ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ

ਸਰਵਣ ਸਿੰਘ
‘ਚਕਰ ਇੰਡੀਆ’ ਵੈੱਬਸਾਈਟ `ਤੇ ਪਈ ਇੱਕ ਵੀਡੀਓ ਦਾ ਨਾਂ ਹੈ ‘ਚਕਰ ਇੱਕ ਚਿਰਾਗ’। ਸੰਤ ਬਲਬੀਰ ਸਿੰਘ ਸੀਚੇਵਾਲ ਕਹਿੰਦੇ ਹਨ, “ਚਕਰੀਆਂ ਨੇ ਸੀਵਰੇਜ ਪਾਉਣ `ਚ ਜੋ ਉਤਸ਼ਾਹ ਦਿਖਾਇਆ ਉਹ ਆਪਣੀ ਮਿਸਾਲ ਆਪ ਹੈ। ਉਨ੍ਹਾਂ ਨੇ ਪਿੰਡ ਨੂੰ ਨਰਕ `ਚੋਂ ਕੱਢ ਕੇ ਸੱਚਮੁੱਚ ਦਾ ਸਵਰਗ ਬਣਾ ਦਿੱਤਾ ਹੈ। ਜੇ ਕੋਈ ਆਪਣੇ ਪਿੰਡ `ਚ ਸੀਵਰੇਜ ਪਾਉਣਾ ਤੇ ਪਿੰਡ ਨੂੰ ਸਵਰਗ ਬਣਾਉਣਾ ਚਾਹੁੰਦਾ ਹੈ

ਤਾਂ ਮੇਰੀ ਪਹਿਲੀ ਸਲਾਹ ਉਨ੍ਹਾਂ ਨੂੰ ਪਿੰਡ ਚਕਰ ਦੇਖ ਕੇ ਆਉਣ ਦੀ ਹੁੰਦੀ ਹੈ।”
ਚਕਰ ਦੀ ਨਵੀਂ ਨੁਹਾਰ ਹਜ਼ਾਰਾਂ ਸੈਲਾਨੀਆਂ ਨੇ ਵੇਖੀ ਹੈ। ਕਈਆਂ ਨੇ ਚਕਰ ਦੀ ਰੀਸ ਕਰ ਕੇ ਆਪਣੇ ਪਿੰਡਾਂ ਨੂੰ ਸੱਚੀਂ ਸਵਰਗ ਬਣਾ ਲਿਆ ਹੈ। ਪੰਜਾਬ ਵਿਚ ਕਈ ਸਾਲਾਂ ਤੋਂ ਨਸਿæਆਂ ਦਾ ਕਾਲਾ ਦੌਰ ਚੱਲਦਾ ਹੋਣ ਦੇ ਬਾਵਜੂਦ ਗਿਆਰਾਂ ਹਜ਼ਾਰ ਦੀ ਆਬਾਦੀ ਵਾਲਾ ਪਿੰਡ ਚਕਰ ਨਸਿæਆਂ ਨਾਲ ਹੋ ਰਹੀਆਂ ਮੌਤਾਂ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਤੋਂ ਕਾਫੀ ਹੱਦ ਤਕ ਬਚਿਆ ਆ ਰਿਹੈ। ਇਸ ਪਿੰਡ ਵਿਚ ਇਕੋ ਗੁਰਦੁਆਰਾ ਹੈ ਜਿੱਥੋਂ ਹੋਰਨਾਂ ਪਿੰਡਾਂ ਵਿਚ ਵੀ ਇਕੋ ਗੁਰਦੁਆਰੇ ਦੀ ਲਹਿਰ ਚਲਾਈ ਗਈ ਹੈ।
ਡਾ. ਬਲਵੰਤ ਸਿੰਘ ਸੰਧੂ ਨੇ ਇਸ ਪਿੰਡ ਬਾਰੇ ਸਚਿੱਤਰ ਪੁਸਤਕ ‘ਚਾਨਣ ਮੁਨਾਰਾ ਚਕਰ’ ਲਿਖੀ ਹੈ ਜਿਸ ਦਾ ਮੁੱਖ ਬੰਦ ਹੈ, “ਸਾਥੋਂ ਅਕਸਰ ਪੁੱਛਿਆ ਜਾਂਦੈ ਕਿ ਸਾਡੇ ਪਿੰਡ ਦੀ ਕਾਇਆ ਕਲਪ ਕਿਵੇਂ ਹੋਈ? ਕਿਵੇਂ ਸਪੋਰਟਸ ਅਕੈਡਮੀ ਬਣੀ, ਕਿਵੇਂ ਹਜ਼ਾਰ ਤੋਂ ਵੱਧ ਘਰਾਂ ਦਾ ਸੀਵਰੇਜ ਪਾਇਆ, ਕਿਵੇਂ ਪਿੰਡ ਦੀਆਂ ਸੱਥਾਂ ਅਤੇ ਭਾਈਚਾਰਕ ਸਾਂਝ ਕੇਂਦਰਾਂ ਨੂੰ ਬਣਾਇਆ ਤੇ ਨਵਿਆਇਆ? ਕਿਵੇਂ ਗਲੀਆਂ ਪੱਕੀਆਂ ਤੇ ਖੁੱਲ੍ਹੀਆਂ ਕੀਤੀਆਂ ਤੇ ਕਿਵੇਂ ਹਜ਼ਾਰਾਂ ਰੁੱਖ ਬੂਟੇ ਲਾ ਕੇ ਪਿੰਡ ਨੂੰ ਹਰਿਆਵਲਾ ਬਣਾਇਆ? ਕਿਵੇਂ ਛੱਪੜਾਂ ਨੂੰ ਨਿਰਮਲ ਝੀਲਾਂ ਬਣਾ ਕੇ ਜਜ਼ੀਰੇ ਸਿਰਜੇ ਅਤੇ ਜੀਵ ਜੰਤੂਆਂ ਤੇ ਪੰਖੇਰੂਆਂ ਨੂੰ ਟਿਕਾਣੇ ਦਿੱਤੇ? ਕਿਵੇਂ ਸੀਵਰੇਜ ਦਾ ਪਾਣੀ ਟ੍ਰੀਟ ਕਰ ਕੇ ਮੁੜ ਵਰਤੋਂ ਯੋਗ ਬਣਾਇਆ? ਕਿਵੇਂ ਦੂਸ਼ਿਤ ਵਾਤਾਵਰਣ ਨੂੰ ਸ਼ੁੱਧ ਕੀਤਾ? ਕਿਵੇਂ ਪਿੰਡ ਵਾਸੀਆਂ ਨੂੰ ਏਕਤਾ ਦੇ ਸੂਤਰ ਵਿਚ ਪ੍ਰੋਇਆ ਅਤੇ ਉਨ੍ਹਾਂ ਰਾਹੀਂ ਅਸੰਭਵ ਜਾਪਦੇ ਕਾਰਜ ਸੰਭਵ ਕਰਵਾਏ? ਕਿਵੇਂ ਨਵੀਂ ਪੀੜ੍ਹੀ ਨੂੰ ਨਸਿæਆਂ ਵੱਲੋਂ ਹੋੜਿਆ ਅਤੇ ਨਰੋਆ ਖੇਡ ਸਭਿਆਚਾਰ ਸਿਰਜਿਆ?” ਅਜਿਹੇ ਸਵਾਲਾਂ ਦੇ ਜਵਾਬ ਇਸ ਪੁਸਤਕ ਵਿਚੋਂ ਪੜ੍ਹੇ ਜਾ ਸਕਦੇ ਹਨ।
ਸਪੋਰਟਸ ਅਕੈਡਮੀ ਦੇ ਇਕ ਬੋਰਡ ਉਤੇ ਲਿਖਿਆ ਹੈ, “ਚਕਰ ਦੀ ਮਿੱਟੀ ਵਿਚ ਸਾਡੇ ਵੱਡ-ਵਡੇਰਿਆਂ ਨੇ ਜਨਮ ਲਿਆ ਤੇ ਅਸੀਂ ਉਨ੍ਹਾਂ ਦੀ ਉਂਗਲ ਫੜ ਕੇ ਚੱਲਣਾ ਸਿੱਖਿਆ। ਇਸ ਮਿੱਟੀ ਨੇ ਸਾਨੂੰ ਬੋਹੜਾਂ ਦੀ ਛਾਂ ਵਰਗੇ ਮਾਪੇ ਦਿੱਤੇ, ਮਿੱਠੇ ਮੇਵਿਆਂ ਵਰਗੇ ਧੀ-ਪੁੱਤ ਤੇ ਮੋਛਿਆਂ ਵਰਗੇ ਯਾਰ ਬੇਲੀ ਦਿੱਤੇ। ਇਸ ਦੇ ਖੇਤਾਂ ਨੇ ਸਦੀਆਂ ਤੋਂ ਸਾਡਾ ਢਿੱਡ ਭਰਿਆ। ਅਸੀਂ ਭਾਗਾਂ ਵਾਲੇ ਹਾਂ ਕਿ ਚਕਰ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ। ਗੁਰਬਾਣੀ ਦੀ ਬਖਸ਼ੀ ਸੋਝੀ ਸਦਕਾ ਅਸੀਂ ਪੌਣ-ਪਾਣੀ ਤੇ ਧਰਤ ਦੀ ਮਹੱਤਤਾ ਸਮਝਦਿਆਂ ਦੁਨੀਆ ਸਾਹਵੇਂ ਸਰਬ-ਸਾਂਝੇ ਕਾਰਜਾਂ ਨਾਲ ਵਿਕਾਸ ਦੀ ਮਿਸਾਲ ਪੇਸ਼ ਕੀਤੀ। ਅਸੀਂ ਚਾਹੁੰਦੇ ਹਾਂ, ਸਾਂਝੇ ਉੱਦਮ ਨਾਲ ਜਗਾਇਆ ਸਾਡਾ ਚੌਮੁਖੀਆ ਦੀਵਾ ਲਟ ਲਟ ਬਲ਼ਦਾ ਰਹੇ ਤੇ ਇਸ ਦੀਵੇ ਦੀ ਲੋਅ ਹੋਰਨਾਂ ਪਿੰਡਾਂ ਵਿਚ ਵੀ ਚਾਨਣ ਬਖੇਰੇ।”
ਕੌਮਾਂਤਰੀ ਪ੍ਰਸਿੱਧੀ ਦੇ ਮਾਲਕ ਡਾ. ਸਰਦਾਰਾ ਸਿੰਘ ਜੌਹਲ ਨੇ ਇਸ ਪਿੰਡ ਨੂੰ ਵੇਖਦਿਆਂ ਕਿਹਾ, “ਇਹ ਮੇਰੇ ਸੁਪਨਿਆਂ ਦਾ ਪਿੰਡ ਹੈ।” ਸੰਭਲੋ ਪੰਜਾਬ ਤੇ ਜੀਵੇ ਜਵਾਨੀ ਦੇ ਲੇਖਕ ਗੁਰਪ੍ਰੀਤ ਸਿੰਘ ਤੂਰ ਨੇ ਲਿਖਿਆ, “ਪੰਜਾਬ ਨੂੰ ਅੱਗੇ ਵਧਣ ਲਈ ਜਿਸ ਤਰ੍ਹਾਂ ਦੇ ਮਾਹੌਲ ਦੀ ਲੋੜ ਹੈ ਉਹ ਪਿੰਡ ਚਕਰ ਵਿਚ ਦੇਖਿਆ ਜਾ ਸਕਦਾ ਹੈ। ਪੰਜਾਬ ਦੇ ਸਾਹਿਤਕਾਰ, ਬੁੱਧੀਜੀਵੀ ਤੇ ਚਿੰਤਕ ਜਿਸ ਤਰ੍ਹਾਂ ਦਾ ਪੰਜਾਬ ਸਿਰਜਣਾ ਚਾਹੁੰਦੇ ਹਨ, ਚਕਰ ਉਹਦੀ ਜਿਊਂਦੀ ਜਾਗਦੀ ਮਿਸਾਲ ਹੈ। ਅੱਖੜ ਸੁਭਾਅ ਦਾ ਇਹ ਪਿੰਡ ਕਿਸੇ ਸਮੇਂ ਮਾਰ-ਧਾੜ ਕਾਰਨ ਬਦਨਾਮ ਵੀ ਰਿਹਾ ਪਰ ਇਸ ਨੇ ਜੋ ਰੁਤਬਾ ਅੱਜ ਪ੍ਰਾਪਤ ਕਰ ਲਿਆ ਹੈ, ਉਹਦੀ ਸ਼ਲਾਘਾ ਹੀ ਨਹੀਂ, ਰੀਸ ਵੀ ਕਰਨੀ ਬਣਦੀ ਹੈ।”
ਜ਼ਿਲ੍ਹਾ ਸੰਗਰੂਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨੇ ਲਿਖਿਆ, “15 ਜੂਨ 2014 ਨੂੰ ਚਕਰ ਦੇਖਣ ਦਾ ਮੌਕਾ ਮਿਲਿਆ। ਮੇਰੇ ਨਾਲ ਆਈਆਂ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਪਿੰਡ ਦੇਖ ਕੇ ਬੜੀ ਪ੍ਰਸੰਨਤਾ ਹੋਈ। ਸ਼ਹਿਰਾਂ ਨੂੰ ਦੇਖ ਕੇ ਪਿੰਡਾਂ ਦੇ ਲੋਕਾਂ ਦਾ ਸੁਫ਼ਨਾ ਸੀ ਕਿ ਪਿੰਡਾਂ ਵਿਚ ਵੀ ਵਧੀਆ ਖੇਡ ਸਹੂਲਤਾਂ ਹੋਣ, ਸੈਰ ਕਰਨ ਲਈ ਥਾਵਾਂ ਹੋਣ, ਬੱਚਿਆਂ ਦੇ ਮਨੋਰੰਜਨ ਲਈ ਪਾਰਕ ਤੇ ਝੂਲੇ ਹੋਣ। ਚਕਰ ਵਿਚ ਉਹ ਸੁਪਨਾ ਸਾਕਾਰ ਹੁੰਦਾ ਦੇਖਿਆ। ਇਸ ਪਿੰਡ ਤੋਂ ਅਗਾਂਹ ਹੋਰ ਪਿੰਡਾਂ ਵਿਚ ਵੀ ਅਜਿਹਾ ਮਾਹੌਲ ਬਣਨ ਦੀ ਆਸ ਬੱਝੀ ਹੈ। ਲੋਕਾਂ ਨੇ ਖ਼ੁਦ ਹੀ ਹੰਭਲਾ ਮਾਰ ਕੇ ਆਪਣਾ ਅੱਗਾ ਸੁਆਰ ਲਿਆ ਹੈ।”
ਕੈਨੇਡਾ ਦੇ ਮੈਂਬਰ ਪਾਰਲੀਮੈਂਟ ਪਰਮ ਗਿੱਲ ਨੇ 09 ਜਨਵਰੀ 2013 ਨੂੰ ਲਿਖਿਆ, “ਕੈਨੇਡਾ ਰਹਿੰਦਿਆਂ ਪੰਜਾਬ ਸਦਾ ਹੀ ਖਿੱਚ ਪਾਉਂਦਾ ਹੈ। ਇਸ ਵਾਰ ਦੀ ਪੰਜਾਬ ਫੇਰੀ ਸੱਚਮੁੱਚ ਯਾਦਗਾਰੀ ਹੋ ਨਿਬੜੀ। ਸਬੱਬ ਨਾਲ ਪਿੰਡ ਚਕਰ ਵਿਚ ਹੋਏ ਵਿਕਾਸ ਕਾਰਜ ਆਪਣੀ ਅੱਖੀਂ ਦੇਖੇ। ਪਰਵਾਸੀ ਪੰਜਾਬੀਆਂ ਦੀ ਮਦਦ ਤੇ ਪਿੰਡਵਾਸੀਆਂ ਦੀ ਸਵੈਸ਼ਕਤੀ ਤੇ ਪ੍ਰੇਰਨਾ ਨਾਲ ਕੋਈ ਪਿੰਡ ਕਿਥੋਂ ਕਿਥੇ ਜਾ ਸਕਦਾ ਹੈ, ਇਸ ਗੱਲ ਦਾ ਗਵਾਹ ਪਿੰਡ ਚਕਰ ਹੈ। ਚਕਰ ਨੇ ਜੋ ਥੋੜ੍ਹੇ ਸਮੇਂ ਵਿਚ ਹੀ ਵੱਡੀਆਂ ਮੱਲਾਂ ਮਾਰੀਆਂ ਹਨ, ਭਾਵੇਂ ਉਹ ਖੇਡਾਂ ਵਿਚ ਹੋਣ, ਭਾਵੇਂ ਵਾਤਾਵਰਣ ਦੀ ਸਾਂਭ ਸੰਭਾਲ ਹੋਵੇ, ਉਸ ਲਈ ਚਕਰ ਵਧਾਈ ਦਾ ਪਾਤਰ ਹੈ।”
ਕੈਨੇਡਾ ਦੇ ਖੇਡ ਮੰਤਰੀ ਬੱਲ ਗੋਸਲ ਨੇ 12 ਜਨਵਰੀ 2014 ਨੂੰ ਵਿਜ਼ਟਰ ਬੁੱਕ `ਤੇ ਲਿਖਿਆ, “ਅੱਜ ਪਿੰਡ ਚਕਰ `ਚ ਆ ਕੇ ਸੋਚਦਾ ਹਾਂ ਕਿ ਚਕਰ ਨਾ ਆਉਂਦਾ ਤਾਂ ਬਹੁਤ ਕੁਝ ਦੇਖਣ ਜਾਨਣ ਵਾਲਾ ਰਹਿ ਜਾਣਾ ਸੀ। ਪਿੰਡ ਚਕਰ ਦੇ ਪਰਵਾਸੀਆਂ ਅਤੇ ਨਗਰ ਨਿਵਾਸੀਆਂ ਦੇ ਕਾਰਜ ਬਹੁਤ ਸਲਾਹੁਣਯੋਗ ਹਨ। ਇਨ੍ਹਾਂ ਸਾਰਿਆਂ ਨੇ ਰਲ ਮਿਲ ਕੇ ਪਿੰਡ ਨੂੰ ਸਾਫ਼ ਸੁਥਰਾ ਅਤੇ ਸੋਹਣਾ ਹੀ ਨਹੀਂ ਬਣਾਇਆ ਸਗੋਂ ਪੂਰੇ ਪੰਜਾਬ ਨੂੰ ਇਕ ਮਾਡਲ ਵੀ ਦਿੱਤਾ ਹੈ। ਪਿੰਡ ਚਕਰ ਨੇ ਜਿਵੇਂ ਆਪਣੀ ਪੱਧਰ `ਤੇ ਖੇਡ ਸਭਿਆਚਾਰ ਸਿਰਜਿਆ ਅਤੇ ਬਹੁਤ ਘੱਟ ਸਮੇਂ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ, ਇਸ ਦੀ ਮਿਸਾਲ ਕਿਧਰੇ ਘੱਟ ਹੀ ਮਿਲਦੀ ਹੈ। ਮੈਂ ਚਕਰ ਦੀ ਚੜ੍ਹਦੀ ਕਲਾ ਲਈ ਕਾਮਨਾ ਕਰਦਾ ਹਾਂ।”
ਮੈਰਾਥਨ ਦਾ ਮਹਾਂਰਥੀ ਬਾਬਾ ਫੌਜਾ ਸਿੰਘ ਚਕਰ ਆਇਆ ਤਾਂ ਉਸ ਨੇ ਸਪੋਰਟਸ ਅਕੈਡਮੀ ਵੇਖਣ ਪਿੱਛੋਂ ਕਿਸ਼ਤੀ ਉਤੇ ਝੀਲ ਦੀ ਸੈਰ ਵੀ ਕੀਤੀ। ਉਸ ਦਾ ਕਹਿਣਾ ਹੈ, “ਚਕਰ ਨੂੰ ਦੇਖ ਕੇ ਯਕੀਨ ਹੋ ਗਿਆ ਕਿ ਪੰਜਾਬ ਮਰਨ ਵਾਲਾ ਨਹੀਂ। ਚਕਰ `ਚ ਜੋ ਮਾਹੌਲ ਦੇਖਿਆ ਇਹ ਮੈਨੂੰ ਕਦੇ ਨਹੀਂ ਭੁੱਲ ਸਕਦਾ। ਚਕਰ ਦੇ ਖਿਡਾਰੀ, ਚਕਰ ਦੀਆਂ ਝੀਲਾਂ ਦੇ ਕੁਦਰਤੀ ਨਜ਼ਾਰੇ ਤੇ ਮੇਰੀ ਉਮਰ ਦੇ ਨੇੜ ਪਹੁੰਚੇ ਸਾਥੀਆਂ ਦਾ ਗਰਮਜੋਸ਼ੀ ਨਾਲ ਮਿਲਣਾ ਮੇਰੇ ਜੀਵਨ ਦੀਆਂ ਅਭੁੱਲ ਯਾਦਾਂ ਬਣ ਗਈਆਂ ਹਨ।”
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਲਿਖਿਆ, “ਚਕਰ `ਚ ਚੱਲ ਰਹੇ ਕਾਰਜ ਦੇਖਣ ਦਾ ਮੌਕਾ ਮਿਲਿਆ। ਚਕਰ ਦੇ ਉਦਮੀਆਂ ਨੇ ਵਾਤਾਵਰਣ ਨੂੰ ਸੰਭਾਲਣ ਦਾ ਜੋ ਉਪਰਾਲਾ ਕੀਤਾ ਅਤੇ ਕਰ ਰਹੇ ਹਨ, ਉਹ ਕਾਬਲੇ ਤਾਰੀਫ਼ ਹੈ। ਸੀਵਰੇਜ ਤੇ ਹੋਰ ਵਾਧੂ ਦੇ ਪਾਣੀ ਨੂੰ ਸੋਧ ਕੇ ਮੁੜ ਸਿੰਜਾਈ ਲਈ ਵਰਤਣਾ ਬੜੀ ਵੱਡੀ ਗੱਲ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਰਿਹਾ ਹੈ। ਪੰਜਾਬ ਦੇ ਬਾਕੀ ਪਿੰਡ ਵੀ ਜੇ ਅਜਿਹੇ ਉਪਰਾਲੇ ਕਰ ਲੈਣ ਤਾਂ ਪੌਣ ਪਾਣੀ ਦੇ ਪਲੀਤ ਹੋਣ ਦੀ ਸਮੱਸਿਆ ਨੂੰ ਠੱਲ੍ਹ ਪੈ ਸਕਦੀ ਹੈ।”
ਕੈਨੇਡਾ ਤੋਂ ਆਏ ਕਾਰੋਬਾਰੀ ਕੈਵਿਨ ਮੋਰਗਨ ਨੇ ਚਕਰ ਦੇ ਵਿਕਾਸ ਕਾਰਜਾਂ ਵਿਚ ਇਕ ਕਰੋੜ ਰੁਪਏ ਦਾ ਯੋਗਦਾਨ ਪਾ ਕੇ ਬੇਨਤੀ ਕੀਤੀ ਕਿ ਮੈਨੂੰ ਚਕਰ ਦਾ ਸਿਟੀਜ਼ਨ ਬਣਾ ਲਓ! ਚਕਰੀਆਂ ਨੇ ਢਾਬ ਵਾਲੀ ਝੀਲ ਦਾ ਨਾਂ ਲੇਕ ਮੋਰਗਨ ਰੱਖ ਕੇ ਉਸ ਨੂੰ ਚਕਰੀਆ ਬਣਾ ਲਿਆ। ਹੋਰਨਾਂ ਦੇ ਕਥਨਾਂ ਦਾ ਹਵਾਲਾ ਦਿੱਤੇ ਬਿਨਾਂ ਇਹੋ ਕਹਿਣਾ ਉਚਿਤ ਹੋਵੇਗਾ ਕਿ ਪਿੰਡ ਚਕਰ ਨੂੰ ਅੱਖੀਂ ਵੇਖ ਕੇ ਆਪੋ ਆਪਣੇ ਪਿੰਡਾਂ ਦੀ ਤਕਦੀਰ ਬਦਲੋ। ਜੇ ਚਕਰ ਸੁਧਰ ਸਕਦੈ ਤਾਂ ਹੋਰ ਪਿੰਡ ਕਿਉਂ ਨਹੀਂ ਸੁਧਰ ਸਕਦੇ? ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਦੇ ਗੁਰਵਾਕ ਅਨੁਸਾਰ ਚੱਲੋਗੇ ਤਾਂ ਚਕਰ ਦੇ ਹਾਣੀ ਹੋ ਜਾਵੋਗੇ। ਚਕਰ ਦਾ ਵਿਕਾਸ ਜਾਰੀ ਹੈ ਤੇ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਯੂ. ਐਨ. ਓ. ਪੰਜਾਬ ਦੇ ਇਸ ਪਿੰਡ ਨੂੰ ‘ਵਿਸ਼ਵ ਮਾਡਲ ਪਿੰਡ’ ਦਾ ਖਿæਤਾਬ ਨਹੀਂ ਦਿੰਦੀ।
ਜਿਵੇਂ ਚਕਰ ਨੂੰ ਪਿੰਡਾਂ ਦਾ ਚਾਨਣ-ਮੁਨਾਰਾ ਕਿਹਾ ਜਾਂਦੈ ਉਵੇਂ ਚਕਰ ਦੀ ਸਪੋਰਟਸ ਅਕੈਡਮੀ ਵੀ ਖੇਡਾਂ ਦਾ ਚਾਨਣ ਮੁਨਾਰਾ ਹੈ। ਇਸ ਅਕੈਡਮੀ ਦੇ ਖਿਡਾਰੀ ਸਟੇਟ ਪੱਧਰ ਦੇ 300 ਤੇ ਨੈਸ਼ਨਲ ਪੱਧਰ ਦੇ 30 ਤੋਂ ਵੱਧ ਮੈਡਲ ਜਿੱਤ ਚੁੱਕੇ ਹਨ। ਸੁਖਦੀਪ ਚਕਰੀਆ ਭਾਰਤ ਦਾ ਨੈਸ਼ਨਲ ਚੈਂਪੀਅਨ ਬਣਿਆ ਤੇ ਹੁਣ ਪ੍ਰੋਫ਼ੈਸ਼ਨਲ ਮੁੱਕੇਬਾਜ਼ੀ ਕਰ ਰਿਹੈ। ਚਕਰ ਦੀਆਂ ਚਾਰ ਧੀਆਂ ਕੌਮੀ ਪੱਧਰ `ਤੇ ਜੇਤੂ ਰਹੀਆਂ ਅਤੇ ਕੌਮਾਂਤਰੀ ਮੁਕਾਬਲਿਆਂ ਵਿਚੋਂ ਭਾਰਤ ਲਈ 6 ਮੈਡਲ ਜਿੱਤੀਆਂ। ਮਹਿਲਾ ਜੂਨੀਅਰ ਵਿਸ਼ਵ ਬਾਕਸਿੰਗ ਚੈਂਪੀਅਨਸਿæਪ ਵਿਚ ਮਨਦੀਪ ਸੰਧੂ ਗੋਲਡ ਮੈਡਲ ਜਿੱਤ ਕੇ ਵਿਸ਼ਵ ਚੈਂਪੀਅਨ ਬਣੀ ਜਿਸ ਵਿਚ 46 ਮੁਲਕਾਂ ਦੀਆਂ 441 ਚੋਟੀ ਦੀਆਂ ਮੁੱਕੇਬਾਜ਼ਾਂ ਨੇ ਭਾਗ ਲਿਆ। 2018 ਵਿਚ ਦਿੱਲੀ ਵਿਖੇ ਹੋਈ ਸੀਨੀਅਰ ਮਹਿਲਾ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿਚੋਂ ਚਕਰ ਦੀ ਧੀ ਸਿਮਰਨਜੀਤ ਕੌਰ ਬਾਠ ਨੇ ਬਰਾਂਜ਼ ਮੈਡਲ ਅਤੇ ਏਸ਼ਿਆਈ ਖੇਡਾਂ `ਚ ਗੋਲਡ ਮੈਡਲ ਜਿੱਤਿਆ। ਉਸ ਨੇ ਟੋਕੀਓ ਦੀਆਂ ਓਲੰਪਿਕ ਖੇਡਾਂ-2021 ਵਿਚ ਭਾਗ ਲਿਆ ਅਤੇ ਉਸ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਪੋਰਟਸ ਅਕੈਡਮੀ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਕਿਸੇ ਵੀ ਦਿਨ ਕੋਈ ਆ ਕੇ ਵੇਖ ਲਵੇ ਉਸ ਨੂੰ ਦੋ ਸੌ ਦੇ ਕਰੀਬ ਖਿਡਾਰੀ ਖੇਡ ਮੈਦਾਨਾਂ ਵਿਚ ਖੇਡਦੇ ਦਿਸਣਗੇ। ਕੋਈ ਫੁੱਟਬਾਲ ਖੇਡ ਰਿਹਾ ਹੋਵੇਗਾ, ਕੋਈ ਕਬੱਡੀ, ਕੋਈ ਵਾਲੀਬਾਲ, ਕੋਈ ਅਥਲੈਟਿਕਸ ਕਰ ਰਿਹਾ ਹੋਵੇਗਾ ਤੇ ਬਹੁਤ ਸਾਰੇ ਹੋਣਹਾਰ ਬੱਚੇ ਮੁੱਕੇਬਾਜ਼ੀ ਦੀ ਸਿਖਲਾਈ ਲੈ ਰਹੇ ਹੋਣਗੇ। ਸਵੇਰੇ ਸ਼ਾਮ ਮੇਲਾ ਲੱਗਾ ਹੁੰਦਾ ਹੈ ਬੱਚਿਆਂ, ਬੀਬੀਆਂ ਤੇ ਗਭਰੂਆਂ ਦਾ।
ਚਕਰੀਆਂ ਨੇ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਹੀ ਪਰਵਾਸੀਆਂ ਦੀ ਮਦਦ ਨਾਲ ਦਸ ਕਰੋੜ ਤੋਂ ਵੱਧ ਪੂੰਜੀ ਲਾ ਕੇ ਅਤੇ ਦਸ ਕਰੋੜ ਤੋਂ ਵੱਧ ਦੀ ਕਾਰ ਸੇਵਾ ਕਰਕੇ ਤਿੰਨ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨਵਿਆਈਆਂ, ਹਾਲ ਕਮਰੇ ਬਣਾਏ, ਅਧਿਆਪਕ ਤੇ ਕੋਚ ਰੱਖੇ, ਸਟੇਡੀਅਮ ਬਣਾਇਆ, ਸਪੋਰਟਸ ਅਕੈਡਮੀ ਚਲਾਈ ਤੇ ਸੀਵਰੇਜ ਪਾਇਆ। ਨੌਂ ਸੱਥਾਂ ਨਵਿਆਈਆਂ, ਕਈ ਪਾਰਕ ਬਣਾਏ, ਝੂਲੇ ਲਾਏ, ਥਾਂ ਥਾਂ ਸੀਮੈਂਟ ਦੇ ਬੈਂਚ ਸਥਾਪਿਤ ਕੀਤੇ, ਬੱਸ ਸ਼ੈੱਡ ਬਣਾਏ, ਨਵੇਂ ਸਿਰਿਓਂ ਗਲੀਆਂ ਪੱਕੀਆਂ ਕੀਤੀਆਂ ਅਤੇ ਗਲੀਆਂ, ਫਿਰਨੀ ਤੇ ਪਿੰਡ ਦੇ ਰਾਹਾਂ ਉਤੇ ਵੀਹ ਹਜ਼ਾਰ ਬੂਟੇ ਤੇ ਰੁੱਖ ਲਾਏ। ਦੂਰ ਨੇੜੇ ਦੇ ਲੋਕ ਆ ਕੇ ਵੇਖਦੇ ਹਨ ਤੇ ਪੁੱਛਦੇ ਹਨ, ਇਹ ਕ੍ਰਿਸ਼ਮਾ ਹੋਇਆ ਕਿਵੇਂ?
ਇਹ ਕ੍ਰਿਸ਼ਮਾ ਕਰਨ ਵਿਚ ਪਿੰਡ ਦੇ ਹਰ ਮਾਈ-ਭਾਈ, ਬਾਲ-ਬੱਚੇ ਤੇ ਨੌਜੁਆਨ ਦਾ ਯੋਗਦਾਨ ਹੈ। ਇਕ ਘੰਟਾ ਕਾਰ ਸੇਵਾ ਕਰਨ ਵਾਲੇ ਵੀ ਹਨ ਤੇ ਸਾਲਾਂ ਬੱਧੀ ਕਾਰ ਸੇਵਾ ਕਰਨ ਵਾਲੇ ਵੀ। ਇਹਦੇ ਵਿਚ ਇਕ ਰੁਪਿਆ ਦਾਨ ਦੇਣ ਵਾਲੇ ਵੀ ਹਨ, ਸੌ ਵਾਲੇ ਵੀ, ਹਜ਼ਾਰ ਵਾਲੇ ਵੀ, ਲੱਖ ਵਾਲੇ ਵੀ ਤੇ ਕਰੋੜਾਂ ਰੁਪਿਆ ਦਾ ਦਾਨ ਕਰਨ ਵਾਲੇ ਵੀ ਹਨ। ਪਰ ਕਿਸੇ ਦਾਨੀ ਦਾ ਨਾਂ ਕਿਤੇ ਵੀ ਨਹੀਂ ਲਿਖਿਆ ਗਿਆ। ਵਰਿ੍ਹਆਂ ਤੋਂ ਸ਼ਾਮਲਾਟਾਂ ਰੋਕੀ ਬੈਠੇ ਭਰਾਵਾਂ ਨੇ ਸਾਂਝੀਆਂ ਥਾਵਾਂ ਆਪੇ ਛੱਡ ਦਿੱਤੀਆਂ। ਕਈਆਂ ਨੇ ਨਿੱਜੀ ਥਾਵਾਂ ਛੱਡ ਕੇ ਗਲੀਆਂ ਖੁੱਲ੍ਹੀਆਂ ਕਰਵਾਈਆਂ।
ਪੁਸਤਕ ‘ਚਾਨਣ ਮੁਨਾਰਾ ਚਕਰ’ ਦਾ ਸੰਦੇਸ਼ ਹੈ ਕਿ ਹੋਰਨਾਂ ਪਿੰਡਾਂ ਦੇ ਲੋਕ ਵੀ ਚਕਰ ਦੀ ਰੀਸ ਕਰ ਵੇਖਣ। ਪਿੰਡਾਂ ਦੇ ਲੋਕ ਆਪਣੇ ਕਾਰਜ ਆਪਣੇ ਹੱਥੀਂ ਸਵਾਰਨ ਨਾ ਕਿ ਵੋਟਾਂ ਦੀਆਂ ਭੁੱਖੀਆਂ ਸਰਕਾਰਾਂ ਵੱਲ ਝਾਕੀ ਜਾਣ। ਸਰਕਾਰੀ ਗਰਾਂਟਾਂ ਦੀਆਂ ਬੁਰਕੀਆਂ ਬੰਦਿਆਂ ਨੂੰ ਬੰਦੇ ਨਹੀਂ ਰਹਿਣ ਦਿੰਦੀਆਂ। ਚਕਰ ਦੇ ਵਿਕਾਸ ਵਿਚ ਪਿੰਡ ਦੇ ਤੇ ਪਰਵਾਸੀ ਭਰਾਵਾਂ ਦੇ ਜਿਹੜੇ ਦਸ ਕਰੋੜ ਤੋਂ ਵੱਧ ਰੁਪਈਏ ਲੱਗੇ ਹਨ ਉਹ ਸਭ ਨੂੰ ਦਿਸਦੇ ਹਨ। ਕਈਆਂ ਪਿੰਡਾਂ ਨੂੰ ਸਰਕਾਰੀ ਗਰਾਂਟਾਂ ਦੇ ਕਰੋੜਾਂ ਰੁਪਏ ਮਨਜ਼ੂਰ ਹੋਏ ਪਰ ਲੱਗੇ ਕਿਤੇ ਦਿੱਸਦੇ ਹੀ ਨਹੀਂ!
ਮੈਂ ਜਦੋਂ ਵੀ ਆਪਣੇ ਪਿੰਡ ਜਾਂਦਾ ਹਾਂ ਤਾਂ ਵੇਖਦਾ ਹਾਂ ਕਿ ਸਵੇਰੇ ਸ਼ਾਮ ਬੀਹੀਆਂ ਵਿਚ ਬੱਚੇ ਸਪੋਰਟਸ ਅਕੈਡਮੀ ਦੇ ਟਰੈਕ ਸੂਟ ਪਾਈ ਸਟੇਡੀਅਮ ਵੱਲ ਜਾਂਦੇ ਹਨ ਅਤੇ ਖੇਡ ਮੈਦਾਨ ਵਿਚ ਕਸਰਤਾਂ ਤੇ ਖੇਡਾਂ ਦਾ ਅਭਿਆਸ ਕਰਦੇ ਹਨ। ਨਸਿæਆਂ ਤੋਂ ਬਚੇ ਹੋਏ ਹਨ ਤੇ ਉੱਚੇ ਆਚਰਣ ਦੇ ਮਾਲਕ ਬਣ ਰਹੇ ਹਨ। ਉਨ੍ਹਾਂ ਦੇ ਸਰੀਰਾਂ ਵਿਚ ਪੈਦਾ ਹੋ ਰਹੀ ਵਾਧੂ ਊਰਜਾ ਦਾ ਸਹਿਜ ਨਿਕਾਸ ਹੋ ਰਿਹੈ ਅਤੇ ਵਿਹਲਾ ਸਮਾਂ ਸਕਾਰਥੇ ਲੱਗ ਰਿਹੈ। ਜੇਕਰ ਪੰਜਾਬ ਦੇ ਸਾਰੇ ਪਿੰਡਾਂ ਵਿਚ ਹੀ ਅਜਿਹਾ ਮਾਹੌਲ ਬਣ ਜਾਵੇ ਤਾਂ ਪੰਜਾਬ ਕੀਹਦੇ ਲੈਣ ਦਾ ਹੈ? ਪਰਵਾਸੀ ਖੇਡ ਪ੍ਰਮੋਟਰਾਂ ਨੂੰ ਚਕਰ ਵਰਗੀਆਂ ਖੇਡ ਅਕੈਡਮੀਆਂ ਚਲਾਉਣ ਦੀ ਲੋੜ ਹੈ ਜਿਥੇ ਕੇਵਲ ਕਬੱਡੀ ਟੂਰਨਾਮੈਂਟ ਕਰਾਉਣ ਉਤੇ ਲੱਖਾਂ ਰੁਪਏ ਲਾਉਣ ਦੀ ਥਾਂ ਓਨੇ ਪੈਸਿਆਂ ਨਾਲ ਸਾਰਾ ਸਾਲ ਖੇਡਾਂ ਚਲਾਈਆਂ ਜਾ ਸਕਦੀਆਂ ਹਨ। ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦੀ ਲਾਅਣਤ ਤੋਂ ਇੰਜ ਹੀ ਬਚਾਇਆ ਜਾ ਸਕਦੈ।
ਨੋਟ: ਪੁਸਤਕ ਵਿਚਲੀਆਂ ਤਸਵੀਰਾਂ `ਚ ਪਿੰਡ ਦੀਆਂ ਪੁਰਾਣੀਆਂ ਤੇ ਨਵੀਆਂ ਝਾਕੀਆਂ ਵਿਖਾਈਆਂ ਗਈਆਂ ਹਨ। ਉਹੀ ਛੱਪੜ ਜੋ ਪਹਿਲਾਂ ਨਰਕ ਬਣੇ ਹੋਏ ਸਨ ਹੁਣ ਫੁੱਲਾਂ ਵਾਲੇ ਪਾਰਕਾਂ ਤੇ ਝੀਲਾਂ ਵਿਚ ਬਦਲ ਗਏ ਹਨ। ਰੂੜੀਆਂ `ਚ ਘਿਰੀ ਮੁਸ਼ਕ ਮਾਰਦੇ ਪਾਣੀ ਵਾਲੀ ਢਾਬ ਹੁਣ ਨਿਰਮਲ ਝੀਲ ਬਣ ਗਈ ਹੈ ਜਿਸ ਵਿਚ ਸੈਰ ਸਪਾਟੇ ਲਈ ਕਿਸ਼ਤੀਆਂ ਤਰਦੀਆਂ ਹਨ। ਪੁਸਤਕ ਦੇ ਕਾਂਡ-ਦੀਵੇ ਦੀ ਲੋਅ, ਵਿਰਸਾ ਤੇ ਵਰਤਮਾਨ, ਚੱਕਰਾਂ `ਚੋਂ ਨਿਕਲਿਆ ਚਕਰ, ਸੀਵਰੇਜ ਸਿਸਟਮ: ਤਕਨੀਕ ਤੇ ਤਜ਼ਰਬੇ, ਸ਼ਕਤੀ, ਸੰਘਰਸ਼ ਤੇ ਸੁਹਜ ਦਾ ਸੰਗਮ, ਚਿੱਠੀ ਚਕਰ ਤੋਂ, ਝੀਲਾਂ ਚਕਰ ਦੀਆਂ, ਚਕਰ `ਚ ਚੜ੍ਹਿਆ ਖੇਡਾਂ ਦਾ ਸੂਰਜ, ਚਕਰ ਦੀਆਂ ਸ਼ੇਰਨੀਆਂ, ਚਕਰ ਨੂੰ ਗੁਰ ਸ਼ਬਦਾਂ ਦੀ ਗੁੜ੍ਹਤੀ, ਚਕਰ ਇਕ ਮਾਰਗ ਦਰਸ਼ਕ ਅਤੇ ਹੈਲੋ! ਮੈਂ ਚਕਰ ਬੋਲਦਾਂ… ਆਦਿ ਹਨ। ‘ਜੋ ਸੁਣਿਆ, ਜੋ ਦੇਖਿਆ’ ਨਾਂ ਦੇ ਕਾਂਡ ਵਿਚ ਉਨ੍ਹਾਂ ਨਾਮਵਰ ਵਿਅਕਤੀਆਂ ਦੇ ਕਥਨ ਦਰਜ ਹਨ ਜਿਹੜੇ ਪਿੰਡ ਚਕਰ ਵੇਖਣ ਗਏ। ਗੁਰਦਵਾਰਾ ਮਹਿਦੀਆਣਾ ਸਾਹਿਬ ਦੇ ਦਰਸ਼ਨਾਂ ਨੂੰ ਆਈਆਂ ਸੰਗਤਾਂ ਹੁਣ ਚਕਰ ਦੀ ਵੀ ਜ਼ਿਆਰਤ ਕਰ ਕੇ ਮੁੜਦੀਆਂ ਹਨ।
ਕੈਪਸ਼ਨ: ਲੇਖ ਨਾਲ ਭੇਜੀ ਜਾ ਰਹੀ ਫੋਟੋ ਵਿੱਚ ਪੁਸਤਕ ‘ਚਾਨਣ ਮੁਨਾਰਾ ਚਕਰ’ ਰਾਏ ਅਜੀਜ਼ਉੱਲਾ ਖਾਂ ਜੀ ਨੂੰ ਭੇਟ ਕਰਦਿਆਂ ਜਿਨ੍ਹਾਂ ਦੇ ਵਡ-ਵਡੇਰਿਆਂ ਨੇ ਸੱਤ ਸੌ ਸਾਲ ਪਹਿਲਾਂ ਪਿੰਡ ਚਕਰ ਦੀ ਮੋਹੜੀ ਗੱਡੀ ਸੀ।