ਲੋਕ ਸਭਾ ਚੋਣਾਂ: ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪੰਜਾਬ ਪੁੱਜੀਆਂ

ਚੰਡੀਗੜ੍ਹ: ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਸੁਰੱਖਿਆ ਦਸਤੇ ਪੰਜਾਬ ਪੁੱਜਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕੀਤਾ ਜਾਣਾ ਬਾਕੀ ਹੈ ਪਰ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੀ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਗਈ ਹੈ।

ਮੁੱਢਲੇ ਪੜਾਅ ‘ਤੇ ਕੇਂਦਰੀ ਪੁਲਿਸ ਬਲਾਂ ਦੀਆਂ 25 ਕੰਪਨੀਆਂ ਪੰਜਾਬ ਪੁੱਜੀਆਂ ਹਨ। ਭਾਰਤੀ ਚੋਣ ਕਮਿਸ਼ਨ ਨੇ ਵੱਖ-ਵੱਖ ਸੂਬਿਆਂ ਲਈ ਕੇਂਦਰੀ ਸੁਰੱਖਿਆ ਬਲਾਂ ਦੀ ਨਫ਼ਰੀ ਮਨਜ਼ੂਰ ਕੀਤੀ ਹੈ ਜਿਸ ਤਹਿਤ ਪੰਜਾਬ ਲਈ ਕੇਂਦਰੀ ਬਲਾਂ ਦੀਆਂ 252 ਕੰਪਨੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਜਦਕਿ ਗੁਆਂਢੀ ਸੂਬੇ ਰਾਜਸਥਾਨ ‘ਚ 200 ਕੰਪਨੀਆਂ ਦੀ ਤਾਇਨਾਤੀ ਹੋਣੀ ਹੈ। ਦੇਸ਼ ਵਿਚ ਪੱਛਮੀ ਬੰਗਾਲ ਲਈ ਸਭ ਤੋਂ ਵੱਧ 920 ਕੰਪਨੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਅਹਿਮੀਅਤ ਦਿੱਤੀ ਗਈ ਹੈ। ਪੰਜਾਬ ਵਿਚ ਪੁੱਜੇ ਕੇਂਦਰੀ ਸੁਰੱਖਿਆ ਦਸਤਿਆਂ ਵਿਚ ਬੀ.ਐਸ.ਐਫ. ਦੀਆਂ 15 ਕੰਪਨੀਆਂ, ਸੀ.ਆਰ.ਪੀ.ਐਫ. ਦੀਆਂ ਪੰਜ ਕੰਪਨੀਆਂ ਅਤੇ ਆਈ.ਟੀ.ਬੀ.ਪੀ. ਦੀਆਂ ਪੰਜ ਕੰਪਨੀਆਂ ਸ਼ਾਮਲ ਹਨ। ਇਕ ਕੰਪਨੀ ਵਿਚ 100 ਸੁਰੱਖਿਆ ਮੁਲਾਜ਼ਮ ਹੁੰਦੇ ਹਨ। ਇਸ ਲਿਹਾਜ਼ ਨਾਲ ਸੂਬੇ ਵਿਚ ਕੇਂਦਰੀ ਬਲਾਂ ਦੇ 2500 ਮੁਲਾਜ਼ਮ ਪੁੱਜ ਗਏ ਹਨ ਜਿਨ੍ਹਾਂ ਨੂੰ ਜ਼ਿਲਿ੍ਹਆਂ ਵਿਚ ਭੇਜਿਆ ਜਾਣਾ ਬਾਕੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਵੀ ਚੋਣਾਂ ਦੇ ਮੱਦੇਨਜ਼ਰ ਸਰਗਰਮੀ ਵਿੱਢਣ ਦੀ ਤਿਆਰੀ ਹੈ। ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਸਪੈਸ਼ਲ ਡੀ.ਜੀ.ਪੀ.) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਵਿਚ 25 ਕੰਪਨੀਆਂ ਕੇਂਦਰੀ ਸੁਰੱਖਿਆ ਬਲਾਂ ਦੀਆਂ ਪੁੱਜੀਆਂ ਹਨ ਜਿਨ੍ਹਾਂ ਨੂੰ ਸੂਬੇ ਦੇ ਅਤਿ ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਜ਼ਿਲਿ੍ਹਆਂ ਵਿਚ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਖੇਤਰਾਂ ਦੀ ਮੈਪਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਆਮ ਚੋਣਾਂ ਤੋਂ ਪਹਿਲਾਂ ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਾਅ ਲਈ ਹੋਰ ਬਲਾਂ ਨੂੰ ਤਾਇਨਾਤ ਕੀਤਾ ਜਾ ਸਕੇ। ਅਰਪਿਤ ਸ਼ੁਕਲਾ ਨੇ ਸਾਰੇ ਸੀਪੀਜ਼/ਐਸ.ਐਸ.ਪੀਜ਼. ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿਚ ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖਣ ਤੇ ਆਮ ਲੋਕਾਂ ਵਿਚ ਭਰੋਸਾ ਪੈਦਾ ਕਰਨ ਲਈ ਫਲੈਗ ਮਾਰਚ ਕੱਢਣ ਲਈ ਕਿਹਾ ਹੈ।
ਪੰਜਾਬ ਵਿਚ ਸਾਰੀਆਂ ਸੀਟਾਂ ‘ਤੇ ਹਾਰੇਗੀ ‘ਆਪ’: ਖਹਿਰਾ
ਮੁਹਾਲੀ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ 13 ਦੀਆਂ 13 ਸੀਟਾਂ ਉਤੇ ‘ਆਪ` ਬੁਰੀ ਤਰ੍ਹਾਂ ਹਾਰੇਗੀ। ‘ਆਪ` ਨਾਲ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਖ਼ਿਲਾਫ਼ ਕੌਮੀ ਪੱਧਰ ਉਤੇ ‘ਇੰਡੀਆ ਗੱਠਜੋੜ` ਬਣਿਆ ਹੈ ਪਰ ਉਹ (ਖਹਿਰਾ) ਪੰਜਾਬ ਨੂੰ ਜਵਾਬਦੇਹ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ‘ਆਪ` ਨਾਲ ਗੱਠਜੋੜ ਨਹੀਂ ਬਲਕਿ ਲੱਠ-ਜੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਤੇ ਵਰਕਰਾਂ `ਤੇ ਰੋਜ਼ਾਨਾ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ। ਕਾਂਗਰਸੀ ਵਿਧਾਇਕਾਂ ਸਣੇ ਸਰਪੰਚਾਂ-ਪੰਚਾਂ ਵਿਰੁੱਧ ਬਦਲਾਖੋਰੀ ਦੀ ਭਾਵਨਾ ਨਾਲ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।