ਨਰੀਮਨ ਦਾ ਵਿਛੋੜਾ: ਇਕ ਯੁਗ ਦਾ ਅੰਤ

70 ਸਾਲ ਕਾਨੂੰਨ ਦੀ ਦੁਨੀਆ ਵਿਚ ਕੀਤਾ ਰਾਜ
ਕਰਮਜੀਤ ਸਿੰਘ ਚੰਡੀਗੜ੍ਹ
ਸੀਨੀਅਰ ਪੱਤਰਕਾਰ
99150-91063
ਕੁਝ ਦਿਨ ਪਹਿਲਾਂ ਇੱਕ ਬਹੁਤ ਹੀ ਵੱਡਾ ਬੰਦਾ ਧਰਤੀ ਤੋਂ ਵਿਦਾ ਹੋਇਆ, ਜਿਸ ਨੂੰ ਕਿਸੇ ‘ਧਿਆਨ ਦੀ ਅੱਖ’ ਨਾਲ ਵੇਖਣ ਲਈ ਸਮਾਂ ਨਹੀਂ ਕੱਢਿਆ। ਫਲੀ ਸੈਮ ਨਰੀਮਨ(10 ਜਨਵਰੀ 1929-21ਫਰਵਰੀ 2024) ਭਾਰਤ ਦੇ ਉਗਲਾਂ ‘ਤੇ ਗਿਣੇ ਜਾਣ ਵਾਲੇ ਵਿਅਕਤੀਆਂ ਵਿਚੋਂ ਇਕ ਸਨ, ਜਿਨ੍ਹਾਂ ਨੇ 70 ਸਾਲ ਤੋਂ ਵੀ ਵੱਧ ਕਾਨੂੰਨ ਦੀ ਦੁਨੀਆ ਉੱਤੇ ਹਕੂਮਤ ਕੀਤੀ ਅਤੇ ਕਿਹਾ ਜਾਂਦਾ ਹੈ ਕਿ ਕਾਨੂੰਨ ਉਨ੍ਹਾਂ ਲਈ ਤੇ ਉਹ ਕਾਨੂੰਨ ਲਈ ਹੀ ਬਣੇ ਹੋਏ ਸਨ।

ਭਾਰਤੀ ਸੰਵਿਧਾਨ ਦੀ ਇੰਨੀ ਗਹਿਰੀ ਗੰਭੀਰ, ਸੁਘੜ ਸਿਆਣੀ, ਅਤੀ ਬਰੀਕ ਤੇ ਸੂਖਮ ਸਮਝ ਦੀ ਸੌਗਾਤ ਉਨ੍ਹਾਂ ਨੂੰ ਹੀ ਮਿਲੀ ਸੀ। ਇੱਕ ਬੜੇ ਵੱਡੇ ਵਕੀਲ ਨੇ ਤਾਂ ਇਥੋਂ ਤੱਕ ਵੀ ਕਿਹਾ ਕਿ ਉਹ ਸੰਵਿਧਾਨ ਦਾ ਮਹਾਬਲੀ, ਭੀਸ਼ਮ ਪਿਤਾਮਾ ਅਤੇ ਕਾਂਸਟੀਟਿਊਸ਼ਨਲ ਚਡਅਰ ਸੀ। ਕਿਸੇ ਸਮੇਂ ਰੂਸ ਵਿਚ ਇਹ ਅਹਿਮ ਰੁਤਬਾ ਸੀ ਅਤੇ ਜਿਸ ਨੂੰ ਇਹ ਰੁਤਬਾ ਮਿਲਦਾ ਸੀ, ਰੂਸੀ ਲੋਕਾਂ ਦੀ ਕਿਸਮਤ ਉਸੇ ਦੇ ਹੀ ਹੱਥ ਵਿਚ ਹੁੰਦੀ ਸੀ।
ਪਰ ਦੋਸਤੋ, ਉਹ ਜਿਸ ਦਿਲਕਸ਼ ਤੇ ਬੇਬਾਕ ਅੰਦਾਜ਼ ਵਿਚ ਦਲੀਲਾਂ ਅਤੇ ਕਾਨੂੰਨੀ ਦਲੀਲਾਂ ਦੇ ਵੱਡੇ ਖਜ਼ਾਨੇ ਨਾਲ ਲੈਸ ਹੋ ਕੇ ਜਿਸ ਸਪਸ਼ਟਤਾ ਅਤੇ ਵਿਸ਼ਵਾਸ ਨਾਲ ਅਦਾਲਤਾਂ ਅੰਦਰ ਸੰਵਿਧਾਨ ਅਤੇ ਕਾਨੂੰਨ ਦੀ ਵਿਆਖਿਆ ਕਰਦੇ ਸਨ, ਉਸ ਦਾ ਆਨੰਦ ਇਕੋ ਸਮੇਂ ਵੱਡੇ ਵੱਡੇ ਸਿਆਣੇ ਅਤੇ ਦਾਨੇ-ਬੀਨੇ ਵੀ ਮਾਣ ਸਕਦੇ ਸਨ ਅਤੇ ਨਾਲ ਹੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਰਹਿਣ ਵਾਲੇ ਸਧਾਰਨ ਲੋਕਾਂ ਦੀ ਵੀ ਕਾਨੂੰਨ ਵਿਚ ਦਿਲਚਸਪੀ ਪੈਦਾ ਹੋ ਜਾਂਦੀ ਸੀ। ਇਸੇ ਲਈ ਉਨਾਂ ਨੂੰ ਜਨਤਕ ਬੁੱਧੀਜੀਵੀ ਵੀ ਕਿਹਾ ਜਾਂਦਾ ਹੈ।
ਉਨ੍ਹਾਂ ਦੇ ਤੁਰ ਜਾਣ ‘ਤੇ ਜਿਹੜੇ ਲੋਕ ਉਦਾਸ ਹੋਏ, ਸੱਚੀ-ਮੁੱਚੀ ਉਨ੍ਹਾਂ ਵਿਚ ਵਿਰੋਧੀ ਤੇ ਹਮਾਇਤੀ ਦੋਵੇਂ ਸ਼ਾਮਿਲ ਹਨ। ਦਰਅਸਲ ਉਹ ਜਿੰਨਾ ਚਿਰ ਇਸ ਦੁਨੀਆ ਵਿਚ ਜੀਵੇ, ਉਹ ਹਰ ਇੱਕ ਦੀਆਂ ਨਜ਼ਰਾਂ ਵਿਚ ਨਿਰਭਉ ਤੇ ਨਿਰਵੈਰ ਹੀ ਬਣੇ ਰਹੇ। ਇਹੋ ਜਿਹਾ ਮਾਣ-ਸਨਮਾਨ ਵਿਰਲਿਆਂ ਵਿਚੋਂ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਹੈ। ਨਰੀਮਨ ਨੇ ਬਹੁਤ ਸਾਰੇ ਕੇਸਾਂ ਵਿਚ ਸ਼ਮੂਲੀਅਤ ਕੀਤੀ ਜਾਂ ਅਗਵਾਈ ਕੀਤੀ, ਪਰ ਜਦੋਂ ਉਹ ਅਦਾਲਤ ਵਿਚ ਖੜੋ ਜਾਂਦੇ ਸਨ ਤਾਂ ਹਰ ਇੱਕ ਨੂੰ ਇਉਂ ਲੱਗਦਾ ਸੀ ਜਿਵੇਂ ਜਿੱਤ ਦਾ ਫੈਸਲਾ ਨਰੀਮਨ ਦੇ ਹੱਕ ਵਿਚ ਹੋ ਹੀ ਚੁੱਕਾ ਹੈ ਸ਼ਾਇਦ ਸੁਣ ਰਹੇ ਜੱਜਾਂ ਨੂੰ ਵੀ ਇਹੋ ਹੀ ਲੱਗਦਾ ਸੀ।
ਗੋਲਕ ਨਾਥ ਕੇਸ 1967, ਕੇਸ਼ਵਨੰਦ ਭਾਰਤੀ ਕੇਸ 1973 ਵਿਚ,ਉਹ ਮਸ਼ਹੂਰ ਵਕੀਲ ਪਾਲਕੀਵਾਲਾ ਦੇ ਨਾਲ ਖਲੋਤੇ ਜਦੋਂ ਵੱਡੇ ਫੈਸਲਿਆਂ ਨੇ ਕਾਨੂੰਨ ਅਤੇ ਰਾਜਨੀਤਿਕ ਦੁਨੀਆ ਦੀਆਂ ਮਹਿਫਲਾਂ ਵਿਚ ਤਹਿਲਕਾ ਮੱਚਾ ਦਿਤਾ ਕਿ ਪਾਰਲੀਮੈਂਟ ਭਾਵੇਂ ਕਿੰਨੀ ਵੀ ਸੁਪਰੀਮ ਕਿਉਂ ਨਾ ਹੋਵੇ, ਪਰ ਉਹ ਸੰਵਿਧਾਨ ਦੇ ਉਸ ਬੁਨਿਆਦੀ ਢਾਂਚੇ ਨੂੰ ਨਹੀਂ ਬਦਲ ਸਕਦੀ, ਜਿਸ ਦਾ ਗੂੜਾ ਰਿਸ਼ਤਾ ਬੁਨਿਆਦੀ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ। ਵੈਸੇ ਅੱਜ ਕੱਲ ਜਿਵੇਂ ਦੇਸ਼ ਦੇ ਹਾਲਾਤ ਹਨ, ਉਸ ਨਾਲ ਨਰੀਮਨ ਨੂੰ ਇੱਕ ਅਣਦਿਸਦਾ ਡਰ ਤਾਂ ਜ਼ਰੂਰ ਹੀ ਲੱਗਦਾ ਸੀ ਕਿ ਕਿਤੇ ਕਿਸੇ ਕਾਨੂੰਨ ਰਾਹੀਂ ਬੁਨਿਆਦੀ ਢਾਂਚੇ ਨੂੰ ਉਖੇੜ ਹੀ ਨਾ ਦਿੱਤਾ ਜਾਵੇ। ਪਰ ਫਿਰ ਵੀ ਇੱਕ ਮੁਲਾਕਾਤ ਵਿਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਦਿਨ ਆ ਸਕਦਾ ਹੈ ਜਦੋਂ ਬੁਨਿਆਦੀ ਢਾਂਚੇ ਵਿਚ ਤਰਮੀਮ ਕਰ ਦਿੱਤੀ ਜਾਵੇਗੀ ਤਾਂ ਜਵਾਬ ਆਇਆ ਕਿ ‘ਨਹੀਂ, ਕੋਈ ਵੀ ਦਾਨਿਸ਼ਵਰ ਜੱਜ ਉਸ ਉੱਤੇ ਪਹਿਰਾ ਦੇਵੇਗਾ। ਚੰਗੀ ਕਿਸਮਤ ਹ ੈਕਿ ਸਾਡੇ ਕੋਲ ਇਹੋ ਜਿਹੇ ਦਾਨਸ਼ਵਰ ਜੱਜ ਅਜੇ ਹੈਗੇ ਨੇ।’
ਬਹੁਤ ਸਾਰੀਆਂ ਕੀਮਤੀ, ਨਾਯਾਬ ਤੇ ਜ਼ਿੰਦਗੀ ਭਰ ਯਾਦ ਕਰਨ ਤੇ ਸਾਂਭ ਸਾਂਭ ਕੇ ਰੱਖਣ ਵਾਲੀਆਂ ਬਹੁਤ ਗੱਲਾਂ ਹਨ-ਇਸ ਵੱਡੀ ਸ਼ਖਸ਼ੀਅਤ ਬਾਰੇ, ਪਰ ਤੁਹਾਡੇ ਕੋਲ ਵੀ ਸਮਾਂ ਤੇ ਸਬਰ ਨਹੀਂ ਕਿ ਤੁਸੀਂ ਉਹ ਸਭ ਕੁਝ ਸੁਣ ਸਕੋ।
ਕੁਝ ਰਸਮੀ ਤੇ ਮੁਢਲੀਆਂ ਗੱਲਾਂ ਜੋ ਹਰ ਇਨਸਾਨ ਬਾਰੇ ਦੱਸਣੀਆਂ ਬਣਦੀਆਂ ਹਨ ਜੋ ਇਸ ਦੁਨੀਆ ਵਿਚ ਆਉਂਦਾ ਹੈ। ਨਰੀਮਨ ਰੰਗੂਨ (ਬਰਮਾ) ਵਿਚ ਪੈਦਾ ਹੋਏ। ਦੂਜੀ ਸੰਸਾਰ ਜੰਗ ਸਮੇਂ ਜਦੋਂ ਜਪਾਨ ਨੇ ਬਰਮਾ ਉੱਤੇ ਹਮਲਾ ਕੀਤਾ ਤਾਂ ਪਰਿਵਾਰ ਭੱਜ ਕੇ ਭਾਰਤ ਆ ਗਿਆ। ਬਿਸ਼ਪ ਕਾਟਨ ਸਕੂਲ ਸ਼ਿਮਲਾ ਵਿਚ ਪੜ੍ਹਾਈ ਕੀਤੀ। ਫਿਰ ਬੰਬਈ (ਹੁਣ ਮੁੰਬਈ) ਵਿਚ ਬੀ ਏ ਪਰ ਸੈਕੰਡ ਕਲਾਸ ਵਿਚ ਹੀ। ਪਿਤਾ ਆਈ ਏ ਐਸ ਵਿਚ ਭੇਜਣਾ ਚਾਹੁੰਦਾ ਸੀ ਪਰ ਮੁੰਡਾ ਉਧਰ ਜਾ ਨਹੀਂ ਸੀ ਸਕਦਾ। ਇਸ ਲਈ ਕਾਨੂੰਨ ਦੀ ਚੋਣ ਹੀ ਕਰਨੀ ਪਈ। ਵੈਸੇ ਦਿਲਚਸਪ ਗੱਲ ਹੈ ਕਿ ਨਰੀਮਨ ‘ਕਰਮਾਂ ਦੀ ਥਿਊਰੀ’ ਵਿਚ ਵੀ ਯਕੀਨ ਰੱਖਦੇ ਸਨ। ਇੱਕ ਮੁਲਾਕਾਤ ਵਿਚ ਸ਼ੈਕਸਪੀਅਰ ਦੇ ਹਵਾਲੇ ਨਾਲ ਫਰਮਾਉਂਦੇ ਹਨ ਕਿ ਸਭ ਕੁਝ ਬੰਦੇ ਦੇ ਵੱਸ ਵਿਚ ਨਹੀਂ ਹੁੰਦਾ।
ਕਿਸੇ ਸਮੇਂ ਮੁੰਬਈ ਦਾ ਗੌਰਮੈਂਟ ਲਾਅ ਕਾਲਜ ਬੜਾ ਮਸ਼ਹੂਰ ਸੀ, ਜਿੱਥੋਂ ਨਰੀਮਨ ਨੇ ਕਾਨੂੰਨ ਦੀ ਪੜ੍ਹਾਈ ਕੀਤੀ। ਇਸ ਕਾਲਜ ਵਿਚ ਪੜ੍ਹਨ ਵਾਲੇ ਅਤੇ ਪੜ੍ਹ ਕੇ ਆਏ ਵਕੀਲ ਦੱਸਦੇ ਹਨ ਕਿ ਇਹ ਉਹ ਕਾਲਜ ਸੀ ਜਿੱਥੇ ਪੜ੍ਹਦਿਆਂ ਪੜ੍ਹਦਿਆਂ ਕਾਨੂੰਨ ਅਤੇ ਜ਼ਿੰਦਗੀ ਦਾ ਗਿਆਨ ਤੇ ਖਜ਼ਾਨਾ ਕਾਲਜ ਦੇ ਅੰਦਰੋਂ ਤਾਂ ਮਿਲਦਾ ਹੀ ਸੀ ਪਰ ਬਾਹਰੋਂ ਕਿਤੇ ਹੋਰ ਜ਼ਿਆਦਾ ਹਾਸਲ ਹੁੰਦਾ ਸੀ। ਪਰ ਹੁਣ ਤਾਂ ਬਹੁਤੇ ਕਾਲਜ ਵਪਾਰ ਦੇ ਹੀ ਅੱਡੇ ਬਣੇ ਹੋਏ ਹਨ। ਕਿਤੇ ਕਿਤੇ ਹੀ ‘ਹਰਿਓ ਬੂਟ’ ਦੇ ਸੰਕਲਪ ਨਾਲ ਜੁੜੀਆਂ ਸਿਆਣਪਾਂ ਤੇ ਹਕੀਕਤਾਂ ਦੇ ਦੀਦਾਰ ਹੋਣਗੇ।
ਇੱਕ ਹੋਰ ਗੱਲ ਜੋ ਸਾਡੀ ਕੌਮ ਲਈ ਵੀ ਹੈ। ਜਨਾਬ ਨਰੀਮਨ ਘੱਟ ਗਿਣਤੀਆਂ ਅਤੇ ਹਾਸ਼ੀਏ ਉੱਤੇ ਰਹਿਣ ਵਾਲੀਆਂ ਬਰਾਦਰੀਆਂ ਦੇ ਵੀ ਨਾਲ ਖਲੋਇਆ ਕਰਦੇ ਸਨ। ਖੁਦ ਪਾਰਸੀ ਸਨ ਪਰ ਆਪਣੀ ਕੌਮ ਨੂੰ ਬਹੁਤ ਪਿਆਰ ਕਰਦੇ ਸਨ। ਇੱਕ ਥਾਂ ਕਹਿੰਦੇ ਹਨ ਕਿ ਸਾਡੀ ਕੌਮ ਨਗੂਣੀ ਜਿਹੀ ਛੋਟੀ ਕੌਮ (70 ਹਜ਼ਾਰ ਤੋਂ ਵੀ ਘੱਟ) ਹੈ ਪਰ ਅਸੀਂ ਕਾਨੂੰਨ, ਮੈਡੀਕਲ ਤੇ ਵਪਾਰ ਦੀ ਦੁਨੀਆ ਵਿਚ ਵੱਡੀ ਅਤੇ ਸਤਿਕਾਰਯੋਗ ਥਾਂ ਬਣਾਈ ਹੋਈ ਹੈ। ਕੀ ਤੁਹਾਨੂੰ ਪਤਾ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਵਕੀਲ ਨਾਨੀ ਪਾਲਕੀ ਵਾਲਾ, ਸੋਲੀ ਸਰਾਬ ਜੀ, ਐਚ ਐਮ ਸੀਰਵਾਈ ਵੀ ਪਾਰਸੀ ਸਨ। ਨਰੀਮਨ ਸਮੇਤ ਇਹ ਚਾਰੋਂ ਕਾਨੂੰਨ ਦੇ ਵੱਡੇ ਥੰਮ ਸਨ ਅਤੇ ਸ਼ਾਇਦ ਹੀ ਇਹੋ ਜਿਹੇ ਚਾਰੇ ਇਕੱਠੇ ਫਿਰ ਕਦੇ ਕਿਸੇ ਦੌਰ ਦੀ ਤਕਦੀਰ ਵਿਚ ਲਿਖੇ ਹੋਣ।
ਨਰੀਮਨ ਦੀ ਇੱਕ ਹੋਰ ਟਿੱਪਣੀ ਆਪਣੀ ਕੌਮ ਬਾਰੇ ਇਹ ਹੈ ਕਿ ਭਾਵੇਂ ਅਸੀਂ ਥੋੜੇ ਹਾਂ,ਪਰ ਸਾਡਾ ਧਰਮ ਸਾਨੂੰ ਇਹ ਸਿਖਾਉਂਦਾ ਹੈ ਕਿ ਇਖਲਾਕ ਵਾਲੇ ਇਨਸਾਨ ਕਿਵੇਂ ਬਣਨਾ ਹੈ। ਉਨ੍ਹਾਂ ਕਿਹਾ ਕਿ ਪਾਰਸੀ ਇਸ ਅਦੁਤੀ ਬਖਸ਼ਿਸ਼ ਨੂੰ ਸ਼ਬਦਾਂ ਵਿਚ ਦੱਸ ਨਹੀਂ ਸਕਦੇ ਪਰ ਇਸ ਬਖਸ਼ਿਸ਼ ਵਿਚ ਜਿਉਂਦੇ ਜ਼ਰੂਰ ਹਨ। ਸ਼ਾਇਦ ਘੱਟ ਗਿਣਤੀ ਹੋਣ ਦਾ ਦਰਦ ਹੀ ਸੀ ਕਿ ਇੱਕ ਪਾਰਸੀ ਸੈਮ ਮਾਣਕ ਸ਼ਾਹ ਫੌਜ ਦਾ ਮੁਖੀ ਬਣਿਆ, ਰਤਨ ਟਾਟਾ ਮਿਸਤਰੀ, ਅਤੇ ਵਾਦੀਆ ਪਰਿਵਾਰ ਨੇ ਵਪਾਰ ਵਿਚ ਬੁਲੰਦੀਆਂ ਛੂਹੀਆਂ। ਇਹ ਜਾਣਕਾਰੀ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਹੋਵੇਗੀ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪਤੀ ਫਿਰੋਜ਼ ਗਾਂਧੀ ਵੀ ਪਾਰਸੀ ਹੀ ਸੀ। ਫਾਰੂਕ ਸ਼ੇਖ, ਫਰਹਾਨ ਅਖਤਰ, ਜੌਹਨ ਅਬਰਹਮ, ਡੇਜ਼ੀ ਇਰਾਨੀ, ਫਰਾਹ ਖਾਨ ਅਤੇ ਕਿੰਨੇ ਹੋਰ ਵੱਡੇ ਕਾਰ ਕਲਾਕਾਰ ਇਸੇ ਹੀ ਕੌਮ ਨੇ ਪੈਦਾ ਕੀਤੇ ਹਨ। ਭਰਪੂਰ ਜਾਣਕਾਰੀ ਲਈ ਜ਼ਰਾਸਟਰੀਅਨ, ਨੈਟ ਨਾਲ ਰਿਸ਼ਤਾ ਜੋੜੋ। 70 ਹਜ਼ਾਰ ਦੀ ਕੌਮ ਨੇ ਜੇ ਕਾਨੂੰਨ ਦੇ ਖੇਤਰ ਵਿਚ ਇਨੇ ਵੱਡੇ ਬੰਦੇ ਪੈਦਾ ਕੀਤੇ ਹਨ ਤਾਂ ਕੀ ਕਾਰਨ ਹੈ ਕਿ ਦੋ ਕਰੋੜ ਦੀ ਸਿੱਖ ਕੌਮ ਅੰਤਰਰਾਸ਼ਟਰੀ ਪੱਧਰ ਦੇ ਚਾਰ ਪੰਜ ਵੱਡੇ ਵਕੀਲ ਵੀ ਕਿਉਂ ਪੈਦਾ ਨਹੀਂ ਕਰ ਸਕੀ? ਇਸ ਸਵਾਲ ਦਾ ਜਵਾਬ ਕਿਸ ਕੋਲੋਂ ਮੰਗੀਏ?
ਕਿਸੇ ਵੀ ਪਟੀਸ਼ਨ ਜਾਂ ਕਿਸੇ ਮੁੱਦੇ ਦੀ ਇਬਾਰਤ ਤਿਆਰ ਕਰਨੀ ਹੁਨਰ ਨਹੀਂ ਪਰ ਕਲਾ ਹੈ। ਇਹ ਬੜਾ ਮੁਸ਼ਕਲ ਕੰਮ ਹੈ ਜਦੋਂ ਬਾਰੀਕੀਆਂ ਅਤੇ ਗੁੰਝਲਦਾਰ ਤੱਥਾਂ ਤੇ ਵਿਚਾਰਾਂ ਨੂੰ ਸਾਦਗੀ ਅਤੇ ਸਪਸ਼ਟਤਾ ਵਿਚ ਰੰਗਣਾ ਹੁੰਦਾ ਹੈ ਤਾਂ ਜੋ ਇਹ ਪਟੀਸ਼ਨ ਤੱਥ-ਅਧਾਰਤ ਕਵਿਤਾ ਵਾਂਗ ਲੱਗੇ ਅਤੇ ਇੰਜ ਲੱਗੇ ਕਿ ਤੁਸੀਂ ਜੱਜ ਨੂੰ ਆਪਣੀ ਗੱਲ ਮੁਕਦਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਨਾ ਲਈ ਹੈ। ਨਰੀਮਨ ਇਸ ਕਲਾ ਵਿਚ ਪੂਰੀ ਤਰ੍ਹਾਂ ਨਿਪੁੰਨ ਸਨ ਅਤੇ ਕਈ ਵਾਰ ‘ਸ਼ੁੱਧਤਾ’ ਦੀ ਅਵਸਥਾ ਤੱਕ ਪਹੁੰਚਣ ਲਈ ਕਿਸੇ ਪਟੀਸ਼ਨ ਦਾ ਖਰੜਾ ਪੰਜ ਵਾਰ ਕੱਟ-ਵੱਢ ਦੇ ਦੌਰ ਵਿਚੋਂ ਵੀ ਨਿਕਲਦਾ ਸੀ। ਇਹੋ ਗੱਲ ਸੀ ਕਿ ਗਵਾਂਢੀ ਮੁਲਕ ਬੰਗਲਾ ਦੇਸ਼ ਦੇ ਵਿਦੇਸ਼ ਮੰਤਰੀ ਨੇ ਆਪਣੇ ਮੁਲਕ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਨਰੀਮਨ ਦੇ ਬੂਹੇ ਉੱਤੇ ਹੀ ਦਸਤਕ ਦਿੱਤੀ।
ਘੱਟ ਗਿਣਤੀਆਂ ਨਾਲ ਜੁੜੀਆਂ ਵਿਦਿਅਕ ਸੰਸਥਾਵਾਂ ਦੇ ਮਾਮਲੇ ਵਿਚ ‘ਟੀਐਮਏ ਪਾਈ ਫਾਊਂਡੇਸ਼ਨ ਕੇਸ’ ਵਿਚ ਨਰੀਮਨ ਜਿੱਤਿਆ ਅਤੇ ਸਿੱਧ ਕੀਤਾ ਕਿ ਘੱਟ ਗਿਣਤੀਆਂ ਨੂੰ ਆਪਣੀਆਂ ਵਿਦਿਅਕ ਸੰਸਥਾਵਾਂ ਸਥਾਪਤ ਕਰਨ ਅਤੇ ਇਨ੍ਹਾਂ ਦਾ ਪ੍ਰਬੰਧ ਕਰਨ ਦਾ ਪੂਰਾ ਪੂਰਾ ਹੱਕ ਹੈ। ਨਰੀਮਨ ਅਹੁਦਿਆਂ ਦੇ ਲਾਲਚ ਤੋਂ ਪੂਰੀ ਤਰ੍ਹਾਂ ਮੁਕਤ ਸਨ। ਜਦੋਂ ਜੂਨ 1975 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕੀਤਾ ਤਾਂ ਐਲਾਨ ਦੇ ਕੁਝ ਹੀ ਘੰਟਿਆਂ ਪਿੱਛੋਂ ਉਨ੍ਹਾਂ ਨੇ ਅਡੀਸ਼ਨਲ ਸੋਲਾਸਟਰ ਜਨਰਲ ਦੇ ਉੱਚੇ ਪਦ ਤੋਂ ਅਸਤੀਫਾ ਦੇ ਦਿੱਤਾ। ਪਰ ਇਹ ਉਹ ਸਮਾਂ ਸੀ ਜਦੋਂ ਇੰਦਰਾ ਗਾਂਧੀ ਦੇ ਵਿਰੁੱਧ ਜਾਣ ਅਤੇ ਬੋਲਣ ਦੇ ਅੰਜਾਮ ਭੁਗਤਣੇ ਪੈਂਦੇ ਸਨ। ਵਾਜਪਾਈ ਦੀ ਸਰਕਾਰ ਨੇ ਹੀ ਵੱਡੀ ਖੁਲ੍ਹਦਿਲੀ ਵਿਖਾ ਕੇ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ, ਹਾਲਾਂਕਿ ਵਾਜਪਾਈ ਜਾਣਦੇ ਸਨ ਕਿ ਨਰੀਮਨ ਖਤਰਨਾਕ ਹੱਦ ਤੱਕ ਸੁਤੰਤਰ ਹੈ ਅਤੇ ਕਿਸੇ ਸਮੇਂ ਸਾਡੀ ਸਰਕਾਰ ਦੇ ਵਿਰੁੱਧ ਵੀ ਬੋਲ ਸਕਦਾ ਹੈ। ਦੁਨੀਆ ਅੰਦਰ ਕਾਨੂੰਨ, ਰਾਜਨੀਤੀ ਅਤੇ ਸਾਹਿਤ ਦੇ ਪਿੜ ਵਿਚ ਕੀ ਹੋ ਰਿਹਾ ਹੈ, ਨਰੀਮਨ ਪੂਰੀ ਤਰ੍ਹਾਂ ਉਨ੍ਹਾਂ ਵਰਤਾਰਿਆਂ ਨਾਲ ਜੁੜੇ ਹੁੰਦੇ ਸਨ, ‘ਨਿਊਯਾਰਕ ਰਿਵਿਊ ਆਫ ਬੁਕਸ’ ਅਤੇ ‘ਲੰਡਨ ਰਿਵਿਊ ਆਫ ਬੁਕਸ’ ਮੈਗਜ਼ੀਨਾਂ ਨੂੰ ਉਹ ਲਗਾਤਾਰ ਵੇਖਦੇ ਰਹਿੰਦੇ ਸਨ ਜਿੱਥੇ ਦੁਨੀਆ ਭਰ ਦੀਆਂ ਤਾਜ਼ਾ ਕਿਤਾਬਾਂ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ।
ਨਰੀਮਨ ਦੀ ਵਕੀਲਾਂ ਨੂੰ ਸਲਾਹ ਹੈ ਕਿ ਇੱਕੋ ਵਕੀਲ ਬਹੁਤ ਸਾਰੇ ਕੇਸਾਂ ਨੂੰ ਆਪਣੇ ਹੱਥ ਵਿਚ ਨਾ ਲਵੇ, ਕਿਉਂਕਿ ਇਸ ਨਾਲ ਕਲਾਇੰਟਸ ਨੂੰ ਨੁਕਸਾਨ ਪਹੁੰਚਦਾ ਹੈ।ਉਨ੍ਹਾਂ ਦੇ ਨਾਲ ਕੰਮ ਕਰਦੇ ਇੱਕ ਵਕੀਲ ਨੇ ਉਨ੍ਹਾਂ ਨੂੰ ਦਿੱਤੀ ਆਪਣੀ ਸ਼ਰਧਾਂਜਲੀ ਵਿਚ ਯਾਦ ਕਰਵਾਇਆ ਕਿ ‘ਐਨ ਜੇ ਏ ਸੀ’ ਵਾਲੇ ਅਹਿਮ ਕੇਸ ਵਿਚ ਨਰੀਮਨ ਨੇ ਛੇ ਮਹੀਨੇ ਕੋਈ ਵੀ ਕੇਸ ਨਹੀਂ ਸੀ ਲਿਆ ਅਤੇ ਉਹ ਰਾਤ ਢਾਈ ਵਜੇ ਤੱਕ ਕੇਸ ਦੀ ਤਿਆਰੀ ਵਿਚ ਲੱਗੇ ਰਹਿੰਦੇ ਸਨ ਅਤੇ ਇਸ ਤਿਆਰੀ ਵਿਚ ਪੂਰੇ ਛੇ ਮਹੀਨੇ ਲੱਗ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਗੰਭੀਰ ਕੇਸਾਂ ਦੀ ਤਿਆਰੀ ਵਿਚ ਤੱਥ, ਜਜ਼ਬੇ, ਤਰਕ, ਗਿਆਨ, ਮੁਹਾਵਰੇ, ਹਕਾਇਤਾਂ, ਮਿਹਨਤ, ਤਿਆਗ ਅਤੇ ਲਗਨ ਦੀਆਂ ਬਰਕਤਾਂ ਸਭ ਦੀਆਂ ਸਭ ਕਿਵੇਂ ਉਨ੍ਹਾਂ ਨੂੰ ਆਪਣੇ-ਆਪ ਰਾਹ ਦੇ ਦਿੰਦੀਆਂ ਸਨ। ਨਰੀਮਨ ਦੀ ਯਾਦਦਾਸ਼ਤ ਵੀ ਬਹੁਤ ਤਿੱਖੀ ਅਤੇ ਤੇਜ਼ ਸੀ। ਅਤੀਤ ਵਿਚ ਹੋਏ ਕਈ ਮਹੱਤਵਪੂਰਨ ਕੇਸਾਂ ਵਿਚ ਦਿੱਤੀਆਂ ਦਲੀਲਾਂ ਨੂੰ ਯਾਦ ਕਰਨ ਅਤੇ ਯਾਦ ਵਿਚ ਰੱਖਣ ਦੀ ਵੀ ਉਨਾਂ ਵਿਚ ਅਥਾਹ ਸਮਰਥਾ ਹੁੰਦੀ ਸੀ। ਉਨ੍ਹਾਂ ਕੇਸਾਂ ਦੇ ਫੈਸਲਿਆਂ ਨੂੰ ਸ਼ਬਦਾਂ ਅਤੇ ਵਾਕਾਂ ਸਮੇਤ ਉਹ ਇਨ-ਬਿਨ ਯਾਦ ਰੱਖਦੇ ਸਨ।
ਨਰੀਮਨ ਦੇ ਜੀਵਨ ਸਫਰ ਬਾਰੇ ਕਈ ਅਖਬਾਰਾਂ ਪੜੑਨ ਤੋਂ ਪਿੱਛੋਂ ਖੁੱਲੇ ਰੂਪ ਵਿਚ ਪੇਸ਼ ਹੈ: ਨਰੀਮਨ-ਚੇਤਨਾ ਦਾ ਨਿਚੋੜ ਸਵਾਲਾਂ-ਜਵਾਬਾਂ ਦੀ ਸ਼ਕਲ ਵਿਚ:
ਪ੍ਰਸ਼ਨ: ਕਿਤਾਬਾਂ ਤੋਂ ਬਾਹਰ ਜਾ ਕੇ ਦੱਸੋ ਕਿ ਕਾਨੂੰਨ ਕੀ ਹੁੰਦਾ ਹੈ?
ਉਤਰ: ਕਾਨੂੰਨ ਦਿਲ ਦਾ ਮਾਮਲਾ ਹੈ ਅਤੇ ਦਿਮਾਗ ਦਾ ਵੀ। ਦੋਵੇਂ ਨਾਲ ਨਾਲ ਰਹਿਣੇ ਚਾਹੀਦੇ ਹਨ।
ਪ੍ਰਸ਼ਨ: ਜੱਜ ਕਿਸ ਤਰ੍ਹਾਂ ਦਾ ਹੋਵੇ?
ਉਤਰ: ਦਇਆਵਾਨ ਤਾਂ ਜ਼ਰੂਰ ਹੀ ਹੋਵੇ। ਲਾਰਡ ਡੈਨਿੰਗ (1899-1999) ਦਾ ਹਵਾਲਾ ਦਿੰਦਿਆਂ ਕਿ ਜੱਜ ਦਾ ਫਰਜ਼ ਹੈ, ਉਹ ਕਾਨੂੰਨ ਨੂੰ ਜ਼ਿੰਦਾ ਦਿਲ ਬਣਾ ਦੇਵੇ। ਭਾਵੇਂ ਜੱਜ ਕਿੰਨਾ ਵੀ ਉੱਚਾ ਹੋਵੇ ਪਰ ਕਾਨੂੰਨ ਉਸ ਤੋਂ ਉੱਚਾ ਹੁੰਦਾ ਹੈ। ਲਾਅ ਦਾ ਫਰਜ਼ ਕਮਜ਼ੋਰ ਦੀ ਤਾਕਤਵਰ ਤੋਂ ਰੱਖਿਆ ਕਰਨਾ ਹੈ।
ਪ੍ਰਸ਼ਨ: ਕਿਸ ਤਰਾਂ ਦੀ ਲੱਗਦੀ ਹੈ ਸਾਡੀ ਕਾਨੂੰਨੀ ਬਰਾਦਰੀ ਤੁਹਾਨੂੰ?
ਉਤਰ: ਬੌਧਿਕ ਤੌਰ ਤੇ ਗਰੀਬ ਹੀ ਹੈ?
ਪ੍ਰਸ਼ਨ: ਵਕੀਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ?
ਉਤਰ: ਭਏੋਨਦ ਲਅੱੇੲਰ ਵੀ ਹੋਵੇ। ਦਾਇਰੇ ਤੋਂ ਬਾਹਰ ਰਹਿ ਕੇ ਵੀ ਸੋਚੇ। ਰਾਜਨੀਤਿਕ ਦਬਾਵਾਂ ਤੋਂ ਆਜ਼ਾਦ ਹੋਵੇ। ਇਖਲਾਕੀ ਰਹਿਬਰ ਬਣੇ। ਬਹਿਸ ਦੌਰਾਨ ਆਪਾ ਨਾ ਖੋਏ। ਵਕੀਲ ਕਦੇ ਵੀ ਰਿਟਾਇਰ ਨਹੀਂ ਹੁੰਦਾ ਆਖਰ ਤੱਕ। (ਇੱਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ 20 ਫਰਵਰੀ ਦੀ ਰਾਤ ਨੂੰ ਨਰੀਮਨ ਇੱਕ ਪਟੀਸ਼ਨ ਤਿਆਰ ਕਰ ਰਹੇ ਸਨ ਅਤੇ ਫਿਰ 21 ਫਰਵਰੀ ਨੂੰ ਤੜਕਸਾਰ ਉਹ ਇਸ ਸੰਸਾਰ ਤੋਂ ਵਿਛੜ ਗਏ। ਉਹ ਉਸ ਸਮੇਂ ਪੰਜ ਘੱਟ 100 ਵਰਿਆਂ ਦੇ ਸਨ।)
ਪ੍ਰਸ਼ਨ: ਵਕਾਲਤ ਦੇ ਵਿਸ਼ੇ ਨਾਲ ਸਬੰਧਤ ਰਚਨਾਵਾਂ ਕਿਹੋ ਜਿਹੀਆਂ ਹੋਣ?
ਉਤਰ: ਇਹੋ ਜਿਹੀਆਂ ਹੋਣ ਕਿ ਆਮ ਬੰਦੇ ਦੀ ਵੀ ਕਾਨੂੰਨ ਵਿਚ ਦਿਲਚਸਪੀ ਪੈਦਾ ਹੋ ਜਾਏ। (ਚੇਤੇ ਰਹੇ ਕਿ ਨਰੀਮਨ ਦੀ ਕਿਤਾਬ ‘ਇਸ ਤੋਂ ਪਹਿਲਾਂ ਕਿ ਯਾਦ ਧੁੰਦਲੀ’ (ਬੲਾੋਰੲ ਮੲਮੋਰੇ ਾਅਦੲਸ) ਪੈ ਜਾਏ, ਹਜ਼ਾਰਾਂ ਦੀ ਗਿਣਤੀ ਵਿਚ ਪੜੀ ਗਈ ਹੈ।
ਪ੍ਰਸ਼ਨ: ਹੁਣ ਵਾਲਾ ਭਾਰਤੀ ਸਮਾਜ ਤੁਹਾਨੂੰ ਕਿਵੇਂ ਜਾਪਦਾ ਹੈ?
ਉੱਤਰ: ਸਹਿਣਸ਼ੀਲਤਾ ਗੁੰਮ ਹੁੰਦੀ ਜਾ ਰਹੀ ਹੈ।
ਪ੍ਰਸ਼ਨ: ਨਿਆਪਾਲਿਕਾ ਨੂੰ ਕਿਸ ਤਰ੍ਹਾਂ ਵੇਖਦੇ ਹੋ?
ਉੱਤਰ: ਸੁਤੰਤਰ ਵੀ ਹੋਵੇ ਅਤੇ ਜਵਾਬ ਦੇਹ ਵੀ।
ਪ੍ਰਸ਼ਨ: ਨਵੇਂ ਨਵੇਂ ਬਣੇ ਵਕੀਲਾਂ ਨੂੰ ਕੋਈ ਸੰਦੇਸ਼?
ਉਤਰ: ਫੁਕਰੇ ਨਾ ਬਣੋ। ਇਹ ਦਾਅਵਾ ਕਦੇ ਨਾ ਕਰੋ ਕਿ ਮੈਨੂੰ ਸਭ ਕੁਝ ਪਤਾ ਹੈ, ਮੈਂ ਹਰ ਗੱਲ ਜਾਣਦਾ ਹਾਂ। ਜਿਸ ਪਲ ਤੁਸੀਂ ਇਹ ਗੱਲ ਆਖ ਦਿੱਤੀ ਤਾਂ ਸਮਝੋ ਕਿ ਤੁਸੀਂ ਆਖਰੀ ਪੌੜੀ ਤੋਂ ਹੇਠਾਂ ਡਿੱਗ ਪਏ ਹੋ।
ਪ੍ਰਸ਼ਨ: ਆਖਰੀ ਤਮੰਨਾ?
ਉਤਰ: ‘ਧਰਮ ਨਿਰਪੱਖ ਭਾਰਤ’ ਵਿਚ ਹੀ ਮੈਂ ਆਖਰੀ ਸਾਹ ਲਵਾਂ।
ਪ੍ਰਸ਼ਨ: ਜਦੋਂ ਸਰਕਾਰ ਨੇ ਕਸ਼ਮੀਰ ਵਿਚ ਧਾਰਾ 370 ਖਤਮ ਕੀਤੀ ਤਾਂ ਤੁਹਾਡੀ ਟਿੱਪਣੀ?
ਉੱਤਰ: ਰਾਜਨੀਤਕ ਤੌਰ ‘ਤੇ ਭਾਵੇਂ ਇਸ ਨੂੰ ਪ੍ਰਵਾਨ ਕਹਿ ਲਿਆ ਜਾਵੇ, ਪਰ ਸੰਵਿਧਾਨਕ ਤੌਰ ‘ਤੇ ਪੂਰੀ ਤਰ੍ਹਾਂ ਗਲਤ।
ਪ੍ਰਸ਼ਨ: ਜਦੋਂ ਪੰਜ ਜੱਜਾਂ ਦੇ ਬੈਂਚ ਨੇ ਫੈਸਲਾ ਦਿੱਤਾ ਕਿ ਧਾਰਾ 370 ਖਤਮ ਕਰਨ ਦਾ ਫੈਸਲਾ ਠੀਕ ਹੈ ਤਾਂ ਤੁਹਾਡੀ ਟਿੱਪਣੀ?
ਉੱਤਰ: ਸਾਰੇ ਜੱਜ ਇੱਕੋ ਪਾਸੇ ਹੀ ਖਲੋ ਗਏ। ਕੋਈ ਇੱਕ ਜੱਜ ਤਾਂ ਡਾਈਸੈਂਟ ਦਿੰਦਾ। ਡਾਈਸੈਂਟ ਕੰਪਲਸਰੀ ਹੋਣੀ ਚਾਹੀਦੀ ਹੈ।
ਪ੍ਰਸ਼ਨ: ਜਦੋਂ ਨਅਟiੋਨਅਲ ਜੁਦਚਿiਅਲ ਅਪਪੋਨਿਟਮੲਨਟਸ ਚੋਮਮਸਿਸiੋਨ ਵਾਲੇ ਪ੍ਰਸਿੱਧ ਕੇਸ ਸ਼ੁਰੂ ਹੋਣ ਸਮੇਂ ਸੁਪਰੀਮ ਕੋਰਟ ਦੇ ਮਾਨਯੋਗ ਜੱਜਾਂ ਨੇ ਸਵਾਲ ਕੀਤਾ ਕਿ ਤੁਹਾਡਾ ਮਵੱਕਲ (ਕਲਾਇੰਟ) ਕੌਣ ਹੈ ਤਾਂ ਤੁਸੀਂ ਕੀ ਜਵਾਬ ਦਿੱਤਾ?
ਉੱਤਰ: ਮੇਰਾ ਕਲਾਇੰਟ ‘ਨਿਆਂ ਪਾਲਿਕਾ ਦੀ ਸੁਤੰਤਰਤਾ’ ਹੈ?
ਪ੍ਰਸ਼ਨ: ਜਦੋਂ ਕੋਈ ਹੱਦ ਟੱਪਣ ਲੱਗੇ ਤਾਂ?
ਉੱਤਰ: ਜਦੋਂ ਕੋਈ ਇਸ ਤਰਾਂ ਕਰੇ ਤਾਂ ਬੋਲੋ, ਬੋਲੋ, ਭਾਵੇਂ ਸਰਕਾਰ ਹੋਵੇ ਤੇ ਭਾਵੇਂ ਸੁਪਰੀਮ ਕੋਰਟ।
ਪ੍ਰਸ਼ਨ: ਭਾਰਤੀ ਸੰਵਿਧਾਨ ਬਾਰੇ ਦੱਸੋ?
ਉੱਤਰ: ਹਰ ਕਿਸੇ ਨੂੰ ਸੰਵਿਧਾਨ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਮੈਂ ਇੱਕ ਕਿਤਾਬ ਵੀ ਲਿਖੀ ਹੈ: ‘ਯੂ ਮਸਟ ਨੋ ਯੋਅਰ ਕਨਸਟੀਚਿਊਸ਼ਨ’
ਇਸ ਮਸ਼ਹੂਰ ਹਸਤੀ ਦਾ ਵਿਛੋੜਾ ਇੱਕ ਯੁਗ ਦਾ ਅੰਤ ਹੈ-ਇੱਕ ਇਹੋ ਜਿਹਾ ਯੁਗ ਜਿਸ ਵਿਚ ਕਾਨੂੰਨ ਅਤੇ ਸਦਾਚਾਰ ਨਾਲ ਨਾਲ ਤੁਰਦੇ ਸਨ। ਪਰ ਹੁਣ? ਉਹ ਉਸ ਸਮੇਂ ਸਾਡੇ ਤੋਂ ਵਿਛੜੇ ਹਨ, ਜਦੋਂ ਇਸ ਮੁਲਕ ਦੀਆਂ ਉਨ੍ਹਾਂ ਵੱਡੀਆਂ ਹਸਤੀਆਂ ਅਤੇ ਸੰਸਥਾਵਾਂ ਦੇ ਉਨਾਂ ਵਿਚਾਰਾਂ ਲਈ ਸੁਤੰਤਰ ਥਾਂ ਤੇਜ਼ੀ ਨਾਲ ਸੁੰਗੜਦੀ ਜਾ ਰਹੀ ਹੈ ਜੋ ਇੱਕ ਪਾਸੜ ਵਗ ਰਹੀਆਂ ਹਨੇਰੀਆਂ ਦੇ ਖਿਲਾਫ ਹਿਕ ਡਾਹ ਕੇ ਖੜੇ ਹੁੰਦੇ ਹਨ।