ਆਪਣੇ ਆਪ ਨੂੰ ਮਿਲਣਾ

ਡਾ ਗੁਰਬਖ਼ਸ਼ ਸਿੰਘ ਭੰਡਾਲ
ਸਭ ਤੋਂ ਅਹਿਮ ਹੁੰਦਾ, ਆਪਣੇ ਆਪ ਨੂੰ ਮਿਲ ਕੇ, ਆਪਣਾ ਹਾਲ-ਚਾਲ ਪੁੱਛਣਾ। ਆਪਣੀ ਖ਼ੈਰੀਅਤ ਦਾ ਪਤਾ ਕਰਨਾ। ਬੀਤੇ ਨੂੰ ਚੇਤੇ ਕਰਨਾ, ਵਰਤਮਾਨ ਨੂੰ ਦੀਦਿਆਂ ਵਿਚ ਚਿਤਾਰਨਾ ਅਤੇ ਆਪਣੇ ਆਪ ਨੂੰ ਤੋਲਣਾ ਕਿ ਕਿਵੇਂ ਹੋ ਤੁਸੀਂ?
ਪਤਾ ਕਰਨਾ ਕਿ ਤੁਸੀਂ ਅੱਜ ਕੱਲ੍ਹ ਕਿਸਨੂੰ ਮਿਲਦੇ ਹੋ? ਲੋਕਾਂ, ਦੋਸਤਾਂ, ਸੰਬੰਧੀਆਂ, ਰਿਸ਼ਤੇਦਾਰਾਂ ਅਤੇ ਸਹਿਪਾਠੀਆਂ ਨੂੰ ਬਹੁਤ ਮਿਲ ਲਿਆ।

ਕੀ ਖੁਦ ਨੂੰ ਮਿਲਣ ਦਾ ਸਮਾਂ ਮਿਲਿਆ? ਦੱਸਣਾ ਕਿ ਇਹ ਸਮਾਂ ਕਦੋਂ, ਕਿੱਥੇ, ਕਿਹਨਾਂ ਹਾਲਾਤਾਂ ਅਤੇ ਕਿਸ ਸੰਦਰਭ ਵਿਚ ਮਿਲੇ? ਇਸ ਮਿਲਣੀ ਦੇ ਕੀ ਅਰਥ ਸੀ ਅਤੇ ਇਸ ਮਿਲਣੀ ਨੇ ਤੁਹਾਨੂੰ ਕੀ ਦਿਤਾ? ਤੁਸੀਂ ਇਸ ਮਿਲਾਪ ਵਿਚੋਂ ਕੀ ਸਿੱਖਿਆ ਅਤੇ ਅੱਗੋਂ ਤੋਂ ਜੀਵਨ ਲਈ ਕਿਹੜੇ ਦਿਸ਼ਾ-ਨਿਰਦੇਸ਼ ਨਿਰਧਾਰਤ ਕੀਤੇ? ਆਪਣੇ ਆਪ ਨੂੰ ਮਿਲਣ ਲੱਗਿਆਂ ਇਨ੍ਹਾਂ ਨੂੰ ਕਿਵੇਂ ਲਾਗੂ ਕਰਨਾ?
ਦਰਅਸਲ ਜੀਵਨ ਦੀ ਦੌੜ ਵਿਚ ਅਸੀਂ ਆਪਣੇ ਆਪ ਤੋਂ ਹੀ ਬੇਮੁੱਖ ਹੋ, ਖ਼ੁਦ ਦੀ ਹੀ ਅਵੱਗਿਆ ਕਰਨ ਲੱਗ ਪੈਂਦੇ। ਇਹ ਅਵੱਗਿਆ ਹੀ ਸਾਨੂੰ ਜੀਵਨ ਦੀਆਂ ਦੁਸ਼ਵਾਰੀਆਂ ਵੱਲ ਧਕੇਲਦੀ ਅਤੇ ਅਸੀਂ ਦੋਸ਼ ਕਿਸਮਤ ਸਿਰ ਧਰਦੇ।
ਕਦੇ ਕਦਾਈਂ
ਭੁੱਲ-ਭੁਲੇਖੇ
ਰਾਤ-ਬਰਾਤੇ,
ਵੇਲੇ-ਕੁਵੇਲੇ
ਸਵੇਰੇ-ਅਵੇਰੇ
ਸਿੱਖਰ-ਦੁਪਹਿਰੇ ਜਾਂ ਢਲਦੀ ਸ਼ਾਮੇ
ਦਿਨੇ ਜਾਂ ਰਾਤੀਂ
ਮੱਸਿਆ ਜਾਂ ਪੁੰਨਿਆਂ ਨੂੰ
ਵਿਹਲੇ ਬੈਠਿਆਂ ਜਾਂ ਸਫ਼ਰ `ਤੇ
ਸੁੰਨ-ਸਮਾਧੀ ਜਾਂ ਬਾਣੀ ਪੜ੍ਹਦਿਆਂ
ਆਪੇ ਆਪ ਨੂੰ ਵੀ ਮਿਲ ਲਿਆ ਕਰ।
ਕਦੇ ਆਪਣੇ ਆਪ ਨੂੰ ਮਿਲ ਕੇ ਪੁੱਛਣਾ ਕਿ ਆਪਣੇ ਆਪ ਲਈ ਕਿੰਨਾ ਕੁ ਜੀਵੇ ਹਾਂ? ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਕਿੰਨਾ ਕੁ ਮਾਣਿਆ? ਕਿਹੜੇ ਹਾਲਤਾਂ ਵਿਚ ਜ਼ਿੰਦਗੀ ਨੂੰ ਜੀਵਿਆ? ਕਿੰਨੇ ਕੁ ਬੇਖ਼ੁਦੀ ਨੂੰ ਆਪਣਾ ਹਿੱਸਾ ਬਣਾਇਆ ਅਤੇ ਕਿਹੜੀ ਬੇਗਾਨਗੀ ਨੂੰ ਹੰਢਾਇਆ? ਕਿਹੜੇ ਵਕਤ ਨੂੰ ਬੇਲੋੜਾ ਹੀ ਵਖਤ ਬਣਾਇਆ? ਕਦੋਂ ਸਮੇਂ ਦੀ ਤੰਦੀ `ਤੇ ਸੁਪਨਿਆਂ ਦਾ ਤੰਦ ਪਾਇਆ? ਕਿਹੜੀ ਜੂਹ `ਚ ਪੈਰ ਪਾਇਆ ਜਿੱਥੇ ਬਹਿ ਖੁਦ ਨੂੰ ਧਿਆਇਆ?
ਅਸੀਂ ਆਪਣਿਆਂ ਨੂੰ ਅਕਸਰ ਹੀ ਮਿਲਦੇ। ਪਰ ਸਭ ਤੋਂ ਨੇੜਲੇ ਅਤੇ ਅਤਿ-ਕਰੀਬੀ ਆਪੇ ਨੂੰ ਮਿਲਣ ਦੀ ਵਿਹਲ ਹੀ ਨਹੀਂ ਜਾਂ ਸਾਨੂੰ ਆਪੇ ਨੂੰ ਮਿਲਦਿਆਂ ਨਮੋਸ਼ੀ ਆਉਂਦੀ? ਸਾਡਾ ਆਪੇ ਹੀ ਸਾਡੇ ਤੋਂ ਕੇਹਾ ਸ਼ਰਮਸ਼ਾਰ ਹੋਇਆ ਕਿ ਸਾਡਾ ਅੰਦਰ ਧਾਂਹੀਂ ਰੋਇਆ, ਜਿਉਂਦਾ ਹੀ ਮੋਇਆ ਪਰ ਕਿਸੇ ਸਾਹਵੇਂ ਨਾ ਰੋਇਆ ਮਤਾਂ ਅੰਦਰਲਾ ਭੈਅ ਜੱਗ-ਜ਼ਾਹਰ ਹੋ ਜਾਵੇ।
ਖ਼ੁਦ ਨੂੰ ਮਿਲਣਾ ਅਜ਼ੀਮ ਮੌਕਾ ਹੁੰਦਾ ਆਪਣੀ ਚੀਰਫਾੜ ਕਰਨ, ਆਪਣਾ ਵਿਸ਼ਲੇਸ਼ਣ ਕਰਨ ਅਤੇ ਆਪਣੇ ਆਪ ਨੂੰ ਬਾਰੀਕ-ਬੀਨੀ ਨਾਲ ਤਲਾਸ਼ਣ ਦਾ। ਆਪਣੇ ਉਸ ਰੂਪ ਨੂੰ ਉਜਾਗਰ ਕਰਨ ਦਾ ਜਿਸ ਤੋਂ ਮਨੁੱਖ ਸਦਾ ਹੀ ਅਵੇਸਲਾ ਰਹਿੰਦਾ। ਬੰਦਾ ਖੁਦ ਨੂੰ ਸ਼ੀਸ਼ੇ ਵਿਚ ਜਦ ਦੇਖਦਾ ਤਾਂ ਉਹ ਆਪਣੇ ਆਪ ਨੂੰ ਮਿਲਦਾ, ਆਪਣੇ ਦੀਦਿਆਂ ਵਿਚ ਆਪਣਾ ਬਿੰਬ ਉਤਾਰਦਾ, ਆਪਣੀਆਂ ਸੋਚਾਂ ਦੀਆਂ ਤਹਿਆਂ ਵੀ ਫਰੋਲਦਾ। ਆਪਣੇ ਜਿਸਮ ਵਿਚ ਆ ਰਹੇ ਬਦਲਾਅ ਵਿਚੋਂ ਉਮਰ ਨੂੰ ਦੇਖਣ ਲੱਗਦਾ। ਵਾਲਾਂ `ਚ ਚਾਂਦੀ ਰੰਗੀਆਂ ਤਾਰਾਂ ਅਤੇ ਪਿੰਡੇ `ਤੇ ਪਈਆਂ ਝੁਰੜੀਆਂ ਹੀ ਦੱਸਦੀਆਂ ਕਿ ਕਿੰਨਾ ਕੁ ਜੀਵਨ ਪੈਂਡਾ ਤੈਅ ਕੀਤਾ।
ਇਸ ਸਫ਼ਰ ਵਿਚੋਂ ਕੀ ਖੱਟਿਆ ਅਤੇ ਕੀ ਗਵਾਇਆ? ਕਿਸ ਨੇ ਹਸਾਇਆ ਜਾਂ ਕਿਸੇ ਨੂੰ ਹਸਾਇਆ? ਜਦ ਅਸੀਂ ਆਪਣੇ ਹਾਸਿਆਂ ਨੂੰ ਸੂਲੀ `ਤੇ ਚੜ੍ਹਾ, ਕਿਸੇ ਮੁਖੌਟੀ ਹਾਸੇ ਵਿਚੋਂ ਵਿਲਕਦੇ ਸਾਹਾਂ ਦੀ ਨਿਸ਼ਾਨਦੇਹੀ ਕਰਦੇ ਤਾਂ ਦਰਅਸਲ ਅਸੀਂ ਅੰਦਰੋਂ ਬਿਲੁਕਲ ਮਰੇ ਹੁੰਦਿਆਂ ਵੀ ਸਿਰਫ਼ ਜਿਊਣ ਦਾ ਸਵਾਂਗ ਹੀ ਰਚਾ ਰਹੇ ਹੁੰਦੇ।
ਬੰਦਾ ਤਾਂ ਆਪਣੇ ਆਪ ਨੂੰ ਹਰਫ਼ਾਂ ਦੀ ਪਨਾਹ ਵਿਚ ਜਾ ਕੇ ਵੀ ਮਿਲ ਸਕਦਾ। ਇਸ ਮਿਲਾਪ ਵਿਚੋਂ ਕਿਹੜੇ ਹਰਫ਼ਾਂ ਨੇ ਜੀਵਨ-ਸਫ਼ਿਆਂ `ਤੇ ਉਕਰੇ ਜਾਣਾ ਅਤੇ ਉਨ੍ਹਾਂ ਵਿਚੋਂ ਕਿਹੜੇ ਅਰਥਾਂ ਨੇ ਉਦੈ ਹੋਣਾ, ਇਹ ਹੀ ਦੱਸ ਦਿੰਦੇ ਕਿ ਇਹ ਮਨੁੱਖ ਕੌਣ ਏ? ਇਸ ਦੀਆਂ ਕੀਰਤੀਆਂ ਅਤੇ ਕਹਿਣੀਆਂ
ਵਿਚ ਕਿੰਨਾ ਕੁ ਅੰਤਰ? ਇਸ ਦੀਆਂ ਸੋਚਾਂ ਅਤੇ ਸੁਪਨਿਆਂ ਵਿਚ ਕਿੰਨਾ ਕੁ ਫਾਸਲਾ? ਇਸਦੇ ਕਰਮ-ਧਰਮ ਵਿਚ ਕਿੰਨੀ ਕੁ ਨੇੜਤਾ? ਇਸਦੀ ਦਿਆਨਤਦਾਰੀ ਅਤੇ ਨੇਕਨੀਤੀ ਨੂੰ ਕਿਹੜੇ ਪੈਮਾਨੇ ਨਾਲ ਮਿਣਿਆ ਜਾ ਸਕਦਾ? ਇਸਨੇ ਆਪਣੀ ਜ਼ਿੰਦਗੀ ਨੂੰ ਆਪਣੇ ਰੰਗ ਵਿਚ ਕਿੰਨਾ ਕੁ ਜੀਵਿਆ? ਕਿੰਨਿਆਂ ਦੇ ਲੇਖੀਂ ਆਪਣੇ ਸਵਾਸਾਂ ਨੂੰ ਨਿਰ-ਸੁਆਰਥ ਲਾਇਆ? ਸਿਰਫ਼ ਇਕ ਪਾਸਕੂੰ ਹੀ ਕਿਉਂ ਉਸਦੀ ਜੀਵਨ-ਕਸਵੱਟੀ ਦੇ ਹਿੱਸੇ ਆਇਆ? ਇਹ ਵੀ ਪਤਾ ਲੱਗਦਾ ਕਿ ਕਿੰਨੇ ਕੁ ਵਰਕੇ ਕੋਰੇ ਹੀ ਰਹਿ ਗਏ? ਕਿੰਨੇ ਕੁ ਵਾਕ ਅਧੂਰੇ ਅਤੇ ਕਿੰਨੇ ਸ਼ਬਦ ਵੀ ਅਸ਼ਬਦ ਹੀ ਗਏ? ਕਿੰਨੀ ਕੁ ਇਬਾਰਤ
ਬੇਲੋੜੀ ਅਤੇ ਕਿਹੜੀ ਇਬਾਰਤ ਨੂੰ ਸੂਹੀ ਲਿਖਤ ਹੋਣ ਦਾ ਫ਼ਖਰ ਹਾਸਲ? ਸਭ ਕੁਝ ਹੀ ਸ਼ਬਦਾਂ ਵਿਚ ਦ੍ਰਿਸ਼ਟਮਾਨ ਹੋ ਜਾਂਦਾ। ਦੱਸੋ ਫਿਰ ਬੰਦਾ ਕਿੰਨਾ ਕੁ ਆਪਾ ਖੁਦ ਤੋਂ ਲੁਕੋਵੇ ਅਤੇ ਸਾਹਾਂ ਦੀਆਂ ਸੂਲਾਂ `ਚ ਪਰੋਵੇ?
ਬੰਦਾ ਕਦੇ ਚੁੱਪ ਦਾ ਸਾਥ ਮਾਣੇ ਤਾਂ ਵੀ ਉਹ ਆਪਣੇ ਆਪ ਨੂੰ ਮਿਲ ਲੈਂਦਾ। ਪਰ ਇਹ ਕਿੰਨਾ ਕੁ ਮਿਲਦਾ, ਇਹ ਬੰਦੇ ਦੀ ਫ਼ਿਤਰਤ `ਤੇ ਨਿਰਭਰ। ਕਦੇ ਟਿੱਕੀ ਰਾਤ ਨੂੰ ਅੰਬਰ ਦੇ ਤਾਰਿਆਂ ਵੰਨੀਂ ਝਾਕਣਾ ਜਿਹੜੇ ਰੌਸ਼ਨੀ ਦਾ ਵਣਜ ਕਰਦਿਆਂ ਹੀ ਸਾਰਾ ਜੀਵਨ ਬਿਤਾ ਦਿੰਦੇ। ਕਦੇ ਪੁੰਨਿਆਂ ਦੇ ਚੰਨ ਵੱਲ ਤੱਕਣਾ ਕਿ ਕਿਵੇਂ ਉਹ ਮੱਸਿਆ ਦੀ ਹਿੱਕ ਵਿਚ ਚੰਨ ਬਣ ਕੇ ਅਸਮਾਨ ਵਿਚ ਚਮਕਦਾ ਅਤੇ ਕਈਆਂ ਰਾਹੀਆਂ ਦੇ ਗਵਾਚੇ ਪੈਂਡਿਆਂ ਨੂੰ ਰੁਸ਼ਨਾਉਂਦਾ। ਕਦੇ ਚਾਨਣੀ ਦੀ ਬਿਰਖ਼ਾਂ ਨਾਲ ਹੁੰਦੀ ਗੁਫ਼ਤਗੂ ਸੁਣਨਾ। ਕਦੇ ਬੀਂਡਿਆਂ ਦੀਆਂ ਆਵਾਜ਼ਾਂ ਵਿਚੋਂ ਪੈਦਾ ਹੋਏ ਸੰਗੀਤ ਨੂੰ ਰੂਹ ਵਿਚ ਉਤਾਰਨਾ ਜਾਂ ਪੱਤਿਆਂ ਨਾਲ ਪੈਦਾ ਹੋ ਰਹੀ ਹਵਾ ਦੀ ਰੱਮਕਣੀ ਦੀ ਮਹਿਫਲ਼L ਵਿਚ ਸ਼ਰੀਕ ਹੋਣਾ, ਤੁਹਾਨੂੰ ਖੁਦ ਵੀ ਪਤਾ ਲੱਗ ਜਾਵੇਗਾ ਕਿ ਕੁਦਰਤ ਦੀਆਂ ਨਿਆਮਤਾਂ ਸਾਹਵੇਂ ਬੰਦਾ ਕਿੰਨਾ ਕੁ ਨਿਗੂਣਾ ਏ? ਕੀ ਬੰਦੇ ਨੇ ਕੁਦਰਤੀ ਨਿਆਮਤਾਂ ਨੂੰ ਮਾਨਣ ਦਾ ਵਲ ਸਿਖਿਆ? ਕੀ ਇਨ੍ਹਾਂ ਦਿਆਨਤਾਂ ਵਿਚ ਖਿਆਨਤ ਤਾਂ ਨਹੀਂ ਕੀਤੀ। ਕੁਦਰਤ ਸਾਹਵੇਂ ਬੌਣੇ ਹੋਏ ਮਨੁੱਖ ਨੂੰ, ਅਜੇਹੇ ਵਕਤ ਯਾਦ ਜ਼ਰੂਰ ਆਵੇਗਾ ਆਪਣੇ ਆਪ ਨੂੰ ਮਿਲਣਾ ਅਤੇ ਆਪਣੇ ਵਿਚਲੇ ਮਨੁੱਖ ਨੂੰ ਮਾਨਵਤਾ ਦੇ ਮਾਰਗ ਤੋਰਨਾ।
ਕੁਝ ਕੁ ਸੂਖ਼ਮ ਸੋਚ ਵਾਲੇ ਲੋਕ ਜਦ ਕਵਿਤਾ ਸੰਗ ਕਵਿਤਾ ਹੀ ਹੋ ਜਾਂਦੇ ਤਾਂ ਦਰਅਸਲ ਉਹ ਖੁਦ ਦੀ ਇਕਸੁਰਤਾ ਵਿਚੋਂ ਹੀ ਆਪਣੇ ਆਪ ਨਾਲ ਸੰਵਾਦ ਰਚਾਉਂਦੇ। ਇਹੀ ਅੰਤਰੀਵੀ ਸੰਵਾਦ ਕਵਿਤਾ ਦਾ ਰੂਪ ਧਾਰ ਵਰਕਿਆਂ `ਤੇ ਫੈਲਦਾ। ਇਸ ਵਿਚੋਂ ਬੰਦੇ ਦੀ ਕਾਵਿਕਤਾ ਅਤੇ ਉਸਦੇ ਦੈਵੀ ਗੁਣਾਂ ਦਾ ਪਤਾ ਲੱਗਦਾ ਕਿ ਬਾਹਰੋਂ ਕਠੋਰ ਹੁੰਦਿਆਂ ਵੀ ਬੰਦਾ ਅੰਦਰੋਂ ਕਿੰਨਾ ਕੋਮਲ ਅਤੇ ਮਾਲੂਕ ਹੁੰਦਾ। ਇਸੇ ਲਈ ਕਵਿਤਾ ਨੂੰ ਆਵੇਸ਼ ਹੀ ਮੰਨਿਆ ਗਿਆ ਕਿਉਂਕਿ ਇਹ ਅੰਤਰੀਵੀ ਨਾਦ ਵਿਚੋਂ ਉਗਮਦੀ ਹੈ ਅਤੇ ਇਸ `ਤੇ ਕਿਸੇ ਸਮੇਂ, ਸਥਾਨ ਜਾਂ ਸਥਿਤੀ ਦੀ ਕੋਈ ਪਾਬੰਦੀ ਨਹੀਂ ਹੁੰਦੀ। ਤਾਂ ਹੀ ਪਤਾ ਹੀ ਨਹੀਂ ਸੀ ਲੱਗਦਾ ਕਦ ਬਾਬਾ ਨਾਨਕ ਮਰਦਾਨੇ ਨੂੰ ਕਹਿੰਦਾ ਸੀ ਕਿ ਮਰਦਾਨਿਆ! ਰਬਾਬ ਛੇੜ। ਬਾਣੀ ਆਈ ਆ। ਕਾਵਿਕ ਸੰਵਾਦ ਵਿਚੋਂ ਬੰਦੇ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਬਹੁਤ ਅਸਾਨੀ ਨਾਲ ਕੀਤੀ ਜਾ ਸਕਦੀ।
ਕਲਾਕਾਰ ਲੋਕ ਰੰਗਾਂ ਅਤੇ ਬੁਰਸ਼ਾਂ ਦੀ ਦੁਨੀਆਂ ਦੇ ਵਾਸੀ ਬਣ ਕੇ ਆਪਣੇ ਆਪ ਤੋਂ ਨਿਰਲੇਪ ਹੋ ਜਾਂਦੇ ਪਰ ਕੈਨਵਸ `ਤੇ ਉਤਰੀਆਂ ਮੂਰਤਾਂ ਵਿਚੋਂ ਕਲਾਕਾਰ ਕਦੇ ਵੀ ਗਾਇਬ ਨਹੀਂ ਹੁੰਦਾ। ਉਸਦੀ ਸੋਚ, ਦਿੱਬ-ਦ੍ਰਿਸ਼ਟੀ, ਆਵੇਸ਼, ਵਿਜ਼ਨ ਅਤੇ ਵਸੀਹਤਾ ਹੀ ਅਜੇਹੀਆਂ ਕਲਾ ਕਿਰਤਾਂ ਨੂੰ ਜਨਮ ਦਿੰਦੀ ਜਿਹੜੀਆਂ ਸਦੀਆਂ ਤੀਕ ਮਨੁੱਖੀ ਸੰਵੇਦਨਾ ਨੂੰ ਝੰਜੋੜਦੀਆਂ ਰਹਿੰਦੀਆਂ। ਦਰਅਸਲ ਕੋਈ ਵੀ ਕਲਾ-ਕਿਰਤ ਕਲਾਕਾਰ ਦਾ ਅੰਦਰੂਨੀ ਪ੍ਰਗਟਾਵਾ। ਉਹ ਆਪਣੇ ਆਪ ਨੂੰ ਪਰਿਭਾਸ਼ਤ ਕਰਨ ਅਤੇ ਖੁਦ ਨੂੰ ਮਿਲਣ ਲਈ ਇਹ ਜ਼ਰੀਆ ਵਰਤਦਾ। ਪਰ ਉਸਦੀ ਤਾਂਘ ਵੀ ਕਲਾ ਰਾਹੀਂ ਖੁਦ ਦੀ ਅਸੀਮਤ ਸਮਰੱਥਾ ਅਤੇ ਕਲਾ-ਬਿਰਤੀ ਨੂੰ ਪ੍ਰਗਟਾਉਣ ਅਤੇ ਇਸ ਦੀਆਂ ਸੀਮਾਵਾਂ ਨੂੰ ਤੋੜਨ ਵਿਚ ਹੀ ਹੁੰਦੀ। ਕਲਾ ਵਿਚੋਂ ਕਲਾਕਾਰ ਨੂੰ ਕਿੰਝ ਓਹਲੇ ਕਰ ਸਕੋਗੇ?
ਕਈ ਵਾਰ ਅਸੀਂ ਉਸ ਵੇਲੇ ਖੁਦ ਨੂੰ ਮਿਲਣ ਲਈ ਮਜਬੂਰ ਹੁੰਦੇ ਜਦ ਅਸੀਂ ਲਾਚਾਰ ਹੋ ਜਾਂਦੇ, ਕਿਸੇ `ਤੇ ਨਿਰਭਰ ਹੁੰਦੇ ਜਾਂ ਕਿਸੇ ਦੇ ਮੁਥਾਜ। ਇਹ ਮੁਥਾਜੀ ਸਿਹਤ ਦਾ ਵਿਗਾੜ, ਆਰਥਿਕ ਤੰਗੀ, ਟੁੱਟੇ ਸੁਪਨਿਆਂ ਦੀ ਚੀਸ, ਆਪਣਿਆਂ ਦੀ ਠੱਗੀ ਜਾਂ ਆਪਣਿਆਂ ਹੱਥੋਂ ਹੋਈ ਨਮੋਸ਼ੀ ਕਾਰਨ ਵੀ ਹੁੰਦੀ। ਫਿਰ ਬੰਦਾ ਖੁਦ ਨੂੰ ਹੀ ਪੁੱਛਦਾ ਕਿ ਮੈਂ ਇਸ ਜੀਵਨ ਵਿਚੋਂ ਕੀ ਖੱਟਿਆ? ਕਿਹੜੀਆਂ ਨੇ ਰਿਸ਼ੇਤਦਾਰੀਆਂ ਅਤੇ ਕਿਹੜੇ ਨੇ ਸੰਬੰਧ? ਕਿਹੜੇ ਨੇ ਯਾਰ-ਮਿੱਤਰ ਅਤੇ ਕਿਹੜੇ ਨੇ ਸਹਿਯੋਗੀ? ਇੰਜ ਪਤਾ ਲੱਗਦਾ ਕਿ ਇੱਥੇ ਤਾਂ ਹਰ ਵਿਅਕਤੀ ਹੀ ਰੋਗੀ, ਪਰ ਖ਼ੁਦ ਨੂੰ ਕਹਾਉਂਦਾ ਕਰਮਯੋਗੀ। ਅਜੇਹੇ ਵਕਤ ਇਕ ਪੀੜ-ਤਰੰਗ ਅੰਦਰ ਫਿਰ ਜਾਂਦੀ ਅਤੇ ਬੰਦੇ ਨੂੰ ਦੋਫਾੜ ਕਰ, ਖੁਦ ਦੇ ਸੱਚ ਨੂੰ ਦੁਨੀਆਂ ਸਾਹਵੇਂ ਪ੍ਰਗਟ ਕਰਦੀ।
ਕਦੇ ਕਦਾਈਂ ਬੰਦਾ ਉਦੋਂ ਵੀ ਆਪਣੇ ਆਪ ਨੂੰ ਮਿਲਣ ਲਈ ਲਾਚਾਰ ਹੀ ਹੋ ਜਾਂਦਾ ਜਦ ਉਹ ਆਪਣੀ ਔਲਾਦ ਵਲੋਂ ਹੀ ਦੁਰਕਾਰਿਆ ਜਾਂਦਾ। ਉਹ ਬੇਘਰਾ ਹੋ ਕੇ ਕਿਸੇ ਬਿਰਧ ਆਸ਼ਰਮ ਵਿਚ ਆ ਜਾਂਦਾ ਜਾਂ ਆਪਣੇ ਕੁੱਖੋਂ ਜਾਇਆਂ ਦੇ ਤਸ਼ਦੱਦ ਨੂੰ ਪਿੰਡੇ `ਤੇ ਹੰਢਾਉਂਦਾ ਅੰਦਰੋਂ ਵਾਰ ਵਾਰ ਮਰਦਿਆਂ, ਸਿਰਫ਼ ਜਿਊਣ ਦਾ ਉਲਾਹਮਾ ਹੀ ਹੁੰਦਾ। ਫਿਰ ਬੰਦੇ ਨੂੰ ਯਾਦ ਆਉਂਦਾ ਕਿ ਜਿਨ੍ਹਾਂ ਲਈ ਉਸਨੇ ਕਮਾਈਆਂ ਕੀਤੀਆਂ, ਆਪਣੇ ਜੀਵਨ ਨੂੰ ਦਾਅ `ਤੇ ਲਾਇਆ, ਰਾਤਾਂ ਦੀ ਨੀਂਦ ਹੰਘਾਲੀ ਅਤੇ ਆਪਣੀ ਬੇਆਰਾਮੀ ਵਿਚੋਂ ਵੀ ਆਪਣਿਆਂ ਦਾ ਲਾਹਾ ਭਾਲਦਾ ਰਿਹਾ, ਉਹ ਹੁਣ ਕਿੱਥੇ ਨੇ? ਤੇ ਬੰਦਾ ਆਪਣੇ ਅੰਦਰ ਉਤਰ ਕੇ ਸੋਚਦਾ ਕਿ ਉਸ ਕੋਲੋਂ ਕਿੱਥੇ ਕੁਤਾਹੀ ਹੋਈ? ਕਿਹੜੀ ਘਾਟ ਨੇ ਉਸਨੂੰ ਆਪਣਿਆਂ ਸਾਹਵੇਂ ਹੀਣਾ ਕੀਤਾ? ਉਹ ਕਿਉਂ ਨਾ ਉਸ ਵਕਤ ਆਪਣੇ ਬਾਰੇ ਸੋਚ ਸਕਿਆ ਜਦ ਸਮਾਂ, ਸਿਹਤ ਅਤੇ ਸਥਿਤੀਆਂ ਉਸਦੇ ਹੱਕ ਵਿਚ ਸਨ। ਉਸਨੇ ਅੰਨ੍ਹੀ ਦੌੜ ਵਿਚ ਆਪਣੇ ਜੀਵਨ ਦੀ ਸਮੁੱਚਤਾ ਨੂੰ ਵਿਅਰਥ ਹੀ ਗਵਾ ਲਿਆ।
ਜਦ ਕੋਈ ਬੰਦਾ ਕਿਸੇ ਧਾਰਮਿਕ ਅਸਥਾਨ `ਤੇ ਨਤਮਸਤਕ ਹੁੰਦਾ ਤਾਂ ਉਹ ਕੁਝ ਸਮੇਂ ਲਈ ਆਪਣੇ ਆਪ ਨੂੰ ਜ਼ਰੂਰ ਮਿਲਦਾ ਕਿ ਉਸਦੇ ਜੀਵਨ ਦਾ ਸੱਚ ਕੀ ਏ? ਜੀਵਨ-ਜਾਚ ਦੇ ਕੀ ਅਰਥ ਨੇ? ਜ਼ਿੰਦਗੀ ਦੀ ਸਾਰਥਿਕਤਾ ਨੂੰ ਕਿਵੇਂ ਮਾਣਿਆ ਜਾ ਸਕਦਾ ਅਤੇ ਜ਼ਿੰਦਗੀ ਦਾ ਲਾਹਾ ਕਿਵੇਂ ਲਿਆ ਜਾ ਸਕਦਾ? ਜ਼ਿੰਦਗੀ ਦੀਆਂ ਬਰਕਤਾਂ ਨੂੰ ਆਪਣੇ ਹੱਕ ਵਿਚ ਕਿਵੇਂ ਭੁਗਤਾਇਆ ਜਾ ਸਕਦਾ? ਪਰ ਇਹ ਮਿਲਣਾ ਬਹੁਤ ਹੀ ਥੋੜ੍ਹਚਿਰਾ ਹੀ ਹੁੰਦਾ। ਬਾਹਰ ਨਿਕਲ ਕੇ ਬੰਦਾ ਧਰਮ ਨੂੰ ਭੁੱਲ ਕੇ ਖੁਦ ਨੂੰ ਵੀ ਭੁੱਲ ਜਾਂਦਾ ਅਤੇ ਜੀਵਨ ਰੁਝੇਵਿਆਂ ਵਿਚ ਖ਼ੁਦ ਨੂੰ ਖ਼ਚਤ ਕਰ ਲੈਂਦਾ। ਤੇ ਸੋਚਦਾ ਕਿ;
ਬਹੁਤ ਸਫ਼ਰ ਕਰ ਲਿਆ ਤੇ ਬਹੁਤ ਕੀਤੀਆਂ ਕਮਾਈਆਂ
ਬਹੁਤ ਦੁਸ਼ਮਣੀਆਂ ਪਾਲੀਆਂ ਤੇ ਬੜੀਆਂ ਯਾਰੀਆਂ ਨਿਭਾਈਆਂ।
ਕਈ ਰਾਤਾਂ ਸੀ ਉਂਨੀਂਦਰੇ `ਚ ਅਸੀਂ ਨੈਣਾਂ `ਚ ਲੰਘਾਈਆਂ
ਸੱਚੇ ਸੁੱਚੇ ਸਾਹਾਂ ਉਤੇ ਕਈ ਤਲਖੀਆਂ ਲਿਖਾਈਆਂ
ਉਮਰਾਂ ਦੀ ਤਵਾਰੀਖ਼ ਨਾਲ, ਕਈ ਰੋਕੜਾਂ ਭਰਾਈਆਂ
ਆਪਣੇ ਤੋਂ ਵਿੱਥ ਪਾ ਕੇ ਦੂਸਰਿਆਂ ਨੂੰ ਜੱਫ਼ੀਆਂ ਪਾਈਆਂ
ਪਰ ਸਾਡੇ ਹਿੱਸੇ ਤਾਂ ਕਦੇ ਵੀ ਆਈਆਂ ਨਾ ਵਫ਼ਾਈਆਂ।
ਪਰ ਬੰਦਾ ਆਪਣੇ ਆਪ ਨੂੰ ਉਸ ਵੇਲੇ ਜ਼ਰੂਰ ਮਿਲਦਾ ਜਦ ਉਹ ਕਿਸੇ ਅਰਥੀ ਨੂੰ ਮੋਢੇ `ਤੇ ਧਰ ਸਿਵਿਆਂ ਵੱਲ ਜਾ ਰਿਹਾ ਹੋਵੇ। ਉਸਨੂੰ ਕੁਝ ਸਮੇਂ ਲਈ ਤਾਂ ਨਾਸ਼ਵਾਨ ਜੀਵਨ ਦੀ ਸੋਝੀ ਆਉਂਦੀ। ਉਹ ਮਨ ਹੀ ਮਨ ਆਪਣੇ ਜੀਵਨ ਨੂੰ ਸੁਚਾਰੂ ਅਤੇ ਸਦਭਾਵੀ ਰੂਪ ਵਿਚ ਜਿਊਣ ਦਾ ਅਹਿਦ ਤਾਂ ਕਰਦਾ। ਪਰ ਬਹੁਤ ਛੇਤੀ ਹੀ ਇਹ ਅਸਰ ਵੀ ਉਸਦੇ ਮਨ ਵਿਚੋਂ ਲਹਿ ਜਾਂਦਾ।
ਅਗਰ ਬੰਦਾ ਜੀਵਨ ਦੇ ਸੱਚ ਵਿਚੋਂ ਹੀ ਆਪਣੇ ਆਪ ਨੂੰ ਮਿਲਣ ਅਤੇ ਜੀਵਨ ਨੂੰ ਆਪਣੇ ਰੰਗ ਵਿਚ ਮਾਨਣ ਅਤੇ ਜੀਵਨ ਦੀ ਸੁੱਚਮਤਾ ਅਤੇ ਸੁਹੰਢਣਾ ਨੂੰ ਆਪਣਾ ਹਾਸਲ ਬਣਾ ਲਵੇ ਤਾਂ ਬੰਦੇ ਦਾ ਆਪਣੇ ਆਪ ਨੂੰ ਮਿਲਣਾ ਅਰਥਮਈ ਹੋ ਜਾਂਦਾ। ਮੇਰਾ ਦੋਸਤ ਅਕਸਰ ਹੀ ਕਹਿੰਦਾ ਕਿ ਜਦ ਮੈਂ ਬਹੁਤ ਉਦਾਸ ਜਾਂ ਮਾਯੂਸ ਹੋਵਾਂ ਤਾਂ ਮੈਂ ਆਪਣੇ ਦੋਸਤ ਦੇ ਫਿਊਨਰਲ ਹੋਮ ਵਿਚ ਉਸਨੂੰ ਮਿਲਣ ਚਲੇ ਜਾਂਦਾ ਅਤੇ ਉਥੇ ਬੈਠ ਕੇ ਪਤਾ ਲੱਗਾ ਜਾਂਦਾ ਕਿ ਜੀਵਨ ਕੀ ਏ? ਫਿਰ ਸਮਝ ਆਉਂਦੀ ਕਿ ਜੀਵਨ ਨੂੰ ਵਰਤਮਾਨ ਵਿਚ ਜੀਓ। ਕਦੇ ਵੀ ਬੀਤੇ ਨੂੰ ਯਾਦ ਨਾ ਕਰੋ ਅਤੇ ਨਾ ਹੀ ਭਵਿੱਖ ਦੀ ਚਿੰਤਾ ਕਰੋ। ਪਤਾ ਨਹੀਂ ਕਦੋਂ ਇਕ ਲਾਸ਼ ਬਣ, ਮਿੱਤਰ-ਪਿਆਰਿਆਂ ਦੇ ਕੰਧਾੜੇ ਚੜ੍ਹ ਸਿਵਿਆਂ ਵੱਲ ਤੁਰ ਪੈਣਾ ਅਤੇ ਬੰਦੇ ਨੇ ਮਿੱਟੀ ਸੰਗ ਮਿੱਟੀ ਹੋ ਜਾਣਾ। ਸੋ ਮੈਂ ਆਪਣੇ ਮਿੱਤਰ ਨਾਲ ਕੁਝ ਸਮਾਂ ਬਿਤਾ, ਜ਼ਿੰਦਗੀ ਦੇ ਜਸ਼ਨਮਈ ਰੰਗ ਵਿਚ ਰੰਗਿਆ, ਆਪਣੇ ਆਪ ਨੂੰ ਮਿਲ ਕੇ ਬਹੁਤ ਖੁਸ਼ ਹੁੰਦਾ ਹਾਂ ਅਤੇ ਮੇਰਾ ਕੁਝ ਸਮਾਂ ਬਹੁਤ ਹੀ ਹੁਸੀਨ ਅਤੇ ਖੁਸ਼-ਮਿਜ਼ਾਜ਼ੀ ਸੰਗ ਲੰਘ ਜਾਂਦਾ।
ਬੰਦੇ ਨੂੰ ਜੀਵਨ ਸਿਰਫ਼ ਇਕ ਹੀ ਮਿਲਣਾ ਅਤੇ ਇਸ ਜੀਵਨ ਨੂੰ ਕਿਵੇਂ ਜੀਵਿਆ, ਇਹੀ ਅਰਥ ਰੱਖਦਾ। ਤੁਹਾਡੇ ਮਨ ਵਿਚ ਇਸ ਸੰਸਾਰ ਤੋਂ ਜਾਣ ਲੱਗਿਆਂ ਕੋਈ ਸ਼ਿਕਵਾ, ਰੋਸਾ, ਗਿਲਾ, ਅਪੂਰਨ ਤਮੰਨਾਵਾਂ ਜਾਂ ਸੁਪਨਿਆਂ ਦੇ ਸੱਚ ਤੋਂ ਵਿਰਵਾ ਰਹਿਣ ਦਾ ਗ਼ਮ ਨਾ ਰਹੇ। ਇਸ ਲਈ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਨਿੱਠ ਕੇ ਮਿਲੋ। ਆਪਣੇ ਆਪ ਨੂੰ ਪਿਆਰ ਕਰੋ। ਆਪਣੇ ਆਪ ਦੀ ਇੱਜ਼ਤ ਕਰੋ, ਆਪਣਾ ਮਾਣ-ਸਨਮਾਨ ਕਰੋ ਕਿਉਂਕਿ ਜੇ ਤੁਸੀਂ ਖ਼ੁਦ ਦਾ ਸਨਮਾਨ ਨਹੀਂ ਕਰੋਗੇ ਤਾਂ ਕੌਣ ਕਰੇਗਾ ਤੁਹਾਡਾ ਇੱਜ਼ਤ-ਮਾਣ? ਇਸ ਲਈ ਸਭ ਤੋਂ ਅਹਿਮ ਹੁੰਦਾ ਏ ਕਿ ਬੰਦੇ ਨੂੰ ਪਤਾ ਹੋਵੇ ਕਿ ਉਹ ਕੌਣ ਹੈ, ਉਸ ਦੀਆਂ ਤਰਜੀਹਾਂ ਕਿਹੜੀਆਂ ਨੇ, ਉਸਦੇ ਸੁਪਨੇ ਕਿਸ ਰੰਗ ਦੇ ਨੇ, ਉਸਦੇ ਪੈਰਾਂ ਵਿਚ ਉਗੇ ਸਫ਼ਰ ਦਾ ਸਿਰਨਾਵਾਂ ਕੀ ਏ ਅਤੇ ਉਸਦੀ ਆਪਣੇ ਆਪ ਨਾਲ ਕਿੰਨੀ ਕੁ ਨੇੜਤਾ ਏ?
ਆਪਣੇ ਆਪ ਨੂੰ ਮਿਲ ਕੇ ਗਲਵੱਕੜੀ ਵਿਚ ਲਿਆ ਕਰੋ। ਆਪਣੀਆਂ ਪ੍ਰਾਪਤੀਆਂ ਅਤੇ ਕਮਾਈਆਂ ਦਾ ਜਸ਼ਨ ਮਨਾਇਆ ਕਰੋ। ਜ਼ਿੰਦਗੀ ਦੇ ਸੂਹੇ ਰੰਗਾਂ ਵਿਚ ਖ਼ੁਦ ਨੂੰ ਰੰਗੋ। ਸੰਧੂਰੀ ਰੰਗ ਵਿਚ ਰੰਗੇ ਰਿਹਾ ਕਰੋ ਤਾਂ ਕਿ ਬਾਅਦ ਵਿਚ ਕੋਈ ਸ਼ਿਕਨ ਤੁਹਾਡੇ ਮੱਥੇ `ਤੇ ਨਾ ਉਭਰੇ ਕਿ ਰਾਂਗਲੇ ਸਮੇਂ ਨੂੰ ਅਜਾਈਂ ਹੀ ਗਵਾ ਦਿੱਤਾ। ਆਪਣੇ ਚਾਵਾਂ, ਭਾਵਾਂ, ਦੁਆਵਾਂ ਅਤੇ ਅਦਾਵਾਂ ਵਿਚੋਂ ਆਪਣੀ ਉਚਤਾ ਨੂੰ ਕਿਆਸਿਆ ਕਰੋ। ਫਿਰ ਖਿੜਿਆ ਹੋਇਆ ਆਪਾ, ਆਪੇ ਹੀ ਸ਼ਗਨਾਂ ਅਤੇ ਜਸ਼ਨਾਂ ਵਿਚ ਰੰਗੀਨ ਹੋ ਜਾਵੇਗਾ।
ਜੀਵਨ ਦਾ ਮੂਲ ਮੰਤਰ ਹੈ ਕਿ “ਖੁਦ ਨੂੰ ਮਿਲੋ”। ਖੁਦ ਵਿਚ ਰਹੋ। ਖ਼ੁਦ ਨੂੰ ਖ਼ੁਦ ਪੜ੍ਹੋ। ਖ਼ੁਦ ਨੂੰ ਜਾਣੋ ਅਤੇ ਪਛਾਣੋ। ਖੁਦ ਨੂੰ ਸਾਧੋ ਅਤੇ ਜ਼ਿੰਦਗੀ ਲਈ ਰੋਸ਼ਨ ਰਾਹਾਂ ਸਿਰਜੋ। ਯਾਦ ਰੱਖੋ ਕਿ ਤੁਹਾਡੇ ਨਾਲੋਂ ਕੋਈ ਹੋਰ ਬਿਹਤਰ ਤਰੀਕੇ ਨਾਲ ਤੁਹਾਨੂੰ ਸਮਝ ਨਹੀਂ ਸਕਦਾ ਅਤੇ ਨਾ ਹੀ ਮਿਲ ਕੇ ਸਕੂਨ ਅਤੇ ਸੁੱਖਨ ਅਰਪਿਤ ਕਰ ਸਕਦਾ।
ਬੰਦਿਆ! ਆਪੇ ਆਪ ਨੂੰ ਜ਼ਰੂਰ ਮਿਲੀਂ ਕਿਉਂਕਿ ਕਈ ਵਾਰ ਅਸੀਂ ਨਿੱਕਾ ਜਿਹਾ ਛੱਪੜ ਹੁੰਦਿਆਂ ਵੀ ਖੁLਦ ਨੂੰ ਸਮੁੰਦਰ ਸਮਝਣ ਦੀ ਗੁਸਤਾਖ਼ੀ ਕਰ ਬੈਠਦੇ ਹਾਂ।
ਦੱਸਣਾ! ਤੁਸੀਂ ਕਦੇ ਆਪਣੇ ਆਪ ਨੂੰ ਮਿਲੋ ਹੋ? ਜੇ ਨਹੀਂ ਮਿਲੇ ਤਾਂ ਕਦੇ ਵਕਤ ਕੱਢ ਕੇ ਆਪਣੇ ਆਪ ਨੂੰ ਜ਼ਰੂਰ ਮਿਲਣਾ। ਤੁਹਾਨੂੰ ਆਪਣੇ ਨਾਲ ਮਿਲਣਾ ਬਹੁਤ ਚੰਗਾ ਲੱਗੇਗਾ।