ਹੰਸਲ ਮਹਿਤਾ ਦੇ ‘ਲੁਟੇਰੇ’

ਆਮਨਾ ਕੌਰ
ਉਘੇ ਫਿਲਮਸਾਜ਼ ਹੰਸਲ ਮਹਿਤਾ ਨੇ ਆਪਣੀ ਨਵੀਂ ਸੀਰੀਜ਼ ‘ਲੁਟੇਰੇ’ ਦਾ ਟ੍ਰੇਲਰ ਜਾਰੀ ਕਰ ਦਿੱਤਾ ਹੈ। ਇਸ ਸੀਰੀਜ਼ ਵਿਚ ਰਜਤ ਕਪੂਰ, ਵਿਵੇਕ ਗੋਂਬਰ, ਅੰਮ੍ਰਿਤਾ ਖਾਨਵਿਲਕਰ ਅਤੇ ਆਮਿਰ ਅਲੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਸ ਸੀਰੀਜ਼ ਵਿਚ ਰਜਤ ਕਪੂਰ ਸਮੁੰਦਰੀ ਜਹਾਜ਼ ਦਾ ਕੈਪਟਨ ਹੈ। ਸੀਰੀਜ਼ ਵਿਚ ਮਸੁੰਦਰੀ ਲੁਟੇਰਿਆਂ ਦੀ ਅਜਿਹੀ ਕਹਾਣੀ ਬੁਣੀ ਗਈ ਹੈ ਜੋ ਦਰਸ਼ਕਾਂ ਨੂੰ ਬੰਨ੍ਹ ਕੇ ਬਿਠਾ ਲੈਂਦੀ ਹੈ।

ਹੰਸਲ ਮਹਿਤਾ ਇਸ ਤੋਂ ਪਹਿਲਾਂ ‘ਸਕੈਮ 1992’, ‘ਸਕੂਪ’, ‘ਮੌਡਰਨ ਲਵ: ਮੁੰਬਈ’ ਵਰਗੀਆਂ ਸੀਰੀਜ਼ ਬਣਾ ਚੁੱਕਾ ਹੈ। ਉਹਨੇ ਆਪਣੇ ਕਰੀਅਰ ਦੀ ਸ਼ੁਰੂਆਤ ਖਾਣਿਆਂ ਬਾਰੇ ਟੈਲੀਵਿਜ਼ਨ ਸ਼ੋਅ ‘ਖਾਨਾ ਖਜ਼ਾਨਾ’ ਨਾਲ ਕੀਤੀ ਸੀ। ਇਹ ਸ਼ੋਅ 1993 ਤੋਂ 2000 ਤੱਕ ਚੱਲਿਆ ਸੀ। ਇਸ ਤੋਂ ਬਆਦ ਉਸ ਨੇ ਫਿਲਮਾਂ ‘ਦਿਲ ਪੇ ਮਤ ਲੇ ਯਾਰ!!’ (2000), ‘ਯੇ ਕਯਾ ਹੋ ਰਹਾ ਹੈ?’ (2002) ਅਤੇ ‘ਵੁੱਡਸਟਾਕ ਵਿਲਾ’ (2008) ਬਣਾਈਆਂ। 2013 ਵਿਚ ਉਸ ਦੀ ਫਿਲਮ ‘ਸ਼ਾਹਿਦ’ ਆਈ ਤਾਂ ਸਭ ਦਾ ਧਿਆਨ ਹੰਸਲ ਮਹਿਤਾ ਵੱਲ ਗਿਆ। ਇਸ ਫਿਲਮ ਲਈ ਉਸ ਨੂੰ ਸਰਵੋਤਮ ਨਿਰਦੇਸ਼ਕ ਦਾ ਕੌਮੀ ਇਨਾਮ ਵੀ ਮਿਲਿਆ। ਇਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ। ਉਸ ਨੇ ਫਿਲਮ ਜਗਤ ਨੂੰ ਬਹੁਤ ਹੀ ਅਹਿਮ ਫਿਲਮਾਂ ਦਿੱਤੀਆਂ ਜਿਨ੍ਹਾਂ ਵਿਚ ‘ਸਿਟੀਲਾਈਟਸ’, ‘ਅਲੀਗੜ੍ਹ’, ‘ਸਿਮਰਨ’, ‘ਛਲਾਂਗ’, ‘ਫਰਾਜ਼’ ਆਦਿ ਸ਼ਮਿਲ ਹਨ। ਹੰਸਲ ਮਹਿਤਾ ਦਾ ਜਨਮ 29 ਅਪਰੈਲ 1968 ਨੂੰ ਹੋਇਆ। ਉਦੋਂ ਉਸ ਦਾ ਗੁਜਰਾਤੀ ਪਰਿਵਾਰ ਮੁੰਬਈ ਰਹਿੰਦਾ ਸੀ। ਆਪਣੀ ਮੌਲਦੀ ਉਮਰ ਵੇਲੇ ਉਹਨੇ ਕਲਾਸੀਕਲ ਸੰਗੀਤ ਦੀ ਸਿਖਲਾਈ ਲਈ। ਉਂਝ, ਉਸ ਨੇ ਪੜ੍ਹਾਈ ਕੰਪਿਊਟਰ ਇੰਜਨੀਅਰਿੰਗ ਦੀ ਕੀਤੀ। ਫਿਰ ਉਹ ਫਿਜੀ ਚਲਾ ਗਿਆ ਪਰ ਫਿਲਮੀ ਦੁਨੀਆ ਵਿਚ ਆਪਣਾ ਕਰੀਅਰ ਬਣਾਉਣ ਲਈ ਭਾਰਤ ਮੁੜ ਆਇਆ। ਉਸ ਨੇ 1993 ਵਿਚ ‘ਖਾਨਾ ਖਜ਼ਾਨਾ’ ਦੇ ਨਾਲ-ਨਾਲ ‘ਅੰਮ੍ਰਿਤਾ’ (1994), ‘ਹਾਈਵੇਅ’ (1995), ‘ਯਾਦੇਂ’ (1995), ‘ਲਕਸ਼ੈ’ (1998), ‘ਨੀਤੀ’ (1998) ਅਤੇ ਕਈ ਹੋਰ ਟੈਲੀਵਿਜ਼ਨ ਸੀਰੀਜ਼ ਕੀਤੀਆਂ। ਬਤੌਰ ਫਿਲਮ ਡਾਇਰੈਕਟਰ ਉਸ ਨੇ ਫਿਲਮ ‘ਜਯਤੇ’ ਫਿਲਮ ਬਣਾਈ ਜੋ ਹੈਦਰਾਬਾਦ ਵਿਚ ਭਾਰਤ ਦੇ ਕੌਮਾਂਤਰੀ ਫਿਲਮ ਮੇਲੇ ਵਿਚ ਦਿਖਾਈ ਗਈ।