ਛਪੀਆਂ ਤੇ ਅਣਛਪੀਆਂ ਗੱਲਾਂ

ਗੁਲਜ਼ਾਰ ਸਿੰਘ ਸੰਧੂ
ਮੈਂ ਚੰਗਾ ਪਾੜ੍ਹਾ ਨਹੀਂ| ਜਿੰਨਾ ਵੀ ਹਾਂ ਮੇਰੇ ਪੜ੍ਹਨ ਲਈ ਸਮੱਗਰੀ ਡਾਕ ਰਾਹੀਂ ਆ ਜਾਂਦੀ ਹੈ| ਪੁਸਤਕਾਂ ਤੇ ਰਸਾਲੇ ਆਉਂਦੇ ਰਹਿੰਦੇ ਹਨ| ਪੁਸਤਕਾਂ ਘੱਟ ਤੇ ਰਸਾਲੇ ਵੱਧ| ਮੇਰੀ ਜਵਾਨੀ ਸਮੇਂ ਵੀ ਪੁਸਤਕਾਂ ਦੀ ਘਾਟ ਸੀ| ਲੇਖਕ ਵੀ ਗਿਣੇ ਚੁਣੇ ਸਨ| ਪਰ ਰਸਾਲਿਆਂ ਦੀ ਮੰਗ ਕਾਇਮ ਸੀ| ਗੁਰਬਖਸ਼ ਸਿੰਘ ਦੀ ‘ਪ੍ਰੀਤ ਲੜੀ’, ਨਾਨਕ ਸਿੰਘ ਦਾ ‘ਲੋਕ ਸਾਹਿਤ’, ਮੋਹਨ ਸਿੰਘ ਦਾ ‘ਪੰਜ ਦਰਿਆ’ ਤੇ ਹੀਰਾ ਸਿੰਘ ਦਰਦ ਦੀ ‘ਫੁਲਵਾੜੀ’, ਇਨ੍ਹਾਂ ਦੇ ਪਾਠਕ ਘਰਾਂ ਦੀਆਂ ਛੱਤਾਂ ਉੱਤੇ ਚੜ੍ਹ ਕੇ ਆਪੋ ਆਪਣੇ ਡਾਕੀਏ ਨੂੰ ਉਡੀਕਦੇ ਸਨ| ਅਖ਼ਬਾਰਾਂ ਵੇਚਣ ਵਾਲੇ ਹੋਕੇ ਦਿੰਦੇ, ‘ਮਿਲਾਪ, ਪ੍ਰਤਾਪ, ਪ੍ਰਭਾਤ, ਅਜੀਤ, ਅਖ਼ਬਾਰ ਏ|’ ਜੋ ਕੁੱਝ ਵੀ ਛਪਦਾ ਪੜ੍ਹਿਆ ਜਾਂਦਾ|

ਹੁਣ ਮੈਂ ਨੱਬੇ ਸਾਲ ਦਾ ਹੋ ਗਿਆ ਹਾਂ| ਬੜੇ ਬਦਲਾਓ ਵੇਖੇ ਹਨ| ਛਪੇ ਹੋਏ ਸ਼ਬਦ ਪੜ੍ਹਨ ਵਾਲੇ ਤੁਰ ਗਏ ਹਨ ਜਾਂ ਅੰਤਲੀ ਮੰਜ਼ਿਲ ਢੁੱਕਣ ਵਾਲੇ ਹਨ| ਮੇਰੀ ਉਮਰ ਦੇ ਲੋਕਾਂ ਦੀ ਸੁਣਨ ਸ਼ਕਤੀ ਘਟ ਰਹੀ ਹੈ ਤੇ ਨਿਗਾਹ ਵੀ| ਨਿਗਾਹ ਠੀਕ ਹੈ ਤੇ ਕੰਨ ਵੀ ਸੁਣਦੇ ਹਨ; ਪਰ ਨਵੇਂ ਮੰਤਰ ਵਰਤਣੇ ਨਹੀਂ ਆਉਂਦੇ ਬੱਚਿਆਂ ਨੂੰ ਹਾਕਾਂ ਮਾਰਦੇ ਥੱਕ ਜਾਂਦੇ ਹਾਂ| ਉਹ ਸਕੂਲ ਤੋਂ ਮਿਲੇ ਕੰਮ ਵਿਚ ਰੁੱਝੇ ਹੁੰਦੇ ਹਨ| ਜੋ ਕੁਝ ਟੀਵੀ ਰੇਡੀਓ ਅਤੇ ਟੀ ਵੀ ਉੱਚੇ ਸੁਣਦੇ ਤੇ ਵੇਖਦੇ ਹਾਂ| ਉਸਦੀ ਤਸਦੀਕ ਲਈ ਸਵੇਰ ਦੀ ਅਖ਼ਬਾਰ ਉਡੀਕਦੇ ਹਾਂ| ਅਖ਼ਬਾਰ ਬਿਨਾ ਤਸੱਲੀ ਨਹੀਂ ਹੁੰਦੀ|
ਪੱਤਰਕਾਰਤਾ ਦਾ ਪਾਂਧੀ ਰਿਹਾ ਹੋਣ ਕਾਰਨ ਅਖ਼ਬਾਰਾਂ ਹੀ ਵਿਹੜੇ ਦਾ ਸ਼ਿੰਗਾਰ ਹਨ| ਮੋਟੇ ਤੇ ਮੋਟੇ ਤੋਂ ਮੋਟੇ ਅੱਖ਼ਰਾਂ ਦੇ ਸਿਰਲੇਖ ਪੜ੍ਹਿਆਂ ਅੰਦਰਲੀ ਗੱਲ ਦਾ ਗਿਆਨ ਹੋ ਜਾਂਦਾ ਹੈ| ਸਮੁੱਚੇ ਗਿਆਨ ਦੀ ਲੋੜ ਵੀ ਘਟ ਗਈ ਹੈ| ਉਂਝ ਵੀ ਰਸਾਲੇ ਵਧੇਰੇ ਰਾਸ ਆਉਂਦੇ ਹਨ| ਮਾਸਕ, ਤ੍ਰੈਮਾਸਕ ਤੇ ਵਾਰਸ਼ਕ| ਅਜੋਕੇ ਛਾਪਕਾਂ ਤੇ ਸੰਪਾਦਕਾਂ ਨੇ ਸਿੱਧਾ ਰਾਹ ਕੱਢ ਲਿਆ ਹੈ| ਉਹ ਲਗਾਤਾਰਤਾ ਦੇ ਬੰਧਨ ਵਿਚ ਨਹੀਂ ਬੱਝਣਾ ਚਾਹੁੰਦੇ| ਲੋੜੀਂਦੀ ਸਮੱਗਰੀ ਮਿਲਣ ਉਪ੍ਰੰਤ ਇਸਨੂੰ ‘ਪੁਸਤਕ ਲੜੀ’ ਨਾਂ ਦੇ ਕੇ ਜਾਰੀ ਕਰ ਦਿੰਦੇ ਹਨ|
ਨਵੇਂ ਰਸਾਲਿਆਂ ਵਿਚੋਂ ‘ਲਕੀਰ’ ਤੇ ‘ਪ੍ਰਵਚਨ’ ਵਿਚ ਸਾਹਿਤਕ ਦਮ ਸੀ ਪਰ ਉਹ ਬੰਦ ਹੋ ਚੁੱਕੇ ਹਨ| ‘ਏਕਮ’ ਵਿਚ ਦਮ ਤੇ ਖਮ ਹੈ ਪਰ ਅਜੋਕੇ ਮਾਲਕਾਂ ਤੇ ਸੰਪਾਦਕਾਂ ਦੇ ਬਿਖਰ ਜਾਣ ਪਿੱਛੋਂ ਕੀ ਬਣੇਗਾ ਸਮੇਂ ਨੇ ਦੱਸਣਾ ਹੈ| ਇਹੀਓ ਗੱਲ ਚੰਡੀਗੜ੍ਹ ਤੋਂ ਛਪਣ ਵਾਲੇ ‘ਸਿਰਜਣਾ’ ਤ੍ਰੈ-ਮਾਸਕ ਉੱਤੇ ਢੁਕਦੀ ਹੈ ਜਿਹੜਾ 1965 ਤੋਂ ਲਗਾਤਾਰ ਛਪ ਰਿਹਾ ਹੈ| ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਵੱਲੋਂ ਪ੍ਰਕਾਸ਼ਤ ‘ਸਮਕਾਲੀ ਸਾਹਿਤ’ ਵੀ ‘ਸਿਰਜਣਾ’ ਦੀ ਪੈੜ ਨੱਪ ਰਿਹਾ ਹੈ| ਜੇ ਫਰਕ ਹੈ ਤਾਂ ਕੇਵਲ ਏਨਾ ਕਿ ‘ਏਕਮ’ ਦੀ ਰੂਹੇ-ਰਵਾਂ ਅਰਵਿੰਦਰ ਸੰਧੂ ਤੇ ਉਸਦੀ ਟੀਮ ਹੈ, ਤੇ ‘ਸਮਕਾਲੀ ਸਾਹਿਤ’ ਦੀ ਇੱਕ ਸੰਸਥਾ| ਹਾਂ, ‘ਸਿਰਜਣਾ’ ਜ਼ਰੂਰ ਸੰਪਾਦਕ ਦੀ ਦ੍ਰਿੜਤਾ ਉੱਤੇ ਨਿਰਭਰ ਹੈ| ਇਸਦਾ ਸੰਪਾਦਕ ਰਘਬੀਰ ਸਿੰਘ ਹੈ ਕਿ ਜਿਸਦੇ ਨਾਂ ਨਾਲ ਰਸਾਲੇ ਏਦਾਂ ਹੀ ਜੁੜ ਗਿਆ ਹੈ ਜਿਵੇਂ ਪਿਛਲੀ ਸਦੀ ਵਿਚ ਗੁਰਬਖਸ਼ ਸਿੰਘ ਦੇ ਨਾਂ ਨਾਲ ‘ਪ੍ਰੀਤ ਲੜੀ’ ਜੁੜ ਗਿਆ ਸੀ|
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਅਜੋਕੇ ਰਸਾਲਿਆਂ ਵਿਚਲੀ ਸਾਹਿਤਕ ਤੇ ਸਭਿਆਚਾਰਕ ਸਮੱਗਰੀ ਏਨੀ ਹੁੰਦੀ ਹੈ ਕਿ ਇਕ ਇਕੱਲੇ ਅੰਕ ਵਿਚ 3-4 ਪੁਸਤਕਾਂ ਜਿੰਨਾ ਮਸਾਲਾ ਮਿਲ ਜਾਂਦਾ ਹੈ| ਸੁਸ਼ੀਲ ਦੁਸਾਂਝ ਦਾ ‘ਹੁਣ’, ਕਰਾਂਤੀਪਾਲ ਦਾ ‘ਕਹਾਣੀ ਪੰਜਾਬ’, ਦਿਉਲ-ਪੁਰੇਵਾਲ ਜੋੜੀ ਦਾ ਚੌ-ਮਾਸਕ ‘ਰਾਗ’ ਦੋ-ਚਾਰ ਸੌ ਰੁਪਏ ਵਿਚ ਛੇ-ਸੱਤ ਸੌ ਰੁਪਏ ਦੀਆਂ ਪੁਸਤਕਾਂ ਜਿੰਨੀ ਪੜ੍ਹਨ ਸਮੱਗਰੀ ਲੈ ਕੇ ਆਉਂਦੇ ਹਨ| ਵੰਨ-ਸੁਵੰਨਾ ਆਪੋ ਆਪਣੀ ਉਂਝ ਖਟਕੜ ਕਲਾਂ ਵਾਲੇ ਵਿਸ਼ਨੂੰ ਦੱਤ ਸ਼ਰਮਾ ਤੇ ਉਸਦੇ ਸਾਥੀ ਹਰਦੀਪ ਦਹਾੜੇ ਦਾ ‘ਚਰਚਾ’ ਤ੍ਰੈ-ਮਾਸਕ ਵੀ ਚਰਚਾ ਵਿਚ ਹੈ| ਬਲਜਿੰਦਰ ਮਾਨ ਦੇ ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ’ ਵਾਂਗ| ਏਸੇ ਤਰ੍ਹਾਂ ‘ਮੇਲਾ’ ‘ਵਰਿਆਮ’, ‘ਸ਼ਬਦ’ ‘ਰਾਗ’ ਤੇ ‘ਆਪਣੀ ਆਵਾਜ਼’ ਵੀ ਖੂਬ ਮਕਬੂਲ ਹਨ| ਸਮੱਗਰੀ ਦੀ ਵੰਨ-ਸੁਵੰਨਤਾ ਸਦਕਾ| ਹਾਸ ਵਿਅੰਗ ਰਸਾਲਿਆਂ ਦਾ ਆਪਣਾ ਰੰਗ ਹੈ| ‘ਸ਼ਬਦ ਤਿੰ੍ਰਜਣ’ ਤੇ ‘ਮੀਰਜ਼ਾਦਾ’ ਦਾ| ਰੰਗਾਰੰਗ ਸਮੱਗਰੀ ਦੀ ਬਹੁਲਤਾ ਕਾਰਨ ਇਹ ਸਾਰੇ ਰਸਾਲੇ ਮਕਬੂਲ ਵੀ ਹਨ ਤੇ ਪ੍ਰਭਾਵੀ ਵੀ|
ਜਿੱਥੋਂ ਤੱਕ ਲਿਖੇ ਤੇ ਛਾਪੇ ਸ਼ਬਦ ਦੀ ਕਦਰ ਤੇ ਕੀਮਤ ਦਾ ਸਬੰਧ ਹੈ ਮੈਨੂੰ ਆਪਣੀ ਜਵਾਨੀ ਵੇਲੇ ਦੀ ਇੱਕ ਗੱਲ ਚੇਤੇ ਆ ਗਈ ਹੈ| ਆਪਣੇ ਬਚਪਨ ਵਿਚ ਮੈਂ ਆਪਣੀ ਮਾਂ ਨੂੰ ਧਰਤੀ ਗੋਲ ਹੈ ਜਾਂ ਚੰਨ ਤਾਰੇ ਘੁੰਮਦੇ ਦੱਸਣਾ ਤਾਂ ਉਸਦੇ ਮਸਤਕ ਦੀ ਸੋਚ ਦੀਆਂ ਤਿਊੜੀਆਂ ਡੂੰਘੀਆਂ ਹੋ ਜਾਂਦੀਆਂ| ਮੇਰੀ ਮਾਂ ਇਹ ਵਾਲਾ ਸੱਚ ਮੰਨਣ ਲਈ ਤਿਆਰ ਨਾ ਹੁੰਦੀ| ਮਾਂ ਨੂੰ ਸਮਝਾਉਣ ਲਈ ਮੇਰੇ ਕੋਲ ਇੱਕੋ ਇੱਕ ਰੰਗ ਦਾ ਪੱਤਾ ਸੀ: ‘ਪੁਸਤਕ ਵਿਚ ਲਿਖਿਐ| ਵਿਖਾਵਾਂ!’ ਇਹ ਸੁਣ ਕੇ ਉਹ ਫੱਟ ਮੰਨ ਜਾਂਦੀ| ਹੋਇਆ ਇਹ ਕਿ ਵਿਦਿਆ ਪੂਰੀ ਕਰ ਕੇ ਮੈਂ ਖੁLਦ ਵੀ ਲੇਖਕ ਬਣ ਗਿਆ| ਇੱਕ ਵਾਰ ਮੈਂ ਛੁੱਟੀ ਕੱਟਣ ਆਪਣੇ ਘਰ ਗਿਆ ਤਾਂ ਫੇਰ ਕੋਈ ਅਜਿਹੀ ਗੱਲ ਹੋਈ ਜਿਹੜੀ ਮੇਰੀ ਮਾਂ ਦੇ ਪੱਲੇ ਨਾ ਪਵੇ| ਅੰਤ ਮੈਂ ਪਹਿਲਾਂ ਵਾਂਗ ਹੀ ‘ਪੁਸਤਕ ਵਿਚ ਲਿਖਿਆ’ ਕਿਹਾ ਤਾਂ ਮੇਰੀ ਮਾਂ ਨੇ ਮੈਨੂੰ ਅੱਧੇ ਵਾਕ ਨਾਲ ਨਿਰੁੱਤਰ ਕਰ ਦਿੱਤਾ: ‘ਕਿਸੇ ਤੇਰੇ ਵਰਗੇ ਨੇ ਲਿਖ ਦਿੱਤਾ ਹੋਣੈ|’
ਹੁਣ ਜਦ ਮੇਰੀ ਮਾਂ ਨਹੀਂ ਰਹੀ ਮੈਂ ਆਪਣੇ ਵਰਗਿਆਂ ਦਾ ਧੰਨਵਾਦੀ ਹਾਂ ਜਿਹੜੇ ਮਸ਼ੀਨੀ ਯੰਤਰਾਂ ਦੇ ਝੂਠ ਸੱਚ ਦਾ ਨਿਤਾਰਾ ਕਰਦੇ ਹਨ| ਰਸਾਲੇ ਖਾਸ ਕਰਕੇ| ਉਨ੍ਹਾਂ ਦੇ ਸੰਪਾਦਕਾਂ ਦੇ ਸਿਰੜ ਤੇ ਸਿਦਕ ਦਾ ਸਵਾਗਤ ਕਰਨਾ ਬਣਦਾ ਹੈ! ਸਵਾਗਤ ਹੈ!!
ਅੰਤਿਕਾ
-ਸੱਸੀ/ਹਾਸ਼ਮ-
ਨਾਜ਼ੁਕ ਪੈਰ ਮਲੂਕ ਸੱਸੀ ਦੇ, ਮਹਿੰਦੀ ਨਾਲ ਸ਼ਿੰਗਾਰੇ
ਬਾਲੂ ਰੇਤ ਤਪੇ ਵਿਚ ਥਲ ਦੇ, ਜਿਓਂ ਜੋਂ ਭੁੰਨਣ ਭਠਿਆਰੇ
ਸੂਰਜ ਭੱਜ ਵੜਿਆ ਵਿਚ ਬੱਦਲੀ, ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਸੱਸੀ ਦਾ, ਸਿਦਕੋਂ ਮੂਲ ਨਾ ਹਾਕੇ।