ਚਿਤਰ-ਗੁਪਤ (ਵਿਅੰਗ)

ਸ਼ਿਵਚਰਨ ਜੱਗੀ ਕੁੱਸਾ
ਸਵੇਰ ਦਾ ਮੌਕਾ ਸੀ।
ਧਰਮਰਾਜ ਜੀ ਦਾ ਨਿਆਂਇਕ ਦਰਬਾਰ ਪੂਰਾ ਸਜਿਆ-ਧਜਿਆ ਹੋਇਆ ਸੀ। ਚੰਦਨ ਦੀਆਂ ਧੂਫ਼ਾਂ ਅਤੇ ਅਤਰ-ਫੁਲੇਲ ਦੀਆਂ ਲਪਟਾਂ ਦਰਬਾਰ ਦਾ ਚੁਗਿਰਦਾ ਮਹਿਕਾ ਰਹੀਆਂ ਸਨ। ਇੱਕ ਪਾਸੇ ਦਰਬਾਰੀ ਸੁਸੋLਭਿਤ ਸਨ। ਧਰਮਰਾਜ ਜੀ ਦੇ ਸਿੰਘਾਸਣ ਦੇ ਖੱਬੇ-ਸੱਜੇ ਦੋ ਚਾਂਦੀ ਦੀਆਂ ਕੁਰਸੀਆਂ ਡਹੀਆਂ ਹੋਈਆਂ ਸਨ।

ਸਾਰੇ ਦਰਬਾਰ ਵਿਚ ਲਾਲ ਗਲੀਚੇ ਵਿਛੇ ਹੋਏ ਸਨ। ਅਣਗਿਣਤ ਤਰ੍ਹਾਂ ਦੇ ਅਦਭੁਤ ਪੌਦੇ ਮਸਤੀ ਨਾਲ਼ ਝੂਲ ਰਹੇ ਸਨ ਅਤੇ ਗੁਲਸਤਿਆਂ ਵਰਗੇ ਫ਼ੁੱਲ ਟਹਿਕ ਰਹੇ ਸਨ। ਧਰਮਰਾਜ ਜੀ ਦਾ ਸੁਨਹਿਰੀ ਸਿੰਘਾਸਣ ਹੀਰੇ ਜਵਾਹਰਾਤ ਜੜ ਕੇ ਸਜਾਇਆ ਹੋਇਆ ਸੀ। ਭਾਂਤ-ਭਾਂਤ ਦੀਆਂ ਸੁਗੰਧੀਆਂ ਦੀ ਅਦੁੱਤੀ ਮਹਿਕ ਦੀਆਂ ਲਪਟਾਂ ਦਰਬਾਰੀਆਂ ਨੂੰ ਮਸਤ ਕਰੀ ਬੈਠੀਆਂ ਸਨ। ਮਧੁਰ ਸਾਜ਼ਾਂ ਦੀਆਂ ਧੁਨਾਂ ਸੁਣ-ਸੁਣ ਕੇ ਦਰਬਾਰੀ ਮੰਤਰ-ਮੁਗਧ ਹੋਏ, ਕੀਲੇ ਬੈਠੇ ਸਨ।
ਸੰਖ ਪੂਰਨ ਦੀ ਅਵਾਜ਼ ਸੁਣੀਂ ਤਾਂ ਦਰਬਾਰੀ ਅਦਬ ਨਾਲ਼ ਖੜ੍ਹੇ ਹੋ ਗਏ।
‘ਚਿੱਤਰ-ਗੁਪਤ’ ਆ ਹਾਜ਼ਰ ਹੋਏ। ਲੰਬੇ ਘੁੰਗਰਾਲ਼ੇ ਵਾਲ਼, ਡੌਲਿLਆਂ ਉਪਰ ਸ਼ੇਰ ਦੇ ਮੂੰਹ ਵਾਲ਼ੇ ਸੁਨਹਿਰੀ ਕਵਚ ਅਤੇ ਥਮਲਿ੍ਹਆਂ ਵਰਗੇ ਸਰੀਰ! ਤੁਰਦੇ ਸਨ, ਤਾਂ ਧਰਤੀ ਹਿੱਲਦੀ ਸੀ। ਉਹ ਆਣ ਕੇ ਧਰਮਰਾਜ ਜੀ ਦੇ ਸਿੰਘਾਸਣ ਦੇ ਖੱਬੇ-ਸੱਜੇ ਪਾਸੇ ਚਾਂਦੀ ਦੀਆਂ ਕੁਰਸੀਆਂ ਉਪਰ ਬਿਰਾਜਮਾਨ ਹੋ ਗਏ। ਉਨ੍ਹਾਂ ਦੇ ਬਿਰਾਜ ਜਾਣ ਬਾਅਦ ਅਨਹਦ ਨਾਦ ਦੀ ਧੁਨੀ ਸੁਣਾਈ ਦਿੱਤੀ ਤਾਂ ਸਾਵਧਾਨ ਖੜ੍ਹੇ ਦਰਬਾਰੀ ਅਦਬ ਵਿਚ ਝੁਕ ਗਏ ਅਤੇ ਚਿਤਰ-ਗੁਪਤ ਸਤਿਕਾਰ ਵਿਚ ਉਠ ਕੇ ਖੜ੍ਹੇ ਹੋ ਗਏ।
ਧਰਮਰਾਜ ਜੀ ਦਰਬਾਰ ਵਿਚ ਹਾਜ਼ਰ ਹੋਏ ਤਾਂ ‘ਜੈ-ਜੈ ਕਾਰ’ ਹੋਣ ਲੱਗ ਪਈ। ਚਿੱਟੇ ਕਿਨਾਰਿਆਂ ਵਾਲ਼ਾ ਸੂਹਾ ਲਿਬਾਸ, ਸਿਰ ਉਪਰ ਸੁਨਹਿਰੀ ਮੁਕਟ ਅਤੇ ਹੱਥ ਵਿਚ ਸੋਨੇ ਦੀ ਲੱਠ, ਜਿਸ ਦੀ ਮੋਤੀਆਂ ਜੜੀ ਮੁੱਠ ਖ਼ੂਬ ਜਚ ਰਹੀ ਸੀ। ਦਰਬਾਰੀ ਅਤੇ ਚਿਤਰ-ਗੁਪਤ ਓਨਾਂ ਚਿਰ ਫ਼ਲ਼ਾਂ ਲੱਦੇ ਬੂਟੇ ਵਾਂਗ ਲਿਫ਼ੇ ਰਹੇ, ਜਿੰਨਾ ਚਿਰ ਧਰਮਰਾਜ ਨੇ ਬੈਠਣ ਨੂੰ ਨਾ ਆਖ ਦਿੱਤਾ। ਸਾਰੇ ਦਰਬਾਰੀ ਚੁੱਪ-ਚਾਪ ਬੈਠ ਗਏ ਅਤੇ ਦਰਬਾਰ ਦੇ ਕਰਮਚਾਰੀ ਨੇ ਧਰਮਰਾਜ ਕੋਲ਼ੋਂ ਦਰਬਾਰ ਦਾ ਕਾਰਜ ਆਰੰਭਣ ਦੀ ਇਜਾਜ਼ਤ ਮੰਗੀ। ਧਰਮਰਾਜ ਜੀ ਨੇ ਹੱਥ ਦੇ ਇਸ਼ਾਰੇ ਨਾਲ਼ ਇਜਾਜ਼ਤ ਦੇ ਦਿੱਤੀ।
-’ਤੇਲੂ ਤੇ ਬੇਲੂ ਹਾਜ਼ਰ ਹੋਅਅਅਅ….!’ ਕਰਮਚਾਰੀ ਨੇ ਆਵਾਜ਼ ਦਿੱਤੀ ਤਾਂ ਦੋ ਜਮਦੂਤਾਂ ਵੱਲੋਂ ਇੱਕ ਚੋਲ਼ੇ ਵਾਲ਼ੇ ਸਾਧ ਨੂੰ ਪੇਸ਼ ਕੀਤਾ ਗਿਆ। ਸਾਧ ਦੇ ਖੁੱਲ੍ਹੇ ਲੰਬੇ ਕਾਲ਼ੇ ਵਾਲ਼, ਲੰਬੀ ਕਾਲ਼ੀ ਦਾੜ੍ਹੀ, ਚਿੱਟਾ ਚੋਲ਼ਾ ਅਤੇ ਅੱਖਾਂ `ਤੇ ਕਾਲ਼ੀਆਂ ਐਨਕਾਂ ਲਾਈਆਂ ਹੋਈਆਂ ਸਨ।
-’ਇਹ ਕੌਣ ਐਂ ਦੂਤ ਜੀ…?’ ਧਰਮਰਾਜ ਦੇ ਸੈਕਟਰੀ ਨੇ ਪੁੱਛਿਆ।
-’ਇਹ ਜੀ ਡੇਰੇ ਦਾ ਇੱਕ ਸਾਧ ਐ, ਜੋ ਉਪਦੇਸ਼ ਇਹ ਆਪਣੇ ਪੈਰੋਕਾਰਾਂ ਨੂੰ ਦਿੰਦਾ ਸੀ, ਓਸ ਦੇ ਬਿਲਕੁਲ ਉਲਟ ਖ਼ੁਦ ਆਪ ਚੱਲਦਾ ਸੀ। ਉਹ ਕਿਹੜਾ ਕੁੱਤਾ ਕੰਮ ਐਂ ਜੀ, ਜਿਹੜਾ ਇਹਨੇ ਨਹੀਂ ਕੀਤਾ..!’
-’ਕਿਉਂ ਚਿਤਰ ਗੁਪਤ ਜੀ, ਕੀ ਇਹ ਗੱਲ ਸਹੀ ਐ…?’ ਧਰਮਰਾਜ ਨੇ ਕਰੋਧੀ ਨਜ਼ਰਾਂ ਨਾਲ਼ ਓਧਰ ਤੱਕਿਆ।
-’ਜੀ ਹਜ਼ੂਰ, ਇਹ ਬਿਲਕੁਲ ਸਹੀ ਹੈ…! ਇਸ ਸ਼ੈਤਾਨ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ…!’
-’ਇਹਨੂੰ ਗੁਸਤਾਖ਼ ਨੂੰ ਤੇਲ ਦੇ ਉਬਲ਼ਦੇ ਕੜਾਹੇ ਵਿਚ ਸੁੱਟਿਆ ਜਾਵੇ…!’
-‘ਰਹਿਮ ਧਰਮਰਾਜ ਜੀ…! ਰਹਿਮ….!’ ਸਾਧ ਦਰਬਾਰ ਵਿਚ ਲਿਟਣ ਅਤੇ ਬਿਲਕਣ ਲੱਗ ਪਿਆ। ਪਰ ਦੂਤ ਉਸ ਨੂੰ ਘੜੀਸ ਕੇ ਦਰਬਾਰ ‘ਚੋਂ ਬਾਹਰ ਲੈ ਗਏ।
ਕਰਮਚਾਰੀ ਦੇ ਇਸ਼ਾਰੇ ‘ਤੇ ਇੱਕ ਲਿੱਬੜਿਆ-ਤਿੱਬੜਿਆ ਜਿਹਾ ਬੰਦਾ ਪੇਸ਼ ਕੀਤਾ ਗਿਆ, ਜੋ ਪਹਿਲੀ ਤੱਕਣੀ ਨਾਲ਼ ਹੀ ਸ਼ਕਲ ਤੋਂ ਬੜਾ ‘ਗਰੀਬੜਾ’ ਜਿਹਾ ਨਜ਼ਰ ਆ ਰਿਹਾ ਸੀ।
-‘ਇਹ ਪ੍ਰਾਣੀ ਕੌਣ ਐਂ ਦੇਵਤਾ ਜੀ…?’ ਕਰਮਚਾਰੀ ਨੇ ਸੁਆਲ ਕੀਤਾ।
-‘ਇਹਦਾ ਨਾਂ ਨੰਦ ਲਾਲ ਨੂਰਪੁਰੀ ਐ ਮਹਾਰਾਜ…!’
-‘ਚਿਤਰ-ਗੁਪਤ ਜੀ, ਇਸ ਦਾ ਖਾਤਾ ਖੋਲ੍ਹ ਕੇ ਦੱਸੋ!’ ਧਰਮਰਾਜ ਦੇ ਕਹਿਣ ‘ਤੇ ਦੋਹਾਂ ਨੇ ਵਹੀ ਖੋਲ੍ਹ ਲਈ।
-‘ਇਹਦੇ ਨਾਂ ਦਾ ਤਾਂ ਲੋਕਾਂ ਨੇ ਬੜਾ ਲਾਹਾ ਲਿਆ, ਮਾਹਾਰਾਜ! ਜਿੰਨੇ ਵੱਡੇ ਢਿੱਡਾਂ ਵਾਲ਼ੇ, ਤੇ ਵੱਡੇ-ਵੱਡੇ ਅਹੁਦਿਆਂ ਆਲ਼ੇ ਆਫਰੇ ਤੁਰੇ ਫ਼ਿਰਦੇ ਐ, ਸਭ ਇਸ ਬੰਦੇ ਦੇ ਨਾਂ ਦੀ ਖੱਟੀ ਖਾਂਦੇ ਐ। ਇਸ ਵਿਚਾਰੇ ਕੋਲ਼ ਰੋਟੀ ਖਾਣ ਨੂੰ ਤਾਂ ਕੀ, ਦੁਆਈ ਵਾਸਤੇ ਵੀ ਪੈਸੇ ਨੀ ਸੀ, ਇਹਨੇ ਅੱਕ ਕੇ ਖੂਹ ‘ਚ ਛਾਲ਼ ਮਾਰੀ, ਇਹਨੂੰ ਤਾਂ ਅਸੀਂ ਮਸਾਂ ਖੂਹ ‘ਚੋਂ ਕੱਢ ਕੇ ਲਿਆਏ ਆਂ!’
-‘ਇਹਨੂੰ ਦਰਵੇਸ਼ ਨੂੰ ਸਵਰਗ ‘ਚ ਭੇਜ ਦਿਓ…!’ ਧਰਮਰਾਜ ਦੇ ਹੁਕਮ ‘ਤੇ ਦੇਵਤੇ ਉਸ ਨੂੰ ਲੈ ਤੁਰੇ।
ਉਸ ਤੋਂ ਬਾਅਦ ਦੂਤਾਂ ਨੇ ਦੋ ਬਜ਼ੁਰਗ ਅੱਗੇ ਲੈ ਆਂਦੇ। ਇੱਕ ਨੇ ਢਿਲ਼ਕੀ ਜਿਹੀ ਪੱਗ ਬੰਨ੍ਹ ਕੇ ਦੋਵੇਂ ਹੱਥ ਜੋੜੇ ਹੋਏ ਸਨ ਅਤੇ ਉਸ ਦੇ ਪਜਾਮੇਂ ਦਾ ਨਾਲ਼ਾ ਲਮਕ ਰਿਹਾ ਸੀ। ਦੂਜੇ ਨੇ ਪੋਚਵੀਂ ਅਤੇ ਠੋਕਵੀਂ ਪੱਗ ਬੰਨ੍ਹੀ ਹੋਈ ਸੀ। ਦਾੜ੍ਹੀ ਕਾਲ਼ੀ ਕਰ ਕੇ ‘ਵਸਮਾਂ’ ਲਾਇਆ ਹੋਇਆ ਸੀ ਅਤੇ ਦਾੜ੍ਹੀ ਬੰਨ੍ਹ ਕੇ ਉਪਰ ਠਾਠੀ ਬੰਨ੍ਹੀ ਹੋਈ ਸੀ। ਵਿਰਲੀਆਂ ਜਿਹੀਆਂ ਮੁੱਛਾਂ ਧੋ ਕੇ ਪਾਈ ਸੁੱਥਣ ਵਾਂਗ ਲਟਕ ਰਹੀਆਂ ਸਨ।
-’ਦੂਤ ਜੀ, ਇਹਦਾ ਭੱਦਰ ਪੁਰਸ਼ ਦਾ ਨਾਲ਼ਾ ਤਾਂ ਟੰਗ ਲਓ…!’ ਕਰਮਚਾਰੀ ਨੇ ਕਿਹਾ।
-‘ਨਾਲ਼ਾ ਲਮਕਾਉਣ ਦੀ ਤਾਂ ਇਹਨੂੰ ਬੁਰੀ ਬਾਣ ਐਂ ਜੀ…! ਜੇ ਹੁਣ ਟੰਗਤਾ, ਮਿੰਟ ਕੁ ਨੂੰ ਬਾਹਰ ਕੱਢ ਕੇ ਫੇਰ ਲਮਕਾ-ਲੂ..!’ ਗੱਲ ਸੁਣ ਕੇ ਸਾਰਾ ਦਰਬਾਰ ਹੱਸ ਪਿਆ।
-‘ਇਹ ਦੋ ਬਜ਼ੁਰਗ ‘ਕੱਠੇ ਈ ਪੇਸ਼ ਕਰਤੇ…? ‘ਕੱਠੇ ਪੇਸ਼ ਕਰਨ ਦਾ ਕਾਰਨ…?’
-‘ਇਹ ਤਾਂ ਜੀ ਬਹੁਤ ਚਤਰ ਬੁੱਢੇ ਐ…! ਸਾਰੀ ਉਮਰ ਇਹ ਆਪਦੇ ਭਾਈਚਾਰੇ ਦੇ ਜਜ਼ਬਾਤਾਂ ਨਾਲ਼ ਗੁੱਲੀ-ਡੰਡਾ ਖੇਡਦੇ ਰਹੇ ਐ..! ਕਦੇ ਗਿੱਟ-ਮਿੱਟ ਕਰ ਕੇ ਆਹ ਠਾਠੀ ਆਲ਼ਾ ਰਾਜ-ਭਾਗ ਸਾਂਭ ਲੈਂਦਾ ਸੀ, ਤੇ ਕਦੇ ਆਹ ਲਮਕਦੇ ਨਾਲ਼ੇ ਆਲ਼ਾ…! ਪਰ ਪਰਜਾ ਦਾ ਭਲਾ ਇਨ੍ਹਾਂ ‘ਚੋਂ ਕਿਸੇ ਨੇ ਵੀ ਨੀ ਕੀਤਾ…! ਆਹ ਤਾਂ ਜੀ ਕਿਸੇ ਗੁਆਂਢੀ ਮੁਲਕ ਦੀ ਬੀਬੀ ਨਾਲ਼ ‘ਚਖ਼ਮਖ਼ੀ’ ਵੀ ਕਰਦਾ ਰਿਹੈ, ਤੇ ਆਹ ਪਤੰਦਰ ਨਾਲ਼ਾ ਲਮਕਾ ਕੇ ਲੋਕਾਂ ਦਾ ਤਰਸ ਬਟੋਰ ਕੇ, ਵੋਟਾਂ ਖੱਟਦਾ ਰਿਹੈ…!’
-‘ਇਨ੍ਹਾਂ ਦਾ ਕੇਸ ਅਜੇ ਪੈਂਡਿੰਗ ਰੱਖੋ…!’ ਧਰਮਰਾਜ ਨੇ ਉਹ ਦੋਨੋਂ ਪਾਸੇ ਬਿਠਾ ਦਿੱਤੇ।
ਹੁਣ ਇੱਕ ਕੁੱਤੇ ਝੱਗੀ ਵਾਲ਼ੇ ਨੂੰ ਪੇਸ਼ ਕੀਤਾ ਗਿਆ। ਕਤਰੀ ਬੱਗੀ ਦਾੜ੍ਹੀ ਵਾਲ਼ਾ ਚੁਸਤ ਜਿਹਾ ਬੰਦਾ ਮੂੰਹ `ਚੋਂ ‘ਜੈ ਸ਼੍ਰੀ ਰਾਮ’ ਦੇ ਜੈਕਾਰੇ ਛੱਡੀ ਜਾ ਰਿਹਾ ਸੀ। ਕਦੇ-ਕਦੇ ‘ਹਰ-ਹਰ ਮਹਾਂਦੇਵ’ ਵੀ ਬੁਲਾਉਣ ਲੱਗ ਜਾਂਦਾ ਸੀ।
-‘ਇਹ ਭਗਤ ਜੀ ਕੌਣ ਨੇ…?’
-‘ਇਹ ਜੀ ਹਿੰਦੋਸਤਾਨ ਦਾ ਹੁਕਮਰਾਨ ਰਿਹੈ, ਮਹਾਰਾਜ…! ਜਦੋਂ ਵੀ ਇਹਦੇ ਦੇਸ਼ ‘ਚ ਕੋਈ ਬਿਮਾਰੀ ਫ਼ੈਲਦੀ, ਜਾਂ ਕੋਈ ਹੋਰ ਸੰਕਟ ਆਉਂਦਾ, ਇਹਨੇ ਕਦੇ ਇਲਾਜ਼, ਜਾਂ ਕਿਸੇ ਹੋਰ ਸਥਾਈ ਹੱਲ ਬਾਰੇ ਨੀ ਸੋਚਿਆ, ਆਪਦੀ ਪਰਜਾ ਨੂੰ ਕਦੇ ਥਾਲ਼ੀਆਂ ਕੁੱਟਣ, ਤੇ ਕਦੇ ਮੋਮਬੱਤੀਆਂ ਬਾਲਣ ਦੇ ਸੰਦੇਸ਼ ਈ ਦੇਈ ਜਾਂਦਾ…! ਬਾਹਰ ਲੋਕ ਥਾਲ਼ੀਆਂ ਕੁੱਟੀ ਜਾਂਦੇ, ਤੇ ਅੰਦਰ ਭੁੱਖੇ ਚੂਹੇ ਦਾਣਿਆਂ ਵਾਲ਼ੇ ਖਾਲੀ ਡਰੰਮ ਖੜਕਾਈ ਜਾਂਦੇ..!’
-‘ਇਹਦਾ ਕੇਸ ਵੀ ਅਜੇ ਪੈਂਡਿੰਗ ਰੱਖੋ..! ਇਹਨੂੰ ਔਹਨਾਂ ਬਜ਼ੁਰਗਾਂ ਕੋਲ਼ ਬਿਠਾਓ…! ਅਜੇ ਇਨ੍ਹਾਂ ਦੀ ਪਰਜਾ ‘ਚੋਂ ਹੋਰ ਚਸ਼ਮਦੀਦ ਗਵਾਹ ਆ ਲੈਣ ਦਿਓ…!’
-’ਇਹਨੇ ਬਹਿਣਾਂ ਨੀ ਜੀ..! ਇਹ ਓਹਨਾਂ ਤੋਂ ਉਚੇ ਰੁਤਬੇ ‘ਤੇ ਰਿਹੈ, ਇਹਨੂੰ ਤਾਂ ਅਜੇ ਤੱਕ ਅਫ਼ਰੇਵੇਂ `ਚ ਸਾਹ ਨੀ ਆਉਂਦਾ!’
-’ਇਹਨੂੰ ਕਹਿ ਦਿਓ ਕਿ ਤੂੰ ਔਹਨਾਂ ਨਾਲ਼ ਬੈਠ, ਤੈਨੂੰ ਵਿਦੇਸ਼ੀ ਦੌਰੇ ‘ਤੇ ਭੇਜਣੈ, ਜਾਂ ਲਾਰਾ ਲਾ ਦਿਓ ਕਿ ਕੈਮਰਿਆਂ ਆਲ਼ੇ ਫੋਟੂ ਖਿੱਚਣ ਆਉਂਦੇ ਆ, ਦੇਖ ਲਿਓ ਟਿਕ ਕੇ ਬਹਿਜੂ, ਚਾਹੇ ਮਹੀਨਾਂ ਬਿਠਾਈ ਰੱਖਿਓ..!’ ਚਿਤਰ ਜੀ ਨੇ ਕਿਹਾ ਤਾਂ ਸਾਰਾ ਦਰਬਾਰ ਫ਼ਿਰ ਹੱਸ ਪਿਆ।
-‘ਚਲੋ ਭਾਈ ਅੱਜ ਪੰਜ ਬੰਦੇ ਪੇਸ਼ ਕਰਤੇ, ਬਾਕੀ ਕੱਲ੍ਹ ਸਹੀ…!’
ਦਰਬਾਰ ਬਰਖ਼ਾਸਤ ਕਰ ਦਿੱਤਾ ਗਿਆ।
ਧਰਮਰਾਜ ਦੇ ਜਾਣ ਤੱਕ ਸਾਰੇ ਅਦਬ ਨਾਲ਼ ਝੁਕੇ ਖੜ੍ਹੇ ਰਹੇ।