ਢੀਂਡਸਾ ਨੇ ਆਖਰਕਾਰ ਬਾਦਲਾਂ ਦਾ ਹੱਥ ਫੜਿਆ

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪੰਥਕ ਧਿਰਾਂ ਦੇ ਆਪਸੀ ਏਕੇ ਆਸਰੇ ਇਕ ਵਾਰ ਮੁੜ ਪੈਰਾਂ ਸਿਰ ਹੋਣ ਲਈ ਹੰਭਲਾ ਮਾਰਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਨਾਲ ਰਲਾਉਣ ਵਿਚ ਸਫਲ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਖਿੜੇ ਮੱਥੇ ਸਵੀਕਾਰ ਕਰਦਿਆਂ ਆਖਿਆ ਹੈ ਕਿ ਹੁਣ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ।

ਉਧਰ, ਸੁਖਬੀਰ ਸਿੰਘ ਬਾਦਲ ਨੇ ਵੀ ਸ. ਢੀਂਡਸਾ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪਾਰਟੀ ਦਾ ਸਰਪ੍ਰਸਤ ਐਲਾਨਦਿਆਂ ਅਗਵਾਈ ਕਰਨ ਦੀ ਬੇਨਤੀ ਕੀਤੀ। ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਤੋਂ ਵੱਖ ਹੋਏ ਬੀਬੀ ਜਗੀਰ ਕੌਰ ਸਣੇ ਵੱਡੀ ਗਿਣਤੀ ਆਗੂ ਵਾਪਸੀ ਲਈ ਤਿਆਰ ਹਨ। ਚੇਤੇ ਰਹੇ ਕਿ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਸਾਲ 2015-16 ਵਿਚ ਉਨ੍ਹਾਂ ਦੀ ਪਾਰਟੀ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਮੁਆਫੀ ਮੰਗੀ ਸੀ ਅਤੇ ਪਾਰਟੀ ਨਾਲੋਂ ਵੱਖ ਹੋਏ ਆਗੂਆਂ ਨੂੰ ਘਰ ਵਾਪਸੀ ਲਈ ਸੱਦਾ ਦਿੱਤਾ ਸੀ। ਇਸ ਪਿੱਛੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਅਕਾਲੀ ਧੜਿਆਂ ਨੂੰ ਪੰਥ ਦੇ ਹਿੱਤਾਂ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ। ਢੀਂਡਸਾ ਧੜੇ ਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਕੇ ਹੀ ਪਾਰਟੀ ਵਿਚ ਵਾਪਸੀ ਦੀ ਸ਼ਰਤ ਰੱਖੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਸੁਖਦੇਵ ਸਿੰਘ ਢੀਂਡਸਾ ਦੇ ਸੁਰ ਕਾਫੀ ਨਰਮ ਜਾਪ ਰਹੇ ਸਨ।
ਦੱਸ ਦਈਏ ਕਿ ਢੀਂਡਸਾ ਵਾਲੇ ਧੜੇ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨਾਲ ਗੱਠਜੋੜ ਕੀਤਾ ਸੀ, ਜਦਕਿ ਅਕਾਲੀ ਦਲ ਬਾਦਲ ਬਸਪਾ ਨਾਲ ਭਾਈਵਾਲੀ ਕਰ ਕੇ ਚੋਣਾਂ ਲੜਿਆ ਸੀ। ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਟੁੱਟ ਗਿਆ ਹੈ। ਹਾਲਾਂਕਿ ਢੀਂਡਸਾ ਧੜੇ ਦੇ ਰਲੇਵੇਂ ਪਿੱਛੋਂ ਇਹੀ ਸਵਾਲ ਉਠ ਰਹੇ ਹਨ ਕਿ ਅਕਾਲੀ ਦਲ ਭਾਜਪਾ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜੇਗਾ ਜਾਂ ਨਹੀਂ। ਹਾਲਾਂਕਿ ਸਿਆਸੀ ਮਾਹਿਰ ਦਾਅਵਾ ਕਰ ਰਹੇ ਹਨ ਕਿ ਪਿਛਲੇ ਦਿਨਾਂ ਤੋਂ ਕਿਸਾਨ ਅੰਦੋਲਨ ਕਾਰਨ ਪੰਜਾਬ ਵਿਚ ਭਗਵਾ ਧਿਰ ਪ੍ਰਤੀ ਉਠੇ ਰੋਸ ਕਾਰਨ ਅਕਾਲੀ ਦਲ ਸੋਚਾਂ ਵਿਚ ਪੈ ਗਿਆ ਹੈ। ਕਿਸਾਨਾਂ ਉਤੇ ਹਰਿਆਣਾ ਪੁਲਿਸ ਅਤੇ ਕੇਂਦਰੀ ਬਲਾਂ ਵੱਲੋਂ ਕੀਤੀ ਕਾਰਵਾਈ ਕਾਰਨ ਪੂਰੇ ਦੇਸ਼ ਵਿਚ ਰੋਹ ਹਨ। ਇਸ ਲਈ ਅਕਾਲ ਦਲ ਭਾਜਪਾ ਨਾਲ ਭਾਈਵਾਲੀ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ। ਇਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੌਰਾਨ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ ਪਰ ਭਗਵਾ ਧਿਰ ਤੋਂ ਵੱਖ ਹੋ ਕੇ ਲੜੀਆਂ ਵਿਧਾਨ ਸਭਾ ਚੋਣਾਂ ਵਿਚ ਹੋਏ ਹਸ਼ਰ ਤੋਂ ਬਾਅਦ ਬਾਦਲ ਧੜੇ ਨੇ ਮੁੜ ਗੱਠਜੋੜ ਦੀ ਗੱਲ ਤੋਰੀ ਸੀ। ਇਹ ਗੱਠਜੋੜ ਤਕਰੀਬਨ ਸਿਰੇ ਲੱਗ ਗਿਆ ਸੀ ਪਰ ਹੁਣ ਪਾਸਾ ਫਿਰ ਪਲਟ ਗਿਆ ਹੈ। ਕਿਸਾਨ ਅੰਦੋਲਨ ਕਾਰਨ ਪੰਜਾਬ ਵਿਚ ਭਾਜਪਾ ਲਈ ਪੈਦਾ ਹੋਏ ਤਾਜ਼ਾ ਰੋਸ ਕਾਰਨ ਅਕਾਲੀ ਦਲ ਦੁਚਿੱਤੀ ਵਿਚ ਹੈ। ਚਰਚਾ ਹੈ ਕਿ ਅਕਾਲੀ ਦਲ ਹੁਣ ਭਾਜਪਾ ਨਾਲ ਹੱਥ ਮਿਲਾਉਣ ਦੀ ਥਾਂ ਆਉਂਦੇ ਦਿਨਾਂ ਵਿਚ ਹੋਰ ਪੰਥਕ ਧਿਰਾਂ ਨਾਲ ਸਾਂਝ ਪਾ ਕੇ ਚੋਣ ਮੈਦਾਨ ਵਿਚ ਉਤਾਰ ਸਕਦਾ ਹੈ।
ਪਿੱਛੇ ਜਿਹੇ ਭਾਜਪਾ ਨੇ ਢੀਂਡਸਾ ਧੜੇ ਨੂੰ ਹੀ ਅਸਲੀ ਅਕਾਲੀ ਦਲ ਦੱਸ ਕੇ ਟਕਸਾਲੀ ਆਗੂਆਂ ਨੂੰ ਸੁਖਬੀਰ ਦਾ ਸਾਥ ਛੱਡ ਕੇ ਇਸ ਧੜੇ ਵਿਚ ਸ਼ਾਮਲ ਹੋਣ ਦਾ ਹੋਕਾ ਦਿੱਤਾ ਸੀ ਹਾਲਾਂਕਿ ਇਸ ਸੱਦੇ ਨੂੰ ਭੋਰਾ ਹੁੰਗਾਰਾ ਨਹੀਂ ਮਿਲਿਆ ਸੀ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਅਕਾਲੀ ਧੜੇ ਹੁਣ ਇਹ ਗੱਲ ਸਮਝਣ ਲੱਗੇ ਹਨ ਕਿ ਏਕੇ ਬਿਨਾਂ ਗੁਜ਼ਾਰਾ ਹੋਣਾ ਸੰਭਵ ਨਹੀਂ ਹੈ। ਇਹੀ ਕਾਰਨ ਹੈ ਕਿ ਢੀਂਡਸਾ ਨੇ ਵੀ ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਵਾਲੀ ਸ਼ਰਤ ਪਾਸੇ ਰੱਖ ਦਿੱਤੀ ਹੈ। ਸੁਖਬੀਰ ਦੇ ਪਾਰਟੀ ਪ੍ਰਧਾਨ ਬਣਨ ਅਤੇ ਇਸ ਤੋਂ ਬਾਅਦ ਪੰਥਕ ਧਿਰ ਦੇ ਹੋਏ ਹਸ਼ਰ ਤੋਂ ਟਕਸਾਲੀ ਆਗੂ ਔਖੇ ਸਨ। ਇਸੇ ਲਈ ਵੱਡੀ ਗਿਣਤੀ ਆਗੂ ਪਾਰਟੀ ਤੋਂ ਵੱਖ ਹੋ ਗਏ ਸਨ। ਸ਼੍ਰੋਮਣੀ ਅਕਾਲੀ ਦਲ ਅੰਦਰ ਬਗਾਵਤਾਂ ਦਾ ਅਮਲ 2017 ਦੀਆਂ ਚੋਣਾਂ ਹਾਰਨ ਤੋਂ ਬਾਅਦ ਸ਼ੁਰੂ ਹੋਇਆ ਸੀ ਜਦੋਂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਆਦਿ ਨੇ ਬਗਾਵਤ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਅੰਦਰ ਚੱਲ ਰਹੇ ਸੰਕਟ ਦੇ ਹੱਲ ਲਈ ਪਾਰਟੀ ਵੱਲੋਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਕਮੇਟੀ ਬਣਾ ਕੇ ਜ਼ਮੀਨੀ ਪੱਧਰ ਤੱਕ ਵਰਕਰਾਂ ਨਾਲ ਗੱਲਬਾਤ ਕਰਕੇ ਇਕ ਰਿਪੋਰਟ ਤਿਆਰ ਕੀਤੀ ਗਈ। ਇਸ ਕਮੇਟੀ ਦੀ ਰਿਪੋਰਟ ਵਿਚ ਸਪਸ਼ਟ ਤੌਰ ‘ਤੇ ਅਕਾਲੀ ਦਲ ਦੇ ਵਰਕਰਾਂ ਨੇ ਪਾਰਟੀ ਦੀ ਲੀਡਰਸ਼ਿਪ ਖਾਸ ਕਰ ਸੁਖਬੀਰ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਾਇਆ ਸੀ। ਹਾਲਾਂਕਿ ਕਮੇਟੀ ਦੀ ਲੀਡਰਸ਼ਿਪ ਤਬਦੀਲੀ ਬਾਰੇ ਸਿਫਾਰਸ਼ ਨੂੰ ਹੇਠਲੇ ਪੱਧਰ ਤੱਕ ਹੀ ਲਾਗੂ ਕਰਕੇ ਸੁਖਬੀਰ ਬਾਦਲ ਦੀ ਕੁਰਸੀ ਬਚਾ ਲਈ ਗਈ।
ਸੂਬੇ ਵਿਚ ਪੌਣੇ ਤਿੰਨ ਦਹਾਕਿਆਂ ਦੇ ਸਮੇਂ ਤੋਂ ਬਾਅਦ ਪਹਿਲੀ ਵਾਰੀ ਅਜਿਹੀ ਸਥਿਤੀ ਬਣੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੌਮੀ ਸਿਆਸਤ ਵਿਚ ਪੂਰੀ ਤਰ੍ਹਾਂ ਬੇਅਸਰ ਦਿਖਾਈ ਦੇ ਰਿਹਾ ਹੈ। ਸੁਖਬੀਰ ਵਾਲੇ ਅਕਾਲੀ ਦਲ ਦੀ ਹਾਲਤ ਹੁਣ ਇਹ ਹੈ ਕਿ ਇਸ ਨੂੰ ਨਾ ਤਾਂ ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ` ਗੱਠਜੋੜ ਨੇ ਮੂੰਹ ਲਾਇਆ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਨੇ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਨੇ ਨੇੜੇ ਲੱਗਣ ਦਿੱਤਾ।
ਸਾਲ 2022 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀਆਂ ਦਾ ਵੋਟ ਬੈਂਕ ਘੱਟ ਕੇ 18 ਫੀਸਦੀ ਤੱਕ ਰਹਿ ਗਿਆ ਸੀ ਜਦੋਂ ਕਿ ਭਾਜਪਾ ਨੇ ਗੁਜ਼ਾਰੇ ਜੋਗੀਆਂ ਵੋਟਾਂ ਹਾਸਲ ਕਰਨ ਤੋਂ ਬਾਅਦ ਸੰਗਰੂਰ ਅਤੇ ਜਲੰਧਰ ਸੰਸਦੀ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ਵੀ ਪ੍ਰਭਾਵਸ਼ਾਲੀ ਵੋਟ ਬੈਂਕ ਹਾਸਲ ਕੀਤਾ ਸੀ ਜਦੋਂ ਕਿ ਅਕਾਲੀਆਂ ਨੂੰ ਇਨ੍ਹਾਂ ਚੋਣਾਂ ‘ਚ ਵੀ ਨਿਰਾਸ਼ਾ ਮਿਲੀ। ਸ਼੍ਰੋਮਣੀ ਅਕਾਲੀ ਦਲ ਦੇ ਇਸ ਸਮੇਂ ਲੋਕ ਸਭਾ ਵਿਚ ਦੋ ਮੈਂਬਰ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਹਨ। ਇਸ ਪਾਰਟੀ ਦਾ ਰਾਜ ਸਭਾ ਵਿਚ ਕੋਈ ਮੈਂਬਰ ਨਹੀਂ ਹੈ। ਪੰਜਾਬ ਵਿਧਾਨ ਸਭਾ ਵਿਚ ਵੀ ਪਾਰਟੀ ਨੂੰ 3 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਇਸ ਲਈ ਅਕਾਲੀ ਦਲ ਨੇ ਆਪਣੇ ਤੋਂ ਵੱਖ ਹੋਈ ਟਕਸਾਲੀ ਆਗੂਆਂ ਮੁੜ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਨੂੰ ਹੁਣ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ।