ਉਹ ਰਾਤ

ਹਰਪ੍ਰੀਤ ਸੇਖਾ
ਕੈਨੇਡਾ ਵੱਸਦੇ ਲਿਖਾਰੀ ਹਰਪ੍ਰੀਤ ਸੇਖਾ ਦੀਆਂ ਰਚਨਾਵਾਂ ਵਿਚ ਪਰਵਾਸੀ ਮਨੁੱਖ ਦੇ ਮਸਲੇ ਬੜੀ ਸ਼ਿੱਦਤ ਨਾਲ ਪੇਸ਼ ਹੋਏ ਹਨ। ਮਨੁੱਖੀ ਰਿਸ਼ਤਿਆਂ ਦੀ ਸੂਖਮਤਾ ਨੂੰ ਉਹ ਜਿਸ ਢੰਗ ਨਾਲ ਸਾਹਮਣੇ ਲਿਆਉਂਦਾ ਹੈ, ਉਸ ਨਾਲ ਪਾਠਕ ਰਚਨਾ ਦੇ ਨਾਲ-ਨਾਲ ਤੁਰਨ ਲਗਦਾ ਹੈ। ‘ਉਹ ਰਾਤ’ ਅਜਿਹੀ ਹੀ ਜਾਨਦਾਰ ਕਹਾਣੀ ਹੈ ਜਿਸ ਅੰਦਰ ਕੋਮਲ ਭਾਵਨਾਵਾਂ ਤੜੱਕ ਕਰ ਕੇ ਟੁੱਟ ਜਾਂਦੀਆਂ ਹਨ।

ਉਹ ਰਾਤ ਮੇਰੇ ਅੰਦਰ ਖੁੱਭ ਗਈ ਸੀ। ਮੈਂ ਉਸ ਨੂੰ ਮੁੜ ਜਿਉਣਾ ਚਾਹੁੰਦੀ ਸੀ। ਇਸ ਬਾਰੇ ਮੈਂ ਵਿਉਂਤ ਬਣਾ ਰੱਖੀ ਸੀ, ਪਰ ਹਾਲੇ ਦਿਨ ਸੀ ਅਤੇ ਅਮਨ ਸੌਂ ਗਿਆ ਸੀ। ਪਹਿਲਾਂ ਉਹ ਵਹਿਸ਼ੀ ਬਣ ਗਿਆ ਸੀ। ਉਸਦੇ ਵਿਹਾਰ ਨੂੰ ਦੇਖ ਕੇ ਇੱਕ ਵਾਰ ਤਾਂ ਮੈਨੂੰ ਲੱਗਾ ਜਿਵੇਂ ਉਹ ਮੇਰੇ ਤੋਂ ਕੋਈ ਬਦਲਾ ਲੈ ਰਿਹਾ ਹੋਵੇ। ਉਸ ਵਿਚੋਂ ਹਾਲੇ ਮੁੜਕੇ ਦੀ ਬਦਬੂ ਆ ਰਹੀ ਸੀ। ਕਹਿੰਦਾ ਕਿ ਉਹ ਸੌਣ ਤੋਂ ਬਾਅਦ ਹੀ ਨਹਾਵੇਗਾ। ਮੈਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਾ। ਜਦੋਂ ਉਸਦਾ ਫਤੂਰ ਲੱਥਾ, ਮੈਂ ਗੁਸਲਖਾਨੇ ਵਿਚ ਚਲੀ ਗਈ। ਨਹਾਉਂਦਿਆਂ ਮੈਂ ਸਹਿਜ ਹੋ ਗਈ। ਸੋਚਿਆ ਕਿ ਐਨੇ ਸਾਲਾਂ ਬਾਅਦ ਮਿਲੇ ਹਾਂ, ਇਸ ਕਰਕੇ ਆਪਾ ਖੋ ਬੈਠਾ ਹੋਵੇਗਾ। ਜਦੋਂ ਮੈਂ ਨਹਾ ਕੇ ਬਾਹਰ ਨਿਕਲੀ, ਅਮਨ ਸੌਂ ਚੁੱਕਾ ਸੀ। ਮੇਰਾ ਜੀਅ ਕੀਤਾ ਕਿ ਫਰਸ਼ `ਤੇ ਵਿਸ਼ੇ ਗੱਦੇ ਉੱਤੇ ਮੈਂ ਉਸਦੇ ਨਾਲ ਹੀ ਲੱਗ ਕੇ ਲੇਟ ਜਾਵਾਂ ਪਰ ਉਸ ਨੂੰ ਘੂਕ ਸੁੱਤਾ ਦੇਖ ਕੇ ਮੈਂ ਨਾਲ ਵਿਸ਼ੇ ਗੱਦੇ `ਤੇ ਲੇਟ ਗਈ। ਫਰਨੀਚਰ ਮੈਂ ਹਾਲੇ ਕੋਈ ਲਿਆ ਨਹੀਂ ਸੀ, ਸੋਚਦੀ ਸੀ ਕਿ ਅਮਨ ਦੇ ਆਏ ਤੋਂ ਉਸਦੀ ਰਾਇ ਨਾਲ ਹੀ ਲਵਾਂਗੀ। ਘਰ ਦਾ ਹੋਰ ਸਮਾਨ ਵੀ ਲੈਣ ਵਾਲਾ ਸੀ। ਇਹ ਸਭ ਕੰਮ ਮੈਂ ਅਗਲੇ ਦਿਨ `ਤੇ ਛੱਡੇ ਹੋਏ ਸਨ। ਉਸ ਦਿਨ ਤਾਂ ਪੂਰੀ ਤਰ੍ਹਾਂ ਛੁੱਟੀ ਸੀ। ਅਮਨ ਦੇ ਸੌਣ ਉੱਠਣ ਤੋਂ ਬਾਅਦ ਉਸ ਨੂੰ ਬਾਹਰ ਘੁਮਾਉਣ ਲੈ ਕੇ ਜਾਣਾ ਸੀ ਤੇ ਫਿਰ ਉਸ ਸੁਪਨੇ ਨੂੰ ਜਿਉਣਾ ਸੀ। ਮੈਨੂੰ ਲਗਦਾ ਸੀ ਜਿਵੇਂ ਉਹ ਮੇਰਾ ਅਸਲ ਵਿਚ ਵਿਆਹ ਵਾਲਾ ਦਿਨ ਹੋਵੇ। ਹਵਾਈ ਅੱਡੇ ਵੱਲ ਜਾਂਦਿਆਂ ਮੈਨੂੰ ਲੱਗਾ ਜਿਵੇਂ ਮੈਂ ਅਮਨ ਨੂੰ ਵਿਆਹੁਣ ਚੱਲੀ ਹੋਵਾਂ। ਰਾਹ ਵਿਚ ਸੋਚਦੀ ਜਾਂਦੀ ਸੀ ਕਿ ਜਾਣ ਸਾਰ ਉਸਦੇ ਨਾਲ ਹੀ ਚੁੰਭੜ ਜਾਵਾਂਗੀ ਪਰ ਉੱਥੇ ਪਹੁੰਚਣ ਸਾਰ ਪਤਾ ਨਹੀਂ ਕੀ ਹੋਇਆ ਕਿ ਮੈਂ ਇਸ ਤਰ੍ਹਾਂ ਨਾ ਕਰ ਸਕੀ। ਬੱਸ ਥੋੜਾ ਜਿਹਾ ਨਾਲ ਲੱਗ ਗਈ। ਅਮਨ ਵੀ ਕੋਈ ਦੁਆ ਸਲਾਮ ਕਰਨ ਬਿਨਾ ਹੀ ਪਾਸਪੋਰਟ ਮੇਰੇ ਵੱਲ ਵਧਾ ਕੇ ਬੋਲਿਆ, ‘ਦੇਖੀਂ ਸੀਰਤ, ਇਹ ਪੀ ਆਰ ਦੀ ਪੱਕੀ ਮੋਹਰ ਲੱਗ ਗਈ ਨਾ?’ ਪਾਸਪੋਰਟ ਦੇਖ ਕੇ ਮੈਂ ਉਸ ਨੂੰ ਵਾਪਸ ਫੜਾ ਦਿੱਤਾ ਅਤੇ ਉਸ ਤੋਂ ਅਟੈਚੀਆਂ ਵਾਲੀ ਰੇੜ੍ਹੀ ਫੜ੍ਹ ਲਈ। ਕਾਰ ਵਿਚ ਅਟੈਚੀ ਰੱਖ ਕੇ ਅਮਨ ਕਾਰ ਦੇ ਡਰਾਈਵਰ ਵਾਲੇ ਦਰਵਾਜ਼ੇ ਕੋਲ ਜਾ ਖੜਾ। ਮੈਂ ਮਜਾਕ ਨਾਲ ਚਾਬੀ ਉਸ ਵੱਲ ਕਰ ਦਿੱਤੀ। ਉਸ ਨੇ ਕਾਰ ਦੇ ਅੰਦਰ ਦੇਖਿਆ, ‘ਓਹ ਤੇਰੀ, ਮੈਂ ਤਾਂ ਇੰਡੀਆ ਦੇ ਭੁਲੇਖੇ `ਚ ਹੀ ਸੀ,’ ਆਖ ਕੇ ਸਵਾਰੀ ਵਾਲੇ ਪਾਸੇ ਚਲਿਆ ਗਿਆ ਅਤੇ ਫਿਰ ਬੈਠਣ ਸਾਰ ਬੋਲਿਆ, ‘ਹਾਲੇ ਤਾਂ ਤੇਰੀ ਸਵਾਰੀ ਹਾਂ।’ ਮੈਂ ਮੁਸਕਰਾ ਪਈ। ਮੈਨੂੰ ਲੱਗਾ ਜਿਵੇਂ ਮੈਂ ਉਸ ਨੂੰ ਵਿਆਹ ਕੇ ਲੈ ਚੱਲੀ ਹੋਵਾਂ।
ਮੈਂ ਹਵਾਈ ਅੱਡੇ ਵੱਲ ਕਦੇ ਕਾਰ ਚਲਾ ਕੇ ਨਹੀਂ ਸੀ ਆਈ। ਰਾਹ ਦਸੇਰੂ ਯੰਤਰ ਚਲਾ ਕੇ ਮੈਂ ਆਪਣਾ ਪੂਰਾ ਧਿਆਨ ਕਾਰ ਚਲਾਉਣ ਵੱਲ ਲਾ ਦਿੱਤਾ। ਹਾਈਵੇ 91 `ਤੇ ਕਾਰ ਪਾ ਕੇ ਮੈਂ ਸੁੱਖ ਦਾ ਸਾਹ ਲਿਆ। ਹੁਣ ਕਾਫੀ ਵਾਟ ਤੱਕ ਰਾਹ ਸਿੱਧਾ ਸੀ। ਰਾਹ ਦਸੇਰੂ ਯੰਤਰ ਵਿਚੋਂ ਆਦੇਸ਼ ਦਿੰਦੀ ਆਵਾਜ਼ ਸ਼ਾਂਤ ਹੋ ਗਈ ਸੀ। ਅਮਨ ਬਾਹਰ ਵੱਲ ਦੇਖ ਰਿਹਾ ਸੀ। ਕਾਰ ਵਿਚਲੀ ਚੁੱਪ ਮੈਨੂੰ ਰੜਕੀ। ਮੇਰੇ ਚਿੱਤ `ਚ ਆਈ ਕਿ ਮੈਨੂੰ ਕੋਈ ਗੱਲ ਕਰਨੀ ਚਾਹੀਦੀ ਸੀ। ਪਰ ਕੀ ਗੱਲ ਕਰਾਂ, ਇਸਦੀ ਸਮਝ ਨਹੀਂ ਸੀ ਆ ਰਹੀ। ਮੈਂ ਅਮਨ ਵਲ ਦੇਖਿਆ। ਉਹ ਮੈਨੂੰ ਬਦਲਿਆ-ਬਦਲਿਆ ਲੱਗ ਰਿਹਾ ਸੀ, ਜਿਵੇਂ ਕੋਈ ਓਪਰਾ ਮਰਦ ਹੋਵੇ। ਪਤਾ ਨਹੀਂ ਕਿਧਰੋਂ ਮੇਰੇ ਚਿੱਤ `ਚ ਆਈ ਕਿ ਕੀ ਦਾਦੇ ਦੇ ਫੌਜ ਵਿਚੋਂ ਛੁੱਟੀ ਆਇਆਂ ਦਾਦੀ ਨੂੰ ਵੀ ਓਹ ਇਸੇ ਤਰ੍ਹਾਂ ਹੀ ਲਗਦਾ ਹੋਵੇਗਾ? ਫਿਰ ਮੇਰਾ ਧਿਆਨ ਮੰਮੀ ਵੱਲ ਚਲਾ ਗਿਆ। ਮੈਂ ਸੋਚਣ ਲੱਗੀ ਕਿ ਮੰਮੀ ਨੂੰ ਕਿਵੇਂ ਲੱਗਾ ਹੋਵੇਗਾ, ਜਦੋਂ ਪਾਪਾ ਦੋ-ਢਾਈ ਸਾਲਾਂ ਬਾਅਦ ਬਾਹਰੋਂ ਮੁੜੇ ਹੋਣਗੇ? ਉਦੋਂ ਤਾਂ ਹੁਣ ਵਰਗੀ ਤਕਨਾਲੋਜੀ ਵੀ ਨਹੀਂ ਸੀ। ਮੈਂ ਤਾਂ ਨਿੱਤ ਅਮਨ ਨੂੰ ਫੋਨ ਕੈਮਰੇ ਰਾਹੀਂ ਦੇਖਦੀ ਤੇ ਗੱਲ ਕਰਦੀ ਸੀ ਫਿਰ ਵੀ ਇਹ ਮੈਨੂੰ ਕੋਈ ਓਪਰਾ ਲੱਗ ਰਿਹਾ ਹੈ। ਕੁਝ ਦੇਰ ਬਾਅਦ ਅਮਨ ਦੀ ਆਵਾਜ਼ ਨੇ ਹੀ ਚੁੱਪ ਤੋੜੀ। ਉਹ ਬੋਲਿਆ, ‘ਓਹ ਸਾਹਮਣੇ ਤਾਂ ਕੋਈ ਗੁਰੂ ਘਰ ਲਗਦੈ?’
‘ਹਾਂ, ਨਾਨਕਸਰ ਗੁਰਦੁਆਰਾ ਐ।’ ਮੈਨੂੰ ਆਪਣਾ ਜਵਾਬ ਬਹੁਤਾ ਸੰਖੇਪ ਲੱਗਾ। ਮੈਂ ਫਿਰ ਕਿਹਾ, ‘ਜਿੱਦਣ ਮੈਂ ਕਨੇਡਾ ਆਈ ਸੀ, ਰੋਮੀ ਮੈਨੂੰ ਇੱਥੇ ਮੱਥਾ ਟਿਕਾ ਕੇ ਫਿਰ ਘਰ ਲੈ ਕੇ ਗਈ ਸੀ।’ ਇਹ ਮੈਨੂੰ ਬਾਅਦ ਵਿਚ ਸਮਝ ਲੱਗੀ ਕਿ ਮੱਥਾ ਟਿਕਾਉਣ ਦਾ ਮਤਲਬ ਲੰਗਰ ਛਕਾਉਣ ਤੋਂ ਸੀ।
‘ਆਪਾਂ ਵੀ ਮੱਥਾ ਟੇਕ ਚੱਲੀਏ?’
‘ਮੈਨੂੰ ਹਾਈਵੇ ਤੋਂ ਇਸ ਗੁਰਦੁਆਰੇ ਜਾਣ ਦਾ ਰਾਹ ਨਹੀਂ ਪਤਾ। ਆਪਾਂ ਸਰੀ ਆਲੇ ਗੁਰਦੁਆਰੇ ਚੱਲਾਂਗੇ।’
ਕੁਝ ਪਲਾਂ ਬਾਅਦ ਉਹ ਬੋਲਿਆ, ‘ਹੁਣ ਰੋਮੀ ਨੀ ਮਿਲੀ ਕਿਤੇ?’
ਰੋਮੀ ਅਮਨ ਦੇ ਪਿੰਡੋਂ ਸੀ। ਉਹ ਮੇਰੇ ਤੋਂ ਸਾਲ ਪਹਿਲਾਂ ਵੈਨਕੂਵਰ ਆਈ ਸੀ। ਅਮਨ ਨੇ ਹੀ ਉਸ ਨੂੰ ਮੇਰੀ ਜਿੰਮੇਵਾਰੀ ਸੌਂਪੀ ਸੀ। ਉਹ ਇੱਕ ਹੋਰ ਕੁੜੀ ਨਾਲ ਬੇਸਮੈਂਟ ਵਿਚ ਰਹਿੰਦੀ ਸੀ। ਤੀਜੀ ਉਨ੍ਹਾਂ ਨਾਲ ਮੈਂ ਹੋ ਗਈ। ਮੇਰਾ ਇੱਥੇ ਹੋਰ ਕੋਈ ਵੀ ਜਾਣਕਾਰ ਨਹੀਂ ਸੀ।
‘ਉਹ ਤਾਂ ਵਿਆਹ ਕਰਵਾਉਣ ਤੋਂ ਬਾਅਦ ਹੀ ਵਿਨੀਪੈੱਗ ਚਲੀ ਗਈ ਸੀ। ਬੜੀ ਤੇਜ਼ ਸੀ ਉਹ,’ ਮੈਂ ਜਵਾਬ ਦਿੱਤਾ।
‘ਓਹਨੇ ਤਾਂ ਮਸਾਂ ਸਾਲ ਭਰ ਹੀ ਫੀਸ ਭਰੀ ਹੋਊ ਏਥੇ ਕਾਲਜ ਦੀ?’
‘ ਮੈਨੂੰ ਦੱਸਦੀ ਸੀ ਬਈ ਦੂਜੇ ਸਮੈਸਟਰ ਦੀ ਫੀਸ ਭਰਨ ਤੋਂ ਬਾਅਦ ਹੀ ਉਸਨੇ ਸੋਚ ਲਿਆ ਸੀ ਕਿ ਇੱਥੇ ਪੱਕੇ ਹੋਏ ਕਿਸੇ ਮੁੰਡੇ ਨੂੰ ਫਸਾ ਲੈਣਾ ਤੇ ਫਸਾ ਵੀ ਲਿਆ। ਮੈਨੂੰ ਕਿਹਾ ਕਰੇ ਕਿ ਤੂੰ ਤਾਂ ਪਹਿਲਾਂ ਹੀ ਖੰਭ ਕਟਾ ਕੇ ਆਈ ਐਂ, ਭਰੀ ਜਾ ਫੀਸਾਂ।’
ਅਮਨ ਨੇ ਮੇਰੇ ਵਲ ਦੇਖਿਆ, ਜਿਵੇਂ ਮੇਰੇ ਚੇਹਰੇ ਤੋਂ ਕੁਝ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਪਤਾ ਨਹੀਂ ਉਸ ਕੀ ਪੜ੍ਹਿਆ ਹੋਵੇਗਾ ਪਰ ਮੈਨੂੰ ਉਸ ਵੇਲੇ ਖੰਭ ਕਟਾਉਣ ਦਾ ਪਛਤਾਵਾ ਨਹੀਂ ਸੀ। ਪਹਿਲਾਂ ਕਦੇ-ਕਦੇ ਹੁੰਦਾ ਰਿਹਾ ਸੀ, ਖਾਸ ਕਰਕੇ ਜਦੋਂ ਦੂਜੀ ਵਾਰ ਵੀ ਅਮਨ ਨੂੰ ਕਨੇਡਾ ਸਰਕਾਰ ਨੇ ਵਰਕ ਪਰਮਿਟ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹੀਂ ਦਿਨੀਂ ਮੈਂ ਬਹੁਤ ਕਸ਼ਮਕਸ਼ ਵਿਚੋਂ ਗੁਜ਼ਰੀ ਸੀ ਜਦੋਂ ਮੇਰੇ ਨਾਲ ਸਬਵੇਅ ਵਿਚ ਕੰਮ ਕਰਦਾ ਗੁਰਪ੍ਰੀਤ ਮੇਰੇ ਅੰਦਰ ਤਰਬਾਂ ਛੇੜਣ ਲੱਗਾ ਸੀ। ਮੇਰੇ ਸੁਪਨੇ ਵਿਚ ਚੰਨ-ਚਾਨਣੀ ਰਾਤ ਆਉਂਦੀ। ਪਾਰਕ ਵਿਚ ਖੜੋਤਿਆਂ ਮੇਰੀਆਂ ਬਾਹਾਂ ਗੁਰਪ੍ਰੀਤ ਦੇ ਗਲ ਵਿਚ ਹੁੰਦੀਆਂ। ਫਿਰ ਪਾਰਕ ਦੀ ਥਾਂ ਅਮਨ ਦੇ ਘਰ ਦੀ ਛੱਤ ਲੈ ਲੈਂਦੀ। ਅਮਨ ਤੇ ਗੁਰਪ੍ਰੀਤ ਦੇ ਚੇਹਰੇ ਰਲਗਡ ਹੋਣ ਲਗਦੇ। ਕਦੇ ਸੁਪਨੇ ਨੂੰ ਯਾਦ ਕਰਕੇ ਸਵਾਦ-ਸਵਾਦ ਹੋਣ ਲਗਦੀ ਤਾਂ ਦਾਦੀ ਦਾ ਚੇਹਰਾ ਮੂਹਰੇ ਆ ਜਾਂਦਾ, ‘ਆਪਣੇ ਕਰਮ ਹੀ ਐਹੋਜੇ ਆ ਧੀਏ। ਤੇਰਾ ਦਾਦਾ ਫੌਜ `ਚੋਂ ਛੁੱਟੀ ਆਇਆ, ਮੈਨੂੰ ਵਿਆਹ ਕੇ ਮੁੜ ਗਿਆ। ਤੇਰਾ ਪਿਓ ਵਿਆਹ ਕੇ ਪ੍ਰਦੇਸੀਂ ਤੁਰ ਗਿਆ ਰੁਲਣ। ਲੋਕੀਂ ਆਖਣ, ਭਈਆਂ ਵਾਸਤੇ ਵਿਆਹ ਕੇ ਲਿਆਇਆ। ਲੋਕਾਂ ਨੇ ਫੌਜਣਾਂ ਦੀਆਂ ਬਥੇਰੀਆਂ ਗੱਲਾਂ ਜੋੜੀਆਂ ਹੋਈਐਂ। ਬੜੀ ਔਖੀ ਘਾਟੀ ਐ ਧੀਏ। ਤਕੜੀ ਹੋ ਕੇ ਰਹੀਂ…।’ ਉਦੋਂ ਮੈਨੂੰ ਲੱਗਾ ਸੀ ਜਿਵੇਂ ਦਾਦੀ ਯਬਲੀਆਂ ਮਾਰ ਰਹੀ ਹੋਵੇ।
ਮੇਰੇ ਵੱਲ ਪਲ ਭਰ ਦੇਖਣ ਤੋਂ ਬਾਅਦ ਅਮਨ ਕੁਝ ਚਿਰ ਚੁੱਪ ਰਿਹਾ ਫਿਰ ਬੋਲਿਆ, ‘ਏਸ ਰੋਮੀ ਨੇ ਬੜਾ ਤਪਾਇਆ ਮੈਨੂੰ। ਲੋਕੀਂ ਕਿਹਾ ਕਰਨ ਕਿ ਜਿਵੇਂ ਮਾਸਟਰਾਂ ਦੀ ਰੋਮੀ ਨੀ ਮੁੜੀ ਕਨੇਡਾ ਤੋਂ, ਤੇਰੇ ਵਾਲੀ ਵੀ ਨਹੀਂ ਮੁੜਦੀ। ਹੁਣ ਛੱਡਦੇ ਝਾਕ।’
ਤਪਾਇਆ ਮੈਨੂੰ ਵੀ ਸੀ ਰੋਮੀ ਨੇ। ਉਸਦਾ ਇੱਕ ਨਵਾਂ-ਨਵਾਂ ਹੀ ਮਿੱਤਰ ਬਣਿਆ ਸੀ, ਜਿਸਦੀ ਕਾਰ ਵਿਚ ਉਹ ਮੈਨੂੰ ਹਵਾਈ ਅੱਡੇ ਤੋਂ ਲਿਆਈ ਸੀ। ਉਹ ਦੋ-ਤਿੰਨ ਰਾਤਾਂ ਬਾਅਦ ਮਲਕ ਦੇਣੇ ਸਾਡੀ ਬੇਸਮੈਂਟ `ਚ ਆ ਜਾਂਦਾ। ਮੈਨੂੰ ਅੱਧ-ਸੁੱਤੀ ਨੂੰ ਉੱਠ ਕੇ ਬੈਠਕ ਵਿਚ ਸੌਣ ਜਾਣਾ ਪੈਂਦਾ। ਅੰਦਰੋਂ ਰੋਮੀ ਤੇ ਉਸਦੇ ਦੋਸਤ ਦੀ ਘੁਸਰ-ਮੁਸਰ ਸੁਣ ਕੇ ਮੇਰਾ ਮਨ ਮਚਲਣ ਲੱਗਦਾ। ਦਿਲ ਕਰਦਾ ਕਿ ਅਮਨ ਇੱਥੇ ਹੋਵੇ ਜਾਂ ਮੈਂ ਇੰਡੀਆ ਹੋਵਾਂ।
ਮੈਂ ਅਮਨ ਵੱਲ ਦੇਖਿਆ। ਉਹ ਮੇਰੇ ਵੱਲ ਹੀ ਦੇਖ ਰਿਹਾ ਸੀ। ਮੈਨੂੰ ਨਹੀਂ ਪਤਾ ਉਸਦੇ ਚਿੱਤ ਵਿਚ ਉਸ ਵੇਲੇ ਕੀ ਚਲਦਾ ਸੀ ਜਦੋਂ ਉਸ ਨੇ ‘ਰੋਮੀ ਨੇ ਬੜਾ ਤਪਾਇਆ ਮੈਨੂੰ’ ਕਿਹਾ ਸੀ। ਪਰ ਮੈਨੂੰ ਲੱਗਾ ਜਿਵੇਂ ਉਹ ਮੇਰੇ ਵੱਲ ਸ਼ੁਕਰਗੁਜ਼ਾਰ ਨਿਗਾਹਾਂ ਨਾਲ ਦੇਖ ਰਿਹਾ ਹੋਵੇ ਕਿ ਮੈਂ ਆਪਣੇ ਕੌਲਾਂ `ਤੇ ਪੂਰੀ ਉੱਤਰੀ ਸੀ।
ਮੈਨੂੰ ਉਨ੍ਹਾਂ ਦਿਨਾਂ ਦੀ ਅਮਨ ਦੀ ਰੋਣਹਾਕੀ ਆਵਾਜ਼ ਚੇਤੇ ਸੀ, ਜਦੋਂ ਉਹ ਰੋਮੀ ਵੱਲੋਂ ਤਪਾਉਣ ਦੀ ਗੱਲ ਕਰਦਾ ਸੀ। ਕਾਲਜ ਵਿਚੋਂ ਦੋ ਸਾਲ ਦਾ ਕੋਰਸ ਮੁੱਕ ਗਿਆ ਸੀ ਅਤੇ ਮੈਂ ਇੱਥੇ ਪੱਕੇ ਹੋਣ ਦੀ ਉਡੀਕ ਕਰ ਰਹੀ ਸੀ। ਫਿਰ ਹੀ ਅਮਨ ਨੂੰ ਪੱਕਾ ਸੱਦ ਸਕਦੀ ਸੀ। ਵਰਕ ਪਰਮਿਟ `ਤੇ ਸੱਦਣ ਵਾਲਾ ਜੁਗਾੜ ਲੋਟ ਨਹੀਂ ਸੀ ਆਇਆ। ਅਮਨ ਅਕਸਰ ਹੀ ਆਖਦਾ, ‘ਹੁਣ ਤਾਂ ਤੂੰ ਛੇਤੀ-ਛੇਤੀ ਪੱਕੀ ਹੋਜੇਂ ਫੇਰ ਆ। ਏਥੇ ਤਾਂ ਲੋਕਾਂ ਨੇ ਮੇਰਾ ਬਾਹਰ ਨਿਕਲਣਾ ਦੁੱਭਰ ਕੀਤਾ ਪਿਐ।’ ਤੇ ਇੱਕ ਦਿਨ ਰੋਣਹਾਕੀ ਆਵਾਜ਼ `ਚ ਕਿਹਾ ਸੀ, ‘ਲੋਕੀਂ ਕਹਿੰਦੇ ਜੇ ਓਹਨੇ ਤੈਨੂੰ ਸੱਦਣਾ ਹੁੰਦਾ, ਹੁਣ ਨੂੰ ਸੱਦ ਲੈਂਦੀ। ਓਹਨੇ ਓਥੇ ਹੋਰ ਵਿਆਹ ਕਰਵਾ ਲਿਆ ਹੋਣੈ ਰੋਮੀ ਵਾਂਗੂੰ। ਪਰ ਮੈਨੂੰ ਪੂਰਾ ਭਰੋਸਾ ਸੀ, ਬਈ ਤੂੰ ਨੀ ਇਓਂ ਕਰਦੀ।’ ਉਸ ਦਿਨ ਅਮਨ ਦਾ ਦਿਲ ਧਰਾਉਣ ਤੋਂ ਬਾਅਦ ਪਿਛਲੇ ਸਾਢੇ ਤਿੰਨ ਸਾਲ ਮੇਰੀਆਂ ਯਾਦਾਂ ਵਿਚੋਂ ਗੁਜ਼ਰ ਗਏ ਸਨ। ਮੈਂ ਮਹਿਸੂਸ ਕੀਤਾ ਕਿ ਇਸ ਸਮੇਂ ਦੌਰਾਨ ਅਮਨ ਦੀ ਆਵਾਜ਼ ਵਿਚ ਕਿੰਨਾ ਫ਼ਰਕ ਪੈ ਗਿਆ ਸੀ। ਪਹਿਲਾਂ ਇਹ ਕਦੇ ਵੀਡੀਓ ਕਾਲ ਕਰ ਲੈਂਦਾ। ਫਿਰ ਆਖਦਾ, ‘ਕੈਮਰਾ ਘੁਮਾ ਕੇ ਮੈਨੂੰ ਵੀ ਕਨੇਡਾ ਦਿਖਾ।’ ਮੈਨੂੰ ਲਗਦਾ ਕਿ ਉਹ ਇਸ ਬਹਾਨੇ ਦੇਖਣਾ ਚਾਹੁੰਦਾ ਸੀ ਕਿ ਮੈਂ ਕਿੱਥੇ ਅਤੇ ਕਿਸ ਨਾਲ ਸੀ। ਜਾਂ ਕਦੇ ਪੁੱਛਦਾ ਕਿ ਮੇਰੀ ਫੇਸਬੁੱਕ ਵਿਚ ਫਲਾਣਾ ਮੁੰਡਾ ਕੌਣ ਹੈ। ਉਸਦੀ ਆਵਾਜ਼ ਵਿਚ ਆਦੇਸ਼ ਹੁੰਦਾ। ‘ਤੂੰ ਰਾਤ ਦਾ ਕੰਮ ਨੀ ਕਰਨਾ।’
‘ਦਿਨੇਂ ਕਾਲਜ ਜਾਣਾ ਹੁੰਦੈ। ਜੇ ਕੰਮ `ਤੇ ਨਾ ਗਈ ਤਾਂ ਅਗਲੇ ਸਮੈਸਟਰ ਦੀ ਫੀਸ ਕਿਵੇਂ ਭਰੂੰਗੀ?’
‘ਮੈਂ ਆ ਹੀ ਜਾਣੈ। ਦਿਨਾਂ `ਚ ਈ ਕਮਾਦੂੰ ਫੀਸ ਜੋਗੇ ਤਾਂ।’
ਦੂਜੇ ਸਮੈਸਟਰ ਦੀ ਫੀਸ ਅਮਨ ਨੇ ਭੇਜ ਦਿੱਤੀ ਸੀ। ਉਸ ਨੂੰ ਪਹਿਲੀ ਵਾਰ ਵਰਕ ਪਰਮਿਟ ਵੀਜ਼ੇ ਤੋਂ ਇਨਕਾਰ ਹੋ ਗਿਆ ਸੀ। ਤੀਜੇ ਸਮੈਸਟਰ ਦੀ ਫੀਸ ਦੇਣ ਦਾ ਸਮਾਂ ਆਉਣ ਤੋਂ ਪਹਿਲਾਂ ਉਸ ਨੇ ਮੈਨੂੰ ਕਿਸੇ ਵੀ ਸ਼ਿਫਟ `ਤੇ ਕੰਮ ਕਰਨ ਦੀ ਆਗਿਆ ਦੇ ਦਿੱਤੀ ਸੀ।
ਰਾਹ ਦਸੇਰੂ ਯੰਤਰ ਵਿਚੋਂ ਫਿਰ ਆਦੇਸ਼ ਦੀ ਆਵਾਜ਼ ਉੱਭਰੀ। ਬ੍ਰਿੱਜ਼ ਚੜ੍ਹਣ ਤੋਂ ਪਹਿਲਾਂ ਮੈਂ ਫਿਰ ਆਪਣੀ ਪੂਰੀ ਤਵੱਜੋ ਕਾਰ ਚਲਾਉਣ ਵੱਲ ਕਰ ਲਈ। ਗੱਲਾਂ-ਬਾਤਾਂ ਵਿਚ ਮੈਂ ਹਾਈਵੇ ਵਿਚੋਂ ਬਾਹਰ ਨਿਕਲਣ ਵਾਲਾ ਰਸਤਾ ਖੁੰਝਾਉਣਾ ਨਹੀਂ ਸੀ ਚਾਹੁੰਦੀ। ਰਾਹ ਪੈ ਕੇ ਮੈਂ ਰਾਹ ਦਸੇਰੂ ਯੰਤਰ ਬੰਦ ਕਰ ਦਿੱਤਾ। ਮੇਰੇ ਆਪਣੇ ਸ਼ਹਿਰ ਡੈਲਟਾ-ਸਰੀ ਆ ਗਏ ਸਨ। ਇਹ ਰਾਹ ਮੇਰੇ ਦੇਖੇ-ਭਾਲੇ ਸਨ। ਸਬਵੇਅ ਵੱਲ ਇਸ਼ਾਰਾ ਕਰਕੇ ਮੈਂ ਅਮਨ ਨੂੰ ਦੱਸਿਆ, ‘ਮੈਂ ਇੱਥੇ ਕੰਮ ਕਰਦੀ ਸੀ। ਇਨ੍ਹਾਂ ਨੇ ਹੀ ਸਪੌਂਸਰਸ਼ਿੱਪ ਦੇ ਕੇ ਪੱਕੀ ਕਰਵਾਇਐ।’
‘ਅੱਛਾ, ਛੱਡ ਕਾਹਤੋਂ ਦਿੱਤਾ ਕੰਮ ਇੱਥੋਂ,’ ਅਮਨ ਦੇ ਦਿਮਾਗ ਵਿਚ ਸ਼ਾਇਦ ਮੇਰੇ ਕਹੇ ‘ਪੱਕੀ ਕਰਵਾਉਣ’ ਵਾਲੇ ਹਿੱਸੇ ਨੇ ਸ਼ਰਧਾ ਪੈਦਾ ਕਰ ਦਿੱਤੀ ਸੀ। ਮੈਨੂੰ ਲੱਗਾ ਕਿ ਉਹ ਇਸੇ ਭਾਵ ਨਾਲ ਹੀ ਸਬਵੇਅ ਵੱਲ ਦੇਖ ਰਿਹਾ ਸੀ।
‘ਤੈਨੂੰ ਦੱਸਿਆ ਤਾਂ ਸੀ ਸਟੂਡੈਂਟ ਕਾਨੂੰਨੀ ਤੌਰ `ਤੇ ਹਫ਼ਤੇ `ਚ ਵੀਹ ਘੰਟੇ ਹੀ ਕੰਮ ਕਰ ਸਕਦੇ ਸੀ ਪਰ ਮੈਂ ਕਰਦੀ ਸੀ ਪੰਜਾਹ-ਪੰਜਾਹ ਘੰਟੇ। ਬਾਕੀ ਤੀਹ ਘੰਟਿਆਂ ਦੀ ਇਹ ਨਿਗੂਣੀ ਜਿਹੀ ਤਨਖਾਹ ਦਿੰਦੇ। ਕੋਰਸ ਮੁੱਕਣ ਤੋਂ ਬਾਅਦ ਵੀ ਮੈਂ ਦੋ ਸਾਲ ਉਸੇ ਹਿਸਾਬ ਹੀ ਢੂਆ ਕਟਾਉਂਦੀ ਰਹੀ ਕਿ ਇਹ ਮੈਨੂੰ ਸਪਾਂਸਰਸ਼ਿੱਪ ਦੇਣਗੇ। ਏਨ੍ਹਾਂ ਨੂੰ ਐਨੇ ਸਸਤੇ ਕਾਮੇ ਕਿੱਥੋਂ ਲੱਭਣੇ ਆਂ। ਪੱਕੀ ਹੋਣ ਦੀ ਦੇਰ ਸੀ, ਮੈਂ ਨਵੀਂ ਨੌਕਰੀ ਲੱਭ ਲਈ।’
‘ਆਪਣੇ ਬੰਦੇ ਈ ਐ?’ ਮੈਨੂੰ ਅਮਨ ਦੇ ਸਵਾਲ `ਤੇ ਹੈਰਾਨੀ ਹੋਈ। ਇਹ ਸਭ ਮੈਂ ਇਸ ਨੂੰ ਦੱਸਿਆ ਹੋਇਆ ਸੀ। ਫਿਰ ਸੋਚਿਆ ਕਿ ਕਿੰਨੇ ਕੰਮਾਂ ਵਾਲਿਆਂ ਦੀਆਂ ਤਾਂ ਇਸ ਨੂੰ ਗੱਲਾਂ ਸਣਾਉਂਦੀ ਰਹੀ ਹਾਂ। ਸ਼ਾਇਦ ਇੱਕ-ਦੂਜੇ ਵਿਚ ਉਲਝ ਗਿਆ ਹੋਵੇਗਾ ਜਾਂ ਜਹਾਜ ਵਿਚ ਨੀਂਦ ਨਾ ਆਈ ਹੋਣ ਕਰਕੇ ਅੱਧ-ਉਨੀਂਦੇ ਦਾ ਪੂਰਾ ਧਿਆਨ ਨਾ ਹੋਵੇ।
‘ਆਪਣੇ ਲੋਕ ਹੀ ਆਪਣਿਆਂ ਦੀ ਲੁੱਟ ਕਰਦੇ ਆ। ਅੱਛਾ ਦੱਸ ਜੇ ਰੋਟੀ ਦੀ ਭੁੱਖ ਐ ਤਾਂ ਏਸ ਗੁਰਦੁਆਰੇ ਚਲੇ ਚੱਲਦੇ ਹਾਂ। ਜੇ ਮੱਥਾ ਹੀ ਟੇਕਣਾ ਤਾਂ ਆਪਣੇ ਘਰ ਕੋਲ ਵੀ ਇੱਕ ਗੁਰਦੁਆਰਾ ਹੈ। ਪਰ ਓਥੇ ਐਸ ਵੇਲੇ ਗਰਮ ਰੋਟੀ ਨੀ ਮਿਲਣੀ।’
‘ਰੋਟੀ ਤਾਂ ਖਾਵਾਂਗੇ ਹੀ। ਜਹਾਜ ਵਾਲਾ ਖਾਣਾ ਬਕਬਕਾ ਜਿਹਾ ਸੀ।’
ਮੈਂ ਕਾਰ ਗੁਰਦਵਾਰਾ ਦਸ਼ਮੇਸ਼ ਦਰਬਾਰ ਵੱਲ ਮੋੜ ਦਿੱਤੀ। ਅਚਾਨਕ ਹੀ ਅਮਨ ਬੋਲਿਆ, ‘ਆਹ ਕੀ ਬਈ? ਓਹ ਦੁਕਾਨ ਮੂਹਰੇ ਜਲੇਬੀਆਂ ਲਿਖਿਆ। ਇਹ ਦੁਕਾਨ ਦਾ ਨਾਂ ਹੈ ਕਿ ਮਸ਼ਹੂਰੀ ਵਾਸਤੇ ਲਿਖਿਆ?’
‘ਇਹ ਮਠਿਆਈਆਂ ਦੀ ਦੁਕਾਨ ਹੈ। ਇਨ੍ਹਾਂ ਦੀਆਂ ਜਲੇਬੀਆਂ ਬਹੁਤ ਮਸ਼ਹੂਰ ਨੇ। ਮੈਂ ਏਥੇ ਵੀ ਥੋੜ੍ਹੇ ਦਿਨ ਕੰਮ ਕੀਤੈ।’
ਇਹ ਦੁਕਾਨ ਮੀਆਂ-ਬੀਵੀ ਚਲਾਉਂਦੇ ਸਨ। ਮੈਂ ਤਿੰਨ ਤੋਂ ਰਾਤ ਦੇ ਦਸ ਵਜੇ ਤੱਕ ਇੱਥੇ ਕੰਮ ਕਰਦੀ। ਮੇਰੀ ਬੱਸ ਦਸ ਵੱਜ ਕੇ ਦਸ ਮਿੰਟ `ਤੇ ਇਧਰੋਂ ਲੰਘਦੀ। ਮੈਨੂੰ ਕੁਝ ਦਿਨਾਂ `ਚ ਹੀ ਪਤਾ ਲੱਗ ਗਿਆ ਸੀ ਕਿ ਦੁਕਾਨ ਦਾ ਮਾਲਕ ਮੇਰੀ ਬੱਸ ਖੰਝਾਉਣੀ ਚਾਹੁੰਦਾ ਸੀ। ਉਹ ਦਸ ਵੱਜਣ `ਚ ਪੰਜ ਮਿੰਟ ਰਹਿੰਦਿਆਂ ਆ ਕੇ ਕਹਿੰਦਾ, ‘ਆਹ ਭਾਂਡਾ ਸਾਫ ਕਰਦੇ।’ ਮੈਂ ਆਖਦੀ, ‘ਮੇਰੀ ਬੱਸ ਲੰਘ ਜਾਵੇਗੀ।’ ‘ਏਸ ਕੰਮ ਨੂੰ ਬਹੁਤਾ ਚਿਰ ਨੀ ਲੱਗਣਾ। ਜੇ ਲੰਘ ਗਈ ਮੈਂ ਛੱਡ ਆਊਂ ਤੈਨੂੰ।’ ਪਰ ਮੈਂ ਉਸ ਨੂੰ ਇਹ ਮੌਕਾ ਨਹੀਂ ਸੀ ਦੇਣਾ ਚਾਹੁੰਦੀ। ਮੈਨੂੰ ਉਸਦੀ ਅੱਖ ਵਿਚ ਮੈਲ ਦਿਸ ਗਈ ਸੀ। ਆਪਣੀ ਘਰਵਾਲੀ ਸਾਹਮਣੇ ਕੁਝ ਆਖ ਨਹੀਂ ਸੀ ਸਕਦਾ। ਦੋ ਹਫ਼ਤਿਆਂ ਬਾਅਦ ਹੀ ਕੰਮ ਛੱਡ ਦਿੱਤਾ ਸੀ। ਮੈਂ ਇਹ ਗੱਲ ਅਮਨ ਨੂੰ ਨਾ ਦੱਸੀ। ਸੋਚਿਆ ਕਿ ਪਤਾ ਨਹੀਂ ਅਮਨ `ਤੇ ਇਸਦਾ ਕੀ ਅਸਰ ਹੋਵੇਗਾ। ਪਰ ਮੈਂ ਕੰਮ ਛੱਡਣ ਤੋਂ ਇੱਕ ਰਾਤ ਪਹਿਲਾਂ ਬਾਰੇ ਦੱਸਣ ਲੱਗੀ, ‘ਮੇਰੇ ਟਿਕਾਣੇ ਤੋਂ ਏਧਰ ਬਹੁਤੀਆਂ ਬੱਸਾਂ ਨਹੀਂ ਸੀ ਚਲਦੀਆਂ। ਇੱਕ ਰਾਤ ਐਨੀ ਠੰਡ ਕਿ ਹੱਥ-ਪੈਰ ਨਾਲੋਂ ਲਹਿੰਦੇ ਲੱਗਣ। ਸੁੰਨ ਕਰਦੀ ਬਰਫੀਲੀ ਹਵਾ ਵਗੇ। ਦੇਖਦੀ-ਦੇਖਦੀ ਮੇਰੇ ਮੂਹਰੇ ਮੇਰੀ ਬੱਸ ਨਿਕਲ ਚੱਲੀ। ਮੈਂ ‘ਸਟਾਪ ਸਟਾਪ’ ਕਰਦੀ ਮਗਰ ਵੀ ਭੱਜੀ। ਪਰ ਉਹ ਰੁਕੀ ਨਹੀਂ। ਅਗਲੀ ਬੱਸ ਪਤਾ ਨਹੀਂ ਘੰਟੇ ਜਾਂ ਦੋ ਘੰਟੇ ਬਾਅਦ ਆਉਣੀ ਸੀ। ਅਗਲਾ ਦਿਨ ਮੇਰਾ ਕਾਲਜ ਦਾ ਕੰਮ ਜਮ੍ਹਾਂ ਕਰਵਾਉਣ ਦਾ ਆਖਰੀ ਦਿਨ ਸੀ। ਮੈਂ ਹਾਲੇ ਕੰਮ ਵਿਚ ਹੀ ਐਨੀ ਰੁੱਝੀ ਹੋਈ ਸੀ। ਉਸ ਰਾਤ ਜਾ ਕੇ ਕਰਨਾ ਸੀ। ਸੋਚਦੀ ਸੀ ਕਿ ਰਾਤ ਨਾ ਸੌਵਾਂਗੀ। ਸੋਚਾਂ ਕਿ ਹੁਣ ਕੀ ਕਰਾਂ। ਮੈਂ ਰੋਣ-ਹਾਕੀ ਹੋ ਗਈ। ਫੇਰ ਮੈਂ ਤੁਰ ਕੇ ਜਾਣ ਦਾ ਫੈਸਲਾ ਲਿਆ। ਰਾਹ ਵਿਚ ਖਿਆਲ ਆਈ ਜਾਣ ਕਿ ਜਿਵੇਂ ਬੱਸ ਦੇਖਦੇ-ਦੇਖਦੇ ਹੀ ਲੰਘੀ ਹੈ, ਕੋਰਸ ਵੀ ਇਸੇ ਤਰ੍ਹਾਂ ਹੀ ਹੱਥੋਂ ਨਿਕਲ ਜਾਵੇਗਾ। ਫਿਰ ਇਕ ਹੋਰ ਸਮੈਸਟਰ ਲਾਉਣਾ ਪਵੇਗਾ। ਚਿੱਤ `ਚ ਕਾਹਲ ਪਈ ਜਾਵੇ। ਅੱਖਾਂ ਭਰ ਭਰ ਆਉਣ। ਹਵਾ ਨੱਕ-ਮੂੰਹ ਸੁੰਨ ਕਰੀ ਜਾਵੇ। ਤੇਰੇ `ਤੇ ਹਰਖ ਆਈ ਜਾਵੇ । ਪਾਪਾ `ਤੇ ਗੁੱਸਾ ਆਈ ਜਾਵੇ ਕਿ ਮੈਨੂੰ ਇੱਥੇ ਜੰਗਲ ਬੀਆਬਾਨ `ਚ `ਕੱਲੀ ਨੂੰ ਭਟਕਣ ਲਈ ਭੇਜ ਦਿੱਤਾ। ਵਿਚੇ ਮਨ ਨੂੰ ਕਰੜਾ ਕਰਕੇ ਸੋਚਦੀ ਕਿ ਕਿਸੇ ਓਧਰ ਜਾਂਦੀ ਕਾਰ ਨੂੰ ਰੋਕ ਕੇ ਉਸ ਨੂੰ ਘਰ ਤੱਕ ਛੱਡਣ ਲਈ ਆਖ ਦੇਵਾਂ। ਪਰ ਇਸ ਤਰ੍ਹਾਂ ਨਾ ਕਰ ਸਕੀ। ਠੰਡ ਨਾਲ ਪੈਰ ਮਣ ਮਣ ਭਾਰੇ ਹੋ ਗਏ। ਰੋਂਦੀਂ-ਢਹਿੰਦੀ ਮਸਾਂ ਟਿਕਾਣੇ ਪਹੁੰਚੀ।’
ਮੈਂ ਅਮਨ ਵੱਲ ਦੇਖਿਆ। ਮੈਨੂੰ ਲੱਗਾ ਜਿਵੇਂ ਉਹ ਮੇਰੇ ਸਿਰੜ `ਤੇ ਬਲਿਹਾਰੇ ਜਾ ਰਿਹਾ ਹੋਵੇ। ਬੋਲਿਆ, ‘ਪਤਾ ਨੀ ਸੀ ਨਾ ਸੀਰਤ ਬਈ ਤੈਨੂੰ ਏਥੇ ਇਓਂ `ਕੱਲੀ ਨੂੰ ਰਹਿਣਾ ਪਵੇਗਾ। ਏਜੰਟ ਤਾਂ ਕਹਿੰਦਾ ਸੀ ਕਿ ਤੇਰੇ ਪਹੁੰਚਣ ਦੇ ਮਹੀਨੇ ਬਾਅਦ ਮੇਰਾ ਵਰਕ ਪਰਮਿਟ ਵੀਜ਼ੇ `ਤੇ ਅਰਜੀ ਭਰ ਦੇਵਾਂਗੇ। ਓਦੋਂ ਹੀ ਵੀਜ਼ਾ ਮਿਲਜੂ। ਮੈਂ ਕੰਮ ਕਰੀ ਜਾਂਦਾ ਤੂੰ ਪੜ੍ਹੀ ਜਾਂਦੀ। ਪਤਾ ਨਹੀਂ ਸੀ ਬਈ ਇਸ ਤਰ੍ਹਾਂ ਉਹ ਕਿਸੇ ਕਿਸੇ ਨੂੰ ਹੀ ਵੀਜ਼ਾ ਦਿੰਦੇ ਆ।’
‘ਚੱਲ ਹੁਣ ਤਾਂ ਲੰਘ ਗਿਆ ਔਖਾ ਸਮਾਂ,’ ਮੈਂ ਕਿਹਾ। ਕੁਝ ਪਲਾਂ ਬਾਅਦ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ, ‘ਸਮਾਂ ਤਾਂ ਔਖੇ-ਸੌਖੇ ਲੰਘ ਹੀ ਜਾਂਦਾ ਹੁੰਦੈ।’ ਇਹ ਗੱਲ ਸ਼ਾਇਦ ਮੈਂ ਆਪਣੇ ਆਪ ਨੂੰ ਹੀ ਤਸੱਲੀ ਦੇਣ ਲਈ ਕਹੀ ਸੀ। ਪਲ ਦੀ ਪਲ ਮੇਰੇ ਸਾਹਮਣਿਓਂ ਮੇਰੀ ਭਰਜਾਈ ਦਾ ਚੇਹਰਾ ਲੰਘ ਗਿਆ ਸੀ। ਮੈਂ ਆਪ ਇਸ ਕੰਡਿਆਲੇ ਰਾਹ ਤੁਰੀ ਹੋਣ ਦੇ ਬਾਵਜੂਦ ਆਪਣੇ ਭਰਾ ਦਾ ਰਾਹ ਪੱਧਰਾ ਕਰਨ ਲਈ ਆਪਣੀ ਭਰਜਾਈ ਨੂੰ ਇਸੇ ਰਾਹ ਘੜੀਸ ਲਿਆ ਸੀ।
ਮੇਰਾ ਛੋਟਾ ਭਰਾ ਪਰਦੀਪ ਨਿੱਤ ਫੋਨ ਕਰਕੇ ਆਖਦਾ, ‘ਦੀਦੀ ਮੇਰਾ ਵੀ ਕਰੋ ਕੁਝ।’
‘ਆਈ ਲੈਟਸ ਕਰ ਲੈ,’ ਮੈਂ ਉਸ ਨੂੰ ਆਖਦੀ।
‘ਓਹ ਨੀ ਮੈਥੋਂ ਹੋਣੇ। ਕੋਈ ਹੋਰ ਤਰੀਕਾ ਲੱਭੋ,’ ਉਹ ਜ਼ੋਰ ਦਿੰਦਾ। ਤੇ ਮੈਨੂੰ ਉਹੀ ਤਰੀਕਾ ਲੱਭਿਆ, ਜਿਸ ਪੈਂਡੇ ਮੈਂ ਪਈ ਸੀ। ਮੇਰੇ ਇੱਥੇ ਪੱਕੀ ਹੋਣ ਸਾਰ ਹੀ ਅਮਨ ਜ਼ੋਰ ਲਾਉਣ ਲੱਗਾ ਸੀ ਕਿ ਮੈਂ ਇੱਕ ਵਾਰ ਇੰਡੀਆ ਜ਼ਰੂਰ ਆਵਾਂ, ਭਾਵੇਂ ਥੋੜ੍ਹੇ ਦਿਨਾਂ ਲਈ ਹੀ ਸਹੀ। ਮੇਰਾ ਆਪਣਾ ਵੀ ਦਿਲ ਕਰਦਾ, ਲੰਬੀਆਂ ਛੁੱਟੀਆਂ ਕਰਨ ਲਈ। ਚਾਰ ਸਾਲ ਕੰਮ ਅਤੇ ਸਕੂਲ ਨੇ ਮੈਨੂੰ ਸਾਹ ਨਹੀਂ ਸੀ ਲੈਣ ਦਿੱਤਾ। ਮੈਂ ਗਿਣਤੀਆਂ-ਮਿਣਤੀਆਂ ਵਿਚ ਪੈ ਗਈ ਕਿ ਜਿੰਨੀ ਹੁਣ ਤੱਕ ਕਮਾਈ ਕੀਤੀ ਸੀ, ਉਹ ਰੋੜ੍ਹ ਆਵਾਂਗੀ ਨਾਲੇ ਕੰਮ ਤੋਂ ਛੁੱਟੀਆਂ ਲੈਣ ਨਾਲ ਕਮਾਈ ਬੰਦ ਹੋਵੇਗੀ। ਕਿਉਂ ਨਾ ਐਨੇ ਡਾਲਰਾਂ ਨਾਲ ਭਰਾ ਦੇ ਏਥੇ ਆਉਣ ਦਾ ਕੋਈ ਜੁਗਾੜ ਕਰ ਲਵਾਂ। ਤੇ ਮੈਂ ਆਪਣੇ ਪਾਪਾ ਨੂੰ ਕਿਹਾ ਕਿ ਉਹ ਵੀ ਪਰਦੀਪ ਦੇ ਵਿਆਹ ਦਾ ਅਖ਼ਬਾਰਾਂ ਵਿਚ ਉਸੇ ਤਰ੍ਹਾਂ ਦਾ ਇਸ਼ਤਿਹਾਰ ਦੇ ਦੇਣ, ਜਿਸ ਤਰ੍ਹਾਂ ਦਾ ਅਮਨ ਦੇ ਡੈਡੀ ਨੇ ਚਾਰ ਪਹਿਲਾਂ ਦਿੱਤਾ ਸੀ। ਪਾਪਾ ਨੇ ਇਸ਼ਤਿਹਾਰ ਦੀ ਨਕਲ ਮੈਨੂੰ ਭੇਜ ਦਿੱਤੀ। ੳਸ ਵਿਚ ਲਿਖਿਆ ਸੀ: ਕਨੇਡਾ ਜਾਣ ਦੀ ਚਾਹਵਾਨ ਆਈ ਲੈਟਸ ਵਿਚੋਂ 6.5 ਬੈਂਡ ਨਾਲ ਪਾਸ ਲੜਕੀ ਦੀ ਜਰੂਰਤ ਹੈ। ਸਾਰਾ ਖਰਚ ਲੜਕੇ ਦੀ ਕਨੇਡਾ ਵਿਚ ਸੈਟਲਡ ਭੈਣ ਕਰੇਗੀ…।
‘ਹਾਂ, ਸਮੇਂ ਨੇ ਤਾਂ ਲੰਘਣਾ ਹੀ ਹੁੰਦੈ,’ ਮੈਨੂੰ ਅਮਨ ਦੀ ਆਵਾਜ਼ ਸੁਣੀ। ਮੈਨੂੰ ਲੱਗਾ ਜਿਵੇਂ ਉਸ ਨੇ ਹਓਕਾ ਲਿਆ ਹੋਵੇ।
ਗੁਰਦੁਆਰੇ ਤੋਂ ਲੰਗਰ ਛਕ ਕੇ ਅਸੀਂ ਘਰ ਵੱਲ ਕਾਰ ਕਰ ਲਈ। ਅੱਗੇ ਬੇਅਰ ਕਰੀਕ ਪਾਰਕ ਆ ਗਿਆ। ਇਹ ਉਹੀ ਪਾਰਕ ਹੈ, ਜਿਸਦੇ ਇੱਕ ਹਿੱਸੇ ਵਿਚ ਮੈਨੂੰ ਆਪਣਾ-ਆਪ ਗੁਰਪ੍ਰੀਤ ਦੇ ਗਲ ਵਿਚ ਬਾਹਾਂ ਪਾਈ ਖੜ੍ਹਾ ਦਿਸਦਾ।
ਇੱਕ ਦਿਨ ਗੁਰਪ੍ਰੀਤ ਨੇ ਗੱਲੀਂ-ਬਾਤੀਂ ਦੱਸਿਆ ਸੀ ਕਿ ਉਸ ਨੇ ਪੱਕੇ ਹੋਣ ਲਈ ਅਰਜ਼ੀ ਭਰੀ ਹੋਈ ਸੀ ਤੇ ਕੁਝ ਦਿਨਾਂ `ਚ ਹੀ ਉਸ ਨੂੰ ਇਸਦੇ ਮਿਲਣ ਦੀ ਉਮੀਦ ਸੀ। ਮੈਂ ਸੁਭਾਵਿਕ ਹੀ ਪੁੱਛ ਲਿਆ, ‘ਅੱਗੇ ਕੀ ਪ੍ਰੋਗਰਾਮ ਹੈ?’
‘ਜੇ ਤੇਰੇ ਵਰਗੀ ਕੁੜੀ ਮਿਲ ਜਾਵੇ ਤਾਂ ਇੱਥੇ ਹੀ ਵਿਆਹ ਕਰਵਾ ਲਵਾਂ।’ ਮੈਨੂੰ ਆਪਣੇ ਅੰਦਰੋਂ ਕੁਝ ਖੁੱਸਦਾ ਜਿਹਾ ਜਾਪਿਆ। ਮੈਂ ਉਸ ਵੱਲ ਦੇਖਿਆ।
‘ਮੇਰਾ ਤਾਂ ਭਰਾਵਾ ਪਹਿਲਾਂ ਹੀ ਹੋਇਆ ਵਿਐ,’ ਮੇਰੇ ਮੂੰਹੋਂ ਮਸਾਂ ਹੀ ਨਿਕਲਿਆ। ਮੈਨੂੰ ਲੱਗਾ ਜਿਵੇਂ ਇਹ ਸੁਣ ਕੇ ਉਸਦਾ ਵੀ ਚੇਹਰਾ ਲੱਥ ਗਿਆ ਹੋਵੇ। ਉਸ ਰਾਤ ਮੇਰਾ ਦਿਲ ਰੋਣ ਰੋਣ ਕਰੇ। ਮੈਨੂੰ ਆਪਣੇ ਪਾਪਾ `ਤੇ ਖਿੱਝ ਆਈ ਕਿ ਉਨ੍ਹਾਂ ਨੂੰ ਐਡੀ ਕੀ ਕਾਹਲੀ ਸੀ ਮੇਰੇ ਵਿਆਹ ਦੀ। ਫਿਰ ਪਾਪਾ ਦਾ ਰੋਂਦਾ ਚੇਹਰਾ ਸਾਹਮਣੇ ਆ ਗਿਆ। ਕਦੇ-ਕਦੇ ਉਹ ਸ਼ਰਾਬ ਪੀ ਕੇ ਰੋਣ ਲੱਗਦੇ। ਮੈਨੂੰ ਤੇ ਮੇਰੇ ਭਰਾ ਨੂੰ ਬੁੱਕਲ `ਚ ਲੈ ਕੇ ਆਖਦੇ, ‘ਜੇ ਕਿਤੇ ਰਾਹ `ਚ ਫੜਿਆ ਨਾ ਗਿਆ ਹੁੰਦਾ, ਅੱਜ ਮੇਰੇ ਬੱਚੇ ਵੀ ਅਮਰੀਕਾ `ਚ ਪੜ੍ਹਦੇ ਹੁੰਦੇ।’
ਮੇਰੇ ਜਨਮ ਤੋਂ ਪਹਿਲਾਂ ਉਨ੍ਹਾਂ ਨੇ ਪੈਲੀ ਵੇਚ ਕੇ ਅਮਰੀਕਾ ਜਾਣ ਲਈ ਏਜੰਟ ਨੂੰ ਪੈਸੇ ਦਿੱਤੇ ਸਨ ਪਰ ਉਨ੍ਹਾਂ ਦਾ ਜੁਗਾੜ ਠੀਕ ਸਿਰ ਨਹੀਂ ਸੀ ਬੈਠਾ। ਉਨ੍ਹਾਂ ਨੂੰ ਇਸਦਾ ਸਾਰੀ ਉਮਰ ਝੋਰਾ ਰਿਹਾ ਸੀ। ਤੇ ਮੈਨੂੰ ਆਈ ਲੈਟਸ ਦੀ ਪੌੜੀ ਰਾਹੀਂ ਵਿਆਹ ਕਰਕੇ ਕਨੇਡਾ ਭੇਜਣ ਦੇ ਫੈਸਲੇ `ਚ ਪਾਪਾ ਬੇਕਸੂਰ ਲੱਗੇ। ਜੇ ਉਨ੍ਹਾਂ ਵਿਚ ਆਪਣੇ ਬਲਬੂਤੇ ਮੈਨੂੰ ਕਨੇਡਾ ਭੇਜਣ ਦੀ ਸਮਰੱਥਾ ਹੁੰਦੀ ਤਾਂ ਉਹ ਕਿਓਂ ਮੇਰੇ ਪੈਰ ਬੰਨ੍ਹਦੇ।
ਮੈਂ ਅਮਨ ਨੂੰ ਪਾਰਕ ਬਾਰੇ ਕੁਝ ਨਾ ਦੱਸਿਆ। ਅੱਗੇ ਇਕ ਹੋਰ ਗੁਰਦੁਆਰਾ ਆ ਗਿਆ। ਮੈਂ ਕਿਹਾ, ‘ਆਹ ਗੁਰਦਵਾਰਾ ਤਾਂ ਘਰ ਵਾਂਗ ਹੀ ਹੈ। ਇਸਦਾ ਬਹੁਤ ਆਸਰਾ ਰਿਹੈ ਮੈਨੂੰ। ਸ਼ਾਮ ਨੂੰ ਰੋਟੀ ਖਾਣ ਲਈ ਦਿਲ ਕਰਦਾ, ਇੱਥੇ ਆ ਜਾਂਦੀ।’
‘ਅੱਛਾ,’ ਆਖ ਕੇ ਅਮਨ ਨੇ ਸਿਰ ਨਿਵਾਇਆ।
ਗੁਰਦੁਆਰੇ ਦੇ ਪਿਛਲੇ ਪਾਸੇ, ਜਿੱਥੇ ਪਾਰਕ ਇਸ ਨਾਲ ਮਿਲਦਾ ਹੈ, ਉੱਥੇ ਸੁੰਨ-ਸਾਨ ਥਾਂ `ਤੇ ਪੰਜਾਬ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਐਤਵਾਰ ਦੀ ਸ਼ਾਮ ਨੂੰ ਮਿਲਦੇ। ਉਸ ਤੋਂ ਅੱਗੇ ਦਰੱਖਤਾਂ ਦੇ ਝੁੰਡ ਸ਼ੁਰੂ ਹੋ ਜਾਂਦੇ। ਪਾਰਕ ਦਾ ਇਹੀ ਉਹ ਥਾਂ ਸੀ, ਜਿਹੜਾ ਮੇਰੇ ਸੁਪਨੇ ਵਿਚ ਆਉਂਦਾ ਸੀ। ਮੈਂ ਇੱਕ ਵਾਰ ਰੋਮੀ ਨਾਲ ਇੱਥੇ ਆਈ ਸੀ। ਮਸਤੀ ਦਾ ਆਲਮ, ਬੇਫਿਕਰੀ, ਹਾਸੇ ਜਿਵੇਂ ਇਸ ਥਾਂ `ਤੇ ਹੀ ਟਿਕੇ ਹੋਣ। ਚੰਨ-ਚਾਨਣੀ ਰਾਤ ਸੀ ਉਹ। ਰੋਮੀ ਦਾ ਹੱਥ ਉਸਦੇ ਦੋਸਤ ਦੇ ਹੱਥ ਵਿਚ ਸੀ ਤੇ ਹੋਰ ਕਈਆਂ ਦੇ ਹੱਥ ਆਪਣੇ ਆਪਣੇ ਸਾਥੀਆਂ ਦੇ ਹੱਥਾਂ ਵਿਚ। ਉਹ ਸਮਾਂ ਮੇਰੇ ਅੰਦਰ ਰੁਕ ਗਿਆ। ਰੋਮੀ ਆਪਣੇ ਦੋਸਤ ਨਾਲ ਦਰੱਖਤਾਂ ਦੇ ਝੁੰਡਾਂ ਵਿਚ ਅਲੋਪ ਹੋ ਗਈ ਅਤੇ ਮੈਂ ਇਕੱਲੀ ਹੀ ਘਰ ਵੱਲ ਤੁਰ ਪਈ। ਉਸ ਸ਼ਾਮ ਪਹਿਲੀ ਵਾਰ ਮੈਨੂੰ ਦਾਦੀ ਦੀ ਤਕੜੀ ਹੋ ਕੇ ਰਹਿਣ ਵਾਲੀ ਗੱਲ ਦੀ ਸਮਝ ਲੱਗੀ।
‘ਫੇਰ ਤਾਂ ਲੱਗਦੈ ਕਿ ਇੱਥੋਂ ਨੇੜੇ ਹੀ ਹੈ ਘਰ,’ ਅਮਨ ਬੋਲਿਆ।
‘ਹਾਂ, ਆ ਹੀ ਹੈ। ਤੇਰੇ ਆਉਣ ਨਾਲ ਹੀ ਘਰ ਬਣੇਗਾ। ਹਾਲੇ ਤਾਂ ਇੱਕ ਖਾਲੀ ਕਮਰਾ ਹੀ ਹੈ,’ ਆਖਦੀ ਨੇ ਮੈਂ ਕਾਰ ਰੋਕ ਦਿੱਤੀ। ਬੇਸਮੈਂਟ ਦਾ ਦਰਵਾਜ਼ਾ ਖੋਲਣ ਤੋਂ ਪਹਿਲਾਂ ਮੇਰੇ ਚਿੱਤ `ਚ ਆਈ ਕਿ ਅਸੀਂ ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਆਪਣੇ ਘਰ ਵਿਚ ਦਾਖਲ ਹੋ ਰਹੇ ਹਾਂ ਕੋਈ ਗੀਤ-ਸੰਗੀਤ ਹੁੰਦਾ, ਪਰਿਵਾਰ ਤੇ ਰਿਸ਼ਤੇਦਾਰ ਹੁੰਦੇ। ਕੋਈ ਤੇਲ ਚੋਂਦਾ। ਕੋਈ ਸਗਨ ਵਿਹਾਰ ਹੁੰਦਾ। ਪਰ ਇੱਥੇ ਤਾਂ ਸੁੰਨ-ਸਰਾਂ ਸੀ। ਸੋਚਦਿਆਂ ਮੇਰਾ ਮਨ ਭਰ ਆਇਆ। ਅਟੈਚੀ ਰੱਖ ਬੇਸਮੈਂਟ ਦਾ ਦਰਵਾਜ਼ਾ ਬੰਦ ਕਰਦਿਆਂ ਮੈਂ ਅਮਨ ਨੂੰ ਚੁੰਭੜ ਗਈ। ਮੇਰੀ ਭੁੱਬ ਨਿਕਲ ਗਈ। ਕੁਝ ਦੇਰ ਮੈਂ ਇਸੇ ਤਰ੍ਹਾਂ ਹੀ ਅਮਨ ਨਾਲ ਲੱਗ ਕੇ ਖੜ੍ਹੀ ਰਹੀ। ਉਸ ਨੇ ਮੇਰਾ ਚੇਹਰਾ ਉੱਪਰ ਕਰਕੇ ਹੰਝੂ ਪੂੰਝੇ।
ਤੇ ਫਿਰ ਉਹ ਸੌਂ ਗਿਆ ਸੀ। ਅਮਨ ਵਾਲੇ ਗੱਦੇ ਦੇ ਨਾਲ ਵਾਲੇ ਗੱਦੇ `ਤੇ ਪਈ ਮੈਂ ਆਪਣੇ ਫੋਨ ਵਿਚ ਸੰਭਾਲੀਆਂ ਵਿਆਹ ਵਾਲੀਆਂ ਫੋਟੋ ਦੇਖਣ ਲੱਗ ਪਈ। ਉਸ ਫੋਟੋ `ਤੇ ਮੇਰੀ ਨਿਗ੍ਹਾ ਅਟਕ ਗਈ। ਉਸ ਨੂੰ ਮੈਂ ਅੱਗੇ ਨਾ ਕੀਤਾ। ਉਸ ਵੱਲ ਦੇਖਦੀ ਰਹੀ। ਦੇਖਦੀ ਰਹੀ। ਪਤਾ ਨਹੀਂ ਕਿੰਨੇ ਵਾਰ ਪਹਿਲਾਂ ਵੀ ਇਸ ਫੋਟੋ ਨੂੰ ਇਸ ਤਰ੍ਹਾਂ ਨਿਹਾਰਿਆ ਸੀ। ਇਹ ਸਾਡੀ ਵਿਆਹ ਤੋਂ ਬਾਅਦ ਦੀ ਫੋਟੋ ਸੀ। ਮੇਰੀਆਂ ਚੂੜੇ ਭਰੀਆਂ ਬਾਹਾਂ ਅਮਨ ਦੇ ਮੋਢਿਆਂ ਉੱਤੇ ਟਿਕੀਆਂ ਹੋਈਆਂ ਹਨ। ਅਸੀਂ ਇੱਕ-ਦੂਜੇ ਦੀਆਂ ਅੱਖਾਂ ਵਿਚ ਦੇਖ ਰਹੇ ਹਾਂ।
ਵਿਆਹ ਵਾਲੀ ਰਾਤ ਅਮਨ ਨੇ ਮੁੜ ਇਹੀ ਪੋਜ਼ ਬਨਾਉਣ ਲਈ ਕਿਹਾ ਸੀ। ਉਸ ਗਰਮ ਰਾਤ ਬਿਜਲੀ ਚਲੀ ਗਈ ਤਾਂ ਅਸੀਂ ਚੁਬਾਰੇ `ਚੋਂ ਬਾਹਰ ਆ ਗਏ। ਅਮਨ ਦਾ ਘਰ ਖੇਤਾਂ ਵਿਚ ਹੈ। ਆਸੇ-ਪਾਸੇ ਖੇਤ ਹੀ ਖੇਤ। ਹਵਾ ਰੁਮਕ ਰਹੀ ਸੀ। ਇਸ ਰਾਤ ਨੂੰ ਮੈਂ ਇਨੀ ਵਾਰ ਯਾਦ ਕੀਤਾ ਕਿ ਕਈ ਮੇਰੀਆਂ ਕਲਪਨਾਵਾਂ ਇਸ ਨਾਲ ਜੁੜ ਗਈਆਂ ਹਨ। ਅਮਨ ਨੇ ਕਿਹਾ ਸੀ, ‘ਮੇਰੇ ਗਲ ਵਿਚ ਉਵੇਂ ਹੀ ਬਾਹਾਂ ਪਾ, ਜਿਵੇਂ ਫੋਟੋ ਖਿਚਵਾਉਣ ਵੇਲੇ ਪਾਈਆਂ ਸਨ।’
‘ੳਦੋਂ ਤਾਂ ਫੋਟੋ ਖਿਚਵਾਉਣੀ ਸੀ।’
‘ਚੱਲ ਹੁਣ ਪਿਆਰ ਨਾਲ ਪਾ ਦੇ।’
‘ ਲੈ, ਇੱਥੇ ਬਾਹਰ?’
‘ਹਾਂ, ਤਾਰਿਆਂ ਦੀ ਗਵਾਹੀ `ਚ।’
ਮੈਂ ਸੰਗਦਿਆਂ ਆਪਣੀਆਂ ਬਾਹਾਂ ਉਸਦੇ ਮੋਢਿਆਂ `ਤੇ ਰੱਖ ਦਿੱਤੀਆਂ। ‘ਤੇਰੀਆਂ ਬਾਹਾਂ ਬੰਸਰੀਆਂ ਵਰਗੀਐਂ। ਕਿੰਨੀਆਂ ਸੋਹਣੀਆਂ!’ ਫਿਰ ਉਸ ਨੇ ਆਪਣੇ ਬੁੱਲ੍ਹ ਮੇਰੀ ਵੀਣੀ `ਤੇ ਟਿਕਾਅ ਦਿੱਤੇ ਜਿਵੇਂ ਬੰਸਰੀ ਵਿਚ ਫੂਕ ਮਾਰ ਰਿਹਾ ਹੋਵੇ।
ਇਹੀ ਸੀਨ ਸੀ ਜਿਹੜਾ ਮੇਰੇ ਚੇਤਿਆਂ ਵਿਚ ਡੂੰਘਾ ਲਹਿ ਗਿਆ ਸੀ। ਇਹ ਯਾਦ ਹੀ ਨਹੀਂ ਕਿ ਮੈਂ ਉਸ ਰਾਤ ਨੂੰ ਕਿੰਨਾ ਕੁ ਮਾਣਿਆ ਸੀ। ਬੱਸ ਇੱਕ ਸੁਪਨੇ ਵਾਂਗ ਲਗਦੀ ਹੈ ਉਹ ਰਾਤ। ਉਸ ਵੇਲੇ ਮੇਰੇ ਦਿਮਾਗ ਵਿਚ ਦੋ ਦਿਨਾਂ ਬਾਅਦ ਕਨੇਡਾ ਪਹੁੰਚਣ ਦਾ ਚਾਅ ਸੀ। ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਅਠਾਰਾਂ ਸਾਲਾਂ ਦੀ ਹੋਣ ਤੋਂ ਦੋ ਦਿਨਾਂ ਬਾਅਦ ਹੀ ਮੇਰਾ ਵਿਆਹ ਹੋ ਜਾਵੇਗਾ। ਸਭ ਕੁਝ ਐਨੀ ਜਲਦੀ ਵਾਪਰ ਗਿਆ ਸੀ ਕਿ ਲਗਦਾ ਸੀ ਕਿ ਵਿਆਹ ਵੀ ਕਨੇਡਾ ਪਹੁੰਚਣ ਲਈ ਇੱਕ ਕਾਰਵਾਈ ਹੀ ਹੈ ਜਿਵੇਂ ਕਿਸੇ ਕਾਲਜ ਵਿਚ ਦਾਖਲੇ ਲਈ ਅਤੇ ਵੀਜ਼ੇ ਲਈ ਅਰਜ਼ੀ ਭਰੀ ਹੋਵੇ। ਤੇ ਜਿਸ ਸ਼ਾਮ ਮੈਂ ਰੋਮੀ ਨਾਲ ਪਾਰਕ ਗਈ, ਉਸ ਰਾਤ ਮੈਨੂੰ ਅਹਿਸਾਸ ਹੋਇਆ ਸੀ ਕਿ ਮੈਂ ਇਕ ਵਿਆਹੀ-ਵਰੀ ਔਰਤ ਹਾਂ। ਮੇਰਾ ਜੀਅ ਕਰਨ ਲੱਗਾ ਕਿ ਅਮਨ ਛੇਤੀਂ ਆਵੇ। ਤੇ ਫਿਰ ਮੇਰੀ ਕਲਪਨਾ ਅਤੇ ਸੁਪਨਿਆਂ ਵਿਚ ਅਮਨ ਦੇ ਘਰ ਦੀ ਛੱਤ ਉਪਰਲੀ ਰਾਤ ਤੇ ਪਾਰਕ ਵਾਲੀ ਰਾਤ ਆਉਣ ਲੱਗੀਆਂ। ਮੈਂ ਸੋਚਦੀ ਕਿ ਜਿਸ ਦਿਨ ਅਮਨ ਕਨੇਡਾ ਆਵੇਗਾ ਮੈਂ ਮੁੜ ਉਸ ਰਾਤ ਨੂੰ ਜੀਵਾਂਗੀ।
ਤੇ ਉਹ ਦਿਨ ਆ ਗਿਆ ਸੀ। ਮੈਨੂੰ ਲਗਦਾ ਸੀ ਜਿਵੇਂ ਆਉਣ ਵਾਲੀ ਰਾਤ ਹੀ ਅਸਲ ਵਿਚ ਵਿਆਹ ਵਾਲੀ ਰਾਤ ਹੋਵੇ। ਦਿਮਾਗ ਵਿਚ ਆਇਆ ਕਿ ਜਦੋਂ ਤੱਕ ਅਮਨ ਨੇ ਸੌਂ ਕੇ ਉੱਠਣਾ ਹੈ, ਉਦੋਂ ਤੱਕ ਡੂੰਘੀ ਸ਼ਾਮ ਹੋ ਚੁੱਕੀ ਹੋਵੇਗੀ। ਉਸ ਨੂੰ ਵਾਈਟਰੌਕ ਸ਼ਹਿਰ ਲੈ ਕੇ ਜਾਵਾਂਗੀ। ਬੀਚ `ਤੇ ਬਣੇ ਰੈਸਤੋਰਾਂ ਦੀ ਛੱਤ `ਤੇ ਤਾਰਿਆਂ ਤੇ ਮੋਮਬੱਤੀ ਦੇ ਚਾਨਣੇ ਖਾਣਾ ਖਾਵਾਂਗੇ। ਫਿਰ ਇਕ-ਦੂਜੇ ਦਾ ਹੱਥ ਫੜ ਬੀਚ `ਤੇ ਤੁਰਾਂਗੇ। ਇਸ ਕਲਪਨਾ ਨਾਲ ਮੈਂ ਰੁਮਾਂਚਿਤ ਹੋਣ ਲੱਗੀ। ਕੁਝ ਦੇਰ ਮੈਂ ਉਸ ਕਲਪਨਾਂ ਦਾ ਲੁਤਫ ਲੈਂਦੀ ਰਹੀ, ਫਿਰ ਉੱਠ ਕੇ ਤਿਆਰ ਹੋਣ ਲੱਗੀ। ਚਿੱਤ `ਚ ਆਈ ਕਿ ਕਿੰਨਾ ਚੰਗਾ ਹੁੰਦਾ ਜੇ ਮੈਂ ਪਹਿਲਾਂ ਮਹਿੰਦੀ ਲਵਾ ਆਉਂਦੀ। ਕੱਪੜੇ ਬਦਲ ਕੇ ਮੈਂ ਚੂੜਾ ਪਾਇਆ। ਕੁਝ ਦੇਰ ਆਪਣੀਆਂ ਬਾਹਾਂ ਨੂੰ ਨਿਹਾਰਦੀ ਰਹੀ। ਇਸ ਚੂੜੇ ਨੂੰ ਮੈਂ ਢਕ ਢਕ ਰੱਖਦੀ ਰਹੀ ਸੀ। ਉਸ ਉਮਰ ਵਿਚ ਵਿਆਹੀ ਦਿਸਣ `ਚ ਮੈਨੂੰ ਸ਼ਰਮ ਆਉਂਦੀ।
ਤਿਆਰ ਹੋ ਕੇ ਮੈਂ ਉਸ ਨਾਲ ਸਵੈ-ਫੋਟੋ ਖਿੱਚਣ ਲੱਗੀ, ਮੈਨੂੰ ਲੱਗਾ ਜਿਵੇਂ ਅਮਨ ਕਹੇਗਾ ਕਿ ਇਨ੍ਹਾਂ ਬੰਸਰੀਆਂ ਨੂੰ ਮੇਰੇ ਗਲ ਵਿਚ ਪਾ। ਪਰ ਉਸ ਨੇ ਇਸ ਤਰ੍ਹਾਂ ਨਾ ਕਿਹਾ। ਉਹ ਸ਼ਾਇਦ ਭੁੱਲ ਹੀ ਗਿਆ ਹੋਵੇ ਕਿ ਉਸ ਨੇ ਉਸ ਰਾਤ ਇਸ ਤਰ੍ਹਾਂ ਕਿਹਾ ਸੀ।
ਮੈਂ ਕਾਰ ਵਾਈਟ ਰੌਕ ਵਾਲੀ ਬੀਚ ਵੱਲ ਨਹੀਂ ਮੋੜੀ। ਮੇਰੇ ਦਿਮਾਗ ਵਿਚ ਉਸ ਰੈਸਤੋਰਾਂ ਦੇ ਖਾਣੇ ਦੀਆਂ ਕੀਮਤਾਂ ਆ ਗਈਆਂ। ਇੱਕ ਵਾਰ ਮੈਂ ਆਪਣੀ ਸਹੇਲੀ ਨਾਲ ਉੱਥੇ ਗਈ ਤੇ ਅਸੀਂ ਖਾਣੇ ਦੀਆਂ ਕੀਮਤਾਂ ਦੇਖ ਕੇ ਰੈਸਤੋਰਾਂ ਵਿਚੋਂ ਬਾਹਰ ਆ ਗਈਆਂ। ‘ਕਦੇ ਫਿਰ ਸਹੀ,’ ਅਸੀਂ ਸੋਚਿਆ ਸੀ। ਮੈਂ ਕਾਰ ਮੈਕਡੋਨਲਡ ਰੈਸਤੋਰਾਂ ਵੱਲ ਮੋੜ ਲਈ। ਉੱਥੇ ਬਰਗਰ `ਤੇ ਬੁਰਕੀ ਵੱਢ ਕੇ ਅਮਨ ਨੇ ਕੁਸੇਲਾ ਜਿਹਾ ਮੂੰਹ ਬਣਾਇਆ।
‘ਸਵਾਦ ਨੀ ਲੱਗਾ?’ ਮੈਂ ਪੁੱਛਿਆ।
‘ਐਵੇਂ ਬਕਬਕਾ ਜਿਹਾ ਐ, ਕੋਈ ਮਿਰਚ-ਮੁਰਚ ਲਿਆ।’
‘ਹੌਲੀ ਹੌਲੀ ਸਵਾਦ ਲੱਗਣ ਲੱਗੂ ਐਥੋਂ ਦਾ ਖਾਣਾ। ਮੈਨੂੰ ਤਾਂ ਹੁਣ ਇੱਥੋਂ ਦਾ ਸਵਾਦ ਪੈ ਗਿਐ।’
‘ਤੈਨੂੰ ਹੋਰ ਪਤਾ ਨੀ ਇੱਥੋਂ ਦੇ ਕੀ ਕੀ ਸਵਾਦ ਪਏ ਆ, ‘ ਆਖ ਕੇ ਅਮਨ ਥੋੜ੍ਹਾ ਜਿਹਾ ਹੱਸ ਪਿਆ।
ਮੈਨੂੰ ਉਸਦਾ ਮਜ਼ਾਕ ਅਟਪਟਾ ਲੱਗਾ। ਮੈਂ ਬਹੁਤਾ ਧਿਆਨ ਨਾ ਦਿੱਤਾ। ਮੇਰਾ ਧਿਆਨ ਤਾਂ ਸੀ ਕਿ ਕਦੋਂ ਹਨੇਰਾ ਉੱਤਰੇ ਅਤੇ ਮੈਂ ਅਮਨ ਨਾਲ ਪਾਰਕ ਵਿਚ ਜਾਵਾਂ।
ਜਦੋਂ ਅਸੀਂ ਪਾਰਕ ਵਿਚ ਪਹੁੰਚੇ, ਹਨੇਰਾ ਉੱਤਰ ਆਇਆ ਸੀ। ਕਾਰ ਵਿਚੋਂ ਬਾਹਰ ਨਿਕਲ ਕੇ ਮੈਂ ਅਮਨ ਦਾ ਹੱਥ ਫੜ ਲਿਆ। ਹਲਕੀ ਹਲਕੀ ਹਵਾ ਰੁਮਕ ਰਹੀ ਸੀ। ਮੇਰੇ ਸੁਪਨਿਆਂ ਵਿਚ ਆਉਣ ਵਾਲੀ ਥਾਂ ਕੁਝ ਕਦਮਾਂ ਦੀ ਵਿੱਥ `ਤੇ ਸੀ। ਮੈਂ ਓਧਰ ਝਾਤ ਮਾਰੀ ਤੇ ਅਮਨ ਨੂੰ ਕਿਹਾ, ‘ਅਮਨੇ, ਆਪਣੀ ਅਸਲੀ ਸੁਹਾਗਰਾਤ ਤਾਂ ਅੱਜ ਐ। ਉਦੋਂ ਤਾਂ ਸਭ ਕੁਝ ਬਹੁਤ ਜਲਦੀ ਜਲਦੀ ਹੋ ਗਿਆ ਸੀ। ਇਸ ਬਾਰੇ ਪਤਾ ਹੀ ਨਹੀਂ ਸੀ।’ ਆਖਦਿਆਂ ਮੈਂ ਅਮਨ ਦੇ ਨਾਲ ਲੱਗ ਗਈ।
‘ਆਪਾਂ ਕਿੱਧਰ ਚੱਲੇ ਆਂ?’ ਉਹ ਬੋਲਿਆ।
‘ਆਪਣੀ ਸੁਹਾਗਰਾਤ ਮਨਾਉਣ।’
ਮੇਰੀ ਗੱਲ ਸੁਣ ਕੇ ਅਮਨ ਹੱਸ ਕੇ ਬੋਲਿਆ, ‘ਏਧਰ ਤਾਂ ਕੋਈ ਪਾਰਕ ਲੱਗਦੈ।’
ਮੈਂ ਹੱਥ ਫੜ ਕੇ ਉਸ ਨੂੰ ਪਾਰਕ ਦੇ ਉਸ ਹਿੱਸੇ ਵੱਲ ਲੈ ਤੁਰੀ। ਮੈਂ ਜਿਵੇਂ ਉੱਡ ਰਹੀ ਹੋਵਾਂ। ਚਾਅ ਵਿਚ ਸਰੂਰੀ। ਮਖਰੂਰੀ। ਮੈਂ ਕਿਹਾ, ‘ਅਮਨੇ, ਮੇਰੇ ਮਿੱਠੇ, ਆਪਣੀ ਉਹ ਖੇਤਾਂ ਵਿਚਲੇ ਘਰ ਵਾਲੀ ਰਾਤ। ਕੋਠੇ `ਤੇ ਖੜਿਆਂ ਵਾਲਾ ਸੀਨ ਪਤਾ ਨਹੀਂ ਕਿੰਨੇ ਵਾਰ ਮੇਰੇ ਜਾਗਦੇ-ਸੌਂਦੇ ਸੁਪਨਿਆਂ ਵਿਚ ਆਇਐ। ਤੈਨੂੰ ਚੇਤੈ, ਜਦੋਂ ਮੈਂ ਤੇਰੇ ਗਲ ਬਾਹਾਂ ਪਾਈਆਂ ਸਨ?’ ਤੁਰਦਿਆਂ ਮੈਂ ਰੁਕ ਗਈ। ਮੇਰਾ ਜੀਅ ਕੀਤਾ ਕਿ ਅਮਨ ਮੈਨੂੰ ਆਪਣੇ ਕਲਾਵੇ ਵਿਚ ਲੈ ਲਵੇ। ਉਸ ਨੇ ਇਸ ਤਰ੍ਹਾਂ ਨਾ ਕੀਤਾ। ਮੈਂ ਤੁਰ ਪਈ। ਉਸ ਥਾਂ ਪਹੁੰਚ ਕੇ ਮੈਂ ਘੁੱਟ ਕੇ ਅਮਨ ਨੂੰ ਜੱਫੀ ਪਾ ਲਈ। ਮੈਨੂੰ ਲੱਗਾ ਕਿ ਅਮਨ ਹੁਣੇ ਹੀ ਮੇਰਾ ਚੇਹਰਾ ਆਪਣੇ ਹੱਥਾਂ ਵਿਚ ਲੈ ਕੇ ਉੱਪਰ ਕਰੇਗਾ ਅਤੇ ਬੰਸਰੀਆਂ ਵਿਚ ਤਰੰਗਾਂ ਛੇੜੇਗਾ। ਕੁਝ ਦੇਰ ਖੜ੍ਹੀ ਰਹਿਣ ਤੋਂ ਬਾਅਦ ਮੈਂ ਆਪ ਹੀ ਅਮਨ ਵੱਲ ਦੇਖਿਆ। ਉਹ ਦਰੱਖਤਾਂ ਦੇ ਝੁੰਡਾਂ ਵੱਲ ਦੇਖ ਰਿਹਾ ਸੀ। ਸਾਡੇ ਦੇਖਦਿਆਂ ਦੋ ਪਰਛਾਵੇਂ ਉਨ੍ਹਾਂ ਵਿਚ ਅਲੋਪ ਹੋਏ ਸਨ। ਕੁਝ ਪਲ ਓਧਰ ਦੇਖਣ ਤੋਂ ਬਾਅਦ ਅਮਨ ਬੋਲਿਆ, ‘ਤੂੰ ਪਹਿਲਾਂ ਵੀ ਕਿਸੇ ਨਾਲ ਕਦੇ ਇੱਥੇ ਆਈ ਐਂ?’
ਅਮਨ ਦੀ ਠੰਡੀ ਆਵਾਜ਼ ਸੁਣ ਕੇ ਆਪਣੇ ਹੱਥਾਂ ਵਿਚ ਘੁੱਟਿਆ ਉਸਦਾ ਹੱਥ ਮੈਥੋਂ ਆਪਣੇ ਆਪ ਹੀ ਛੱਡਿਆ ਗਿਆ।