ਫਿਲਮੀ ਵਿਰਸਾ ਫਾਊਂਡੇਸ਼ਨ ਤੇ ਅਦਾਕਾਰਾ ਵਹੀਦਾ ਰਹਿਮਾਨ

ਗੁਲਜ਼ਾਰ ਸਿੰਘ ਸੰਧੂ
ਮੈਂ ਤੇ ਮੇਰੀ ਹਮਸਫਰ ਆਪਣੀ ਉਮਰ ਦੇ ਦਸਵੇਂ ਦਹਾਕੇ ਵਿਚ ਪਰਵੇਸ਼ ਕਰ ਚੁੱਕੇ ਹਾਂ| ਹੁਣ ਸਾਡਾ ਹਸਪਤਾਲ ਆਉਣਾ-ਜਾਣਾ ਵਧ ਗਿਆ ਹੈ| ਵਿਹਲੇ ਸਮੇਂ ਮੁੱਦਤ ਤੋਂ ਸਾਂਭ ਕੇ ਰੱਖੀਆਂ ਤਸਵੀਰਾਂ ਤੇ ਵਸਤਾਂ ਨੂੰ ਲਭ ਕੇ ਮਿੱਤਰ ਪਿਆਰਿਆਂ ਤੇ ਉਨ੍ਹਾਂ ਦੇ ਬਾਲ ਬੱਚਿਆਂ ਨੂੰ ਵੰਡਦੇ ਰਹਿੰਦੇ ਹਾਂ| ਸਾਡੇ ਕੋਲੋਂ ਉਨ੍ਹਾਂ ਦੀ ਸਾਂਭ-ਸੰਭਾਲ ਮੁਸ਼ਕਲ ਹੋ ਚੁੱਕੀ ਹੈ| ਇਹ ਗੱਲ ਵੱਖਰੀ ਹੈ ਕਿ ਇਸ ਅਮਲ ਨਾਲ ਯਾਦਾਂ ਦੀ ਪਿਟਾਰੀ ਖੁੱਲ੍ਹ ਜਾਂਦੀ ਹੈ| ਖੁੱਲ੍ਹਦੀ ਹੈ ਤਾਂ ਖੁੱਲ੍ਹੀ ਰਹੇ| ਬਚਾਅ ਲੋਕਾਂ ਨੇ ਸੋਚਣਾ ਹੈ ਕਿਹੜੀ ਵਸਤੂ ਕਿੰਨਾ ਚਿਰ ਰੱਖਣੀ ਹੈ ਤੇ ਕਿਵੇਂ ਰੱਖਣੀ ਹੈ|

ਇਸ ਅਮਲ ਵਿਚੋਂ ਲੰਘਦਿਆਂ ਮੀਡੀਆਂ ਨੇ ਦੱਸਿਆ ਕਿ ਫਿਲਮੀ ਦੁਨੀਆਂ ਵਾਲਿਆਂ ਨੇ ਇੱਕ ਫਿਲਮ ਵਿਰਾਸਤ ਫਾਊਂਡੇਸ਼ਨ ਸਥਾਪਤ ਕਰ ਰੱਖੀ ਹੈ ਜਿਥੇ ਅਦਾਕਾਰਾਂ ਦੀਆਂ ਯਾਦਗਾਰੀ ਵਸਤਾਂ ਸਾਂਭ ਕੇ ਰੱਖੀਆਂ ਜਾਂਦੀਆਂ ਹਨ| ਇਹ ਵੀ ਕਿ ਹਾਲ ਵਿਚ ਉਨ੍ਹਾਂ ਨੇ 86 ਸਾਲਾ ਵਹੀਦਾ ਰਹਿਮਾਨ ਦੀਆਂ ਵਸਤਾਂ ਚੁਣੀਆਂ ਹਨ| ਇਸ ਕਾਰਜ ਲਈ ਉਹ ਮੁੰਬਈ ਸਾਗਰ ਦੇ ਕੰਢੇ ਪੈਂਦੇ ਵਹੀਦਾ ਰਹਿਮਾਨ ਦੇ ਘਰ ਪਹੁੰਚੇ ਤਾਂ ਹੈਰਾਨ ਰਹਿ ਗਏ ਕਿ ਉਸਨੇ ਕਿੰਨਾ ਕੁੱਝ ਸੰਭਾਲ ਰੱਖਿਆ ਹੈ| ਏਸ ਭਾਵ ਨਾਲ ਕਿ ਉਸਦੇ ਦੋਹਤਰੇ ਪੋਤਰੇ ਵੱਡੇ ਹੋ ਕੇ ਇਨ੍ਹਾਂ ਨੂੰ ਵੇਖ ਸਕਣ| ਵਿਰਾਸਤੀ ਫਾਊਂਡੇਸ਼ਨ ਨੂੰ ਦਾਨ ਕਰਨ ਦਾ ਵਿਚਾਰ ਉਦੋਂ ਬਣਿਆ ਜਦ ਇੱਕ ਸਾਲ ਪਹਿਲਾਂ ਫਾਊਂਡੇਸ਼ਨ ਵਲੋਂ ਦਿਖਾਈ ‘ਗਾਈਡ’ ਫਿਲਮ ਵੇਖਣ ਗਈ ਤਾਂ ਖਚਾ-ਖਚ ਭਰੇ ਹਾਲ ਵਿਚ ਦਰਸ਼ਕਾਂ ਦੀ ਸ਼ਾਂਤ ਮੁਦਰਾ ਨੇ ਹੈਰਾਨ ਕਰ ਦਿੱਤਾ| ਇਹ ਵੀ ਕਿ ਬੱਚਾ ਲੋਕ ਘਰ ਦੀ ਥਾਂ ਫਾਊਂਡੇਸ਼ਨ ਦੇ ਵਿਹੜੇ ਵਿਚ ਵੇਖ ਕੇ ਵਧੇਰੇ ਖ਼ੁਸ਼ ਹੋਣਗੇ| ਚੇਤੇ ਰਹੇ ਕਿ ਵਹੀਦਾ ਰਹਿਮਾਨ ਨੇ ਏਸ ਫਿਲਮ ਤੋਂ ਬਿਨਾ ਚੌਧਵੀਂ ਕਾ ਚਾਂਦ, ‘ਸਾਹਿਬ, ਬੀਵੀ ਔਰ ਗੁਲਾਮ’, ਕਾਗਜ਼ ਕੇ ਫੂਲ, ਔਰ ਪਿਆਸ ਵਰਗੀਆਂ ਅਤਿਅੰਤ ਮਕਬੂਲ ਫਿਲਮਾਂ ਵਿਚ ਕੰਮ ਕੀਤਾ ਹੋਇਆ ਹੈ|
ਫਿਲਮ ਵਿਰਾਸਤ ਫਾਊਂਡੇਸ਼ਨ ਨੂੰ ਦਿੱਤੀਆਂ ਯਾਦਗਾਰੀ ਵਸਤਾਂ ਵਿਚ ਉਸ ਵਲੋਂ ਸੀ ਆਈ ਡੀ (394) ਫਿਲਮ ਲਈ 1956 ਵਿਚ ਉਸਦੀ ਮਾਂ ਵਲੋਂ ਖਰੀਦੀ ਸਾੜੀ ਵੀ ਸੀ ਜਿਸਨੂੰ ਦੇਂਦਿਆਂ ਉਹ ਬੱਚਿਆਂ ਵਾਂਗ ਭਾਵੁਕ ਹੋ ਗਈ|
ਵਹੀਦਾ ਨੇ ਇਹ ਵੀ ਦੱਸਿਆ ਕਿ ਸ਼ੂਟਿੰਗ ਸਮੇਂ ਫਿਲਮਾਂ ਦੇ ਡਾਇਰੈਕਟ ਕੁੱਝ ਵੀ ਕਹਿੰਦੇ ਉਹ ਆਪਣੇ ਪਹਿਰਾਵੇ ਦਾ ਆਪ ਧਿਆਨ ਰਖਦੀ| ਗੱਲਾਂ ਗੱਲਾਂ ਵਿਚ ਉਸਨੇ ‘ਅਮਰਪਾਲੀ’ (1966), ਫਿਲਮ ਵਿਚ ਵਿਜਿਆਂਤੀ ਵਲੋਂ ਪਹਿਨੀ ਪੁਸ਼ਾਕ ਦਾ ਜ਼ਿਕਰ ਕਰਦਿਆਂ ਇਹ ਵੀ ਕਿਹਾ ‘ਸਾੜੀ ਤੋਂ ਉਪਰਲੇ ਜਿਸਮ ਨੂੰ ਮਣਕੇ ਮੋਤੀਆਂ ਤੇ ਗਹਿਣਿਆਂ ਨਾਲ ਢੱਕਣ ਦਾ ਰਿਵਾਜ 2500 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਆਮ ਲੋਕ ਵੀ ਆਦਿਵਾਸੀਆਂ ਵਾਂਗ ਨੰਗੇ ਧੜ ਵਿਚਰਦੇ ਸਨ|’ ਆਪਣੀ ਸ਼ਰਮਾਕਲ ਬਿਰਤੀ ਬਾਰੇ ਉਸਨੇ ਇਹ ਵੀ ਦੱਸਿਆ ਕਿ ‘ਕਲਾ ਬਾਜ਼ਾਰ’ ਫਿਲਮ ਦੀ ਸ਼ੂਟਿੰਗ ਸਮੇਂ ਜਦੋਂ ਦੇਵ ਆਨੰਦ ਦਾ ਪੈਰ ਉੱਚੀ ਥਾਂ ਤੋਂ ਤਿਲਕਿਆਂ ਤਾਂ ਉਸਨੇ ਆਪਣੀ ਸਾੜੀ ਨੂੰ ਰੱਸਾ ਬਣਾ ਕੇ ਲਟਕਾਉਣਾ ਸੀ| ਉਸਨੂੰ ਸ਼ਰਮ ਆ ਗਈ| ਮੇਰੇ ਮੂੰਹ ਤੋਂ ਨਿਕਲਿਆ ਯੇਹ ਤੋਂ ਮੈਂ ਨਹੀਂ ਕਰੂੰਗੀ| ਉਹ ਵੀ ਖੁਲ੍ਹੀ ਥਾਂ, ਸ਼ਰ੍ਹੇਆਮ, ਸੁਣ ਕੇ ਵਿਜੇ ਆਨੰਦ ਬੋਲਿਆ ‘ਯਹਾਂ ਮਸਲਾ ਜਿਸਮ ਦਿਖਾਨੇ ਨਹੀਂ, ਕਿਸੀ ਦੀ ਜਾਨ ਬਚਾਨੇ ਕਾ ਹੈ|’
ਵਸਤਰਾਂ ਦੀ ਚੋਣ ਵਾਲੀ ਗੱਲ ਨੂੰ ਅੱਗੇ ਤੋਰਦਿਆਂ ਉਸਨੇ ਕਿਹਾ, ‘ਆਪ ਕੁੱਛ ਭੀ ਪਹਿਨ ਲੀਜੀਏ, ਬਿਕਨੀ ਪਹਿਨੇ ਯਾ ਸਵਿਮਿੰਗ ਸੂਟ, ਪਰ ਦਿਖਾਵੇ ਦੇ ਲਈ ਨਹੀਂ ਦਿਖਾਵਾ ਫਜ਼ੂਲ ਹੈ|’ ਫਿਲਮ ਵਿਰਾਸਤ ਫਾਊਂਡੇਸ਼ਨ ਬਣਾਉਣ ਵਾਲਿਆਂ ਦੀ ਵੱਧ ਤੋਂ ਵੱਧ ਸ਼ਲਾਘਾ ਹੋਣੀ ਚਾਹੀਦੀ ਹੈ| ਕਾਸ਼! ਕੋਮਲ ਹੁਨਰਾਂ ਵਾਲੇ ਵੀ ਆਪਣੇ ਬੱਚਿਆਂ ਲਈ ਇਹੋ ਜਿਹੀ ਸੰਸਥਾ ਸਥਾਪਤ ਕਰ ਸਕਦੇ| ਇਹ ਕਰਦਿਆਂ ਵੀ ਕਵੀ, ਚਿੱਤਰਕਾਰ ਤੇ ਬੁੱਤ ਘਾੜੇ ਏਨੇ ਸੁਭਾਗੇ ਨਹੀਂ ਕਿ ਕਿਸੇ ਇੱਕ ਸ਼ਹਿਰ ਦੇ ਵਸਨੀਕ ਹੋ ਸਕਣ| ਮੇਰੇ ਵਲੋਂ ਇਹ ਭਾਵਨਾ ਰਖਣਾ ਕੁਦਰਤੀ ਹੈ|

ਅੰਤਿਕਾ
ਮਿਰਜ਼ਾ ਗਾਲਿਬ॥
ਜ਼ਿਕਰ ਉਸ ਪਰੀ ਵਸ਼ ਕਾ, ਔਰ ਫਿਰ ਬਿਆਂ ਅਪਨਾ,
ਬਨ ਗਿਆ ਰਕੀਬ ਆਖਿਰ, ਥਾ ਜੋ ਗਜ਼ਦਾਂ ਅਪਨਾ|
ਮੰਜ਼ਿਰ ਏਕ ਬੁਲੰਦੀ ਪਰ ਔਰ ਹਮ ਬਨਾ ਲੇਤੇ,
ਕਾਸ਼ ਕਿ ਇਧਰ ਹੋਤਾ, ਅਰਸ਼ ਸੇ ਮੁਕਾਂ ਅਪਨਾ|
ਹਮ ਕਹਾਂ ਕੇ ਦਾਨਾ ਥੇ, ਕਿਸ ਹੁਨਰ ਮੇਂ ਯਕਤਾ ਥੇ,
ਬੇਸਵਬ ਹੂਆ ਗਾਲਿਬ, ਦੁਸ਼ਮਨ ਆਸਮਾਂ ਅਪਨਾ|