ਬਲਜੀਤ ਬਾਸੀ
ਮੈਂ ਸੋਚਦਾ ਸਾਂ ਕਿ ਸਿਰਫ ਮੇਰਾ ਦਿਮਾਗ ਹੀ ਖੋਰੀ ਹੋ ਚੁੱਕਾ ਹੈ ਪਰ ਪਤਾ ਕਰਕੇ ਦੇਖਿਆ, ਬਥੇਰਿਆਂ ਵਿਚ ਇਹ ਅਲਾਮਤ ਹੈ। ਕਿਸੇ ਵੀ ਬੰਦੇ ਦੇ ਵੱਸ ਵਿਚ ਨਹੀਂ, ਚਾਹੇ ਦਿਮਾਗ ਵਰਤੋ ਚਾਹੇ ਨਾ, ਇਸ ਨੇ ਕਦੇ ਨਾ ਕਦੇ ਖੋਰੀ ਹੋਣਾ ਹੀ ਹੈ। ਕਹਿੰਦੇ ਹਨ ਦਿਮਾਗ ਨੂੰ ਖੋਰੀ ਹੋਣ ਤੋਂ ਬਚਾਉਣ ਲਈ ਇਸ ਨੂੰ ਚਲਦਾ ਰੱਖੋ, ਰੋਜ਼ ਸਵੇਰੇ ਸਵੇਰੇ ਸੁਡੂਕੋ ਭਰੋ, ਪਜ਼ਲ ਤੇ ਮਗਜ਼ਮਾਰੀ ਕਰੋ, ਹੋਰ ਨਹੀਂ ਤਾਂ ਚੌਪੜ ਹੀ ਖੇਡੋ। ਪਿੰਡਾਂ ਥਾਂਵਾਂ ਦੇ ਲੋਕ ਸੱਥਾਂ ਵਿਚ ਮਗਜ਼ਮਾਰੀ ਦੀਆਂ ਖੇਡਾਂ ਖੇਡਦੇ ਹਨ, ਉਹ ਆਪਣੇ ਦਿਮਾਗ ਨੂੰ ਖੋਰੀ ਹੋਣ ਤੋਂ ਹੀ ਤਾਂ ਬਚਾਉਂਦੇ ਹਨ, ਭਾਵੇਂ ਸਾਰੀ ਉਮਰ ਦਿਮਾਗ ਤੋਂ ਕੋਈ ਕੰਮ ਨਾ ਹੀ ਲਿਆ ਹੋਵੇ। ਦਿਮਾਗ ਦਾ ਖੋਰੀ ਹੋਣਾ ਦਿਮਾਗ ਦਾ ਖੁਰਨਾ ਹੀ ਹੈ, ਜੇ ਬਰਫ ਖੁਰ ਸਕਦੀ ਹੈ ਤਾਂ ਦਿਮਾਗ ਕਿਉਂ ਨਹੀਂ?
ਖੁਰਨਾ ਸ਼ਬਦ ਅਸੀਂ ਬਹੁਤ ਸਾਰੀਆਂ ਸਥਿਤੀਆਂ ਵਿਚ ਵਰਤਦੇ ਹਾਂ ਜਿਵੇਂ ਬਰਫ, ਸਾਬਣ, ਖੰਡ ਆਦਿ ਦਾ ਠੋਸ ਸਥਿਤੀ ਤੋਂ ਤਰਲ ਜਾਂ ਘੁਲਣਸ਼ੀਲ ਅਵਸਥਾ ਵਿਚ ਬਦਲਣਾ। ਸਿਧੀ ਜਿਹੀ ਗੱਲ ਹੈ, ਕਿਸੇ ਵੀ ਚੀਜ਼ ਨੂੰ ਨਾ ਛੇੜੋ, ਇਹ ਖੁਰਨ ਲਗਦੀ ਹੈ। ਖੰਡ ਨੂੰ ਚਾਹ ਵਿਚ ਪਾ ਦਿਉ, ਇਹ ਖੁਰ ਜਾਵੇਗੀ। ਖੁਰਨ ਵਿਚ ਹਸਤੀ ਦੇ ਸਹਿਜੇ ਸਹਿਜੇ ਨਸ਼ਟ ਹੋਣ ਦਾ ਭਾਵ ਹੈ। ਖੋਰਨਾ ਕਿਸੇ ਹੋਰ ਚੀਜ਼ ਨੂੰ ਇਸੇ ਸਥਿਤੀ ਵਿਚ ਪਾ ਦੇਣਾ ਹੈ। ‘ਮਹਾਨ ਕੋਸ਼’ ਅਨੁਸਾਰ ਪੱਕੀ ਮਿੱਟੀ ਦਾ ਚੂਰਣ ਜਾਂ ਆਵੇ ਦੀ ਮਿੱਟੀ ਜਿਸ ਵਿਚ ਭਸਮ ਹੁੰਦੀ ਹੈ, ਵੀ ਖੋਰਾ ਹੈ। ਅਸਲ ਵਿਚ ਏਥੇ ਵੀ ਖੁਰਨ ਦਾ ਹੀ ਭਾਵ ਹੈ, ਇੱਟ ਦੀ ਮਿੱਟੀ ਜੋ ਤਪਸ਼ ਨਾਲ ਖੁਰ ਗਈ, ਉਹ ਖੋਰਾ ਹੈ।
ਗੁਰਬਾਣੀ ਵਿਚ ਮਹਿਖੋਰ ਸ਼ਬਦ ਆਉਂਦਾ ਹੈ, ‘ਪ੍ਰੀਤਮ ਬਸਤ ਰਿਦ ਮਹਿਖੋਰ’ ਅਰਥਾਤ ਮਨਰੂਪ ਗੁਫਾ ਵਿਚ ਪ੍ਰੀਤਮ ਵਸਦਾ ਹੈ। ਏਥੇ ਮਹਿਰੂਪ ਦਾ ਅਰਥ ਧਰਤੀ (ਮਹੀ=ਧਰਤੀ) ਵਿਚ ਬਣਾਈ ਗੁਫਾ ਹੈ। ਖੋਰ ਧਰਤੀ, ਪੱਥਰ ਨੂੰ ਖੋਰ ਖੋਰ ਕੇ ਹੀ ਬਣਦੀ ਹੈ। ਧਿਆਨ ਦਿਉ, ਕਮਾਦ ਦੇ ਸੁੱਕੇ ਪੱਤੇ ਜੋ ਉਤਾਰ ਲਏ ਜਾਂਦੇ ਹਨ, ਵੀ ਖੋਰੀ ਕਹਾਉਂਦੇ ਹਨ। ਬਾਰਸ਼ ਨਾਲ ਜ਼ਮੀਨ ਦੇ ਖੁਰਨ ਨੂੰ ਭੂ-ਖੋਰ ਕਿਹਾ ਜਾਂਦਾ ਹੈ। ‘ਖੋਰ ਕੈ ਤੋਰ ਕੈ ਬੋਰ ਕੈ ਦਾਨਵ ਲੈ ਤਿਨ ਕੇ ਕਰੇ ਹਾਡ ਚਬੀ।’ ਖੋਰ ਦਾ ਇਕ ਅਰਥ ਭੀੜੀ ਗਲੀ ਜਾਂ ਮਾਰਗ ਵੀ ਹੈ। ਭੂਗੋਲਿਕ ਤੌਰ ‘ਤੇ ਪੰਜਾਬ ਦਰਿਆ ਸਿੰਧ ਦੇ ਸਹਾਇਕ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਦੁਆਰਾ ਪਹਾੜਾਂ ਤੋਂ ਖੋਰ ਕੇ ਲਿਆਂਦੀ ਮਿੱਟੀ ਦੁਆਰਾ ਗਿਆ ਇੱਕ ਮੈਦਾਨੀ ਖੇਤਰ ਹੈ| ਖੋਰ ਦਾ ਲਾਖਣਿਕ ਅਰਥ ਕਿਸੇ ਨਾਲ ਵੈਰ ਭਾਵ ਜਾਂ ਕੀਨਾ ਵੀ ਬਣ ਗਿਆ ਹੈ। ਬੁਲ੍ਹੇ ਸ਼ਾਹ ਨੂੰ ਸੁਣੋ,
ਮੁਸਲਮਾਨ ਸਿਵਿਆਂ ਤੋਂ ਡਰਦੇ
ਹਿੰਦੂ ਡਰਦੇ ਗੋਰ।
ਦੋਵੇਂ ਇਸ ਦੇ ਵਿਚ ਮਰਦੇ
ਇਹੋ ਦੋਹਾਂ ਦੀ ਖੋਰ।
ਮੇਰੀ ਬੁੱਕਲ ਦੇ ਵਿਚ ਚੋਰ।
ਵਾਰਿਸ ਸ਼ਾਹ ਕਿਹੜਾ ਘੱਟ ਹੈ,
ਰਾਹ ਸੱਚ ਦੇ ਤੇ ਕਦਮ ਧਰਲ ਨਾਹੀਂ
ਜਿਨ੍ਹਾਂ ਖੋਟਿਆਂ ਦੇ ਮਨ ਖੋਰ ਹੋਏ।
ਤੇਰੇ ਵਾਸਤੇ ਮਿਲੀ ਹਾਂ ਕਢ ਦੇਸੋਂ
ਅਸੀਂ ਆਪਣੇ ਦੇਸ ਦੇ ਚੋਰ ਹੋਏ।
ਵਾਰਸ ਸ਼ਾਹ ਨਾ ਅਕਲ ਨਾ ਹੋਸ਼ ਰਹਿਆ
ਮਾਰੇ ਹੀਰ ਦੇ ਸਹਿਰ ਦੇ ਮੋਰ ਹੋਏ।
‘ਖੋਰ’ ਸ਼ਬਦ ਵਿਚ ਮੂਲ ਭਾਵ ਕੱਟਣ, ਮੁੰਨਣ ਦਾ ਹੈ। ਗੰਨੇ ਦੇ ਆਗਾਂ ਆਦਿ ਨੂੰ ਕੱਟ ਕੱਟ ਕੇ ਬਣਾਈ ਸੱਥਰੀ ਖੋਰੀ ਹੈ। ਸੰਸਕ੍ਰਿਤ ਦਾ ਇਕ ਧਾਤੂ ਹੈ ‘ਕਸ਼ੁਰ’ ਜਿਸ ਵਿਚ ਕੱਟਣਾ, ਖੁਰਚਣਾ, ਕਤਰਨਾ, ਗੁੱਡਣਾ ਦੇ ਭਾਵ ਹਨ। ਇਸ ਲਈ ਇਸ ਤੋਂ ਬਣੇ ਸ਼ਬਦਾਂ ਵਿਚ ਇਹ ਭਾਵ ਸੁਰੱਖਿਅਤ ਹਨ। ਧਿਆਨ ਰਹੇ ਖੋਰ ਦਾ ਅਰਥ ਖਾਣਾ ਵੀ ਹੁੰਦਾ ਹੈ ਜਿਵੇਂ ਰਿਸ਼ਵਤਖੋਰ, ਮੁਰਦਾਰਖੋਰ, ਮੁਨਾਫਾਖੋਰ ਆਦਿ ਸ਼ਬਦਾਂ ਵਿਚ ਵਰਤਿਆ ਗਿਆ ਪਿਛੇਤਰ ਪਰ ਇਹ ਹੋਰ ਸ਼ਬਦ ਹੈ ਜਿਸ ਦਾ ਫਾਰਸੀ ਨਾਲ ਸਬੰਧ ਹੈ। ਇਸ ਦੀ ਚਰਚਾ ਫਿਰ ਕਦੇ ਕਰਾਂਗੇ।
ਸੰਸਕ੍ਰਿਤ ਦੀ ‘ਕਸ਼’ ਧੁਨੀ ਪੰਜਾਬੀ ਵਿਚ ਵਟ ਕੇ ‘ਖ’ ਜਾਂ ‘ਛ’ ਵਿਚ ਬਦਲ ਜਾਂਦੀ ਹੈ। ‘ਕਸ਼ੈ’ ਰੋਗ ਪੰਜਾਬੀ ਵਿਚ ਖਈ ਰੋਗ ਹੈ ਤੇ ਕਸ਼ਤਰੀ ਖੱਤਰੀ। ‘ਅਕਸ਼ਰ’ ਤੋਂ ਬਣੇ ਅੱਖਰ ਤੇ ਅੱਛਰ ਦੋਵੇਂ ਸ਼ਬਦ ਹਨ, ਇਸੇ ਤਰ੍ਹਾਂ ਲਕਸ਼ਣ ਤੋਂ ਲੱਖਣ ਤੇ ਲਛਣ। ਅਸੀਂ ਫਿਰ ਆਨੇ ਵਾਲੇ ਥਾਂ ‘ਤੇ ਆਉਂਦੇ ਹਾਂ। ਖੁਰ ਦਾ ਅਰਥ ਉਸਤਰਾ ਵੀ ਹੈ, ‘ਬਚਨ ਕੀਓ ਕਰਤਾਰ ਖੁਰ ਨਹਿ ਲਾਈਐ।’ ਸੰਸਕ੍ਰਿਤ ਵਿਚ ਕਸ਼ੁਰਿਨ ਦਾ ਅਰਥ ਨਾਈ ਹੁੰਦਾ ਹੈ। ਖੁਰ ਦਾ ਇਕ ਅਰਥ ਨਹੁੰ ਜਾਂ ਨਹੁੰਦਰ ਹੈ ਜੋ ਇਸ ਦੇ ਤਿਖੇਪਣ ਦੇ ਭਾਵ ਨਾਲ ਮੇਲ ਖਾਂਦਾ ਹੈ, ‘ਇਕਨਾ ਪੇਰਣ ਸਿਰ ਖੁਰ ਪਾਟ ਇਕਨਾ ਵਾਸੁ ਮਸਾਣੀ’ -ਗੁਰੂ ਨਾਨਕ ਦੇਵ। ਇਥੋਂ ਹੀ ਵਿਕਸਿਤ ਹੋ ਕੇ ਖੁਰ ਸ਼ਬਦ ਪਸ਼ੂ ਦੇ ਪੈਰ ਦਾ ਸੁਚਕ ਬਣ ਗਿਆ। ਖੁਰਾਂ ਨੂੰ ਖੁਰਨ ਤੋਂ ਬਚਾਉਣ ਲਈ ਧਾਤ ਦੀ ਲਾਈ ਜਾਂਦੀ ਚੀਜ਼ ਖੁਰੀ ਹੈ। ਪਰ ਅਜਿਹੀਆਂ ਖੁਰੀਆਂ ਮੇਰੇ ਜ਼ਮਾਨੇ ਵਿਚ ਘਸਣ ਤੋਂਂ ਬਚਣ ਲਈ ਜੁੱਤੀਆਂ ਵਿਚ ਵੀ ਲਾ ਲਈਆਂ ਜਾਂਦੀਆਂ ਸਨ। ‘ਖੁਰਾ ਖੋਜ’ ਸ਼ਬਦ ਜੁੱਟ ਵਿਚ ਖੁਰਾ ਦਾ ਭਾਵ ਪਸ਼ੂ ਦੇ ਖੁਰ ਦੇ ਨਿਸ਼ਾਨ ਅਰਥਾਤ ਪੈੜ ਹੈ। ਖੁਰ ਚੁੱਕ ਚੁੱਕ ਕੇ ਹੀ ਪਸ਼ੂ ਖੌਰੂ ਪਾਉਂਦੇ ਹਨ। ਇਹ ਕਿਰਿਆ ਹੁਣ ਬੰਦਿਆਂ ‘ਤੇ ਵਧ ਲਾਗੂ ਹੁੰਦੀ ਹੈ। ਖਰੌਂਡੇ ਪਸ਼ੂ ਦੇ ਖੁਰਾਂ ਨੂੰ ਹੀ ਆਖਦੇ ਹਨ ਜਿਨ੍ਹਾਂ ਦਾ ਸੂਪ ਕਈ ਲੋਕ ਬੜਾ ਚਾਹ ਕੇ ਖਾਂਦੇ ਹਨ। ਤ੍ਰਿਸਕਾਰ ਭਾਵ ਨਾਲ ਕਿਸੇ ਦੇ ਪੈਰਾਂ ਨੂੰ ਵੀ ਖਰੌਂਡੇ ਕਹਿ ਦਿੱਤਾ ਜਾਂਦਾ ਹੈ, ‘ਚੱਕ ਆਪਣੇ ਖਰੌਡੇ।’ ਖੁਰ ਤੋਂ ਹੀ ‘ਖੁਰਚਣ’ ਸ਼ਬਦ ਬਣ ਗਿਆ। ਜ਼ਖਮਾਂ ਨੂੰ ਖੁਰਚ ਖੁਰਚ ਕੇ ਅਸੀਂ ਖਰੀਂਡ ਬਣਾ ਲੈਂਦੇ ਹਾਂ। ਬਚਿਆ-ਖੁਚਿਆ ਸ਼ਬਦ ਜੁੱਟ ਵਿਚਲਾ ਖੁਚਿਆ ਸ਼ਬਦ ਵੀ ਸੰਭਵ ਤੌਰ ‘ਤੇ ਖੁਰਚਣ ਦੇ ਭਾਵ ਤੋਂ ਹੀ ਬਣਿਆ ਹੈ ਅਰਥਾਤ ਜੋ ਖੁਰਚ ਖੁਰਚ ਕੇ ਮਾੜਾ ਮੋਟਾ ਹਾਸਿਲ ਹੋਇਆ। ਹੁਣ ਤਾਂ ਖਰੋਚ ਸ਼ਬਦ ਵੀ ਪੰਜਾਬੀ ਵਿਚ ਆਮ ਹੀ ਵਰਤਿਆ ਜਾਣ ਲੱਗਾ ਹੈ, ‘ਜਿਸਮ ਤੇ ਖਰੋਚ ਵੀ ਨਾ ਕੀਤਾ ਕਿੰਨੀ ਖੂਬਸੂਰਤੀ ਨਾਲ ਕਤਲ ਕੀਤਾ ਤੁਸੀਂ ਮੇਰੇ ਅਰਮਾਨਾਂ ਦਾ।’ ਦਿਮਾਗ ਨੂੰ ਹਮੇਸ਼ਾ ਖਰੋਚਦੇ ਰਹੋ ਤਾਂ ਇਹ ਖੋਰੀ ਨਹੀਂ ਹੁੰਦਾ। ਕੜਾਹੀ ਆਦਿ ਤੋਂ ਚਿਪਕੇ ਹੋਏ ਪਕਵਾਨ ਨੂੰ ਖੁਰਚਣ ਵਾਲਾ ਸੰਦ ਖੁਰਚਣਾ ਹੈ। ਸਤੀ ਹੋਈ ਪਤਨੀ ਵੀ ਕਈ ਵਾਰੀ ਇਸ ਸੰਦ ਦਾ ਵਾਰ ਪਤੀ ਉਤੇ ਕਰਦੀ ਹੈ। ਰੰਬੇ ਦੇ ਅਰਥਾਂ ਵਾਲਾ ਖੁਰਪਾ ਸ਼ਬਦ ਇਸ ਦੇ ਜ਼ਮੀਨ ਦੇ ਖੁਰਚਣ ਦੇ ਭਾਵ ਤੋਂ ਬਣਿਆ ਹੈ। ਖੁਰਪੀ ਖੁਰਪੇ ਦੀ ਘਰ ਵਾਲੀ ਹੈ। ਹੱਥਾਂ ਨੂੰ ਚੁਭਣ ਵਾਲੇ ਤਲ ਨੂੰ ਅਸੀਂ ਖੁਰਦਰਾ ਕਹਿੰਦੇ ਹਾਂ। ਕਈਆਂ ਦੀ ਬੋਲਬਾਣੀ ਹੀ ਖੁਰਦਰੀ ਹੁੰਦੀ ਹੈ ਜੋ ਹਰ ਇਕ ਨੂੰ ਚੁਭਦੀ ਹੈ। ਖੁਰਦਰਾ ਸ਼ਬਦ ਖੁਰ+ਧਾਰ ਤੋਂ ਬਣਿਆ ਹੈ ਅਰਥਾਤ ਜਿਸ ਨੇ ਤਿੱਖਾਪਣ ਧਾਰਨ ਕੀਤਾ ਹੈ।
ਜਿਵੇਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ, ਸੰਸਕ੍ਰਿਤ ਦੀ ‘ਕਸ਼’ ਧੁਨੀ ਪੰਜਾਬੀ ਵਿਚ ਆ ਕੇ ਕਈ ਵਾਰੀ ‘ਛ’ ਵਿਚ ਵੀ ਬਦਲ ਜਾਂਦੀ ਹੈ। ਇਸ ਤਰ੍ਹਾਂ ਇਸ ਸ਼ਬਦ ਦੇ ‘ਛ’ ਨਾਲ ਸ਼ੁਰੂ ਹੁੰਦੇ ਕਈ ਸ਼ਬਦ ਰੂਪ ਵੀ ਮਿਲਦੇ ਹਨ। ਸਭ ਤੋਂ ਵਧ ਵਰਤੀਂਦੇ ਸ਼ਬਦ ਛੁਰਾ ਜਾਂ ਛੁਰੀ ਇਸੇ ਦਾ ਭੇਦ ਹਨ। ਧਿਆਨ ਦਿਓ ਛੁਰੀ ਵਿਚ ਤਿੱਖੇਪਣ ਦਾ ਭਾਵ ਹੈ। ਛੁਰਾ ਤਾਂ ਇਕ ਤਰ੍ਹਾਂ ਦਾ ਹਥਿਆਰ ਹੈ ਜੋ ਕਿਸੇ ‘ਤੇ ਵਾਰ ਕਰਨ ਹਿੱਤ ਵਰਤਿਆ ਜਾਂਦਾ ਹੈ ਪਰੰਤੂ ਛੁਰੀ ਆਮ ਤੌਰ ‘ਤੇ ਸਬਜ਼ੀ ਆਦਿ ਕੱਟਣ ਵਾਲਾ ਸੰਦ ਹੈ। ਕੁਝ ਭਾਸ਼ਾਵਾਂ ਵਿਚ ਛੁਰੀ ਦਾ ਅਰਥ ਚਾਕੂ ਹੈ ਪਰ ਪੰਜਾਬੀ ਵਿਚ ਛੁਰੀ ਬਿਨਾ ਦਸਤੇ ਵਾਲਾ ਚਾਕੂ ਹੈ। ਗੁਰੂ ਨਾਨਕ ਦੇਵ ਜੀ ਨੇ ਛੁਰਾ ਸ਼ਬਦ ਵਰਤਿਆ ਹੈ, ‘ਕੂੜੁ ਛੁਰਾ ਮੁਰਦਾਰੁ ਧਾਣਕ ਰੂਪਿ ਰਿਹਾ ਕਰਤਾਰ’ ਅਰਥਾਤ ਮੇਰੇ ਹੱਥ ਝੂਠ ਦਾ ਛੁਰਾ ਹੈ, ਮਾਇਆ ਦਾ ਠੱਗਿਆ ਮੈਂ ਪਰਾਇਆ ਹੱਕ ਖਾਂਦਾ ਹਾਂ। ਇਸੇ ਤਰ੍ਹਾਂ ‘ਹਥਿ ਛੁਰੀ ਜਗਤ ਕਾਸਾਈ’ -ਗੁਰੂ ਨਾਨਕ ਦੇਵ। ਅਖਾਣ ਹੈ, ‘ਬਗਲ ਮੇਂ ਛੁਰੀ ਮੂੰਹ ਮੇਂ ਰਾਮ ਰਾਮ।’ ਲੋਕ ਸਿਆਣਪ ਤੇ ਗੁਰਬਾਣੀ ਵਿਚਕਾਰ ਕਿੰਨੀ ਸਾਂਝ ਹੈ। ਛੁਰੀ ਸ਼ਬਦ ਵੀ ਗੁਰਬਾਣੀ ਵਿਚ ਆਇਆ ਹੈ, ‘ਛੁਰੀ ਕਾਢਿ ਲੇਵੇ ਹਥਿ ਦੀਨਾ’ -ਗੁਰੂ ਅਰਜਨ ਦੇਵ। ਚੰਡੀ ਦੀ ਵਾਰ ਵਿਚ ਵੀ ਇਸ ਦਾ ਭੇਦ ਛੁਦ੍ਰ ਸ਼ਬਦ ਆਇਆ ਹੈ, ‘ਛੁਦ੍ਰ ਮੀਨ ਛੁਰਧ੍ਰਕਾ’ ਭਾਵ ਲਹੂ ਦੀ ਧਾਰਾ ਵਿਚ ਜੋ ਛੁਰੀਆਂ ਵਹਿੰਦੀਆਂ ਹਨ ਮਾਨੋ ਛੋਟੀਆਂ ਮੱਛੀਆਂ ਹਨ। ਪਿੱਠ ਵਿਚ ਛੁਰੀ ਤਾਂ ਸਾਰੇ ਹੀ ਘੋਪਦੇ ਹਨ, ਕਈ ਤਾਂ ਛੁਰਾ ਹੀ ਘੋਪ ਦਿੰਦੇ ਹਨ। ਇਕ ਸ਼ਬਦ ‘ਛੌਰ’ ਹੈ ਜਿਸ ਦਾ ਮਹਾਨ ਕੋਸ਼ ਅਨੁਸਾਰ ਅਰਥ ‘ਚਰ੍ਹੀ, ਮੱਕੀ ਆਦਿ ਦਾ ਲਾਇਆ ਅੰਬਾਰ’ ਹੈ। ਅੱਗੇ ਲਿਖਿਆ ਹੈ ‘ਦੇਖੋ ਕਸ਼ੌਰ’ ਪਰ ਕਸ਼ੌਰ ਸ਼ਬਦ ਦਾ ਇੰਦਰਾਜ ਹੀ ਨਹੀਂ ਮਿਲਦਾ। ਅਸੀਂ ਕਹਿ ਸਕਦੇ ਹਾਂ ਕਿ ਛੌਰ ਸ਼ਬਦ ਵੀ ਗੰਨਿਆਂ ਦੀ ‘ਖੋਰੀ’ ਦਾ ਇਕ ਭੇਦ ਹੋ ਸਕਦਾ ਹੈ।
Leave a Reply