ਟਕਰਾਅ ਸਮੇਂ ਔਰਤਾਂ ਖਿਲਾਫ਼ ਹਿੰਸਾ ਇੱਕ ਹਥਿਆਰ

ਗੁਰਨਾਮ ਕੌਰ, ਕੈਨੇਡਾ
8 ਮਾਰਚ ਦਾ ਦਿਨ ਯੂ ਐਨ ਓ ਵੱਲੋਂ ਸਮੁੱਚੀ ਔਰਤ ਜ਼ਾਤ ਦੇ ਹੱਕਾਂ ਅਤੇ ਸਤਿਕਾਰ ਲਈ ਚੇਤੰਨਤਾ ਦੀ ਨਿਸ਼ਾਨਦੇਹੀ ਕਰਦਾ ‘ਔਰਤ ਦਿਵਸ” ਵਜੋਂ ਮਖਸੂਸ ਕੀਤਾ ਹੋਇਆ ਹੈ ਜਿਸ ਨੂੰ ਕੁਲ ਜਹਾਨ ਵਿਚ ‘ਔਰਤ ਦਿਵਸ’ ਵਜੋਂ ਮਨਾਇਆ ਜਾਂਦਾ ਹੈ| ਦੁਨੀਆ ਭਰ ਵਿਚ ਔਰਤਾਂ ਵੱਲੋਂ ਔਰਤਾਂ ਦੇ ਹੱਕਾਂ ਲਈ ਆਵਾਜ਼ ਉਠਾਉਣ ਲਈ ਅਨੇਕਾਂ ਸੰਸਥਾਵਾਂ ਜਾਂ ਜਥੇਬੰਦੀਆਂ ਬਣੀਆਂ ਹੋਈਆਂ ਹਨ ਜੋ ਇਸ ਦਿਨ `ਤੇ ਜਲਸੇ-ਜਲੂਸ, ਵਿਚਾਰ-ਚਰਚਾ ਕਰਦੀਆਂ ਹਨ|

ਅੱਜ ਤੋਂ ਕਰੀਬ ਸਾਢੇ ਪੰਜ ਸੌ ਸਾਲ ਪਹਿਲਾਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਹਿਬ ਨੇ ਔਰਤ ਨੂੰ ਪੁਰਸ਼ ਦੇ ਬਰਾਬਰ ਦੀ ਮਨੁੱਖੀ ਹਸਤੀ ਮੰਨਦਿਆਂ ਉਸ ਦੇ ਸਤਿਕਾਰ ਵਿਚ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਕਹਿ ਕੇ ਉਸ ਲਈ ਆਵਾਜ਼ ਬੁਲੰਦ ਕੀਤੀ ਅਤੇ ਭਾਈ ਗੁਰਦਾਸ ਨੇ ਉਸੇ ਸਤਿਕਾਰ ਦੇ ਸੰਦਰਭ ਵਿਚ “ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੈ” ਦਾ ਉਪਦੇਸ਼ ਦੁਹਰਾਇਆ| ਅੱਜ ਭਾਵੇਂ ਔਰਤ ਨੇ ਸੰਸਾਰ ਪੱਧਰ ‘ਤੇ ਬਹੁਤ ਵੱਡਾ ਮੁਕਾਮ ਹਾਸਲ ਕਰ ਲਿਆ ਹੈ ਅਤੇ ਉਹ ਹਰ ਖੇਤਰ ਵਿਚ ਪ੍ਰਾਪਤੀਆਂ ਦੇ ਸਿਖਰ ਨੂੰ ਛੂਹਣ ਲਈ ਪੁਰਸ਼ ਦੇ ਬਰਾਬਰ ਹੀ ਮੁਕਾਬਲੇ ‘ਤੇ ਖੜ੍ਹੀ ਹੈ ਅਤੇ ਉਚੀਆਂ ਉਡਾਣਾਂ ਭਰ ਰਹੀ ਹੈ; ਪ੍ਰੰਤੂ ਇਸ ਦੇ ਨਾਲ ਹੀ ਜੇ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਅੱਜ ਇੱਕੀਵੀਂ ਸਦੀ ਵਿਚ ਵੀ, ਪ੍ਰਾਪਤੀਆਂ ਦੇ ਖੇਤਰ ਵਾਂਗ ਟਕਰਾਅ ਦਾ ਖੇਤਰ ਭਾਵੇਂ ਕੋਈ ਵੀ ਹੋਵੇ, ਔਰਤ ਦੇ ਖ਼ਿਲਾਫ਼ ਹਿੰਸਾ ਨੂੰ ਹੀ ਹਥਿਆਰ ਵਜੋਂ ਵਰਤਿਆ ਜਾਂਦਾ ਹੈ| ਟਕਰਾਅ ਭਾਵੇਂ ਮੁਲਕਾਂ ਦਾ ਹੋਵੇ, ਭਾਈਚਾਰਿਆਂ ਦਾ ਹੋਵੇ, ਖਾਨਦਾਨਾਂ ਦਾ ਹੋਵੇ ਜਾਂ ਫਿਰ ਭਾਵੇਂ ਦੋ ਪੁਰਸ਼ਾਂ ਵਿਚ ਹੀ ਕਿਉਂ ਨਾ ਹੋਵੇ ਨਿਸ਼ਾਨਾ ਹਮੇਸ਼ਾ ਔਰਤ ਬਣਦੀ ਹੈ|
ਹੁਣੇ-ਹੁਣੇ ਇਸ ਤੋਂ ਪਿਛਲੇ ਐਤਵਾਰ ਨੂੰ ਲਾਹੌਰ ਵਿਚ ਇਕ ਘਟਨਾ ਵਾਪਰੀ ਹੈ| ਹੋਇਆ ਇੰਜ ਕਿ ਇਕ ਔਰਤ ਆਪਣੇ ਖਾਵੰਦ ਸਮੇਤ ਲਾਹੌਰ ਦੇ ਇਛਰਾ ਬਾਜ਼ਾਰ ਵਿਚ ਕੁੱਝ ਖਰੀਦੋ-ਫਰੋਖ਼ਤ ਕਰਨ ਗਈ ਜਿਸ ਨੇ ਇੱਕ ਖਾਸ ਬਰੈਂਡ ਦਾ ਲਿਬਾਸ ਪਾਇਆ ਹੋਇਆ ਸੀ ਜਿਸ ‘ਤੇ ਅਰਬੀ ਅੱਖਰਾਂ ਵਿਚ ਕੁੱਝ ਛਪਿਆ ਹੋਇਆ ਸੀ| ਥੋੜੀ ਦੇਰ ਬਾਅਦ ਹੀ ਉਸ ਨੂੰ ਇਕ ਹਜ਼ੂਮ ਨੇ ਘੇਰ ਲਿਆ ਅਤੇ ਨਾਹਰੇ ਲੱਗਣੇ ਸ਼ੁਰੂ ਹੋ ਗਏ; ਲੋਕ ਉਸ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ| ਔਰਤ ਆਪਣੇ ਪਤੀ ਸਮੇਤ ਸ਼ੁਅਰਮੇ ਦੀ ਇੱਕ ਦੁਕਾਨ ਵਿਚ ਵੜ ਕੇ ਸ਼ਰਨ ਲੈ ਲੈਂਦੀ ਹੈ| ਉਸੇ ਵਕਤ ਹਜ਼ੂਮ ਵਿਚੋਂ ਕੋਈ ਸ਼ਖਸ ਕਿਸੇ ਮੌਲਵੀ ਨੁਮਾ ਵਿਅਕਤੀ ਨੂੰ ਫੋਨ ਕਰ ਕੇ ਬੁਲਾ ਲੈਂਦਾ ਹੈ ਕਿ ਫ਼ੌਰਨ ਇੱਥੇ ਪਹੁੰਚੋ, ਅਸੀਂ ਬੜੀ ਮੁਸੀਬਤ ਵਿਚ ਫਸ ਗਏ ਹਾਂ| ਉਹ ਮੌਲਵੀ ਕਿਸਮ ਦਾ ਵਿਅਕਤੀ ਆਉਂਦੇ ਸਾਰ ਔਰਤ ਨੂੰ ‘ਹੁਕਮ’ ਵਾਂਗ ਕਹਿੰਦਾ ਹੈ ਕਿ ਫ਼ੌਰਨ ਇਸ ਲਿਬਾਸ ਨੂੰ ਉਤਾਰੋ ਅਤੇ ਉਤਾਰ ਕੇ ‘ਬੁਰਕਾ’ ਪਹਿਨੋ| ਔਰਤ ਬਹੁਤ ਡਰੀ ਹੋਈ ਨਜ਼ਰ ਆਉਂਦੀ ਹੈ ਅਤੇ ਉਸ ਨੂੰ ਹੁਕਮ ਸੁਣਾਇਆ ਜਾਂਦਾ ਹੈ ਕਿ ਬੈਠਣਾ ਨਹੀਂ ਖੜ੍ਹੀ ਹੋਵੋ| ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਝੱਟ ਹੀ ਲੋਕ ਵੀਡੀਓ ਬਣਾਉਣ ਲੱਗ ਜਾਂਦੇ ਹਨ| ਇਸ ਘਟਨਾ ‘ਤੇ ਵੀ ਕਈ ਵੀਡੀਓ ਵਾਇਰਲ ਹੋ ਚੁੱਕੀਆਂ ਹਨ| ਇੱਕ ਵੀਡੀਓ ਵਿਚ ਪੁਲਿਸ ਅਫਸਰ ਬੀਬੀ ਸਇਦਾ ਸ਼ੇਹਰਬਾਨੋ ਨਕਵੀ, ਜੋ ਨੇੜੇ ਦੇ ਠਾਣੇ ਵਿਚ ਏ ਐਸ ਪੀ ਹੈ, ਦੱਸਦੀ ਹੈ ਕਿ ਸਾਨੂੰ ਇੱਕ ਬੇਨਾਮੀ ਫੋਨ ਕਾਲ ਪਹੁੰਚਦੀ ਹੈ ਕਿ ਹਾਲਾਤ ਖ਼ਰਾਬ ਹਨ ਜਲਦੀ ਪਹੁੰਚੋ| ਸਇਦਾ ਸ਼ੇਰਬਾਨੋ ਨਕਵੀ ਆਪਣੀ ਪੁਲਿਸ ਟੀਮ ਨਾਲ ਉਥੇ ਪਹੁੰਚਦੀ ਹੈ, ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਕਿਸੇ ਤਰ੍ਹਾਂ ਔਰਤ ਨੂੰ ਉਸ ਦੇ ਲਿਬਾਸ ਉਤੋਂ ਬੁਰਕਾ ਪੁਆ ਕੇ ਅਤੇ ਉਸ ਦਾ ਚਿਹਰਾ ਢੱਕ ਕੇ ਭੀੜ ਤੋਂ ਬਚਾ ਕੇ ਦੂਰ ਖੜ੍ਹੀ ਪੁਲਿਸ ਵੈਨ ਵਿਚ ਬੈਠਾ ਕੇ ਲੈ ਜਾਣ ਵਿਚ ਸਫ਼ਲ ਹੋ ਜਾਂਦੀ ਹੈ|
ਸਈਦ ਮੁਜ਼ਾਮਿਲ ਪਾਕਿਸਤਾਨੀ ਪੱਤਰਕਾਰੀ ਨਾਲ ਜੁੜਿਆ ਨੌਜੁਆਨ, ਜਿਸ ਦੀਆਂ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਬਹੁਤ ਵਧੀਆਂ ਵਿਚਾਰ-ਚਰਚਾ ਦੀਆਂ ਵੀਡੀਓਜ਼ ਤੁਸੀਂ ਅਕਸਰ ‘ਸਈਦ ਮੁਜ਼ਾਮਿਲ ਆਫੀਸ਼ੀਅਲ’ ਦੇ ਸਿਰਲੇਖ ਹੇਠ ਆਮ ਹੀ ਸੋਸ਼ਲ ਮੀਡੀਆ `ਤੇ ਦੇਖ ਸਕਦੇ ਹੋ, 27 ਫਰਵਰੀ ਦੀ ਇਕ ਵੀਡੀਓ ਵਿਚ ਇਸ ਸਾਰੇ ਮਾਮਲੇ ਦੀ ਚਰਚਾ ਪਾਕਿਸਤਾਨੀ ਹਾਲਾਤ ਦੇ ਸੰਦਰਭ ਵਿਚ ਕਰਦਾ ਹੈ| ਉਸ ਦਾ ਮੰਨਣਾ ਹੈ ਕਿ ਅਜਿਹੀਆਂ ਘਟਨਾਵਾਂ ਜਿੱਥੇ ਕਿਸੇ ਵੀ ਮਾਮਲੇ `ਤੇ ਅਗਾਊਂ ਫੈLਸਲਾ ਦੇਣ ਲਈ ਸੜਕਾਂ `ਤੇ ਭੀੜ-ਤੰਤਰ ਇਕੱਠਾ ਹੋ ਜਾਂਦਾ ਹੈ, ਉਨ੍ਹਾਂ ਮੁਲਕਾਂ ਵਿਚ ਨਹੀਂ ਵਾਪਰਦੀਆਂ ਜਿੱਥੇ ਸਰਕਾਰਾਂ ਫੰਕਸ਼ਨਲ (ਕਾਰਜਸ਼ੀਲ) ਹੁੰਦੀਆਂ ਹਨ, ਜਿੱਥੇ ਸਿਟਿੰਗ ਚੀਫ਼ ਜਸਟਿਸ ਨੂੰ ਕੋਈ ਧਮਕੀਆਂ ਨਹੀਂ ਦੇ ਸਕਦਾ; ਕਿਉਂਕਿ ਉਥੇ ਕੋਈ ਮੋਟਰ-ਵੇਅ ਨੂੰ ਬੰਦ ਕਰ ਕੇ ਅੱਗ ਨਹੀਂ ਲਗਾ ਸਕਦਾ ਜਾਂ ਪੂਰੇ ਦੇ ਪੂਰੇ ਮੁਲਕ ਨੂੰ ਹੋਸਟੇਜ (ਬੰਦੀ ਬਣਾ ਕੇ) ਨਹੀਂ ਰੱਖ ਸਕਦਾ ਜਾਂ ਜਿੱਥੇ ਹਜ਼ਾਰਾਂ-ਹਜ਼ਾਰਾਂ ਦੇ ਨੋਟ ਨਹੀਂ ਵੰਡੇ ਜਾਂਦੇ| ਉਥੇ ਕਿਸੇ ਦੀ ਜ਼ੁਅੱਰਤ ਨਹੀਂ ਹੁੰਦੀ ਕਿ ਕਿਸੇ ਨੂੰ ਪੁੱਛੇ ਇਸ ਦਾ ਮਤਲਬ ਦੱਸੋ| ਲੇਕਿਨ ਇੱਥੇ ਤਾਂ ਕਿਸੇ ਤੋਂ ਮਤਲਬ ਵੀ ਨਹੀਂ ਪੁੱਛਿਆ ਗਿਆ ਪਹਿਲਾਂ ਹੀ ਫੈLਸਲਾ ਕਰ ਲਿਆ ਗਿਆ ਹੈ| ਇਸ ਘਟਨਾ ਨਾਲ ਸਬੰਧਤ ਔਰਤ ਨੇ ਜੋ ਲਿਬਾਸ ਪਾਇਆ ਹੋਇਆ ਸੀ ਉਹ ਕੁਵੈਤ ਦਾ ਇੱਕ ਬਰਾਂਡ ਹੈ ‘ਸੈਂਪਲਾਸਿਟਾ’| ਲਿਬਾਸ `ਤੇ ਅਰਬੀ ਬੋਲੀ ਵਿਚ ‘ਹਲਵਾ’ ਲਿਖਿਆ ਹੋਇਆ ਸੀ ਜਿਸ ਦਾ ਅਰਥ ਹੈ ‘ਬਿਊਟੀਫੁਲ’ ਜਾਂ ‘ਸਵੀਟ’ ਭਾਵ ਸੁੰਦਰ| ਇਹ ਇਕ ਮਸ਼ਹੂਰ ਬਰਾਂਡ ਹੈ ਜੋ ਸਾਊਦੀ ਅਰਬ, ਅਰਬ ਅਮੀਰਾਤ ਅਤੇ ਯੂਰਪੀ ਮੁਲਕਾਂ ਵਿਚ ਵੀ ਕਾਫੀ ਪ੍ਰਚੱਲਤ ਹੈ| ਅਰਬੀ ਵਿਚ ਕੁੱਝ ਲਿਖਿਆ ਦੇਖ ਕੇ ਔਰਤ ਦੁਆਲੇ ਭੀੜ ਇਕੱਠੀ ਹੋ ਗਈ ਕਿ ਇਸ ਦੇ ਲਿਬਾਸ ‘ਤੇ ਕੁੱਝ ਧਾਰਮਿਕ ਲਿਖਿਆ ਹੋਇਆ ਹੈ ਅਤੇ ਧਰਮ ਦੀ ਬੇਅਦਬੀ ਹੈ (ਪਾਕਿਸਤਾਨੀ ਹੋਈਏ ਜਾਂ ਭਾਰਤੀ ਸਾਨੂੰ ਧਰਮ ਦੇ ਨਾਮ `ਤੇ ਭੀੜਾਂ ਇਕੱਠੀਆਂ ਕਰਨ ਅਤੇ ਲੋਕਾਂ ਵਿਚ ਭੜਕਾਹਟ ਪੈਦਾ ਕਰਨ ਦੀ ਬਹੁਤ ਮੁਹਾਰਤ ਹੈ ਅਤੇ ਭੀੜ ਵੱਲੋਂ ਕਿਸੇ ਦੀ ਗਲੀ-ਮੁਹੱਲੇ ਸੜਕ ਆਦਿ `ਤੇ ਲਿਚਿੰਗ ਕਰਨੀ ਬਹੁਤ ਆਮ ਵਰਤਾਰਾ ਹੋ ਗਿਆ ਹੈ)| ਉਹ ਮੌਲਵੀ-ਨੁਮਾ ਵਿਅਕਤੀ ਜਿਸ ਨੂੰ ਆਪ ਵੀ ਅਰਬੀ ਪੜ੍ਹਨੀ ਨਹੀਂ ਸੀ ਆਉਂਦੀ, ਪਹੁੰਚਦਿਆਂ ਹੀ ਔਰਤ ਨੂੰ ਕਹਿੰਦਾ ਹੈ ‘ਲਿਬਾਸ ਉਤਾਰੋ ਅਤੇ ਬੁਰਕਾ ਪਹਿਨੋ, ਬੈਠੋ ਨਹੀਂ ਖੜੀ ਹੋ ਜਾਓ|’ ਜਦੋਂ ਮੌਲਵੀ ਨੂੰ ਕਿਸੇ ਨੇ ਪੁੱਛਿਆ ਕਿ ਇਸ ‘ਹਲਵਾ’ ਲਫ਼ਜ਼ ਦਾ ਅਰਥ ਕੀ ਹੈ ਤਾਂ ਮੌਲਵੀ ਕਹਿੰਦਾ “ਜੀ ਮੈਂ ਪੜ੍ਹਾ ਨਹੀਂ ਹੂੰ ਕੈਸੇ ਬਤਾਊਂ?” ਕਿੰਨੀ ਸਿਤਮਜ਼ਰੀਫ਼ੀ ਹੈ ਕਿ ਜਿਸ ਬੰਦੇ ਨੂੰ ਪੜ੍ਹਨਾ ਨਹੀਂ ਆਉਂਦਾ, ਲਫ਼ਜ਼ ਦਾ ਅਰਥ ਨਹੀਂ ਪਤਾ ਉਹ ਉਸ ਔਰਤ ਨੂੰ ਆਪਣਾ ਲਿਬਾਸ ਉਤਾਰ ਕੇ ਬੁਰਕਾ ਪਹਿਨਣ ਦਾ ਹੁਕਮ ਦੇ ਰਿਹਾ ਹੈ ਅਤੇ ਬੈਠਣ ਤੋਂ ਵੀ ਮਨ੍ਹਾਂ ਕਰ ਰਿਹਾ ਹੈ| ਸਈਦ ਮੁਜ਼ਾਮਿਲ ਦਾ ਪੁਲਿਸ ਨੂੰ ਸਵਾਲ ਹੈ ਕਿ ਜਦੋਂ ਭੀੜ ਇਕੱਠੀ ਕਰਨ ਵਾਲੇ ਬੰਦੇ ਦੀ ਸ਼ਨਾਖਤ ਹੋ ਗਈ ਸੀ ਤਾਂ ਕੋਈ ਐਫ ਆਈ ਆਰ ਕਿਉਂ ਦਰਜ ਨਹੀਂ ਕੀਤੀ ਗਈ ਅਤੇ ਠਾਣੇ ਵਿਚ ਲਿਜਾ ਕੇ ਉਸ ਔਰਤ ਕੋਲੋਂ ਮਾਜ਼ਰਤ (ਮੁਆਫ਼ੀ) ਕਿਉਂ ਮੰਗਵਾਈ ਗਈ? ਉਸ ਦਾ ਮੰਨਣਾ ਹੈ ਕਿ ਰਿਆਸਤ ਲੋਕਾਂ ਨੂੰ ਬਚਾਉਣ ਦਾ ਕੰਮ ਨਹੀਂ ਕਰਦੀ|
ਉਸ ਪੁਲਿਸ ਅਫ਼ਸਰ ਬੀਬੀ ਦੀ ਬਹਾਦਰੀ ਦੀਆਂ ਬਹੁਤ ਸਿਫ਼ਤਾਂ ਹੋ ਰਹੀਆਂ ਸੀ ਅਤੇ ਬੀ ਬੀ ਸੀ ਉਰਦੂ ਦੀ ਪੱਤਰਕਾਰ ਨੇ ਉਸ ਦੀ ਇੰਟਰਵਿਊ ਕੀਤੀ ਹੈ ਜਿਸ ਵਿਚ ਉਹ ਦੱਸ ਰਹੀ ਸੀ ਕਿ ਅਜਿਹੇ ਮਾਮਲਿਆਂ ਵਿਚ ਸਾਡਾ ਖਾਸ ਪਰੋਟੋਕੋਲ ਹੁੰਦਾ ਹੈ| ਜਦੋਂ ਕੋਈ ਇਸ ਕਿਸਮ ਦੀ ਕਾਲ ਆ ਜਾਵੇ ਤਾਂ ਅਸੀਂ ਭਾਵੇਂ ਕਿਸੇ ਬਹੁਤ ਜ਼ਰੂਰੀ ਮੀਟਿੰਗ ਵਿਚ ਵੀ ਹੋਈਏ, ਅਸੀਂ ਸਭ ਕੁੱਝ ਵਿਚੇ ਛੱਡ ਕੇ ਘਟਨਾ ਸਥਾਨ ‘ਤੇ ਪਹੁੰਚਦੇ ਹਾਂ| ਪਰੋਟੋਕੋਲ ਦਾ ਪਹਿਲਾ ਨਿਯਮ ਹੈ ਉਸ ਵਿਅਕਤੀ ਦੀ ਸੁਰੱਖਿਆ ਜ਼ਰੂਰੀ ਬਣਾਉਣੀ; ਦੂਸਰਾ ਭੀੜ-ਤੰਤਰ ਨੂੰ ਕਾਬੂ ਕਰਨਾ; ਤੀਸਰਾ ਸਭ ਤੋਂ ਨੇੜੇ ਦੇ ਠਾਣੇ ਦੀਆਂ ਗੱਡੀਆਂ ਤੱਕ ਪਹੁੰਚ ਕੀਤੀ ਜਾਵੇ; ਚੌਥਾ ਹੈ ‘ਕੰਨਫਿਊਜ਼ਨ’ (ਉਲਝਣ) ਨਹੀਂ ਪੈਦਾ ਹੋਣ ਦੇਣੀ| ਫਿਰ ਉਸ ਇਲਾਕੇ ਦੇ ਮੋਹਤਬਰ ਬੰਦਿਆਂ ਨੂੰ ਬੁਲਾਇਆ ਜਾਂਦਾ ਹੈ ਅਤੇ ਅਮਨ ਕਮੇਟੀ ਦੇ ਮੈਂਬਰਾਂ ਤੱਕ ਪਹੁੰਚ ਕੀਤੀ ਜਾਂਦੀ ਹੈ| ਉਸ ਪੁਲਿਸ ਅਫ਼ਸਰ ਅਨੁਸਾਰ ਜਿਸ ਬੰਦੇ ਨੇ ਭੀੜ ਇਕੱਠੀ ਕੀਤੀ ਸੀ ਉਸ ਦੀ ਸ਼ਨਾਖਤ ਹੋ ਗਈ ਸੀ ਅਤੇ ਉਸ ਨੇ ਪਿਸਤੌਲ ਵੀ ਪਾ ਰੱਖਿਆ ਸੀ| ਮੁਆਫ਼ੀ ਮੰਗਵਾਉਣ ਬਾਰੇ ਉਸ ਨੇ ਦੱਸਿਆ ਕਿ ਇਹ ਔਰਤ ਦੀ ਸੁਰੱਖਿਆ ਲਈ, ਉਸ ਨੂੰ ਪੁੱਛ ਕੇ ਕੀਤਾ ਗਿਆ ਤਾਂ ਕਿ ਉਸ ਨੂੰ ਬਾਅਦ ਵਿਚ ਕੋਈ ਤੰਗ ਨਾ ਕਰੇ|
ਸਾਡੇ ਭਾਰਤ ਮਹਾਨ ਦੇ ਲੋਕਰਾਜ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਰਾਜ ਕਿਹਾ ਜਾਂਦਾ ਹੈ ਪਰ ਇਥੇ ਤਾਂ ਅਜਿਹੇ ਵਰਤਾਰੇ ਸਮੇਂ ਕੁੱਤੀ ਹੀ ਚੋਰਾਂ ਨਾਲ ਰਲ ਜਾਂਦੀ ਹੈ| ਦਿੱਲੀ ਵਿਚ ਚੁਰਾਸੀ ਦੇ ਸਿੱਖ ਕਤਲੇਆਮ ਵੇਲੇ ਸਰਕਾਰੀ ਸ਼ਹਿ `ਤੇ, ਜਿਸ ਵਿਚ ਔਰਤਾਂ ਦੇ ਬਲਾਤਕਾਰ ਦੀਆਂ ਵੀ ਅਨੇਕ ਘਟਨਾਵਾਂ ਸ਼ਾਮਲ ਹਨ, ਦਿੱਲੀ ਪੁਲਿਸ ਮੂਕ ਦਰਸ਼ਕ ਬਣੀ ਸਭ ਕੁੱਝ ਦੇਖ ਰਹੀ ਸੀ ਜਾਂ ਦੰਗਈਆਂ ਦਾ ਸਾਥ ਦੇ ਰਹੀ ਸੀ| ਇਸੇ ਤਰ੍ਹਾਂ 2002 ਦੇ ਗੁਜਰਾਤ ਦੰਗਿਆਂ ਵੇਲੇ ਰਾਜਨੀਤਕ ਸਰਪ੍ਰਸਤੀ ਕਾਰਨ ਹਿੰਦੂ-ਮੁਸਲਿਮ ਦੰਗਿਆਂ ਵੇਲੇ ਪੁਲਿਸ ਹਿੰਦੂ ਦੰਗਈਆਂ ਦਾ ਸਾਥ ਦੇ ਰਹੀ ਸੀ ਜਦ ਕਿ ਪੁਲਿਸ ਦਾ ਕੰਮ ਪੀੜਤਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਅਤੇ ਮਾਹੌਲ `ਤੇ ਕਾਬੂ ਪਾਉਣਾ ਹੁੰਦਾ ਹੈ| ਅੰਮ੍ਰਿਤ-ਉਤਸਵ ਦੀ ਆੜ ਵਿਚ ਸਭ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਗੁਜਰਾਤ ਹਾਈਕੋਰਟ ਨੇ ਬਿਲਕੀਸ ਬਾਨੋ ਦੇ ਪਰਿਵਾਰ ਦੇ ਜੀਆਂ ਦੇ ਕਾਤਲਾਂ ਅਤੇ ਉਸ ਦੇ ਬਲਾਤਕਾਰੀਆਂ ਨੂੰ ਰਿਹਾ ਕਰ ਦਿੱਤਾ ਗਿਆ; ਜਿਨ੍ਹਾਂ ਨੂੰ ਦੁਬਾਰਾ ਸੁਪਰੀਮ ਕੋਰਟ ਦੇ ਹੁਕਮਾਂ `ਤੇ ਜੇ੍ਹਲ ਭੇਜਿਆ ਹੈ| ਦੇਸ਼ ਲਈ ਅਨੇਕਾਂ ਗੋਲਡ ਮੈਡਲ ਜਿੱਤ ਕੇ ਲਿਆਉਣ ਵਾਲੀਆਂ ਭਲਵਾਨ ਕੁੜੀਆਂ ਨੇ ਪਿਛਲੇ ਵਰ੍ਹੇ ਬੀ ਜੇ ਪੀ ਦੇ ਐਮ ਪੀ ਅਤੇ ‘ਰੈਸਲਰ ਫੈਡਰੇਸ਼ਨ ਆਫ ਇੰਡੀਆ’ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਖਿਲਾਫ਼ ਪਹਿਲਾਂ ਜਨਵਰੀ ਤੋਂ ਅਪ੍ਰੈਲ ਤੱਕ, ਫਿਰ ਅਪ੍ਰੈਲ ਤੋਂ ਜੂਨ 2023 ਤੱਕ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ਵਿਚ ਧਰਨੇ ਦਿੱਤੇ| ਬ੍ਰਿਜ ਭੂਸ਼ਨ ਦੇ ਖਿਲਾਫ਼ ਭਲਵਾਨ ਕੁੜੀਆਂ ਦੀ ਸੈਕਸੁਅਲ ਹਰਾਸਮੈਂਟ ਅਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਸਨ| ਧਰਨਿਆਂ ਸਮੇਂ ਸਭ ਨੇ ਦੇਖਿਆ-ਪੜ੍ਹਿਆ ਹੈ ਕਿ ਕਿਸ ਤਰ੍ਹਾਂ ਸਰਕਾਰ ਨੇ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਦਿੱਲੀ ਪੁਲਿਸ ਨੇ ਭਲਵਾਨ ਕੁੜੀਆਂ ਦੀ ਖਿੱਚ-ਧੂਹ ਕੀਤੀ ਜਿਸ ਦੀ ਅੰਤਰਰਾਸ਼ਟਰੀ ਪੱਧਰ `ਤੇ ਨਿਖੇਧੀ ਹੋਈ|
ਮਨੀਪੁਰ, ਜਿੱਥੇ ਕੇਂਦਰ ਵਿਚ ਰਾਜ ਸੱਤਾ `ਤੇ ਕਾਬਜ਼ ਬੀ ਜੇ ਪੀ ਦੀ ਸਰਕਾਰ ਹੈ, ਮਈ ਤੋਂ ਲੈ ਕੇ ਹੁਣ ਤੱਕ ਦੋ ਭਾਈਚਾਰਿਆਂ ਕੁੱਕੀ ਅਤੇ ਮੈਤਈ ਵਿਚਲੇ ਵਿਰੋਧ ਕਾਰਨ ਅੱਗ ਵਿਚ ਝੁਲਸ ਰਿਹਾ ਹੈ ਅਤੇ ਸਭ ਤੋਂ ਵੱਧ ਜ਼ੁਲਮ ਦਾ ਸ਼ਿਕਾਰ ਔਰਤਾਂ ਹੋ ਰਹੀਆਂ ਹਨ| ਬੀਤੇ ਵਰ੍ਹੇ ਦੀ 4 ਮਈ ਨੂੰ ਤਿੰਨ ਔਰਤਾਂ ਏਰੁਪ ਕਾਂਗ ਪਿੰਡ ਵਿਚ ਆਪਣੇ ਅੱਗ ਵਿਚ ਮੱਚ ਰਹੇ ਘਰਾਂ ਤੋਂ ਭੱਜ ਨਿਕਲੀਆਂ| ਉਨ੍ਹਾਂ ਦੀ ਕਹਾਣੀ 70 ਦਿਨਾਂ ਤੋਂ ਵੀ ਬਾਅਦ ਸਾਹਮਣੇ ਆਈ, ਜਿਸ ਵਿਚ ਨਵੇਂ ਨਵੇਂ ਖੁਲਾਸੇ ਸਾਹਮਣੇ ਆਏ| ਇਹ ਖ਼ਬਰ ਵੀ ਨਸ਼ਰ ਹੋਈ ਕਿ ਕੁੱਝ ਔਰਤਾਂ ਆਪਣੇ ਬਚਾਓ ਲਈ ਪੁਲਿਸ ਤੱਕ ਪਹੁੰਚੀਆਂ ਅਤੇ ਪੁਲਿਸ ਨੇ ਅੱਗੇ ਜਾ ਕੇ ਉਨ੍ਹਾਂ ਨੂੰ ਭੀੜ ਤੰਤਰ ਦੇ ਹਵਾਲੇ ਕਰ ਦਿੱਤਾ| ਇੱਕ ਖੁਲਾਸਾ ਬਿਲਕੁਲ ਸਾਂਝਾ ਹੈ ਕਿ ਸੈਂਕੜੇ ਬੰਦਿਆਂ ਦੇ ਹਜ਼ੂਮ ਵੱਲੋਂ ਉਨ੍ਹਾਂ ਨੂੰ ਨਿਰਵਸਤਰ ਕਰ ਕੇ ਸ਼ਰੇਆਮ ਘੁਮਾਇਆ ਗਿਆ, ਅਤੇ ਫਿਰ ਜਾਣ-ਬੁੱਝ ਕੇ ਸਮੂਹਕ ਬਲਾਤਕਾਰ ਕੀਤਾ ਗਿਆ| ਮੁਸੀਬਤਾਂ ਵਿਚ ਫਸੇ ਉੱਤਰੀ-ਪੂਰਬੀ ਸੂਬੇ ਵਿਚ ਇਹ ਕੋਈ ਇਕੱਲਾ-ਕਹਿਰਾ ਵਾਕਿਆ ਨਹੀਂ ਹੈ ਜਿਸ ਨੂੰ ਸੂਬੇ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ ਨੇ ਸੁਭਾਵਕ ਲਿਆ ਹੈ, ਜਿਸ ਨੇ ਦੋਸ਼ੀਆਂ ਖ਼ਿਲਾਫ਼ ਦੇਰ ਨਾਲ ਕੀਤੀ ਗਈ ਕਾਰਵਾਈ ਦਾ ਬਚਾਓ ਕਰਦਿਆਂ ਦਾਅਵਾ ਕੀਤਾ ਕਿ ਅਜਿਹੇ ‘ਸੈਂਕੜੇ’ ਕੇਸ ਵਾਪਰਦੇ ਹਨ| ਇਨ੍ਹਾਂ ਕੇਸਾਂ ਦੀਆਂ ਭੀੜ-ਤੰਤਰਾਂ ਵੱਲੋਂ ਔਰਤਾਂ ‘ਤੇ ਕੀਤੇ ਜਾ ਰਹੇ ਹਮਲਿਆਂ ਦੀਆਂ ਨਸ਼ਰ ਹੋਈਆਂ ਵੀਡੀਓ ਦੇਖ ਕੇ ਪ੍ਰਧਾਨ ਮੰਤਰੀ ਬੋਲਿਆ ਪਰ ਉਸ ਨੇ ਵੀ ਆਪਣਾ ਗੁੱਸਾ ਵਿਰੋਧੀ ਪਾਰਟੀਆਂ `ਤੇ ਹੀ ਝਾੜਿਆ ਕਿ ਉਹ ਆਪਣੇ ਸੂਬਿਆਂ ਵਿਚ ਔਰਤਾਂ ਖ਼ਿਲਾਫ ਹੁੰਦੀ ਹਿੰਸਾ ਨੂੰ ਰੋਕਣ ਵਿਚ ਅਸਫ਼ਲ ਹੋਈ ਹੈ| ਉਸ ਨੇ ਮਨੀਪੁਰ ਵਿਚ ਵਾਪਰੇ ਇਨ੍ਹਾਂ ਹਾਦਸਿਆਂ ਨੂੰ ‘ਸ਼ਰਮਨਾਕ’ ਕਹਿ ਕੇ ਅਤੇ ਪੀੜਤ ਔਰਤਾਂ ਨੂੰ ‘ਸਾਡੀਆਂ ਧੀਆਂ’ ਸੰਬੋਧਨ ਕਰ ਕੇ ਪੱਲਾ ਝਾੜ ਲਿਆ| ਮਈ ਮਹੀਨੇ ਮਨੀਪੁਰ ਵਿਚ ਹੋਈਆਂ ਘਟਨਾਵਾਂ ਵਿਚ ਇਕ ਭਾਈਚਾਰੇ ਵੱਲੋਂ ਦੂਜੇ ਭਾਈਚਾਰੇ ਤੋਂ ਬਦਲਾ ‘ਦੂਸਰੇ’ ਭਾਈਚਾਰੇ ਦੀਆਂ ਔਰਤਾਂ ਤੋਂ ਉਨ੍ਹਾਂ ਦਾ ਨਿਰਾਦਰ ਕਰਕੇ ਲਿਆ ਗਿਆ| ਮਨੀਪੁਰ ਦੀ ਵੀਹ ਸਾਲ ਪਹਿਲਾਂ ਦੀ ਘਟਨਾ ਹੈ ਜਦੋਂ 2004 ਵਿਚ ਮਨੀਪੁਰ ਦੀ ਇਕ 32 ਸਾਲਾ ਔਰਤ ਨੂੰ 17ਵੀਂ ਅਸਾਮ ਰਾਈਫਲ ਵੱਲੋਂ ਉਸ ਦੇ ਘਰੋਂ ਚੁੱਕ ਲਿਆ ਗਿਆ ਸੀ| ਅਗਲੀ ਸਵੇਰ ਉਸ ਦਾ ਨਗਨ ਸਰੀਰ ਧਾਨ ਦੇ ਖੇਤਾਂ ਵਿਚੋਂ ਮਿਲਿਆ ਸੀ ਜਿਸ ਤੇ 16 ਗੋਲੀਆਂ ਵੱਜੀਆਂ ਹੋਈਆਂ ਸੀ| ਉਸ ਨੂੰ ਨਿਰਵਸਤਰ ਕਰਕੇ ਬਲਾਤਕਾਰ ਕੀਤਾ ਗਿਆ ਅਤੇ ਫਿਰ ਮਾਰ ਦਿੱਤਾ ਗਿਆ| ਅਸਾਮ ਰਾਈਫ਼ਲਜ਼ ਨੇ ਦਾਅਵਾ ਕੀਤਾ ਕਿ ਉਸ ਨੂੰ ਇਸ ਲਈ ਚੁੱਕਿਆ ਗਿਆ ਕਿਉਂਕਿ ਉਹ ਇਕ ਅਤਿਵਾਦੀ ਸਮੂਹ ਪੀਪਲਜ਼ ਲਿਬਰੇਸ਼ਨ ਆਰਮੀ ਦੀ 1995 ਤੋਂ ਮੈਂਬਰ ਸੀ| ਇਹ ਵਾਕਿਆ ਸੋLਸ਼ਲ ਮੀਡੀਆ ਦੇ ਜ਼ਮਾਨੇ ਤੋਂ ਪਹਿਲਾਂ ਦਾ ਹੈ ਇਸ ਲਈ ਬਹੁਤ ਦੇਰ ਤੱਕ ਬਾਹਰ ਨਹੀਂ ਆਇਆ| ਇਸੇ ਤਰ੍ਹਾਂ ਬੀ ਐਸ ਐਫ ਦੇ ਇੱਕ ਸੁਰੱਖਿਆ ਮੁਲਾਜ਼ਮ ਨੂੰ ਕਰਿਆਨੇ ਦੀ ਇੱਕ ਦੁਕਾਨ ਦੇ ਕੈਮਰੇ ਵਿਚ ਇੱਕ ਔਰਤ ਨਾਲ ਛੇੜ-ਛਾੜ ਕਰਦਿਆਂ ਪਾਇਆ ਗਿਆ|
ਇੱਕ ਰੋਸ ਮੁਜ਼ਾਹਰੇ ਦੀ ਸ਼ਕਲ ਵਿਚ ਅਧੇੜ ਉਮਰ (ਅੰਮਾਂ, ਮੈਤੇਈ ਬੋਲੀ ਵਿਚ ਜਿਸ ਦਾ ਅਰਥ ਮਾਂ ਹੈ) ਦੀਆਂ 12 ਔਰਤਾਂ ਨੇ ਨਿਰਵਸਤਰ ਹੋ ਕੇ ਇੰਫਾਲ ਦੇ ਕਾਂਗਲਾ ਫੋਰਟ ਕੈਂਟੋਨਮੈਂਟ ਦੇ ਗੇਟ ਅੱਗੇ ਰੋਸ-ਦਿਖਾਵਾ ਕੀਤਾ, ਜਿੱਥੇ ਉਦੋਂ ਅਸਾਮ ਰਾਈਫ਼ਲਜ਼ ਦਾ ਟਿਕਾਣਾ ਸੀ| ਉਨ੍ਹਾਂ ਨੇ ਰੋਸ ਵੱਜੋਂ ਹੱਥਾਂ ਵਿਚ ਤਖਤੀਆਂ ਲਿਖ ਕੇ ਫੜੀਆਂ ਹੋਈਆਂ ਸੀ ਕਿ ‘ਇੰਡੀਅਨ ਆਰਮੀ ਰੇਪ ਅੱਸ’, ‘ਇੰਡੀਅਨ ਆਰਮੀ ਟੇਕ ਅਵਰ ਫਲੈਸ਼” ਅਤੇ ਉਹ ਆਪਣੀਆਂ ਛਾਤੀਆਂ ਪਿੱਟ ਰਹੀਆਂ ਸੀ| ਸੰਨ 2014 ਵਿਚ ਜਾ ਕੇ ਇੱਕ ਸੇਵਾਮੁਕਤ ਜੱਜ, ਜਿਸ ਨੂੰ ਪੜਤਾਲ ਕਰਨ ਦਾ ਕੰਮ ਸੌਂਪਿਆ ਗਿਆ ਸੀ, ਨੇ ਫ਼ੈਸਲਾ ਦਿੱਤਾ ਕਿ ਔਰਤ ਦਾ ਬਲਾਤਕਾਰ ਕੀਤਾ ਗਿਆ ਸੀ| ਤਕਰੀਬਨ 20 ਸਾਲ ਬਾਅਦ ਵੀ ਅਸੀਂ ਦੇਖ ਰਹੇ ਹਾਂ ਕਿ ਹਿੰਸਾ-ਗ੍ਰਸਤ ਮਨੀਪੁਰ ਵਿਚ ਹਾਲਾਤ ਜ਼ਿਆਦਾ ਨਹੀਂ ਬਦਲੇ| ਪਹਿਲੀ ਵੀਡੀਓ ਨਸ਼ਰ ਹੋਣ ਤੋਂ ਬਾਅਦ ਇੱਕ ਹੋਰ ਘਟਨਾ ਸਾਹਮਣੇ ਆਈ ਕਿ ਦੋ ਹੋਰ ਕੁੱਕੀ ਭਾਈਚਾਰੇ ਦੀਆਂ ਕਾਂਗਪੋਕੀ ਦੇ ਇਕ ਪਿੰਡ ਦੀਆਂ ਔਰਤਾਂ ਨੂੰ ਇੰਫਾਲ ਵਿਚ ਇਕ ਕਮਰੇ ਅੰਦਰ ਬੰਦ ਕੀਤਾ ਗਿਆ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਰਜ ਕਰਾਈ ਸ਼ਿਕਾਇਤ ਅਨੁਸਾਰ ਛੇ ਆਦਮੀਆਂ ਨੇ ਉਨ੍ਹਾਂ ਦਾ ਬਲਾਤਕਾਰ ਕੀਤਾ| ਕਈ ਘੰਟਿਆਂ ਬਾਅਦ ਉਨ੍ਹਾਂ ਔਰਤਾਂ ਨੂੰ ਮੁਰਦਾ ਪਾਇਆ ਗਿਆ| ਇਸੇ ਤਰ੍ਹਾਂ ਬਾਰਡਰ ਸਕਿਉਰਟੀ ਫੋਰਸ ਦੇ ਇੱਕ ਵਿਅਕਤੀ ਖ਼ਿਲਾਫ਼ 18 ਮਈ ਨੂੰ ਸ਼ਿਕੱਇਤ ਦਰਜ਼ ਕਰਾਈ ਗਈ ਪ੍ਰੰਤੂ ਮਨੀਪੁਰ ਪੁਲਿਸ ਨੇ 20 ਜੁਲਾਈ ਨੂੰ ਪਹਿਲੀ ਗ੍ਰਿਫ਼ਤਾਰੀ ਕੀਤੀ| ਔਰਤਾਂ ਦੇ ਮਾਮਲੇ ਰਾਜਨੀਤੀ ਦੀ ਭੇਟ ਚੜ੍ਹ ਜਾਂਦੇ ਹਨ ਅਤੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਇਨਸਾਫ਼ ਦੇਣ ਦੀ ਥਾਂ, ਅਜਿਹੇ ਕੇਸਾਂ ਵਿਚੋਂ ਜਿਉਂਦੀਆਂ ਰਹਿ ਗਈਆਂ ਨੂੰ ‘ਦੇਸ਼ ਦੀਆਂ ਧੀਆਂ’ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਹੈ| ਬਿਹਾਰ ਤੋਂ ਬੀ ਜੇ ਪੀ ਦੇ ਬੁਲਾਰੇ ਵਿਨੋਦ ਸ਼ਰਮਾ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਇਹ ਕਹਿ ਕੇ ਦੇ ਦਿੱਤਾ ਕਿ ਇਸ ਘਟਨਾ ਨਾਲ ਦੇਸ਼ ਦੀ ਬਦਨਾਮੀ ਹੋਈ ਹੈ; ਜਦ ਕਿ ਮਨੀਪੁਰ ਦੇ ਮੁੱਖ ਮੰਤਰੀ ਬਿਰੇਨ ਸਿੰਘ ਨੇ ਕਿਹਾ ਕਿ ਸੂਬੇ ਭਰ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੀਆਂ ਨਸ਼ਰ ਹੁੰਦੀਆਂ ਵੀਡੀਓਜ਼ ਸੂਬੇ ਦਾ ਅਕਸ ਖ਼ਰਾਬ ਕਰ ਰਹੀਆਂ ਹਨ| ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਔਰਤਾਂ ਦੇ ਸਰੀਰਾਂ ਦੀ ਉਲੰਘਣਾ ਨੂੰ ਸੂਬੇ ਦੇ ਅਕਸ ਦੀ ਉਲੰਘਣਾ ਨਾਲ ਤੁਲਨਾ ਕਰਨ ਦੀ ਜ਼ਰੂਰਤ ਹੈ| ‘ਮਨੀਪੁਰ ਸਟੇਟ ਕਮਿਸ਼ਨ ਫਾਰ ਵੂਮੈਨ’ ਨੇ ਸਤੰਬਰ 2023 ਤੋਂ ਲੈ ਕੇ ਸੂਬੇ ਦੇ ਇਸ ਐਥਨਿਕ ਝਗੜੇ ਵਿਚ ਔਰਤਾਂ ਖਿਲਾਫ਼ ਅਪਰਾਧ ਦੇ ਤਕਰੀਬਨ 59 ਕੇਸ ਦਰਜ਼ ਕੀਤੇ ਅਤੇ ਕੁੱਝ ਕੇਸ ਹੋਰ ਤਫਤੀਸ਼ ਲਈ ਸੀ ਬੀ ਆਈ ਨੂੰ ਸੌਂਪੇ| ਸੋਸ਼ਲ ਮੀਡੀਆ ਰਾਹੀਂ ਕੁੱਝ ਕੁ ਕੇਸ ਹੀ ਸਾਹਮਣੇ ਆਉਂਦੇ ਹਨ, ਬਹੁਤ ਸਾਰੇ ਅਣਗੌਲੇ ਲੰਘ ਜਾਂਦੇ ਹਨ|
4 ਮਈ ਤੋਂ ਮਨੀਪੁਰ ਕੁੱਕੀ ਅਤੇ ਮੈਤਈ ਭਾਈਚਾਰਿਆਂ ਦੇ ਟਕਰਾਅ ਵਿਚ ਜਲ ਰਿਹਾ ਹੈ ਜਿਸ ਵਿਚ ਹਿੰਸਾ ਦਾ ਸਭ ਤੋਂ ਵੱਧ ਸ਼ਿਕਾਰ ਔਰਤਾਂ ਹੋ ਰਹੀਆਂ ਹਨ| ਸਵਾਲ ਫਿਰ ਇਹੀ ਪੈਦਾ ਹੁੰਦਾ ਹੈ ਕਿ ਆਪਸੀ ਟਕਰਾਅ ਸਮੇਂ ਔਰਤਾਂ ਖਿਲਾਫ਼ ਹਿੰਸਾ ਦਾ ਹਥਿਆਰ ਕਿਉਂ ਵਰਤਿਆ ਜਾਂਦਾ ਹੈ?