ਪੰਜਾਬ ਦਾ ਸਿਆਸੀ ਪਿੜ

ਆ ਰਹੀਆਂ ਚੋਣਾਂ ਨੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਸੁਖਬੀਰ ਸਿੰਘ ਬਾਦਲ ਦੀ ਗਲਵੱਕੜੀ ਪੁਆ ਦਿੱਤੀ ਹੈ। ਜਿਉਂ-ਜਿਉਂ ਲੋਕ ਸਭਾ ਨੇੜੇ ਢੁੱਕ ਰਹੀਆਂ ਹਨ, ਸਿਆਸੀ ਜੋੜ-ਤੋੜ ਤਿੱਖੇ ਹੋ ਰਹੇ ਹਨ। ਇਤਿਹਾਸਕ ਕਿਸਾਨ ਅੰਦੋਲਨ ਤੋਂ ਬਾਅਦ 2022 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਅਣਸਰਦੇ ਨੂੰ ਬਹੁਜਨ ਸਮਾਜ ਪਾਰਟੀ ਨਾਲ ਚੋਣ ਸਮਝੌਤਾ ਕੀਤਾ ਸੀ।

ਇਸ ਦੇ ਬਾਵਜੂਦ ਇਹ ਚੋਣਾਂ ਵਿਚ ਕੋਈ ਖਾਸ ਕਾਰਗੁਜ਼ਾਰੀ ਨਹੀਂ ਦਿਖਾ ਸਕੀ। ਅਸਲ ਵਿਚ, ਬੇਅਦਬੀ ਵਾਲੀਆਂ ਘਟਨਾਵਾਂ ਅਤੇ ਕੁਝ ਹੋਰ ਮੁੱਦਿਆਂ ਕਾਰਨ ਪੰਜਾਬ ਦੇ ਲੋਕਾਂ ਦੀ ਅਕਾਲੀ ਦਲ ਨਾਲ ਨਾਰਾਜ਼ਗੀ ਚੱਲ ਰਹੀ ਹੈ। ਲੋਕਾਂ ਦੇ ਕਹੇ-ਸੁਣੇ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਵਾਲੇ ਘਟਨਾਕ੍ਰਮ ਬਾਰੇ ਮੁਆਫੀ ਵੀ ਮੰਗੀ ਪਰ ਲੋਕਾਂ ਦੀ ਨਾਰਾਜ਼ਗੀ ਅਜੇ ਖਤਮ ਨਹੀਂ ਹੋ ਰਹੀ। ਇਸੇ ਕਰ ਕੇ ਹੁਣ ਉਸ ਨੂੰ ਪਾਰਟੀ ਵਿਚੋਂ ਬਾਹਰ ਗਏ ਆਗੂਆਂ ਨੂੰ ਹਾਕਾਂ ਮਾਰਨੀਆਂ ਪੈ ਰਹੀਆਂ ਹਨ। ਹਾਲ ਹੀ ਵਿਚ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਵਿਚਕਾਰ ਸਿਆਸੀ ਤਾਲਮੇਲ ਦੀਆਂ ਖਬਰਾਂ ਵੀ ਲਗਾਤਾਰ ਨਸ਼ਰ ਹੋਈਆਂ ਪਰ ਕਿਸਾਨ ਅੰਦੋਲਨ ਕਾਰਨ ਬਣੇ ਨਵੇਂ ਹਾਲਾਤ ਅਨੁਸਾਰ ਇਹ ਤਾਲਮੇਲ ਵੀ ਇਕ ਵਾਰ ਫਿਰ ਪਿਛਾਂਹ ਪੈ ਗਿਆ ਜਾਪਦਾ ਹੈ। ਇਸ ਮਸਲੇ ‘ਤੇ ਸੁਖਦੇਵ ਸਿੰਘ ਢੀਂਡਸਾ ਦਾ ਰੁਖ ਵੀ ਬਦਲਿਆ-ਬਦਲਿਆ ਜਾਪ ਰਿਹਾ ਹੈ। ਪਹਿਲਾਂ ਹਾਲਾਤ ਇਹ ਸਨ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਬਰਾਬਰ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਨੂੰ ਖੜ੍ਹਾ ਕਰਨਾ ਚਾਹੁੰਦੀ ਸੀ ਪਰ ਉਸ ਦੀ ਇਸ ਕਵਾਇਦ ਨੂੰ ਬਹੁਤਾ ਬੂਰ ਨਹੀਂ ਪਿਆ। ਹੋਰ ਪਾਰਟੀਆਂ ਦੇ ਕਹਿੰਦੇ-ਕਹਾਉਂਦੇ ਆਗੂਆਂ ਨੂੰ ਨਾਲ ਰਲਾਉਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੇ ਪੈਰ ਪੰਜਾਬ ਵਿਚ ਲੱਗ ਨਹੀਂ ਰਹੇ। ਵਿਧਾਨ ਸਭਾ ਚੋਣਾਂ ਵਿਚ ਵੀ ਇਸ ਦੀ ਕਾਰਗੁਜ਼ਾਰੀ ਕੋਈ ਖਾਸ ਨਹੀਂ ਰਹੀ।
ਸੁਖਦੇਵ ਸਿੰਘ ਢੀਂਡਸਾ ਅਤੇ ਸੁਖਬੀਰ ਸਿੰਘ ਬਾਦਲ ਵਿਚਕਾਰ ਤਾਲਮੇਲ ਲਈ ਰਾਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਖਿੱਚੋਤਾਣ ਕਾਰਨ ਵੀ ਖੁੱਲਿ੍ਹਆ ਹੈ। ਕੌਮੀ ਪੱਧਰ ‘ਤੇ ਭਾਵੇਂ ਇਨ੍ਹਾਂ ਪਾਰਟੀਆਂ ਵਿਚਕਾਰ ਪੰਜ ਥਾਈਂ ਚੋਣ ਤਾਲਮੇਲ ਬਣ ਗਿਆ ਹੈ ਪਰ ਪੰਜਾਬ ਵਿਚ ਦੋਵੇਂ ਪਾਰਟੀਆਂ ਆਪੋ-ਆਪਣੇ ਤੌਰ ‘ਤੇ ਚੋਣ ਲੜ ਰਹੀਆਂ ਹਨ। ਕੁਝ ਸਿਆਸੀ ਮਾਹਿਰਾਂ ਦੀ ਰਾਇ ਹੈ ਕਿ ਇਸ ਦਾ ਕੁਝ ਨਾ ਕੁਝ ਫਾਇਦਾ ਅਕਾਲੀ ਦਲ ਨੂੰ ਹੋ ਸਕਦਾ ਹੈ। ਅਕਾਲੀ ਦਲ ਬਾਰੇ ਇਕ ਤੱਥ ਇਹ ਵੀ ਹੈ ਕਿ ਕਈ ਸਾਲਾਂ ਦੀਆਂ ਵੱਡੀਆਂ ਪਛਾੜਾਂ ਦੇ ਬਾਵਜੂਦ ਇਸ ਦਾ ਜਥੇਬੰਦਕ ਤਾਣਾ-ਬਾਣਾ ਜਿਉਂ ਦਾ ਤਿਉਂ ਕਾਇਮ ਹੈ। ਇਕ ਸਮੇਂ ਕੇਂਦਰ ਵਿਚ ਸੱਤਾਧਾਰੀ ਅਤੇ ਸ਼੍ਰੋਮਣੀ ਅਕਾਲੀ ਦੀ ਭਾਈਵਾਲ, ਭਾਰਤੀ ਜਨਤਾ ਪਾਰਟੀ ਨੇ ਕੋਸ਼ਿਸ਼ ਕੀਤੀ ਸੀ ਕਿ ਅਕਾਲੀ ਦਲ ਦੇ ਹੇਠਲੇ ਲੀਡਰ ਕਿਸੇ ਨਾ ਕਿਸੇ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਵਾਲੇ ਧੜੇ ਨਾਲ ਰਲ ਜਾਣ ਪਰ ਇਸ ਬਾਰੇ ਕੋਸ਼ਿਸ਼ਾਂ ਦੇ ਬਾਵਜੂਦ ਅਜਿਹਾ ਸੰਭਵ ਨਹੀਂ ਹੋ ਸਕਿਆ। ਇਸੇ ਕਰ ਕੇ ਹੁਣ ਸਿਆਸੀ ਕਿਆਸਆਰਾਈਆਂ ਹਨ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਸੁਖਬੀਰ ਸਿੰਘ ਬਾਦਲ ਦੀ ਸਾਂਝ ਨਾਲ ਦਲ ਨੂੰ ਚੋਣਾਂ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਦਾ ਮੌਕਾ ਮਿਲ ਸਕਦਾ ਹੈ।
ਅਕਾਲੀ ਆਗੂਆਂ ਦੀ ਇਕ ਗਿਣਤੀ-ਮਿਣਤੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੀ ਟਿਕੀ ਹੋਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਦੋ ਸਾਲਾਂ ਦੌਰਾਨ ਉਹ ਕੁਝ ਕਰ ਨਹੀਂ ਸਕੀ ਜਿਸ ਦੀ ਆਸ ਲੋਕ ਕਰ ਰਹੇ ਸਨ। ਹੁਣ ਲੋਕਾਂ ਦੀ ਇਹ ਰਾਇ ਬਣ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਿਆਸਤ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਤੋਂ ਵੱਖਰੀ ਨਹੀਂ। ਸਰਕਾਰ ਦਾ ਸਾਰਾ ਜ਼ੋਰ ਇਸ਼ਤਿਹਾਰਬਾਜ਼ੀ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਕਰਨ ‘ਤੇ ਲੱਗਿਆ ਹੋਇਆ ਹੈ। ਹੋਰ ਤਾਂ ਹੋਰ, ਮੀਡੀਆ ਦੇ ਮਾਮਲੇ ਵਿਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬਹੁਤ ਤੋਏ-ਤੋਏ ਹੋ ਰਹੀ ਹੈ। ਕੱਲ੍ਹ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਕੇਂਦਰ ਵਿਚ ਸੱਤਾਧਾਰੀ, ਭਾਰਤੀ ਜਨਤਾ ਪਾਰਟੀ ਨੇ ਮੀਡੀਆ ਦੇ ਵੱਡੇ ਹਿੱਸੇ ਨੂੰ ਖਰੀਦ ਲਿਆ ਹੈ ਅਤੇ ਲੋਕਾਂ ਦੀ ਆਵਾਜ਼ ਤੱਕ ਬੰਦ ਕੀਤੀ ਜਾ ਰਹੀ ਹੈ। ਇਸ ਮਸਲੇ ‘ਤੇ ਆਮਆਦਮੀ ਪਾਰਟੀ ਦੀ ਪਹੁੰਚ ਭਾਰਤੀ ਜਨਤਾ ਪਾਰਟੀ ਤੋਂ ਵੀ ਦੋ ਰੱਤੀਆਂ ਉਤਾਂਹ ਹੀ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਆਪਣੀ ਸਰਕਾਰ ਰਾਹੀਂ ਮੀਡੀਆ ਨੂੰ ਇੰਨਾ ਗੋਡਣੀਆਂ ਭਾਰ ਕਰ ਦਿੱਤਾ ਹੈ ਕਿ ਸਭ ਹੈਰਾਨ-ਪ੍ਰੇਸ਼ਾਨ ਹਨ। ਸਰਕਾਰ ਬਾਰੇ ਕੋਈ ਵਿਰੋਧੀ ਟਿੱਪਣੀ ਤਾਂ ਇੱਕ ਪਾਸੇ ਰਹੀ, ਸਾਧਾਰਨ ਖਬਰਾਂ ਤੱਕ ਵੀ ਛਪਣ ਜਾਂ ਨਸ਼ਰ ਨਹੀਂ ਹੋਣਦਿੱਤੀਆਂ ਜਾ ਰਹੀਆਂ। ਉਂਝ ਵੀ, ਪੱਤਰਕਾਰ ਅਤੇ ਸਬੰਧਿਤ ਅਦਾਰੇ ਮਾਲੀ ਨੁਕਸਾਨ ਦੇ ਡਰੋਂ ਸਰਕਾਰ ਸਾਹਵੇਂ ਗੋਡੇ ਟੇਕ ਗਏ ਹਨ। ਇਨ੍ਹਾਂ ਹਾਲਾਤ ਵਿਚ ਅਕਾਲੀ ਆਗੂਆਂ ਨੂੰ ਆਸ ਹੈ ਕਿ ਇਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਚੰਗੀ ਕਾਰਗੁਜ਼ਾਰੀ ਦਿਖਾ ਸਕਣਗੇ ਅਤੇ ਪਾਰਟੀ ਨੂੰ ਜਿਹੜੀ ਪਛਾੜ ਪਿਛਲੇ ਕੁਝ ਸਾਲਾਂ ਦੌਰਾਨ ਲੱਗੀ ਹੈ, ਉਸ ਦੀ ਭਰਪਾਈ ਹੋ ਸਕੇਗੀ। ਹੁਣ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਕਿਸ ਸਿਆਸੀ ਧਿਰ ਨਾਲ ਸਿਰ ਜੋੜਦੀ ਹੈ ਕਿਉਂਕਿ ਹਾਲ ਦੀ ਘੜੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿਚ ਹੁੰਗਾਰਾ ਮਿਲਣ ਵਾਲਾ ਕੋਈ ਮਾਹੌਲ ਨਹੀਂ ਜਾਪਦਾ। ਹੋਰ ਬਹੁਤੀਆਂ ਥਾਵਾਂ ਵਾਂਗ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਧਰੁਵੀਕਰਨ ਕਰਨ ਵਿਚ ਸਫਲ ਨਹੀਂ ਹੋਈ। ਕਿਸਾਨ ਅੰਦੋਲਨ ਦੌਰਾਨ ਇਕ ਸਮਾਂ ਤਾਂ ਉਹ ਵੀ ਆਇਆ ਸੀ ਕਿ ਪਾਰਟੀ ਆਗੂਆਂ ਦਾ ਘਰੋਂ ਬਾਹਰ ਨਿੱਕਲਣਾ ਵੀ ਮੁਸ਼ਕਿਲ ਹੋ ਗਿਆ ਸੀ। ਜ਼ਾਹਿਰ ਹੈ ਕਿ ਪੰਜਾਬ ਵਿਚ ਸਾਰੀਆਂ ਸਿਆਸੀ ਧਿਰਾਂ ਦਾ ਵੱਕਾਰ ਦਾਅ ‘ਤੇ ਲੱਗਿਆ ਹੋਇਆ ਹੈ। ਇਸ ਸੂਰਤ ਵਿਚ ਚੋਣਾਂ ਦੌਰਾਨ ਊਠ ਕਿਸ ਪਾਰਟੀ ਵਾਲੇ ਪਾਸੇ ਕਰਵਟ ਬਦਲਦਾ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।