‘ਇੰਡੀਆ` ਗੱਠਜੋੜ ਨੇ ਬਿਹਾਰ ਤੋਂ ਚੋਣ ਬਿਗਲ ਵਜਾਇਆ

ਪਟਨਾ: ਬਿਹਾਰ ਵਿਚ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਵੱਲੋਂ ਕੀਤੀ ਗਈ ‘ਜਨ ਵਿਸ਼ਵਾਸ ਮਹਾ ਰੈਲੀ` ਨਾਲ ਵਿਰੋਧੀ ਧਿਰਾਂ ਦੇ ‘ਇੰਡੀਆ` ਗੱਠਜੋੜ ਨੇ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਰੈਲੀ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਆਰ.ਜੇ.ਡੀ. ਨੇਤਾ ਲਾਲੂ ਪ੍ਰਸਾਦ ਯਾਦਵ, ਤੇਜਸਵੀ ਯਾਦਵ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ,

ਸੀ.ਪੀ.ਐਮ. ਦੇ ਸੀਤਾਰਾਮ ਯੇਚੁਰੀ, ਸੀ.ਪੀ.ਆਈ. ਦੇ ਡੀ. ਰਾਜਾ ਸਣੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਦੇ ਨਿਸ਼ਾਨੇ ਉਤੇ ਕੇਂਦਰ ਦੀ ਭਾਜਪਾ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਰਹੇ। ਰਾਹੁਲ ਗਾਂਧੀ ਮੱਧ ਪ੍ਰਦੇਸ਼ `ਚ ਚੱਲ ਰਹੀ ‘ਭਾਰਤ ਜੋੜੋ ਨਿਆਏ ਯਾਤਰਾ` ਵਿਚਾਲੇ ਛੱਡ ਕੇ ਉਚੇਚੇ ਤੌਰ `ਤੇ ਤੇਜਸਵੀ ਯਾਦਵ ਵੱਲੋਂ ਕੀਤੀ ਗਈ ਰੈਲੀ `ਚ ਪਹੁੰਚੇ ਸਨ। ਰੈਲੀ `ਚ ਆਰ.ਜੇ.ਡੀ. ਦੇ ਸਮਰਥਕ ਵੱਡੀ ਗਿਣਤੀ `ਚ ਸ਼ਾਮਲ ਹੋਏ। ਰੈਲੀ `ਚ ਆਗੂਆਂ ਨੇ ਮੋਦੀ ਨੂੰ ‘ਝੂਠਿਆਂ ਦਾ ਸਰਦਾਰ` ਤੇ ਭਾਜਪਾ ਨੂੰ ‘ਝੂਠਾਂ ਦੀ ਫੈਕਟਰੀ` ਕਰਾਰ ਦਿੱਤਾ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ 15 ਮਿੰਟ ਦੇ ਭਾਸ਼ਣ ‘ਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਸਿਰਫ ਦੋ-ਤਿੰਨ ਅਮੀਰ ਲੋਕਾਂ ਲਈ ਹੀ ਕੰਮ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਦੇਸ਼ ਦੀ 73 ਫ਼ੀਸਦ ਆਬਾਦੀ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਜਿਹੜੀ ਸਮਾਜ ਦੇ ਹਾਸ਼ੀਏ ‘ਤੇ ਧੱਕੇ ਵਰਗਾਂ, ਦਲਿਤਾਂ ਤੇ ਪੱਛੜੇ ਵਰਗਾਂ ਨਾਲ ਸਬੰਧਤ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸਪੱਸ਼ਟ ਹਵਾਲੇ ਨਾਲ ਰਾਹੁਲ ਨੇ ਕਿਹਾ ਕਿ ‘ਇੱਕ ਪਾਰਟੀ‘ ਲੋਕਾਂ ‘ਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ”ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ‘ ਦੀ ਪੇਸ਼ਕਸ਼ ਕਰ ਰਹੇ ਹਾਂ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਵਿਚ ਕਿਸਾਨਾਂ, ਨੌਜਵਾਨਾਂ ਅਤੇ ਦੱਬੇ-ਕੁਚਲੇ ਲੋਕਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪਲਟੀ ਮਾਰ ਕੇ ਭਾਜਪਾ ਨਾਲ ਸਰਕਾਰ ਬਣਾਉਣ ਲਈ ਭੰਡਿਆ ਤੇ ਤੇਜਸਵੀ ਯਾਦਵ ਦੀ ਉੱਪ ਮੁੱਖ ਮੰਤਰੀ ਰਹਿੰਦਿਆਂ ਉਨ੍ਹਾਂ ਵੱਲੋਂ ਕੀਤੇ ਕੰਮਾਂ ਲਈ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਮੋਦੀ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ‘ਝੂਠਿਆਂ ਦਾ ਸਰਦਾਰ“ ਹੈ ਕਿਉਂਕਿ ਉਹ ਦੋ ਕਰੋੜ ਨੌਕਰੀਆਂ ਦੇਣ ਅਤੇ ਕਾਲਾ ਧਨ ਦੇਸ਼ ‘ਚ ਲਿਆਉਣ ਜਿਹੇ ਵਾਅਦੇ ਪੂਰੇ ਨਹੀਂ ਕਰ ਸਕੇ ਹਨ। ਆਰ.ਜੇ.ਡੀ. ਨੂੰ ਸੁਚੇਤ ਕਰਦਿਆਂ ਖੜਗੇ ਨੇ ਕਿਹਾ, ”ਨਿਤੀਸ਼ ਕੁਮਾਰ ਪਲਟੀ ਮਾਰਦੇ ਰਹਿੰਦੇ ਹਨ। ਉਹ ਫਿਰ ਅਜਿਹਾ ਕਰ ਸਕਦੇ ਹਨ। ਪਰ ਉਨ੍ਹਾਂ ਦਾ ਸੱਦਾ ਸਵੀਕਾਰ ਨਾ ਕਰਿਓ।“
ਉਨ੍ਹਾਂ ਦਾਅਵਾ ਕੀਤਾ ਕਿ ‘ਇੰਡੀਆ` ਗੱਠਜੋੜ ਆਗਾਮੀ ਲੋਕ ਸਭਾ ਚੋਣਾਂ `ਚ ਵੱਧ ਗਿਣਤੀ `ਚ ਸੀਟਾਂ ਜਿੱਤੇਗਾ ਅਤੇ ਨਾਲ ਹੀ ਆਖਿਆ ਕਿ ਵਿਰੋਧੀ ਨੇਤਾ ਈਡੀ, ਸੀ.ਬੀ.ਆਈ. ਤੇ ਆਈ.ਟੀ. ਵਰਗੀਆਂ ਕੇਂਦਰੀ ਏਜੰਸੀਆਂ ਤੋਂ ਨਹੀਂ ਡਰਦੇ ਜਿਨ੍ਹਾਂ ਦੀ ਉਨ੍ਹਾਂ ਖ਼ਿਲਾਫ਼ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇੰਡੀਆ ਗੱਠਜੋੜ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਆਖਿਆ, ‘’ਦੇਸ਼ ਦੀ ਖੁਸ਼ਹਾਲੀ, ਜਮਹੂਰੀਅਤ ਅਤੇ ਸੰਵਿਧਾਨ ਦੀ ਰੱਖਿਆ ਲਈ ਮੋਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨਾ ਪਵੇਗਾ।“ ਲਾਲੂ ਪ੍ਰਸਾਦ ਯਾਦਵ ਨੇ ਵੀ ਬਿਹਾਰ ਦੇ ਮੁੱਖ ਮੰਤਰੀ `ਤੇ ਨਿਸ਼ਾਨਾ ਸੇਧਿਆ ਅਤੇ ਲੋਕਾਂ ਨੂੰ ‘ਆਗਾਮੀ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।