ਬਲਕਾਰ ਸਿੰਘ ਪਰੋਫੈਸਰ
ਮੈਂ ਅਜਮੇਰ ਸਿੰਘ ਦੀਆਂ ਬਹੁਤੀਆਂ ਗੱਲਾਂ ਨਾਲ ਸਹਿਮਤ ਨਹੀਂ ਹਾਂ। ਇਸ ਦੇ ਬਾਵਜੂਦ ਮੈਂ ਉਸ ਦੀਆਂ ਲਿਖਤਾਂ ਨੂੰ ਨਿੱਠ ਕੇ ਪੜ੍ਹਦਾ ਹਾਂ ਅਤੇ ਉਸ ਵੱਲੋਂ ਬੋਲੇ ਗਏ ਨੂੰ ਧਿਆਨ ਨਾਲ ਸੁਣਦਾ ਹਾਂ। ਮੇਰੀ ਸਮਝ ਵਿਚ ਇਹ ਗੱਲ ਉਭਰਦੀ ਆ ਰਹੀ ਹੈ ਕਿ ਵਰਤਮਾਨ ਵਿਚ ਸਿੱਖੀ ਦਾ ਸਿਆਸੀ ਪਹੁੰਚ ਵਿਧੀਆਂ ਨੇ ਅਪਹਰਣ ਕਰ ਲਿਆ ਹੈ ਅਤੇ ਸਿੱਖ ਅਕਾਦਮਿਕਤਾ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਇਸ ਨਾਲ ਬਾਣੀ ਉਤੇ ਇਤਿਹਾਸ ਨੂੰ ਪਹਿਲ ਪ੍ਰਾਪਤ ਹੋ ਗਈ ਹੈ। ਏਸੇ ਦੇ ਸਿੱਟੇ ਵਜੋਂ ਸਿੱਖੀ ਦੇ ਕੇਂਦਰ ਵਿਚ ਬਾਣੀ ਦੀ ਥਾਂ ਰਹਿਤ ਆਉਣ ਲੱਗ ਪਈ ਹੈ। ਇਹ ਲੀਹਾ, ਖੁੱਲ੍ਹੇ ਸਿੱਖ-ਧਰਮ ਨੂੰ ਬੰਦ ਧਰਮ ਹੋਣ ਵੱਲ ਧੱਕ ਸਕਦਾ ਹੈ। ਇਸ ਦ੍ਰਿਸ਼ਟੀ ਤੋਂ ਮੈਨੂੰ ਮੇਰੇ ਅਕਾਦਮਿਕ ਵਰਤਾਰੇ ਨੇ ਇਹੀ ਸਿਖਾਇਆ ਹੈ ਕਿ ਰਾਇ ਦੇ ਵਿਰੋਧ ਨੂੰ ਨਾਲ ਲਏ ਬਿਨਾ ਲੇਖਕ ਅਤੇ ਲਿਖਤ ਨਾਲ ਨਿਆਂ ਨਹੀਂ ਕੀਤਾ ਜਾ ਸਕਦਾ। ਏਸੇ ਵਿਚ ਇਹ ਵੀ ਸ਼ਾਮਲ ਹੈ ਕਿ ਲੇਖਕ ਅਤੇ ਲਿਖਤ ਨੂੰ ਇਕ ਦੂਜੇ ਨਾਲ ਉਲਝਾ ਕੇ ਵੇਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਦ੍ਰਿਸ਼ਟੀ ਤੋਂ ਅਜਮੇਰ ਸਿੰਘ ਦੀ ਪਹਿਲੀ ਪੁਸਤਕ “ਵੀਹਵੀਂ ਸਦੀ ਦੀ ਸਿੱਖ ਰਾਜਨੀਤੀ” ਦਾ ਅਕਾਦਮਿਕ ਮੁਲਾਂਕਣ ਕਰਨ ਦੀ ਮੇਰੇ ਵੱਲੋਂ ਜੋ ਕੋਸ਼ਿਸ਼ ਹੋਈ ਸੀ, ਉਸ ਨੂੰ ਲੇਖਕ ਦੇ ਪ੍ਰਸ਼ੰਸਕਾਂ ਅਤੇ ਹਮਾਇਤੀਆਂ ਨੇ ਚੰਗਾ ਨਹੀਂ ਸਮਝਿਆ ਸੀ। ਪਰ ਮੇਰੀ ਉਸ ਸੁਰ ਦੇ ਇਰਦ-ਗਿਰਦ ਸ਼ਿਕਾਗੋ (ਅਮਰੀਕਾ) ਤੋਂ ਨਿਕਲਦੇ ਅਖਬਾਰ “ਪੰਜਾਬ ਟਾਈਮਜ਼” ਵਿਚ ਚੱਲੀ ਲਿਖਤੀ ਬਹਿਸ ‘ਤੇ ਆਧਾਰਤ ਛਪੀ ਹੋਈ ਪੁਸਤਕ “ਸਿੱਖ ਕੌਮ: ਹਸਤੀ ਤੇ ਹੋਣੀ” (2012) ਛਪੀ ਹੋਈ ਪ੍ਰਾਪਤ ਹੈ। ਲੇਖਕ ਨੇ ਉਸ ਵਿਚ ਬਿਲਕੁਲ ਹਿੱਸਾ ਨਹੀਂ ਲਿਆ ਸੀ। ਵਿਚਾਰ ਅਧੀਨ ਪੁਸਤਕ ਨੂੰ ਪੜ੍ਹਨ ਉਪਰੰਤ ਮੈਨੂੰ ਤਸੱਲੀ ਹੋਈ ਹੈ ਕਿ ਇਹ ਪੁਸਤਕ ਪੰਜਾਬ ਦੇ ਰਾਜਸੀ ਅਤੇ ਸਭਿਆਚਾਰਕ ਵਰਤਾਰਿਆਂ ਦੇ ਇਕ ਯੁੱਗ ਦੀਆਂ ਹੱਡ ਹੰਢਾਈਆਂ ਗੱਲਾਂ ਸਾਹਮਣੇ ਲਿਆਉਂਦੀ ਹੈ। ਪੁਸਤਕ ਪੜ੍ਹਦਿਆਂ ਲੇਖਕ ਮੇਰੇ ਨਾਲ ਨਾਲ ਤੁਰਦਾ ਲੱਗਦਾ ਰਿਹਾ ਸੀ ਕਿਉਂਕਿ ਮੈਂ ਉਸ ਨੂੰ ਜਾਣਦਾ ਵੀ ਸੀ ਅਤੇ 1985 ਤੋਂ 1990 ਤਕ ਕੈਂਪਸ ਵਿਚ ਆਪਣੀ ਕੁਲੀਗ ਗੁਰਨਾਮ ਕੌਰ ਅਤੇ ਗੁਰਦਿਆਲ ਬੱਲ ਦੇ ਘਰੇ ਅਕਸਰ ਮਿਲਦਾ ਵੀ ਰਿਹਾ ਸੀ। ਲੇਖਕ ਨਾਲ ਅਸਹਿਮਤੀਆਂ ਦੇ ਬਾਵਜੂਦ ਪੁਸਤਕ ਨੂੰ ਪੜ੍ਹਨ ਦਾ ਵਹਾਅ ਬਣੇ ਰਹਿਣ ਦਾ ਕਾਰਨ ਲੇਖਕ ਦੀ ਸ਼ੈਲੀ, ਸਪਸ਼ਟਤਾ ਅਤੇ ਵਚਨਬੱਧਤਾ ਸੀ। ਕੁਲ ਮਿਲਾ ਕੇ ਪੁਸਤਕ, ਲੇਖਕ ਦੇ ਬਖਸ਼ਿਸ਼ ਵਰਗੇ ਗੁਣਾਂ ਨਾਲ ਗੁੰਨ੍ਹੀ ਹੋਈ ਹੋਣ ਕਰਕੇ ਸ਼ਲਾਘਾ ਦੀ ਹੱਕਦਾਰ ਹੈ। ਇਸ ਦੇ ਬਾਵਜੂਦ ਲੇਖਕ ਦੀਆਂ ਬਾਕੀ ਲਿਖਤਾਂ ਵਾਂਗ ਇਸ ਵਿਚੋਂ ਵੀ ਬਾਣੀ-ਪ੍ਰਸੰਗ ਦਾ ਗੁੰਮ ਹੋਣਾ ਮੈਨੂੰ ਰੜਕਦਾ ਰਿਹਾ ਹੈ। ਇਹੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਪੁਸਤਕ ਦੇ ਮੁੱਢ ਵਿਚ ਗੁਰੂ ਅਰਜਨ ਦੇਵ ਜੀ ਦੇ ਜਿਸ ਬਾਣੀ-ਹਵਾਲੇ
ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ॥
ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ॥1॥
ਸਿਆਨਪ ਕਾਹੂ ਕਾਮਿ ਨ ਆਤ॥
ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ॥1॥ਰਹਾਉ॥
(ਗੂਜਰੀ ਮਹਲਾ 5,ਪੰ.496)
ਨਾਲ ਗੱਲ ਸ਼ੁਰੂਆਤ ਕੀਤੀ ਗਈ ਹੈ, ਉਸ ਵਿਚਲੀ ਭਾਵਨਾ ਨਾਲ ਅਚੇਤ-ਸੁਚੇਤ ਨਿਭਣ ਦੀ ਕੋਸ਼ਿਸ਼, ਪੁਸਤਕ ਵਿਚ ਕਿਧਰੇ ਨਜ਼ਰ ਨਹੀਂ ਆਉਂਦੀ ਕਿਉਂਕਿ ਸ਼ਬਦ ਵਿਚ ਮਨੋਰਥ ਪ੍ਰਾਇਨ ਬੰਦੇ ਨੂੰ ਇਕਹਿਰੀਆਂ ਮਨ-ਮਰਜ਼ੀਆਂ ਅਤੇ ਸਰਗੋਸ਼ੀਆਂ ਤੋਂ ਵਰਜਿਆ ਹੋਇਆ ਹੈ। ਪਰ ਇਹ 544 ਪੰਨਿਆਂ ਦੀ ਪੁਸਤਕ ਖਾੜਕੂ ਸਰਗੋਸ਼ੀਆਂ ਦੇ ਇਰਦ-ਗਿਰਦ ਹੀ ਬੁਣੀ ਹੋਈ ਹੈ। ਇਕ ਹੋਰ ਬਾਣੀ ਦਾ ਹਵਾਲਾ ਪੰਨਾ 232 ‘ਤੇ ਇਸ ਤਰ੍ਹਾਂ ਹੈ- “ਸਿੱਖ ਕੌਮ ਦੇ ਸਾਹਮਣੇ ‘ਪਾਪੀ ਕਉ ਡੰਡੁ ਦੀਓਇ’ ਦੀ ਸਿੱਖ ਰਵਾਇਤ ਦਾ ਪਾਲਣ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਰਿਹਾ ਸੀ” ਦਾ ਬਾਣੀ ਪ੍ਰਸੰਗ ਉਹ ਨਹੀਂ ਹੈ, ਜੋ ਵਰਤੇ ਗਏ ਹਵਾਲੇ ਨਾਲ ਸਾਹਮਣੇ ਆਉਂਦਾ ਹੈ। ਬਾਣੀ ਦੀਆਂ ਟੂਕਾਂ ਨੂੰ ਪ੍ਰਸੰਗ ਵਿਚੋਂ ਕੱਢ ਕੇ ਮਰਜ਼ੀ ਨਾਲ ਵਰਤਣ ਦੀ ਰੁਚੀ ਆਮ ਹੋ ਗਈ ਕਹਿ ਸਕਦੇ ਹਾਂ। ਇਸ ਨਾਲ ਪੈਦਾ ਹੋਈਆਂ ਅਤੇ ਹੋਣ ਵਾਲੀਆਂ ਦੁਸ਼ਵਾਰੀਆਂ ਦੇ ਵਿਸਥਾਰ ਵਿਚ ਜਾਏ ਬਿਨਾ ਹਵਾਲੇ ਦਾ ਮੂਲ ਪਾਠ ਨੂੰ ਧਿਆਨ ਵਿਚ ਰੱਖ ਲੈਣਾ ਚਾਹੀਦਾ ਹੈ:
ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ॥
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ॥89
ਇਸ ਨਾਲ ਅਕਾਲ ਪੁਰਖ ਦੀ ਭੂਮਿਕਾ ਨੂੰ ਲੇਖਕ ਜਾਂ ਖਾੜਕੂਆਂ ਵੱਲੋਂ ਨਿਭਾਉਣ ਦੇ ਫਤਵਾਨੁਮਾ ਪ੍ਰਸੰਗ ਨੂੰ ਇਕ ਸਿਆਸੀ ਡੇਰੇਦਾਰ ਵਾਂਗ ਵਰਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਇਸ ਦੇ ਨਾਲ ਹੀ ਮੈਨੂੰ ਪੁਸਤਕ ਦੇ ਨਾਮ ਵਿਚ ਵਰਤਿਆ ‘ਅੰਗ-ਸੰਗ’ ਵੀ ਬਹੁਤ ਰੜਕਿਆ ਹੈ। ਸਿੱਖ-ਸਿਧਾਂਤ ਅਤੇ ਸਿੱਖ-ਪਰੰਪਰਾ ਵਿਚ ਇਸ ਸ਼ਬਦ ਦੀ ਪਵਿੱਤਰ ਪ੍ਰਸੰਗਕਤਾ ਗੁਰੂ ਨਾਲ ਜੁੜੀ ਹੋਈ ਹੈ। ਪੁਸਤਕ ਦੇ ਸਿਰਲੇਖ ਵਿਚ ਇਸ ਪਵਿੱਤਰ ਭਾਵਨਾ ਵੱਲ ਪਿੱਠ ਹੋ ਗਈ ਲੱਗਦੀ ਹੈ ਕਿਉਂਕਿ ਕੋਈ ਵੀ ਸਿੱਖ ਸੰਘਰਸ਼ ਗੁਰੂ ਨੂੰ ਅੰਗ-ਸੰਗ ਪ੍ਰਵਾਨ ਕਰ ਕੇ ਹੀ ਲੜਿਆ ਜਾਂਦਾ ਰਿਹਾ ਹੈ। ਸਿਧਾਂਤਕ ਪਹੁੰਚ ਨਾਲ ਇਹੋ ਜਿਹੀਆਂ ਵਧੀਕੀਆਂ, ਇਤਿਹਾਸ ਨੂੰ ਬਾਣੀ ਦੀ ਰੌਸ਼ਨੀ ਵਿਚ ਸਮਝਣ ਅਤੇ ਵਰਤਣ ਦੀ ਥਾਂ ‘ਤੇ ਬਾਣੀ ਨੂੰ ਇਤਿਹਾਸ ਮੁਤਾਬਿਕ ਵਰਤਣ ਅਤੇ ਸਮਝਣ ਦੀ ਕੁਰੁਚੀ ਵੱਲ ਧੱਕਦੀਆਂ ਹਨ। ਇਸ ਤੋਂ ਬਚਣ ਬਾਰੇ ਨਹੀਂ ਸੋਚਾਂਗੇ ਤਾਂ ਗੁਰਮਤਿ ਦੇ ਪ੍ਰਸੰਗ-ਵਿਗਾੜ ਨੂੰ ਸ਼ਹਿ ਦੇ ਰਹੇ ਹੋਵਾਂਗੇ। ਲੇਖਕ ਨੇ ਜਿਵੇਂ ਆਪਣੀਆਂ ਵਜੂਦ ਸਮੋਈਆਂ ਧਾਰਨਾਵਾਂ ਦੀ ਚੱਕੀ ਵਿਚ ਆਪਣੇ ਨਾਲ ਅਸਹਿਮਤੀਆਂ ਦਾ ਪੀਸਣ ਪੀਸਿਆ ਹੈ, ਉਸ ਨੂੰ ਉਸਦੀਆਂ iਲ਼ਖਤਾਂ ਦਾ ਕੇਂਦਰ ਬਿੰਦੂ ਕਿਹਾ ਜਾ ਸਕਦਾ ਹੈ। ਇਸ ਦੇ ਬਾਵਜੂਦ ਉਸ ਦੇ ਬੀੜੇ ਹੋਏ ਫਿਕਰਿਆਂ ਦੇ ਪ੍ਰਭਾਵ ਦਾ ਜਾਦੂ ਜਿਨ੍ਹਾਂ ਦੇ ਸਿਰ ਚੜ੍ਹ ਕੇ ਬੋਲਣ ਲੱਗ ਪਵੇਗਾ, ਉਸ ਬਾਰੇ ਲੋੜੀਂਦੀਆਂ ਸੰਵਾਦੀ ਸੰਭਾਵਨਾਵਾਂ ਨੂੰ ਸਾਹਮਣੇ ਲਿਆਉਣ ਵਾਸਤੇ ਕੋਸ਼ਿਸ਼ ਕਰ ਰਿਹਾ ਹਾਂ। ਵੈਸੇ ਵੀ ਇਹ ਪੁਸਤਕ ਜਿਨ੍ਹਾਂ ਵਰਤਾਰਿਆਂ ਨਾਲ ਜੁੜੀ ਹੋਈ ਹੈ, ਉਹ ਮੇਰਾ ਵੀ ਸਮਕਾਲ ਹੈ ਅਤੇ ਉਨ੍ਹਾਂ ਵਿਚ ਆਏ ਹਵਾਲਿਆਂ ਵਿਚੋਂ ਬਹੁਤਿਆਂ ਬਾਰੇ ਮੇਰਾ ਨਿੱਜੀ ਅਨੁਭਵ ਵੀ ਹੈ। ਉਨ੍ਹਾਂ ਵਿਚੋਂ ਉਨ੍ਹਾਂ ਬਾਰੇ ਜੋ ਇਸ ਵੇਲੇ ਸਾਡੇ ਵਿਚਕਾਰ ਨਹੀਂ ਹਨ, ਬਹੁਤ ਕੁਝ ਕਿਹਾ ਜਾ ਸਕਦਾ ਹੈ ਅਤੇ ਜੋ ਜਿਊਂਦੇ ਹਨ ਉਨ੍ਹਾਂ ਤੋਂ ਬਹੁਤ ਕੁਝ ਸੁਣਿਆ ਜਾ ਸਕਦਾ ਹੈ। ਇਸ ਦੇ ਵਿਸਥਾਰ ਵਿਚ ਜਾਏ ਬਿਨਾਂ ਇੰਨਾ ਹੀ ਕਹਿਣਾ ਹੈ ਕਿ ਨਕਸਲੀ ਲਹਿਰ ਨੂੰ ਲੇਖਕ ਨੇ ਅੰਦਰੋਂ ਫੇਲ੍ਹ ਹੁੰਦੀ ਵੇਖਿਆ ਸੀ ਅਤੇ ਸਿੱਖ ਖਾੜਕੂ ਲਹਿਰ ਨੂੰ ਬਾਹਰ ਬੈਠਾ ਫੇਲ੍ਹ ਹੁੰਦੀ ਵੇਖ ਰਿਹਾ ਹੈ। ਜਿਵੇਂ ਲੇਖਕ ਦੇ ਆਪਣੇ ਸ਼ਬਦਾਂ ਵਿਚ ਅਸਲੀ ਅਰਥਾਂ ਵਿਚ ਇਨਕਲਾਬੀ ਜੀਵਨ ਨ ਜਿਊਣ ਵਾਲਿਆਂ ਨਾਲ ਅਰਥਾਤ ਖੱਬੇ ਪੱਖੀਆਂ ਦੀ ਸਿੱਖ ਵਿਰੋਧੀ ਸੋਚ ਨਾਲ ਨਿਭੀ ਜਾ ਰਿਹਾ ਸੀ (235), ਉਵੇਂ ਹੀ ਉਹ ਖਾੜਕੂ-ਨੈਤਿਕਤਾ ਨਾਲੋਂ ਖਾੜਕੂ-ਸਿਆਸਤ ਨਾਲ ਨਿਭੀ ਵੀ ਜਾ ਰਿਹਾ ਹੈ ਅਤੇ ਨਹੀਂ ਵੀ ਨਿਭੀ ਜਾ ਰਿਹਾ ਸੀ। ਇਸ ਸਿਫਤੀ ਬਦਲਾਵ ਦੀ ਖੜੋਤ ਨੂੰ ਸਿਆਸਤ ਵੀ ਕਿਹਾ ਜਾ ਸਕਦਾ ਹੈ।
ਪੁਸਤਕ ਨੂੰ ਸਿੱਖ-ਪਾਠਕ ਵਾਂਗ ਪੜ੍ਹਦਿਆਂ ਮੈਨੂੰ ਮਹਿਸੂਸ ਹੋਇਆ ਹੈ ਕਿ ਲੇਖਕ ਸਿੱਖ-ਧਰਮ ਅਤੇ ਸਿੱਖ-ਸਭਿਆਚਾਰ ਨੂੰ ਰਲਗੱਡ ਕਰ ਕੇ ਵੇਖ ਰਿਹਾ ਹੈ ਅਤੇ ਇਸ ਨਾਲ ਉਹ ਬਾਣੀ-ਕੇਂਦਰਤ ਸਿਧਾਂਤਕੀ ਨੂੰ ਇਤਿਹਾਸ-ਕੇਂਦਰਤ ਸਰੋਕਾਰਾਂ ਨਾਲ ਉਲਝਾਈ ਜਾ ਰਿਹਾ ਹੈ। ਬੇਸ਼ੱਕ ਬਾਣੀ ਅਤੇ ਸਿੱਖ ਇਤਿਹਾਸ ਦਾ ਵਰਤਾਰਾ ਇਕ ਦੂਜੇ ਤੋਂ ਪ੍ਰਭਾਵਿਤ ਹੁੰਦਾ ਵੀ ਰਹਿੰਦਾ ਹੈ ਅਤੇ ਇਕ ਦੂਜੇ ਨੂੰ ਪ੍ਰਭਾਵਿਤ ਕਰਦਾ ਵੀ ਰਿਹਾ ਹੈ। ਪਰ ਪਹਿਲ ਸਦਾ ‘ਗੁਰੂ ਮਾਣਿਓ ਗ੍ਰੰਥ’ ਨੂੰ ਰਹੀ ਹੈ। ਇਨ੍ਹਾਂ ਦੋਹਾਂ ਵਿਚਕਾਰ ਜੇ ਬਾਣੀ ਨੂੰ ਪਹਿਲ ਨਹੀਂ ਮਿਲੇਗੀ ਤਾਂ ਸਿੱਖ-ਧਰਮ ਉਤੇ ਸਿੱਖ-ਸਭਿਆਚਾਰ ਹਾਵੀ ਹੋਣ ਲੱਗ ਪਵੇਗਾ। ਇਸ ਗੁੰਝਲ ਨੂੰ ਜਿਸ ਤਰ੍ਹਾਂ ਪ੍ਰੋ. ਪੂਰਨ ਸਿੰਘ ਨੇ ‘ਮੌਤ ਨੂੰ ਮਖੌਲਾਂ ਕਰਨ’ ਦੀ ਪੰਜਾਬੀ ਮਾਨਸਿਕਤਾ ਵਜੋਂ ਸਾਹਮਣੇ ਲਿਆਂਦਾ ਹੈ, ਉਸ ਦਾ ਸਿਆਸੀ ਬਿਰਤਾਂਤ ਇਸ ਪੁਸਤਕ ਵਿਚੋਂ ਬੇਸ਼ਕ ਮਿਲ ਜਾਂਦਾ ਹੈ। ਇਸੇ ਨੂੰ ਖਾੜਕੂ-ਰੰਗ ਵਿਚ ਲੇਖਕ ਨੇ ਇਸ ਤਰ੍ਹਾਂ ਪੇਸ਼ ਕੀਤਾ ਹੋਇਆ ਹੈ- “ਇਸ ਉਮਰ ਵਿਚ ਅਜਿਹਾ ਸ਼ੌਕ ਜਾਗ ਉਠਣਾ ਕੋਈ ਓਪਰੀ ਗੱਲ ਨਹੀਂ। ਖਾਸ ਕਰ ਸਿੱਖ ਨੌਜਵਾਨਾਂ ਅੰਦਰ ਤਾਂ ਇਹ ਰੁਝਾਨ ਬਹੁਤ ਹੀ ਆਮ ਪਾਇਆ ਜਾਂਦਾ ਹੈ, ਉਨ੍ਹਾਂ ਅੰਦਰ ਚੜ੍ਹਦੀ ਜਵਾਨੀ ਵੇਲੇ ਹਥਿਆਰਬੰਦ ਕਾਰਨਾਮਾ ਕਰਨ ਦੀ ਬਹੁਤ ਲਿੱਲ੍ਹ ਉਠਦੀ ਹੈ” (166)। ਲਿਲ੍ਹ ਦੇ ਭਾਵਕ ਉਭਾਰ ਨੂੰ ਮਾਨਸਿਕਤਾ ਸਮਝ ਲਵਾਂਗੇ ਤਾਂ ਸਿਆਸੀ ਨਤੀਜਿਆਂ ਨੂੰ ਉਵੇਂ ਭੁਗਤਣਾ ਹੀ ਪਵੇਗਾ ਜਿਵੇਂ ਖਾੜਕੂਆਂ ਨੇ ਸਿੱਧੇ ਅਤੇ ਪੰਜਾਬੀਆਂ ਅਸਿੱਧੇ ਢੰਗ ਨਾਲ ਲਗਾਤਾਰ ਦਸ ਸਾਲ ਭੁਗਤਿਆ ਸੀ। ਏਸੇ ਦੀ ਕਥਾਕਾਰੀ ਨਾਲ ਲੇਖਕ ਆਪਣੀਆਂ ਲਿਖਤਾਂ ਵਿਚ ਲਗਾਤਾਰ ਨਿਭੀ ਜਾ ਰਿਹਾ ਹੈ। ਇਸ ਰਾਹ ਪਿਆਂ ਨੂੰ ਜਿਸ ਵੇਲਣੇ ਵਿਚੋਂ ਲੰਘਣਾ ਪਿਆ ਹੈ, ਉਨ੍ਹਾਂ ਵਿਚੋਂ ਇਕ ਬਾਰੇ ਲੇਖਕ ਦੀ ਰਾਏ ਹੈ ਕਿ “ਉਸ ਦੀ ਮਸੂਮੀਅਤ, ਦਿਆਨਤਦਾਰੀ, ਵਚਨਬੱਧਤਾ ਤੇ ਸਿਦਕਦਿਲੀ ਦਾ ਕੋਈ ਲੇਖਾ ਨਹੀਂ”(168)। ਖਾੜਕੂ ਲਹਿਰ ਦਾ ਖਾਜਾ ਹੋ ਗਇਆਂ ਦਾ ਹਾਸਲ ਲੇਖਕ ਨੂੰ ਇਹ ਲੱਗਦਾ ਹੈ- “ਜਵਾਨੀ ਮੌਕੇ ਹiਆਰਬੰਦ ਐਕਸ਼ਨਾਂ ਦਾ ਆਪਣਾ ਇਕ ਰੋਮਾਂਸ, ਇਕ ਹੁਲਾਰਾ (ਥਰਿਲ) ਹੁੰਦਾ ਹੈ, ਜੂਝਦਿਆਂ ਸ਼ਹੀਦ ਹੋਣ ਦੀ ਆਰਜ਼ੂ ਤੇ ਚਾਅ ਵੀ ਹੁੰਦਾ ਹੈ। ਪਰ ਇਨ੍ਹਾਂ ਗੱਲਾਂ ਤੋਂ ਬਿਨਾ ਜੀਵਨ ਅੰਦਰ ਕਿਹੜਾ ਰਸ ਰਹਿ ਜਾਵੇਗਾ?” (182)। ਲੇਖਕ ਇਸ ਵਰਤਾਰੇ ਨੂੰ “ਜੁਝਾਰੂ ਰੁਝੇਵਾਂ” ਕਹਿੰਦਾ ਹੈ (169)। ਮੌਤ ਦੀ ਸੌਦਾਗਰੀ ਦੇ ਇਹੋ ਜਿਹੇ ਰਾਹਾਂ ਦੇ ਨਤੀਜਿਆਂ ਦੀ ਸਿਆਸਤ ਹੀ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਦਾ ਧਰਮ ਤਾਂ ਕਮਾਇਆ ਹੀ ਨਹੀਂ ਜਾ ਸਕਦਾ।
ਇਕ ਖਾੜਕੂ ਲਹਿਰ ਤੋਂ ਦੂਜੀ ਖਾੜਕੂ ਲਹਿਰ ਨਾਲ ਜੁੜ ਜਾਣ ਨੂੰ ਲੇਖਕ ‘ਘਰ ਵਾਪਸੀ’ (14) ਕਹਿ ਕੇ ‘ਸ਼ੁਧੀਕਰਣ’ ਦੇ ਇਸ ਸਿਲਸਲੇ ਨੂੰ ਲਮਕਵਾਂ ਤੇ ਬਿਖੜਾ ਦੱਸਦਾ ਹੈ। ਅਜਿਹੇ ਹਾਲਾਤ ਵਿਚ ਵੀ ਉਹ ਰਾਜਸੀ ਮੁੱਦਿਆਂ ਨੂੰ ਮੁਖਾਤਿਬ ਰਿਹਾ ਹੈ (15)। ਇਸ ਪੁਸਤਕ ਨੂੰ ਲੇਖਕ ਨੇ ‘ਨਿਰੋਲ ਰਾਜਸੀ ਪੱਖ ਤਕ ਸੀਮਿਤ’ ਦੱਸਿਆ ਹੈ (19)। ਕਾਮਰੇਡਾਂ ਦੇ ਸਿਧਾਂਤਕ ਕੁਰਾਹੇ ਬਾਰੇ ਲੇਖਕ ਦੀ ਟਿਪਣੀ- “ਜਦੋਂ ਸੋਚ ਰਵਾਇਤੀ ਹੱਦਾਂ ਦੇ ਅੰਦਰ ਸੁੰਗੜ ਜਾਂਦੀ ਹੈ ਤਾਂ ਸਾਰੀ ਸਰਗਰਮੀ ਘਸੀਆਂ-ਪਿਟੀਆਂ ਲੀਹਾਂ ਤੇ ਚੱਲਣ ਲੱਗ ਪੈਂਦੀ ਹੈ” (239), ਇਕਲੇ ਕਾਮਰੇਡਾਂ ‘ਤੇ ਹੀ ਕਿਉਂ, ਸਿਆਸਤ ਦੇ ਕਿਸੇ ਵੀ ਰੰਗ ਤੇ ਲਾਗੂ ਹੋ ਸਕਦੀ ਹੈ। ਲੇਖਕ ਨੂੰ ਪਤਾ ਹੈ ਕਿ ਸਿਆਸਤ ਦੇ ਗੈਰ ਉਪਜਾਊ ਕੰਮਾਂ ਵਿਚ ਊਰਜਾ ਅਜਾਈਂ ਜਾਂਦੀ ਹੈ (412), ਪਰ ਉਸ ਦੀ ਸਮਝ ਅਤੇ ਅਮਲ ਵਿਚਕਾਰ ਸੰਤੁਲਨ ਡੋਲਦਾ ਰਿਹਾ ਹੈ। ਉਸ ਨੇ ਜੋ ਟਿੱਪਣੀਆਂ ਯੋਗੀ ਹਰਿਭਜਨ ਸਿੰਘ ਅਤੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਨੂੰ ਲੈ ਕੇ ਕੀਤੀਆਂ ਹਨ, ਉਸ ਬਾਰੇ ਲੋੜ ਪਈ ਤਾਂ ਬਹੁਤ ਕੁਝ ਕਿਹਾ ਜਾ ਸਕਦਾ ਹੈ। ਚੋਣਾਂ ਦੇ ਬਾਈਕਾਟ ਦੀ ਸਿਆਸਤ ਨੂੰ ਲੈ ਕੇ ਕੀਤੀਆਂ ਟਿਪਣੀਆਂ ਬਾਰੇ ਤਬਸਰਾ ਸੋਸ਼ਲ ਮੀਡੀਆਂ `ਤੇ ਹੋਣ ਲੱਗ ਪਿਆ ਹੈ। ਕੁਲ ਮਿਲਾ ਕੇ ਪੁਸਤਕ ਪੜ੍ਹਣਯੋਗ ਹੈ ਕਿਉਂਕਿ ‘ਹਾਰ ਵਕਤੀ ਹੈ ਜਿੱਤ ਯਕੀਨੀ ਹੈ’ ਦਾ ਸਿਆਸੀ ਮੰਤ੍ਰ ਪੰਜ ਨੁਕਤਿਆਂ ਰਾਹੀਂ ਦਿੱਤਾ ਹੋਇਆ ਹੈ (335)। ਜੀਵਨੀ ਵਾਂਗ ਲਿਖੀ ਹੋਈ ਇਹ ਪੁਸਤਕ ਜਿਸ ਤਰ੍ਹਾਂ ਲੇਖਕ ਦੇ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈ, ਉਸ ਤਰ੍ਹਾਂ ਖਾੜਕੂ ਸਿਆਸਤ ਨੂੰ ਇਸਲਾਮਿਕ ਰਾਸ਼ਟਰਵਾਦ, ਈਸਾਈ ਰਾਸ਼ਟਰਵਾਦ, ਹਿੰਦੂ ਰਾਸ਼ਟਰਵਾਦ ਅਤੇ ਸਿੱਖ ਰਾਸ਼ਟਰਵਾਦ ਦੇ ਇਰਦ ਗਿਰਦ ਘੁੰਮ ਰਹੀ ਸਿਆਸਤ ਦੇ ਹਵਾਲੇ ਨਾਲ ਵੇਖਣ ਪਰਖਣ ਦੀ ਕੋਸ਼ਿਸ਼ ਕਰਦੀ ਨਜ਼ਰ ਨਹੀਂ ਆਉਂਦੀ। ਲੇਖਕ ਨੇ ਨਤੀਜਾ ਇਹ ਕੱਢਿਆ ਹੋਇਆ ਹੈ- “ਨਫੇ ਨੁਕਸਾਨ ਦੀ ਵਿਹਾਰਕ ਦ੍ਰਿਸ਼ਟੀ ਤੋਂ ਵੇਖਿਆਂ ਭਲੇ ਹੀ ਸਿੱਖ ਖਾੜਕੂ ਸੰਘਰਸ਼ ਦੀ ਕੋਈ ਠੋਸ (ਸਥੂਲ) ਪ੍ਰਾਪਤੀ ਨਜ਼ਰ ਨਹੀਂ ਆਉਂਦੀ, ਪਰ ਸੂਖਮ ਦ੍ਰਿਸ਼ਟੀ ਨਾਲ ਵੇਖਿਆਂ ਸਿੱਖ ਕੌਮ ਦੇ ਅਜੋਕੇ ਅਮਲ ਉਤੇ ਉਸ ਲਹੂ-ਵੀਟਵੇਂ ਸੰਘਰਸ਼ ਦਾ ਰੰਗ ਚੜ੍ਹਿਆ ਪ੍ਰਤੱਖ ਨਜ਼ਰ ਆਉਂਦਾ ਹੈ। ਕਿਸਾਨ ਅੰਦੋਲਨ ਦੌਰਾਨ ਇਹ ਰੰਗ ਸਾਫ ਖਿੜਿਆ ਨਜ਼ਰ ਆਇਆ ਸੀ” (544)। ਜਿਵੇਂ ਇਸ ਪੁਸਤਕ ਰਾਹੀਂ ਖਾੜਕੂ ਲਹਿਰਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਵੇਂ ਹੀ ਮੈਂ ਇਸ ਲੇਖ ਰਾਹੀਂ ਪੁਸਤਕ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਬਲਕਾਰ ਸਿੰਘ