ਡੇਰਾ ਪ੍ਰੇਮੀ ਕਤਲ ਕੇਸ ਵਿਚੋਂ ਬਰੀ

ਚੰਡੀਗੜ੍ਹ: ਤਕਰੀਬਨ ਸਾਢੇ ਛੇ ਸਾਲ ਪਹਿਲਾਂ ਡੇਰਾ ਸਿਰਸਾ ਦੇ ਪ੍ਰੇਮੀਆਂ ਤੇ ਸਿੱਖ ਸੰਗਤ ਵਿਚਾਲੇ ਸੁਨਾਮ ਵਿਚ ਹੋਏ ਟਕਰਾਅ ਦੌਰਾਨ ਮਾਰੇ ਗਏ ਨੌਜਵਾਨ ਕਮਲਜੀਤ ਸਿੰਘ ਦੇ ਕੇਸ ਦਾ ਫੈਸਲਾ ਸੁਣਾਉਂਦਿਆਂ ਸੰਗਰੂਰ ਦੀ ਅਦਾਲਤ ਨੇ 14 ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਬਰੀ ਕਰ ਦਿੱਤਾ ਹੈ। ਸਿੱਖ ਜਥੇਬੰਦੀਆਂ ਅਤੇ ਕਮਲਜੀਤ ਸਿੰਘ ਦੇ ਪਿਤਾ ਬੰਤ ਸਿੰਘ ਦਾ ਕਹਿਣਾ ਹੈ ਕਿ ਸਮੁੱਚੇ ਸਿੱਖ ਪੰਥ ਨਾਲ ਬੇਇਨਸਾਫ਼ੀ ਹੋਈ ਹੈ ਤੇ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਐਲਾਨ ਕੀਤਾ ਹੈ ਕਿ ਫੈਸਲੇ ਖਿਲਾਫ਼ ਉਹ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਅਪੀਲ ਦਾਇਰ ਕਰਨਗੇ।
ਇਸਤਗਾਸਾ ਕੇਸ ਅਨੁਸਾਰ ਕੁਲਦੀਪ ਸਿੰਘ ਵਾਸੀ ਸੁਨਾਮ ਨੇ 17 ਮਈ 2007 ਨੂੰ ਬਿਆਨ ਦਰਜ ਕਰਵਾਇਆ ਸੀ ਕਿ ਡੇਰਾ ਪ੍ਰੇਮੀਆਂ ਦੇ ਮੁਖੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕਰ ਕੇ ਆਪਣੇ ਸੇਵਕਾਂ ਨੂੰ ਅੰਮ੍ਰਿਤ ਛਕਾਇਆ ਸੀ ਜਿਸ ਦਾ ਸਿੱਖ ਕੌਮ ਵਿਰੋਧ ਕਰਦੀ ਸੀ। ਇਸੇ ਸਬੰਧ ਵਿਚ ਸਿੱਖ ਸੰਗਤ ਤਲਵੰਡੀ ਸਾਬੋ ਵਿਚ ਮੀਟਿੰਗ ਕਰ ਕੇ ਪਰਤ ਰਹੀ ਸੀ। ਜਿਉਂ ਹੀ ਟਰੱਕ ਸਤਿਸੰਗ ਘਰ ਚੀਮਾ ਰੋਡ ਸੁਨਾਮ ਕੋਲ ਪੁੱਜੇ ਤਾਂ ਸਤਿਸੰਗ ਭਵਨ ਵਿਚ ਮੌਜੂਦ ਡੇਰਾ ਪ੍ਰੇਮੀਆਂ ਦੇ ਇਕੱਠ ਨੇ ਬਾਹਰ ਆ ਕੇ ਗੱਡੀਆਂ ਰੋਕ ਲਈਆਂ। ਸ਼ਾਮ ਤਕਰੀਬਨ ਛੇ ਵਜੇ ਉਨ੍ਹਾਂ ‘ਤੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ।
ਇਸ ਮੌਕੇ ਡੇਰਾ ਪ੍ਰੇਮੀਆਂ ਵੱਲੋਂ ਚਲਾਈ ਗਈ ਗੋਲੀ ਸੰਗਰੂਰ ਵਾਸੀ ਕਮਲਜੀਤ ਸਿੰਘ ਦੇ ਲੱਗੀ ਅਤੇ ਇੱਟਾਂ-ਰੋੜਿਆਂ ਨਾਲ ਕੀਤੇ ਹਮਲੇ ਵਿਚ ਇਕ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਹਜੂਮ ਵੱਲੋਂ ਵਾਹਨ ਵੀ ਸਾੜ ਦਿੱਤੇ ਗਏ ਤੇ ਬਾਅਦ ਵਿਚ ਸਾਰੇ ਹਮਲਾਵਰ ਭੱਜ ਗਏ। ਜ਼ਖ਼ਮੀ ਸਾਥੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ ਜਿਥੇ ਕਮਲਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂਕਿ ਜ਼ਖ਼ਮੀਆਂ ਨੂੰ ਅੱਗੇ ਰੈਫ਼ਰ ਕਰ ਦਿੱਤਾ।
ਥਾਣਾ ਸਿਟੀ ਪੁਲਿਸ ਸੁਨਾਮ ਵੱਲੋਂ 17 ਮਈ 2007 ਨੂੰ 16 ਵਿਅਕਤੀਆਂ ਸੱਤਪਾਲ ਸਿੰਘ, ਅਜੈਬ ਸਿੰਘ ਵਾਸੀ ਖਡਿਆਲ, ਸੁਖਵਿੰਦਰ ਸਿੰਘ ਵਾਸੀ ਸੁਨਾਮ, ਮੇਘ ਸਿੰਘ ਵਾਸੀ ਨੀਲੋਵਾਲ, ਜਗਸੀਰ ਸਿੰਘ ਵਾਸੀ ਹੰਬਲਵਾਸ ਜਖੇਪਲ, ਕਾਲਾ ਸਿੰਘ ਉਰਫ਼ ਰਾਜਵੀਰ ਸਿੰਘ ਵਾਸੀ ਚੱਠੇ ਸੇਖਵਾਂ, ਕਾਲਾ ਸਿੰਘ ਵਾਸੀ ਧਰਮਗੜ੍ਹ, ਰਾਮ ਪ੍ਰਕਾਸ਼ ਵਾਸੀ ਕਣਕਵਾਲ ਭੰਗੂਆਂ, ਰਾਜੇਸ਼ ਕੁਮਾਰ, ਮਹਿੰਦਰ ਸਿੰਘ, ਜੀਤ ਸਿੰਘ ਉਰਫ਼ ਜੀਤੀ ਵਾਸੀ ਸੁਨਾਮ, ਭੋਲਾ ਸਿੰਘ ਵਾਸੀ ਜਖੇਪਲ, ਭਜਨ ਸਿੰਘ ਉਰਫ਼ ਰੋਡਾ ਵਾਸੀ ਸੁਨਾਮ, ਹਰਨੇਕ ਸਿੰਘ ਉਰਫ਼ ਨੇਕ ਸਿੰਘ ਵਾਸੀ ਸੁਨਾਮ, ਸਾਧਾ ਸਿੰਘ ਵਾਸੀ ਭੂਟਾਲ ਤੇ ਸੰਜੀਵ ਕੁਮਾਰ ਉਰਫ਼ ਸੰਜੂ ਵਾਸੀ ਸੰਗਰੂਰ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਕੇਸ ਦੀ ਸੁਣਵਾਈ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਡੇਰਾ ਪ੍ਰੇਮੀਆਂ ਤੇ ਸਿੱਖ ਸੰਗਤ ਵਿਚਾਲੇ ਹੋਏ ਟਕਰਾਅ ਦੌਰਾਨ ਬੇਕਾਬੂ ਹੋਈ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਹਵਾਈ ਫਾਇਰ ਵੀ ਕੀਤੇ ਸਨ। ਦੂਜੇ ਪਾਸੇ ਡੇਰਾ ਪ੍ਰੇਮੀਆਂ ਨੇ ਵੀ ਆਪਣੀ ਜਾਨ ਬਚਾਉਣ ਲਈ ਫਾਇਰ ਕੀਤੇ ਤੇ ਇੱਟਾਂ-ਰੋੜੇ ਵੀ ਚਲਾਏ ਪਰ ਕੇਸ ਦੌਰਾਨ ਇਹ ਸਾਬਤ ਨਹੀਂ ਹੋ ਸਕਿਆ ਕਿ ਕਿਸ ਵੱਲੋਂ ਚਲਾਈ ਗੋਲੀ ਨਾਲ ਕਮਲਜੀਤ ਸਿੰਘ ਦੀ ਮੌਤ ਹੋਈ ਸੀ।
ਇਸ ਕੇਸ ਵਿਚ ਸ਼ਾਮਲ ਕੁੱਲ 16 ਵਿਅਕਤੀਆਂ ਵਿਚੋਂ ਇਕ, ਸਾਧਾ ਸਿੰਘ ਵਾਸੀ ਭੂਟਾਲ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਦੋਂਕਿ ਸੰਜੀਵ ਕੁਮਾਰ ਉਰਫ਼ ਸੰਜੂ ਵਾਸੀ ਸੰਗਰੂਰ ਅਦਾਲਤ ਵੱਲੋਂ ਭਗੌੜਾ ਕਰਾਰ ਹੈ। ਇਨ੍ਹਾਂ 14 ਵਿਚੋਂ ਸਿਰਫ਼ ਹਰਨੇਕ ਸਿੰਘ ਉਰਫ਼ ਨੇਕ ਸਿੰਘ ਹੀ ਜੇਲ੍ਹ ਵਿਚ ਬੰਦ ਸੀ, ਬਾਕੀ ਸਾਰੇ 13 ਵਿਅਕਤੀ ਜ਼ਮਾਨਤ ‘ਤੇ ਬਾਹਰ ਸਨ।

Be the first to comment

Leave a Reply

Your email address will not be published.