ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਦੀਆਂ ਜੜ੍ਹ ਹਿੱਲ ਗਈਆਂ ਹਨ। ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਪੈਂਠ ਬਣਾਉਣ ਲਈ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਤੇ ਤਿੱਖਾ ਹਮਲਾ ਕਰਦਿਆਂ ਦਾਗੀ ਕਾਨੂੰਨਸਾਜ਼ਾਂ ਨੂੰ ਬਚਾਉਣ ਲਈ ਲਿਆਂਦੇ ਜਾ ਰਹੇ ਆਰਡੀਨੈਂਸ ਨੂੰ ਰੱਦੀ ਦੀ ਟੋਕਰੀ ਵਿਚ ਸੁੱਟਣ ਵਾਲੀ ਵਸਤੂ ਐਲਾਨ ਦਿੱਤਾ ਹੈ। ਇਸੇ ਦੌਰਾਨ ਅਦਾਲਤ ਨੇ ਕਾਂਗਰਸੀ ਸੰਸਦ ਮੈਂਬਰ ਰਸ਼ੀਦ ਮਸੂਦ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਚਾਰ ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਇਹੀ ਨਹੀਂ ਪਾਰਟੀ ਲੀਡਰਾਂ ਵਿਚਕਾਰ ਸ਼ੁਰੂ ਹੋਏ ਆਪਸੀ ਬੋਲ-ਬੁਲਾਰੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਕੌਮੀ ਪਾਰਟੀ ਵਿਚ ਵੀ ਇਕਸੁਰਤਾ ਦੀ ਘਾਟ ਹੈ ਤੇ ਪਹਿਲੀ ਕਤਾਰ ਦੇ ਆਗੂਆਂ ਵਿਚਾਲੇ ਜ਼ਬਰਦਸਤ ਖਿੱਚੋਤਾਣ ਚੱਲ ਰਹੀ ਹੈ। ਤਾਜ਼ਾ ਹਾਲਾਤ ਮੁਤਾਬਕ ਡਾæ ਮਨਮੋਹਨ ਸਿੰਘ ਤੋਂ ਗਾਂਧੀ ਪਰਿਵਾਰ ਖੁਸ਼ ਨਹੀਂ ਅਤੇ ਭਵਿੱਖ ਵਿਚ ਉਨ੍ਹਾਂ ਦੇ ਖੰਭ ਕੁਤਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ।
ਅਸਲ ਵਿਚ ਯੂæਪੀæਏæ ਸਰਕਾਰ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਦਾਗ਼ੀ ਕਾਨੂੰਨਸਾਜ਼ਾਂ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਵੱਗਿਆ ਕਰ ਕੇ ਲਿਆਂਦੇ ਗਏ ਆਰਡੀਨੈਂਸ ਦੀ ਸਖ਼ਤ ਆਲੋਚਨਾ ਕੀਤੀ। ਰਾਹੁਲ ਨੇ ਇਸ ਨੂੰ ਬਿਲਕੁਲ ਫਜ਼ੂਲ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਜੋ ਕੁਝ ਸਰਕਾਰ ਨੇ ਕੀਤਾ ਹੈ, ਉਹ ਗਲਤ ਹੈ। ਇਸ ਆਰਡੀਨੈਂਸ ਨੂੰ ਪਾੜ ਕੇ ਸੁੱਟ ਦਿੱਤਾ ਜਾਣਾ ਚਾਹੀਦਾ ਹੈ। ਦੇਸ਼ ਵਿਚ ਭ੍ਰਿਸ਼ਟਾਚਾਰ ਵਿਰੁਧ ਲੜਾਈ ਲੜਨ ਲਈ ਛੋਟੇ-ਛੋਟੇ ਸਮਝੌਤੇ ਕੀਤੇ ਜਾਣੇ ਬੰਦ ਕਰਨੇ ਪੈਣਗੇ।
ਰਾਹੁਲ ਗਾਂਧੀ ਪਹਿਲੀ ਵਾਰ ਆਪਣੀ ਸਰਕਾਰ ਦੇ ਫੈਸਲੇ ਖ਼ਿਲਾਫ਼ ਖੁੱਲ੍ਹ ਕੇ ਬੋਲੇ ਹਨ ਜਿਸ ਦਾ ਪਾਰਟੀ ਅੰਦਰ ਵੱਡੀ ਪੱਧਰ ‘ਤੇ ਸਮਰਥਨ ਹੋਇਆ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਘਟਨਾਕ੍ਰਮ ਡਾæ ਮਨਮੋਹਨ ਸਿੰਘ ਨੂੰ ਲਾਂਭੇ ਕਰ ਕੇ ਉਨ੍ਹਾਂ ਦੇ ਬਦਲ ਵਜੋਂ ਰਾਹੁਲ ਗਾਂਧੀ ਨੂੰ ਪੇਸ਼ ਕਰਨ ਦੀ ਹੀ ਕਵਾਇਦ ਹੈ। ਡਾæ ਮਨਮੋਹਨ ਸਿੰਘ ਨੇ ਬੇਸ਼ੱਕ ਸਾਫ ਸੁਧਰੇ ਤੇ ਨਰਮਾਈ ਵਾਲੇ ਅਕਸ ਨਾਲ ਸਭ ਨੂੰ ਮੋਹਿਆ ਹੋਇਆ ਹੈ ਪਰ ਉਨ੍ਹਾਂ ਦੀਆਂ ਸਾਹਮਣੇ ਆ ਰਹੇ ਆਰਥਿਕ ਨੀਤੀਆਂ ਦੇ ਭਿਆਨਕ ਨਤੀਜੇ ਉਨ੍ਹਾਂ ਦੇ ਸਿਆਸੀ ਕੈਰੀਅਰ ਲਈ ਮੁਸੀਬਤ ਬਣ ਗਏ ਹਨ।
ਉਧਰ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੇਸ਼ੱਕ ਕਿਹਾ ਹੈ ਕਿ ‘ਸਮੁੱਚੀ ਪਾਰਟੀ’ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੇ ਨਾਲ ਖੜ੍ਹੀ ਹੈ ਪਰ ਕਈ ਕਾਂਗਰਸੀ ਆਗੂਆਂ ਦੀ ਸੁਰ ਵੀ ਆਰਡੀਨੈਂਸ ਵਿਰੋਧੀ ਹੋ ਗਈ ਹੈ। ਇਸ ਤੋਂ ਪਹਿਲਾਂ ਕੁਝ ਕਾਂਗਰਸੀ ਆਗੂ ਦਿਗਵਿਜੈ ਸਿੰਘ, ਮਿਲਿੰਦ ਦਿਓਰਾ ਤੇ ਸੰਦੀਪ ਦੀਕਸ਼ਿਤ ਇਸ ਵਿਰੁਧ ਟਵਿੱਟਰ ਜਾਂ ਹੋਰ ਥਾਂਈਂ ਭੜਾਸ ਕੱਢ ਚੁੱਕੇ ਹਨ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੀ ਗ੍ਰਹਿ ਮੰਤਰਾਲੇ, ਕਾਨੂੰਨ ਮੰਤਰਾਲੇ ਤੇ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਮੰਤਰੀਆਂ ਨੂੰ ਬੁਲਾ ਕੇ ਸਵਾਲ ਉਠਾਏ ਹਨ ਕਿ ਜਿਸ ਮੁੱਦੇ ‘ਤੇ ਸਿਆਸੀ ਸਹਿਮਤੀ ਨਹੀਂ ਹੋਈ, ਉਸ ਬਾਰੇ ਆਰਡੀਨੈਂਸ ਲਿਆਉਣ ਦੀ ਕੀ ਲੋੜ ਪੈ ਗਈ? ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਸਿਆਸੀ ਲਾਹਾ ਲੈਂਦਿਆਂ ਇਸ ਨੂੰ ਪ੍ਰਧਾਨ ਮੰਤਰੀ ਸਕੱਤਰੇਤ ਦੇ ਵੱਕਾਰ ‘ਤੇ ਸੱਟ ਕਰਾਰ ਦਿੱਤਾ ਹੈ।
ਇਹ ਸਭ ਕੁਝ ਉਸ ਵੇਲੇ ਵਾਪਰਿਆ ਜਦੋਂ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਅਮਰੀਕਾ ਦੇ ਦੌਰੇ ‘ਤੇ ਸਨ। ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੀ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਏ ਜਾਣ ਦੇ ਮੱਦੇਨਜ਼ਰ ਅਸਤੀਫੇ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਸੰਕੇਤ ਦਿੱਤਾ ਕਿ ਸਰਕਾਰ ਆਰਡੀਨੈਂਸ ‘ਤੇ ਫਿਰ ਤੋਂ ਵਿਚਾਰ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਨੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਨੂੰ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਤੇ ਉਨ੍ਹਾਂ ਦੇ ਅਧਿਕਾਰ ਨੂੰ ਚੁਣੌਤੀ ਦੇਣਾ ਦੱਸਿਆ ਸੀ। ਡਾæ ਮਨਮੋਹਨ ਸਿੰਘ ਨੇ ਕਿਹਾ ਕਿ ਆਰਡੀਨੈਂਸ ਨੂੰ ਲੈ ਕੇ ਸਭ ਤੋਂ ਵੱਡੇ ਪੱਧਰ ‘ਤੇ ਚਰਚਾ ਕੀਤੀ ਗਈ ਸੀ। ਕੈਬਨਿਟ ਨੇ ਦੋ ਵਾਰ ਤੇ ਕਾਂਗਰਸ ਕੋਰ ਸਮੂਹ ਨੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਸੀ ਕਿ ਉਹ ਇਨ੍ਹਾਂ ਸਾਰੇ ਮੁੱਦਿਆਂ ਨੂੰ ਆਪਣੇ ਕੈਬਨਿਟ ਦੇ ਸਹਿਯੋਗੀਆਂ ਦੇ ਸਾਹਮਣੇ ਰੱਖਣਗੇ।
ਉਧਰ, ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦਾ ‘ਅਪਮਾਨ’ ਕਰ ਕੇ ਰਾਹੁਲ ਗਾਂਧੀ ਨੇ ਘੋਰ ਅਪਰਾਧ ਕੀਤਾ ਹੈ ਤੇ ਅਗਲੀਆਂ ਚੋਣਾਂ ਵਿਚ ਲੋਕਾਂ ਨੂੰ ਇਹ ਤੈਅ ਕਰਨਾ ਪਵੇਗਾ ਕਿ ਕੀ ਦੇਸ਼ ਸੰਵਿਧਾਨ ਮੁਤਾਬਕ ਚੱਲੇ ਜਾਂ ਫਿਰ ਸ਼ਹਿਜ਼ਾਦੇ ਦੀ ਮਰਜ਼ੀ ਮੁਤਾਬਕ। ਸ੍ਰੀ ਮੋਦੀ ਨੇ ਕਿਹਾ ਕਿ ਯੂæਪੀæਏæ ਸਰਕਾਰ ਅੰਦਰ ਇਕ ਹੋਰ ਸਰਕਾਰ ਕੰਮ ਕਰ ਰਹੀ ਹੈ ਜਿਸ ਕਰ ਕੇ ਦੇਸ਼ ਦੀ ਤਰੱਕੀ ਵਿਚ ਵਿਘਨ ਪੈ ਰਿਹਾ ਹੈ। ਯੂæਪੀæਏæ ਸਰਕਾਰ ਦੀ ਅਗਵਾਈ ਦੋ ਹੱਥਾਂ ਵਿਚ ਹੈ ਪਰ ਉਹ ਅਸਰਦਾਰ ਨਹੀਂ ਹੈ।
Leave a Reply