ਪੰਜਾਬ ਬਜਟ `ਚ ਸਿਹਤ ਅਤੇ ਸਿੱਖਿਆ `ਤੇ ਜ਼ੋਰ

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਤੀ ਸਾਲ 2024-25 ਲਈ ਸੂਬੇ ਦਾ 2,04,918 ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਬਜਟ ਮੁੱਖ ਤੌਰ ‘ਤੇ ਸਿਹਤ ਅਤੇ ਸਿੱਖਿਆ ਖੇਤਰਾਂ ਉਤੇ ਕੇਂਦਰਿਤ ਹੈ। ਬਜਟ ਵਿਚ ਖੇਤੀਬਾੜੀ ਲਈ 13,784 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਵਿਚ ਗੰਨਾ ਕਿਸਾਨਾਂ ਲਈ 467 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਇਸ ਦੇ ਨਾਲ ਹੀ ਅਗਲੇ ਸਾਲ ਲਈ 390 ਕਰੋੜ ਰੁਪਏ ਦੀ ਰਾਸ਼ੀ ਦਾ ਹੋਰ ਪ੍ਰਬੰਧ ਕੀਤਾ ਗਿਆ ਹੈ।

ਬਜਟ ਵਿਚ ਸਿੱਖਿਆ ਲਈ 16,987 ਕਰੋੜ, ਖੇਤੀਬਾੜੀ ਲਈ 13,784 ਕਰੋੜ, ਸਮਾਜ ਭਲਾਈ ਤੇ ਸਮਾਜਿਕ ਨਿਆਂ ਲਈ 9388 ਕਰੋੜ, ਬਿਜਲੀ ਲਈ 7780 ਕਰੋੜ, ਪੇਂਡੂ ਵਿਕਾਸ ਤੇ ਪੰਚਾਇਤਾਂ ਲਈ 3,154 ਕਰੋੜ, ਬੁਨਿਆਦੀ ਢਾਂਚਾ (ਸੜਕਾਂ ਤੇ ਪੁਲ) ਲਈ 600 ਕਰੋੜ, ਟਰਾਂਸਪੋਰਟ ਲਈ 550 ਕਰੋੜ, ਖੇਡਾਂ ਲਈ 272 ਕਰੋੜ ਅਤੇ ਸੈਰ ਸਪਾਟਾ ਲਈ 166 ਕਰੋੜ ਰੱਖਿਆ ਗਿਆ ਹੈ।
ਪੰਜਾਬ ਵਿਚ ਪਹਿਲੀ ਵਾਰ ਬਜਟ 2 ਲੱਖ ਕਰੋੜ ਰੁਪਏ ਤੋਂ ਵਧ ਗਿਆ ਹੈ। ਬਜਟ ਭਾਸ਼ਣ ਦੀ ਸ਼ੁਰੂਆਤ ਵਿਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ 40 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਖੇਤੀ ਲਈ 13 ਹਜ਼ਾਰ 784 ਕਰੋੜ ਰੁਪਏ ਦਾ ਬਜਟ ਰੱਖਿਆ। ਉਨ੍ਹਾਂ ਸਕੂਲੀ ਸਿੱਖਿਆ ਲਈ 16 ਹਜ਼ਾਰ 967 ਕਰੋੜ ਰੁਪਏ ਦਾ ਬਜਟ ਰੱਖਿਆ। ਸ੍ਰੀ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੋਈ ਨਵਾਂ ਟੈਕਸ ਨਹੀਂ ਲਗਾਇਆ, ਜਿਸ ਨਾਲ 2024-25 ਵਿਚ ਕੁੱਲ 1,03,936 ਕਰੋੜ ਰੁਪਏ ਦੀ ਮਾਲੀਆ ਪ੍ਰਾਪਤੀਆਂ ਹੋਣ ਦੀ ਉਮੀਦ ਹੈ, ਜਿਸ ਵਿਚੋਂ ਆਪਣਾ ਟੈਕਸ ਮਾਲੀਆ 58,900 ਕਰੋੜ ਰੁਪਏ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜ ਨੂੰ ਕੇਂਦਰੀ ਟੈਕਸਾਂ ਤੋਂ ਆਪਣੇ ਹਿੱਸੇ ਵਜੋਂ 22,041 ਕਰੋੜ ਰੁਪਏ ਅਤੇ ਕੇਂਦਰ ਤੋਂ ਸਹਾਇਤਾ ਵਜੋਂ 11,748 ਕਰੋੜ ਰੁਪਏ ਮਿਲਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ` ਸਰਕਾਰ ਨੇ ਦੋ ਸਾਲਾਂ ਵਿਚ 40000 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਕੁੱਲ ਸਾਲਾਨਾ ਖਰਚੇ ਵਿਚੋਂ 13,784 ਕਰੋੜ ਰੁਪਏ ਖੇਤੀਬਾੜੀ ਲਈ ਅਤੇ 16,987 ਕਰੋੜ ਰੁਪਏ ਸਿੱਖਿਆ ਲਈ ਰੱਖੋ ਹਨ।
ਐਤਕੀਂ ਆਸ ਕੀਤੀ ਜਾ ਰਹੀ ਸੀ ਕਿ ‘ਆਪ’ ਸਰਕਾਰ ਵਾਅਦੇ ਅਨੁਸਾਰ ਔਰਤਾਂ ਨੂੰ ਮਹੀਨੇਵਾਰ ਸਹਾਇਤਾ ਆਰੰਭ ਕਰ ਦੇਵੇਗੀ ਕਿਉਂਕਿ ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਦਿੱਲੀ ਵਿਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਪਰ ਪੰਜਾਬ ਵਿਚ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ। ਇਸ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਕਾ ਹੀ ਚੁੱਪ ਹੋ ਗਏ ਹਨ।