ਫਲਸਤੀਨੀ ਕਹਾਣੀ: ਬੂਟ

ਨਾਸਿਰ ਇਬਰਾਹਿਮ
ਪੰਜਾਬੀ ਰੂਪ: ਪਰਮਜੀਤ ਢੀਂਗਰਾ
ਇਜ਼ਰਾਈਲ ਜਿਸ ਤਰ੍ਹਾਂ ਫਲਸਤੀਨੀਆਂ ਨੂੰ ਦਰੜ ਰਿਹਾ ਹੈ ਅਤੇ ਜਿਸ ਤਰ੍ਹਾਂ ਫਲਸਤੀਨੀ ਇਨ੍ਹਾਂ ਵਧੀਕੀਆਂ ਦਾ ਟਾਕਰਾ ਕਰ ਰਹੇ ਹਨ, ਉਸ ਤੋਂ ਹਰ ਕੋਈ ਹੈਰਾਨ ਹੈ। ਫਲਸਤੀਨੀ ਕਿਹੜੀ ਮਿੱਟੀ ਦੇ ਬਣੇ ਹੋਏ ਹਨ, ਇਸ ਬਾਰੇ ਖੁਲਾਸਾ ਫਲਸਤੀਨੀ ਲਿਖਾਰੀ ਨਾਸਿਰ ਇਬਰਾਹਿਮ ਦੀ ਕਹਾਣੀ ‘ਬੂਟ’ ਤੋਂ ਹੁੰਦਾ ਹੈ। ਇਹ ਔਖੇ ਵੇਲਿਆਂ ਵਿਚ ਵੀ ਲੜਦੇ ਰਹਿਣ ਦੀ ਕਹਾਣੀ ਹੈ ਪਰ ਲਿਖਾਰੀ ਨੇ ਜਿਸ ਤਰ੍ਹਾਂ ਇਸ ਕਹਾਣੀ ਦਾ ਅੰਤ ਕੀਤਾ ਹੈ, ਉਸ ਨਾਲ ਪਾਠਕ ਦੇ ਦੰਦਾਂ ਹੇਠ ਉਂਗਲਾਂ ਆ ਜਾਂਦੀਆਂ ਹਨ।

ਕਿਸੇ ਨੂੰ ਪਤਾ ਨਹੀਂ ਸੀ ਕਿ ਨਿਸਾਰ ਰਮਾਲਾਹ ਜਾਣ ਦੀ ਜ਼ਿੱਦ ਕਿਉਂ ਕਰ ਰਿਹਾ ਹੈ। ਫ਼ੌਜੀ ਚੈੱਕਪੁਆਇੰਟਾਂ ਦੀਆਂ ਬਦਸਲੂਕੀਆਂ, ਪਹਾੜਾਂ ਵਿਚਲੀ ਕਠਿਨ ਪੈਦਲ ਚੜ੍ਹਾਈ ਤੇ ਮਿੱਟੀ ਘੱਟੇ ਨਾਲ ਅੱਟੀਆਂ ਪਹਾੜੀ ਪਗਡੰਡੀਆਂ ਤੇ ਹੋਰ ਕਈ ਰੁਕਾਵਟਾਂ ਕਰਕੇ ਇਹ ਕੰਮ ਸੌਖਾ ਨਹੀਂ ਸੀ ਪਰ ਕਿਸੇ ਬਹਾਦਰ ਕਾਮੇ ਵਾਂਗ ਪੱਕੇ ਤੇ ਦ੍ਰਿੜ੍ਹ ਇਰਾਦੇ ਨੂੰ ਪ੍ਰਗਟਾਉਂਦਿਆਂ ਉਹਨੇ ਹੌਸਲੇ ਨਾਲ ਕਿਹਾ ਸੀ ਕਿ ਬਹੁਤ ਜ਼ਰੂਰੀ ਮਸਲਾ ਹੈ ਜਿਸ ਦਾ ਫ਼ੈਸਲਾ ਰਮਾਲਾਹ ਜਾ ਕੇ ਹੀ ਹੋ ਸਕਦਾ ਹੈ, ਇਸ ਲਈ ਮੈਂ ਹਰ ਹਾਲ ਵਿਚ ਉਥੇ ਜਾਵਾਂਗਾ ਹੀ ਜਾਵਾਂਗਾ…।
“ਮੈਂ ਰਾਹ ਦੀਆਂ ਸਾਰੀਆਂ ਤਕਲੀਫ਼ਾਂ ਝੱਲ ਲਵਾਂਗਾ।…ਇਹੋ ਜਿਹੀਆਂ ਮਾਮੂਲੀ ਪ੍ਰੇਸ਼ਾਨੀਆਂ ਦੇ ਤਾਂ ਅਸੀਂ ਆਦੀ ਹੋ ਚੁੱਕੇ ਹਾਂ।…ਇਨ੍ਹਾਂ ਇਜ਼ਰਾਇਲੀਆਂ ਨੂੰ ਕੀ ਪਤਾ, ਜ਼ਿੰਦਗੀ ਦੇ ਸਾਰੇ ਗ਼ੈਰ-ਮਾਮੂਲੀ ਹਾਲਾਤ ਸਾਡੀ ਰੋਜ਼ਾਨਾ ਦੀ ਹੋਣੀ ਬਣ ਚੁੱਕੇ ਹਨ।…ਤੂੰ ਹੀ ਦੱਸ, ਕੀ ਮੌਤ ਦੀ ਉਡੀਕ ਤੱਕ ਅਸੀਂ ਹੱਥ `ਤੇ ਹੱਥ ਧਰੀ ਇੰਜ ਹੀ ਬੈਠੇ ਰਹਾਂਗੇ?”
ਕਾਰ ਵਿਚ ਬਹਿੰਦਿਆਂ ਹੀ ਉਹ ਚੱਲ ਪਿਆ। ਕਿਸੇ ਵੀ ਹਾਲ ਵਿਚ ਰਮਾਲਾਹ ਪਹੁੰਚ ਕੇ ਹੀ ਹੁਣ ਉਹ ਦਮ ਲਵੇਗਾ, ਇਹ ਉਹਦਾ ਆਖ਼ਰੀ ਫ਼ੈਸਲਾ ਸੀ।
ਪਹਾੜਾਂ ਵਿਚ ਗੱਡੀਆਂ ਕੁਝ ਦੂਰੀ `ਤੇ ਡਾਮਰ ਰੋਡ ਤੱਕ ਹੀ ਜਾਂਦੀਆਂ ਸਨ। ਅੱਗੇ ਕੁਝ ਕਿਲੋਮੀਟਰ ਕੱਚਾ ਰਾਹ ਹੈ। ਲੋਕ ਚੈੱਕਪੁਆਇੰਟਾਂ ਨੂੰ ਝਕਾਨੀ ਦੇਣ ਦਾ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੇ ਹਨ। ਘੁੰਮਣਘੇਰੀਆਂ ਵਾਲੇ ਰਾਹਾਂ `ਤੇ ਚਲਦਿਆਂ ਉਹ ਤਲਾਸ਼ੀ, ਜ਼ਲਾਲਤ, ਥਕਾਵਟ ਤੇ ਵਾਹੀਆਤ ਹੁਕਮਾਂ ਦੀ ਮਨਹੂਸੀਅਤ ਤੋਂ ਬਚਣ ਦੇ ਮਾਹਿਰ ਹੋ ਚੁੱਕੇ ਹਨ। ਬੜੇ ਹੌਸਲੇ ਨਾਲ ਹਾਲਾਤ ਮੁਤਾਬਿਕ ਆਪਣੇ ਆਪ ਨੂੰ ਢਾਲਣ ਅਤੇ ਸਾਹਮਣੇ ਵਾਲੇ ਨੂੰ ਚਕਮਾ ਦੇ ਕੇ ਭੱਜ ਨਿਕਲਣ ਦਾ ਹੁਨਰ ਹੁਣ ਉਨ੍ਹਾਂ ਨੇ ਸਿੱਖ ਲਿਆ ਹੈ। ਕੀੜੀਆਂ ਦੇ ਬਹਾਦਰ ਦਸਤਿਆਂ ਵਾਂਗ ਆਪਣੇ ਘਰਾਂ ਅਤੇ ਗਲਿਆਰਿਆਂ ਦੇ ਢਹਿ ਢੇਰੀ ਹੋ ਜਾਣ ਤੋਂ ਬਾਅਦ ਵੀ ਕਿਸੇ ਨਾ ਕਿਸੇ ਤਰ੍ਹਾਂ ਉਹ ਰਸਤਾ ਤੇ ਹੱਲ ਦੋਵੇਂ ਲੱਭ ਲੈਂਦੇ ਹਨ। ਕੀੜੀਆਂ ਦੇ ਇਹ ਦਸਤੇ ਕਈ ਕਈ ਦਿਨਾਂ ਤੱਕ ਲਗਾਤਾਰ ਆਪਣੇ ਮੂੰਹਾਂ ਨਾਲ ਮਿੱਟੀ ਖੁਰਚਦੇ ਛੇਕ ਕਰਦੇ ਜਾਂਦੇ ਨੇ ਤੇ ਅੰਨ ਦੇ ਦਾਣੇ ਢੋਹ-ਢੋਹ ਕੇ ਢੇਰ ਲਾ ਦਿੰਦੇ ਨੇ ਤੇ ਆਪਣੇ ਨਿੱਕੇ ਨਿੱਕੇ ਪੈਰਾਂ ਨੂੰ ਪਤਾ ਤੱਕ ਨਹੀਂ ਲੱਗਣ ਦਿੰਦੇ ਕਿ ਉਨ੍ਹਾਂ ਨੇ ਕਿੰਨਾ ਪੈਂਡਾ ਤੈਅ ਕਰ ਲਿਆ ਹੈ। ਛੋਟਾ ਜਿਹਾ ਸੁਰਾਖ਼ ਕਰ ਕੇ ਉਹ ਬਿਨਾ ਕਿਸੇ ਰੁਕਾਵਟ ਅਤੇ ਡਰ-ਭੈਅ ਦੇ ਉਸ ਵਿਚ ਵੜਦੇ ਜਾਂਦੇ ਹਨ। ਫਿਰ ਜਦੋਂ ਦੂਸਰੇ ਹੀ ਪਲ ਕੋਈ ਜਾਣ ਬੁੱਝ ਕੇ ਜਾਂ ਅਣਜਾਣਪੁਣੇ ਵਿਚ ਉਸ ਸੁਰਾਖ਼ ਨੂੰ ਬੰਦ ਕਰ ਦੇਵੇ ਤਾਂ ਉਹ ਆਪਣੀਆਂ ਸੁੰਡਾਂ ਨਾਲ ਝੱਟ ਉਸ ਰੁਕਾਵਟ ਦਾ ਪਤਾ ਲਾ ਲੈਂਦੇ ਹਨ। ਕੀੜੀਆਂ ਦੇ ਦਸਤੇ ਹਾਲਤਦਾ ਜਾਇਜ਼ਾ ਲੈ ਕੇ ਘਟਨਾ ਸਥਾਨ ਦੇ ਚਾਰੇ ਪਾਸੇ ਜਮਘਟਾ ਲਾ ਲੈਂਦੇ ਹਨ। ਉਸ ਤੋਂ ਬਾਅਦ ਫਿਰ ਅੱਗੇ ਵੱਲ ਵਧਦੇ ਹਨ ਤੇ ਆਪਣੇ ਕੰਮ ਵਿਚ ਜੁਟ ਜਾਂਦੇ ਹਨ, ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ।
ਘੱਟੇ ਮਿੱਟੀ ਨਾਲ ਭਰੇ ਰਸਤਿਆਂ `ਤੇ ਜਾ ਰਹੇ ਲੋਕਾਂ ਦੇ ਜਥੇ ਕਿਸੇ ਧਾਗੇ ਵਿਚ ਪਰੋਏ ਕਾਲੇ ਢੇਰਾਂ ਵਾਂਗ ਲੱਗ ਰਹੇ ਹਨ। ਇਨਸਾਨਾਂ ਦੇ ਇਹ ਕਾਲੇ ਢੇਰ ਲੰਗੜਾਉਂਦੇ, ਘਿਸਰਦੇ ਹੋਏ ਅੱਗੇ ਵਧਦੇ ਹਨ ਤੇ ਫਿਰ ਪਿਛੇ ਵੱਲ ਧੱਕ ਦਿੱਤੇ ਜਾਂਦੇ ਹਨ। ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਉਹ ਕਿਸੇ ਵੀ ਰੁਕਾਵਟ ਨੂੰ ਪਾਰ ਕਰਨ ਲਈ ਬਜ਼ਿੱਦ ਹਨ। ਸਿੱਧੇ ਰਸਤਿਆਂ `ਤੇ ਉਹ ਇਕ ਦੂਜੇ ਨਾਲ ਦੁਬਕ ਕੇ ਚਲਦੇ, ਚੜ੍ਹਾਈਆਂ ਚੜ੍ਹਦੇ ਤੇ ਕੱਚੇ ਰਸਤਿਆਂ `ਤੇ ਲਾਈਆਂ ਵਾੜਾਂ ਟੱਪ ਕੇ ਦੂਸਰੇ ਪਾਸੇ ਨਿਕਲੀ ਜਾਂਦੇ ਹਨ। ਸੰਭਵ ਹੈ ਕਿ ਘੰਟੇ ਦੋ ਘੰਟਿਆਂ ਵਿਚ ਹੀ ਬੁਲਡੋਜ਼ਰ ਇਨ੍ਹਾਂ ਰਾਹਾਂ ਨੂੰ ਲਤਾੜਦਾ ਹੋਇਆ, ਉਨ੍ਹਾਂ ਨੂੰ ਬੱਜਰੀ, ਵੱਡੇ ਵੱਡੇ ਪੱਥਰਾਂ ਤੇ ਕੰਕਰੀਟ ਦੀਆਂ ਸਿੱਲਾਂ ਵਿਚ ਬਦਲ ਦੇਵੇ। ਉਦੋਂ ਇਹ ਕਾਲੇ ਢੇਰ ਅਚਾਨਕ ਰੁਕ ਕੇ ਆਪਣੇ ਚਾਰੇ ਪਾਸਿਆਂ, ਆਪਣੇ ਹੰਝੂਆਂ ਤੇ ਮੁੜ੍ਹਕੇ ਦੇ ਅੰਜਾਮ ਦਾ ਜਾਇਜ਼ਾ ਲੈਣਗੇ ਤੇ ਫਿਰ ਉਸੇ ਪੱਕੀ ਜ਼ਿੱਦ ਵਿਚ ਕੋਈ ਨਵਾਂ ਰਾਹ ਤਲਾਸ਼ ਕਰਨ ਵਿਚ ਰੁੱਝ ਜਾਣਗੇ।
ਨਿਸਾਰ ਵੀ ਹੋਰਨਾਂ ਵਾਂਗ ਹੌਲੀ ਹੌਲੀ ਅੱਗੇ ਵਧਦਾ ਗਿਆ। ਜਨੂਨੀ ਕਦਮਾਂ ਨਾਲ ਕੱਚੇ ਰਾਹਾਂ ਨੂੰ ਕੱਛਦਿਆਂ ਉਹਦੇ ਮੂੰਹੋਂ ਆਪਣੇ ਆਪ ਗਾਲ੍ਹਾਂ ਨਿਕਲ ਰਹੀਆਂ ਸਨ। ਉਹਨੂੰ ਲੱਗ ਰਿਹਾ ਹੈ ਪੀੜ ਪਰੁੰਨੇ ਪੈਰ ਜਿਵੇਂ ਜਵਾਬ ਦੇ ਰਹੇ ਹਨ। ਇਕ ਵਾਰ ਉਹ ਲੜਖੜਾ ਕੇ ਡਿੱਗਿਆ ਵੀ, ਤਦੋਂ ਉਹਨੂੰ ਇਕ ਬੁੱਢੇ ਹੱਥ ਨੇ ਸੰਭਾਲ ਲਿਆ ਤੇ ਉਸ ਤੋਂ ਬਾਅਦ ਉਹ ਦੋਵੇਂ ਨਾਲੋ-ਨਾਲ ਉਪਰ ਚੜ੍ਹਨ ਲੱਗੇ। ਉਹ ਕਿਸੇ ਵੀ ਤਰ੍ਹਾਂ, ਕਿਸੇ ਵੀ ਹਾਲ ਵਿਚ ਰਮਾਲਾਹ ਪਹੁੰਚਣਾ ਚਾਹੁੰਦਾ ਹੈ। ਉੱਥੇ ਪਹੁੰਚ ਕੇ ਕੀਤਾ ਜਾਣ ਵਾਲਾ ਕਾਰੋਬਾਰ ਵੀ ਹੁਣ ਗ਼ੈਰ-ਜ਼ਰੂਰੀ ਹੋ ਗਿਆ ਹੈ। ਜ਼ਰੂਰੀ ਹੈ ਸਾਰੀਆਂ ਰੁਕਾਵਟਾਂ ਪਾਰ ਕਰਕੇ ਉੱਥੇ ਪਹੁੰਚਣਾ ਤੇ ਆਪਣੀ ਜਿੱਤ ਦਾ ਝੰਡਾ ਗੱਡਣਾ। ਉੱਥੇ ਪਹੁੰਚਣਾ ਹੀ ਇਕ ਤਰ੍ਹਾਂ ਨਾਲ ਉਹਦਾ ਸਭ ਤੋਂ ਵੱਡਾ ਨਿਸ਼ਾਨਾ ਹੈ ਜੋ ਉਹਦੀ ਜਿੱਤ ਦਾ ਸਮਾਨਾਰਥਕ ਬਣ ਗਿਆ ਹੈ।

ਮਿੱਟੀ ਘੱਟੇ ਤੇ ਹੁੰਮਸ ਨਾਲ ਭਰਿਆ ਦਿਨ ਹੌਲੀ ਹੌਲੀ ਅੱਗੇ ਸਰਕ ਰਿਹਾ ਹੈ। ਉਪਰੋਂ ਰੁਕਾਵਟਾਂ, ਬੰਦੂਕਾਂ, ਸਿਪਾਹੀ, ਆਈ.ਡੀ. ਕਾਰਡਾਂ ਜਾਂ ਪਛਾਣ ਪੱਤਰਾਂ ਦਾ ਮੁਆਇਨਾ, ਉਡੀਕ ਦੀਆਂ ਲੰਮੀਆਂ ਘੜੀਆਂ, ਗਾਲ੍ਹਾਂ, ਬਦ-ਦੁਆਵਾਂ ਤੇ ਅਪਮਾਨ, ਸਭ ਕੁਝ ਇਕ ਦੂਜੇ ਵਿਚ ਰਲਗੱਡ ਹੋ ਰਹੇ ਹਨ। ਅੱਗੇ ਵਧਣਾ ਜਾਂ ਪਿੱਛੇ ਮੁੜਨਾ, ਦੋਵੇਂ ਇਕੋ ਜਿੰਨੇ ਕਸ਼ਟਦਾਇਕ ਤੇ ਮੁਸੀਬਤਾਂ ਭਰੇ ਹਨ।
ਬਚਦੇ ਬਚਾਉਂਦਿਆਂ, ਪੈਂਤਰੇ ਬਦਲਦਿਆਂ ਤੇ ਚਕਮੇ ਦਿੰਦਿਆਂ ਨਿਸਾਰ ਅੱਗੇ ਵਧਦਾ ਗਿਆ। ਇਕ ਕਾਰ ਤੋਂ ਦੂਸਰੀ ਕਾਰ, ਇਕ ਪਹਾੜੀ ਤੋਂ ਦੂਸਰੀ ਪਹਾੜੀ, ਇਕ ਚੈੱਕਪੁਆਇੰਟ ਤੋਂ ਦੂਸਰੇ ਚੈੱਕਪੁਆਇੰਟ, ਉਹ ਉਨ੍ਹਾਂ ਬਿਖੜੇ ਰਾਹਾਂ ਨੂੰ ਇਕ ਤੋਂ ਬਾਅਦ ਇਕ ਪਾਰ ਕਰਦਾ ਅੱਗੇ ਵਧਦਾ ਗਿਆ। ਸਵੇਰੇ ਸਵੇਰੇ ਤੜਕਸਾਰ ਤੋਂ ਲੈ ਕੇ ਛੇ ਘੰਟਿਆਂ ਦਾ ਸਮਾਂ ਕੋਈ ਬਹੁਤਾ ਜ਼ਿਆਦਾ ਨਹੀਂ, ਉਹਨੇ ਮਨ ਹੀ ਮਨ ਵਿਚ ਸੋਚਿਆ। ਕਈ ਲੋਕ ਤਾਂ ਇਸ ਵਿਚ ਦਸ ਦਸ ਘੰਟੇ ਤੱਕ ਲਾ ਦਿੰਦੇ ਹਨ; ਤੇ ਅਖੀਰ ਉਹ ਪਹੁੰਚ ਹੀ ਗਿਆ- ਕਲੰਦੀਆ ਸ਼ਰਨਾਰਥੀ ਕੈਂਪ ਦੇ ਆਖ਼ਰੀ ਚੈੱਕਪੁਆਇੰਟ `ਤੇ। ਹੁਣ ਤਾਂ ਕਿਲ੍ਹਾ ਫ਼ਤਹਿ ਹੋਣ ਵਿਚ ਇਕ ਹੀ ਰੁਕਾਵਟ ਬਾਕੀ ਰਹਿ ਗਈ ਲੱਗਦੀ ਸੀ।
ਡਾਮਰ ਰੋਡ `ਤੇ ਦੂਰ ਦੂਰ ਤੱਕ ਰੋਕੀਆਂ ਗਈਆਂ ਮੋਟਰ ਗੱਡੀਆਂ ਦੀ ਲੰਮੀ ਕਤਾਰ ਲੱਗੀ ਹੋਈ ਸੀ। ਉਸ ਵਿਚ ਮਿੱਟੀ ਘੱਟੇ ਨਾਲ ਭਰੀਆਂ ਪਗਡੰਡੀਆਂ ਗਾਹ ਕੇ ਆਈਆਂ ਔਰਤਾਂ, ਬੱਚਿਆਂ, ਨੌਜਵਾਨਾਂ, ਬੁੱਢਿਆਂ, ਖੋਤਿਆਂ, ਫੇਰੀ ਵਾਲਿਆਂ, ਵਿਦਿਆਰਥੀਆਂ ਤੇ ਪਤਾ ਨਹੀਂ ਹੋਰ ਕਿਹੜਿਆਂ ਕਿਹੜਿਆਂ ਦੇ ਟੋਲੇ ਇਕ ਦੂਜੇ ਨੂੰ ਧੱਕਦੇ, ਧੱਕਮ ਧੱਕਾ ਹੁੰਦੇ ਏਧਰ ਓਧਰ ਭਟਕ ਰਹੇ ਸਨ। ਹਵਾ ਵਿਚ ਆਵਾਜ਼ਾਂ, ਚੀਕਾਂ, ਫਰਿਆਦਾਂ, ਮਿੰਨਤਾਂ ਤਰਲਿਆਂ ਤੇ ਫੁਸਫਸਾਹਟਾਂ ਦੇ ਨਾਲ ਨਾਲ ਮਿੱਟੀ ਘੱਟਾ ਤੇ ਸਿਰ ਚਕਰਾਉਣ ਵਾਲਾ ਤਕਲੀਫ਼ਦੇਹ ਰੌਲਾ ਗੂੰਜ ਰਿਹਾ ਸੀ।
“ਐਵੇਂ ਵਕਤ ਬਰਬਾਦ ਨਾ ਕਰੋ, ਉਹ ਸਿਰਫ਼ ਸ਼ਹਿਰ ਦੇ ਥਾਣੇਦਾਰ ਵੱਲੋਂ ਜਾਰੀ ਕੀਤੇ ਪਰਮਿਟ ਵਾਲਿਆਂ ਨੂੰ ਛੱਡ ਕੇ ਕਿਸੇ ਹੋਰ ਨੂੰ ਅੱਗੇ ਨਹੀਂ ਜਾਣ ਦੇ ਰਹੇ।” ਪਰ ਸੰਗੀਨ ਚਿਤਾਵਨੀਆਂ ਦੇ ਬਾਵਜੂਦ ਉਹ ਦ੍ਰਿੜਤਾ ਨਾਲ ਅੱਗੇ ਵਧਦਾ ਗਿਆ।
“ਪਰਮਿਟ ਜਾਂ ਬਿਨਾ ਪਰਮਿਟ ਤੋਂ, ਮੈਂ ਰਮਾਲਾਹ ਜਾਣਾ ਹੀ ਜਾਣਾ ਹੈ, ਮੈਂ ਕਿਸੇ ਵੀ ਕੀਮਤ `ਤੇ ਵਾਪਸ ਨਹੀਂ ਮੁੜ ਸਕਦਾ।”
ਚੈੱਕਪੁਆਇੰਟ ਤੱਕ ਪਹੁੰਚ ਕੇ ਉਹ ਸੀਮੇਂਟ ਦੀਆਂ ਚੌਕੀਆਂ ਸਾਹਮਣੇ ਜਾ ਖੜ੍ਹਾ ਹੋਇਆ। ਕੁਝ ਸਿਪਾਹੀ ਏਧਰ ਓਧਰ ਮਟਰਗਸ਼ਤੀ ਕਰ ਰਹੇ ਸਨ। ਉਨ੍ਹਾਂ ਵਿਚੋਂ ਕੁਝ ਸਿਪਾਹੀਜਿਨ੍ਹਾਂ ਦੀਆਂ ਅਜੇ ਮੱਸ ਵੀ ਨਹੀਂ ਸੀ ਫੁੱਟੀ, ਉਮਰੋਂ ਅਠਾਰਾਂ ਵਰਿ੍ਹਆਂ ਤੋਂ ਘੱਟ ਹੀ ਲੱਗਦੇ ਸਨ। ਉਨ੍ਹਾਂ ਅੱਗੇ ਖੜ੍ਹੇ, ਡਿੱਗਦੇ ਢਹਿੰਦੇ ਸੈਂਕੜੇ ਪੁਰਸ਼ ਔਰਤਾਂ ਕਿਸੇ ਅਸੰਭਵ ਆਸ ਉਮੀਦ ਦੀ ਉਡੀਕ ਵਿਚ ਵਕਤ ਕੱਟ ਰਹੇ ਸਨ। ਵਿਚ ਵਿਚ ਉਹ ਇਨ੍ਹਾਂ ਸਿਪਾਹੀਆਂ ਸਾਹਮਣੇ ਗਿੜਗਿੜਾਉਂਦੇ, ਤਰਲੇ ਮਿੰਨਤਾਂ ਕੱਢ ਰਹੇ ਸਨ ਕਿ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਉਸ ਪਾਰ ਜਾਣ ਦੀ ਆਗਿਆ ਦੇ ਦਿੱਤੀ ਜਾਵੇ ਪਰ ਉਨ੍ਹਾਂ ਦੀਆਂ ਸਾਰੀਆਂ ਅਰਜੋਈਆਂ, ਹੰਝੂ, ਬੁਢਾਪਾ, ਬਿਮਾਰੀ ਤੇ ਯੂਨੀਵਰਸਿਟੀ ਦੀ ਪੜ੍ਹਾਈ ਦੀਆਂ ਸਾਰੀਆਂ ਦਲੀਲਾਂ ਧਰੀਆਂ ਧਰਾਈਆਂ ਰਹਿ ਰਹੀਆਂ ਸਨ। ਉੱਥੇ ਉਨ੍ਹਾਂ `ਤੇ ਗੌਰ ਕਰਨ ਵਾਲਾ ਜਾਂ ਹਮਦਰਦੀ ਦਿਖਾਉਣ ਵਾਲਾ ਕੋਈ ਨਹੀਂ ਸੀ। “ਇਕ ਵਾਰ ਕਹਿ ਦਿੱਤਾ ਨਾ, ਨਹੀਂ, ਤਾਂ ਇਹਦਾ ਮਤਲਬ ਹੈ ਨਹੀਂ। ਫਿਰ ਕਿਉਂ ਸਿਰ ਖਾ ਰਹੇ ਹੋ, ਇਕ ਵਾਰ ਸੁਣਦਾ ਨਹੀਂ?” ਲਾਠੀ `ਤੇ ਠੋਡੀ ਟਿਕਾਈ ਇਕ ਸਿਪਾਹੀ ਚੀਕ ਰਿਹਾ ਸੀ।
ਪਰ ਭੀੜ ਦਾ ਦਬਾਅ ਤੇ ਬੇਚੈਨੀ ਵਧ ਰਹੀ ਸੀ। ਇਕ ਸਿਪਾਹੀ ਨੇ ਅਚਾਨਕ ਅੱਥਰੂ ਗੈਸ ਦਾ ਗੋਲਾ ਭੀੜ ਵੱਲ ਸੁੱਟਿਆ। ਫੁਸਫਸਾਹਟਾਂ ਤੇ ਚੀਕਾਂ ਵਿਚ ਗੋਲੇ ਦੇ ਫਟਦਿਆਂ ਹੀ ਧੂੰਏਂ ਨਾਲ ਖੰਘਦੇ ਲੋਕਾਂ ਵਿਚ ਹਫੜਾ ਦਫੜੀ ਮੱਚ ਗਈ ਤੇ ਉਹ ਏਧਰ ਓਧਰ ਭੱਜਣ ਲੱਗੇ। ਕਈ ਤਾਂ ਬੇਹੋਸ਼ ਹੋ ਕੇ ਡਿੱਗ ਪਏ। ਫਿਰ ਵੀ ਲੱਗਦਾ ਸੀ ਕਿ ਉਨ੍ਹਾਂ `ਤੇ ਕੋਈ ਬਹੁਤਾ ਅਸਰ ਨਹੀਂ ਹੋ ਰਿਹਾ। “ਇਕ ਵਾਰ ਕਹਿ ਦਿੱਤਾ ਨਹੀਂ ਤਾਂ ਇਹਦਾ ਮਤਲਬ ਹੈ ਪੱਕੀ ਨਾਂਹ, ਆਈ ਸਮਝ ਕਿ ਨਹੀਂ?” ਇਕ ਸਿਪਾਹੀ ਗਰਜਿਆ।
ਭੀੜ ਅਜੇ ਵੀ ਓਸ ਪਾਸੇ ਵੱਲ ਰੀਂਗ ਰਹੀ ਸੀ। ਨਿਸਾਰ ਸੱਪ ਵਾਂਗ ਵਿਚੋ-ਵਿਚ ਰਾਹ ਬਣਾਉਂਦਾ ਅੱਗੇ ਨਿਕਲ ਗਿਆ। ਕੁਝ ਦੇਰ ਤੱਕ ਸੀਮੇਂਟ ਦੀਆਂ ਚੌਕੀਆਂ ਕੋਲ ਰੁਕਣ ਤੋਂ ਬਾਅਦ ਉਹ ਹੌਲੀ ਹੌਲੀ ਤੰਗ ਜਿਹੇ ਰਾਹ ਵੱਲ ਖਿਸਕਣ ਲੱਗਾ।
“ਓਏ, ਖਲੋ ਜਾਹ, ਕਿਧਰ ਮੂੰਹ ਚੁੱਕੀ ਤੁਰਿਆ ਜਾ ਰਿਹੈਂ?”
“ਮੈਂ ਉਸ ਪਾਸੇ ਵੱਲ ਜਾਣੈ!”
“ਪਰਮਿਟ ਹੈਗਾ ਤੇਰੇ ਕੋਲ?”
“ਹੈ ਨੀ ਮੇਰੇ ਕੋਲ ਕੋਈ ਪਰਮਿਟ ਪਰਮੁਟ!”
“ਤਾਂ ਜਿਧਰੋਂ ਆਇਆਂ, ਓਧਰ ਹੀ ਮੁੜ ਜਾਹ। ਪਰਮਿਟ ਤੋਂ ਬਿਨਾ ਤੂੰ ਇਕ ਕਦਮ ਵੀ ਅੱਗੇ ਨਹੀਂ ਜਾ ਸਕਦਾ!”
“ਪਰ ਓਧਰ ਤਾਂ ਮੈਂ ਜਾਣਾ ਹੀ ਜਾਣੈ। ਮੈਂ ਬੜੀ ਦੂਰੋਂ ਆਇਆਂ, ਮੈਨੂੰ ਓਧਰ ਬੜਾ ਜ਼ਰੂਰੀ ਕੰਮ ਐ!”
“ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ, ਬਿਨਾ ਪਰਮਿਟ ਓਧਰ ਜਾਣ ਦੀ ਸਖ਼ਤ ਮਨਾਹੀ ਹੈ, ਤੇਰੀ ਭਲਾਈ ਇਸੇ `ਚ ਹੈ ਕਿ ਵਾਪਸ ਮੁੜ ਜਾਹ, ਨਹੀਂ ਤਾਂ ਮੈਂ ਗੋਲੀ ਮਾਰ ਦਿਆਂਗਾ।”
“ਗੋਲੀ ਮਾਰਨ ਦੀ ਕੀ ਲੋੜ ਐ, ਤੈਨੂੰ ਦਿਸਦਾ ਨਹੀਂ ਮੈਂ ਨਿਹੱਥਾ ਹਾਂ!”
“ਇਕ ਵਾਰ ਕਹਿ ਦਿੱਤਾ ਕਿ ਤੂੰ ਬਿਨਾ ਪਰਮਿਟ ਓਧਰ ਨਹੀਂ ਜਾ ਸਕਦਾ ਤਾਂ ਮਤਲਬ ਸਾਫ਼ ਨਾਂਹ ਹੈ!”
ਨਿਸਾਰ ਇਕ ਪਲ ਲਈ ਰੁਕਿਆ। ਫਿਰ ਘੱਟੇ ਮਿੱਟੀ ਨਾਲ ਲਿਬੜੀਆਂ ਪੁਤਲੀਆਂ ਸਾਹਮਣੇ ਫੈਲੇ ਲੋਕਾਂ ਦੇ ਹੜ੍ਹ ਨੂੰ ਦੇਖ ਕੇ ਉਹਨੇ ਇਕ ਵਾਰ ਫਿਰ ਕੋਸ਼ਿਸ਼ ਕੀਤੀ।
“ਤੂੰ ਚਾਹੇਂ ਤਾਂ ਮੇਰਾ ਆਈ ਕਾਰਡ ਆਪਣੇ ਕੋਲ ਰੱਖ ਸਕਦੈਂ, ਇਹ ਲੈ ਫੜ ਇਹਨੂੰ ਰੱਖ ਲੈ!”
“ਮੈਨੂੰ ਨਹੀਂ ਚਾਹੀਦਾ ਤੇਰਾ ਇਹ ਕਾਰਡ ਕੂਰਡ, ਪਾਸੇ ਹੋ ਜਾਹ, ਬਸ ਆਖ਼ਰੀ ਵਾਰ ਕਹਿ ਰਿਹਾਂ।”
“ਭਰਾਵਾ, ਤੂੰ ਹੀ ਦਸ ਦੇ, ਹੋਰ ਮੈਂ ਕੀ ਕਰਾਂ, ਮੇਰਾ ਰਮਾਲਾਹ ਜਾਣਾ ਬਹੁਤ ਜ਼ਰੂਰੀ ਹੈ।”
ਦੂਰ ਦੇਖਦੀਆਂ ਆਪਣੀਆਂ ਨਜ਼ਰਾਂ ਨੂੰ ਨਿਸਾਰ ਵੱਲ ਮੋੜਦਿਆਂ ਉਹਨੇ ਉਹਦੇ ਚਿਹਰੇ ਨੂੰ ਘੂਰਿਆ। ਇਹ ਚੰਗਾ ਮੌਕਾ, ਥੋੜ੍ਹੇ ਜਿਹੇ ਹਾਸੇ ਠੱਠੇ ਨਾਲ, ਥੋੜ੍ਹੀ ਜਿਹੀ ਖੇਡ ਖੇਡੀ ਜਾਏ। ਉਹਨੇ ਨਿਸਾਰ ਕੋਲੋਂ ਉਹਦਾ ਆਈ ਕਾਰਡ ਲੈ ਲਿਆ। ਇਕ ਨਜ਼ਰ ਕਾਰਡ `ਤੇ ਫੇਰਦਿਆਂ ਉਹਨੇ ਫਿਰ ਨਿਸਾਰ ਨੂੰ ਘੂਰਿਆ।
“ਦੇਖ ਤੈਨੂੰ ਮੈਂ ਇਕ ਸ਼ਰਤ `ਤੇ ਜਾਣ ਦੇ ਸਕਦਾਂ, ਜੇ ਤੂੰ ਆਪਣੀ ਟੋਪੀ ਲਾਹ ਦੇਵੇਂ!”
ਨਿਸਾਰ ਨੇ ਧਿਆਨ ਨਾਲ ਇਕ ਨਜ਼ਰ ਉਸ ਸਿਪਾਹੀ ਵੱਲ ਦੇਖਿਆ। ਫਿਰ ਇਕ ਝਟਕੇ ਨਾਲ ਆਪਣੇ ਸਿਰ ਤੋਂ ਟੋਪੀ ਲਾਹ ਕੇ ਦੂਰ ਹਵਾ ਵਿਚ ਉਛਾਲ ਦਿੱਤੀ।
“ਹੁਣ ਤਾਂ ਜਾ ਸਕਦਾਂ?”
ਸਿਪਾਹੀ ਉੱਚੀ ਉੱਚੀ ਹੱਸਣ ਲੱਗਾ। ਉਹਦੀਆਂ ਨਜ਼ਰਾਂ ਨਿਸਾਰ ਦੀ ਟੋਪੀ ਵੱਲ ਸਨ ਜੋ ਭੀੜ ਵਿਚ ਦੋ ਤਿੰਨ ਵਾਰ ਉਛਲ ਕੇ ਅਚਾਨਕ ਕਿਤੇ ਗੁਆਚ ਗਈ ਸੀ।
“ਮੇਰੀ ਗੱਲ ਅਜੇ ਪੂਰੀ ਕਿੱਥੇ ਹੋਈ ਹੈ, ਜੇ ਤੂੰ ਜ਼ਰੂਰ ਜਾਣਾ ਹੀ ਜਾਣਾ ਹੈ ਤਾਂ ਤੈਨੂੰ ਬਾਕੀ ਸ਼ਰਤਾਂ ਵੀ ਮੰਨਣੀਆਂ ਪੈਣਗੀਆਂ।”
ਨਿਸਾਰ ਤਾੜ ਗਿਆ ਕਿ ਦੋ ਟੁੱਕ ਸਪਸ਼ਟ ਇਨਕਾਰ ਤੋਂ ਪਹਿਲਾਂ, ਸਭ ਤੋਂ ਮੁਸ਼ਕਿਲ ਰੁਕਾਵਟ ਵਿਚ ਸੰਨ੍ਹ ਲੱਗ ਚੁੱਕੀ ਹੈ। ਉਹਨੇ ਥੋੜ੍ਹੀ ਜਿਹੀ ਫੁਸਫੁਸਾਹਟ ਤੇ ਥੋੜ੍ਹੀ ਜਿਹੀ ਸੌਦੇਬਾਜ਼ੀ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ।
“ਚੱਲ, ਦੱਸ, ਹੋਰ ਕੀ ਕੁਝ ਕਰਨਾ ਪਏਗਾ?” ਉਹਨੇ ਸਿਪਾਹੀ ਨੂੰ ਪੁੱਛਿਆ।
“ਤੈਨੂੰ ਆਪਣੇ ਬੂਟ ਲਾਹ ਕੇ ਇੱਥੇ ਰੱਖ ਕੇ ਜਾਣੇ ਪੈਣਗੇ। ਨੰਗੇ ਪੈਰੀਂ ਜਾ ਕੇ, ਵਾਪਸ ਆ ਕੇ ਤੂੰ ਇਨ੍ਹਾਂ ਨੂੰ ਲੈ ਸਕਦੈਂ!”
ਨਿਸਾਰ ਨੇ ਘੂਰ ਕੇ ਸਿਪਾਹੀ ਵੱਲ ਦੇਖਿਆ। ਕੀ ਇਹ ਕੋਈ ਮਜ਼ਾਕ ਸੀ ਜਾਂ ਸਿਪਾਹੀ ਗੰਭੀਰਤਾ ਨਾਲ ਕਹਿ ਰਿਹਾ ਸੀ?
“ਇਹ ਕਿਵੇਂ ਹੋ ਸਕਦੈ! ਇਸ ਭਿਆਨਕ ਗਰਮੀ ਵਿਚ ਟੁੱਟੇ ਕੱਚ ਦੀਆਂ ਕੰਕਰਾਂ ਤੇ ਉੱਤੋਂ ਤਪਦੀ ਰੇਤ `ਤੇ ਬਿਨਾ ਬੂਟਾਂ ਦੇ ਕਿਵੇਂ ਜਾਇਆ ਜਾ ਸਕਦੈ…?”
“ਠੀਕ ਹੈ, ਨਹੀਂ ਜਾਇਆ ਸਕਦਾ ਨਾ? ਤਾਂ ਮੁੜ ਜਾਹ ਜਿਧਰੋਂ ਆਇਆਂ!”
ਨਿਸਾਰ ਨੇ ਹਾਰ ਮੰਨਦਿਆਂ ਆਪਣਾ ਸਿਰ ਝੁਕਾ ਲਿਆ। ਝੁਕਿਆਂ ਝੁਕਿਆਂ ਹੀ ਉਹਦੀ ਨਿਗ੍ਹਾ ਤਪਦੀ ਤਿੱਖੀ ਤੇਜ਼ ਧੁੱਪ ਅਤੇ ਲੂ ਨਾਲ ਝੁਲਸ ਰਹੀ ਉਸ ਭੀੜ ਵੱਲ ਚਲੀ ਗਈ। ਪਲ ਭਰ ਵਿਚ ਜ਼ਿੰਦਗੀ ਭਰ ਦੀ ਉਹ ਤਕਲੀਫ਼ ਫਿਰ ਉੱਭਰ ਆਈ।
“ਠੀਕ ਹੈ, ਮੈਨੂੰ ਮਨਜ਼ੂਰ ਹੈ!” ਉਹਨੇ ਦ੍ਰਿੜਤਾ ਨਾਲ ਕਿਹਾ।
ਝੁਕ ਕੇ ਉਹਨੇ ਆਪਣੇ ਬੂਟ ਲਾਹੇ ਤੇ ਡੌਰ ਭੌਰੇ ਹੋ ਰਹੇ ਸਿਪਾਹੀ ਦੇ ਬਿਲਕੁਲ ਸਾਹਮਣੇ ਉਨ੍ਹਾਂ ਨੂੰ ਸੀਮੇਂਟ ਦੀ ਚੌਕੀ `ਤੇ ਰੱਖ ਕੇ ਆਗਿਆ ਦੀ ਉਡੀਕ ਕੀਤੇ ਬਿਨਾ ਅੱਗੇ ਵੱਲ ਚੱਲ ਪਿਆ।
“ਓਏ, ਰੁਕ ਜਾਹ, ਕਿਧਰ ਤੁਰਿਆ ਜਾ ਰਿਹਾਂ! ਅਜੇ ਸਾਰੀਆਂ ਸ਼ਰਤਾਂ ਤਾਂ ਪੂਰੀਆਂ ਹੋਈਆਂ ਨਹੀਂ!”
ਨਿਸਾਰ ਨੂੰ ਲੱਗਿਆ ਕਿ ਉਹ ਚੱਕਰ ਖਾ ਕੇ ਡਿੱਗ ਪਏਗਾ। ਉਹਦੇ ਨੰਗੇ ਪੈਰ ਗਰਮ ਰੇਤ `ਤੇ ਭੁੱਜ ਰਹੇ ਸਨ।
“ਜਾਣ ਤੋਂ ਪਹਿਲਾਂ ਮੈਨੂੰ ਚਾਹ ਦੀ ਗਲਾਸੀ ਲਿਆ ਕੇ ਦੇ।”
ਨਿਸਾਰ ਨੇ ਪਹਿਲਾਂ ਸਿਪਾਹੀ ਵੱਲ ਤੇ ਫਿਰ ਆਪਣੇ ਪੈਰਾਂ ਵੱਲ ਦੇਖਿਆ। ਉਹਦੀ ਕੰਨਪਟੀ ਤੋਂ ਹੇਠਾਂ ਵੱਲ ਮੁੜ੍ਹਕੇ ਦੀਆਂ ਤਤੀਰੀਆਂ ਚੋ ਰਹੀਆਂ ਸਨ ਜੋ ਹੌਲੀ ਹੌਲੀ ਤਪੀ ਹੋਈ ਰੇਤ `ਤੇ ਬੂੰਦਾਂ ਬਣ ਕੇ ਡਿੱਗ ਰਹੀਆਂ ਸਨ।
ਹੌਲੀ ਹੌਲੀ ਚਲਦਿਆਂ ਉਹ ਅੱਖਾਂ ਤੋਂ ਓਹਲੇ ਹੋ ਗਿਆ। ਪੰਜਾਂ ਮਿੰਟਾਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਉਹਦੇ ਹੱਥ ਵਿਚ ਚਾਹ ਦਾ ਵੱਡਾ ਗਲਾਸ ਸੀ। ਉਹਨੇ ਗਲਾਸ ਸਿਪਾਹੀ ਨੂੰ ਫੜਾਇਆ ਤਾਂ ਉਹ ਦੂਸਰੇ ਸਿਪਾਹੀਆਂ ਨਾਲ ਹਾਸਾ ਠੱਠਾ ਕਰਦਾ ਮਜ਼ੇ ਨਾਲ ਚਾਹ ਦੇ ਘੁੱਟ ਭਰਨ ਲੱਗਾ।
ਨਿਸਾਰ ਨੇ ਚੈੱਕਪੁਆਇੰਟ ਪਾਰ ਕਰ ਲਿਆ।ਹੁਣ ਉਹਦੇ ਸਾਹਮਣੇ ਰਮਾਲਾਹ ਨੂੰ ਜਾਂਦਾ ਰਾਹ ਸੀ ਪਰ ਸਭ ਤੋਂ ਮਹੱਤਵਪੂਰਨ ਇਹ ਸੀ ਕਿ ਉਹ ਚੈੱਕਪੁਆਇੰਟ ਤੋਂ ਨਿਕਲਣ ਵਿਚ ਕਾਮਯਾਬ ਹੋ ਗਿਆ ਸੀ।
ਚਾਰ ਘੰਟਿਆਂ ਬਾਅਦ ਉਹ ਰਮਾਲਾਹ ਤੋਂ ਵਾਪਸ ਮੁੜਿਆ। ਆਪਣੇ ਨਵੇਂ ਬੂਟ ਲਾਹ ਕੇ ਉਹਨੇ ਝੋਲੇ ਵਿਚ ਲੁਕਾ ਲਏ। ਸ਼ਰਤ ਇਹ ਸੀ ਕਿ ਉਹ ਨੰਗੇ ਪੈਰੀਂ ਵਾਪਸ ਆਏਗਾ।
ਚੈੱਕਪੁਆਇੰਟ `ਤੇ ਪਹੁੰਚ ਕੇ ਉਹ ਸਿਪਾਹੀ ਵੱਲ ਗਿਆ।
“ਦੇਖ ਲੈ, ਮੈਂ ਵਾਪਸ ਆ ਗਿਆਂ, ਮੇਰੇ ਬੂਟ ਕਿੱਥੇ ਨੇ?”
ਉਹਨੂੰ ਦੇਖਦਿਆਂ ਹੀ ਸਿਪਾਹੀ ਹੱਸ ਹੱਸ ਕੇ ਦੂਹਰਾ ਹੋ ਗਿਆ। ਬੜੀ ਮੁਸ਼ਕਿਲ ਨਾਲ ਆਪਣੇ ਹਾਸੇ `ਤੇ ਕਾਬੂ ਪਾਉਂਦਿਆਂ ਉਹਨੇ ਸੀਮੇਂਟ ਦੀ ਚੌਕੀ ਕੋਲ ਪਏ ਬੂਟਾਂ ਵੱਲ ਇਸ਼ਾਰਾ ਕੀਤਾ।
ਨਿਸਾਰ ਚੁੱਪਚਾਪ ਬੂਟਾਂ ਕੋਲ ਗਿਆ। ਉਹਨੇ ਆਪਣਾ ਖੱਬਾ ਪੈਰ ਜਿਉਂ ਹੀ ਬੂਟ ਵਿਚ ਪਾਇਆ ਤਾਂ ਉਸ ਵਿਚ ਉਹਨੂੰ ਗਾੜ੍ਹਾ, ਗਰਮ, ਚਿਪਚਿਪਾ ਜਿਹਾ ਤਰਲ ਮਹਿਸੂਸ ਹੋਇਆ। ਉਹਨੇ ਘਬਰਾ ਕੇ ਆਪਣਾ ਪੈਰ ਬਾਹਰ ਕੱਢ ਲਿਆ। ਬੂਟ ਹੱਥ ਵਿਚ ਫੜੀ ਉਹਨੇ ਸਿਪਾਹੀ ਵੱਲ ਦੇਖਿਆ ਜੋ ਆਪਣੇ ਤਿੰਨ ਚਾਰ ਸਾਥੀਆਂ ਨਾਲ ਬੇਮਤਲਬ ਠਹਾਕੇ ਲਾਉਂਦਾ ਦੰਦ ਕੱਢ ਰਿਹਾ ਸੀ।
ਨਿਸਾਰ ਨੇ ਬੂਟ ਉਲਟਾਇਆ ਤਾਂ ਉਸ ਵਿਚੋਂ ਮਟਮੈਲਾ, ਗਾੜ੍ਹਾ, ਪੀਲੇ ਰੰਗ ਦਾ ਸਾਰਾ ਤਰਲ ਬਾਹਰ ਡੁੱਲ੍ਹ ਗਿਆ। ਉਹਨੇ ਕਈ ਵਾਰ ਬੂਟ ਉਲਟਾ ਕੇ ਸਾਰਾ ਤਰਲ ਬਾਹਰ ਕੱਢਿਆ ਤੇ ਫਿਰ ਅਖ਼ਬਾਰ ਨਾਲ ਉਨ੍ਹਾਂ ਨੂੰ ਅੰਦਰੋਂ ਸੁਕਾਉਣ ਦੀ ਕੋਸ਼ਿਸ਼ ਕਰਨ ਲੱਗਾ ਜਿਸ `ਤੇ ਸੰਘਰਸ਼ ਦੀਆਂ ਖ਼ਬਰਾਂ, ਲੀਡਰਾਂ ਦੀਆਂ ਫੋਟੋਆਂ ਤੇ ਸਿਖਰ ਵਾਰਤਾ ਦੇ ਬਿਓਰੇ ਛਪੇ ਹੋਏ ਸਨ। ਉਸ ਤੋਂ ਬਾਅਦ ਬੜੇ ਸਹਿਜ ਭਾਅ ਨਾਲ ਬੂਟ ਪਾ ਕੇ ਉਹ ਇਕ ਵਾਰ ਫਿਰ ਚੈੱਕਪੁਆਇੰਟ ਵੱਲ ਗਿਆ। ਸੀਮੇਂਟ ਦੀਆਂ ਚੌਕੀਆਂ ਤੋਂ ਤਿੰਨ ਚਾਰ ਕਦਮ ਅੱਗੇ ਜਾ ਕੇ ਉਹ ਅਚਾਨਕ ਰੁਕ ਗਿਆ।
“ਹੁਣ ਕੀ ਚਾਹੀਦੈ?” ਸਿਪਾਹੀਆਂ ਨੂੰ ਆਪਣਾ ਹਾਸਾ ਰੋਕਣਾ ਮੁਸ਼ਕਿਲ ਹੋ ਰਿਹਾ ਸੀ।
ਨਿਸਾਰ ਚੁੱਪਚਾਪ ਖੜ੍ਹਾ ਰਿਹਾ। ਉਹਦੀਆਂ ਨਜ਼ਰਾਂ ਸਾਹਮਣੇ ਵੱਡੀ ਭੀੜ ਤੇ ਮੋਟਰ ਗੱਡੀਆਂ ਦੀ ਲੰਮੀ ਲਾਈਨ ਲੱਗੀ ਹੋਈ ਸੀ। ਆਪਣੇ ਬੂਟ ਲਾਹ ਕੇ ਉਹਨੇ ਉਨ੍ਹਾਂ ਨੂੰ ਚੌਕੀ ਦੇ ਆਸਰੇ ਖੜ੍ਹਾ ਕਰ ਦਿੱਤਾ। ਫਿਰ ਸਿਪਾਹੀ ਦੀਆਂ ਅੱਖਾਂ ਵਿਚ ਅੱਖਾਂ ਗੱਡਦਿਆਂ ਕਹਿਣ ਲੱਗਾ, “ਇਕ ਆਖ਼ਰੀ ਗੱਲ ਕਰਨੀ ਚਾਹੁੰਦਾ ਹਾਂ। ਸਾਡੇ ਵਿਚਕਾਰ ਲੜਾਈ ਤਦ ਤੱਕ ਖ਼ਤਮ ਨਹੀਂ ਹੋ ਸਕਦੀ ਜਦੋਂ ਤੱਕ ਤੁਸੀਂ ਬੂਟਾਂ ਵਿਚ ਤੇ ਅਸੀਂ ਤੁਹਾਡੀ ਚਾਹ ਵਿਚ ਮੂਤਣਾ ਬੰਦ ਨਹੀਂ ਕਰਦੇ,ਲੱਗੀ ਸਮਝ ਕਿ ਨਹੀਂ?”
ਤੇ ਏਨਾ ਕਹਿ ਕੇ ਉਹ ਤੇਜ਼ੀ ਨਾਲ ਮੁੜਿਆ ਤੇ ਨੰਗੇ ਪੈਰੀਂ ਦੌੜਦਾ ਹੋਇਆ ਸਾਹਮਣੇ ਫੈਲੀ ਭੀੜ ਦੇ ਹੜ੍ਹ ਵਿਚ ਲੁਕ ਗਿਆ।