਣ ਲਈ ਡਿਬਰੂਗੜ੍ਹ ਜੇਲ੍ਹ ਗਈ ਸੀ ਜਿਥੇ ਉਸ ਦੇ ਪਤੀ ਨੂੰ ਖੂਨ ਦੀ ਉਲਟੀ ਹੋਈ ਸੀ। ਉਹ ਬਹੁਤ ਕਮਜ਼ੋਰ ਹਨ। ਉਹ ਹਾਲ ਦੀ ਘੜੀ ਭੁੱਖ ਹੜਤਾਲ ‘ਤੇ ਹਨ। ਉਨ੍ਹਾਂ ਦੀ ਮੰਗ ਹੈ ਕਿ ਉਸ ਨੂੰ ਇੱਥੋਂ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕੀਤਾ ਜਾਵੇ।