ਸਿੱਖਾਂ ਦੀ ਆਰਥਕ ਤੇ ਰਾਜਸੀ ਉਨਤੀ ਲਈ ਕੀ ਪਰੋਗਰਾਮ ਹੋਣਾ ਚਾਹੀਦਾ ਹੈ

ਹੀਰਾ ਸਿੰਘ ਦਰਦ
ਉਘੇ ਲਿਖਾਰੀ ਹੀਰਾ ਸਿੰਘ ਦਰਦ (12 ਫਰਵਰੀ 1887-22 ਜੂਨ 1965) ਦਾ ਇਹ ਲੇਖ ‘ਸਿੱਖਾਂ ਦੀ ਆਰਥਕ ਤੇ ਰਾਜਸੀ ਉਨਤੀ ਲਈ ਕੀ ਪਰੋਗਰਾਮ ਹੋਣਾ ਚਾਹੀਦਾ ਹੈ’ ਉਨ੍ਹਾਂ ਦੀ ਕਿਤਾਬ ‘ਪੰਥ ਧਰਮ ਤੇ ਰਾਜਨੀਤੀ’ ਵਿਚੋਂ ਲਿਆ ਗਿਆ ਹੈ। ਇਹ ਕਿਤਾਬ 1949 ਵਿਚ ਛਪੀ ਸੀ। ਇਸ ਵਿਚ ਦਰਜ ਵਿਚਾਰ ਅੱਜ ਵੀ ਓਨੇ ਹੀ ਸਾਰਥਕ ਹਨ। ਐਨੇ ਦਹਾਕਿਆਂ ਦੀ ਸਿਆਸਤ ਨੂੰ ਸਮਝਣ-ਸਮਝਾਉਣ ਦੇ ਨੁਕਤੇ ਤੋਂ ਇਹ ਲੇਖ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਸ਼ਬਦ-ਜੋੜ ਉਵੇਂ ਹੀ ਰੱਖੇ ਗਏ ਹਨ ਜਿਵੇਂ ਅਸਲ ਲਿਖਤ ਵਿਚ ਸਨ।

ਸੰਸਾਰ ਦੇ ਵੱਖ-ਵੱਖ ਮੁਲਕਾਂ ਵਿਚ ਮਨੁੱਖੀ ਸਮਾਜ ਅੰਦਰ ਘੋਲ ਚਲ ਰਹੇ ਹਨ ਅਤੇ ਤਜਰਬੇ ਹੋ ਰਹੇ ਹਨ ਕਿ ਸਮਾਜਕ ਦੁੱਖਾਂ ਕਲੇਸਾਂ ਦੇ ਕਾਰਨਾਂ ਨੂੰ ਕਿਸ ਤਰ੍ਹਾਂ ਖ਼ਤਮ ਕੀਤਾ ਜਾਵੇ ਤੇ ਕਿਸ ਤਰ੍ਹਾਂ ਅਜਿਹਾ ਸਮਾਜਕ ਨਜ਼ਾਮ ਸਥਾਪਤ ਕੀਤਾ ਜਾਵੇ ਜਿਸ ਵਿਚ ਮਨੁੱਖ ਸਭ ਆਰਥਕ ਤੰਗੀਆਂ ਤੋਂ ਛੁਟਕਾਰਾ ਪਾ ਲਵੇ ਅਤੇ ਮਨੁੱਖੀ ਆਤਮਾ ਤੇ ਮਨੁੱਖਤਾ ਨੂੰ ਵਿਕਾਸ ਕਰਨ, ਵਧਣ ਫੁੱਲਣ ਤੇ ਖੁਸ਼ੀਆਂ ਮਾਣਨ ਦੀ ਪੂਰੀ ਸੁਤੰਤਰਤਾ ਪ੍ਰਾਪਤ ਹੋ ਜਾਵੇ।
ਜਿਸ ਤਰ੍ਹਾਂ ਸਰੀਰਕ ਰੋਗਾਂ ਦੇ ਕਾਰਨ ਤੇ ਇਲਾਜ ਲੱਭਣ ਲਈ ਸਾਇੰਸੀ ਤਜਰਬੇ ਹੋਏ ਹਨ, ਇਨ੍ਹਾਂ ਤਜਰਬਿਆਂ ਨੂੰ ਸਾਰੇ ਸੰਸਾਰ ਵਿਚ ਵਰਤੋਂ ਵਿਚ ਲਿਆਂਦੇ ਜਾਂਦੇ ਹਨ, ਇਸੇ ਤਰ੍ਹਾਂ ਮਨੁੱਖੀ ਸਮਾਜ ਵਿਚ ਪੈਦਾ ਹੋਈ ਗੁਲਾਮੀ ਤੇ ਇਸ ਤੋਂ ਪੈਦਾ ਹੋਏ ਕੋਹੜ ਭੁੱਖ, ਨੰਗ, ਲੁੱਟਾਂ, ਧਾੜੇ, ਕਾਲ ਤੇ ਯੁੱਧਾਂ ਜੰਗਾਂ ਆਦਿ ਦੇ ਅਸਲੀ ਕਾਰਨ ਤੇ ਸਹੀ ਇਲਾਜ ਵੀ ਖੋਜੇ ਤੇ ਲੱਭੇ ਗਏ ਹਨ।
ਇਹ ਤਜਰਬੇ ਸਾਡੇ ਦੇਸ਼ ਵਿਚ ਵੀ ਤੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਵੀ ਹੋਏ ਹਨ। ਰੂਸ ਵਿਚ ਵੀ ਹੋਏ ਹਨ। ਸਾਡੇ ਗੁਆਂਢੀ ਦੇਸ਼ ਚੀਨ ਵਿਚ ਪਹਿਲਾਂ ਪ੍ਰਸਿੱਧ ਦੇਸ਼ ਭਗਤ ਨੇਤਾ ਸਨਯਾਤ ਸੈਨ ਦੀ ਅਗਵਾਈ ਵਿਚ ਅਤੇ ਫਿਰ ਕਾਮਰੇਡ ਮਾਓ ਜ਼ੇ ਤੁੰਗ ਦੀ ਅਗਵਾਈ ਵਿਚ 40 ਤੇ 28 ਸਾਲ ਜਨਤਕ ਆਜ਼ਾਦੀ ਦੇ ਘੋਲ ਤੇ ਤਜਰਬੇ ਹੋਏ। ਚੀਨ ਵਿਚ ਜਨਤਕ ਜਿੱਤ ਨੂੰ ਪੂਰਨਤਾ ਤਕ ਪਹੁੰਚਾਉਂਦੇ ਹੋਏ ਮਾਓ ਜ਼ੇ ਤੁੰਗ ਨੇ ਪੀਕਿੰਗ ਵਿਚ ਹੁਣ ਜਨਤਕ ਲੋਕ ਰਾਜ ਦੀ ਰਾਜਧਾਨੀ ਬਣਾ ਲਈ ਹੈ ਤੇ ਇਨ੍ਹਾਂ ਤਜਰਬਿਆਂ ਦਾ ਨਿਚੋੜ ਦੱਸਦਿਆਂ ਹੋਇਆ 9 ਜੁਲਾਈ 1949 ਈ: ਨੂੰ ਉਸ ਨੇ ਲਿਖਿਆ ਹੈ ਕਿ ‘ਚੀਨ ਦੇ ਆਜ਼ਾਦੀ ਦੇ ਘੋਲ ਵਿਚ ਸਾਡਾ 40 ਤੇ 28 ਸਾਲ ਦਾ ਤਜਰਬਾ ਦੱਸਦਾ ਹੈ ਕਿ ਬਿਨਾਂ ਛੋਟ ਦੇ ਚੀਨੀ ਲੋਕਾਂ ਨੂੰ ਜਾਂ ਤਾਂ ਸੋਸ਼ਲਿਜ਼ਮ ਦਾ ਰਾਹ ਫੜਨਾ ਚਾਹੀਦਾ ਜਾਂ ਸਾਮਰਾਜ ਦਾ, ਤੀਜਾ ਕੋਈ ਰਾਹ ਨਹੀਂ, ਵਿਚਾਲੇ ਖੜ੍ਹੇ ਹੋਣਾ ਅਸੰਭਵ ਹੈ। ਅਸੀਂ ਚਿਆਂਗ ਕਾਈ ਸ਼ੇਕ ਦੀ ਪਿਛਾਂਹਖਿੱਚੂ ਜੁੰਡਲੀ ਦੇ ਵਿਰੁੱਧ ਲੜ ਰਹੇ ਹਾਂ ਜਿਹੜੀ ਸਾਮਰਾਜ ਦੇ ਪੱਖ ਵਿਚ ਹੈ ਅਤੇ ਅਸੀਂ ਤੀਜੇ ਰਾਹ ਦੇ ਭੁਲੇਖਿਆਂ ਦੇ ਵੀ ਇਤਨੇ ਵਿਰੁੱਧ ਹਾਂ ਜਿਤਨੇ ਕਿ ਸਾਮਰਾਜ ਦੇ ਸਿਰਫ ਚੀਨ ਹੀ ਨਹੀਂ ਸਗੋਂ ਬਿਨਾਂ ਛੋਟ ਦੇ ਸਾਰੇ ਸੰਸਾਰ ਭਰ ਦੇ ਕੁਲ ਹਿੱਸਿਆਂ ਵਿਚ ਹਰ ਕਿਸੇ ਨੂੰ ਜਾਂ ਤਾਂ ਸਾਮਰਾਜ ਦੇ ਪੱਖ ਵਿਚ ਹੋਣਾ ਚਾਹੀਦਾ ਹੈ ਜਾਂ ਸੋਸ਼ਲਿਜ਼ਮ (ਸਮਾਜਵਾਦ) ਦੇ ਪੱਖ ਵਿਚ। ਨਿਰਪੱਖਤਾ ਨਿਰਾ ਫਰੇਬ ਤੇ ਧੋਖਾ ਹੈ। ਤੀਜਾ ਕੋਈ ਰਾਹ ਨਹੀਂ।’
ਸਾਡੇ ਦੇਸ਼ ਵਿਚ ਕਾਂਗਰਸ ਨੇ 62 ਸਾਲ ਆਜ਼ਾਦੀ ਦਾ ਘੋਲ ਲੜਿਆ, ਹਿੰਦੂ ਮਹਾਂ ਸਭਾ, ਮੁਸਲਿਮ ਲੀਗ ਤੇ ਸ਼ਰੋਮਣੀ ਅਕਾਲੀ ਦਲ ਨੇ ਵੀ ਫਿਰਕੂ ਲੀਹਾਂ ਉਪਰ ਵਰਿ੍ਹਆਂ ਬਧੀ ਘੋਲ ਕੀਤੇ, ਮੋਰਚੇ ਲਾਏ ਤੇ 1920 ਤੋਂ ਮੈਂ ਵੀ ਵੱਖ-ਵੱਖ ਘੋਲਾਂ ਤੇ ਮੋਰਚਿਆਂ ਵਿਚ ਹਿੱਸਾ ਲੈ ਰਿਹਾ ਹਾਂ। ਨਤੀਜੇ ਸਾਡੇ ਸਾਹਮਣੇ ਹਨ। ਕਾਂਗਰਸ ਦਾ ਰਾਮ ਰਾਜ, ਮੁਸਲਿਮ ਲੀਗ ਦਾ ਪਾਕਿਸਤਾਨ, ਰਾਸ਼ਟਰੀ ਸੰਘ ਦਾ ਹਿੰਦੀ, ਹਿੰਦੂ, ਹਿੰਦੁਸਤਾਨ ਤੇ ਸ਼ਰੋਮਣੀ ਅਕਾਲੀ ਦਲ ਦਾ ਖਾਲਿਸਤਾਨ। ਫਿਰਕੂ ਘੱਲੂਘਾਰੇ, ਲਹੂ ਤੇ ਲੋਥਾਂ, ਭੁੱਖ ਨੰਗ, ਚੋਰ ਮੰਡੀਆਂ ਇਖਲਾਕ ਅਸਮਤਾਂ ਤੇ ਈਮਾਨਾਂ ਦੀਆਂ ਵਿਕਰੀਆਂ, ਕਾਲਾਂ ਦੀ ਭਰਮਾਰ ਤੇ ਕਾਲਾ ਸ਼ਾਹ ਭਵਿਖ ਤੇ ਮਾਯੂਸੀ। ਸੁ ਅੱਖੀਂ ਡਿੱਠੇ ਤੇ ਹੱਡ ਬੀਤੇ ਸਾਰੇ ਤਜਰਬਿਆਂ ਦਾ ਮੇਰਾ ਨਿਚੋੜ ਵੀ ਈਹੋ ਹੈ ਜਿਹੜਾ ਮਾਓ ਜ਼ੇ ਤੁੰਗ ਦਾ ਹੈ।
ਰਾਹ ਕੇਵਲ ਦੋ ਹੀ ਹਨ, ਤੀਜਾ ਕੋਈ ਰਾਹ ਨਹੀਂ। ਸਾਰੇ ਮੁਲਕਾਂ ਦੇ ਲੋਕਾਂ ਵਾਸਤੇ, ਸਾਰੀਆਂ ਕੌਮਾਂ ਸਾਰੇ ਮਜ਼ਹਬਾਂ ਤੇ ਸਾਰੇ ਪੱਖਾਂ ਵਾਸਤੇ ਇਕ ਰਸਤਾ ਹੈ ਸੋਸ਼ਲਿਜ਼ਮ (ਸਮਾਜਵਾਦ) ਦਾ, ਮਨੁੱਖੀ ਗੁਲਾਮੀ, ਧੱਕੇ ਤੇ ਜਬਰ, ਲੁੱਟ ਖਸੁੱਟ ਤੇ ਜੁੱਧ ਜੰਗ ਸੱਦਾ ਲਈ ਖ਼ਤਮ ਕਰ ਕੇ ਮਨੁੱਖੀ ਬਰਾਬਰੀ ਤੇ ਭਰਾਤਰੀ ਭਾਵ ਦੀਆਂ ਨੀਹਾਂ ਉਪਰ ਅਮਨ, ਉਨਤੀ, ਅਤੇ ਸਭ ਕੌਮਾਂ ਲਈ ਬਰਾਬਰੀ, ਆਜ਼ਾਦੀ ਤੇ ਖੁਸ਼ਹਾਲੀ ਭਰਿਆ ਭਵਿਖ ਬਣਾਉਣ ਦਾ ਅਤੇ ਦੂਜਾ ਰਸਤਾ ਹੈ ਸਾਮਰਾਜ ਦਾ ਲੁੱਟ ਖਸੁੱਟ, ਭੁੱਖ ਨੰਗ, ਬੀਮਾਰੀਆਂ, ਕਾਲਾਂ, ਜੁੱਧਾਂ ਜੰਗਾਂ ਤੇ ਤਬਾਹੀਆਂ ਦਾ। ਸਾਰੇ ਸੰਸਾਰ ਵਿਚ ਇਨ੍ਹਾਂ ਦੋ ਹੀ ਰਸਤਿਆਂ ਉਪਰ ਚਲਣ ਦੀ ਕਤਾਰਬੰਦੀ ਬਣ ਰਹੀ ਹੈ। ਇਨ੍ਹਾਂ ਦੋਹਾਂ ਰਾਹਾਂ ਵਿਚੋਂ ਸਾਨੂੰ ਇਕ ਰਸਤਾ ਚੁਣਨਾ ਪਏਗਾ, ਹੋਰ ਕੋਈ ਤੀਜਾ ਪੰਥਕ ਰਸਤਾ ਨਹੀਂ ਹੈ।
ਪੰਥ ਦੇ ਇਕ ਹਿੱਸੇ ਨੇ ਸਰਦਾਰ ਬਲਦੇਵ ਸਿੰਘ ਤੇ ਰਾਜ-ਪਰਮੁਖ ਮਹਾਰਾਜਾ ਸਾਹਿਬ ਪਟਿਆਲਾ ਦੇ ਧੜਿਆਂ ਅਰਥਾਤ ਭਾਗੋ ਪੰਥੀਆਂ ਨੇ ਆਪਣਾ ਰਸਤਾ ਚੁਣ ਲਿਆ ਹੈ ਅਤੇ ਉਹ ਉਸ ਉਪਰ ਸਰਗਰਮੀ ਨਾਲ ਚਲ ਰਹੇ ਹਨ। ਉਹ ਰਸਤਾ ਹੈ ਹਿੰਦੀ ਬੁਰਜ਼ਵਾਜੀ ਤੇ ਪਿਛਾਂਹ ਖਿੱਚੂ ਤਾਕਤਾਂ ਦੇ ਗਰੁੱਪ ਦਾ, ਸਾਮਰਾਜ ਨਾਲ ਸਮਝੌਤੇ ਦਾ, ਮਿਹਨਤੀ ਹਿੰਦੀ ਜਨਤਾ ਦੀ ਲੁੱਟ ਖਸੁੱਟ ਕਰਨ ਤੇ ਇਸਨੂੰ ਭੁੱਖ, ਨੰਗ, ਕਾਲ ਤੇ ਯੁੱਧਾਂ ਵਿਚ ਠੇਲ੍ਹਣ ਦਾ। ਪੰਥ ਦੀ ਮਿਹਨਤੀ ਕਿਰਤੀ ਤੇ ਕਿਸਾਨ ਜਨਤਾ ਵਿਚੋਂ ਭੀ ਜਿਨ੍ਹਾਂ ਦੀਆਂ ਅੱਖਾਂ ਖੁੱਲ੍ਹ ਚੁੱਕੀਆਂ ਹਨ, ਉਨ੍ਹਾਂ ਨੇ ਆਪਣਾ ਰਸਤਾ ਚੁਣ ਲਿਆ ਹੈ। ਉਹ ਆਪਣੀਆਂ ਜਮਾਤੀ ਜਥੇਬੰਦੀਆਂ ਕਿਸਾਨ ਸਭਾਵਾਂ ਤੇ ਮਜ਼ਦੂਰ ਜਮਾਤ ਦੀ ਅਜ਼ਮਾਈ ਪਰਖੀ ਹੋਈ ਅਗਵਾਈ ਹੇਠਾਂ ਸਮਾਜਵਾਦਕ ਪਰੋਗਰਾਮ ਨੂੰ ਪੂਰਨ ਕਰਨ ਲਈ ਮੈਦਾਨ ਵਿਚ ਅੱਗੇ ਵਧ ਰਹੇ ਹਨ। ਜਿੱਤ ਤੇ ਸ਼ਾਨਦਾਰ ਭਵਿਖ ਉਨ੍ਹਾਂ ਦੇ ਸਾਹਮਣੇ ਹੈ।
ਜਿਹੜੇ ਅਜੇ ਡਾਵਾਂਡੋਲ ਹਨ, ਭੁਲੇਖਿਆਂ ਵਿਚ ਪਏ ਹਨ, ਜਿਨ੍ਹਾਂ ਨੂੰ ਪੰਥਕ ਜਾਂ ਕਾਂਗਰਸੀ ਅਗਵਾਈ ਵਲ ਅਜੇ ਝਾਕਾਂ ਲੱਗੀਆਂ ਹਨ, ਉਨ੍ਹਾਂ ਨੂੰ ਹੁਣ ਦੋ ਟੁਕ ਫੈਸਲਾ ਕਰਨਾ ਪਏਗਾ। ਅੱਧ ਵਿਚਾਲੇ ਰਹਿਣ ਦਾ ਕੁਝ ਲਾਭ ਨਹੀਂ ਹੋਵੇਗਾ।
ਇਹ ਆਸ ਉੱਕੀ ਨਹੀਂ ਰੱਖਣੀ ਚਾਹੀਦੀ ਕਿ ਸਮੁੱਚਾ ਪੰਥ ਇਕੋ ਪਾਸੇ ਚਲੇਗਾ। ਨਾ ਹੀ ਪੰਥ ਦੇ ਨਾਂ ਉਪਰ ਸੁਲਾਹ ਤੇ ਏਕਤਾ ਕਾਨਫੰਰਸਾਂ ਕਰਨ ਤੇ ਕਾਨਵੈਨਸ਼ਨਾਂ ਬੁਲਾਉਣ ਦਾ ਕੁਝ ਫਾਇਦਾ ਹੈ। ਪੰਥ ਵਿਚ ਸਾਫ ਦੋ ਜਮਾਤਾਂ ਹਨ। ਉਨ੍ਹਾਂ ਦੇ ਲਾਭ ਤੇ ਰਸਤੇ ਵੱਖੋ-ਵੱਖਰੇ ਹਨ। ਵੱਖ-ਵੱਖ ਮੁਲਕਾਂ ਵਿਚ ਤੇ ਸਾਡੇ ਆਪਣੇ ਮੁਲਕ ਦੇ ਸਮਾਜਕ ਘੋਲਾਂ ਦੇ ਇਤਿਹਾਸ ਨੇ ਵੀ ਦੋ-ਟੁਕ ਫੈਸਲੇ ਕਰਕੇ ਸਿੱਧੇ ਸਾਫ ਦੋ ਰਸਤੇ ਸਾਡੇ ਸਾਹਮਣੇ ਰੱਖ ਦਿੱਤੇ ਹਨ। ਮੈਨੂੰ ਭਰੋਸਾ ਹੈ ਕਿ ਸਿੱਖ ਮਿਹਨਤੀ ਜਨਤਾ ਅੰਦਰ ਇਨਕਲਾਬੀ ਰੂਹ ਉਛਾਲੇ ਮਾਰ ਰਹੀ ਹੈ ਅਤੇ ਉਹ ਜ਼ਰੂਰ ਹੁਣ ਸਮਾਜਵਾਦ ਦੇ ਸਹੀ ਰਾਹ ਉਪਰ ਚਲ ਕੇ ਆਪਣਾ ਸ਼ਾਨਦਾਰ ਤੇ ਖੁਸ਼ਹਾਲ ਭਵਿਖਤ ਬਣਾਏਗੀ।
ਸਿੱਖ ਜਨਤਾ ਦੇ ਦੁੱਖੀ ਦਿਲਾਂ ਤੇ ਤੜਫਦੇ ਜਜ਼ਬਾਤਾਂ ਨੂੰ ਮੈਂ ਪੂਰੀ ਤਰ੍ਹਾਂ ਅਨੁਭਵ ਕਰਦਾ ਹਾਂ। ਉਸਨੂੰ ਬੜੀਆਂ ਚੋਟਾਂ ਲੱਗੀਆਂ ਤੇ ਉਸਦੀਆਂ ਆਸਾਂ ਦੀਆਂ ਕਿਆਰੀਆਂ ਉੱਜੜੀਆਂ ਹਨ। ਸਿੱਖ ਜਨਤਾ ਚਾਹੁੰਦੀ ਹੈ, ਉਸ ਨੂੰ ਧਾਰਮਕ ਆਜ਼ਾਦੀ ਮਿਲੇ। ਉਸਦੇ ਧਾਰਮਕ ਉਨਤੀ ਦੇ ਰਾਹ ਵਿਚ ਕੋਈ ਰੋਕ ਨਾ ਪਵੇ। ਪੰਜਾਬੀ ਬੋਲੀ ਉਸ ਦੀ ਜਿੰਦ ਜਾਨ ਹੈ, ਪੰਜਾਬੀ ਬੋਲੀ ਵਿਚ ਉਸ ਦਾ ਧਰਮ ਹੈ, ਕਲਚਰ ਹੈ, ਇਤਿਹਾਸ ਹੈ, ਸਭਿਅਤਾ ਹੈ। ਉਹ ਪੰਜਾਬ ਵਿਚ ਪੰਜਾਬੀ ਬੋਲੀ, ਕਲਚਰ ਤੇ ਸਭਿਅਤਾ ਨੂੰ ਵਧਣ ਫੁੱਲਣ ਲਈ ਪੂਰੀ ਆਜ਼ਾਦੀ ਚਾਹੁੰਦੀ ਹੈ। ਪੰਜਾਬੀ ਯੂਨੀਵਰਸਿਟੀ ਬਣੇ, ਪੰਜਾਬੀ ਅਦਾਲਤੀ ਬੋਲੀ ਹੋਵੇ, ਪੰਜਾਬੀ ਹੀ ਸਿੱਖਿਆ ਦਾ ਸਾਧਨ ਬਣੇ ਅਤੇ ਇਸਦੇ ਨਾਲ ਹੀ ਉਹ ਆਰਥਕ ਖੁਸ਼ਹਾਲੀ ਚਾਹੁੰਦੀ ਹੈ। ਹਰ ਇਕ ਸਿੱਖ ਕਿਸਾਨ ਨੂੰ ਵਾਹੀ ਕਰਨ ਜੋਗੀ ਜ਼ਮੀਨ ਮਿਲੇ, ਹਰ ਮਿਹਨਤੀ ਤੇ ਦਸਤਕਾਰ ਨੂੰ ਕੰਮ ਮਿਲੇ, ਕੋਈ ਵਿਹਲਾ ਨਾ ਰਹੇ, ਕੋਈ ਭੁੱਖਾ ਨਾ ਰਹੇ । ਬਿਰਧਾਂ ਦੀ ਪੈਨਸ਼ਨ ਲੱਗੇ, ਤਾਲੀਮ ਤੇ ਹੁਨਰ ਸਿਖਲਾਈ ਦੇ ਸਭ ਨੂੰ ਇਕੋ ਜਿਹੋ ਮੌਕੇ ਮਿਲਣ, ਸਹੂਲਤਾਂ ਮਿਲਣ। ਆਰਥਕ ਖੁਸ਼ਹਾਲੀ ਤੇ ਪ੍ਰਸੰਨਤਾ ਪ੍ਰਾਪਤ ਕਰਨ ਲਈ ਸਿੱਖ ਜਨਤਾ ਵਿਆਕੁਲ ਹੋ ਰਹੀ ਹੈ। ਇਸੇ ਲਈ ਪੰਜਾਬੀ ਬੋਲਦਾ ਪ੍ਰਾਂਤ ਉਸਦੀ ਮੰਗ ਬਣ ਗਈ ਹੈ।
ਉਸਦੀਆਂ ਇਹ ਖਾਹਸ਼ਾਂ ਤੇ ਉਮੰਗਾਂ ਵਰਤਮਾਨ ਬੁਰਜ਼ਵਾ ਸੰਗ ਜਗੀਰਦਾਰ ਜੁੱਟ ਦੀ ਹਕੂਮਤ ਵਿਚ ਪੂਰੀਆਂ ਨਹੀਂ ਹੋ ਸਕਦੀਆਂ। ਇਨ੍ਹਾਂ ਮੰਗਾਂ ਦੀ ਉੱਤੋਂ ਉੱਤੋਂ ਹਮਾਇਤ ਕਰਨ ਵਾਲੀ ਅਕਾਲੀ ਲੀਡਰਸ਼ਿਪ ਪੂਰੀਆਂ ਨਹੀਂ ਕਰਾ ਸਕਦੀ ਕਿਉਂਕਿ ਉਹ ਕਾਂਗਰਸੀ ਹਕੂਮਤ ਨਾਲ ਘਿਉ ਖਿੱਚੜੀ ਹੋ ਚੁੱਕੀ ਹੈ। ਇਹ ਮੰਗਾਂ ਜਨਤਕ ਤੇ ਸਹੀ ਜਮਹੂਰੀ ਨਜ਼ਾਮ ਦਾ ਜ਼ਰੂਰੀ ਹਿੱਸਾ ਹਨ। ਇਹ ਤਾਂ ਹੀ ਪੂਰੀਆਂ ਹੋਣਗੀਆਂ ਜੇ ਜਨਤਕ ਏਕਤਾ ਤੇ ਜੱਥੇਬੰਦੀ ਨਾਲ ਘੋਲ ਕਰਕੇ ਇਥੇ ਨਵਾਂ ਸਮਾਜਵਾਦਕ ਨਜ਼ਾਮ ਸਥਾਪਤ ਕੀਤਾ ਜਾਏਗਾ। ਇਸ ਵਾਸਤੇ ਮੈਂ ਵਿਸ਼ਵਾਸ ਨਾਲ ਸਿੱਖ ਜਨਤਾ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਯਕੀਨੀ ਤੌਰ ‘ਤੇ ਉਸ ਦਾ ਭਲਾ ਸਮਾਜਵਾਦਕ ਧੜੇ ਵਿਚ ਜਿਹੜਾ ਕੌਮੀ ਤੇ ਕੌਮਾਂਤਰੀ ਤੌਰ ਉਪਰ ਮਜ਼ਦੂਰ ਏਕਤਾ ਅਤੇ ਮਜ਼ਦੂਰ ਸ਼ਰੇਣੀ ਦੀ ਅਗਵਾਈ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਜਿਹੜਾ ਧੜਾ ਅਮਨ ਤੇ ਆਜ਼ਾਦੀ ਦੇ ਚਾਹਵਾਨ ਕੌਮਾਂਤਰੀ ਧੜੇ ਅਰਥਾਤ ਸੋਵੀਅਤ ਧੜੇ ਦਾ ਹਾਮੀ ਹੋਵੇ। ਇਸ ਵਾਸਤੇ ਸਿੱਖ ਜਨਤਾ ਆਪਣਾ ਭਲਾ ਕਰਨ ਤੇ ਆਪਣਾ ਭਵਿਖਤ ਖੁਸ਼ਹਾਲ ਬਣਾਉਣ ਲਈ ਅਤੇ ਵਰਤਮਾਨ ਇਤਿਹਾਸ ਵਿਚ ਗੁਰੂ ਗੋਬਿੰਦ ਸਿੰਘ ਜੀ ਤੋਂ ਵਿਰਸੇ ਵਿਚ ਲਿਆ ਇਨਕਲਾਬੀ ਫਰਜ਼ ਪੂਰਾ ਕਰਨ ਲਈ ਮੈਦਾਨ ਵਿਚ ਨਿਤਰੇ । ਸਾਂਝੀਆਂ ਕਿਰਤੀ ਕਿਸਾਨ ਜਥੇਬੰਦੀਆਂ ਵਿਚ ਭਰਤੀ ਹੋਵੇ। ਮਜ਼ਦੂਰ ਤੇ ਕਿਸਾਨ ਏਕਤਾ ਪੱਕੀ ਕਰੇ ਅਤੇ ਨਵੇਂ ਅਗਾਂਹ ਵਧੂ ਜਨਤਕ ਘੋਲ ਵਿਚ ਸ਼ਾਮਲ ਹੋ ਕੇ ਜਿੱਤਾਂ ਪਰਾਪਤ ਕਰੇ, ਇਹੋ ਇਸਦਾ ਫਰਜ਼ ਹੈ। ਇਸੇ ਵਿਚ ਉਸਦੀ ਜਿੱਤ ਹੈ ਇਸੇ ਵਿਚ ਉਸਦਾ ਭਲਾ ਤੇ ਦੇਸ਼ ਦਾ ਭਲਾ ਹੈ।
ਮੈਂ ਸਿੱਖ ਜਨਤਾ ਦਾ ਇਕ ਪੁਰਾਣਾ ਸੇਵਕ ਤੇ ਇਸਦਾ ਇਕ ਅੰਗ ਹੁੰਦਾ ਹੋਇਆ ਇਹੋ ਸਲਾਹ ਦਿਆਂਗਾ ਕਿ ਸਿੱਖ ਜਨਤਾ ਇਸ ਅਜ਼ਮਾਏ ਪਰਖੇ ਹੋਏ ਸਹੀ ਰਸਤੇ ਉਪਰ ਚਲ ਕੇ ਆਪਣਾ ਭਵਿਖ ਸ਼ਾਨਦਾਰ ਬਣਾਵੇ। ਮੈਂ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਹੋਇਆ ਵੇਖਣ ਦੀ ਇੱਛਾ ਨਾਲ ਜੀ ਰਿਹਾ ਹਾਂ। ਮੇਰਾ ਦਿਲ ਸਾਖੀ ਭਰ ਰਿਹਾ ਹੈ ਕਿ ਉਹ ਦਿਨ ਦੂਰ ਨਹੀਂ ਹਨ ਜਦ ਕਿ ਮਿਹਨਤੀ ਜਨਤਾ ਦੀਆਂ ਆਸਾਂ ਨੂੰ ਫਲ ਲੱਗਣਗੇ। ਸਾਮਰਾਜੀ ਜੁੱਗ ਖ਼ਤਮ ਹੋ ਰਿਹਾ ਹੈ। ਅੱਧੀ ਧਰਤੀ ਪੁਰ ਜਨਤਕ ਜੁੱਗ ਪ੍ਰਵੇਸ਼ ਕਰ ਚੁੱਕਾ ਹੈ। ਬਾਕੀ ਅੱਧੀ ਧਰਤੀ ਦੀ ਮਿਹਨਤੀ ਜਨਤਾ ਘੋਲ ਕਰ ਰਹੀ ਹੈ ਤੇ ਇਸ ਨਵੇਂ ਜੁੱਗ ਦੇ ਸੁਆਗਤ ਲਈ ਅੱਖਾਂ ਵਿਛਾ ਰਹੀ ਹੈ। ਇਸ ਨਵੇਂ ਜਨਤਕ ਜੁੱਗ ਦੇ ਹਿੰਦ ਵਿਚ ਆਉਣ ਨਾਲ ਹੀ ਸਿੱਖ ਜਨਤਾ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਤੇ ਉਸ ਨੂੰ ਆਰਥਕ, ਧਾਰਮਕ ਤੇ ਕਲਚਰਲ ਆਜ਼ਾਦੀ ਦੀਆਂ ਖੁਸ਼ੀਆਂ ਮਾਣਨ ਦਾ ਮੌਕਾ ਮਿਲੇਗਾ।
ਬੜੇ ਪਰੇਮ ਤੇ ਸਤਿਕਾਰ ਸਹਿਤ-
ਜਨਤਾ ਦਾ ਸੇਵਕ-ਹੀਰਾ ਸਿੰਘ ‘ਦਰਦ`।