ਰਾਮਚੰਦਰ ਗੁਹਾ
ਇਜ਼ਰਾਈਲ ਵੱਲੋਂ ਫਲਸਤੀਨੀਆਂ ਉਤੇ ਜੋ ਜ਼ੁਲਮ ਢਾਹਿਆ ਜਾ ਰਿਹਾ ਹੈ, ਉਸ ਦੀ ਹਰ ਪਾਸਿਓਂ ਨਿੰਦਾ ਹੋ ਰਹੀ ਹੈ। ਪਿਛਲੇ ਸਾਲ ਅਕਤੂਬਰ ਵਿਚ ਫਲਸਤੀਨੀਆਂ ਦੀ ਕੱਟੜ ਜਥੇਬੰਦੀ ਹਮਾਸ ਦੇ ਹਮਲਿਆਂ ਵਿਚ 1400 ਯਹੂਦੀ ਮਾਰੇ ਗਏ ਸਨ। ਉਸ ਤੋਂ ਬਾਅਦ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਗਾਜ਼ਾ ਉਤੇ ਲਗਤਾਰ ਬੰਬ ਵਰ੍ਹਾ ਰਿਹਾ ਹੈ। ਸਕੂਲ, ਹਸਪਤਾਲ ਤੱਕ ਵੀ ਬਖਸ਼ੇ ਨਹੀਂ ਗਏ। ਇਜ਼ਰਾਈਲ ਹਮਾਸ ਨੂੰ ਖਤਮ ਕਰਨ ਦੇ ਨਾਂ ‘ਤੇ ਫਲਸਤੀਨੀਆਂ ਦਾ ਘਾਣ ਕਰ ਰਿਹਾ ਹੈ। ਉਘੇ ਵਿਦਵਾਨ ਰਾਮਚੰਦਰ ਗੁਹਾ ਨੇ ਇਕ ਨਾਵਲ ਦੇ ਬਹਾਨੇ ਇਨ੍ਹਾਂ ਜ਼ੁਲਮਾਂ ਅਤੇ ਇਨ੍ਹਾਂ ਜ਼ੁਲਮਾਂ ਪਿਛਲੀ ਸਿਆਸਤ ਬਾਰੇ ਕੁਝ ਗੱਲਾਂ ਆਪਣੇ ਇਸ ਲੇਖ ਵਿਚ ਕੀਤੀਆਂ ਹਨ।
ਬੰਗਲੌਰ `ਚ ਪੁਰਾਣੀਆਂ ਕਿਤਾਬਾਂ ਦੀ ਇੱਕ ਵਧੀਆ ਦੁਕਾਨ ਵਿਚ ਘੁੰਮਦਿਆਂ, ਮੇਰੀ ਨਜ਼ਰ ਇੱਕ ਨਾਵਲ `ਤੇ ਪਈ ਜਿਸ ਦਾ ਨਾਂ ਸੀ ‘ਵੈੱਨ ਆਈ ਲਿਵਡ ਇਨ ਮੌਡਰਨ ਟਾਈਮਜ਼` (ਜਦੋਂ ਮੈਂ ਆਧੁਨਿਕ ਸਮੇਂ ਵਿਚ ਰਹਿੰਦੀ ਸਾਂ)। ਇਸ ਦੀ ਲੇਖਕਾ ਲਿੰਡਾ ਗ੍ਰਾਂਟ ਬਾਰੇ ਪਹਿਲਾਂ ਕਦੇ ਕਦੇ ਪੜ੍ਹਿਆ ਸੁਣਿਆ ਨਹੀਂ ਸੀ ਪਰ ਨਾਵਲ ਦਾ ਸਿਰਲੇਖ ਧੂਹ ਪਾਉਣ ਵਾਲਾ ਸੀ, ਜਿਵੇਂ ਇਹ ਤੱਥ ਵੀ ਕਿ ਇਹ ਨਾਵਲ ਇਜ਼ਰਾਇਲੀ ਰਿਆਸਤ ਦੇ ਕਾਇਮ ਹੋਣ ਤੋਂ ਕੁਝ ਸਮਾਂ ਪਹਿਲਾਂ ਦੇ ਫਲਸਤੀਨ ਦੀ ਕਹਾਣੀ ਹੈ ਜਦੋਂ ਇਹ ਖਿੱਤਾ ਅੰਗਰੇਜ਼ਾਂ ਦੇ ਸ਼ਾਸਨ ਹੇਠ ਸੀ। ਮੇਰੇ ਲਈ ਇਹ ਦੋ ਕੁ ਗੱਲਾਂ ਹੀ ਕਿਤਾਬ ਖਰੀਦਣ ਲਈ ਕਾਫ਼ੀ ਸਨ। ਫਲਸਤੀਨ ਵਿਚ ਟਕਰਾਅ ਸੁਰਖੀਆਂ ਵਿਚ ਛਾਉਣ ਨਾਲ ਮੈਂ ਸੋਚਿਆ ਕਿ ਇਸ ਦੇ ਪਿਛੋਕੜ ਦਾ ਗਲਪੀ ਚਿਤਰਨ ਚਾਨਣ ਫੈਲਾ ਸਕਦਾ ਹੈ।
ਇਸ ਨੂੰ ਪੜ੍ਹ ਕੇ ਮੈਂ ਨਿਰਾਸ਼ ਨਹੀਂ ਹੋਇਆ। ਇਹ ਨਾਵਲ ਬਰਤਾਨੀਆ ਵਿਚ ਪਲੀ ਯਹੂਦੀ ਮੁਟਿਆਰ ਐਵਲੀਨ ਸਰਟ ਦੇ ਨਜ਼ਰੀਆ ਤੋਂ ਬਿਆਨ ਕੀਤਾ ਗਿਆ ਹੈ ਜੋ ਦੂਜੀ ਆਲਮੀ ਜੰਗ ਖ਼ਤਮ ਹੋਣ ਤੋਂ ਬਾਅਦ ਇਹ ਦੇਖਣ ਲਈ ਫਲਸਤੀਨ ਜਾਂਦੀ ਹੈ ਕਿ ਨਵੇਂ ਯਹੂਦੀ ਰਾਜ ਲਈ ਉਹ ਕੀ ਕਰ ਸਕਦੀ ਹੈ। ਉਹ ਕਿਬੁੱਤਜ਼ ਜਾ ਟਿਕਦੀ ਹੈ ਜਿਸ ਦੀ ਪ੍ਰਸਿੱਧੀ ਦਾ ਕੇਂਦਰਬਿੰਦੂ ਸਮਾਜਵਾਦੀ ਵਿਚਾਰਾਂ ਦਾ ਧਾਰਨੀ ਰੂਸੀ ਯਹੂਦੀ ਹੁੰਦਾ ਹੈ ਜਿਸ ਨੇ ਕਿਬੁੱਤਜ਼ ਦੇ ਟਿੱਬਿਆਂ `ਤੇ ਫੁੱਲ ਟਹਿਕਣ ਲਾਉਣ ਦਾ ਤਹੱਈਆ ਕੀਤਾ ਹੋਇਆ ਸੀ।
ਕਿਬੁੱਤਜ਼ ਦੇ ਇਸ ਸਖ਼ਤਗੀਰ ਆਗੂ ਦੇ ਮਨ ਵਿਚ ਅਰਬਾਂ ਜੋ ਕਈ ਸਦੀਆਂ ਤੋਂ ਫਲਸਤੀਨ ਵਿਚ ਰਹਿ ਰਹੇ ਸਨ, ਪ੍ਰਤੀ ਕਾਫ਼ੀ ਮੰਦਭਾਵਨਾ ਭਰੀ ਹੋਈ ਸੀ। ਉਹ ਐਵਲੀਨ ਨੂੰ ਦੱਸਦਾ ਹੈ, “ਜੇ ਅੰਗਰੇਜ਼ ਚਲੇ ਜਾਂਦੇ ਹਨ ਤਾਂ ਅਸੀਂ ਪਹਿਲਾਂ ਨਰਮੀ ਨਾਲ ਰਾਜ ਕਰਾਂਗੇ, ਫਿਰ ਸਾਡੇ ਕੁਝ ਵਿਚਾਰ ਉਨ੍ਹਾਂ (ਅਰਬਾਂ) `ਤੇ ਠੋਸੇ ਜਾਣਗੇ ਅਤੇ ਉਹ ਆਪਣੀ ਕਬਾਇਲੀ ਵਫ਼ਾਦਾਰੀ ਨੂੰ ਤਿਆਗ ਕੇ ਆਧੁਨਿਕ ਚੇਤਨਾ ਧਾਰਨ ਕਰਨਗੇ। ਇਹ ਕਰਨਾ ਪਵੇਗਾ ਜਾਂ ਫਿਰ ਉਨ੍ਹਾਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ। ਯਕੀਨਨ, ਉਹ ਇਸ ਵਿਸ਼ਾਲ ਅਰਬ ਸਰਜ਼ਮੀਨ `ਤੇ ਆਪਣੇ ਲਈ ਕੋਈ ਹੋਰ ਟਿਕਾਣਾ ਲੱਭ ਸਕਦੇ ਹਨ? … ਅਸੀਂ ਇਸ ਜ਼ਮੀਨ ਦੇ ਉਨ੍ਹਾਂ ਨੂੰ ਪੈਸੇ ਦਿੱਤੇ ਹਨ ਅਤੇ ਉਨ੍ਹਾਂ ਇਹ ਜ਼ਮੀਨ ਸਾਨੂੰ ਵੇਚ ਦਿੱਤੀ ਸੀ, ਇਹ ਕੰਮ ਇਨ੍ਹਾਂ ਦੇ ਗ਼ੈਰ-ਮੌਜੂਦ ਮਾਲਕਾਂ ਨੇ ਕਰਵਾਇਆ ਸੀ। ਅਸੀਂ ਉਨ੍ਹਾਂ ਨੂੰ ਕਾਫ਼ੀ ਕੀਮਤ ਦਿੱਤੀ ਹੈ, ਅਸੀਂ ਇਨ੍ਹਾਂ ਨਾਲ ਕੋਈ ਧੋਖਾ ਨਹੀਂ ਕੀਤਾ, ਸਾਡੇ ਕਰਕੇ ਨਹੀਂ ਸਗੋਂ ਇਨ੍ਹਾਂ ਕਰ ਕੇ ਹੀ ਇਹ ਜ਼ਮੀਨ ਬੰਜਰ ਤੇ ਬਰਬਾਦ ਹੋਈ ਸੀ। ਮੈਨੂੰ ਨਹੀਂ ਪਤਾ ਕਿ ਉਹ ਇੱਥੇ ਕਿੰਨੇ ਚਿਰ ਤੋਂ ਰਹਿ ਰਹੇ ਹਨ -ਸ਼ਾਇਦ ਮੇਰੇ ਖਿਆਲ ਮੁਤਾਬਿਕ ਸਦੀਆਂ ਤੋਂ, ਪਰ ਜ਼ਰਾ ਦੇਖੋ ਕਿ ਸਿਰਫ਼ ਵੀਹਾਂ ਸਾਲਾਂ ਵਿਚ ਅਸੀਂ ਕੀ ਕੀਤਾ ਹੈ। ਅਤੇ ਕਿਉਂ? ਕਿਉਂਕਿ ਸਾਡਾ ਜਿਸ ਗੱਲ ਵਿਚ ਵਿਸ਼ਵਾਸ ਹੈ, ਉਹ ਹੈ ਭਵਿੱਖ।”
ਇਹ ਸਤਰਾਂ ਪੜ੍ਹ ਕੇ ਮੈਨੂੰ ਚੇਤੇ ਆਇਆ ਕਿ ਇਹੋ ਜਿਹੀਆਂ ਭਾਵਨਾਵਾਂ ਹੀ ਯਹੂਦੀ ਦਾਰਸ਼ਨਿਕ ਮਾਰਟਿਨ ਬੂਬਰ ਨੇ ਸੰਨ 1938 ਵਿਚ ਮਹਾਤਮਾ ਗਾਂਧੀ ਨੂੰ ਲਿਖੀ ਚਿੱਠੀ ਵਿਚ ਪ੍ਰਗਟ ਕੀਤੀਆਂ ਸਨ; ਹਾਲਾਂਕਿ ਉਸ ਕੱਟੜਪੰਥੀ ਯਹੁੂਦੀ ਤੋਂ ਉਲਟ ਬੂਬਰ, ਯਹੂਦੀਆਂ ਅਤੇ ਅਰਬਾਂ ਵਿਚਕਾਰ ਸੁਲ੍ਹਾ ਦਾ ਹਾਮੀ ਸੀ। ਇਹ ਗੱਲ ਵੱਖਰੀ ਹੈ ਕਿ ਉਹ ਯਹੂਦੀਆਂ ਨੂੰ ਉਨ੍ਹਾਂ ਦੇ ਸਿਖਿਅਕ ਵਜੋਂ ਦੇਖਦਾ ਸੀ। ਦਸਤੀ ਜ਼ਰਾਇਤ ਦੀ ਮੁੱਢਲੀ ਰਿਆਸਤ ਦੀ ਸ਼ਿਕਾਇਤ ਕਰਦਿਆਂ ਉਹ ਦਾਅਵਾ ਕਰਦਾ ਸੀ ਕਿ ਅਰਬਾਂ ਅਤੇ ਉਨ੍ਹਾਂ ਦੇ ਢੰਗ ਤਰੀਕਿਆਂ ਨੂੰ ਸੁਧਾਰਨ ਲਈ ਯਹੂਦੀ ਜ਼ਰੂਰੀ ਸਨ। ਜਿਵੇਂ ਉਹ ਆਖਦਾ ਸੀ: ‘ਧਰਤੀ ਨੂੰ ਪੁੱਛ ਕੇ ਦੇਖੋ ਕਿ ਅਰਬਾਂ ਨੇ ਤੇਰ੍ਹਾਂ ਸੌ ਸਾਲਾਂ ਵਿਚ ਉਸ ਲਈ ਕੀ ਕੀਤਾ ਹੈ ਅਤੇ ਅਸੀਂ ਪੰਜਾਹ ਸਾਲਾਂ ਵਿਚ ਕੀ ਕੀਤਾ ਹੈ! ਕੀ ਉਸ (ਧਰਤੀ) ਦਾ ਜਵਾਬ ਇਸ ਗੱਲ ਦੀ ਤਸਦੀਕ ਨਹੀਂ ਹੋਵੇਗਾ ਕਿ ਇਹ ਧਰਤੀ ਕਿਸ ਨਾਲ ਜੁੜੀ ਹੈ?`
ਮਾਰਟਿਨ ਬੂਬਰ ਫਲਸਤੀਨ ਦੇ ਅਰਬ ਵਸਨੀਕਾਂ ਨੂੰ ਤਕਨੀਕੀ ਲਿਹਾਜ਼ ਤੋਂ ਕਮਤਰ ਨਸਲ ਗਿਣਦਾ ਸੀ। ਉਸ ਨੇ ਗਾਂਧੀ ਨੂੰ ਦੱਸਿਆ ਸੀ, ‘ਇਹ ਜ਼ਮੀਨ ਸਾਨੂੰ ਪਛਾਣਦੀ ਹੈ ਕਿਉਂਕਿ ਇਹ ਸਾਡੇ ਜ਼ਰੀਏ ਜ਼ਰਖ਼ੇਜ਼ ਬਣੀ ਹੈ ਅਤੇ ਇਸ ਨੂੰ ਪਿਆ ਫ਼ਲ ਹੀ ਦੱਸਦਾ ਹੈ ਕਿ ਇਹ ਸਾਨੂੰ ਪਛਾਣਦੀ ਹੈ… ਯਹੁੂਦੀ ਕਿਸਾਨਾਂ ਨੇ ਆਪਣੇ ਅਰਬ ਕਿਸਾਨ ਭਰਾਵਾਂ ਨੂੰ ਜ਼ਮੀਨ ਨੂੰ ਦੱਬ ਕੇ ਜੋਤਣਾ ਸਿਖਾਉਣਾ ਸ਼ੁਰੂ ਕੀਤਾ। ਅਸੀਂ ਉਨ੍ਹਾਂ ਨੂੰ ਹੋਰ ਵੀ ਸਿਖਾਉਣ ਦੀ ਚਾਹਨਾ ਰੱਖਦੇ ਹਾਂ।`
ਲਿੰਡਾ ਗ੍ਰਾਂਟ ਦੇ ਨਾਵਲ ਦੀ ਸੂਤਰਧਾਰ ਕਿਬੁੱਤਜ਼ ਦੀ ਜ਼ਿੰਦਗੀ ਅਤੇ ਜਰਮਨੀ ਦੀ ਬਾਓਹਾਸ ਇਮਾਰਤਕਲਾ ਦੀ ਤਰਜ਼ `ਤੇ ਉਸਾਰੇ ਗਏ ਤਲ ਅਵੀਵ ਸ਼ਹਿਰ ਵਿਚ ਕੀਤੇ ਸੰਘਰਸ਼ ਦੇ ਬਿਓਰੇ ਦਿੰਦੀ ਹੈ। ਯਹੂਦੀ ਬਸਤੀ ਵਿਚ ਅਪਾਰਟਮੈਂਟ ਕਿਰਾਏ `ਤੇ ਲੈ ਕੇ ਰਹਿੰਦਿਆਂ ਉਹ ਬੀਬੀ ਲਿੰਜ਼ ਨੂੰ ਸਹੇਲੀ ਬਣਾ ਲੈਂਦੀ ਹੈ ਜੋ ਨਫ਼ੀਸ ਔਰਤ ਹੈ ਅਤੇ ਬਰਲਿਨ ਵਿਚ ਜੰਮੀ ਪਲੀ ਹੈ। ਲਿੰਜ ਉਸ ਨੂੰ ਦੱਸਦੀ ਹੈ, “ਸਾਡੇ ਯਹੂਦੀ ਸ਼ਹਿਰ ਵਿਚ ਵਿਗਿਆਨੀ ਤੇ ਇਤਿਹਾਸਕਾਰ ਤੇ ਸੰਗੀਤਕਾਰ, ਵਕੀਲ ਤੇ ਡਾਕਟਰ ਸਭ ਹਨ। ਅਰਬ ਅਨਪੜ੍ਹ ਹਨ ਅਤੇ ਉਹ ਸੜਕਾਂ `ਤੇ ਤਰਬੂਜ਼ ਵੇਚਣ ਤੋਂ ਇਲਾਵਾ ਕੁਝ ਨਹੀਂ ਜਾਣਦੇ। ਕੀ ਆਧੁਨਿਕ ਯੁੱਗ ਦੇ ਸਾਰੇ ਅਗਾਂਹਵਧੂ ਵਿਚਾਰਾਂ ਦਾ ਦਿਲ ਖੋਲ੍ਹ ਕੇ ਸਵਾਗਤ ਕਰਨ ਵਾਲੀ ਇੱਕ ਉੱਦਮੀ, ਸੰਗਠਿਤ ਘੱਟਗਿਣਤੀ ਜੋ ਊਰਜਾ ਤੇ ਸਿੱਖਿਆ ਤੇ ਪ੍ਰਸ਼ਾਸਕੀ ਤਜਰਬੇ ਪੱਖੋਂ ਸਾਡੇ ਤੋਂ ਊਣੀ ਬਹੁਗਿਣਤੀ ਦੇ ਸ਼ਾਸਨ ਹੇਠ ਦਬ ਕੇ ਰਹਿ ਸਕਦੀ ਹੈ?”
ਉਸ ਸ਼ਹਿਰ ਵਿਚ ਐਵਲੀਨ ਦਾ ਇੱਕ ਨੌਜਵਾਨ ਯਹੂਦੀ ਅਤਿਵਾਦੀ ਨਾਲ ਪਿਆਰ ਸ਼ੁਰੂ ਹੋ ਜਾਂਦਾ ਹੈ ਜੋ ਹਥਿਆਰਬੰਦ ਗਰੁੱਪ ਇਰਗੁਨ ਨਾਲ ਜੁੜਿਆ ਹੁੰਦਾ ਹੈ। ਉਹ ਮੁੰਡਾ ਇਰਗੁਨ ਵਿਚ ਕਿੰਗ ਡੇਵਿਡ ਹੋਟਲ ਵਿਚ ਕੀਤੀ ਗਈ ਬੰਬਾਰੀ `ਤੇ ਕੋਈ ਪਛਤਾਵਾ ਜ਼ਾਹਰ ਨਹੀਂ ਕਰਦਾ ਜਿਸ ਵਿਚ ਬਹੁਤ ਸਾਰੇ ਯਹੂਦੀ ਵੀ ਮਾਰੇ ਜਾਂਦੇ ਹਨ (ਹਾਲਾਂਕਿ ਉਸ ਦਾ ਮੁੱਖ ਨਿਸ਼ਾਨਾ ਬਰਤਾਨਵੀ ਅਫ਼ਸਰ ਹੁੰਦੇ ਹਨ)। “ਸੁਣ ਐਵਲੀਨ, ਜੇ ਤੁਸੀਂ ਕਿਸੇ ਸ਼ਹਿਰ ਨੂੰ ਮੁੱਢੋਂ ਸੁੱਢੋਂ ਤਬਦੀਲ ਕਰਨਾ ਹੈ ਤਾਂ ਤੁਹਾਨੂੰ ਉਸ ਵਿਚ ਬੰਬ ਲਾਉਣਾ ਪਵੇਗਾ। ਜਦੋਂ ਹਰ ਚੀਜ਼ ਤਹਿਸ ਨਹਿਸ ਹੋ ਜਾਵੇ ਤਾਂ ਤੁਸੀਂ ਨਵੇਂ ਸਿਰੇ ਤੋਂ ਇਸ ਦਾ ਨਿਰਮਾਣ ਸ਼ੁਰੂ ਕਰ ਸਕਦੇ ਹੋ। ਤੁਸੀਂ ਬੰਬ ਧਮਾਕੇ ਵਾਲੀ ਜਗ੍ਹਾ ਕਿਸੇ ਵੀ ਤਰ੍ਹਾਂ ਦਾ ਸੁਫ਼ਨਾ ਚਸਪਾ ਕਰ ਸਕਦੇ ਹੋ।”
ਨਾਵਲ ਦਾ ਅੰਤ ਉਦੋਂ ਹੁੰਦਾ ਹੈ ਜਦੋਂ ਸੂਤਰਧਾਰ ਆਪਣੀ ਉਮਰ ਦੇ ਸੱਤਰਵਿਆਂ ਵਿਚ ਪਹੁੰਚ ਚੁੱਕੀ ਹੁੰਦੀ ਹੈ ਅਤੇ ਆਪਣੀ ਜ਼ਿੰਦਗੀ `ਤੇ ਪਿੱਛਲਝਾਤ ਕਰਾ ਰਹੀ ਹੁੰਦੀ ਹੈ। ਫਲਸਤੀਨ ਵਿਚ ਇੱਕ ਸਾਲ ਰਹਿਣ ਤੋਂ ਬਾਅਦ ਉਹ ਵਾਪਸ ਇੰਗਲੈਂਡ ਚਲੀ ਜਾਂਦੀ ਹੈ ਜਿੱਥੇ ਉਹ ਇੱਕ ਯਹੂਦੀ ਸੰਗੀਤਕਾਰ ਨਾਲ ਵਿਆਹ ਕਰਵਾ ਲੈਂਦੀ ਹੈ ਅਤੇ ਦੋ ਬੱਚਿਆਂ ਦੀ ਮਾਂ ਬਣ ਜਾਂਦੀ ਹੈ। ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਵਾਪਸ ਤਲ ਅਵੀਵ ਜਾਣ ਦਾ ਫ਼ੈਸਲਾ ਕਰਦੀ ਹੈ ਅਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਉੱਥੇ ਹੀ ਬਿਤਾਉਂਦੀ ਹੈ। ਉਸ ਦੀ ਪੁਰਾਣੀ ਗੁਆਂਢੀ ਬੀਬੀ ਲਿੰਜ ਹਾਲੇ ਵੀ ਉੱਥੇ ਹੈ ਅਤੇ ਇਜ਼ਰਾਇਲੀ ਸਟੇਟ ਤੇ ਫ਼ੌਜ ਵੱਲੋਂ ਫਲਸਤੀਨੀ ਲੋਕਾਂ `ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਸ਼ਿਕਾਇਤ ਕਰਦੀ ਹੈ। ਜਦੋਂ ਬੀਬੀ ਲਿੰਜ ਇਨ੍ਹਾਂ ਜ਼ੁਲਮਾਂ ਬਾਰੇ ਐਵਲੀਨ ਨੂੰ ਦੱਸਦੀ ਹੈ ਤਾਂ ਉਹ ਅੱਗੋਂ ਕਹਿੰਦੀ ਹੈ, “ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ। ਇਹ ਸਭ ਕੁਝ ਸੁਣ ਕੇ ਹੀ ਮੈਂ ਬਹੁਤ ਦੁਖੀ ਹਾਂ ਕਿ ਕੋਈ ਐਨਾ ਜ਼ੁਲਮ ਕਿਵੇਂ ਕਰ ਸਕਦਾ ਹੈ, ਖ਼ਾਸਕਰ ਯਹੂਦੀ। ਬਿਨਾਂ ਸ਼ੱਕ, ਫਲਸਤੀਨੀ ਵੀ ਇਸੇ ਤਰ੍ਹਾਂ ਦੇ ਕਾਰੇ ਕਰਨ ਦੇ ਸਮੱਰਥ ਹਨ ਜਿਵੇਂ ਮੈਂ ਕੈਂਪਾਂ ਵਿਚ ਮਿਲੇ ਕੁਝ ਲੋਕਾਂ ਤੋਂ ਸੁਣਿਆ ਹੈ ਪਰ ਇਹ ਕਦੇ-ਕਦਾਈਂ ਵਾਪਰਨ ਵਾਲੀਆਂ ਘਟਨਾਵਾਂ ਹਨ, ਦਸਤੂਰ ਨਹੀਂ ਹਨ।”
ਕਿਤਾਬ ਦੇ ਆਖ਼ਰੀ ਪੈਰੇ ਵਿਚ ਇੱਕ ਨਾਟਕ ਦਾ ਜ਼ਿਕਰ ਕੀਤਾ ਗਿਆ ਹੈ ਜੋ ਬੀਬੀ ਲਿੰਜ ਅਤੇ ਐਵਲੀਨ ਨੇ ਹਾਲ ਹੀ ਵਿਚ ਦੇਖਿਆ ਸੀ। ਇਸ ਵਿਚ ‘ਗਾਜ਼ਾ ਵਿਚ ਸਾਡੇ ਫ਼ੌਜੀਆਂ ਵੱਲੋਂ ਕੀਤੇ ਗਏ ਅੱਤਿਆਚਾਰਾਂ` ਦਾ ਵਰਨਣ ਕੀਤਾ ਗਿਆ ਹੈ। ਅਗਲੀ ਸਤਰ ਵਿਚ ਅਜਿਹੀ ਜਗ੍ਹਾ ਦੀ ਗੱਲ ਕੀਤੀ ਗਈ ਹੈ ਜਿੱਥੇ ‘ਹਮਾਸ ਨੇ ਇੱਕ ਕੈਫ਼ੇ ਵਿਚ ਬੰਬ ਧਮਾਕਾ ਕੀਤਾ ਸੀ ਅਤੇ ਕੇਕ ਦੇ ਟੁਕੜੇ ਉਨ੍ਹਾਂ ਦੇ ਗੁਆਂਢ ਦੇ ਫਲੈਟਾਂ ਦੀਆਂ ਖਿੜਕੀਆਂ `ਚੋਂ ਆ ਕੇ ਡਿੱਗੇ ਸਨ।`
‘ਵੈੱਨ ਆਈ ਲਿਵਡ ਇਨ ਮੌਡਰਨ ਟਾਈਮਜ਼` 1990ਵਿਆਂ ਵਿਚ ਲਿਖਿਆ ਗਿਆ ਸੀ ਜਦੋਂਕਿ ਵੈਸਟ ਬੈਂਕ ਖੇਤਰ ਵਿਚ ਯਹੂਦੀ ਬਸਤੀਆਂ ਦੀ ਉਸਾਰੀ ਅਤੇ ਫਲਸਤੀਨੀ ਇੰਤਫਾਦਾ (ਨਾਫ਼ਰਮਾਨੀ ਲਹਿਰ) ਦੇ ਉਭਾਰ ਨਾਲ ਓਸਲੋ ਸੰਧੀ ਦੀ ਨਾਕਾਮੀ ਜ਼ਾਹਿਰ ਹੋ ਗਈ ਸੀ। ਅਜਿਹੇ ਮਾਹੌਲ ਵਿਚ ਲਿੰਡਾ ਗ੍ਰਾਂਟ ਨੇ 1940ਵਿਆਂ ਦੇ ਦਹਾਕੇ ਵਿਚ ਇਸ ਟਕਰਾਅ ਦੀ ਉਤਪਤੀ ਦਾ ਗਲਪੀ ਬਿਰਤਾਂਤ ਦੇਣ ਦਾ ਉੱਦਮ ਸ਼ੁਰੂ ਕੀਤਾ ਸੀ। ਹੁਣ ਜਦੋਂ ਇਹ ਟਕਰਾਅ ਬਹੁਤ ਹੀ ਵਹਿਸ਼ੀਆਨਾ ਰੂਪ ਧਾਰਨ ਕਰ ਗਿਆ ਹੈ ਤਾਂ ਇਸ ਕਿਤਾਬ ਨੂੰ ਪੜ੍ਹਨਾ ਇੱਕ ਬਹੁਤ ਹੀ ਗਹਿਰਾ ਤੇ ਮਾਰਮਿਕ ਅਨੁਭਵ ਦਿੰਦਾ ਹੈ। ਅਰਬਾਂ ਪ੍ਰਤੀ ਸਭਿਆਚਾਰਕ ਸਖ਼ਤਾਈ ਅਤੇ ਕੱਟੜਪੰਥੀ ਇਜ਼ਰਾਇਲੀਆਂ ਵੱਲੋਂ ਹਿੰਸਾ ਦੀ ਕੀਤੀ ਜਾਂਦੀ ਪ੍ਰੋੜਤਾ ਯਹੂਦੀ ਸਟੇਟ ਦੀ ਬੁਨਿਆਦ ਵਿਚੋਂ ਝਲਕਦੀ ਹੈ। ਇਸ ਦੇ ਨਾਲ ਹੀ ਇਹ ਨਾਵਲ ਯਹੂਦੀਆਂ ਵੱਲੋਂ ਝੱਲੇ ਗਏ ਤਸੀਹਿਆਂ, ਯੂਰਪ ਵਿਚ ਯਹੂਦੀਆਂ ਪ੍ਰਤੀ ਨਫ਼ਰਤ, ਹਿਟਲਰ ਵੱਲੋਂ ਕੀਤੇ ਗਏ ਕਤਲੇਆਮ ਅਤੇ ਇਜ਼ਰਾਈਲ ਦੇ ਗਠਨ ਤੋਂ ਬਾਅਦ ਸਮੁੱਚੇ ਮੱਧ ਪੂਰਬ ਵਿਚ ਯਹੂਦੀਆਂ ਦੇ ਦਮਨ ਦਾ ਚੇਤਾ ਕਰਾਉਂਦਾ ਹੈ। ਨਵਾਂ ਰਾਜ ਦੁਨੀਆ ਭਰ ਵਿਚ ਯਹੂਦੀਆਂ ਲਈ ਸਭ ਤੋਂ ਵੱਧ ਸੁਰੱਖਿਅਤ ਜਗ੍ਹਾ ਬਣ ਗਿਆ ਹੈ ਜਿਸ ਕਰ ਕੇ ਇਸ ਦੀ ਰਾਖੀ ਲਈ ਉਹ ਸਭ ਕੁਝ ਕਰਨ ਲਈ ਤਿਆਰ ਹੋ ਜਾਂਦੇ ਹਨ।
ਨਾਵਲ ਨੂੰ ਪੜ੍ਹਨ ਤੋਂ ਬਾਅਦ ਮੈਂ ਗੂਗਲ `ਤੇ ਲਿੰਡਾ ਗ੍ਰਾਂਟ ਬਾਰੇ ਖੋਜ ਕਰ ਕੇ ਪਾਇਆ ਕਿ ਬਰਤਾਨਵੀ ਸਾਹਿਤਕ ਜਗਤ ਵਿਚ ਉਸ ਦਾ ਕਾਫ਼ੀ ਉੱਚਾ ਮੁਕਾਮ ਹੈ। ਪਿਛਲੇ ਸਾਲ ਨਵੰਬਰ ਵਿਚ ਪ੍ਰਕਾਸ਼ਿਤ ਹੋਏ ਲੇਖ ਵਿਚ ਗ੍ਰਾਂਟ ਨੇ ਬਰਤਾਨਵੀ ਯਹੂਦੀ ਵਜੋਂ ਹਿੰਸਾ ਦੇ ਹਾਲੀਆ ਦੌਰ ਦੇ ਮੱਦੇਨਜ਼ਰ ਆਪਣੀ ਬੇਚੈਨੀ ਜ਼ਾਹਿਰ ਕੀਤੀ ਸੀ। ਉਸ ਨੂੰ ਅਫ਼ਸੋਸ ਹੈ ਕਿ ਫਲਸਤੀਨੀਆਂ ਦੀ ਹਮਾਇਤ ਕਰਨ ਵਾਲੇ ਬਰਤਾਨਵੀ ਲੇਖਕਾਂ ਅਤੇ ਕਲਾਕਾਰਾਂ ਨੇ ਇਜ਼ਰਾਇਲੀ ਨਾਗਰਿਕਾਂ ਦੇ ਕਤਲਾਂ ਦੀ ਸਾਫ਼ ਲਫ਼ਜ਼ਾਂ ਵਿਚ ਨਿੰਦਾ ਨਹੀਂ ਕੀਤੀ। ਉਹ ਖ਼ੁਦ ਵੀ ਹਮਾਸ ਵੱਲੋਂ ਕੀਤੇ ਗਏ ਅਪਰਾਧਾਂ ਅਤੇ ਬੈਂਜਾਮਿਨ ਨੇਤਨਯਾਹੂ ਸਰਕਾਰ ਵੱਲੋਂ ਕੀਤੀ ਗਈਆਂ ਵਹਿਸ਼ੀਆਨਾ ਕਾਰਵਾਈਆਂ, ਗਾਜ਼ਾ ਵਿਚ ਕੀਤੀ ਅੰਨ੍ਹੇਵਾਹ ਬੰਬਾਰੀ, ਆਮ ਨਾਗਰਿਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਤੋਂ ਮਹਿਰੂਮ ਕਰਨ ਦੀ ਮੁਖ਼ਾਲਫ਼ਤ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਬਰਤਾਨਵੀ ਯਹੂਦੀਆਂ ਕੋਲ ਅਜਿਹੀ ਰਣਨੀਤੀ ਦੀ ਘਾਟ ਹੈ ਜੋ ਇਜ਼ਰਾਇਲੀ ਵਿਸਤਾਰਵਾਦ ਅਤੇ ਹਮਾਸ ਦੇ ਨਿਹਵਾਦ ਦੇ ਆਪਾਵਿਰੋਧ ਨੂੰ ਇਕਸੁਰ ਕਰ ਸਕੇ। ਉਸ ਦਾ ਖਿਆਲ ਹੈ ਕਿ ਸ਼ਾਇਦ ਇਸ ਟਕਰਾਅ ਦਾ ਕੋਈ ਹੱਲ ਨਾ ਨਿਕਲ ਸਕੇ।`
ਹੱਲ ਨਿਕਲ ਵੀ ਸਕਦਾ ਹੈ ਜਾਂ ਫਿਰ ਨਹੀਂ ਵੀ ਨਿਕਲ ਸਕਦਾ। ਮੇਰੇ ਖਿਆਲ ਮੁਤਾਬਿਕ ਇਸ ਟਕਰਾਅ ਨੂੰ ਸੁਲਝਾਉਣ ਦਾ ਕੋਈ ਮੌਕਾ ਤਦ ਹੀ ਬਣ ਸਕਦਾ ਹੈ ਜਦੋਂ ਯਹੂਦੀਆਂ ਜਾਂ ਅਰਬਾਂ ਦੀ ਬਜਾਇ ਉਹ ਦੇਸ਼ ਪਹਿਲ ਕਰਨ ਜਿਨ੍ਹਾਂ ਨੇ ਇਹ ਸਮੱਸਿਆ ਮੁੱਢ ਤੋਂ ਪੈਦਾ ਕੀਤੀ ਸੀ। ਗ੍ਰਾਂਟ ਦੇ ਨਾਵਲ ਵਿਚ ਇੱਕ ਬਰਤਾਨਵੀ ਅਫ਼ਸਰ ਕਹਿੰਦਾ ਹੈ, “ਅਰਬਾਂ ਨਾਲ ਸੰਪਰਕ ਕਰਨ ਦੀ ਦਿੱਕਤ ਇਹ ਹੈ ਕਿ ਉਨ੍ਹਾਂ ਕੋਲ ਹਮੇਸ਼ਾ ਲੀਡਰਸ਼ਿਪ ਅਤੇ ਸੰਗਠਨ ਦੀ ਘਾਟ ਰਹੀ ਹੈ ਜਿਸ ਦਾ ਯਹੂਦੀ ਹਮੇਸ਼ਾ ਫ਼ਾਇਦਾ ਚੁੱਕਦੇ ਆਏ ਹਨ। ਮੁੱਕਦੀ ਗੱਲ ਇਹ ਹੈ ਕਿ ਇਹ ਜ਼ਮੀਨ ਅਰਬਾਂ ਦੀ ਹੈ ਪਰ ਹੁਣ ਇਸ ਉਪਰ ਯਹੂਦੀਆਂ ਦਾ ਕਬਜ਼ਾ ਹੈ। ਉਂਝ, ਇੱਥੇ ਯੂਰਪੀਆਂ ਦੀ ਮੌਜੂਦਗੀ ਨਾਲ ਸਾਡੇ ਕੌਮੀ ਹਿੱਤਾਂ ਦੀ ਪੂਰਤੀ ਹੋ ਸਕੇਗੀ।”
ਸੰਨ 1917 ਦੇ ਬੈਲਫੋਰ ਐਲਾਨਨਾਮੇ ਜ਼ਰੀਏ ਯਹੂਦੀਆਂ ਦਾ ਆਪਣਾ ਦੇਸ਼ ਕਾਇਮ ਕਰਨ ਦਾ ਵਾਅਦਾ ਕਰ ਕੇ ਅੰਗਰੇਜ਼ਾਂ ਨੇ ਇਜ਼ਰਾਈਲ ਦੇ ਗਠਨ ਲਈ ਪਹਿਲਾ ਵੱਡਾ ਹੁਲਾਰਾ ਦਿੱਤਾ ਸੀ। ਯਹੂਦੀਆਂ ਦੇ ਦਮਨ ਅਤੇ ਫਿਰ ਕਤਲੇਆਮ ਰਾਹੀਂ ਜਰਮਨਾਂ ਨੇ ਇਸ ਨੂੰ ਦੂਜਾ ਹੁਲਾਰਾ ਦਿੱਤਾ ਸੀ। ਇਜ਼ਰਾਈਲ ਦੇ ਗਠਨ ਅਤੇ ਖ਼ਾਸਕਰ 1967 ਦੀ ਜੰਗ ਤੋਂ ਬਾਅਦ ਇਸ (ਇਜ਼ਰਾਈਲ) ਵੱਲੋਂ ਫਲਸਤੀਨੀਆਂ ਦੇ ਹੱਕਾਂ ਦੇ ਨਿਰੰਤਰ ਹਨਨ ਨੂੰ ਅਮਰੀਕਾ ਨੇ ਹੱਲਾਸ਼ੇਰੀ ਦਿੱਤੀ। ਇਜ਼ਰਾਇਲੀ ਸਟੇਟ ਨੂੰ ਹਥਿਆਰ ਤੇ ਵਿੱਤੀ ਸਾਧਨ ਮੁਹੱਈਆ ਕਰਵਾ ਕੇ, ਯਹੂਦੀ ਬਸਤੀਆਂ ਦੇ ਵਿਸਤਾਰ ਨੂੰ ਨਜ਼ਰਅੰਦਾਜ਼ ਅਤੇ ਸੰਯੁਕਤ ਰਾਸ਼ਟਰ ਵਿਚ ਅਮਨ ਦੀਆਂ ਤਜਵੀਜ਼ਾਂ ਨੂੰ ਵੀਟੋ ਕਰ ਕੇ ਇਸ ਨੂੰ ਮਜ਼ਬੂਤ ਕੀਤਾ ਜਾਂਦਾ ਰਿਹਾ ਹੈ। ਫਲਸਤੀਨ ਵਿਚ ਲੰਮੇ ਅਰਸੇ ਤੋਂ ਚਲੇ ਆ ਰਹੇ ਅਤੇ ਜ਼ਾਹਰਾ ਤੌਰ `ਤੇ ਹੱਲ ਨਾ ਹੋਣ ਸਕਣ ਵਾਲੇ ਇਸ ਟਕਰਾਅ ਲਈ ਯਹੂਦੀਆਂ ਅਤੇ ਅਰਬਾਂ ਨਾਲੋਂ ਬਰਤਾਨੀਆ ਤੇ ਜਰਮਨੀ, ਖ਼ਾਸਕਰ ਅਮਰੀਕਾ ਜ਼ਿਆਦਾ ਕਸੂਰਵਾਰ ਹਨ।