ਸੁਰਿੰਦਰ ਗੀਤ
403 605 3734
ਬਲਦੇਵ ਸਿੰਘ ਨੇ ਪਤਨੀ ਨੂੰ ਕਿਹਾ, “ਕਰਤਾਰ ਕੁਰੇ, ਤੂੰ ਆਪਣੀ ਜੇਬ ’ਚ ਮਿੱਠੀਆਂ ਗੋਲੀਆਂ ਰੱਖਦੀ ਹੁੰਨੀ ਐਂ- ਦੇਖ ਖਾਂ ਕੋਈ ਗੋਲੀ ਹੈ ਗੀ ਕਿ ਨਹੀਂ।’
‘ਸ਼ੁਕਰ ਹੈ ਗਰਮੀਆਂ ਦੇ ਦਿਨ ਸਨ। ਸਿਆਲਾਂ ਦੇ ਦਿਨਾਂ ’ਚ ਤਾਂ ਇਸ ਠੰਢੇ ਮੁਲਕ ’ਚ ਖ਼ਾਸ ਕਰਕੇ ਕੈਲਗਰੀ ਸ਼ਹਿਰ ਦੇ ਕਿਸੇ ਪਾਰਕ ’ਚ ਬੰਦਾ ਕੁਲਫ਼ੀ ਵਾਂਗ ਜੰਮ ਜਾਂਦਾ ਹੈ। ਬਲਦੇਵ ਸਿੰਘ ਤੇ ਓਹਦੀ ਘਰ ਵਾਲੀ ਪਾਰਕ ’ਚ ਇਕ ਬੈਂਚ ’ਤੇ ਬੈਠੇ ਇਕ-ਦੂਸਰੇ ਦੇ ਮੂੰਹ ਵੱਲ ਦੇਖ ਰਹੇ ਸਨ। ਜਾਣ ਤਾਂ ਕਿੱਧਰ ਜਾਣ? ਆਸੇ ਪਾਸੇ ਕੋਈ ਆਪਣਾ ਦਿਖਾਈ ਨਹੀਂ ਸੀ ਦਿੰਦਾ। ਸਮਝ ਵੀ ਕੰਮ ਨਹੀਂ ਸੀ ਕਰ ਰਹੀ। ਸਵੇਰ ਦਾ ਕੁਝ ਖਾਧਾ-ਪੀਤਾ ਵੀ ਨਹੀਂ ਸੀ। ਸਾਹਮਣੇ ਟਿੰਮ ਹੋਰਟਨ (ਕਾਫ਼ੀ ਹਾਊਸ) ਦਿਖਾਈ ਤਾਂ ਦੇ ਰਿਹਾ ਸੀ ਪਰ ਤੁਰ ਕੇ ਜਾਣ ਦੀ ਹਿੰਮਤ ਕਿੱਥੋਂ ਲਿਆਉਂਦੇ? ਬਲਦੇਵ ਸਿੰਘ ਦੀ ਜੇਬ ਵਿੱਚ ਕੇਵਲ ਦਸ ਡਾਲਰ ਦਾ ਨੋਟ ਤੇ ਭਾਨ ਸੀ। ਜੇਕਰ ਟਿੰਮ ਹੋਰਟਨ ਜਾਣ ਵੀ ਤਾਂ ਦਸਾਂ ਡਾਲਰਾਂ ਦਾ ਕੀ ਆਉਣਾ ਸੀ। ਅੰਗਰੇਜ਼ੀ ’ਚ ਗੱਲਬਾਤ ਕੌਣ ਕਰੂ?
ਕਰਤਾਰ ਕੁਰ ਨੇ ਆਪਣੀ ਜੈਕਟ ਦੀ ਜੇਬ ਫਰੋਲੀ ਤਾਂ ਕਿਸੇ ਭਲੇ ਵੇਲੇ ਦੀਆਂ ਪਾਈਆਂ ਤਿੰਨ ਚਾਰ ਮਿੱਠੀਆਂ ਗੋਲੀਆਂ ਨਿਕਲ ਆਈਆਂ। ਉਸਨੇ ਇਕ ਗੋਲੀ ਬਲਦੇਵ ਸਿੰਘ ਦੇ ਹੱਥ ’ਤੇ ਧਰੀ ਤੇ ਦੂਸਰੀ ਪੇਪਰ ਲਾਹ ਕੇ ਆਪਣੇ ਮੂੰਹ ’ਚ ਪਾ ਲਈ। ਹੌਲੀ ਹੌਲੀ ਚੂਸਣ ਲੱਗ ਪਈ। ਮਿੱਠੀ ਗੋਲੀ ਨੇ ਦੋਨਾਂ ’ਚ ਜਾਨ ਪਾ ਦਿੱਤੀ। ਕਰਤਾਰ ਕੌਰ ਦੀ ਜੇਬ ਵਿੱਚ ਪਈਆਂ ਦੋ ਹੋਰ ਗੋਲੀਆਂ ਇਸ ਸਮੇਂ ਬਹੁਤ ਸਹਾਈ ਜਾਪਦੀਆਂ ਸਨ। ਕਰਤਾਰ ਕੌਰ ਨੇ ਆਪਣੀ ਜੇਬ ਨੂੰ ਘੁੱਟ ਕੇ ਫੜ ਲਿਆ ਕਿ ਕਿਤੇ ਇਹ ਗੋਲੀਆਂ ਜੇਬ ’ਚੋਂ ਡਿੱਗ ਨਾ ਪੈਣ।
ਬਲਦੇਵ ਸਿੰਘ ਬੈਂਚ ਤੋਂ ਉੱਠਿਆ ਤੇ ਦੋ ਚਾਰ ਕਦਮ ਏਧਰ-ਓਧਰ ਤੁਰਨ ਪਿੱਛੋਂ ਦੂਸਰੇ ਬੈਂਚ ‘ਤੇ ਜਾ ਬੈਠਾ। ਕੁਝ ਕੁ ਮਿੰਟਾਂ ਬਾਦ ਕਰਤਾਰ ਕੁਰ ਵੀ ਓਹਦੇ ਮਗਰ ਚਲੀ ਗਈ ਤੇ ਨਾਲ ਦੇ ਬੈਂਚ ‘ਤੇ ਜਾ ਬੈਠੀ। ਉੱਡਦਾ ਉੱਡਦਾ ਇਕ ਪੱਤਾ ਬਲਦੇਵ ਸਿੰਘ ਦੀ ਜੈਕਟ ਤੇ ਆ ਡਿੱਗਾ। ਉਸਨੇ ਪੱਤੇ ਨੂੰ ਹੱਥ ’ਚ ਇਉਂ ਫੜਿਆ ਜਿਵੇਂ ਉਸਦਾ ਕੁਝ ਲੱਗਦਾ ਹੋਵੇ। ਪੱਤੇ ਨੂੰ ਗਹੁ ਨਾਲ ਦੇਖਿਆ ਤੇ ਦੋਨਾਂ ਹੱਥਾਂ ਨਾਲ ਪਲੋਸਣ ਲੱਗ ਪਿਆ ਜਿਵੇਂ ਪੱਤਾ ਉਸਨੂੰ ਕੋਈ ਰਾਹ ਦੱਸੇਗਾ।
ਪੱਤਾ ਆਪਣੇ ਟਾਹਣ ਤੋਂ ਟੁੱਟ ਕੇ ਹਵਾ ਵਿਚ ਭਟਕ ਰਿਹਾ ਸੀ। ਬਲਦੇਵ ਸਿੰਘ ਨੂੰ ਮਹਿਸੂਸ ਹੋਇਆ ਜਿਵੇਂ ਉਹ ਵੀ ਟਾਹਣ ਤੋਂ ਟੁੱਟਿਆ ਪੱਤਾ ਹੋਵੇ।
ਬਲਦੇਵ ਸਿੰਘ ਨੇ ਲੰਬਾ ਸਾਹ ਲਿਆ ਤੇ ਕਰਤਾਰ ਕੌਰ ਵੱਲ ਮੂੰਹ ਕਰਕੇ ਆਖਣ ਲੱਗਾ, ‘ਏਥੇ ਇਉਂ ਬੈਠਿਆਂ ਨੀ ਸਰਨਾ। ਹੁਣ ਤਾਂ ਬੈਠੇ ਆਂ ਔਖੈ ਸੌਖੇ…ਰਾਤ ਨੂੰ ਕੀ ਬਣੂੰ। ਦਸ ਡਾਲਰਾਂ ਨਾਲ ਕੀ ਬਣਨਾ ਆ। ਭੁੱਖ ਨਾਲ ਤਾਂ ਪਹਿਲਾਂ ਈ ਬੁਰਾ ਹਾਲ ਹੋਇਆ ਪਿਆ। ਜਾਈਏ ਤਾਂ ਕਿੱਥੇ ਜਾਈਏ…ਕਰੀਏ ਤਾਂ ਕੀ ਕਰੀਏ?’
ਕਰਤਾਰ ਕੌਰ ਦਾ ਗੱਚ ਭਰ ਆਇਆ। ਹੁਣ ਤੱਕ ਰੋਕੇ ਹੰਝੂ ਵਹਿ ਤੁਰੇ। ਉਹ ਅੱਖਾਂ ਪੂੰਝਦੀ ਬੋਲੀ, ‘ਮੈਂ ਕੀ ਦੱਸਾਂ…ਮੈਨੂੰ ਤਾਂ ਕੁਝ ਨੀ ਔੜਦਾ ਬਈ ਕਿੱਥੇ ਜਾਈਏ ਤੇ ਕੀਹਨੂੰ ਫੋਨ ਕਰੀਏ।’
‘ਹਾਂ…ਏਹੀ ਤਾਂ ਮੈਂ ਸੋਚਦਾਂ। ਜੇ ਪੁਲੀਸ ਨੂੰ ਦੱਸਦੇ ਆਂ ਤਾਂ ਗੱਲ ਬਹੁਤੀ ਦੂਰ ਨਿਕਲ ਜੂ ਗੀ। ਆਸ ਸੀ ਕਿ ਉਹਦਾ ਫ਼ੋਨ ਆ ਜਾਊ ਕਿ ਕਿੱਥੇ ਹੋ ਤੁਸੀਂ। ਸਾਨੂੰ ਘਰੋਂ ਕੱਢ ਕੇ ਕੁਝ ਮਹਿਸੂਸ ਕੀਤਾ ਹੋਵੇ ਤੇ ਆ ਕੇ ਲੈ ਜਾਊਗੀ। ਏਨੀ ਚੰਗੀ ਕਿਸਮਤ ਕਿੱਥੇ? ਅੱਜ ਤਾਂ ਰੱਬ ਵੀ ਦੂਰ ਹੋਇਆ ਲੱਗਦੈ ਆਪਣੇ ਤੋਂ।’ ਇਕ ਹਉਕਾ ਹਵਾ ਵਿੱਚ ਰਲ ਗਿਆ।
“ਅੱਜ ਤਾਂ ਕੋਈ ਆਪਣਾ ਵੀ ਏਧਰ ਨੀ ਆਉਂਦਾ ਦਿੱਸਦਾ। ਜੇ ਕੋਈ ਏਧਰ ਆਵੇ ਤਾਂ ਖ਼ਬਰੇ ਪੁੱਛ ਹੀ ਲਵੇ ਕਿ ਏਥੇ ਕਿਉਂ ਬੈਠੇ ਹੋ।’
ਕਰਤਾਰ ਕੁਰ ਨੇ ਅਸਮਾਨ ਵੱਲ ਵੇਖਿਆ। ਸੂਰਜ ਸਿਰ ’ਤੇ ਆ ਗਿਆ ਸੀ। ਉਹ ਮੂੰਹ ’ਚ ਕੁਝ ਬੁੜਬੜਾਈ। ਪਰ ਬਲਦੇਵ ਸਿੰਘ ਨੂੰ ਉਸਦੀ ਭੋਰਾ ਵੀ ਸਮਝ ਨਾ ਆਈ।
ਬਲਦੇਵ ਸਿਉਂ ਤੇ ਕਰਤਾਰ ਕੌਰ ਨੂੰ ਕੈਨੇਡਾ ਆਇਆਂ ਦੋ ਸਾਲ ਹੀ ਹੋਏ ਸਨ। ਉਹ ਆਪਣੇ ਪੁੱਤ ਜੋਰਾਵਰ ਦੇ ਜ਼ੋਰ ਦੇਣ ‘ਤੇ ਵਿਜ਼ਟਰ ਵੀਜ਼ਾ ਲੈ ਕੇ ਆਏ ਸਨ। ਇਕ ਸਾਲ ਵਧੀਆ ਲੰਘ ਗਿਆ। ਕਿਸਨੂੰ ਪਤਾ ਹੁੰਦਾ ਹੈ ਕਿ ਸਮਾਂ ਆਪਣੀ ਬੁੱਕਲ ’ਚ ਕੀ ਲਕੋਈ ਬੈਠਾ ਹੈ। ਬਲਦੇਵ ਸਿੰਘ ਨੂੰ ਆਪਣੇ ਪੁੱਤ ‘ਤੇ ਲੋਹੜਿਆਂ ਦਾ ਮਾਣ ਸੀ ਕਿ ਉਸਨੇ ਪੰਜਾਂ ਛੇਆਂ ਸਾਲਾਂ ’ਚ ਪਿੰਡ ਵਿੱਚ ਸਿਰ ਚੁੱਕ ਕੇ ਤੁਰਨ ਜੋਗਾ ਕਰ ਦਿੱਤਾ। ਕੋਠੀ ਵਰਗਾ ਸੋਹਣਾ ਮਕਾਨ ਬਣਾ ਲਿਆ। ਏਸੇ ਕੋਠੀ ਕਰਕੇ ਜੋਰਾਵਰ ਤੋਂ ਛੋਟੇ ਸਤਨਾਮ ਦਾ ਵਿਆਹ ਵੀ ਚੰਗੇ ਖਾਂਦੇ ਪੀਂਦੇ ਘਰ ਹੋ ਗਿਆ। ਸਤਨਾਮ ਨੇ ਨਵਾਂ ਟ੍ਰੈਕਟਰ ਲੈ ਲਿਆ। ਜੋਰਾਵਰ ਦੇ ਸਿਰ ’ਤੇ ਉਹ ਖੇਤੀ ਬਾੜੀ ਦਾ ਕੰਮ ਬੜੇ ਸ਼ੌਂਕ ਨਾਲ ਕਰੀ ਜਾਂਦਾ ਸੀ।
ਬਲਦੇਵ ਸਿੰਘ ਸੋਚਦਾ ਕਿ ਹੁਣ ਉਸਨੂੰ ਕੋਈ ਫ਼ਿਕਰ ਨਹੀਂ ਹੈ। ਉਸਨੂੰ ਆਪਣੀ ਸਲੱਗ ਔਲਾਦ ’ਤੇ ਏਨਾ ਮਾਣ ਹੋਣ ਲੱਗ ਪਿਆ ਕਿ ਉਹ ਆਪਣੇ ਪਿੰਡ ’ਚ ਆਕੜ ਕੇ ਤੁਰਦਾ ਤੇ ਸੋਚਦਾ ਕਿ ਪਿੰਡ ’ਚ ਉਹਦੇ ਵਰਗਾ ਕੋਈ ਹੋਰ ਨਹੀਂ। ਕੋਠੀ ’ਚ ਬੈਠਾ ਆਪਣੇ ਆਪ ਨੂੰ ਆਸ-ਪਾਸ ਦੇ ਪਿੰਡਾਂ ਦੇ ਸਰਦਾਰਾਂ ਚੋਂ ਸਰਦਾਰ ਸਮਝਦਾ।
ਓਧਰ ਕਰਤਾਰ ਕੌਰ ਦੀ ਤੋਰ ਵੀ ਬਦਲ ਗਈ। ਉਹ ਚੜ੍ਹਦੇ ਤੋਂ ਚੜ੍ਹਦਾ ਲੀੜਾ ਪਾਉਂਦੀ। ਜਦੋਂ ਦਾ ਜ਼ੋਰਾਵਰ ਕੈਨੇਡਾ ਆਇਆ ਸੀ, ਓਦੋਂ ਦਾ ਉਹਨੂੰ ਵੀ ਪਿਊਰ ਡੀਸ਼ੀਂਨ ਦਾ ਪਤਾ ਲੱਗ ਗਿਆ। ਉਸ ਤੋਂ ਪਹਿਲਾਂ ਤਾਂ ਹਾੜ੍ਹੀ ਸਾਉਣੀ ਜਿਹੜਾ ਜੁੜਿਆ ਪਾ ਲਿਆ। ਸਾਰੀ ਉਮਰ ਚੁੱਲ੍ਹੇ ’ਚ ਫੂਕਾਂ ਮਾਰਦੀ ਦੀ ਲੰਘ ਗਈ ਤੇ ਹੁਣ ਨਵੀਂ ਬਣੀ ਰਸੋਈ ’ਚ ਖਲੋ ਕੇ ਰੋਟੀ ਬਣਾਉਣ ਦਾ ਮਜ਼ਾ ਹੀ ਵੱਖਰਾ ਸੀ। ਉਹ ਵੀ ਆਪਣੇ ਗਲੀਂ ਗਵਾਂਢ ਦੀਆਂ ਕੁੜੀਆਂ-ਬੁੜੀਆਂ ਨੂੰ ਚੱਜ ਨਾਲ ਰਹਿਣ-ਸਹਿਣ ਦੇ ਤਰੀਕੇ ਦੱਸਣ ਲੱਗੀ।
ਇਕ ਦਿਨ ਅਚਾਨਕ ਜ਼ੋਰਾਵਰ ਦੇ ਪੇਟ ’ਚ ਵੱਖਰੀ ਹੀ ਕਿਸਮ ਦਾ ਦਰਦ ਹੋਇਆ। ਸੋਚਿਆ ਕੁਝ ਵਾਧੂ-ਘਾਟੂ ਖਾਧਾ-ਪੀਤਾ ਗਿਆ ਹੋਵੇਗਾ। ਕੁਝ ਦਿਨ ਪੇਨਕਿਲਰ ਲੈਂਦਾ ਰਿਹਾ। ਵਧਦੀ ਪੀੜ ਦੇਖ ਕੇ ਉਹ ਡਾਕਟਰ ਦੇ ਗਿਆ ਤਾਂ ਡਾਕਟਰ ਨੇ ਬਹੁਤ ਸਾਰੇ ਟੈਸਟ ਲਿਖ ਦਿੱਤੇ। ਪੇਟ ਦਾ ਅਲਟਰਾਸਾਊਂਡ ਤੇ ਫਿਰ ਐਮ ਆਰ ਆਈ ਤੋਂ ਪਤਾ ਲੱਗਿਆ ਕਿ ਮਿਹਦੇ ਵਿੱਚ ਕੈਂਸਰ ਹੈ। ਕੁਝ ਮਹੀਨਿਆਂ ਦੀ ਬੀਮਾਰੀ ਤੋਂ ਬਾਦ ਉਹ ਰੱਬ ਨੂੰ ਪਿਆਰਾ ਹੋ ਗਿਆ। ਬਲਦੇਵ ਸਿੰਘ ਤੇ ਕਰਤਾਰ ਕੌਰ ਦਾ ਜਹਾਨ ਹੀ ਲੁੱਟਿਆ ਗਿਆ। ਪਿਉ ਲਈ ਪੁੱਤ ਦੀ ਲਾਸ਼ ਨੂੰ ਆਪਣੇ ਮੋਢਿਆਂ ਤੇ ਚੁੱਕਣ ’ਤੋਂ ਵੱਧ ਹੋਰ ਕੁਝ ਵੀ ਦੁਖਦਾਈ ਨਹੀਂ ਹੁੰਦਾ।
ਜ਼ੋਰਾਵਰ ਦੀ ਮੌਤ ਤੋਂ ਬਾਦ ਉਸਦੀ ਪਤਨੀ ਹਰਲੀਨ ’ਤੇ ਉਸਦੇ ਸੱਸ ਸਹੁਰੇ ਵਿਚਾਲੇ ਦਰਾੜ ਤਾਂ ਪਹਿਲਾਂ ਵੀ ਸੀ ਪਰ ਜ਼ੋਰਾਵਰ ਦੀ ਮੌਤ ਤੋਂ ਬਾਦ ਹੋਰ ਗਹਿਰੀ ਹੋ ਗਈ। ਉਸ ਦੇ ਜਿਊਂਦਿਆਂ ਹਰਲੀਨ ਦਾ ਕਦੇ ਹੌਸਲਾ ਨਹੀਂ ਸੀ ਪਿਆ ਕਿ ਉਹ ਬਲਦੇਵ ਸਿੰਘ ਤੇ ਕਰਤਾਰ ਕੁਰ ਨੂੰ ਉੱਚਾ-ਨੀਵਾਂ ਬੋਲੇ। ਹਰਲੀਨ ਨੂੰ ਆਪਣੇ ਸੱਸ-ਸਹੁਰੇ ਦੀ ਰੂੜੀਵਾਦ ਸੋਚ ਉੱਪਰ ਗੁੱਸਾ ਆਉਂਦਾ ਪਰ ਉਹ ਚੁੱਪ ਹੋ ਜਾਂਦੀ। ਜ਼ੋਰਾਵਰ ਕੋਲ ਸ਼ਕਾਇਤ ਕਰਦੀ ਤਾਂ ਉਹ ਇਹ ਆਖ ਕੇ ਗੱਲ ਟਾਲ ਦਿੰਦਾ ਕਿ ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ।
ਅੱਜ ਸਵੇਰੇ ਹੀ ਤੂੰ-ਤੂੰ, ਮੈਂ-ਮੈਂ ਹੋ ਗਈ। ਮੌਕੇ ਦੀ ਤਲਾਸ਼ ਵਿੱਚ ਹਰਲੀਨ ਨੂੰ ਵਧੀਆ ਵਕਤ ਮਿਲ ਗਿਆ ਤੇ ਉਸਨੇ ਬਲਦੇਵ ਸਿੰਘ ਨੂੰ ਆਖ ਦਿੱਤਾ, ‘ਇਸ ਤੋਂ ਪਹਿਲਾਂ ਕਿ ਮੈਂ ਪੁਲੀਸ ਬੁਲਾਵਾਂ…ਆਪਣੇ-ਆਪ ਘਰੋਂ ਬਾਹਰ ਹੋ ਜਾਵੋ। ਮੈਂ ਨਹੀਂ ਤੁਹਾਡੇ ਵਰਗੇ ਲੋਕਾਂ ਨਾਲ ਰਹਿ ਸਕਦੀ। ਮੈਂ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜੀਣਾ ਚਾਹੁੰਦੀ ਹਾਂ।’
ਲੀੜੇ ਕਪੜੇ ਵੀ ਚੁੱਕਣ ਦਾ ਮੌਂਕਾ ਨਾ ਦਿੱਤਾ। ਬਲਦੇਵ ਸਿਉਂ ਨੇ ਬਥੇਰਾ ਕਿਹਾ ਕਿ ਪੁੱਤ ਸਾਨੂੰ ਮਾੜੇ-ਮੋਟੇ ਲੀੜੇ-ਕਪੜੇ ਤਾਂ ਚੁੱਕ ਲੈਣ ਦੇ ਪਰ ਉਹ ਟੱਸ ਤੋਂ ਮੱਸ ਨਾ ਹੋਈ।
ਲੀੜੇ ਕਪੜੇ ਪੁਲੀਸ ਨੂੰ ਨਾਲ ਲੈ ਕੇ ਲੈ ਜਾਣੇ ਤੇ ਘਰ ਦੀਆਂ ਚਾਬੀਆਂ ਮੈਨੂੰ ਦੇ ਜਾਵੋ।
ਗੱਲ ਇਉਂ ਹੋਈ ਕਿ ਜ਼ੋਰਾਵਰ ਦੀ ਮੌਤ ਤੋਂ ਪਿੱਛੋਂ ਬਲਦੇਵ ਸਿੰਘ ਤੇ ਜ਼ੋਰਾਵਰ ਦੀ ਪਤਨੀ ਹਰਲੀਨ ਵਿਚਕਾਰ ਪੈਸਿਆਂ ਦਾ ਝਗੜਾ ਛਿੜ ਗਿਆ। ਕਾਨੂਨੀ ਤੌਰ ‘ਤੇ ਜੋ ਕੁਝ ਜੋਰਾਵਰ ਦਾ ਸੀ ਉਸ ਉੱਪਰ ਹਰਲੀਨ ਦਾ ਹੱਕ ਬਣਦਾ ਸੀ ਪਰ ਬਲਦੇਵ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ਜ਼ੋਰਾਵਰ ਦੇ ਬੈਂਕ ਬੈਲੈਂਸ ‘ਤੇ ਆਪਣਾ ਅਧਿਕਾਰ ਸਮਝਦਾ ਸੀ। ਇਹ ਖਿੱਚੋਤਾਣ ਤੇ ਖਹਿੜਬਾਜ਼ੀ ਸਵੇਰ ਵਾਲੇ ਝਗੜੇ ਦੀ ਜੜ੍ਹ ਸੀ।
ਸਵੇਰੇ ਉਠਣ ਸਾਰ ਬਲਦੇਵ ਸਿੰਘ ਹਰਲੀਨ ਨੂੰ ਆਖਣ ਲੱਗਾ, ‘ਭਾਈ ! ਅੱਜ ਬੈਂਕ ਜਾ ਕੇ ਕੰਮ ਮੁਕਾ ਆਈਏ। ਸਾਡਾ ਪੁੱਤ ਸੀ ਉਹ…ਸਾਡਾ ਵੀ ਹੱਕ ਬਣਦਾ ਆ ਉਸਦੇ ਪੈਸੇ ਧੇਲੇ ’ਤੇ। ਅਸੀਂ ਕੀ ਖੱਟਿਆ ਏਥੇ ਆ ਕੇ। ਪੁੱਤ ਕੀ ਗਿਆ…ਅਸੀਂ ਤਾਂ ਮੰਗਤੇ ਬਣ’ਗੇ। ਧੇਲਾ ਨੀ ਮੇਰੀ ਜੇਬ ਵਿੱਚ। ਉਹ ਜਿਊਂਦਾ ਸੀ ਤਾਂ ਕਦੇ ਮੇਰੀ ਜੇਬ ਖਾਲੀ ਨਹੀਂ ਸੀ ਹੋਈ ਤੇ ਹੁਣ…ਵਾਹਿਗੁਰੂ ਨੂੰ ਪਤਾ ਸਾਡੇ ਨਾਲ ਕੀ ਬੀਤਦੀ ਆ!’ ਸੁਣ ਕੇ ਹਰਲੀਨ ਦੇ ਸੱਤੀਂ ਕਪੜੀ ਅੱਗ ਲਾ ਦਿੱਤੀ।
‘ਦੇਖੋ! ਮੇਰੇ ਤੋਂ ਨਹੀਂ ਇਹ ਰੋਜ਼-ਰੋਜ਼ ਦਾ ਕੰਜਰਖਾਨਾ ਸਹਿ ਹੁੰਦਾ। ਮੈਂ ਤਾਂ ਸੋਚਦੀ ਸੀ ਤੁਸੀਂ ਮੇਰਾ ਸਹਾਰਾ ਬਣੋਗੇ ਪਰ ਤੁਸੀਂ ਤਾਂ ਮੈਨੂੰ ਹੀ ਚੱਬਣ ਲੱਗ ਪਏ। ਜ਼ੋਰਾਵਰ ਮੇਰਾ ਪਤੀ ਸੀ…ਮੈਂ ਹੀ ਜਾਣਦੀ ਆਂ ਮੇਰੇ ਤੇ ਜੋ ਬੀਤ ਰਹੀ ਹੈ। ਤੁਹਾਨੂੰ ਉਸਦੀ ਮੌਤ ਨਾਲ ਕੀ, ਤੁਹਾਨੂੰ ਤਾਂ ਪੈਸਾ ਚਾਹੀਦਾ ਆ। ਬੈਂਕ ’ਚ ਸਭ ਕੁਝ ਸਾਡਾ ਸਾਂਝਾ ਸੀ ਤੇ ਇਹ ਘਰ ਸਾਡੇ ਦੋਨਾਂ ਦੇ ਨਾਂ ‘ਤੇ ਹੈ…ਕਿਵੇਂ ਮਿਲੂ ਤੁਹਾਨੂੰ? ਆਪੇ ਹੀ ਕਾਨੂੰਨ ਘੜੀ ਜਾਂਨੇ ਆ। ਅਨਪੜ੍ਹ ਕਿਸੇ ਥਾਂ ਦੇ!’
ਬਲਦੇਵ ਸਿਉਂ ਭੁੱਲ ਗਿਆ ਕਿ ਉਹ ਕੈਨੇਡਾ ’ਚ ਬੈਠਾ ਹੈ। ਉਸਨੇ ਹਰਲੀਨ ਵੱਲ ਚਪੇੜ ਚੁੱਕੀ ਪਰ ਕਰਤਾਰ ਕੁਰ ਨੇ ਉਸਦੀ ਬਾਂਹ ਫੜ ਲਈ।
ਬਲਦੇਵ ਸਿੰਘ ਨੇ ਕਰਤਾਰ ਕੁਰ ਨੂੰ ਪੂਰੇ ਜ਼ੋਰ ਨਾਲ ਧੱਕਾ ਦਿੱਤਾ ਪਰ ਚੰਗੀ ਕਿਸਮਤ ਨੂੰ ਉਹ ਸੋਫ਼ੇ ‘ਤੇ ਜਾ ਡਿੱਗੀ ਤੇ ਸੱਟ-ਚੋਟ ਤੋਂ ਬਚ ਗਈ।
‘ਇਸ ਤੋਂ ਪਹਿਲਾਂ ਕਿ ਮੈਂ ਪੁਲੀਸ ਨੂੰ ਫ਼ੋਨ ਕਰਾਂ, ਮੇਰੇ ਘਰ ‘ਚੋਂ ਬਾਹਰ ਹੋ ਜਾਵੋ…ਤੁਹਾਨੂੰ ਪਤਾ ਹੋਣਾ ਚਾਹੀਦੈ ਕਿ ਤੁਸੀਂ ਇਸ ਵੇਲੇ ਮੇਰੇ ਟੁਕੜਿਆਂ ‘ਤੇ ਪਲ ਰਹੇ ਹੋ। ਬਾਹਰ ਹੋ ਜਾਉ…ਨਹੀਂ ਤਾਂ ਪੁਲੀਸ ਆ ਕੇ ਤੁਹਾਡੇ ਨਾਲ ਨਿਬੜੂ!’
ਬਲਦੇਵ ਸਿਉਂ ‘ਪੁਲੀਸ’ ਸ਼ਬਦ ਸੁਣ ਕੇ ਤ੍ਰਬਕ ਗਿਆ ਤੇ ਕਰਤਾਰ ਕੁਰ ਨੂੰ ਆਖਣ ਲੱਗਾ, ‘ਉੱਠ ਤੁਰ! ਕੀ ਵੇਹਨੀਂ ਏ ਮੇਰੇ ਵੱਲ। ਹੁਣ ਕੋਈ ਕਸਰ ਬਾਕੀ ਆ ਬੇਇਜ਼ਤੀ ਦੀ!’
ਉਸਦੇ ਤ੍ਰਬਕਣ ਦਾ ਕਾਰਨ ਇਹ ਵੀ ਸੀ ਉਹ ਵਿਜ਼ੀਟਰ ਵੀਜ਼ੇ ’ਤੇ ਸੀ ਤੇ ਪੁਲੀਸ ਨੇ ਫੜ ਕੇ ਤੁਰੰਤ ਵਾਪਿਸ ਭਾਰਤ ਭੇਜ ਦੇਣਾ ਸੀ। ਕੀ ਰਹਿਣੀ ਸੀ ਉਨ੍ਹਾਂ ਦੀ ਇਜ਼ਤ। ਪਿੰਡ ’ਚ ਵੱਖ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸਨ। ਗੱਲਾਂ ਨੂੰ ਤਾਂ ਖੰਭ ਲੱਗ ਜਾਂਦੇ ਆ…ਮੂੰਹ ‘ਚੋਂ ਨਿਕਲੀ ਨੀ ਤੇ ਉੱਡੀ ਨੀ!
ਘਰੋਂ ਨਿਕਲਣ ਦਾ ਸੀਨ ਯਾਦ ਕਰਕੇ ਬਲਦੇਵ ਸਿਉਂ ਦੀ ਧਾਹ ਨਿਕਲ ਗਈ।
ਕਰਤਾਰ ਕੌਰ ਨੇ ਉਸਦਾ ਮੋਢਾ ਹਲੂਣਿਆ ਤੇ ਕਹਿਣ ਲੱਗੀ, ‘ਸਰਦਾਰਾ ਇਉਂ ਚਿੱਤ ਹੌਲਾ ਕੀਤਿਆਂ ਨੀ ਸਰਨਾ। ਹੁਣ ਇਹ ਸੋਚ ਬਈ ਕਿੱਧਰ ਜਾਣਾ ਆ। ਦਿਨ ਚੜ੍ਹਦਾ ਨਹੀਂ ਢੱਲਦਾ ਆ…ਇਉਂ ਏਥੇ ਕਿੰਨਾ ਚਿਰ ਬੈਠਾਂਗੇ? ਮੈਂ ਬਥੇਰਾ ਤੈਨੂੰ ਸਮਝਾਇਆ ਕਿ ਆਰਾਮ ਨਾਲ ਮਿੱਠਾ ਪਿਆਰਾ ਹੋ ਕੇ ਚਾਰ ਦਿਹਾੜੇ ਕੱਟ ਲੈ। ਜੇ ਮੇਰੀ ਮਾੜੀ-ਮੋਟੀ ਸੁਣੀ ਹੁੰਦੀ ਤਾਂ ਆਹ ਦਿਨ ਨਾ ਵੇਖਣਾ ਪੈਂਦਾ।’ ਏਨਾ ਕਹਿ ਕੇ ਉਹ ਅੱਖਾਂ ਪੂੰਝਣ ਲੱਗ ਪਈ।
ਬਲਦੇਵ ਸਿਉਂ ਤਾਂ ਪਹਿਲਾਂ ਹੀ ਪਸੀਜਿਆ ਪਿਆ ਸੀ। ਇਕ ਖਿਆਲ ਆਉਂਦਾ ਇਕ ਜਾਂਦਾ। ਆਖਿਰ ਉਸਨੂੰ ਸੁਝੀ ਕਿ ਕਿਉਂ ਨਾ ਸੰਦੀਪ ਨੂੰ ਫ਼ੋਨ ਕਰਕੇ ਦੇਖਾਂ। ਫਿਰ ਰੁਕ ਗਿਆ…।
ਸੰਦੀਪ ਉਨ੍ਹਾਂ ਦੇ ਪਿੰਡ ਦਾ ਮੁੰਡਾ ਸੀ। ਉਸਦੇ ਮਾਂ-ਬਾਪ ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਸਾਫ਼-ਸਫ਼ਾਈ ਕਰਿਆ ਕਰਦੇ ਸਨ। ਸੰਦੀਪ ਨੇ ਅੰਤਾਂ ਦੀ ਗਰੀਬੀ ਵਿੱਚ ਰਹਿ ਕੇ ਡਿਗਰੀ ਲੈ ਲਈ ਤੇ ਉਹ ਨੰਬਰ ਸਿਸਟਮ ‘ਤੇ ਕੈਨੇਡਾ ਆ ਗਿਆ ਤੇ ਏਥੇ ਹੀ ਉਹ ਕਿਸੇ ਇੰਮੀਗਰਾਂਟ ਪੰਜਾਬਣ ਕੁੜੀ ਨੀਰੂ ਨਾਲ ਵਿਆਹ ਕਰਵਾ ਕੇ ਸੈਟਲ ਹੋ ਗਿਆ।
ਕੈਨੇਡਾ ਰਹਿੰਦਿਆਂ ਸੰਦੀਪ ਤੇ ਜ਼ੋਰਾਵਰ ਦੀ ਚੰਗੀ ਦੋਸਤੀ ਸੀ। ਉਹ ਭਰਾਵਾਂ ਵਾਂਗ ਵਰਤਣ ਲੱਗੇ। ਹਰ ਵੀਕ-ਇੰਡ ‘ਤੇ ਕਦੇ ਸੰਦੀਪ ਦੇ ਘਰ ਮਹਿਫ਼ਲ ਲੱਗਦੀ ਤੇ ਕਦੇ ਜ਼ੋਰਾਵਰ ਦੇ। ਪਰ ਇਸ ਤੋਂ ਬਲਦੇਵ ਸਿੰਘ ਬਹੁਤ ਖਿੱਝਦਾ। ਉਹ ਅਕਸਰ ਹੀ ਜ਼ੋਰਵਰ ਨੂੰ ਆਖਦਾ ਕਿ ਦੇਖ ਆਪਾਂ ਜੱਟ ਸਰਦਾਰ ਆਂ, ਨਿੱਕੀ ਸੁੱਕੀ ਜਾਤ ਨਾਲ ਵਰਤ-ਵਰਤਾਵਾ ਸਾਨੂੰ ਸ਼ੋਭਦਾ ਨਹੀ। ਕਿੱਥੇ ਅਸੀਂ ਤੇ ਕਿੱਥੇ ਇਹ…ਪਿੰਡ ਦਾ ਗੰਦ ਸਾਫ਼ ਕਰਨ ਵਾਲੇ। ਤੇ ਹੁਣ ਇਹ ਸਾਡੀ ਬਰਾਬਰੀ ਕਰਨ ਲੱਗ ਪਏ ਆ। ਜਾਤ ਤਾਂ ਧੋਤੀ ਨੀ ਜਾਂਦੀ…ਨਾਲ ਹੀ ਰਹਿੰਦੀ ਆ ਬੰਦੇ ਦੇ ਜਨਮ ਤੋਂ ਮਰਨ ਤੱਕ।
ਜ਼ੋਰਾਵਰ ਆਪਣੇ ਬਾਪ ਨੂੰ ਬਥੇਰਾ ਸਮਝਾਉਂਦਾ ਤੇ ਕਹਿੰਦਾ, ‘ਦੇਖੋ ਬਾਪੂ ਜੀ…ਜੇਕਰ ਅਸੀਂ ਬਾਬੇ ਨਾਨਕ ਦੇ ਸਿੱਖ ਆਂ ਤਾਂ ਸਾਨੂੰ ਗੁਰੂਆਂ ਦੀ ਮੰਨਣੀ ਵੀ ਚਾਹੀਦੀ ਹੈ। ਬਾਣੀ ਅਨੁਸਾਰ ਬੰਦਾ ਜਾਤ ਤੋਂ ਨਹੀ ਬਲਕਿ ਕਿਰਦਾਰ ਤੋਂ ਪਛਾਣਿਆ ਜਾਂਦਾ ਹੈ। ਇਹ ਜਾਤ-ਪਾਤ ਰੱਬ ਨੇ ਨਹੀਂ ਬਣਾਈ, ਬੰਦੇ ਨੇ ਆਪਣੇ ਸੁਆਰਥ ਲਈ ਆਪ ਬਣਾਈ ਹੈ। ਤੁਹਾਡੇ ਵਰਗੇ ਗੁਰੂ ਦੇ ਸਿੱਖ ਨੂੰ ਅਜਿਹੀਆਂ ਗੱਲਾਂ ਨਹੀਂ ਸ਼ੋਭਦੀਆਂ।’
ਪਰ ਬਲਦੇਵ ਸਿੰਘ ‘ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ। ਜਦੋਂ ਵੀ ਸੰਦੀਪ ਤੇ ਉਸਦੀ ਪਤਨੀ ਨੀਰੂ ਉਨ੍ਹਾਂ ਦੇ ਘਰ ਆਉਂਦੇ ਤਾਂ ਉਹ ਆਪਣੇ ਕਮਰੇ ’ਚ ਜਾ ਬੈਠਦਾ। ਉਨ੍ਹਾਂ ਦੇ ਗਿਆਂ ਤੋਂ ਹੀ ਬਾਹਰ ਨਿਕਲਦਾ ਤੇ ਕਰਤਾਰ ਕੌਰ ਨੂੰ ਮਿਹਣੇ ਮਾਰਦਾ ਕਿ ਤੈਨੂੰ ਉਨ੍ਹਾਂ ਨਾਲ ਬਹਿ ਕੇ ਖਾਣ ਨਾਲ ਰੋਟੀ ਜਿਆਦਾ ਸਵਾਦ ਲੱਗਦੀ ਆ। ‘ਰੱਬ ਤੋਂ ਡਰਿਆ ਕਰ, ਕਿਉਂ ਪੁੱਠੀਆਂ ਗੱਲਾਂ ਕਰਕੇ ਮਨ ਦਾ ਸੁਖ-ਆਰਾਮ ਗਵਾਉਂਦੈ। ਸਿਆਣਾ ਬਣ! ਮੁੰਡਾ ਗਲਤ ਨੀ ਕਹਿੰਦਾ। ਪਰ ਬਲਦੇਵ ਸਿਉਂ ਤੇ ਭੋਰਾ ਅਸਰ ਨਾ ਹੁੰਦਾ। ਇਕ ਦਿਨ ਤਾਂ ਉਹ ਸਾਰੀਆਂ ਹੱਦਾਂ ਟੱਪ ਗਿਆ।
ਸੰਦੀਪ ਤੇ ਨੀਰੂ ਸ਼ੁਕਰਵਾਰ ਦੀ ਸ਼ਾਮ ਉਨ੍ਹਾਂ ਦੇ ਘਰ ਆਏ ਹੋਏ ਸਨ। ਹਰਲੀਨ ਫ਼ੁਲਕੇ ਲਾਹ ਰਹੀ ਸੀ ਤੇ ਨੀਰੂ ਸਲਾਦ ਕੱਟਣ ਲੱਗ ਪਈ। ਬਲਦੇਵ ਤੋਂ ਜਰਿਆ ਨਾ ਗਿਆ ਤੇ ਗੁੱਸੇ ’ਚ ਕਹਿਣ ਲੱਗਾ, ‘ਦੇਖ ਭਾਈ ਹਰਲੀਨ! ਕਿਸੇ ਓਪਰੇ ਨੂੰ ਰਸੋਈ ਵਿੱਚ ਨਾ ਵੜਨ ਦਿਆ ਕਰ। ਕੰਮ ਆਪ ਕਰ ਲਿਆ ਕਰ ਜਾਂ ਕਰਤਾਰ ਕੁਰ ਨੂੰ ਕਹਿ ਦਿਆ ਕਰ।’
ਇਹ ਗੱਲ ਸੁਣ ਤਾਂ ਸਾਰਿਆਂ ਨੇ ਸੁਣੀ-ਅਣਸੁਣੀ ਕਰ ਦਿੱਤੀ। ਸੰਦੀਪ ਦਾ ਚਿੱਤ ਤਾਂ ਕੀਤਾ ਕਿ ਉਹ ਇਕ ਦਮ ਘਰ ‘ਚੋਂ ਬਾਹਰ ਹੋ ਜਾਵੇ ਪਰ ਜ਼ੋਰਾਵਰ ਨਾਲ ਦੋਸਤੀ ਨੇ ਉਸਨੂੰ ਰੋਕ ਲਿਆ।
ਸੰਦੀਪ ਤੇ ਨੀਰੂ ਦੇ ਜਾਣ ਪਿੱਛੋਂ ਜ਼ੋਰਾਵਰ ਨੇ ਆਪਣੇ ਬਾਪ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਪੱਕੀ ਹਦਾਇਤ ਕਰ ਦਿੱਤੀ। ਉਸ ਦਿਨ ਤਾਂ ਕਰਤਾਰ ਕੁਰ ਨੇ ਵੀ ਬਲਦੇਵ ਸਿੰਘ ਨੂੰ ਆਖ ਦਿੱਤਾ, ‘ਤੇਰੀ ਗੰਦੀ ਜ਼ੁਬਾਨ ਕਿਸੇ ਦਿਨ ਕੋਈ ਵੱਡਾ ਕਾਰਾ ਕਰਵਾ ਕੇ ਰਹੂ। ਜੇ ਇਉਂ ਹੀ ਕਰਨਾ ਹੈ ਤਾਂ ਚੱਲ ਮੁੜ ਜਾ ਪਿੰਡ ਨੂੰ। ਤੇਰੇ ਵਰਗੇ ਏਥੇ ਆ ਕੇ ਵੀ ਜਾਤ-ਪਾਤ ਦਾ ਗੰਦ ਪਾਉਣੋਂ ਨਹੀਂ ਟਲਦੇ। ਦੋਨੋਂ ਮੁੰਡੇ ਪਰਦੇਸ਼ਾਂ ’ਚ ਭਰਾਵਾਂ ਵਾਂਗੂੰ ਰਹਿੰਦੇ ਆ…ਇਕ ਦੂਜੇ ਦਾ ਸਹਾਰਾ ਦੋਨਾਂ ਨੂੰ। ਤੇਰਾ ਕਾਲਜਾ ਕਿਉਂ ਮੱਚਦਾ ਰਹਿੰਦੈ। ਤੈਥੋਂ ਜਵਾਕਾਂ ਦਾ ਮੋਹ ਪਿਆਰ ਜਰਿਆ ਨੀ ਜਾਂਦੈ। ਆਇਆ ਵੱਡਾ ਇਹ ਵੱਡੀ ਜਾਤ ਵਾਲਾ। ਮੈਂ ਤਾਂ ਮੁੰਡੇ ਨੂੰ ਆਖ ਦੇਣਾ ਕਿ ਇਹਦੀ ਸੀਟ ਬੁੱਕ ਕਰਵਾ ਕੇ ਤੋਰ ਦੇ ਪਿੰਡ ਨੂੰ।’
…ਤੇ ਜਿਉਂ ਜਿਉਂ ਦਿਨ ਢਲਦਾ ਜਾਂਦਾ ਸੀ, ਬਲਦੇਵ ਸਿਉਂ ਦੀ ਚਿੰਤਾ ਵੱਧਦੀ ਜਾਦੀ ਸੀ। ਫ਼ਿਕਰ ਤਾਂ ਕਰਤਾਰ ਕੁਰ ਨੂੰ ਵੀ ਬਥੇਰਾ ਸੀ ਪਰ ਉਹ ਸ਼ਾਂਤ ਸੀ। ਉਹ ਟਕੋਰ ਵੀ ਲਾ ਜਾਂਦੀ ਕਿ ਇਕ ਦਿਨ ਅਜਿਹਾ ਹੋਣਾ ਹੀ ਸੀ। ਫ਼ਿਕਰ ਤਾਂ ਉਸਨੂੰ ਵੀ ਸੀ ਪਰ ਉਹ ਬਲਦੇਵ ਸਿਉਂ ‘ਤੇ ਸਾਰੀ ਗੱਲ ਸੁੱਟ ਬੈਠੀ ਰਹੀ।
ਬਲਦੇਵ ਸਿੰਘ ਦੀ ਲਾਚਾਰੀ ਉਸ ਦੀਆਂ ਅੱਖਾਂ ਥਾਣੀਂ ਵਹਿ ਤੁਰੀ। ਉਸਨੇ ਆਪਣੀ ਪੱਗ ਦਾ ਲੜ ਢਿੱਲਾ ਕਰਕੇ ਅੱਖਾਂ ਪੱਗ ਦੇ ਲੜ ਨਾਲ ਪੂੰਝ ਕੇ ਦੋਬਾਰਾ ਟੰਗ ਲਿਆ। ਉਸ ਦੀਆਂ ਅੱਖਾਂ ਚੋਂ ਵੱਗਿਆ ਨੀਰ ਦੇਖ ਕੇ ਕਰਤਾਰ ਕੌਰ ਦੀਆਂ ਅੱਖਾਂ ’ਚੋਂ ਵੀ ਹੰਝੂ ਕਿਰੇ ਜਿਹੜੇ ਪਾਰਕ ਦੇ ਹਰੇ ਘਾਹ ਨੇ ਪੀ ਲਏ ।
ਢਲਦਾ ਦਿਨ ਦੇਖ ਕੇ ਬਲਦੇਵ ਸਿਉਂ ਨੇ ਆਪਣੀ ਜੇਬ ਚੋਂ ਫ਼ੋਨ ਕੱਢਿਆ ਤੇ ਕਰਤਾਰ ਕੁਰ ਨਾਲ ਸਲਾਹ ਮਸ਼ਵਰਾ ਕੀਤੇ ਬਿਨਾ ਹੀ ਸੰਦੀਪ ਦਾ ਨੰਬਰ ਘੁੰਮਾ ਲਿਆ। ਸੰਦੀਪ ਨੇ ਫ਼ੋਨ ਨਾ ਚੁੱਕਿਆ। ਬਲਦੇਵ ਸਿਉਂ ਦੇ ਦਿਮਾਗ ਵਿੱਚ ਖਿਆਲ ਆਇਆ ਕਿ ਹੋ ਸਕਦਾ ਹੈ ਉਸਦੀ ਨੂੰਹ ਨੇ ਸੰਦੀਪ ਨੂੰ ਦੱਸ ਦਿੱਤਾ ਹੋਵੇ, ਨਹੀਂ ਤਾਂ ਉਸਨੇ ਫ਼ੋਨ ਚੁੱਕ ਲੈਣਾ ਸੀ। ਸੰਦੀਪ ਵੀ ਤਾਂ ਓਹਦਾ ਹੀ ਪੱਖ ਲਊ!
‘ਐਸ ਵੇਲੇ ਉਸਨੇ ਕਿੱਥੇ ਜਾਣਾ ਆ? ਅੱਜ ਤਾਂ ਉਸਨੂੰ ਛੁੱਟੀ ਹੈ। ਚੱਲ ਕੁਝ ਦੇਰ ਠਹਿਰ ਕੇ ਫ਼ੋਨ ਕਰਦਾਂ ਨਹੀਂ ਤਾਂ ਫਿਰ ਕੁਝ ਹੋਰ ਸੋਚਣਾ ਪਊ।’ ਉਹ ਖਿਆਲਾਂ ਦੀ ਉਧੇੜ ਬੁਣ ’ਚ ਉਲਝਿਆ ਹੋਇਆ ਸੀ।
ਤੇ ਫਿਰ ਉਹ ਸੀਨ ਜਿਸ ਦਿਨ ਸੰਦੀਪ ਤੇ ਉਸਦੀ ਪਤਨੀ ਉਨ੍ਹਾਂ ਨੂੰ ਮਿਲਣ ਆਏ ਸੀ। ਟੇਬਲ ਤੇ ਪਾਈ ਰੋਟੀ ਛੱਡ ਕੇ ਉਹ ਕਮਰੇ ’ਚ ਜਾ ਬੈਠਾ ਸੀ, ਯਾਦ ਆ ਗਿਆ।
ਬਲਦੇਵ ਨੂੰ ਖ਼ਿਆਲ ਆਇਆ ਕਿ ਸ਼ਾਇਦ ਸੰਦੀਪ ਉਸਦਾ ਫ਼ੋਨ ਨਹੀਂ ਚੁੱਕੇਗਾ। ਪਹਿਲਾਂ ਗੱਲ ਹੋਰ ਸੀ। ਜ਼ੋਰਾਵਰ ਇਹਦਾ ਯਾਰ ਸੀ। ਅਸੀਂ ਕੀ ਲੱਗਦੇ ਆਂ ਇਹਦੇ। ਨਾਲੇ ਅਸੀਂ ਕਿਹੜਾ ਕਦੇ ਇਸਨੂੰ ਪਿਆਰ ਨਾਲ ਬੁਲਾਇਆ ਆ!
ਬਲਦੇਵ ਸਿਉਂ ਦੇ ਕਾਲਜੇ ’ਚ ਧੂਹ ਜੇਹੀ ਪਈ ਤੇ ਉਹ ਕਰਤਾਰ ਕੁਰ ਨੂੰ ਕਹਿਣ ਲੱਗਾ, ‘ਆਹ ਦੇਈਂ ਇਕ ਗੋਲੀ।’
ਕਰਤਾਰ ਕੁਰ ਨੇ ਅਜੇ ਗੋਲੀ ਤੋਂ ਪੇਪਰ ਲਾਹ ਕੇ ਉਸਨੂੰ ਫੜਾਈ ਹੀ ਸੀ ਕਿ ਬਲਦੇਵ ਸਿੰਘ ਦੇ ਕੋਲ ਬੈਂਚ ’ਤੇ ਪਿਆ ਫ਼ੋਨ ਖੜਕ ਪਿਆ। ਉਸਨੇ ਕਾਹਲ ਨਾਲ ਫ਼ੋਨ ਚੁੱਕਿਆ ਤੇ ਅਗਲੇ ਪਾਸੇ ਤੋਂ ਸੰਦੀਪ ਬੋਲ ਰਿਹਾ ਸੀ ।
‘ਕੀ ਹਾਲ ਹੈ ਪੁੱਤ ਸੰਦੀਪ …।’ ਬਲਦੇਵ ਸਿਉਂ ਨੇ ਬੜੇ ਪਿਆਰ ਨਾਲ ਕਿਹਾ।
ਸੰਦੀਪ ਨੂੰ ਕੁਝ ਸ਼ੱਕ ਜਿਹਾ ਹੋਇਆ। ਉਸਦੀ ਆਵਾਜ਼ ਦੀ ਟੋਨ ਪਹਿਲਾਂ ਨਾਲੋਂ ਵੱਖਰੀ ਸੀ।
‘ਅਸੀਂ ਠੀਕ ਠਾਕ ਹਾਂ। ਤੁਸੀ ਸੁਣਾਉ’ ਸੰਦੀਪ ਨੇ ਬੜੇ ਅਦਬ ਨਾਲ ਪੁੱਛਿਆ।
ਬਲਦੇਵ ਸਿੰਘ ਕੁਝ ਝਿਜਕਿਆ। ਉਸਨੂੰ ਇਕ ਦਮ ਯਾਦ ਆ ਗਿਆ ਕਿ ਕਿਵੇਂ ਉਸਨੇ ਗੱਲਾਂ ਗੱਲਾਂ ਵਿੱਚ ਸੰਦੀਪ ਤੇ ਉਸਦੀ ਪਤਨੀ ਦੀ ਬੇਇਜ਼ਤੀ ਕੀਤੀ ਸੀ ਜਦੋਂ ਉਹ ਆਪਣੇ ਘਰੋਂ ਵੇਸਣ ਦੀ ਬਰਫ਼ੀ ਬਣਾ ਕੇ ਲਿਆਈ ਸੀ। ਉਸਨੇ ਬੜੀ ਬੇਸ਼ਰਮੀ ਅਤੇ ਬੇਰਹਿਮੀ ਨਾਲ ਆਖਿਆ ਸੀ, ‘ਏਥੇ ਆ ਕੇ ਤਾਂ ਕੋਹੜ ਕਿਰਲੀਆਂ ਵੀ ਸ਼ਤੀਰਾਂ ਨੂੰ ਜੱਫ਼ੇ ਪਾਉਣ ਲੱਗ ਜਾਂਦੀਆਂ ਆ’
ਉਹ ਸ਼ਾਇਦ ਕੁਝ ਹੋਰ ਵੀ ਊਲ-ਜਲੂਲ ਬੋਲ ਦਿੰਦਾ ਜੇਕਰ ਜ਼ੋਰਾਵਰ ਨੇ ਅੱਖਾਂ ਦੀ ਘੂਰ ਨਾਲ ਚੁੱਪ ਰਹਿਣ ਦਾ ਇਸ਼ਾਰਾ ਨਾ ਕੀਤਾ ਹੁੰਦਾ।
ਬਲਦੇਵ ਸਿਉਂ ਨੂੰ ਚਿੰਤਾ ਸੀ ਕਿ ਸੰਦੀਪ ਉਸਦੀ ਬੇਇਜ਼ਤੀ ਨਾ ਕਰ ਦੇਵੇ।
ਪਰ ਝਿਜਕਣ ਦਾ ਵੇਲਾ ਨਹੀਂ ਸੀ। ਆਪਣੇ ਦਿਲ ਦੀ ਗੱਲ ਕਰਨੀ ਹੀ ਪੈਣੀ ਸੀ। ਗੱਲ ਉਸਦੇ ਬੁਲ੍ਹਾਂ ’ਤੇ ਆ ਕੇ ਰੁਕ ਗਈ। ਬਲਦੇਵ ਸਿੰਘ ਦਾ ਸਾਰਾ ਸਰੀਰ ਕੰਬਣ ਲੱਗਾ। ਉਸਦਾ ਚਿੱਤ ਤਾਂ ਕੀਤਾ ਕਿ ਫ਼ੋਨ ਕੱਟ ਦੇਵੇ ਪਰ ਕੱਟਿਆਂ ਕਿੱਥੇ ਸਰਨਾ ਸੀ।
ਉਸਨੇ ਮਨ ਕਰੜਾ ਕਰ ਕੇ ਕਿਹਾ, ‘ਸੰਦੀਪ…ਮੈਂ ਤੇ ਤੇਰੀ ਚਾਚੀ ਸਵੇਰ ਤੋਂ ਹੀ ਪਾਰਕ ’ਚ ਬੈਠੇ ਆਂ। ਤੇਰੀ ਭਰਜਾਈ ਹਰਲੀਨ ਨੇ ਸਾਨੂੰ ਘਰੋਂ ਕੱਢ ਦਿੱਤਾ ਆ। ਪਤਾ ਨੀ ਲੱਗਦਾ ਹੁਣ ਕਿੱਥੇ ਜਾਈਏ?’
ਸੰਦੀਪ ਇਕ ਦਮ ਬੋਲ ਪਿਆ, ’ਚਾਚਾ ਜੀ…ਫ਼ਿਕਰ ਨਾ ਕਰੋ। ਹੁਣੇ ਆਇਆ। ਮੇਰੇ ਹੁੰਦਿਆਂ ਤੁਸੀਂ ਕਿੱਥੇ ਜਾਣਾ ਹੈ। ਸਾਡਾ ਘਰ ਤੁਹਾਡਾ ਆਪਣਾ ਘਰ ਹੈ।’
ਸੰਦੀਪ ਨੇ ਨੀਰੂ ਨੂੰ ਏਨਾ ਹੀ ਕਿਹਾ ਕਿ ਮੈਂ ਚਾਚਾ ਜੀ ਤੇ ਚਾਚੀ ਜੀ ਨੂੰ ਲੈਣ ਚੱਲਿਆ ਆਂ। ਤੂੰ ਰੋਟੀ ਪਾਣੀ ਦਾ ਪ੍ਰਬੰਧ ਕਰ।
ਨੀਰੂ ਨੂੰ ਪਤਾ ਨਹੀਂ ਸੀ ਕਿ ਸੰਦੀਪ ਉਨ੍ਹਾਂ ਨੂੰ ਕਿੱਥੋਂ ਲੈਣ ਚੱਲਿਆ ਹੈ। ਉਹ ਚਾਚਾ-ਚਾਚੀ ਤੋਂ ਸਮਝ ਗਈ ਸੀ, ਉਹ ਬਲਦੇਵ ਸਿੰਘ ਤੇ ਕਰਤਾਰ ਕੁਰ ਨੂੰ ਲੈਣ ਗਿਆ ਹੈ।
ਸੰਦੀਪ ਨੇ ਦੂਰੋਂ ਹੀ ਬਲਦੇਵ ਸਿੰਘ ਤੇ ਕਰਤਾਰ ਕੁਰ ਨੂੰ ਬੈਂਚ ਤੇ ਬੈਠੇ ਦੇਖ ਲਿਆ। ਉਨ੍ਹਾਂ ਦੀ ਨਜ਼ਰ ਵੀ ਪਾਰਕਿੰਗ ਵੱਲ ਟਿਕੀ ਹੋਈ ਸੀ।
ਸੰਦੀਪ ਨੇ ਬਿਨਾ ਕੋਈ ਸਵਾਲ ਕੀਤੇ ਉਨ੍ਹਾਂ ਨੂੰ ਕਾਰ ਵਿੱਚ ਬਿਠਾਇਆ ਤੇ ਆਪਣੇ ਘਰ ਲੈ ਆਇਆ।
ਬਲਦੇਵ ਸਿਉਂ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਪਰ ਸੰਦੀਪ ਨੇ ਵਿੱਚੋਂ ਹੀ ਟੋਕ ਕੇ ਕਿਹਾ, ‘ਚਾਚਾ ਜੀ ਤੁਸੀਂ ਮੈਨੂੰ ਓਦੋਂ ਹੀ ਕਿਉਂ ਨਹੀਂ ਦੱਸਿਆ। ਤੁਸੀਂ ਮੇਰੇ ਹੁੰਦਿਆਂ ਸਵੇਰ ਦੇ ਪਾਰਕ ਵਿੱਚ ਕਿਉਂ ਬੈਠੇ ਰਹੇ। ਮੈਨੂੰ ਤੁਸੀਂ ਬੇਗਾਨਾ ਕਿਉਂ ਸਮਝਿਆ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ।’
ਸੰਦੀਪ ਦੀਆਂ ਗੱਲਾਂ ਸੁਣ ਕੇ ਬਲਦੇਵ ਸਿੰਘ ਤੇ ਕਰਤਾਰ ਸਿਉਂ ਦੀਆਂ ਅੱਖਾਂ ਚੋਂ ਤ੍ਰਿਪ ਤ੍ਰਿਪ ਪਾਣੀ ਵਹਿ ਤੁਰਿਆ। ਨੀਰੂ ਨੇ ਅੱਗੇ ਵੱਧ ਕੇ ਦੋਨਾਂ ਨੂੰ ਬੜੀ ਨਿੱਘੀ ਜਿਹੀ ਗਲਵਕੜੀ ਪਾਈ ਤੇ ਬੋਲੀ, ‘ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਕੰਮ ਨਹੀਂ ਕਰਦੀ। ਮੈਨੂੰ ਓਦੋਂ ਹੀ ਫ਼ੋਨ ਕਰ ਦੇਣਾ ਸੀ!’
ਅੱਜ ਤਾਂ ਅਸੀਂ ਦੋਨੋਂ ਹੀ ਘਰ ਸਾਂ। ਮੈਨੂੰ ਬੁਰਾ ਲੱਗ ਰਿਹੈ ਕਿ ਸਾਡੇ ਹੁੰਦਿਆਂ ਤੁਸੀਂ ਪਾਰਕ ਵਿੱਚ ਭੁੱਖੇ-ਤਿਹਾਏ ਬੈਠੇ ਰਹੇ।’
ਨੀਰੂ ਨੇ ਜਲਦੀ ਜਲਦੀ ਰੋਟੀ ਬਣਾਈ ਤੇ ਬੜੇ ਅਦਬ ਨਾਲ ਉਨ੍ਹਾਂ ਨੂੰ ਖਵਾਈ ਤੇ ਸੌਣ ਦਾ ਕਮਰਾ ਦਿਖਾ ਦਿੱਤਾ।
ਅਗਲੀ ਸਵੇਰੇ ਸੰਦੀਪ ਤੇ ਨੀਰੂ ਹਰਲੀਨ ਕੋਲੋਂ ਬਲਦੇਵ ਸਿਉਂ ਤੇ ਕਰਤਾਰ ਕੁਰ ਦੇ ਲੀੜੇ ਕਪੜੇ ਤੇ ਦਵਾਈ ਆਦਿ ਫੜ ਲਿਆਏ।
ਦੋ ਤਿੰਨ ਦਿਨ ਸੰਦੀਪ ਦੇ ਘਰ ਰਹਿਣ ਮਗਰੋਂ ਬਲਦੇਵ ਸਿੰਘ ਸੰਦੀਪ ਨੂੰ ਆਖਣ ਲੱਗਾ, ‘ਪੁੱਤ ਸੰਦੀਪ ਅਸੀਂ ਕਿੰਨਾ ਚਿਰ ਤੇਰੇ ਤੇ ਬੋਝ ਬਣ ਕੇ ਬੈਠਾਂਗੇ। ਤੂੰ ਇਉਂ ਕਰ ਸਾਡਾ ਭਾਰਤ ਦਾ ਟਿਕਟ ਕਟਾ ਦੇ। ਅਸੀਂ ਪਿੰਡ ਜਾ ਕੇ ਤੇਰੇ ਖ਼ਾਤੇ ’ਚ ਪੈਸੇ ਪਾ ਦਿਆਂਗੇ ਜਾ ਤੇਰੇ ਬਾਪੂ ਨੂੰ ਦੇ ਦੇਵਾਂਗੇ।’
ਸੰਦੀਪ ਹੱਸਿਆ ਤੇ ਕਹਿਣ ਲੱਗਾ, ‘ਚਾਚਾ ਜੀ ਤੁਸੀਂ ਮੇਰੇ ’ਤੇ ਬੋਝ ਨਹੀਂ ਹੋ। ਤੁਸੀਂ ਜਿੰਨਾ ਚਿਰ ਚਾਹੋ ਸਾਡੇ ਨਾਲ ਰਹਿ ਸਕਦੇ ਹੋ। ਬੋਝ ਸ਼ਬਦ ਕਹਿ ਕੇ ਮੈਨੂੰ ਨੀਵਾਂ ਨਾ ਕਰੋ।’
ਬਲਦੇਵ ਸਿਉਂ ਨੂੰ ਸ਼ਰਮ ਜਿਹੀ ਮਹਿਸੂਸ ਹੋਈ ਤੇ ਸੋਚਣ ਲੱਗ ਪਿਆ ਕਿ ਜਿਸਨੂੰ ਮੈਂ ਨੀਵਾਂ ਸਮਝਦਾ ਰਿਹਾ, ਉਹ ਕਿੰਨਾ ਉੱਚਾ ਹੈ।
ਸੰਦੀਪ ਨੇ ਬਲਦੇਵ ਸਿੰਘ ਦੇ ਜ਼ੋਰ ਪਾਉਣ ਤੇ ਭਾਰਤ ਦੇ ਟਿਕਟ ਤੇ ਹੋਰ ਨਿੱਕ-ਸੁੱਕ ਲੈ ਦਿੱਤਾ। ਏਥੋਂ ਤੱਕ ਕਿ ਰਿਸ਼ਤੇਦਾਰਾਂ ਲਈ ਵੀ ਕੁਝ ਨਾ ਕੁਝ ਲੈ ਦਿੱਤਾ ਤਾਂ ਜੋ ਇਨ੍ਹਾਂ ਦੇ ਦਿਲ ਵਿੱਚ ਨਾ ਆਵੇ ਕਿ ਜੇ ਜ਼ੋਰਾਵਰ ਜਿਊਂਦਾ ਹੁੰਦਾ ਤਾਂ ਸਾਨੂੰ ਕੁਝ ਲੈ ਕੇ ਨਾ ਦਿੰਦਾ। ਸੰਦੀਪ ਨੇ ਭਰਾਵਾਂ ਵਰਗੇ ਦੋਸਤ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਆਪਣੀਆਂ ਜ਼ਿਮੇਵਾਰੀਆਂ ਸਮਝ ਕੇ ਨਿਭਾਇਆ।
ਏਅਰਪੋਰਟ ਤੇ ਜਾਣ ਲੱਗਿਆਂ ਬਲਦੇਵ ਸਿੰਘ ਨੇ ਸੰਦੀਪ ਨੂੰ ਆਪਣੀਆਂ ਬਾਹਾਂ ’ਚ ਲੈਂਦਿਆਂ ਆਖ ਹੀ ਦਿੱਤਾ, ‘ਪੁੱਤਰਾ! ਮੈਨੂੰ ਮੁਆਫ਼ ਕਰੀਂ। ਅੱਜ ਤੱਕ ਮੇਰੇ ਅੰਦਰਲਾ ਜੱਟ ਤੈਨੂੰ ਨੀਵਾਂ ਸਮਝਦਾ ਰਿਹਾ। ਅੱਜ ਤੇਰੇ ਕਿਰਦਾਰ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਕਿ ਨੀਵਾਂ ਤੂੰ ਨਹੀਂ…ਨੀਵਾਂ ਮੈਂ ਹਾਂ।’