ਚੱਲ ਮੀਆਂ! ਬੰਦੇ ਨੂੰ ਲੱਭੀਏ

ਡਾ ਗੁਰਬਖ਼ਸ਼ ਸਿੰਘ ਭੰਡਾਲ
ਅੱਜ ਕੱਲ ਬੰਦਾ ਗਵਾਚ ਗਿਆ ਏ। ਕਿਧਰੇ ਨਹੀਂ ਥਿਆਉਂਦਾ। ਪਤਾ ਨਹੀਂ ਕਿਹੜੇ ਖੂਹ-ਖਾਤੇ `ਚ ਡਿੱਗ ਪਿਆ ਜਾਂ ਕਿਸੇ ਜੰਗਲ ਬੇਲੀਂ ਖੁਦ ਨੂੰ ਤਲਾਸ਼ਦਾ, ਬੌਂਦਲਿਆ ਫਿਰਦਾ। ਬੜੀ ਕੋਸ਼ਿਸ਼ ਕਰਦਾ ਹਾਂ ਕਿ ਕੋਈ ਤਾਂ ਬੰਦਾ ਮਿਲੇ ਜਿਸ ਨਾਲ ਬੰਦਿਆ ਵਰਗੀ ਗੁਫ਼ਤਗੂ ਕਰੀਏ। ਬੰਦਿਆਈ ਦੀਆਂ ਬਾਤਾਂ ਪਾਈਏ। ਪਤਾ ਕਰੀਏ ਕਿ ਉਸਦੇ ਅੰਦਰ ਕੀ ਚੱਲ ਰਿਹਾ ਏ ਅਤੇ ਉਹ ਕਿਹੜੀਆਂ ਗਿਣਤੀਆਂ ਮਿਣਤੀਆਂ ਵਿਚ ਉਲਝਿਆ, ਭੁੱਲ-ਭੁਲੱਈਆਂ ਦਾ ਸ਼ਿਕਾਰ ਏ?

ਕੀ ਬੰਦੇ ਨੂੰ ਇਹ ਵੀ ਪਤਾ ਕਿ ਉਹ ਸੱਚੀਂ ਗਵਾਚ ਚੁੱਕਾ ਏ ਅਤੇ ਉਸਦੀ ਗੁੰਮਸ਼ੁਦਗੀ ਦਾ ਚਾਰੇ ਪਾਸੇ ਢਿੰਢੋਰਾ ਏ? ਪਰ ਇਹ ਢਿੰਡੋਰਾ ਕੁਝ ਕੁ ਵਿਰਲਿਆਂ ਨੂੰ ਹੀ ਸੁਣਾਈ ਦਿੰਦਾ ਅਤੇ ਅਫ਼ਸੋਸ ਕਿ ਵਿਰਲਿਆਂ `ਚ ਵਿਰਲਾ ਗਵਾਚਿਆ ਬੰਦਾ ਕਿਉਂ ਨਹੀਂ?
ਸਾਡੇ ਸਮਿਆਂ ਦਾ ਇਹ ਕੇਹਾ ਵਿਕਰਾਲ ਰੂਪ ਏ ਕਿ ਬੰਦਾ ਹੀ ਬੰਦੇ ਵਿਚੋਂ ਗੁੰਮ ਜਾਵੇ। ਇਕੱਲਾ ਬੰਦਾ ਨਹੀਂ ਗਵਾਚਦਾ, ਉਸ ਨਾਲ ਬਹੁਤ ਕੁਝ ਬੀਤੇ ਦਾ ਹਿੱਸਾ ਬਣ ਕੇ ਦਫ਼ਨ ਹੋ ਜਾਂਦਾ। ਫਿਰ ਦਫ਼ਨ ਹੋਇਆਂ ਨੂੰ ਕਿਹਨੇ ਭਾਲਣਾ ਅਗਰ ਅਸੀਂ ਜਿਉਂਦੇ ਜੀਅ ਹੀ ਗਵਾਚੇ ਬੰਦੇ ਦੀ ਭਾਲ ਨਾ ਕਰ ਸਕੇ? ਕਦੇ ਆਲੇ-ਦੁਆਲੇ ਨਿਗਾਹ ਮਾਰਨਾ। ਦੱਸਣਾ ਕਿ ਅਜੋਕੇ ਸੰਸਾਰਕ ਵਰਤਾਰਿਆਂ ਵਿਚ ਤੁਹਾਨੂੰ ਬੰਦਾ ਦਿਖਾਈ ਦਿੰਦਾ? ਭਾਵੇਂ ਇਹ ਪਰਿਵਾਰਕ ਜੀਵਨ ਵਿਚ ਦਰਪੇਸ਼ ਮੁਸ਼ਕਲਾਂ ਤੇ ਔਕੜਾਂ ਅਤੇ ਇਨ੍ਹਾਂ ਨੂੰ ਸੁਹਜਮਈ ਤਰੀਕੇ ਨਾਲ ਨਜਿੱਠਣਾ ਹੋਵੇ, ਆਪਣੇ ਕਿੱਤੇ ਵਿਚ ਆਪਣੀ ਕੀਰਤੀ ਅਤੇ ਨੀਅਤ ਵਿਚ ਸੰਤੁਲਨ ਬਣਾਉਣਾ ਹੋਵੇ, ਆਪਣੇ ਈਮਾਨ ਨੂੰ ਈਮਾਨਦਾਰੀ ਦੀ ਤੱਕੜੀ ਵਿਚ ਤੋਲਣਾ ਹੋਵੇ, ਆਪਣੇ ਆਪ ਨੂੰ ਆਪਣੇ ਬਿੰਬ ਦੇ ਹਾਣ ਦਾ ਕਰਨਾ ਹੋਵੇ, ਆਪਣੇ ਸਫ਼ਰ ਨੂੰ ਸਿਰਨਾਵੇਂ ਦੀ ਸੇਧ ਅਨੁਸਾਰ ਸਿਰਜਣਾ ਹੋਵੇ ਜਾਂ ਸੰਬੰਧਾਂ ਵਿਚਲੀ ਪਾਕੀਜ਼ਗੀ ਅਤੇ ਪਲੀਤੀ ਵਿਚਲੇ ਫਰਕ ਨੂੰ ਸਮਝਣਾ ਹੋਵੇ?
ਜ਼ਿੰਦਗੀ ਦੇ ਕਿਸੇ ਵੀ ਰੰਗ ਨੂੰ ਦੇਖਣਾ ਭਾਵੇਂ ਇਹ ਸੰਦਲੀ ਸਮਿਆਂ ਦਾ ਦਸਤਾਵੇਜ਼ੀ ਵਰਣਨ ਹੋਵੇ। ਪੱਤਝੱੜਾਂ ਨੂੰ ਪਿੰਡੇ `ਤੇ ਹੰਢਾਉਣ ਦੀ ਦਾਸਤਾਨ ਹੋਵੇ। ਪਿਆਰ-ਮੁਹੱਬਤ ਜਾਂ ਨਫ਼ਰਤ ਦੀਆਂ ਕਲਮਾਂ ਲਾਉਣੀਆਂ ਹੋਣ। ਕਿਸੇ ਧਰਤ ਦੇ ਨਾਵੇਂ ਫਸਲਾਂ ਦੇ ਬੋਹਲ਼ ਕਰਨੇ ਹੋਣ ਜਾਂ ਖੇਤਾਂ ਵਿਚ ਖੁਦਕੁਸ਼ੀਆਂ ਉਗਾਉਣੀਆਂ ਹੋਣ, ਤੁਹਾਨੂੰ ਬੰਦਾ ਨਹੀਂ ਸਗੋਂ ਬਹੁਰੂਪੀਆ ਨਜ਼ਰ ਆਵੇਗਾ।
ਅੱਜ-ਕੱਲ੍ਹ ਬੰਦਾ ਨਹੀਂ ਸਗੋਂ ਬੰਦੇ ਦਾ ਰੋਬੋਟੀ ਰੂਪ ਹਰ ਥਾਂ ਅਤੇ ਗਰਾਂ ਹਾਜ਼ਰ-ਨਾਜ਼ਰ। ਭਲਾ! ਰੋਬੋਟ ਵਿਚੋਂ ਤੁਸੀਂ ਮਨੁੱਖੀ ਭਾਵਨਾਵਾਂ ਦਾ ਅਹਿਸਾਸ ਕਿਵੇਂ ਮਹਿਸੂਸ ਕਰ ਸਕਦੇ ਹੋ? ਮਨੁੱਖ ਨੂੰ ਮਨੁੱਖ ਸਮਝ ਕੇ ਉਸ ਦੀਆਂ ਤਮੰਨਾਵਾਂ ਅਤੇ ਤਰਜੀਹਾਂ ਦਾ ਅਦਬ ਕਰਨਾ ਅਤੇ ਆਪਣੇ ਵਰਤਾਰੇ ਨਾਲ ਕਿਸੇ ਨੂੰ ਮਾਨਸਿਕ ਚੋਟ ਤੋਂ ਬਚਾਈ ਰੱਖਣ ਵਾਲੇ ਬੰਦੇ ਤਾਂ ਕਿਧਰੇ ਵੀ ਨਹੀਂ ਲੱਭਦੇ?
ਜਦ ਸਾਡੇ ਅਦਾਰਿਆਂ ਤੇ ਕਲੋਨਜ਼ ਕਾਬਜ਼ ਹੋ ਜਾਂਦੇ ਤਾਂ ਬੰਦੇ ਦਾ ਗਾਇਬ ਹੋ ਜਾਣਾ ਨਿਸ਼ਚਿਤ। ਕਲੋਨਜ਼ ਨੂੰ ਕਿਸੇ ਖਾਸ ਮਕਸਦ ਲਈ ਇਕ ਵੱਖਰੇ ਰੂਪ ਵਿਚ ਪੋ੍ਰਗਰਾਮ ਕੀਤਾ ਜਾਂਦਾ। ਇਹੀ ਪੋ੍ਰਗਰਾਮਿੰਗ ਮਨੁੱਖਤਾ ਦੇ ਨਾਸ਼ ਦਾ ਸਬੱਬ ਜ਼ਰੂਰ ਸਿਰਜੇਗੀ। ਇਹ ਕਲੋਨਜ਼ ਅੱਜ-ਕੱਲ੍ਹ ਸਾਡੇ ਜੀਵਨ ਦੇ ਹਰ ਪਲ ਨੂੰ ਵਿਨਾਸ਼ ਵੱਲ ਲਿਜਾ ਰਹੇ ਹਨ।
ਜਦ ਬੰਦਾ ਕਿਸੇ ਵਿਅਕਤੀ ਨੂੰ ਆਪਣੇ ਨਿੱਜੀ ਮੁਫ਼ਾਦ ਲਈ ਵਰਤਣਾ ਸ਼ੁਰੂ ਕਰ ਦੇਵੇ। ਕਿਸੇ ਨੂੰ ਵਿਸਾਖੀਆਂ ਬਣਾ ਕੇ ਟੀਸੀ `ਤੇ ਪਹੁੰਚਣ ਦਾ ਹੀਲਾ ਕਰੇ। ਆਪਣੇ ਮਹਿਲ-ਮੁਨਾਰਿਆਂ ਲਈ ਕਿਸੇ ਦੀ ਕੁੱਲੀ ਦੇ ਕੱਖ ਵੀ ਉਡਾ ਦੇਵੇ। ਆਪਣੇ ਖੇਤਾਂ ਨੂੰ ਫਾਰਮ ਬਣਾਉਣ ਲਈ ਕਿਸੇ ਗਰੀਬ ਜੱਟ ਦੀਆਂ ਵੱਟਾਂ ਵੀ ਵਾਹ ਲਵੇ ਜਾਂ ਮਾਇਕ ਮੁਫ਼ਾਦ ਲਈ ਉਹ ਆਪਣੇ ਗੁਆਂਢੀਆਂ ਦੇ ਬੱਚਿਆਂ ਨੂੰ ਨਸ਼ਿਆਂ `ਤੇ ਲਾਵੇ ਅਤੇ ਫਿਰ ਉਸਦੀ ਸਮੁੱਚੀ ਜਾਇਦਾਦ ਨੂੰ ਹਥਿਆਉਣ ਦਾ ਕੋਹਝਾ ਯਤਨ ਕਰੇ ਤਾਂ ਬੰਦੇ ਦੇ ਗਵਾਚਣ ਦੀ ਸ਼ਾਹਦੀ ਭਰਨ ਦੀ ਵੀ ਲੋੜ ਨਹੀਂ ਰਹਿੰਦੀ।
ਇਹ ਬੰਦੇ ਦੇ ਗੁੰਮ ਹੋਣ ਦਾ ਕੇਹਾ ਆਲਮ ਕਿ ਬੰਦਾ ਖੁਦ ਹੀ ਵਿਕਾਊ ਹੋ ਗਿਆ। ਜਦ ਬੰਦਾ ਵਿਕਣ ਲੱਗ ਪਵੇ ਤਾਂ ਉਸਦੀ ਮੰਡੀ ਲੱਗਦੀ। ਫਿਰ ਇਹ ਵਪਾਰੀ `ਤੇ ਨਿਰਭਰ ਕਰਦਾ ਕਿ ਉਸ ਨੇ ਇਸਨੂੰ ਕਿੰਨਾ ਜ਼ਲ਼ੀਲ਼ ਕਰ ਕੇ ਆਪਣੇ ਮਨਮਰਜ਼ੀ ਦੇ ਭਾਅ ਖਰੀਦਣਾ। ਖਰੀਦੇ ਹੋਏ ਬੰਦੇ ਗੁਲਾਮ ਤਾਂ ਹੋ ਸਕਦੇ ਪਰ ਇਹ ਬੰਦੇ ਨਹੀਂ ਹੁੰਦੇ।
ਬੰਦਾ ਗਵਾਚਦਾ ਤਾਂ ਨੈਤਿਕਤਾ ਗੁੰਮ ਹੋ ਜਾਂਦੀ। ਕਦਰਾਂ-ਕੀਮਤਾਂ ਸੂਲੀ `ਤੇ ਲਟਕਾਈਆਂ ਜਾਂਦੀਆਂ। ਸੰਬੰਧਾਂ ਵਿਚਲੀ ਪ੍ਰਪੱਕਤਾ ਅਤੇ ਪਾਕੀਜ਼ਗੀ ਗੰਧਲੀ ਹੁੰਦੀ। ਰਿਸ਼ਤਿਆਂ ਵਿਚ ਉਗਦੀਆਂ ਤਰੇੜਾਂ। ਆਪਸੀ ਮੁਹੱਬਤ ਵਿਚ ਪੈਦਾ ਹੋ ਜਾਂਦੀਆਂ ਵਿੱਥਾਂ। ਇਹ ਵਿੱਥਾਂ ਹੀ ਹੁੰਦੀਆਂ ਜੋ ਨੇੜੇ ਹੁੰਦਿਆਂ ਵੀ ਸੱਤ ਸਮੁੰਦਰਾਂ ਦੀ ਦੂਰੀ ਉਪਜਾਉਂਦੀਆਂ।
ਬੰਦੇ `ਚੋਂ ਬੰਦਾ ਕਿੰਝ ਭਾਲਾਂ
ਬੰਦਿਆਂ ਦੇ ਰੂਪ ਹਜ਼ਾਰਾਂ।
ਕੁਝ ਉਜੜੀਆਂ ਬਸਤੀਆਂ ਵਰਗੇ
ਕੁਝ ਮਹਿਕਦੀਆਂ ਗੁਲਜ਼ਾਰਾਂ।

ਬੰਦਾ, ਬੰਦੇ ਦਾ ਦੋਖੀ ਵੀ ਏ
ਤੇ ਬੰਦਾ, ਬੰਦੇ ਦਾ ਦਾਰੂ,
ਬੰਦਾ, ਬੰਦੇ ਲਈ ਕਬਰ ਵੀ ਪੁੱਟੇ
ਤੇ ਬੰਦਾ, ਡਿੱਗੇ ਲਈ ਠਾਹਰਾਂ।

ਬੰਦਾ, ਬੰਦੇ ਲਈ ਬਰਖ਼ੁਰਦਾਰੀ
ਤੇ ਬੰਦਾ ਬਦਤਮੀਜ਼ੀ
ਪਰ ਬੰਦੇ ਦੀ ਭਲਿਆਈ ਉਤੋਂ
ਮੈਂ ਲੱਖ ਬਹਿਸ਼ਤਾਂ ਵਾਰਾਂ।

ਬੰਦਾ ਆਪਣਾ ਤੇ ਬੰਦਾ ਬਿਗਾਨਾ,
ਕੁਝ ਪਿੰਡੇ ਦੀ ਲੋਈ,
ਬੰਦੇ, ਬੰਦੇ `ਚ ਫਰਕ ਹੈ ਹੁੰਦਾ
ਤੇ ਕੁਝ ਬਣਦੈ ਦਸਤਾਰਾਂ।

ਬੰਦੇ ਦੀ ਫ਼ਿਤਰਤ ਬੰਦਿਆਂ ਵਿਚੋਂ
ਰੂਪ ਵਟਾਵੇ ਲੱਖਾਂ,
ਪਰ ਬੰਦਿਆਈ ਨਾ ਕਿਧਰੇ ਦਿੱਸਦੀ
ਨਾ ਗ਼ੈਰਾਂ ਨਾ ਯਾਰਾਂ।

ਬੰਦਾ, ਬੰਦੇ ਦੇ ਚਾਅ ਚੁਰਾਏ
ਤੇ ਸੁਪਨ-ਸੋਚ ਨੂੰ ਨੋਚੇ,
ਕੋਈ ਨਾ ਸੱਖਣੀ ਤਲੀ ਟਿਕਾਏ
ਸੱਜਣਾਂ ਜਹੀਆਂ ਬਹਾਰਾਂ।

ਇਕ ਬੰਦਾ ਸਿਰਨਾਵਾਂ ਖੋਹਵੇ
ਤੇ ਦੂਸਰਾ ਸਫ਼ਰ ਚੁਰਾਵੇ,
`ਕੱਲਾ ਜੀਅ ਬਲਾਵੀਂ ਘਿਰਿਆ
ਕਿੰਝ ਸਭ ਨੂੰ ਛਿੱਛਕਾਰਾਂ।

ਬੰਦਿਆਂ ਬਾਝੋਂ ਘੁੱਪ ਹਨੇਰਾ
ਤੇ ਦਰਗਾਹੇ ਬੁੱਝਿਆ ਦੀਵਾ,
ਕੋਈ ਨਾ ਸੁੰਨੇ ਬੰਨੇਰਿਆਂ ਉਤੇ
ਧਰੇ ਚਿਰਾਗਾਂ ਦੀਆਂ ਡਾਰਾਂ।

ਕੁਝ ਕੁ ਅੰਦਰਲਾ ਬੰਦਾ ਲੱਭ ਕੇ
ਮਿੱਥਦੇ ਖ਼ੁਦ ਤਰਜ਼ੀਹਾਂ,
ਤਾਂ ਹੀ ਉਨ੍ਹਾਂ ਦੇ ਅੰਬਰ ਲਿਸ਼ਕਣ
ਸੂਰਜ ਚੰਨ ਹਜ਼ਾਰਾਂ।

ਅੰਦਰਲੇ ਬੰਦੇ ਦਾ ਕੋਰਾ ਵਰਕਾ
ਸ਼ਬਦ ਸ਼ਬਦ ਜਦ ਹੋਵੇ
ਤਾਂ ਬਹਿ ਖੁਦ ਦੀ ਬੁੱਕਲੇ
ਲਿਖਦਾ ਰੂਹ-ਪੁਕਾਰਾਂ।

ਆਪਣੇ ਪੈਰੀਂ ਸਫ਼ਰ ਉਗਾਉਣਾ
ਬੰਦਿਆਂ ਦੀ ਦਿਲਦਾਰੀ
ਕਿਸੇ ਦੀ ਆਸ ਤੇ ਚਾਨਣ-ਲੋਚਾ
ਬੰਦੇ ਲਈ ਦੁਰਕਾਰਾਂ।

ਇੰਜ ਸੀ ਹੋਇਆ, ਉਂਝ ਸੀ ਹੋਣਾ
ਲੋਕਾਂ ਨੇ ਤਾਂ ਕਹਿਣਾ,
ਜੋ ਹੋਇਆ ਇਹ ਆਪ ਹੀ ਕੀਤਾ
ਬੰਦੇ ਦੀਆਂ ਵਿਚਾਰਾਂ।
ਬੰਦੇ ਤਾਂ ਆਮ ਹੀ ਮਿਲਦੇ ਪਰ ਬੰਦੇ ਦੇ ਅੰਦਰ ਵੱਸਦਾ ਬੰਦਾ ਬਹੁਤ ਹੀ ਵਿਰਲਿਆਂ ਨੂੰ ਥਿਆਉਂਦਾ ਕਿਉਂਕਿ ਅਸੀਂ ਆਪਣੇ ਅੰਦਰ ਵੱਸਦੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ।
ਜਦ ਬੰਦੇ `ਚੋਂ ਬੰਦਾ ਗੁੰਮਦਾ ਤਾਂ ਬਹੁਤ ਕੁਝ ਅਣਕਿਆਸਿਆ ਅਤੇ ਅਣਹੋਇਆ ਵਾਪਰਦਾ। ਇਹ ਬੰਦੇ ਦੇ ਗਵਾਚਣ ਦਾ ਹੀ ਆਲਮ ਹੈ ਕਿ ਸੰਸਾਰ ਕਤਲੋ-ਗਾਰਤ ਦੀ ਧਰਾਤਲ ਬਣ ਗਿਆ। ਨਫ਼ਰਤ ਨੇ ਸਾਨੂੰ, ਸਾਡੇ ਘਰ-ਪਰਿਵਾਰ ਅਤੇ ਸਮਾਜ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਧਰਮ ਨੇ ਪਿਆਰ ਸਿਖਾਉਣਾ ਸੀ ਪਰ ਧਾਰਮਿਕ ਆਗੂਆਂ ਵਿਚੋਂ ਵੀ ਬੰਦਾ ਗੈLਰਹਾਜ਼ਰ ਹੋ ਜਾਵੇ ਤਾਂ ਧਰਮ ਦੇ ਨਾਮ `ਤੇ ਜਾਤਾਂ ਸਿਰਜੀਆਂ ਜਾਂਦੀਆਂ। ਆਪਣੇ ਧਰਮ ਨੂੰ ਉਚਾ ਤੇ ਵੱਡਾ ਸਿੱਧ ਕਰਨ ਲਈ ਦੂਸਰੇ ਧਰਮ ਨੂੰ ਨਿੰਦਿਆ ਜਾਂਦਾ। ਇਹ ਕੇਹੀ ਅਵੱਗਿਆ ਕਿ ਹੁਣ ਤਾਂ ਮਨੁੱਖ, ਕਿਸੇ ਹੋਰ ਧਰਮ ਦੇ ਧਾਰਮਿਕ ਅਸਥਾਨ ਦੇ ਮਲਬੇ `ਤੇ ਆਪਣਾ ਧਾਰਮਿਕ ਅਸਥਾਨ ਬਣਾ ਕੇ, ਆਪਣੇ ਧਰਮ ਦਾ ਝੰਡਾ ਬੁਲੰਦ ਕਰਨ ਦੀ ਕੋਝੀ ਹਰਕਤ ਨੂੰ ਆਪਣਾ ਸਨਮਾਨ ਸਮਝਣ ਲੱਗ ਗਿਆ।
ਬੰਦਾ ਸਿਰਫ਼ ਬਾਹਰੀ ਰੂਪ ਵਿਚ ਹੀ ਨਹੀਂ ਗੁੰਮਿਆ ਸਗੋਂ ਬੰਦੇ ਅੰਦਰੋਂ ਗੁੰਮ ਗਏ ਬੰਦੇ ਕਾਰਨ ਹੀ ਮਨੁੱਖੀ ਮਨ ਵਿਚ ਕਰੂਰਤਾ ਪੈਦਾ ਹੁੰਦੀ। ਜਦ ਉਹ ਨਿੱਕੀਆਂ-ਨਿੱਕੀਆਂ ਬੱਚੀਆਂ ਦੀ ਪੱਤ ਲੁੱਟਦਾ ਤਾਂ ਕਦਰਾਂ-ਕੀਮਤਾਂ ਤਾਰ ਤਾਰ ਹੁੰਦੀਆਂ। ਸਮਾਜਿਕ ਤੰਦਾਂ ਦੀ ਕੋਮਲਤਾ ਨੂੰ ਆਪਣੀ ਧੌਂਸ ਨਾਲ ਮਿੱਧਣ ਲਈ ਬੰਦਾ ਹੀ ਕਸੂਰਵਾਰ ਹੈ? ਨਹੀਂ! ਇਹ ਬੰਦੇ ਦੇ ਅੰਦਰੋਂ ਗੈਰਹਾਜ਼ਰ ਹੋਏ ਬੰਦੇ ਦੀ ਗਵਾਹੀ।
ਬੰਦੇ ਦੀ ਗੁੰਮਸ਼ੁਦੀ ਕਾਰਨ ਹੀ ਅਸੀਂ ਕੁਦਰਤ ਦੀ ਬੇਰੁਹਮਤੀ ਕਰਨ, ਕੁਦਰਤੀ ਦਾਤਾਂ ਦੀ ਬੇਥਵੀ ਅਤੇ ਬੋਲੋੜੀ ਵਰਤੋਂ, ਇਸਦੀ ਪਲੀਤਪੁਣੇ ਅਤੇ ਤਬਾਹੀ ਵਿਚ ਮੁੱਖ ਭੂਮਿਕਾ ਨਿਭਾ ਰਹੇ ਹਾਂ। ਇਹ ਬੰਦੇ ਦੀ ਸੋਝੀ ਵਿਚਲਾ ਵਿਗਾੜ ਹੀ ਹੈ ਕਿ ਗੈਰਹਾਜ਼ਰ ਵਿਅਕਤੀ ਕੁਦਰਤ ਤੋਂ ਦੂਰ ਜਾਂਦਾ ਸਿਰਫ਼
ਆਪਣੀ ਕਬਰ ਦੀ ਖੁਦਾਈ ਹੀ ਕਰ ਰਿਹਾ।
ਜਿੰਨਾ ਚਿਰ ਬੰਦੇ ਵਿਚ ਬੰਦਾ ਵੱਸਦਾ ਸੀ, ਉਹ ਸੀਮਤ ਸਾਧਨਾਂ ਨਾਲ ਸੁਖਨ ਅਤੇ ਸਹਿਜ ਦਾ ਸਿਰਨਾਵਾਂ ਸੀ। ਉਸਦੇ ਮਨ ਵਿਚ ਕਦੇ ਖੁਦਕੁਸ਼ੀ ਦਾ ਵਿਚਾਰ ਨਹੀਂ ਸੀ ਆਇਆ ਕਿਉਂਕਿ ਉਹ ਕੁਦਰਤ ਦੀ ਆਗਿਆ ਦਾ ਪਾਲਣ ਕਰਦਾ, ਆਪਣੀ ਜੀਵਨ-ਜਾਚ ਨੂੰ ਬਦਲਦੇ ਹਾਲਾਤ ਅਤੇ ਲੋੜਾਂ ਅਨੁਸਾਰ ਢਾਲ ਕੇ ਜੀਵਨ ਨੂੰ ਭਰਪੂਰ ਜਿਉਂਦਾ ਸੀ। ਪਰ ਜਦੋਂ ਦਾ ਬੰਦੇ ਵਿਚ ਬੰਦਾ ਗੁੰਮਿਆ ਏ
ਉਸ ਨੇ ਆਪਣੀਆਂ ਇੱਛਾਵਾਂ ਅਤੇ ਤਮੰਨਾਵਾਂ ਨੂੰ ਇੰਨਾ ਬੇਲਗਾਮ ਕਰ ਲਿਆ ਕਿ ਉਹ ਬਹੁਤਾਤ ਵਿਚੋਂ ਹੀ ਸੁੱਖ ਨੂੰ ਭਾਲਦਾ, ਸਿਰਫ਼ ਦੁੱਖਾਂ ਨਾਲ ਪੀੜਤ ਹੁੰਦਿਆਂ ਆਪਣੇ ਜੀਵਨ ਨੂੰ ਵਿਅਰਥ ਹੀ ਗਵਾ ਦਿੰਦਾ ਏ।
ਕੀ ਬੰਦੇ ਵਿਚੋਂ ਗੁੰਮ ਹੋਏ ਬੰਦੇ ਕਾਰਨ ਬੰਦਾ ਜ਼ਿਆਦਾ ਸੁਖੀ ਏ? ਕੀ ਉਸਨੇ ਜੀਵਨ ਦੇ ਸੱਚ ਦੀ ਸਮਝ ਆਈ? ਕੀ ਉਸਨੂੰ ਮਹੱਲ ਰੂਪੀ ਘਰ ਵਿਚੋਂ ਉਹ ਸਕੂਨ ਮਿਲਿਆ ਜਿਹੜਾ ਉਸਨੂੰ ਪਿੰਡ ਦੇ ਨਿੱਕੇ ਜਿਹੇ ਘਰ ਵਿਚ ਮਿਲਦਾ ਸੀ। ਹਾਜ਼ਮੇ ਦਾ ਚੂਰਨ ਖਾਣ ਵਾਲੇ, ਨੀਂਦ ਦੀਆਂ ਗੋਲੀਆਂ ਨਾਲ ਸੌਣ ਵਾਲੇ ਅਤੇ ਨਿੱਕੇ ਨਿੱਕੇ ਦਾਇਰਿਆਂ ਵਿਚ ਸੁੰਗੜੇ ਹੋਏ ਮਨੁੱਖ ਨੇ ਕਦੇ ਸੋਚਿਆ ਵੀ ਆ ਕਿ ਚੁੱਲੇ ਅੱਗੇ ਬੈਠ ਕੇ ਆਪਣੀ ਰੋਟੀ ਦੀ ਉਡੀਕ ਕਰਨਾ। ਫਿਰ ਥਾਲੀ ਵਿਚ ਗਰਮ-ਗਰਮ ਫੁਲਕੇ ਅਤੇ ਮਾਂ
ਦੇ ਲੱਪ ਨਾਲ ਪਾਏ ਸਾਗ ਨਾਲ ਰੋਟੀ ਖਾਣ ਨਾਲ ਮਿਲਦੀ ਲੱਜ਼ਤ, ਕਦੇ ਸੱਤ-ਸਟਾਰੀ ਹੋਟਲਾਂ ਵਿਚ ਖਾਣਾ ਖਾਣ ਸਮੇਂ ਮਿਲੀ ਆ?
ਬੰਦੇ ਦਾ ਗੁੰਮ ਹੋਣਾ ਹੀ ਏ ਕਿ ਦੁਨੀਆਂ ਅੱਜ ਅੱਗ ਦੇ ਅੰਬਾਰ `ਤੇ ਬੈਠੀ ਏ। ਪਤਾ ਨਹੀਂ ਕਿਹੜੇ ਵੇਲੇ ਕਿਸ ਨੇ ਪਲੀਤੀ ਲਾ ਦਿਤੀ ਤਾਂ ਮਨੁੱਖ ਦੀ ਸਿਰਜੀ ਹੋਈ ਦੁਨਿਆਵੀ ਸਲਤਨਤ ਨੇ ਪਲਾਂ ਵਿਚ ਹੀ ਫਨਾਹ ਹੋ ਜਾਣਾ। ਫਿਰ ਮਿੱਟੀ ਵਿਚ ਮਿੱਟੀ ਹੋਏ ਮਨੁੱਖ ਨੂੰ ਇਹ ਵੀ ਅਹਿਸਾਸ ਨਹੀਂ ਹੋਣਾ ਕਿ ਇੰਜ ਕਿਉਂ ਹੋਇਆ ਕਿਉਂਕਿ ਮਨੁੱਖ ਨੇ ਤਾਂ ਆਪ ਵੀ ਨਹੀਂ ਬਚਣਾ।
ਇਹ ਜੰਗਾਂ, ਨਫਰਤੀ ਅੱਗਾਂ, ਲਹੂ ਭਿੱਜੀਆਂ ਤਲਵਾਰਾਂ ਤੇ ਤ੍ਰਿਸ਼ੂਲਾਂ ਨੂੰ ਲਿਸ਼ਕਾਉਣਾ, ਭਗਵੇਂ, ਨੀਲੇ, ਪੀਲੇ ਜਾਂ ਹਰੇ ਰੰਗਾਂ ਨੂੰ ਅਸੀਂ ਕੇਹਾ ਵਰਤਿਆ ਕਿ ਰੰਗਾਂ ਦੀ ਦੁਨੀਆਂ ਵੀ ਸ਼ਰਮਸ਼ਾਰ ਹੋਈ, ਗਵਾਚੇ ਬੰਦੇ ਨੂੰ ਲੱਭ ਰਹੀ ਏ। ਕੀ ਚਿੱਟੀ ਧੁੱਪ ਵਿਚ ਸਮੇਟੇ ਸੱਤੇ ਰੰਗ ਵੀ ਕਦੇ ਆਪਸ ਵਿਚ ਉਲਝੇ ਨੇ ਕਿ ਫਲਾਣੇ ਰੰਗ ਦੀ ਜ਼ਿਆਦਾ ਅਹਿਮੀਅਤ ਅਤੇ ਬਾਕੀਆਂ ਦੀ ਘੱਟ ਏ?
ਬੰਦਾ ਜਦ ਘਰ ਵਿਚੋਂ ਗੁੰਮ ਹੋ ਜਾਵੇ ਤਾਂ ਘਰ ਵਿਚ ਉਗੀਆਂ ਕੰਧਾਂ ਫਿਰ ਘਰ ਨੂੰ ਘਰ ਨਹੀਂ ਰਹਿਣ ਦਿੰਦੀਆਂ। ਸਗੋਂ ਇਹ ਨਿੱਕੇ ਨਿੱਕੇ ਖਾਨਿਆਂ ਵਿਚ ਵੰਡਿਆ, ਆਪਣੇ ਹਿੱਸੇ ਦੀਆਂ ਹਿਚਕੀਆਂ ਨਾਲ ਹੌਲੀ ਹੌਲੀ ਗਲ਼ ਜਾਂਦਾ। ਤਾਂ ਹੀ ਅਜੋਕੇ ਘਰ, ਘਰ ਨਹੀਂ ਸਗੋਂ ਅਘਰ ਹੋ ਗਏ ਨੇ।
ਬੰਦਾ ਜਦ ਪਰਿਵਾਰ ਵਿਚੋਂ ਗਾਇਬ ਹੁੰਦਾ ਤਾਂ ਫਿਰ ਤਿੱੜਕ ਜਾਂਦੇ ਰਿਸ਼ਤੇ, ਸੰਬੰਧਾਂ ਦੀਆਂ ਰੇਸ਼ਮੀ ਤੰਦਾਂ ਵਿਚ ਪੈਦਾ ਹੋਈ ਖਿੱਚੋਤਾਣ ਹੌਲੀ-ਹੌਲੀ ਰਿਸ਼ਤਿਆਂ ਨੂੰ ਹੀ ਖਾ ਜਾਂਦੀ। ਫਿਰ ਅਸੀਂ ਰਿਸ਼ਤੇ ਨਹੀਂ ਨਿਭਾਉਂਦੇ ਸਿਰਫ਼ ਰਿਸ਼ਤਿਆਂ ਨੂੰ ਨਿਭਾਉਣ ਦਾ ਢੌਂਗ ਹੀ ਰਚਾਉਂਦੇ। ਦੁਨੀਆਂ ਨੂੰ ਭਾਵੇਂ ਪਤਾ ਨਾ ਲੱਗੇ ਪਰ ਬੰਦੇ ਦੇ ਅੰਦਰ ਜੇਕਰ ਬੰਦਾ ਜਿਉਂਦਾ ਹੋਵੇ ਤਾਂ ਉਸਨੂੰ ਜ਼ਰੂਰ ਪਤਾ ਹੁੰਦਾ ਕਿ ਉਹ
ਕੀ ਕਰ ਰਿਹਾ ਅਤੇ ਇਸਦੇ ਕੀ ਅਰਥ ਨੇ?
ਬੰਦਾ ਜਦ ਆਪਣੇ ਕਿੱਤੇ ਵਿਚ ਹੁੰਦਿਆਂ ਵੀ ਨਾ ਹੋਵੇ ਤਾਂ ਉਸਦੀ ਕੀਰਤੀ ਅਤੇ ਕਰਮ ਵਿਚ ਅਸਾਵਾਂਪਣ ਪੈਦਾ ਹੁੰਦਾ। ਇਹੀ ਅਸਾਵਾਂਪਣ ਫਿਰ ਸਮਾਜਿਕ ਅਧੋਗਤੀ ਦਾ ਅਧਾਰ ਹੁੰਦਾ ਜਿਸ ਕਾਰਨ ਪੈਦਾ ਹੋਇਆ ਵਿਗਾੜ ਅੱਜ ਕੱਲ੍ਹ ਸਾਡੇ ਰਾਜਸੀ, ਧਾਰਮਿਕ, ਤੇ ਸਮਾਜਿਕ ਵਰਤਾਰਿਆਂ ਵਿਚ ਪ੍ਰਤੱਖ ਹੈ। ਇਹ ਵਿਗਾੜ ਕਦੇ ਨਹੀਂ ਰੁਕਦਾ ਕਿਉਂਕਿ ਇਸਨੂੰ ਸਮਝਣ ਅਤੇ ਰੋਕਣ ਵਾਲਾ
ਅੰਤਰੀਵੀ ਬੰਦਾ ਤਾਂ ਹੈ ਹੀ ਨਹੀਂ। ਪਰ ਸਭ ਤੋਂ ਮਾਰੂ ਹੁੰਦਾ ਹੈ ਬੰਦੇ ਦਾ ਆਪਣੇ ਵਿਚੋਂ ਜਾਣ-ਬੁੱਝ
ਕੇ ਗੈਰ-ਹਾਜ਼ਰ ਹੋ ਜਾਣਾ ਅਤੇ ਖੁਦ ਨੂੰ ਅਜੇਹੀਆਂ ਅਲਾਮਤਾਂ ਵਿਚ ਲਬੇੜ ਲੈਣਾ ਕਿ ਉਹ ਖੁਦ ਦੀ ਸ਼ਰਮਸ਼ਾਰੀ ਨੂੰ ਸਮਝਣ ਤੋਂ ਇਨਕਾਰੀ ਹੋ ਜਾਂਦਾ। ਆਪਣੀ ਕਮੀਨਗੀ ਤੇ ਕੁਕਰਮੀ ਵਰਤਾਰੇ ਨੂੰ ਸਹੀ ਅਤੇ ਸੱਚਾ ਸਾਬਤ ਕਰਨ ਲਈ ਹਰ ਹੀਲਾ ਵਰਤਦਾ ਅਤੇ ਇਹੀ ਆਦਤ ਉਸਦੀ ਜੀਵਨ-ਤੋਰ ਨੂੰ ਰਸਾਤਲ ਵੱਲ ਲੈ ਜਾਂਦੀ ਅਤੇ ਫਿਰ ਉਹ ਇਸ ਗਰਕਣੀ ਵਿਚੋਂ ਕਦੇ ਨਹੀਂ ਨਿਕਲਦਾ।
ਬੰਦੇ ਵਿਚ ਗੈਰ-ਹਾਜ਼ਰ ਬੰਦਾ ਦੀ ਕੇਹੀ ਮਨੋਸਥਿਤੀ ਕਿ ਉਹ ਕਈ ਵਾਰ ਖੁਦ ਨੂੰ ਸੌੜੇ ਦਾਇਰਿਆਂ ਦਾ ਕੈਦੀ ਬਣਾ ਲੈਂਦਾ ਏ। ਵਰਨਾ ਉਹ ਤਾਂ ਅੰਬਰ ਨੂੰ ਆਪਣੇ ਕਲਾਵੇ ਵਿਚ ਲੈ ਲੈਂਦਾ। ਕਈ ਵਾਰ ਅੰਦਰਲਾ ਬੰਦਾ, ਇਕੱਲ ਦੇ ਆਲਮ ਵਿਚ ਰਾਤ ਵੇਲੇ ਰੂਹ ਦੀ ਤਖਤੀ `ਤੇ ਲਿਖਦਾ ਇੰਜ ਰੋਂਦੇ ਜਜ਼ਬਾਤਾਂ ਨੂੰ ਕਿ ਉਹ ਰੱਜ ਕੇ ਰੋ ਵੀ ਲੈਂਦਾ ਪਰ ਫਿਰ ਵੀ ਪਤਾ ਨਹੀਂ ਲੱਗਣ ਦੇਂਦਾ ਰਾਤਾਂ ਨੂੰ।
ਬੰਦੇ ਅੰਦਰ ਰਹਿੰਦੇ ਬੰਦੇ ਨੂੰ ਕਦੇ ਦੇਖਣਾ ਹੋਵੇ ਤਾਂ ਪਿੰਡ ਵਾਲਿਆਂ ਦੀ ਤਹਿਜ਼ੀਬ ਨੂੰ ਦੇਖਣਾ ਕਿ ਉਹ ਤੁਹਾਡੇ ਨਾਲ ਗੁੱਸੇ ਹੋ ਜਾਂਦੇ ਨੇ ਜੇ ਤੁਸੀਂ ਪਿੰਡ ਜਾ ਕੇ ਉਨ੍ਹਾਂ ਨੂੰ ਮਿਲ ਕੇ ਨਾ ਆਓ। ਬੰਦੇ ਵਿਚੋਂ ਬੰਦੇ ਦੀ ਗੈਰ-ਹਾਜ਼ਰੀ ਵੀ ਕੇਹੀ ਕਿ ਘਰ ਅੰਦਰੋਂ ਟੁੱਟ ਜਾਂਦੇ ਪਰ ਖੜ੍ਹੇ ਰਹਿ ਜਾਂਦੇ ਨੇ ਮਕਾਨ ਬੇਸ਼ਰਮਾਂ ਵਾਂਗ।
ਬੰਦੇ ਵਿਚ ਜਦ ਬੰਦਾ ਗੁੰਮ ਜਾਂਦਾ ਤਾਂ ਉਸਨੂੰ ਜਿਸਮ ਨੋਚਣ ਦਾ ਕੇਹਾ ਜਨੂੰਨ ਹੋ ਜਾਂਦਾ ਕਿ ਨਾਬਾਲਗ ਅਤੇ ਲਾਚਾਰ ਬੱਚੀਆਂ ਦੀ ਇਜ਼ਤ ਲੁੱਟਣਾ ਅਜੇਹੇ ਬੇਗ਼ੈਰਤਾਂ ਲਈ ਕਾਨੂੰਨ ਹੋ ਜਾਂਦਾ।
ਸਭ ਤੋਂ ਅਹਿਮ ਹੈ ਕਿ ਬੰਦੇ ਨੂੰ ਇਹ ਅਹਿਸਾਸ ਹੋਵੇ ਕਿ ਕੀ ਉਸਦੇ ਅੰਦਰਲਾ ਬੰਦਾ ਗੁੰਮ ਹੈ? ਕਿਉਂ ਗੁੰਮ ਹੋਇਆ? ਕਿਵੇਂ ਇਸਨੂੰ ਆਪਣੇ ਕੋਲ ਬੁਲਾਉਣਾ, ਸੀਨੇ ਨਾਲ ਲਾਉਣਾ, ਇਸ ਅੰਦਰਲੇ ਬੰਦੇ ਦੀ ਰਹਿਬਰੀ ਵਿਚੋਂ ਆਪਣੇ ਜੀਵਨ-ਜਾਚ ਨੂੰ ਕਮਾਉਣਾ ਅਤੇ ਸਮਾਜ ਨੂੰ ਸਿਹਤਮੰਦ ਅਤੇ ਸੇਧਮਈ ਵਰਤਾਰਿਆਂ ਦਾ ਜਾਗ ਲਾਉਣਾ।
ਵਾਸਤਾ ਈ ਲੋਕੋ! ਆਪਣੇ ਅੰਦਰਲੇ ਬੰਦੇ ਨੂੰ ਭਾਲੋ। ਆਪਣੀਆਂ ਰੂਹਾਂ ਨੂੰ ਹੰਘਾਲੋ। ਆਪਣੇ ਮਸਤਕ ਵਿਚ ਦੀਵਾ ਬਾਲੋ। ਜੀਵਨ-ਰਾਹਾਂ ਨੂੰ ਰੁਸ਼ਨਾਓ। ਆਪਣਾ ਗਵਾਚਿਆ ਖੁਦ ਹੀ ਪਾਓ ਤਾਂ ਕਿ ਤੁਹਾਡਾ ਆਪਣਾ, ਤੁਹਾਡੀਆਂ ਖ਼ੈਰਾਂ ਮੰਗਦਾ, ਤੁਹਾਡੀਆਂ ਬੁਲਾਵਾਂ ਉਤਾਰੇ ਅਤੇ ਤੁਹਾਡੀਆਂ ਮਾਣਮੱਤੀਆਂ ਪ੍ਰਾਪਤੀਆਂ `ਤੇ ਘਰ ਆਉਣ `ਤੇ ਪਾਣੀ ਵਾਰੇ। ਘਰ ਨੂੰ ਘਰ ਹੋਣ `ਤੇ ਮਾਣ ਹੋਵੇ। ਜਦ ਘਰ, ਘਰ ਬਣ ਗਿਆ ਤਾਂ ਗਵਾਚੇ ਬੰਦੇ ਦਾ ਲਕਬ ਮੱਥੇ ਤੋਂ ਲਹਿ ਜਾਂਦਾ। ਫਿਰ ਬੰਦਾ ਸੱਚੀਂ ਆਪਣੇ ਅੰਦਰਲੇ ਬੰਦੇ ਨਾਲ ਇਕਸੁਰ ਅਤੇ ਇਕ ਸੋਚ ਹੁੰਦਾ। ਇਹੀ ਇਕਸੁਰਤਾ ਉਸਦੇ ਜੀਵਨ ਦਾ ਸਭ ਤੋਂ ਵੱਡਾ ਅਤੇ ਅਹਿਮ ਸੱਚ ਹੁੰਦਾ। ਕੀ ਤੁਸੀਂ ਕਦੇ ਇਸ ਸੱਚ ਨੂੰ ਸਮਝਣ ਅਤੇ ਕਮਾਉਣ ਦੀ ਲੋਚਾ ਪੈਦਾ ਕੀਤੀ ਹੈ? ਜੇ ਇਸ ਸੱਚ ਨੂੰ ਪਾਉਣਾ ਹੈ ਤਾਂ ਆਪਣੇ ਅੰਦਰਲੇ ਬੰਦੇ ਦੀ ਭਾਲ ਵਿਚ ਆਪਣੀ ਯਾਤਰਾ ਸ਼ੁਰੂ ਕਰੋ। ਪਰ ਇਹ ਯਾਤਰਾ ਸਿਰਫ਼ ਆਪਣੇ ਅੰਦਰੋਂ ਹੀ ਸ਼ੁਰੂ ਕਰਨੀ ਪਵੇਗੀ।