ਕੁਦਰਤ ਕੌਰ
ਅਦਾਕਾਰਾ ਕ੍ਰਿਤੀ ਸੈਨਨ ਦੀ ਫਿਲਮ ‘ਤੇਰੀ ਬਾਤੋਂ ਮੇਂ ਐਸਾ ਉਲਝਾ ਹੂੰ’ ਅੱਜ ਕੱਲ੍ਹ ਸਿਨੇਮਿਆਂ ਵਿਚ ਚੱਲ ਰਹੀ ਹੈ ਅਤੇ ਉਹ ਗੁਲਮਰਗ (ਕਸ਼ਮੀਰ) ਵਿਚ ਸੈਰ ਕਰ ਰਹੀ ਹੈ। ਇਹ ਫਿਲਮ ਹੁਣ ਤੱਕ 130 ਕਰੋੜ ਰੁਪਏ ਤੋਂ ਉਪਰ ਕਮਾ ਚੁੱਕੀ ਹੈ। ਇਸ ਫਿਲਮ ਵਿਚ ਉਸ ਦਾ ਹੀਰੋ ਸ਼ਾਹਿਦ ਕਪੂਰ ਹੈ ਅਤੇ ਇਸ ਵਿਚ ਧਰਮਿੰਦਰ, ਡਿੰਪਲ ਕਪਾਡੀਆ, ਰਾਕੇਸ਼ ਬੇਦੀ ਆਦਿ ਕਲਾਕਾਰ ਵੀ ਹਨ। ਉਂਝ, ਕ੍ਰਿਤੀ ਦੀ ਚਰਚਾ ਇਕ ਹੋਰ ਕਾਰਨ ਕਰ ਕੇ ਹੈ। ਉਹ ਹੁਣ ਨਿਰਮਾਤਾ ਵੀ ਬਣ ਗਈ ਹੈ। ਉਹ ਨੈੱਟਫਲਿਕਸ ਲਈ ਫਿਲਮ ‘ਦੋ ਪੱਤੀ’ ਬਣਾ ਰਹੀ ਹੈ। ‘ਦੋ ਪੱਤੀ’ ਬਤੌਰ ਨਿਰਮਾਤਾ ਉਸ ਦੀ ਪਹਿਲੀ ਫਿਲਮ ਹੈ।
ਫਿਲਮ ‘ਦੋ ਪੱਤੀ’ ਵਿਚ ਕ੍ਰਿਤੀ ਸੈਨਨ ਤੋਂ ਇਲਾਵਾ ਕਾਜੋਲ ਦੇ ਅਹਿਮ ਕਿਰਦਾਰ ਹਨ। ਇਹ ਫਿਲਮ ਕਨਿਕਾ ਢਿੱਲੋਂ ਨੇ ਲਿਖੀ ਹੈ ਅਤੇ ਇਸ ਦੀ ਨਿਰਦੇਸ਼ਨਾ ਸ਼ਸ਼ਾਂਕਾ ਚਤੁਰਵੇਦੀ ਨੂੰ ਸੌਂਪੀ ਗਈ ਹੈ। ਕ੍ਰਿਤੀ ਸੈਨਨ ਦਾ ਕਹਿਣਾ ਹੈ ਕਿ ਜਦੋਂ ਤੋਂ ਉਸ ਨੇ 2021 ਵਿਚ ਆਈ ਫਿਲਮ ‘ਮਿਮੀ’ ਵਿਚ ਕੰਮ ਕੀਤਾ, ਉਹ ਅਜਿਹੀ ਇਕ ਹੋਰ ਫਿਲਮ ਬਣਾਉਣਾ ਚਾਹੁੰਦੀ ਸੀ। ਫਿਲਮ ‘ਮਿਮੀ’ ਵਿਚ ਕ੍ਰਿਤੀ ਸੈਨਨ ਦੇ ਨਾਲ-ਨਾਲ ਪੰਕਜ ਤ੍ਰਿਪਾਠੀ, ਸੁਪਰੀਆ ਪਾਠਕ ਅਤੇ ਸਾਈ ਤਮਹਾਂਕਰ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਇਹ ਫਿਲਮ ਅਜਿਹੀ ਮਾਂ ਦੀ ਕਹਾਣੀ ਹੈ ਜੋ ਇਕ ਵਿਦੇਸ਼ੀ ਜੋੜੇ ਨੂੰ ਆਪਣੀ ਕੁਖ ਕਿਰਾਏ ‘ਤੇ ਦਿੰਦੀ ਹੈ। ਇਸ ਫਿਲਮ ਲਈ ਕ੍ਰਿਤੀ ਸੈਨਨ ਨੂੰ ਸਰਵੋਤਮ ਅਦਾਕਾਰਾ ਦਾ ਕੌਮੀ ਫਿਲਮ ਇਨਾਮ ਮਿਲਿਆ ਸੀ। ਇਹੀ ਨਹੀਂ, ਉਸ 69ਵੇਂ ਕੌਮੀ ਫਿਲਮ ਇਨਾਮ ਸਨਮਾਨ ਵੇਲੇ ਪੰਕਜ ਤ੍ਰਿਪਾਠੀ ਨੇ ਸਰਵੋਤਮ ਸਹਾਇਕ ਅਦਾਕਾਰ ਦਾ ਇਨਾਮ ਜਿੱਤਿਆ ਸੀ। ਕਲਾ ਵਾਲੇ ਪੱਖ ਤੋਂ ਇਸ ਫਿਲਮ ਦੀ ਖੂਬ ਚਰਚਾ ਹੋਈ ਸੀ। ਫਿਲਮਫੇਅਰ ਇਨਾਮਾਂ ਲਈ ਇਸ ਫਿਲਮ ਨੇ 6 ਨਾਮਜ਼ਦਗੀਆਂ ਹਾਸਲ ਕੀਤੀਆਂ ਸਨ।
ਕ੍ਰਿਤੀ ਸੈਨਨ ਭਾਵੇਂ ‘ਦੋ ਪੱਤੀ’ ਦੇ ਨਿਰਮਾਣ ਨੂੰ ‘ਮਿਮੀ’ ਨਾਲ ਜੋੜ ਕੇ ਪੇਸ਼ ਕਰ ਰਹੀ ਹੈ ਪਰ ਇਹ ਹਕੀਕਤ ਵੀ ਹੈ ਕਿ ਅੱਜ ਕੱਲ੍ਹ ਉਸ ਨੂੰ ਕੰਮ ਨਹੀਂ ਸੀ ਮਿਲ ਰਿਹਾ, ਇਸ ਕਰ ਕੇ ਉਸ ਨੇ ‘ਦੋ ਪੱਤੀ’ ਬਣਾਉਣ ਦਾ ਫੈਸਲਾ ਕੀਤਾ। ਉਂਝ, ਉਸ ਦਾ ਕਹਿਣਾ ਹੈ ਕਿ ਉਹ ਸਾਰਾ ਸਮਾਂ ਹੀਰੋਇਨ ਵਾਲੇ ਮੋਡ ਵਿਚ ਨਹੀਂ ਰਹਿ ਸਕਦੀ, ਇਸ ਲਈ ਉਸ ਨੇ ਅਦਾਕਾਰ ਤੋਂ ਨਿਰਮਾਤਾ ਬਣਨ ਦਾ ਫੈਸਲਾ ਕੀਤਾ। ਉਸ ਨੇ ਦਾਅਵਾ ਕੀਤਾ ਕਿ ਉਹ ਨੈੱਟਫਲਿਕਸ ਵਰਗੇ ਹੋਰ ਮੰਚਾਂ ਨਾਲ ਰਲ ਕੇ ਅਜਿਹੇ ਹੋਰ ਪ੍ਰੋਜੈਕਟ ਵੀ ਉਲੀਕੇਗੀ। ਕ੍ਰਿਤੀ ਸੈਨਨ ਆਖਦੀ ਹੈ, “ਫਿਲਮ ‘ਦੋ ਪੱਤੀ’ ਮੇਰੇ ਦਿਲ ਦੇ ਬਹੁਤ ਕਰੀਬ ਹੈ। ਕਨਿਕਾ ਢਿੱਲੋਂ ਨੇ ਕਹਾਣੀ ‘ਤੇ ਬਹੁਤ ਮਿਹਨਤ ਕੀਤੀ ਹੈ। ਮੈਨੂੰ ਵੀ ਚੰਗਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ।” ਇਸੇ ਦੌਰਾਨ ਫਿਲਮ ਦੀ ਲੇਖਕਾ ਅਤੇ ਸਹਿ-ਨਿਰਮਾਤਾ ਕਨਿਕਾ ਢਿੱਲੋਂ ਅਨੁਸਾਰ, ਉਸ ਦੀ ਇੱਛਾ ਕਾਜੋਲ ਨਾਲ ਕੰਮ ਕਰਨ ਦੀ ਸੀ ਜੋ ਹੁਣ ਚਿਰਾਂ ਬਾਅਦ ਪੂਰੀ ਹੋ ਰਹੀ ਹੈ।
ਨਵੀਂ ਦਿੱਲੀ ਵਿਚ ਜਨਮੀ ਕ੍ਰਿਤੀ ਸੈਨਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੈਲਗੂ ਫਿਲਮ ‘ਨੈਨੋਕੱਡਿਨ’ ਨਾਲ 2014 ਵਿਚ ਕੀਤੀ ਸੀ। ਉਂਝ, ਇਸੇ ਸਾਲ ਉਸ ਦੀ ਹਿੰਦੀ ਫਿਲਮ ‘ਹੀਰੋਪੰਤੀ’ ਵੀ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ। ਉਸ ਨੇ ‘ਦਿਲਵਾਲੇ’, ‘ਰਾਬਤਾ’, ‘ਬਰੇਲੀ ਕੀ ਬਰਫੀ’, ‘ਸਤ੍ਰੀ’, ‘ਕਲੰਕ’, ‘ਪਾਨੀਪਤ’, ਮਿਮੀ’, ‘ਗਨਪਥ’ ਆਦਿ ਫਿਲਮਾਂ ਵਿਚ ਕੰਮ ਕੀਤਾ।