ਸਮਰਕੰਦ ਦੀ ਸੈਰ

ਗੁਰਦਿਆਲ ਸਿੰਘ
ਉਘੇ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਦੀ ਇਹ ਲਿਖਤ ਤਕਰੀਬਨ ਦੋ ਦਹਾਕੇ ਪਹਿਲਾਂ ਦੀ ਹੈ। ਇਸ ਵਿਚ ਉਜ਼ਬੇਕਿਸਤਾਨ ਜੋ ਸੋਵੀਅਤ ਸੰਘ ਦਾ ਰਾਜ ਹੁੰਦਾ ਸੀ ਅਤੇ ਸੋਵੀਅਤ ਸੰਘ ਟੁੱਟਣ ਤੋਂ ਬਾਅਦ ਵੱਖਰਾ ਮੁਲਕ ਬਣ ਗਿਆ, ਦੇ ਸ਼ਹਿਰ ਸਮਰਕੰਦ ਬਾਰੇ ਚਰਚਾ ਹੈ। ਇਸ ਸ਼ਹਿਰ ਵਿਚ ਬਾਬਰ ਅਤੇ ਉਸ ਦੇ ਪੁਰਖਿਆਂ ਦੀਆਂ ਮਜ਼ਾਰਾਂ ਹਨ। ਪ੍ਰੋ. ਗੁਰਦਿਆਲ ਸਿੰਘ ਨੇ ਸਮਰਕੰਦ ਦੇ ਉਸ ਵਕਤ ਦੇ ਹਾਲਾਤ ਬਾਰੇ ਚਰਚਾ ਦੇ ਨਾਲ-ਨਾਲ ਭਾਰਤ ਦੇ ਹਾਲਾਤ ਬਾਰੇ ਵੀ ਟਿੱਪਣੀਆਂ ਕੀਤੀਆਂ ਹਨ। ਇਹ ਟਿੱਪਣੀਆਂ ਇਤਿਹਾਸ ਅਤੇ ਵਰਤਮਾਨ ਦੀ ਤੁਲਨਾ ਦੇ ਹਿਸਾਬ ਨਾਲ ਹਨ। ਇਹਨਾਂ ਟਿੱਪਣੀਆਂ ਦਾ ਰੰਗ ਸਿਆਸੀ ਨਹੀਂ ਸਗੋਂ ਸਾਹਿਤਕ ਵਧੇਰੇ ਹੈ।

ਸਮਰਕੰਦ ਛੋਟਾ ਸ਼ਹਿਰ ਹੈ। ਆਬਾਦੀ ਸ਼ਾਇਦ ਹਜ਼ਾਰਾਂ ਜਾਂ ਇੱਕ-ਡੇਢ ਲੱਖ ਦੀ ਹੋਏਗੀ। ਤਾਸ਼ਕੰਦ ਦੇ ਇਸਲਾਮਿਕ ਸਭਿਆਚਾਰ ਨਾਲੋਂ ਵੀ ਪਛੜੇ ਹੋਏ ਲੋਕ ਹਨ। ਜਿਹੜੇ ਹੋਟਲ ‘ਚ ਠਹਿਰੇ, ਉਹ ਸਾਡੀ ਮੰਡੀ (ਕਸਬੇ) ਦੀ ਧਰਮਸ਼ਾਲਾ ਵਰਗਾ ਸੀ। ਛੋਟੇ-ਛੋਟੇ ਕਮਰੇ, ਭੀੜੇ ਰਸਤੇ। ਤਾਸ਼ਕੰਦ ਵਰਗੀ ਕੋਈ ਸਹੂਲਤ ਨਹੀਂ ਸੀ ਪਰ ਛੋਟੇ ਹੋਣ ਕਰ ਕੇ ਕਮਰੇ ਸਾਨੂੰ ਤਿੰਨਾਂ ਨੂੰ ਵੱਖੋ-ਵੱਖਰੇ ਮਿਲ ਗਏ। ਮੂੰਹ-ਹੱਥ ਧੋ ਕੇ ਜਦੋਂ ਹੇਠ ਰੋਟੀ ਖਾਣ ਗਏ ਤਾਂ ਤਾਸ਼ਕੰਦ ਨਾਲ਼ੋਂ ਵੀ ਵਧੇਰੇ ਮਿਰਚ-ਮਸਾਲਿਆਂ ਦੀ ਵਰਤੋਂ ਕਰਨ ਕਰ ਕੇ ਵਲਾਦੀਮੀਰ ਦੇ ਕਹੇ-ਕਹਾਏ ‘ਚਿਕਨ’ ਦੀਆਂ ਤਿੰਨ ਪਲੇਟਾਂ ਮੰਗਵਾ ਲਈਆਂ (ਅਸੀਂ ਸੋਚਿਆ ਸੀ ਥੋੜ੍ਹਾ-ਬਹੁਤ ਹੋਏਗਾ, ਖਾਧਾ ਜਾਏਗਾ) ਪਰ ਬੈਰ੍ਹੇ ਨੇ ਪੂਰੇ ਭੁੰਨੇ ਮੁਰਗਿਆਂ ਦੀਆਂ ਤਿੰਨ ਪਲੇਟਾਂ ਤੇ ਤੰਦੂਰ ਦੀਆਂ ਰੜ੍ਹੀਆਂ ਰੋਟੀਆਂ ਦੀ ਥੱਬੀ ਲਿਆ ਰੱਖੀ। ਅਸੀਂ ਦੇਖ ਕੇ ਘਬਰਾ ਗਏ ਕਿ ਏਨਾ ਕੌਣ ਖਾਏਗਾ? ਇੱਕ ਪਲੇਟ ‘ਚੋਂ ਵੀ ਕੁਝ ਛੱਡ ਦਿੱਤਾ ਪਰ ਵਲਾਦੀਮੀਰ ਦੂਜੀਆਂ ਦੋਏ ਪਲੇਟਾਂ ਇਕੱਲਾ ਖਾ ਗਿਆ। ਸੋਚਿਆ, ਜੇ ਇਹ ਲੋਕ ਏਨਾ ਖਾਂਦੇ ਹਨ, ਤਦੇ ਕੰਮ ਕਰਦੇ ਹਨ। ਜੇ ਉਹ ਮੇਰੇ ਜਿਹੇ 56 ਕਿਲੋ ਦੇ ਬੰਦੇ ਵਾਂਗ ਡੂਢ-ਦੋ ਰੋਟੀਆਂ, ਮੂੰਗੀ ਦੀ ਦਾਲ ਜਾਂ ਸਬਜ਼ੀ ਦੀ ਕੌਲੀ ਨਾਲ ਈ ਸਾਰ ਲੈਂਦੇ ਹੋਣ ਤਾਂ ਸਖ਼ਤ ਕੰਮ ਕਿਵੇਂ ਕਰਨ। ਦਰਿਆਵਾਂ ਨੂੰ ਨਹਿਰਾਂ ਵਾਂਗ ਬੰਨ੍ਹ ਕੇ ਤੋਰਨ ਵਾਲ਼ੇ, ਉਹਨਾਂ ਦੇ ਚੱਕਵੇਂ-ਪੁਲ ਬਣਾਉਣ ਤੇ ਦਰਿਆਵਾਂ ਵਿਚੋਂ ਛੋਟੇ ਜਹਾਜ਼ ਲੰਘਾਉਣ ਵਾਲੇ ਲੋਕ, ਜੇ ਸਾਡੇ ਵਾਂਗ ਗੰਢੇ, ਅਚਾਰ ਜਾਂ ਦਾਲ ਦੀ ਕੌਲੀ ਨਾਲ਼ ਰੋਟੀ ਖਾਂਦੇ ਹੋਣ ਤਾਂ ਉਹ ਹਿਟਲਰ ਦੇ ਭਿਆਨਕ ਹੱਲਿਆਂ ਨੂੰ ਕਿੰਝ ਝੱਲ ਸਕਦੇ ਸਨ। ਸਾਡੇ ਬਜ਼ੁਰਗ ਵੀ ਕਹਿੰਦੇ ਹੁੰਦੇ ਸਨ ਕਿ ‘ਜਿਹੜਾ ਚਾਰ ਰੋਟੀਆਂ ਨ੍ਹੀਂ ਖਾ ਸਕਦਾ, ਉਹ ਕੰਮ ਕੀ ਕਰੇਗਾ, ਅੰਨ ਨੂੰ ਈ ਬੰਨ੍ਹ ਚੜ੍ਹਦੈ’ ਪਰ ਬਚਪਨ ‘ਚ ਜੋ ਰੱਜ ਕੇ ਖਾ ਲਿਆ, ਸੋ ਖਾ ਲਿਆ, ਅੱਲੜ੍ਹ ਉਮਰ ਦੀਆਂ ਜ਼ਿੰਮੇਵਾਰੀਆਂ ਤੇ ਫ਼ਿਕਰਾਂ ਨੇ ਭੁੱਖ ਈ ਮਾਰ ਦਿੱਤੀ ਸੀ। ਕਦੇ ਵੀ ਸਾਧਾਰਨ ਦੋ ਰੋਟੀਆਂ ਤੋਂ ਵੱਧ ਕੁਝ ਵੀ ਖਾਧਾ ਨਹੀਂ ਸੀ ਗਿਆ। ਬਹੁਤਾ ਖਾਣ ਵਾਲੇ, ਕਿਸੇ ਬਰਾਤ ਜਾਂ ਸਮਾਰੋਹ ਵਿਚ ਸਬਜ਼ੀਆਂ, ਦਾਲਾਂ ਤੇ ਖੀਰ ਦੇ ਭਰੇ ਡੌਂਗੇ ਖਾਣ ਵਾਲੇ ਤੇ ਭੁੱਖੜਾਂ ਵਾਂਗ ਝਪਟਦੇ ਬੰਦੇ ਕਦੇ ਚੰਗੇ ਨਹੀਂ ਸਨ ਲੱਗੇ ਪਰ ਜਦੋਂ ਗੰਭੀਰਤਾ ਨਾਲ ਸੋਚਦਾ ਤਾਂ ਵਾਰ-ਵਾਰ ਸੁਣਿਆ ਅਖਾਣ ਜ਼ਰੂਰ ਯਾਦ ਆ ਜਾਂਦਾ, ‘ਖਾਈਏ ਮਣ-ਭਰ, ਛੱਡੀਏ ਨਾ ਕਣ-ਭਰ।’ ਥੋੜ੍ਹਾ ਖਾਏ ਜਾਂ ਬਹੁਤਾ, ਭੁੱਖ ਤਾਂ ਹਰੇਕ ਨੂੰ ਲਗਦੀ ਸੀ। ਸਵੇਰੇ ਉਠ ਕੇ, ਨਾਹ-ਧੋ ਕੇ ਜਾਂ ਸੁੱਤਾ ਉੱਠ ਕੇ ਬਿਨਾਂ ਹੱਥ-ਮੂੰਹ ਧੋਤੇ ਈ ਕੰਮ ‘ਤੇ ਜਾਣ ਵਾਲਾ ਕਿਹੜਾ ਬੰਦਾ ਸੀ ਜੋ ਭੁੱਖਾ ਤੁਰ ਜਾਏ। ਮਾਲ ਮੇਲੇ ਵਿਚ ਆਉਣ ਵਾਲ਼ੇ ਤੁੱਕੜ ਕਵੀਆਂ ਤੋਂ ਸੈਂਕੜੇ ਵਾਰ ਅਜਿਹੀਆਂ ਤੁਕਾਂ ਸੁਣੀਆਂ ਸਨ ਜਿਨ੍ਹਾਂ ਵਿਚ ਢਿੱਡ ਬਾਰੇ ਕਿਹਾ ਗਿਆ ਹੁੰਦਾ ਸੀ ਕਿ ਜੇ ਇਹ ਨਾ ਹੁੰਦਾ ਤਾਂ ਸਭ ਦੁੱਖ-ਕਸ਼ਟ ਮਿਟ ਜਾਂਦੇ। ਇੱਕ ਅਜਿਹਾ ਕਵੀਸ਼ਰ ਵਾਰ-ਵਾਰ ਇੱਕ ਤੁਕ ਦੁਹਰਾਉਂਦਾ ਹੁੰਦਾ ਜਿਸ ਦੇ ਅਰਥ ਸਨ ਕਿ ‘ਜੇ ਢਿੱਡ ਵੀ ਪਿੱਠ ਵਰਗਾ ਹੁੰਦਾ ਤਾਂ ਬੰਦੇ ਨੂੰ ਕਦੇ ਕਿਸੇ ਦੀ ਗੁਲਾਮੀ ਨਾ ਕਰਨੀ ਪੈਂਦੀ।’
ਅਜਿਹੀ ਸੋਚ ਜਦੋਂ ਵੀ ਆਉਂਦੀ ਤਾਂ ਹੁਣ ਤੱਕ ਸੰਸਾਰ ਵਿਚ ‘ਭੁੱਖ ਤੇ ਦੁੱਖ’ ਦੋ ਈ ਸ਼ਬਦ ਸਨ ਜਿਨ੍ਹਾਂ ਨੇ ਬੰਦੇ ਦੀ ਪੂਰੀ ਜ਼ਿੰਦਗੀ ‘ਲੇਖੇ’ ਲਾ ਛੱਡੀ ਸੀ। ਭੁੱਖ ਦਾ ਸਿੱਧਾ ਸਬੰਧ ਦਿਹ ਨਾਲ ਹੈ। ਜੇ ਦਿਹ ਹੀ ਹਾਰ ਜਾਏ ਤਾਂ ਪਿਛੇ ਰਹਿ ਕੀ ਜਾਏਗਾ? ਦੁੱਖ ਭਾਵੇਂ ਮਾਨਸਿਕ ਹੋਵੇ, ਪਰਿਵਾਰਕ ਜਾਂ ਸਮਾਜਿਕ, ਉਸ ਤੋਂ ਕੋਈ ਬਚ ਨਹੀਂ ਸਕਦਾ। ਕੋਈ ਕਿੰਨਾ ਵੀ ਸਿਆਣਾ, ਵਿਦਵਾਨ, ਚਿੰਤਕ ਹੋਵੇ, ਉਹ ਕਿਸੇ ਸਮਾਜ ਵਿਚ ਕੁਝ ਦਿਨਾਂ, ਮਹੀਨਿਆਂ, ਸਾਲਾਂ ਜਾਂ ਅੱਧੀ, ਪੂਰੀ ਸਦੀ ਵਿਚ ਵੀ ਅਜਿਹੀ ਕੋਈ ਤਬਦੀਲੀ ਨਹੀਂ ਸੀ ਲਿਆ ਸਕਦਾ ਕਿ ਨਿੱਜੀ ਜਾਂ ਪਰਿਵਾਰਕ ਦੁੱਖਾਂ ਤੋਂ ਲੋਕਾਂ ਨੂੰ ਬਚਾ ਸਕੇ। ਜਦੋਂ ਤੱਕ ਸਮੁੱਚਾ ਰਾਜ-ਪ੍ਰਬੰਧ ਲੋਕ-ਪੱਖੀ ਨਹੀਂ ਹੁੰਦਾ, ਉਦੋਂ ਤੱਕ ਕਿਸੇ ਵੀ ਦੁੱਖ ਤੋਂ ਛੁਟਕਾਰਾ ਸੰਭਵ ਨਹੀਂ। ਵਰਤਮਾਨ, ਅਖਉਤੀ ‘ਲੋਕਤੰਤਰ’ ਸਿਵਾਏ ਰਾਜਸੀ ਦਲਾਂ ਦੀ ਪਹਿਲੀ ਦੂਜੀ ਕਤਾਰ ਦੇ ਨੇਤਾਵਾਂ ਦੀਆਂ ‘ਕੂਟਨੀਤੀਆਂ’ ਨਾਲ, ਲੋਕਾਂ ਨੂੰ ਅਨਪੜ੍ਹ ਰੱਖ ਕੇ, ਸ਼ਰਾਬ, ਪੈਸਾ, ਡਾਂਗ-ਸੋਟਾ ਵਾਹੁਣ ਵਾਲ਼ੇ ਬਦਮਾਸ਼ਾਂ ਰਾਹੀਂ, ਇੱਕ ਜਾਂ ਦੂਜਾ ਦਲ ਜਿੱਤ ਕੇ ਪੰਜ (ਜਾਂ ਵੱਧ-ਘੱਟ) ਸਾਲ ਆਪਣੀਆਂ ਚੰਮ ਦੀਆਂ ਚਲਾਉਂਦਾ ਹੈ ਤਾਂ ਲੋਕਾਂ ਦੇ ਦੁੱਖ ਦੂਰ ਕਿਵੇਂ ਹੋ ਜਾਣਗੇ? ਇੰਝ ਵੀ ਜਾਪਦਾ ਕਿ ‘ਲੋਕਤੰਤਰ’ ਸੰਸਾਰ ਦੇ ਪਛੜੇ ਲੋਕਾਂ ਲਈ ਸਭ ਤੋਂ ਵੱਡਾ ਛਲਾਵਾ ਹੈ। ਸਾਡੇ ਦੇਸ਼ ਵਿਚ ਕੋਈ ਵੀ ਸਰਕਾਰ 35 ਫ਼ੀਸਦੀ ਵੋਟਾਂ ਤੋਂ ਵੱਧ ਨਾਲ ਨਹੀਂ ਬਣੀ। 35 ਫ਼ੀਸਦੀ ਵਿਚੋਂ ਵੀ ਬਹੁਤੀਆਂ ਵੋਟਾਂ ਖ਼ਰੀਦੀਆਂ ਜਾਂਦੀਆਂ ਹਨ। ਇਹਨਾਂ ਵਿਚੋਂ ਵੀ 80-90 ਫ਼ੀਸਦੀ ਇਹ ਪਤਾ ਨਹੀਂ ਕਿ ਉਹ ਵੋਟ ਕਿਉਂ, ਕਿਸੇ ਖ਼ਾਸ ਪਾਰਟੀ ਜਾਂ ਬੰਦੇ ਨੂੰ ਪਾਉਂਦੇ ਹਨ। ਅਜਿਹੇ ‘ਲੋਕਰਾਜ’ (ਲੋਕਤੰਤਰ) ਸਿਰਫ਼ ਲੋਕਾਂ ਦੇ ਦੁਖ-ਕਸ਼ਟ ਵਧਾਉਂਦੇ ਤੇ ਚੋਣਾਂ ਲਈ ਧਨ ਦੇਣ ਵਾਲ਼ੇ ਉਤਲੇ ਵਰਗਾਂ ਲਈ ਈ ਸਭ ਸਹੂਲਤਾਂ ਦਿੰਦੇ ਹਨ। ਆਮ ਬੰਦੇ ਨੂੰ ਤਾਂ ਕਦੇ ‘ਅਖਾਉਤੀ’ ਇਨਸਾਫ਼ ਵੀ ਨਹੀਂ ਦੇ ਸਕੇ। ਲੋਕ ਕਚਹਿਰੀਆਂ ‘ਚ ਧੱਕੇ ਖਾਂਦੇ ਈ ਬੁੱਢੇ ਹੋ ਜਾਂਦੇ ਹਨ।
ਅਜਿਹੀਆਂ ਸੋਚਾਂ ਪਤਾ ਨਹੀਂ ਕਦੋਂ, ਕਿੱਥੇ ਦੀਆਂ ਕਿੱਥੇ ਲੈ ਗਈਆਂ ਸਨ। ਜਦੋਂ ਤੱਕ ਵਲਾਦੀਮੀਰ ਨੇ ਦੋ ਮੁਰੱਬੇ ਚੱਬ ਕੇ ਚਾਰ ਰੋਟੀਆਂ ਵੀ ਕਿਸੇ ਸਬਜ਼ੀ, ਸਲਾਦ ਨਾਲ ਨਿਗਲ ਲਈਆਂ ਸਨ, ਉਦੋਂ ਤੱਕ ਮੇਰਾ ਮਨ ਇਹਨਾਂ ਸੋਚਾਂ ਨੇ ਬੁਰੀ ਤਰ੍ਹਾਂ ਬੇਚੈਨ ਕਰ ਦਿੱਤਾ ਸੀ। ਵਲਾਦੀਮੀਰ ਦੀਆਂ ‘ਸਮਾਜਿਕ ਇਨਸਾਫ਼’ ਦੀਆਂ ਗੱਲਾਂ ‘ਤੇ ਬਹੁਤ ਗੁੱਸਾ ਆ ਰਿਹਾ ਸੀ। ਸਭ ਨੂੰ ਬੇਰੁਜ਼ਗਾਰੀ ਤੋਂ ਮੁਕਤ ਕਰਨ ਵਾਲਾ ਤੇ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਾਲ਼ਾ ਸਮਾਜ, ਸਾਰੀ ਉਮਰ ਮੁਸ਼ਕਿਲਾਂ-ਮੁਸੀਬਤਾਂ ‘ਚ ਬਿਤਾ ਕੇ, ਲੈਨਿਨ ਵਰਗੇ ਨੇਤਾਵਾਂ ਨੇ ਸਿਰਜਿਆ ਸੀ ਜਿਸ ਨੂੰ ਇਹ ਕੁਝ ‘ਚਿਟ-ਕਪੜੀਏ’, ‘ਪੜ੍ਹੇ-ਲਿਖੇ’ ਤੇ ‘ਪਾਰਟੀ ਮੁਖੀਏ’ ਢਹਿ-ਢੇਰੀ ਕਰ ਕੇ, ਪੂਰੇ ਸਮਾਜ ਦੀਆਂ, ਹਰ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਮਜ਼ਦੂਰਾਂ, ਕਿਸਾਨਾਂ ਨੂੰ ਮੁੜ ਉਸ ਯੁੱਗ ਵਿਚ ਧੱਕਣ ਲਈ ਸਾਰਾ ਜ਼ੋਰ ਲਾਈ ਜਾਂਦੇ ਸਨ ਜਿਸ ਸਮਾਜ ਵਿਚ ਪਤਾ ਨਹੀਂ ਮਜ਼ਦੂਰਾਂ-ਕਿਸਾਨਾਂ ਦੀਆਂ ਕਿੰਨੀਆਂ ਪੀੜ੍ਹੀਆਂ ਨੇ, ਕੀ-ਕੀ ਕਸ਼ਟ ਭੋਗੇ ਸਨ।
ਮੈਂ ਰੂਸੀ ਸਾਹਿਤ ਖਾਸਾ ਪੜ੍ਹਿਆ ਸੀ। ਜ਼ਾਰ (ਬਾਦਸ਼ਾਹ) ਦੇ ਸਮੇਂ ਕਿਹੜੇ ਕਸ਼ਟ ਸਨ ਜਿਹੜੇ ਹੇਠਲੇ ਵਰਗਾਂ ਨੇ ਨਹੀਂ ਸਨ ਭੋਗੇ! ਗੋਰਕੀ (ਜੋ ਆਪ ਅਤਿ ਦੀ ਗ਼ਰੀਬੀ ਭੋਗ ਚੁੱਕਿਆ ਸੀ) ਦੇ ਨਾਵਲ, ਕਹਾਣੀਆਂ ਵਿਚ ਈ ਨਹੀਂ, ਤਾਲਸਤਾਇ ਦੇ ਨਾਵਲ ‘ਮੋਇਆਂ ਦੀ ਰਾਗ’ (ਰੈੱਜ਼ਰੈੱਕਸ਼ਨ) ਵਿਚ ਜਾਂ ਦਾਸਤੋਵਸਕੀ ਦੇ ਨਾਵਲਾਂ ਵਿਚ ਹੇਠਲੇ ਵਰਗਾਂ ਨੂੰ ਜੋ ਕਸ਼ਟ ਭੋਗਦੇ ਦਿਖਾਇਆ ਗਿਆ ਸੀ, ਉਹ ਅਸਹਿ ਸਨ। ਦਾਸਤੋਵਸਕੀ ਅਜਿਹੇ ਟੋਲੇ ਦਾ ਮੈਂਬਰ ਬਣ ਗਿਆ ਸੀ ਜਿਸ ਨੂੰ ਜ਼ਾਰ ਦਾ ਰਾਜ-ਪ੍ਰਬੰਧ ਦੇਸ਼ ਲਈ ‘ਖ਼ਤਰਨਾਕ’ ਸਮਝਦਾ ਸੀ। ਆਪਣੇ ਸਾਥੀਆਂ ਸਮੇਤ ਉਹਨੂੰ ਮੌਤ ਦਾ ਦੰਡ ਦਿੱਤਾ ਗਿਆ ਜੋ ਮਗਰੋਂ ਚਾਰ ਸਾਲ ‘ਕੈਦ-ਬਾਮੁਸ਼ੱਕਤ’ ਵਿਚ ਬਦਲ ਕੇ ਇਸ ਟੋਲੇ ਨੂੰ ਸਾਇਬੇਰੀਆ ਦੇ ਨਰਕ ਵਿਚ ਭੇਜ ਦਿੱਤਾ ਗਿਆ। ਉਸ ਨੇ ਜੋ ਕਸ਼ਟ ਉਥੇ ਭੋਗੇ, ਉਹਨਾਂ ਦਾ ਮਾਰਮਿਕ ਜ਼ਿਕਰ ਆਪਣੀ ਕਿਤਾਬ ‘ਨੋਟਸ ਫਰਾਮ ਦਾ ਡੈੱਡ ਹਾਊਸ’ (ਮੁਰਦਾਘਰ ਦੀ ਜੂਨ) ਵਿਚ ਜਿਵੇਂ ਕੀਤਾ ਹੈ, ਉਹਨੂੰ ਪੜ੍ਹ ਕੇ ਈ ਪਤਾ ਲਗਦਾ ਹੈ ਕਿ ਜ਼ਾਰ ਤੇ ਲੈਨਿਨ ਦੇ ਰਾਜ-ਪ੍ਰਬੰਧ ਵਿਚ ਕੀ ਫ਼ਰਕ ਸੀ। ਸਟਾਲਿਨ ਨੇ ਕਿੰਨੀਆਂ ਵੀ ਗ਼ਲਤੀਆਂ, ਜ਼ੁਲਮ ਕੀਤੇ ਪਰ ਉਹਨੇ ਆਮ ਲੋਕਾਂ ਦੀ ਜ਼ਿੰਦਗੀ ਵਿਚ ਮੂਲ ਤਬਦੀਲੀਆਂ ਲਿਆ ਕੇ ਯੂਰਪ ਦੇ ਸਭ ਤੋਂ ਪਛੜੇ ਦੇਸ਼ ਨੂੰ ਅਜਿਹੀ ਸ਼ਕਤੀ ਵਿਚ ਬਦਲ ਦਿੱਤਾ ਕਿ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵੀ ਉਸ ਤੋਂ ਡਰਨ ਲੱਗ ਪਿਆ (ਜੇ ਉਹ ਰਾਜ-ਪ੍ਰਬੰਧ ਅੱਜ ਕਾਇਮ ਹੁੰਦਾ ਤਾਂ ਅਮਰੀਕਾ ਇਰਾਕ ‘ਚ ਤਬਾਹੀ ਮਚਾਉਣ ਬਾਰੇ ਸੋਚ ਵੀ ਨਹੀਂ ਸੀ ਸਕਦਾ)।
ਇਹ ਤਾਂ ਪਤਾ ਹੈ ਕਿ ਸਮਾਜਵਾਦ ਵਿਰੋਧੀ ਲੋਕ ਇਸ ਸ਼ਬਦ ਤੋਂ ਈ ਘਿਰਣਾ ਕਰਦੇ ਹਨ। ਇਸ ਸ਼ਬਦ ਨੂੰ ਭਾਰਤ ਦੇ ‘ਅਛੂਤਾਂ’ ਵਰਗਾ ਈ ਸਮਝਦੇ ਹਨ ਪਰ ਜਿਵੇਂ ਨਵ-ਵਿਆਹੇ ਰੂਸੀ ਜੋੜੇ ਲੈਨਿਨਗਰਾਦ ਦੇ ਕਬਰਸਤਾਨ ‘ਚ ਆਪਣੇ ਪੁਰਖਿਆਂ ਨੂੰ ਸ਼ਰਧਾ ਭੇਟ ਕਰਨ ਆਉਂਦੇ, ਤੇ ਜਿਹੜੀ ਵਲਾਦੀਮੀਰ ਤੋਂ ਸਫ਼ਾਈ-ਮਜ਼ਦੂਰ ਬੁੱਢੀ ਬਾਰੇ ਟਿੱਪਣੀ ਸੁਣੀ ਸੀ, ਅਜਿਹਾ ਵਰਤਾਰਾ ਸੰਸਾਰ ਦੇ ਕਿਸੇ ਵੀ ‘ਅਖਾਉਤੀ ਲੋਕਤੰਤਰ’ ਵਿਚ ਸੰਭਵ ਨਹੀਂ ਸੀ। ਕੀ ਉਸ ਦੇ ਮੁਕਾਬਲੇ ਉਹ ‘ਲੋਕਤੰਤਰ’ ਲੋਕਾਂ ਦੇ ਦੁੱਖ ਕਸ਼ਟ ਮਿਟਾ ਸਕਦਾ ਹੈ ਜਿੱਥੇ 20-20 ਸਾਲ ਪੜ੍ਹਾਈ ਕਰ ਕੇ ਨੌਜਵਾਨ ਦੋ-ਦੋ ਹਜ਼ਾਰ ਦੀਆਂ ਨੌਕਰੀਆਂ ਲਈ ਧੱਕੇ ਖਾਂਦੇ ਫਿਰਦੇ ਹੋਣ? ਚਾਲ਼ੀ ਕਰੋੜ ਬੰਦਿਆਂ ਨੂੰ ਇੱਕ ਡੰਗ ਦੀ ਰੋਟੀ ਵੀ ਨਸੀਬ ਨਾ ਹੋਵੇ? ਬਾਕੀ 60-70 ਕਰੋੜ ਵਿਚੋਂ 90 ਫ਼ੀਸਦੀ ਲੋਕ ਸਾਰੀ ਉਮਰ ਤੋੜੇ ਦੀ ਜ਼ਿੰਦਗੀ ਬਿਤਾਉਂਦੇ ਹੋਣ ਤੇ ਸਭ ਕਿਸਮ ਦੇ ਵਿਕਾਸ ਦਾ ਲਾਭ ਸਿਰਫ਼ 10-15 ਫ਼ੀਸਦੀ ਲੋਕਾਂ ਨੂੰ ਈ ਮਿਲਦਾ ਹੋਵੇ?
ਪ੍ਰੋ. ਰਣਧੀਰ ਸਿੰਘ (ਜੋ ਭਾਰਤ ਦੇ ਸਭ ਤੋਂ ਵਧੇਰੇ ਚੇਤੰਨ ਮਾਰਕਸਵਾਦੀ ਹਨ) ਨੇ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਜਿਹੜੀ ਹਜ਼ਾਰ ਸਫ਼ੇ ਦੀ ਕਿਤਾਬ ਲਿਖੀ ਹੈ (ਕਰਾਈਸਿਸ ਆਫ ਸੋਸ਼ਲਿਜ਼ਮ), ਉਹਨੂੰ ਪੜ੍ਹੇ ਤੋਂ ਬਿਨਾਂ, ਅਜਿਹੇ ਰਾਜ-ਪ੍ਰਬੰਧਾਂ ਬਾਰੇ ਕੁਝ ਵੀ ਨਹੀਂ ਸਮਝਿਆ ਜਾ ਸਕਦਾ (ਪਰ ਉਹ ਪੜ੍ਹੀ ਕਿੰਨੇ ਕੁ ਲੋਕਾਂ ਨੇ ਹੈ?)।
… ਕਿੱਥੇ ‘ਵਿਆਹ ਵਿਚ ਬੀ ਦਾ ਲੇਖਾ’ ਪਾ ਬੈਠਾ। ਰਾਜ-ਪ੍ਰਬੰਧਾਂ ਉੱਤੇ ਟਿੱਪਣੀਆਂ ਕਰਨ ਜੋਗਾ ਨਹੀਂ ਹਾਂ। ਗੱਲ ਸਿਰਫ਼ ਵਲਾਦੀਮੀਰ ਦੇ ਦੋ ਮੁਰਗੇ ਖਾਣ ਤੋਂ ਸ਼ੁਰੂ ਹੋ ਕੇ ਕਿਧਰ ਦੀ ਕਿਧਰ ਚਲੀ ਗਈ ਪਰ ਜੇ ਅਜਿਹੀਆਂ ਉਲਝਣਾਂ ਬਾਰੇ ਸੋਚਿਆ ਈ ਨਾ ਜਾਏ ਤੇ ਕਿਸੇ ਨਿਰਣੇ ‘ਤੇ ਈ ਨਾ ਪਹੁੰਚਿਆ ਜਾਏ ਤਾਂ ਜ਼ਿੰਦਗੀ ਦੇ ਅਰਥ ਵੀ ਕੀ ਰਹਿ ਜਾਂਦੇ ਹਨ! ਜੰਗਲੀ ਜੀਵਨ ਤੋਂ ਐਟਮੀ ਸ਼ਕਤੀ ਤੱਕ ਪਹੁੰਚਣ ਦਾ ਮੂਲ ਆਧਾਰ ਈ ਮਨੁੱਖੀ ਸੋਚ ਤੇ ਉਸ ਦੇ ਕੀਤੇ ਕਾਰਜ ਹਨ। ਜੇ ਪੰਛੀਆਂ ਵਾਂਗ ਉਡਣ ਦਾ ਖ਼ਿਆਲ ਈ ਮਨੁੱਖ ਨੂੰ ਨਾ ਆਉਂਦਾ ਤਾਂ ਸਿਰਫ਼ ਇੱਕ ਸਦੀ ਅੰਦਰ ਈ ਅੱਠ ਸੌ ਤੋਂ ਵਧੇਰੇ ਸਵਾਰੀਆਂ ਤੇ ਉਹਨਾਂ ਦਾ ਕਈ ਟਨ ਸਾਮਾਨ ਲੈ ਕੇ ਦਸ-ਦਸ ਘੰਟੇ ਲਗਾਤਾਰ ਉੱਡਣ ਵਾਲੇ ਜਹਾਜ਼ ਕਿਸ ਨੇ ਬਣਾਉਣੇ ਸਨ ਤੇ ਕਿਸ ਨੇ ਚੰਦ ‘ਤੇ ਪਹੁੰਚ ਕੇ ਉੱਥੋਂ ਮਿੱਟੀ, ਪੱਥਰ ਲਿਆ ਕੇ ਇਹ ਤਜਰਬੇ ਕਰਨੇ ਸਨ ਕਿ ਉੱਥੇ ਮਨੁੱਖ ਦੇ ਰਹਿਣ ਦੀਆਂ ਸੰਭਾਵਨਾਵਾਂ ਕਿੰਨੀਆਂ ਕੁ ਹਨ।
ਪਰ ਇਹ ‘ਦਲੀਲਾਂ ਦਾ ਕੜਾਹ’ ਏਥੇ ਈ ਛੱਡ ਕੇ ਸਮਰਕੰਦ ਬਾਰੇ ਕੁਝ ਦੱਸਣਾ ਜ਼ਰੂਰੀ ਹੈ। ਦੁਪਹਿਰ ਤੱਕ ਕਿਤੇ ਨਹੀਂ ਗਏ। ਆਥਣ ਵੇਲੇ ਵਲਾਦੀਮੀਰ ਨੇ ਦੱਸਿਆ ਕਿ ਚਾਰ-ਮੰਜ਼ਲੇ ਹੋਟਲ ਦੀ ਸਿਖ਼ਰਲੀ ਛੱਤ ਉੱਤੇ ਗਾਉਣ-ਵਜਾਉਣ ਦਾ ਪ੍ਰੋਗਰਾਮ ਸੀ ਤੇ ਹੋਟਲ ਵਿਚ ਠਹਿਰੇ ਮਹਿਮਾਨ ਸਿਖ਼ਰਲੀ ਛੱਤ ‘ਤੇ ਜਾ ਸਕਦੇ ਸਨ। ਜਦੋਂ ਸਿਖ਼ਰ ਪਹੁੰਚੇ ਤਾਂ ਦੋ ਬਹੁਤ ਸੁਬਕ ਤੇ ਸੁੰਦਰ ਨੈਣ-ਨਕਸ਼ਾਂ ਵਾਲੀਆਂ ਕੁੜੀਆਂ ਆਪਣੀ ਭਾਸ਼ਾ ਵਿਚ ਕੋਈ ਗੀਤ ਗਾ ਰਹੀਆਂ ਸਨ। ਉਹਨਾਂ ਨੇ ਆਪਣੇ ਰਵਾਇਤੀ, ਰੇਸ਼ਮੀ ਕੱਪੜੇ ਪਹਿਨੇ ਹੋਏ ਸਨ- ਸਿਰ ‘ਤੇ ਵੱਡੇ ਰੁਮਾਲ, ਰੇਸ਼ਮੀ ਕਢਾਈ ਵਾਲੀਆਂ ਕੁੜਤੀਆਂ ਤੇ ਖੁੱਲ੍ਹੇ ਲਹਿੰਗਿਆਂ ਨੂੰ ਫੜ ਕੇ ਝੂਮਦੀਆਂ ਉਹ ਉੱਚੀਆਂ ਲਿਲ੍ਹਕਾਂ ਨਾਲ ਗਾਉਂਦੀਆਂ ਦੇ ਸਵੇਰ ਦੀ ਤ੍ਰੇਲ ਵਰਗੇ ਸਵੱਛ ਚਿਹਰੇ, ਢਲਦੇ ਸੂਰਜ ਦੀ ਲਾਲੀ ਵਾਂਗ ਦਗ਼ਦੇ ਸਨ। ਗਾਉਂਦੀਆਂ ਕੁੜੀਆਂ ਨਾਲ ਦੋ ਸਾਜ਼ਿੰਦੇ ਵੀ ਸਨ। ਕੁੜੀਆਂ ਅੱਲ੍ਹੜ ਉਮਰ ਦੀਆਂ, ਮਲੂਕ ਜੁੱਸੇ ਵਾਲੀਆਂ ਸਨ ਪਰ ਫੇਰ ਓਹੋ, ‘ਵਿਆਹ ਵਿਚ ਬੀ ਦਾ ਲੇਖਾ’…
ਆਖਰ ਕੀ ਮਜਬੂਰੀ ਹੈ ਕਿ ‘ਪਰੀਆਂ ਵਰਗੀਆਂ’ ਇਹਨਾਂ ਕੁੜੀਆਂ ਨੂੰ ਆਪਣਾ ਸੰਗੀਤ ਤੇ ਅਦਾਵਾਂ ‘ਮੁੱਲ’ ਵੇਚਣੀਆਂ ਪੈ ਰਹੀਆਂ ਸਨ? ਸਾਥੋਂ ਬਿਨਾਂ ਪੰਜ-ਸੱਤ ਹੋਰ ਬੰਦੇ ਵੀ ਦੂਜੇ ਪਾਸੇ ਕੁਰਸੀਆਂ ਤੇ ਬੈਂਚਾਂ ‘ਤੇ ਬੈਠੇ ਸਨ। ਉਹਨਾਂ ਦੇ ਚਿਹਰਿਆਂ ਉੱਤੇ ਕੋਈ ਵੀ ਸੂਖ਼ਮ ਪ੍ਰਭਾਵ ਨਹੀਂ ਸੀ। ਦੋ-ਤਿੰਨ ਤਾਂ ਲਾਲ ਅੱਖਾਂ ਕੱਢ-ਕੱਢ ਉਹਨਾਂ ਕੁੜੀਆਂ ਵੱਲ ਇੰਝ ਝਾਕ ਰਹੇ ਸਨ, ਜਿਵੇਂ ਜੇ ਵਾਹ ਚੱਲੇ ਤਾਂ ਬੱਗੀਆਂ ਕਬੂਤਰੀਆਂ ਵਰਗੀਆਂ ਕੁੜੀਆਂ ਦੀਆਂ ਧੌਣਾਂ ਮਰੋੜ ਦੇਣ।… ਜੇ ਸੋਵੀਅਤ ਨਿਜ਼ਾਮ ਨੇ ਬੰਦਿਆਂ ਦੇ ਸੁਭਾਅ ਈ ਨਹੀਂ ਬਦਲਣੇ, ਚਾਰ ਪੈਸੇ ਕਮਾਉਣ ਖ਼ਾਤਰ ਅਜਿਹੀਆਂ ਸੋਹਣੀਆਂ ਕੁੜੀਆਂ ਨੂੰ ਮਨ ਮਾਰ ਕੇ ਗਾਉਣਾ ਪੈਣਾ ਸੀ ਤਾਂ ਉਹ ‘ਨਵਾਂ ਮਨੁੱਖ’ ਕਿੱਥੇ ਸੀ ਜਿਸ ਬਾਰੇ ਸੋਵੀਅਤ ਸੰਘ ਦੇ ਪ੍ਰਚਾਰ-ਸਾਹਿਤ ਵਿਚ ਪੜ੍ਹਦੇ ਆਏ ਸਾਂ? ਮਨ ਉਚਾਟ ਹੋ ਗਿਆ। ਉਸੇ ਵੇਲ਼ੇ ਸਾਡੇ ਪੋਹ-ਮਾਘ ਦੇ ਮਹੀਨੇ ਵਰਗੀ ਠੰਢੀ ਹਵਾ ਦੇ ਬੁੱਲੇ ਸ਼ੁਰੂ ਹੋਏ ਤਾਂ ਕਾਂਬਾ ਛਿੜ ਪਿਆ। ਪਤਾ ਨਹੀਂ ਗਿਆਨ ਰੰਜਨ ਵੀ ਨਾਲ ਸੀ ਜਾਂ ਨਹੀਂ, ਪਰ ਮੈਂ ਉਥੇ ਹੋਰ ਨਹੀਂ ਰੁਕ ਸਕਿਆ। ਕਮਰੇ ‘ਚ ਆ ਕੇ ਕੰਬਲ ਲੈ ਕੇ ਮੰਜੇ ‘ਤੇ ਲੇਟ ਗਿਆ।
***
ਅਗਲੇ ਦਿਨ ਬਾਬਰ ਦੇ ਪੁਰਖਿਆਂ ਦੇ ‘ਮਹਿਲ-ਮਾੜੀਆਂ’ ਦੇਖਣ ਗਏ ਤਾਂ ਉਹ ਤਾਸ਼ਕੰਦ ਤੋਂ ਵੀ ਮਾੜੀ ਹਾਲਤ ਵਿਚ ਸਨ। ਜਿੱਥੇ ਬਾਬਰ ਦੀ ਪਿਛਲੀ ਛੇਵੀਂ ਪੀੜ੍ਹੀ ਦੇ ਤੈਮੂਰ ਵਰਗੇ ਪੁਰਖੇ ਰਹਿੰਦੇ ਸਨ, ਉਹ ਹੁਣ ਢੱਠੀਆਂ ਦੀਵਾਰਾਂ ਈ ਸਨ। ਬਹੁਤ ਮੰਦਹਾਲੀ ਦਾ ਮੰਜ਼ਰ ਸੀ। ਕਿਸੇ ਬਾਦਸ਼ਾਹ ਦਾ ਮਜ਼ਾਰ ਢੱਠੀ ਜਿਹੀ ਥਾਂ ਸੀ। ਗੁੰਬਦ ਦਾ ਪਲਸਤਰ ਥਾਂ-ਥਾਂ ਤੋਂ ਲੱਥਾ ਹੋਇਆ ਸੀ। ਬਾਹਰੋਂ ਵੀ ਉਹ ਥਾਂ ਤੂੜੀ ਵਾਲ਼ੇ ਕੋਠੇ ਵਰਗੀ ਲਗਦੀ ਸੀ।
ਇਹ ਦੇਖ ਕੇ ਹੋਰ ਵੀ ਹੈਰਾਨੀ ਹੋਈ ਕਿ ਤੈਮੂਰ (ਤਿਮਰਲੰਗ) ਇਸੇ ਸ਼ਹਿਰ ਤੋਂ ਸਾਡੇ ਦੇਸ਼ ਵਿਚ ਲੁੱਟਮਾਰ ਕਰਨ ਗਿਆ ਸੀ। ਇਹ 1398 ਦਾ ਸਮਾਂ ਸੀ ਜਦੋਂ ਤੈਮੂਰ ਨੇ ਦਿੱਲੀ ਦੇ ਕਮਜ਼ੋਰ ਬਾਦਸ਼ਾਹ ਨਾਸਿਰੁੱਦੀਨ ਮੁਹੰਮਦ ਨੂੰ ਆਸਾਨੀ ਨਾਲ ਹਰਾ ਕੇ ਦਿੱਲੀ ਨੂੰ ਪੂਰੀ ਤਰ੍ਹਾਂ ਲੁੱਟਮਾਰ ਕਰ ਕੇ ਤੇ ਸਾੜ-ਫੂਕ ਕੇ ਇੱਕ ਲੱਖ ਬੰਦੇ ਦਾ ਕਤਲਾਮ ਕੀਤਾ ਸੀ। ਉਥੋਂ ਮੇਰਠ, ਹਰਿਦਵਾਰ ਤੇ ਜੰਮੂ ਦੇ ਰਸਤੇ ਵਾਪਸ ਜਾਂਦਾ ਹਜ਼ਾਰਾਂ ਔਰਤਾਂ ਤੇ ਨੌਜਵਾਨਾਂ ਨੂੰ ਗੁਲਾਮ ਬਣਾ ਕੇ ਸਮਰਕੰਦ ਵਾਪਿਸ ਚਲਾ ਗਿਆ ਸੀ। ਉੱਥੇ 1405 ਵਿਚ ਉਹਦੀ ਮੌਤ ਹੋ ਗਈ ਸੀ। ਮੁਗ਼ਲ ਪਹਿਲਾਂ ਮੁਸਲਮਾਨ ਨਹੀਂ ਸਨ, ਅਗਨੀਪੂਜ ਕਬੀਲੇ ਸਨ। ਤੈਮੂਰ ਦੇ ਜ਼ਮਾਨੇ ਵਿਚ ਈ ਇਹ ਮੁਸਲਮਾਨ ਬਣੇ। ਇਹ ਪਹਿਲੇ ਮੁਸਲਮਾਨ ਮੁਗ਼ਲ ਸਨ ਜਿਨ੍ਹਾਂ ਨੇ ਬਾਬਰ ਤੋਂ ਬਾਅਦ (ਅੰਗਰੇਜ਼ਾਂ ਦੇ ਆਉਣ ਤੱਕ) ਚੌਦਾਂ ਪੁਸ਼ਤਾਂ ਨੇ ਭਾਰਤ ‘ਤੇ ਰਾਜ ਕੀਤਾ ਸੀ।
… ਸਾਡੇ ਲਈ ਹੈਰਾਨੀ ਵਾਲੀ ਗੱਲ ਇਹ ਸੀ ਕਿ ਭਾਰਤ ਦੀ ਲੁੱਟਮਾਰ ਦਾ ਧਨ-ਦੌਲਤ ਸਮਰਕੰਦ ਵਿਚ ਕਿਧਰੇ ਨਜ਼ਰ ਨਹੀਂ ਸੀ ਆਉਂਦਾ। ਭਾਰਤ ‘ਤੇ ਰਾਜ ਕਰਦਿਆਂ ਅਕਬਰ ਤੇ ਸ਼ਾਹ ਜਹਾਨ ਨੇ ਜਿਹੜੇ ਕਿਲ੍ਹੇ, ਮਹਿਲ ਤੇ ਮਕਬਰੇ ਬਣਾਏ (ਬਣਵਾਏ), ਉਹ ਅਜੇ ਵੀ ਦੁਨੀਆ ਦੀ ਵਿਲੱਖਣ ਇਮਾਰਤਕਾਰੀ ਦਾ ਨਮੂਨਾ ਮੰਨੇ ਜਾਂਦੇ ਹਨ ਪਰ ਸਮਰਕੰਦ ‘ਚ ਅਜਿਹੀ ਇੱਕ ਵੀ ਇਮਾਰਤ ਨਹੀਂ ਦੇਖੀ ਜਿਸ ਤੋਂ ਮੁਗ਼ਲਾਂ ਦੀ ਸਮਰਿਧੀ ਦਾ ਸਬੂਤ ਮਿਲਦਾ ਹੋਵੇ। ਕਾਰਨ ਸ਼ਾਇਦ ਇਹ ਹੋਵੇ ਕਿ ਤੈਮੂਰ ਦੀ ਲੁੱਟਮਾਰ ਦਾ ਧਨ, ਇਹ ਪਛੜੇ ਇਲਾਕੇ ਦੇ ਭੁੱਖੇ ਲੋਕ ਖਾਣ-ਪੀਣ ‘ਤੇ ਖ਼ਰਚ ਕਰ ਬੈਠੇ ਹੋਣ। ਇਮਾਰਤਕਾਰੀ ਦੇ ਮਾਹਰ ਉਹ ਸਨ ਨਹੀਂ। ਇਸ ਲਈ, ਕੱਚੇ-ਪੱਕੇ ਢਾਰਿਆਂ ਵਿਚ ਰਹਿੰਦਿਆਂ ਈ ਸਮਾਂ ਬਿਤਾ ਗਏ ਹੋਣਗੇ।
ਉਸ ਦਿਨ ਸ਼ਾਮ ਨੂੰ ਵਲਾਦੀਮੀਰ ਸਾਨੂੰ ਸਮਰਕੰਦ ਦਾ ਵੱਡੇ ਘਰ ਵਰਗਾ ਅਜਾਇਬਘਰ ਦਿਖਾਉਣ ਲੈ ਕੇ ਗਿਆ ਤਾਂ ਉਹਦੀ ਲਾਪ੍ਰਵਾਹੀ ਕਰ ਕੇ ਅਜਾਇਬਘਰ ਦੇ ਬੰਦ ਹੋਣ ਦਾ ਸਮਾਂ ਹੋ ਗਿਆ ਸੀ ਤੇ ਬੂਹੇ ਨੂੰ ਜੰਦਰਾ ਲੱਗਿਆ ਪਿਆ ਸੀ। ਜੇ ਉਹ ਦੇਖਦੇ ਤਾਂ ਸ਼ਾਇਦ ਪਤਾ ਲੱਗ ਸਕਦਾ ਕਿ ਭਾਰਤ ਉੱਤੇ ਢਾਈ-ਤਿੰਨ ਸਦੀਆਂ ਰਾਜ ਕਰਨ ਵਾਲੇ ਮੁਗ਼ਲ ਕਿੰਨੇ ਕੁ ਅਮੀਰ ਜਾਂ ਸੱਭਿਆ ਸਨ ਤੇ ਕਿਹੋ ਜਿਹੇ ਹਥਿਆਰ ਵਰਤਦੇ ਸਨ ਪਰ ਉਹ ਸਮਾਂ ਵੀ ਖੁੰਝ ਗਿਆ। ਵਾਪਸ ਮੁੜਦਿਆਂ ਕੁਝ ਖੇਤਾਂ ਵਿਚੋਂ ਲੰਘੇ ਜਿੱਥੇ ਗੁਆਰੇ ਵਰਗੀ ਕੋਈ ਫ਼ਸਲ ਬੀਜੀ ਹੋਈ ਸੀ। ਵਲਾਦੀਮੀਰ ਨੂੰ ਫ਼ਸਲਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪੁੱਛਣ ‘ਤੇ ਸਿਰਫ਼ ਇਹੋ ਕਹਿੰਦਾ, “ਹੋਏਗੀ ਕੋਈ ਫ਼ਸਲ, ਇਹਨਾਂ ਬਾਰੇ ਏਥੋਂ ਦੇ ਲੋਕਾਂ ਨੂੰ ਈ ਪਤਾ ਹੋਏਗਾ।”
ਤਾਸ਼ਕੰਦ ਤੇ ਸਮਰਕੰਦ ਦਾ ਫ਼ਰਕ ਛੋਟੇ ਵੱਡੇ ਹੋਣ ਦਾ ਸੀ; ਘਰ, ਗਲੀਆਂ, ਬਾਜ਼ਾਰ ਮਿਲਦੇ-ਜੁਲਦੇ ਈ ਸਨ। ਮਸਜਿਦਾਂ ਭਾਵੇਂ ਛੋਟੀਆਂ ਵੱਡੀਆਂ ਸਨ ਪਰ ਇੱਕੋ ਜਿਹੀਆਂ ਸਨ। ਤਾਸ਼ਕੰਦ ਦੀ ਵੱਡੀ ਮਸਜਿਦ ਦੀ ਸ਼ਾਨ ਵੱਖਰੀ ਸੀ ਪਰ ਏਥੇ ਦੇਖਣ ਜੋਗਾ ਕੁਝ ਵੀ ਨਹੀਂ ਸੀ।
… ਫੇਰ ਅਚਾਨਕ ਭਾਰਤ ਦੀ ਇਤਿਹਾਸਕ ਦਸ਼ਾ ਦਾ ਖ਼ਿਆਲ ਆਇਆ। ਕਈ ਹਜ਼ਾਰ ਸਾਲ ‘ਚ ਜੋ ਮੰਦਰ, ਗੁਫ਼ਾਵਾਂ, ਕਿਲ੍ਹੇ (ਗੜ੍ਹ) ਇਮਾਰਤਕਾਰੀ ਤੇ ਅਨੇਕ ਭਾਂਤ ਦੀ ਕਲਾ ਵਿਕਸਿਤ ਹੋਈ ਸੀ, ਉਹ ਅਸੀਂ ਨੌਵੀਂ ਸਦੀ ਤੱਕ ਈ ਸੰਭਾਲ ਸਕੇ। ਇਸਲਾਮ ਦੀ ਸ਼ੁਰੂਆਤ ਤੋਂ ਸਿਰਫ਼ ਇੱਕ ਸਦੀ ਮਗਰੋਂ ਈ ਸਿੰਧ ਉੱਤੇ ਇੱਕ ਧਾੜਵੀ ਨੇ ਕਬਜ਼ਾ ਕਰ ਲਿਆ ਸੀ। ਇੱਕ ਹਜ਼ਾਰ ਸਾਲ ਦੇ ਨੇੜੇ-ਤੇੜੇ ਤਾਂ ਅਰਬ ਮੁਲਕਾਂ ਦੇ ਧਾੜਵੀਆਂ, ਤੇ ਫੇਰ ਮੁਗ਼ਲਾਂ ਨੇ ਜਿਵੇਂ ਪੂਰੇ ਦੇਸ਼ ਦੀ ਦੌਲਤ ਲੁੱਟੀ, ਕਤਲਾਮ ਕੀਤੇ ਤੇ ਇਸਤਰੀਆਂ, ਮਰਦਾਂ ਨੂੰ ਗ਼ੁਲਾਮ ਬਣਾਇਆ ਤੇ ਆਪਣੇ ਮੁਲਕਾਂ ‘ਚ ਲਿਜਾ ਕੇ ਉਹਨਾਂ ‘ਤੇ ਜ਼ੁਲਮ ਕੀਤੇ- ਉਹ ਇਤਿਹਾਸ ਅਨੁਸਾਰ ਤਾਂ ਕੱਲ੍ਹ ਦੀਆਂ ਗੱਲਾਂ ਹਨ! ਅਕਬਰ ਨੇ ਲਗਪਗ ਪੂਰੇ ਦੇਸ਼ ‘ਤੇ ਕਬਜ਼ਾ ਕਰ ਲਿਆ ਸੀ। ਉਸ ਤੋਂ ਮਗਰੋਂ ਭਾਵੇਂ ਔਰੰਗਜ਼ੇਬ ਤੱਕ ਮੁਗ਼ਲ ਰਾਜ ਪੱਕੇ ਪੈਰੀਂ ਰਿਹਾ ਪਰ ਮਗਰੋਂ ਉਹਦਾ ਪਤਨ ਸ਼ੁਰੂ ਹੋ ਗਿਆ। ਅਖ਼ੀਰ, ਨਾਮਨਿਹਾਦ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਸਮੇਂ ਤਾਂ ਸਿੱਧੇ, ਅਸਿੱਧੇ ਢੰਗ ਨਾਲ ਅੰਗਰੇਜ਼ਾਂ ਨੇ ਸਾਰੇ ਦੇਸ਼ ‘ਤੇ ਕਬਜ਼ਾ ਕਰ ਲਿਆ ਸੀ। ਜਿਹੜੇ ਇਲਾਕੇ ਉਹਨਾਂ ਸਿੱਧੇ ਆਪਣੇ ਅਧੀਨ ਰੱਖੇ, ਉਹ ਲਗਪਗ ਪੂਰੇ ਦੇਸ਼ ਦਾ ਅੱਧਾ ਹਿੱਸਾ ਸਨ। ਬਾਕੀ ਅੱਧਾ ਹਿੱਸਾ, ਲਗਪਗ ਸੱਤ ਸੌ, ਛੋਟੇ-ਵੱਡੇ ਰਾਜਿਆਂ ਦੇ ਅਧੀਨ ਸੀ ਪਰ ਉਹਨਾਂ ਸਾਰਿਆਂ ਨੇ ਅੰਗਰੇਜ਼ਾਂ ਦੀ ਅਧੀਨਗੀ ਪ੍ਰਵਾਨ ਕਰ ਲਈ ਸੀ। ਕਿਸੇ ਵੀ ਰਿਆਸਤ ਦਾ ਰਾਜਾ ਨਾ ਆਪਣੀ ਮਰਜ਼ੀ ਨਾਲ ਫ਼ੌਜ ਦੀ ਨਫ਼ਰੀ ਵਧਾ ਸਕਦਾ ਸੀ, ਨਾ ਕਿਸੇ ਹੋਰ (ਗੁਆਂਢੀ) ਰਿਆਸਤ ਦਾ ਕੋਈ ਇਲਾਕਾ ਹਥਿਆ ਸਕਦਾ ਸੀ। ਲੰਮੇ ਸੰਘਰਸ਼ ਪਿੱਛੋਂ 1947 ਵਿਚ ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਆਜ਼ਾਦੀ ‘ਦਿੱਤੀ’ ਤਾਂ ਇਹਦੇ ਤਿੰਨ ਟੁਕੜੇ ਕਰ ਦਿੱਤੇ। ਪਾਕਿਸਤਾਨ ਭਾਰਤ ਲਈ ਨਾਸੂਰ ਬਣ ਗਿਆ। ਇਹ ਅਜਿਹੀ ‘ਬਾਂਦਰ-ਵੰਡ’ ਸੀ ਕਿ ਰਸਦੇ-ਵਸਦੇ ਲੱਖਾਂ ਲੋਕ ਆਪੋ ਵਿਚ ਲੜ ਕੇ ਮਰ ਗਏ ਤੇ ਲੱਖਾਂ ਨੂੰ ਆਪਣੇ ਘਰ-ਬਾਰ (ਵਤਨ) ਛੱਡ ਕੇ ‘ਪਰਦੇਸ’ ਬਣੇ ਦੋ ਦੇਸਾਂ ਵਿਚ ਉੱਜੜ ਕੇ ਖੱਜਲ-ਖੁਆਰ ਹੋਣਾ ਪਿਆ।
ਹੁਣ ਆਜ਼ਾਦੀ ਦੇ ਸੱਠ ਸਾਲ ਬਾਅਦ ਸਭ ਰਾਜਸੀ ਦਲ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੇ ਹਨ। ਚੋਣਾਂ ਜਿੱਤਣ ‘ਤੇ ਸੱਤਾ ਹਥਿਆ ਕੇ ਸਿਵਾਇ ਉਤਲੇ 10-15 ਫ਼ੀਸਦੀ ਉਦਯੋਗਪਤੀਆਂ, ਵਪਾਰੀਆਂ ਤੇ ਕੁਝ ਸਮਰਿੱਧ ਲੋਕਾਂ ਨੂੰ 80-90 ਫ਼ੀਸਦੀ ਲੋਕਾਂ ਨੂੰ ਲੁੱਟਣ ਦੇ ਮੌਕੇ ਦੇਣ ਤੋਂ ਬਿਨਾਂ ਹੋਰ ਕੀਤਾ ਕੀ ਹੈ? ਅੱਧੀ ਸਦੀ ਵਿਚ ਜਾਂ ਆਬਾਦੀ ਤਿੱਗਣੀ ਹੋਈ ਹੈ, ਜਾਂ ਚਾਲੀ ਕਰੋੜ ਲੋਕ ਗ਼ਰੀਬੀ ਦੀ ਰੇਖਾ ਤੋਂ ਹੇਠ ਚਲੇ ਗਏ ਹਨ; ਤੇ ਏਦੂੰ ਕੁਝ ਵਧ (ਪੰਜਾਹ ਕਰੋੜ) ਸਿਰਫ਼ ਤੰਗੀ ਤੁਰਸ਼ੀ ਨਾਲ਼ ਦਿਨ-ਕਟੀ ਕਰ ਰਹੇ ਹਨ।
ਕਿਸੇ ‘ਭ੍ਰਮਣਨਾਮੇ’ ਵਿਚ ਅਜਿਹੀਆਂ ਟਿੱਪਣੀਆਂ ਦਾਲ ਵਿਚ ਕੋਕੜੂ ਸਮਾਨ ਜਾਪਦੀਆਂ ਹਨ ਪਰ ਸਮਰਕੰਦ ਵਰਗੇ ਪਛੜੇ, ਖ਼ਸਤਾਹਾਲ ਇਲਾਕੇ ‘ਚੋਂ ਉੱਠ ਕੇ ਆਏ ਮੁਗ਼ਲ ਸਾਡੀਆਂ ਇਹਨਾਂ ਕਮਜ਼ੋਰੀਆਂ ਕਰ ਕੇ ਈ ਸਦੀਆਂ ਤੱਕ ਸਾਨੂੰ ਲੁੱਟਦੇ ਤੇ ਕਤਲਾਮ ਕਰਦੇ ਰਹੇ। ਹਜ਼ਾਰਾਂ ਮੀਲ ਸਮੁੰਦਰ ਹੰਘਾਲ ਕੇ ਆਏ ਅੰਗਰੇਜ਼ ਵਪਾਰ ਦੇ ਬਹਾਨੇ ਆ ਕੇ ਦੇਸ਼ ਉੱਤੇ ਕਾਬਜ਼ ਹੋ ਗਏ। ਇਹਨਾਂ ‘ਵਪਾਰੀਆਂ’ ਨੇ ਕਲਕੱਤੇ ਵਰਗੇ ਸ਼ਹਿਰ ਨਵਾਬਾਂ ਤੋਂ ਖ਼ਰੀਦ ਕੇ ਦੋ-ਢਾਈ ਸਦੀਆਂ ਵਿਚ ਪੂਰੇ ਦੇਸ਼ ਉੱਤੇ ਕਬਜ਼ਾ ਕਰ ਕੇ 1877 ਵਿਚ ਵਲਾਇਤ ਦੀ ਰਾਣੀ ਵਿਕਟੋਰੀਆ ਨੂੰ ਭਾਰਤ ਦੀ ਰਾਣੀ (ਬਾਦਸ਼ਾਹ) ਬਣਾ ਦਿੱਤਾ। ਭਗਤ ਸਿੰਘ ਵਰਗੇ ਨੌਜਵਾਨਾਂ ਨੂੰ ਫ਼ਾਂਸੀਆਂ ਲਾ ਕੇ ਪੂਰੇ ਦੇਸ਼ ਅੰਦਰ ਦਹਿਸ਼ਤ ਫੈਲਾਈ; ਤੇ ਪੰਜਾਬੀਆਂ ਨੂੰ ਬਗ਼ਾਵਤ ਦੀ ਸਜ਼ਾ ਦੇਣ ਲਈ ਜਲਿ੍ਹਆਂ ਵਾਲੇ ਬਾਗ਼ ਵਰਗੇ ਕਤਲਾਮ ਕੀਤੇ। ਲੋਕਾਂ ਨੂੰ ਗੋਡਿਆਂ ਭਾਰ ਘਸਰਨ ਲਈ ਮਜਬੂਰ ਕੀਤਾ।
ਹਵਾਲਾ ਤਾਂ ਸਮਰਕੰਦ ਦਾ ਸੀ ਜਿੱਥੋਂ ਉੱਠ ਕੇ ਆਏ ਤੈਮੂਰ ਤੇ ਬਾਬਰ ਵਰਗਿਆਂ ਨੇ ਸਦੀਆਂ ਤੱਕ ਸਾਡੇ ‘ਤੇ ਰਾਜ ਕੀਤਾ ਪਰ ਇਸ ਸਚਾਈ ਨੂੰ ਕਿੰਝ ਲੁਕਾਈਏ ਕਿ ਅਸੀਂ ਉਹਨਾਂ ਨੂੰ ਦੇਸ਼ ਵਿਚੋਂ ਕੱਢਣ ਦੀ ਥਾਂ ਉਹਨਾਂ ਦਾ ਹਰ ਜ਼ੁਲਮ ਸਹਿੰਦੇ ਰਹੇ। ਕੀ ਕਿਸੇ ਵੀ ਕੌਮ ਲਈ ਇਸ ਤੋਂ ਵਧੇਰੇ ਹੀਣਤਾ ਵਾਲੀ ਕੋਈ ਦਸ਼ਾ ਹੋ ਸਕਦੀ ਹੈ? ਰਾਮਾਇਣ ਤੇ ਮਹਾਂਭਾਰਤ ਵਰਗੇ ਗ੍ਰੰਥ ਰਚ ਕੇ ਅਸੀਂ ਆਪਣੀਆਂ ਨੈਤਿਕ ਕੀਮਤਾਂ ਤੇ ਪਾਪ-ਪੁੰਨ, ਝੂਠ-ਸੱਚ ਦੇ ਕਿੱਸੇ ਸੁਣ-ਸੁਣਾ ਕੇ ਸੰਤੁਸ਼ਟ ਹੁੰਦੇ ਰਹੇ ਪਰ ਇਤਿਹਾਸ ਸਾਡਾ ਮੂੰਹ ਚਿੜਾਉਂਦਾ ਰਿਹਾ।
ਏਨਾ ਈ ਬਹੁਤ ਹੈ। ਉਂਝ ਤਾਂ ਪੂਰਾ ਦੇਸ਼ ਮਨੂੰ ਦੇ ਜ਼ਮਾਨੇ ਤੋਂ ਜਾਤੀਵਾਦ ਦਾ ਸੰਤਾਪ ਭੋਗਦਾ ਆਇਆ ਹੈ ਪਰ ਆਜ਼ਾਦੀ ਮਗਰੋਂ ਵੀ ਇਸ ਸੰਤਾਪ ਤੋਂ ਛੁਟਕਾਰੇ ਦੀ ਸੰਭਾਵਨਾ ਨਹੀਂ ਬਣੀਂ ਸਗੋਂ ਅਯੋਗ ਰਾਜਨੀਤਕ ਪਾਰਟੀਆਂ ਤੇ ਖ਼ੁਦਗਰਜ਼, ਭੁੱਖੜ ਨੇਤਾਵਾਂ ਜਾਤੀਵਾਦ ਵਰਗੇ ਅਣਮਨੁੱਖੀ ਵਰਤਾਰੇ ਨੂੰ ਰਾਜ ‘ਹਥਿਆਉਣ’ ਦੀ ਥਾਂ ਵਧਾਇਆ ਹੈ।
ਇਹੋ ‘ਸਮਰਕੰਦ ਦੀ ਯਾਤਰਾ’ ਦਾ ‘ਪ੍ਰਤੀਕਰਮ’ ਹੈ, ਹੋਰ ਓਥੇ ਕੁਝ ਦੇਖਣ ਸਮਝਣ ਵਾਲਾ ਹੈ ਨਹੀਂ ਸੀ; ਸੋ ਦੱਸਿਆ ਵੀ ਕੀ ਜਾਏ!