ਦਰਦ ਵਿਛੋੜੇ ਦਾ ਹਾਲ ਨੀ, ਮੈਂ ਕੈ ਨੂੰ ਆਖਾਂ!

ਰਮਣੀਕ ਕੌਰ ਸੰਧੂ
(ਇਹ ਜਜ਼ਬਾਤ ਮੇਰੇ ਅੰਦਰੋਂ ਅਚਾਨਕ ਵਰੋਲੇ ਵਾਂਗ ਉੱਠੇ ਜਦੋਂ ਮੈਂ ਵੀਡੀਓਜ਼ ਅਤੇ ਤਸਵੀਰਾਂ ਵਿਚ ਆਪਣੇ ਡੈਡੀ (ਵਰਿਆਮ ਸਿੰਘ ਸੰਧੂ) ਨੂੰ ਪਾਕਿਸਤਾਨ ਵਿਚਲੇ ਜੱਦੀ ਪਿੰਡ ਭਡਾਣੇ ਵਾਲੇ ਘਰ ਦੇ ਵਿਹੜੇ ਵਿਚ ਭਾਵੁਕ ਹੁੰਦੇ ਵੇਖਿਆ ਤੇ ਆਪਣੀ ਮਾਂ ਰਜਵੰਤ ਕੌਰ ਸੰਧੂ ਨੂੰ ਲਾਹੌਰ ਦੇ ਥਾਣੇ ਕਿਲ੍ਹਾ ਗੁੱਜਰ ਸਿੰਘ ਵਿਚ ਥਾਣੇਦਾਰ ਦੀ ਕੁਰਸੀ ’ਤੇ ਬੈਠੇ ਰੋਂਦੀ ਨੂੰ ਤੱਕਿਆ, ਜਿਸ ਕੁਰਸੀ ’ਤੇ ਕਦੀ ਉਹਦਾ ਪਿਤਾ ਬੈਠਿਆ ਕਰਦਾ ਸੀ।)

ਹਰ ਇਨਸਾਨ ਦੀ ਜ਼ਿੰਦਗੀ ਦੇ ਪਿਛੋਕੜ ’ਚ ਕੁਝ ਪਲ ਇਹੋ ਜਿਹੇ ਹੁੰਦੇ ਨੇ, ਜਿਨ੍ਹਾਂ ਨੂੰ ਉਹ ਫ਼ੇਰ ਤੋਂ ਮਾਨਣਾ ਚਾਹੁੰਦਾ ਏ। ਕੁਝ ਉਹ ਜਗਾਵਾਂ ਹੁੰਦੀਆਂ ਨੇ, ਜਿੱਥੇ ਉਹ ਫ਼ੇਰ ਜਾਣਾ ਚਾਹੁੰਦਾ ਏ। ਪਰ ਹਮੇਸ਼ਾਂ ਇਹ ਸੰਭਵ ਨਹੀਂ ਹੁੰਦਾ, ਤੇ ਇਹ ਤ੍ਰਿਪਤੀ ਸੁਪਨਿਆਂ ਰਾਹੀਂ ਹੀ ਮੁਮਕਿਨ ਹੈ। ਫ਼ੇਰ ਚਾਹੇ ਉਹ ਸੁਪਨੇ ਅੱਖਾਂ ਬੰਦ ਕਰ ਕੇ ਲੈ ਲਏ ਜਾਣ ਜਾਂ ਜਾਗਦਿਆਂ।
ਮੈਂ ਆਪਣੇ ਡੈਡੀ ਦੇ ਪਿੰਡ ਭਡਾਣੇ, ਜ਼ਿਲ੍ਹਾ ਲਾਹੌਰ ਜਾਣ ਦੇ ਅਹਿਸਾਸਾਂ ਦੀ ਤੁਲਨਾ ਆਪਣੇ ਸੁਰ ਸਿੰਘ ਵਾਲੇ ਘਰ ਨਾਲ ਜੁੜੀਆਂ ਆਪਣੀਆਂ ਭਾਵਨਾਵਾਂ ਦੇ ਨਾਲ ਕਰਦੀ ਹਾਂ। ਮੈਂ ਕੋਈ 7-8 ਸਾਲ ਦੀ ਸੀ ਜਦੋਂ ਅਸੀਂ ਪਿੰਡੋਂ ਜਲੰਧਰ ਆ ਗਏ ਸਾਂ। ਸੁਰ ਸਿੰਘ ਵਾਲਾ ਘਰ ਚਾਹੁਣ ’ਤੇ ਵੀ ਮੇਰੇ ਸੁਪਨਿਆਂ ਦੇ ਵਿਚ ਵੀ ਨਹੀਂ ਆਉਂਦਾ ਕਦੇ। ਪੁਰਾਣੇ ਘਰ ਨੂੰ ਤਾਂ ਮੈਂ ਆਪਣੀਆਂ ਜਾਗਦੀਆਂ ਅੱਖਾਂ ਨਾਲ ਹੀ ਸੋਚ ਸਕਦੀ ਆਂ, ਕਿਉਂਕਿ ਉਹ ਘਰ ਹੁਣ ਬਹੁਤ ਬਦਲ ਚੁੱਕਾ ਹੈ। ਮੈਂ ਓਸ ਘਰ ਦਾ ਅਹਿਸਾਸ ਲੈਣਾ ਚਾਹੁੰਦੀ ਆਂ, ਜਿਸ ਵਿਚ ਮੇਰੀ ਨਾਨੀ ਸਾਡੇ ਨਾਲ ਰਹਿੰਦੀ ਸੀ ਤੇ ਮੇਰੀ ਦਾਦੀ ਜਦੋਂ ਜੀਅ ਕਰਦਾ ਸੀ, ਖੇਤਾਂ ਵਿਚਲੀ ਬਹਿਕ ਤੋਂ ਸਾਨੂੰ ਪਿੰਡ ਮਿਲਣ ਆਇਆ-ਜਾਇਆ ਕਰਦੀ ਸੀ। ਇਹ ਨਹੀਂ ਸੀ ਕਿ ਦਾਦੀ-ਨਾਨੀ ਜਲੰਧਰ ਵਾਲੇ ਘਰ ਨਹੀਂ ਰਹਿੰਦੀਆਂ ਰਹੀਆਂ। ਨਾਨੀ ਤਾਂ ਸਾਡੇ ਨਾਲ ਹੀ ਰਹਿੰਦੀ ਸੀ ਪਰ ਦਾਦੀ ਦਾ ਪਿੰਡ ਤੋਂ ਜਲੰਧਰ ਆਉਣਾ ਔਖਾ ਹੋ ਗਿਆ ਸੀ। ਕਿੱਥੇ ਮੇਰੀ ਦਾਦੀ ਖੇਤਾਂ ਤੋਂ ਸੁਰ ਸਿੰਘ ਵਾਲੇ ਘਰ ਸਾਨੂੰ ਨਿਆਣਿਆਂ ਨੂੰ ਆ ਕੇ ਮਿਲਣ ਵਿਚ ਘੌਲ ਨਹੀਂ ਸੀ ਕਰਦੀ ਤੇ ਕਿੱਥੇ ਉਹਨੂੰ ਹੁਣ ਜਲੰਧਰ ਬੱਸ ’ਚ ਸਫ਼ਰ ਤੈਅ ਕਰ ਕੇ ਆਪਣੇ ਬੱਚਿਆਂ ਨੂੰ ਮਿਲਣ ਆਉਣਾ ਔਖਾ ਹੋ ਗਿਆ ਸੀ! ਆਈ ਹੋਈ ਦਾਦੀ ਦੀ ਚਿੱਟੀ ਚੁੰਨੀ ਦਾ ਝਲਕਾਰਾ ਜਲੰਧਰ ਵਾਲੇ ਘਰ ਦੇ ਗੇਟ ਉੱਤੋਂ ਪੈਣਾ ਤਾਂ ਮੈਨੂੰ ਚਾਅ ਚੜ੍ਹ ਜਾਣਾ। ਬੂਹਾ ਖੁੱਲ੍ਹਦਿਆਂ ਦਾਦੀ-ਪੋਤਰੀ ਨੇ ਘੁੱਟ ਕੇ ਜੱਫੀ ਪਾ ਲੈਣੀ। (ਦਾਦੀ ਦੀ ਸਾਡੇ ਕੋਲ ਹੋਣ ਦੀ ਖ਼ੁਸ਼ੀ ਨੂੰ ਮੈਂ ਓਸ ਖ਼ੁਸ਼ੀ ਨਾਲ ਤੁਲਨਾ ਸਕਦੀ ਆਂ, ਜਿਹੜੀ ਕਿ ਮੇਰੀ ‘ਏਧਰਲੀ’ ਮੰਮੀ ਨੂੰ ਆਪਣੇ ਦੋਹਾਂ ਬੇਟਿਆਂ ਦੇ ਘਰ ਆਂਢ-ਗੁਆਂਢ ਹੋਣ ਨਾਲ ਮਿਲਦੀ ਐ। ਜਦੋਂ ਜੀ ਕਰਦਾ ਉਹ ਭੱਜ ਕੇ ਆਪਣੇ ਬੱਚਿਆਂ ਨੂੰ ਮਿਲ ਲੈਂਦੀ ਏ। ਉਹਨੂੰ ਆਪਣੇ ਬੱਚਿਆਂ ਨੂੰ ਮਿਲਣ ਲਿਜਾਣ ਲਈ ਕਿਸੇ ਦੇ ਮੂੰਹ ਵੱਲ ਨਹੀਂ ਤੱਕਣਾ ਪੈਂਦਾ)।
ਪਿੰਡ ਵਾਲੇ ਘਰ ਅਤੇ ਦਾਦੀ ਨਾਲ ਜੁੜੀ ਆਖ਼ਰੀ ਗੱਲ ਮੈਨੂੰ ਉਹ ਯਾਦ ਆਉਂਦੀ ਏ, ਜਦੋਂ ਜਲੰਧਰ ਮੂਵ ਹੋਣ ਤੋਂ ਲਗਭਗ ਸਾਲ ਬਾਅਦ ਅਸੀਂ ਸੁਰ ਸਿੰਘ ਵਾਲੇ ਘਰ ਦੁਬਾਰਾ ਗਏ ਸਾਂ। (ਉਹ ਘਰ ਜਿਸ ਦੇ ਮੱਥੇ ਉੱਤੇ ਵੱਡਾ-ਵੱਡਾ ‘ਵਰਿਆਮ ਸਿੰਘ ਸੰਧੂ’ ਲਿਖਿਆ ਹੁੰਦਾ ਸੀ ਤੇ ਜਿਸ ਘਰ ਦੀ ਕੰਧ ’ਤੇ ਮੇਰੇ ਵੀਰ ਸੁਪਨ ਦੇ ਨਿੱਕੇ ਨਿੱਕੇ ਹੱਥ ਗਿੱਲੇ ਸੀਮਿੰਟ ’ਤੇ ਛਾਪੇ ਹੋਏ ਸਨ। ਮੈਂ ਉਹ ਨਾਮ ਬਹੁਤ ਮਿੱਸ ਕਰਦੀ ਹਾਂ, ਸੋਚਦੀ ਹੁੰਦੀ ਆਂ ਕਿ ਡੈਡੀ ਦੇ ਓਸ ਘਰ ਦੀ ਸਾਂਭ ਹੋਣੀ ਚਾਹੀਦੀ ਸੀ। ਪਰ ਕੁਝ ਮਜਬੂਰੀਆਂ ਕਰਕੇ ਉਹ ਘਰ ਵੇਚਣਾ ਪਿਆ ਸੀ। ਖ਼ੈਰ! ਬਾਅਦ ਵਿਚ ਰਹਿਣ ਵਾਲਿਆਂ ਨੇ ਤਾਂ ਘਰ ਨੂੰ ਆਪਣੇ ਹਿਸਾਬ ਨਾਲ ਤਬਦੀਲ ਕਰਨਾ ਹੀ ਸੀ।) ਸੋ, ਜਦੋਂ ਅਸੀਂ ਸੁਰ ਸਿੰਘ ਪਹੁੰਚੇ ਤਾਂ ਅਸੀਂ ਬੱਚੇ ਵਿਹੜੇ ਦੇ ਆਸੇ ਪਾਸੇ ਲੱਗੀਆਂ ਸੁੱਕ ਚੁੱਕੀਆਂ ਕਿਆਰੀਆਂ ਕੋਲ ਭੁੰਜੇ ਹੀ ਬੈਠੇ ਹੋਏ ਸੀ। ਇਨ੍ਹਾਂ ਕਿਆਰੀਆਂ ਵਿਚ ਮੇਰੀ ਮਾਂ ਆਪਣੀ ‘ਫ਼ਸਲ’ ਬੀਜਦੀ। ਬਤਾਊਂ, ਟਮਾਟਰ, ਕਰੇਲੇ, ਹਲਵਾ ਕੱਦੂ ਤੇ ਹੋਰ ਪਤਾ ਨਹੀਂ ਕੀ ਕੀ। ਅਸੀਂ ਉਹਦੇ ਨਾਲ ਰਲ ਕੇ ਪਾਣੀ ਦਿੰਦੇ। ਇੱਕ ਸਾਲ ਏਨੇ ਹਲਵੇ ਕੱਦੂ ਹੋਏ ਕਿ ਦਾਦੀ ਪਿੰਡੋਂ ਸਿਰ ’ਤੇ ਚੁੱਕ ਕੇ ਖੇਤਾਂ ਨੂੰ ਲੈ ਜਾਂਦੀ ਤੇ ਆਂਢ-ਗਵਾਂਢ ਦੀਆਂ ਬਹਿਕਾਂ ਵਿਚ ਵਰਤਾਉਂਦੀ।
ਅੱਜ ਦਾਦੀ ਖੇਤੋਂ ਸਾਡੇ ਲਈ ਵੱਡਾ ਡੋਲੂ ਸਾਗ ਦਾ ਅਤੇ ਵੱਡੇ ਵੱਡੇ ਗੋਂਦਵੇਂ ਲੱਡੂ ਲੈ ਕੇ ਆਈ ਸੀ। ਇਹ ਉਹਦਾ ਸਾਡੇ ਲਈ ਪਿਆਰ ਜਤਾਉਣ ਦਾ ਤਰੀਕਾ ਸੀ। ਸੁਰ ਸਿੰਘ ਰਹਿੰਦਿਆਂ ਵੀ ਉਹ ਸਾਡੇ ਲਈ ਕੁਝ ਨਾ ਕੁਝ ਖੇਤਾਂ ਵਿਚੋਂ ਲਈ ਆਉਂਦੀ। ਗੰਨੇ, ਸਾਗ, ਦੁੱਧ। ਹੁਣ ਮੈਂ ਓਸ ਪਲ ਬਾਰੇ ਸੋਚਦੀ ਆਂ ਤਾਂ ਮੇਰਾ ਮਨ ਬੜਾ ਉਦਾਸ ਹੁੰਦਾ ਏ। ਮੇਰਾ ਦਿਲ ਫ਼ਿਰ ਸੁਰ ਸਿੰਘ ਦੀਆਂ ਉਨ੍ਹਾਂ ਗਲੀਆਂ ‘ਚ ਫ਼ਿਰਨ ਨੂੰ ਕਰਦਾ ਹੈ ਜਿੱਥੇ ਮੈਂ ਸਾਰੇ ਬਾਜ਼ਾਰ ’ਚ ਹਰ ਦੁਕਾਨ ’ਚ ਇਹ ਸੋਚ ਕੇ ਵੜ ਜਾਂਦੀ ਸੀ ਕਿ ਜਿਵੇਂ ਸਾਰਾ ਬਾਜ਼ਾਰ ਮੇਰੇ ‘ਬਾਪੂ’ ਦਾ ਹੀ ਹੋਵੇ। ਪਿੰਡ ਸੁਰ ਸਿੰਘ ਜਿੱਥੇ ਮੇਰੇ ਭਰਾ ਨੇ ਮੈਨੂੰ ਮੋਢਿਆਂ ’ਤੇ ਚੁੱਕ ਕੇ ਖਿਡਾਇਆ, ਜਿੱਥੇ ਮੇਰੀ ਭੈਣ ਮੇਰੇ ਲਈ ਨਿੰਮ ਦੀਆਂ ‘ਘਟੋਨੀਆਂ’ ਦੇ ਹਾਰ ਬਣਾਉਂਦੀ ਸੀ। ਸਭ ਤੋਂ ਵੱਡੀ ਗੱਲ- ਇਹੀ ਉਹ ਘਰ ਸੀ ਜਿੱਥੇ ਮੈਨੂੰ ਮੇਰੀ ਦਾਦੀ ਦੱਸਦੀ ਹੁੰਦੀ ਸੀ, “ਵਰਿਆਮ ਨਿੱਕਾ ਹੁੰਦਾ ਬੜਾ ਹੀ ਸੋਹਣਾ ਹੁੰਦਾ ਸੀ। ਨਿੱਕੇ ਨਿੱਕੇ ਕੁੰਡਲਾਂ ਵਾਲੇ ਵਾਲ, ਲਾਲ ਸੂਹੀਆਂ ਗੱਲ੍ਹਾਂ, ਠੁਮ ਠੁਮ ਕਰਦਾ ਭੱਜਾ ਫ਼ਿਰਦਾ ਬਾਹਲਾ ਈ ਸੋਹਣਾ ਲੱਗਦਾ ਸੀ।” ਮੈਂ ਸੋਚਣ ਲੱਗ ਪੈਣਾ ਕਿ ਮੇਰਾ ਡੈਡੀ ਕਿੰਨਾ ਸੋਹਣਾ ਹੋਊ ਨਿੱਕਾ ਹੁੰਦਾ! ਇਹੀ ਉਹ ਘਰ ਸੀ, ਜਿੱਥੇ ਸਾਡਾ ਸਾਰੇ ਭੈਣਾਂ ਭਰਾਵਾਂ ਦਾ ਜਨਮ ਹੋਇਆ ਸੀ।
ਉਹ ਘਰ ਜਿੱਥੇ ਹਰ ਵੇਲੇ ਮੇਰੀ ਨਾਨੀ ਮੈਨੂੰ ਹਰ ਪਾਸੇ ਬੈਠੀ ਆਪਣੀਆਂ ਉਂਗਲਾਂ ਦੇ ਪੋਟਿਆਂ `ਤੇ ਗਿਣ ਕੇ ਪਾਠ ਕਰਦੀ ਦਿਸਦੀ- “ ਜਿੰਨ੍ਹੀਂ ਨਾਮ ਧਿਆਇਆ, ਗਏ ਮਸੱਕਤ ਘਾਲਿ- ਜਿੰਨ੍ਹੀਂ ਨਾਮ ਧਿਆਇਆ, ਗਏ ਮਸੱਕਤ ਘਾਲਿ, ਨਾਨਕ ਤੇ ਮੁਖ ਊਜਲੇ ਕੇਤੀ ਛੁੱਟੀ ਨਾਲਿ- ਨਾਨਕ ਤੇ ਮੁਖ ਊਜਲੇ ਕੇਤੀ ਛੁੱਟੀ ਨਾਲਿ।” ਨਾਨੀ ਨੇ ਹਰ ਸ਼ਬਦ, ਹਰ ਪੌੜੀ ਦੀ ਤੁੱਕ ਦੋ ਵਾਰ ਬੋਲਣੀ। ਨਾਨੀ ਸਾਰਾ ਦਿਨ ਕੱਲ੍ਹੀ ਬੈਠੀ ਰਹਿੰਦੀ, ਪਾਠ ਕਰਦੀ ਰਹਿੰਦੀ, ਘਰ ਦੇ ਕੰਮ ਧੰਦੇ ’ਚ ਮਦਦ ਕਰ ਦਿੰਦੀ। ਹੁਣ ਸੋਚਦੀ ਆਂ ਬਈ ਉਹ ਸਾਰਾ ਦਿਨ ਕੱਲ੍ਹੀ ਬੈਠੀ ਰਹਿੰਦੀ ਸੀ, ਅਸੀਂ ਸਾਰੇ ਜਾਣੇ ਆਪਣੇ ਕੰਮਾਂ ਕਾਰਾਂ ’ਚ ਰੁੱਝੇ ਰਹਿੰਦੇ ਸਾਂ। ਤੁਸੀਂ ਵੀ ਨੋਟ ਕੀਤਾ ਹੋਣਾ ਏਂ ਕਿ ਅਸੀਂ ਸਭ ਲੋਕ ਆਪਣੇ ਘਰਾਂ ਅਤੇ ਬੱਚਿਆਂ ’ਚ ਇੰਨੇ ਰੁੱਝ ਜਾਂਦੇ ਆਂ ਕਿ ਬਜ਼ਰਗਾਂ ਨੂੰ ਦੇਣ ਲਈ ਸਾਡੇ ਕੋਲ ਟਾਈਮ ਈ ਨਹੀਂ ਹੈ। ਖ਼ੈਰ! ਜਦ ਕਦੇ ਨਾਨੀ ਨਾਲ ਗੱਲ ਕਰਨੀ ਤਾਂ ਉਹਨੇ ਆਪਣੀਆਂ ਪੁਰਾਣੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦੇਣੀਆਂ। ਕਿਵੇਂ ਉਹ ਲਾਹੌਰ ਕਿਲ੍ਹਾ ਗੁੱਜਰ ਸਿੰਘ ਥਾਣੇ ਦੇ ਕਵਾਟਰਾਂ ’ਚ ਰਹਿੰਦੀ ਰਹੀ ਸੀ ਤੇ ਕਿਵੇਂ ਸਾਰੇ ਉਹਨੂੰ ਓਥੇ ‘ਥਾਣੇਦਾਰਨੀ’ ਕਹਿ ਕੇ ਬੁਲਾਉਂਦੇ ਹੁੰਦੇ ਸੀ। ਕਦੇ ਕਦੇ ਬੀਬੀ ਨੂੰ ਕੋਈ ਗੀਤ ਸੁਣਾਉਣ ਨੂੰ ਕਹਿਣਾ ਤਾਂ ਹਮੇਸ਼ਾਂ ਉਹ ਇਹੀ ਗੀਤ ਸੁਣਾਉਂਦੀ ਹੁੰਦੀ ਸੀ:
ਤੇਰਾ ਕੁੜਤਾ ਤੇ ਦਾਣਾ ਦਾਣਾ ਵੇ,
ਤਾਹੀਂਓਂ ਲੜਦਾ ਸਵੇਰੇ ਉੱਠ ਜਾਣਾ ਵੇ।
ਤੇਰਾ ਕੁੜਤਾ ਤੇ ਫ਼ੁੱਟੀਆਂ ਫ਼ੁੱਟੀਆਂ ਵੇ,
ਤੈਨੂੰ ਸਾਹਬ ਨਾ ਦੇਂਦਾ ਛੁੱਟੀਆਂ ਵੇ।
ਸਾਡੇ ਨਾਨੇ ਨੇ ਪੁਲਿਸ ਵਿਚ ਭਰਤੀ ਹੋਣ ਤੋਂ ਪਹਿਲਾਂ ਫੌਜ ਵਿਚ ਵੀ ਨੌਕਰੀ ਕੀਤੀ ਸੀ। ਨਾਨੀ ਦੇ ਗੀਤ ਵਿਛੋੜੇ ਵਿਚ ਦਿਨ ਕੱਟ ਰਹੀ ਫੌਜੀ ਦੀ ਪਤਨੀ ਦੀਆਂ ਭਾਵਨਾਵਾਂ ਨੂੰ ਬਿਆਨ ਕਰਦੇ।
ਪੁਲਿਸ ਵਿਚ ਭਰਤੀ ਹੋਣ ਤੋਂ ਬਾਅਦ ਤਾਂ ਸਦਾ ਨਾਨਾ ਜੀ ਨੇ ਨਾਨੀ ਨੂੰ ਆਪਣੇ ਨਾਲ ਰੱਖਿਆ। ਕਦੀ ਵੱਖ ਹੀ ਨਾ ਹੋਣ ਦਿੱਤਾ। ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਉਹ ਭਰ ਜਵਾਨੀ ਵਿਚ ਹੀ ਤੁਰ ਗਏ। ‘ਛੁੱਟੀ’ ਦੇਣ ਵਾਲੇ ‘ਸਾਹਿਬ’ ਨੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਸੀ।
ਨਾਨੀ ਦੀਆਂ ਬਹੁਤੀਆਂ ਗੱਲਾਂ ਵਿਚ ਨਾਨਾ ਜੀ ਦੇ ਜਵਾਨੀ ਵਿਚ ਤੁਰ ਜਾਣ ਦਾ ਹੇਰਵਾ ਤੇ ਦੁੱਖ ਹੀ ਹੁੰਦਾ ਸੀ।
ਮੇਰਾ ਘਰ ਜਿਸ ਦੀ ਪਿਛਲੀ ਹਵੇਲੀ ’ਚ ਮੈਂ ਤੇ ਮੇਰੇ ਭਰਾ ਨੇ ਮੰਦਰ-ਗੁਰਦੁਆਰਾ ਬਣਾਏ ਹੁੰਦੇ ਸੀ। ਆਲਿਆਂ ਦੇ ਵਿਚ ਅਸੀਂ ਗੁਰੂਆਂ, ਪੀਰਾਂ ਅਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਾਈਆਂ ਹੁੰਦੀਆਂ। ਪਾਠ ਕਰਦੇ ਤੇ ਸਾਰੇ ਘਰ ਦੇ ਮੈਂਬਰਾਂ ਨੂੰ ਖੰਡ ਦਾ ‘ਪਰਸ਼ਾਦ’ ਵਰਤਾਉਣ ਵਾਲਾ ‘ਬਾਬਾ’ ਮੈਂ ਹੁੰਦੀ। ਓਸੇ ਹਵੇਲੀ ’ਚ ਅਸੀਂ ਭੈਣ-ਭਰਾ ਹਿਰਨ ਵਾਂਗ ਚੁੰਗੀਆਂ ਭਰਦੇ ਭੱਜੇ ਫ਼ਿਰਦੇ, ਖੇਡਦੇ ਤੇ ਪੀਂਘਾਂ ਝੂਟਦੇ। ਏਥੇ ਵੀ ਮੰਮੀ ਨੇ ਕਦੀ ਗੰਨੇ ਬੀਜੇ ਹੁੰਦੇ, ਕਦੀ ਖ਼ਰਬੂਜੇ ਤੇ ਕਦੀ ਫੁੱਟਾਂ।
ਏਥੇ ਹੀ ਮੇਰਾ ਭਰਾ ਮੈਨੂੰ ਮੋਢਿਆਂ ’ਤੇ ਬਿਠਾ ਕੇ ਝੂਟੇ ਦਿੰਦਾ। ਕੰਧ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਨੂੰ ਰੀਲ ਦਾ ਧਾਗਾ ਬੰਨ੍ਹ ਕੇ ਉਹਨੂੰ ਭੱਜ ਕੇ ਟੱਪਦੇ, ਫ਼ਿਰ ਓਸੇ ਧਾਗੇ ਨੂੰ ਹੋਰ ਉੱਚਾ ਬੰਨ੍ਹ ਕੇ ਟੱਪਦੇ। ਮੇਰਾ ਬੇਲੀ ਵੀਰ ਤੇ ਮੈਂ ਨਿੱਕੇ ਹੁੰਦੇ ਓਸ ਘਰ ਵਿਚ ਬਹੁਤ ਖੇਡੇ। ਮੇਰੀ ਵੱਡੀ ਭੈਣ ਨੇ ਮੈਨੂੰ ਬਹੁਤ ਲਾਡ ਲਡਾਇਆ। ਸ਼ਹਿਰ ਦਾ ਪਿੰਡ ਨਾਲੋਂ ਕਾਫ਼ੀ ਫ਼ਰਕ ਸੀ। ਸੁਰ ਸਿੰਘ ਹੁਣ ਪਿੱਛੇ ਰਹਿ ਗਿਆ ਸੀ, ਘਰ ਪਿੱਛੇ ਰਹਿ ਗਿਆ ਸੀ। ਪਰ ਘਰ ਨਾਲ ਜੁੜੀਆਂ ਯਾਦਾਂ ਤਾਂ ਕਿਤੇ ਨਹੀਂ ਸਨ ਗਈਆਂ। ਨਾ ਹੀ ਦਿਮਾਗ਼ ਦੇ ਵਿਚੋਂ ਬਾਬਾ ਬਿਧੀ ਚੰਦ ਤੇ ਭਾਈ ਪਦਾਰਥ ਦੇ ਗੁਰਦੁਆਰੇ ਲੱਗਣ ਵਾਲੇ ਮੇਲੇ ਗਏ, ਜਿੱਥੇ ਅਸੀਂ ਪਾਪੜ ਖ਼ਰੀਦ ਕੇ ਖਾਂਦੇ ਹੁੰਦੇ ਸੀ, ਜਿਹਦੇ ‘ਤੇ ਪਈ ਚਟਨੀ ਕਈ ਵਾਰ ਵਗਦੀ ਹਵਾ ਨਾਲ ਸਾਰੇ ਪਾਪੜ ‘ਤੇ ਫ਼ੈਲ ਜਾਂਦੀ ਸੀ। ਇੱਕ ਵਾਰ ਭਾਈ ਪਦਾਰਥ ਦੇ ਮੇਲੇ ਤੋਂ ਪਾਪੜ ਲੈ ਕੇ ਘਰ ਨੂੰ ਆ ਰਹੇ ਸਾਂ ਕਿ ਵਾਰੀ ਤੇਜ਼ ਵਗਦੀ ਹਵਾ ਨਾਲ ਹੱਥਾਂ ਵਿਚ ਫੜੇ ਉਹ ਪਾਪੜ ਉੱਡ ਗਏ ਤੇ ਘਰੇ ਖ਼ਾਲੀ ਹੱਥ ਵਾਪਸ ਆਏ।
ਵਧੀਆ ਸੀ ਉਹ ਦਿਨ! ਜਿਨ੍ਹਾਂ ਵਿਚ ਨਾਨੀ ਸੀ, ਦਾਦੀ ਸੀ, ਬਚਪਨ ਸੀ, ਖੇਡਾਂ ਸੀ ਤੇ ਕਿਲਕਾਰੀਆਂ ਸਨ। ਪਿੰਡ ਸੁਰ ਸਿੰਘ ਦਾ ਪੀਲੀ ‘ਕਲੀ’ ਵਾਲਾ ਘਰ ਸੀ। ਮੇਰਾ ਘਰਵਾਲਾ ਕਈ ਵਾਰ ਪੇਂਟ ਨੂੰ ‘ਕਲੀ’ ਕਹਿਣ ’ਤੇ ਖਿਝ ਜਾਂਦਾ ਏ, ਪਰ ਕੀ ਕਰਾਂ ਆਦਤ ਤੋਂ ਮਜਬੂਰ ਆਂ। ਅੰਦਰਲੀ ਮਝੈਲਣ ਨੇ ਕਦੇ ਨਹੀਂ ਮਰਨਾ। ਬਿਲਕੁਲ ਓਸੇ ਤਰ੍ਹਾਂ ਜਿਵੇਂ ਮੇਰੇ ਡੈਡੀ ਦੇ ਅੰਦਰੋਂ ਲਾਹੌਰ ਕਦੇ ਨਹੀਂ ਜਾਣਾ।
ਡੈਡੀ (ਵਰਿਆਮ ਸਿੰਘ ਸੰਧੂ) ਦੇ ਇਸ ਵਾਰ ਪਿੰਡ ਭਡਾਣੇ ਜਾਣ ਦੀਆਂ ਭਾਵਨਾਵਾਂ ਨੇ ਮੈਨੂੰ ਆਪਣੀਆਂ ਬਚਪਨ ਦੀਆਂ ਯਾਦਾਂ ਨਾਲ ਫ਼ੇਰ ਜਾ ਜੋੜਿਆ। ਮੇਰੀ ਤਾਂਘ ਸਿਰਫ਼ ਆਪਣੇ ਬਚਪਨ ਵਾਲਾ ਘਰ ਵੇਖਣ ਨਾਲੋਂ ਵਧ ਕੇ ਓਸ ਘਰ ਨੂੰ ਵੇਖਣ ਦੀ ਹੋ ਗਈ ਜਿਸ ਵਿਚ ਕਦੇ ਮੇਰੇ ਡੈਡੀ ਨੇ ਕਿਲਕਾਰੀਆਂ ਮਾਰੀਆਂ ਹੋਣਗੀਆਂ। ਅੰਜੁਮ ਗਿੱਲ ਦੀਆਂ ਪਾਈਆਂ ਪੋਸਟਾਂ ਜਦ ਮੈਂ ਟਿੱਕਟਾਕ ’ਤੇ ਵੇਖੀਆਂ ਜਿਸ ਵਿਚ ਉਹ ਡੈਡੀ ਦੇ ਘਰ ਨੂੰ ਅੰਦਰੋਂ ਬਾਹਰ ਤੱਕ ਦਿਖਾ ਰਿਹਾ ਸੀ ਤਾਂ ਮੈਂ ਸੋਫੇ ’ਤੇ ਬੈਠੀ ਰੋਣ ਲੱਗ ਪਈ- ਇਹ ਸੋਚ ਕੇ ਕਿ ਇਹ ਉਹ ਘਰ ਜਿੱਥੇ ਕਦੇ ਮੇਰੀ ਦਾਦੀ ਦੇ ਕਹਿਣ ਮੁਤਾਬਕ ਨਿੱਕਾ ਜਿਹਾ ਘੁੰਗਰਾਲੇ ਵਾਲਾਂ ਵਾਲਾ ਵਰਿਆਮ ਠੁੰਮ-ਠੁੰਮ ਕਰਦਾ ਭੱਜਾ ਫ਼ਿਰਦਾ ਹੁੰਦਾ ਸੀ। ਮੇਰੀਆਂ ਅੱਖਾਂ ਅੱਗੇ ਉੱਚੀ ਲੰਮੀ ਸੁਣੱਖੀ ਜੋਗਿੰਦਰ ਕੌਰ (ਮੇਰੀ ਦਾਦੀ) ਤੁਰੀ ਫ਼ਿਰਦੀ ਆ ਗਈ। ਮੇਰੇ ਦਾਦਾ ਜੀ ਰਹਿੰਦੇ ਸਨ ਇੱਥੇ। ਸੋਚਾਂ ਨੇ ਜਿਹੜੇ ਦਾਦੇ ਨੂੰ ਅਸਲ ਵਿਚ ਨਹੀਂ ਵੇਖਿਆ, ਉਹ ਵੀ ਵੇਖ ਲਿਆ। ਹੋਰ ਤੇ ਹੋਰ! ਘਰ ਦੇ ਨਕਸ਼ੇ ਵਿਚ ਕੋਈ ਵੀ ਬਦਲਾਓ ਨਹੀਂ ਸੀ ਹੋਇਆ। ਉਵੇਂ ਈ ਘਰ ਦਾ ਇੰਦਰਾਜ਼, ਓਨੇ ਹੀ ਘਰ ਦੇ ਕਮਰੇ ਤੇ ਓਥੇ ਦੇ ਓਥੇ ਈ ਸੀ ਜਿਵੇਂ ਜਿਵੇਂ ਮੇਰੀ ਦਾਦੀ ਨੇ ਮੇਰੇ ਡੈਡੀ ਨੂੰ ਦੱਸੇ ਹੋਏ ਸੀ। ਵੀਡੀਓ ਵਿਚ ਡੈਡੀ ਮੈਨੂੰ ਬੱਚਿਆਂ ਵਾਂਗ ਰੋਂਦੇ ਹੋਏ ਦਿੱਸੇ। ਮੇਰਾ ਜੀਅ ਕੀਤਾ ਮੈਂ ਘੁੱਟ ਕੇ ਜੱਫ਼ੀ ਪਾ ਲਵਾਂ ਤੇ ਆਪ ਵੀ ਰੱਜ ਕੇ ਰੋਵਾਂ। ਮੈਨੂੰ ਲੱਗਾ ਜਿਵੇਂ 47 ਦੀ ਵੰਡ ਵੇਲੇ ਡੈਡੀ ਹੋਰਾਂ ਨੇ ਨਹੀਂ ਮੈਂ ਵੀ ਇਹ ਘਰ ਛੱਡਿਆ ਸੀ। ਮੈਂ ਵੀ ਜਿਵੇਂ ਕਿਤੇ ਕਦੇ ਇੱਥੇ ਈ ਰਹਿੰਦੀ ਹੁੰਦੀ ਸੀ।
ਅਗਲੇ ਦਿਨ ਉੱਠੀ ਤਾਂ ਇੱਕ ਹੋਰ ਵੀਡੀਓ ਦੇਖੀ। ਉਹ ਸੀ ਮੇਰੀ ਮੰਮੀ ਦੀ। ਮੇਰੀ ਮੰਮੀ ਦੀ ਪੈਦਾਇਸ਼ ਭਾਵੇਂ ਲਾਹੌਰ ਦੀ ਨਹੀਂ ਸੀ, ਪਰ ਸਾਡੇ ‘ਭਾਪਾ ਜੀ’ ਵੰਡ ਤੋਂ ਪਹਿਲਾਂ ਥਾਣਾ ਕਿਲ੍ਹਾ ਗੁੱਜਰ ਸਿੰਘ ਲਾਹੌਰ ਦੇ ਐੱਸ ਐੱਚ ਓ ਸਨ। ਕਿਲ੍ਹਾ ਗੁੱਜਰ ਸਿੰਘ ਦੇ ਕਵਾਟਰਾਂ ਵਿਚ ਮੰਮੀ ਦੇ ਵੱਡੇ ਭੈਣ ਭਰਾ ਜ਼ਰੂਰ ਰਹੇ ਸਨ ਤੇ ਵੰਡ ਤੋਂ ਬਾਅਦ ਉਨ੍ਹਾਂ ਦੀ ਬਦਲੀ ਏਧਰ ਹੋ ਗਈ ਸੀ। ਮੰਮੀ ਦੀ ਉਮਰ ਕੋਈ ਦੋ ਕੁ ਸਾਲ ਦੀ ਹੀ ਹੋਵੇਗੀ ਜਦੋਂ 26 ਜਨਵਰੀ ਦੀਆਂ ਘੋੜ-ਖੇਡਾਂ ‘ਚ ਨਾਨਾ ਜੀ ਦੇ ਘੋੜੇ ਦਾ ਸੰਤੁਲਨ ਵਿਗੜਨ ਕਾਰਨ ਨਾਨਾ ਜੀ ਆਪਣੇ ਘੋੜੇ ਤੋਂ ਡਿੱਗ ਪਏ, ਜਿਸ ਵਜ੍ਹਾ ਨਾਲ ਸੱਟ ਸਿੱਧਾ ਓਨ੍ਹਾਂ ਦੇ ਸਿਰ ’ਤੇ ਲੱਗੀ ਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਹ ਮੇਰੀ ਨਾਨੀ ਤੇ ਉਸ ਦੇ ਬਾਲ ਬੱਚਿਆਂ ਦੇ ਲਈ ਸਾਰੀ ਉਮਰ ਦਾ ਹਉਕਾ ਸੀ। ਮੇਰੀ ਮਾਂ ਮੈਨੂੰ ਅਕਸਰ ਦੱਸਦੀ ਹੁੰਦੀ ਏ ਕਿ ਪਿਓ ਤੋਂ ਬਿਨਾਂ ਉਹ ਕਿੰਨੀ ਉਦਾਸ ਰਹਿੰਦੀ ਹੁੰਦੀ ਸੀ, ਇਕੱਲੀ ਬੈਠੀ ਨੇ ਉੱਚੀ ਉੱਚੀ ਰੋਂਦੀ ਰਹਿਣਾ- “ਭਾਪਾ ਜੀ ਆਜੋ, ਹਾਏ ਭਾਪਾ ਜੀ ਆਜੋ।” ਬਾਪ ਦਾ ਸਾਇਆ ਬਚਪਨ ’ਚ ਸਿਰ ’ਤੇ ਨਾ ਹੋਣ ਦਾ ਹਉਕਾ ਮੇਰੀ ਮਾਂ ਦੇ ਮਨ ਵਿਚ ਹਮੇਸ਼ਾਂ ਰਿਹਾ। ਇਹੀ ਵਜ੍ਹਾ ਸੀ ਕਿ ਜਿੱਥੇ ਇੱਕ ਪਾਸੇ ਡੈਡੀ ਨੂੰ ਆਪਣੇ ਭਡਾਣੇ ਵਿਚਲੇ ਘਰ ਨੂੰ ਵੇਖਣ ਦੀ ਮਿਕਨਾਤੀਸੀ ਖਿੱਚ ਸੀ, ਓਥੇ ਮੇਰੀ ਮਾਂ ਦੀ ਇਹ ਦਿਲੀ ਇੱਛਾ ਸੀ ਕਿ ਉਹ ਉਨ੍ਹਾਂ ਕਵਾਟਰਾਂ ਨੂੰ ਜ਼ਰੂਰ ਵੇਖ ਕੇ ਆਵੇ ਜਿੱਥੇ ਉਹਦੀ ਮਾਂ ਨਾਨੇ ਨਾਲ ਰਹਿੰਦੀ ਸੀ। ਕਿਲ੍ਹਾ ਗੁੱਜਰ ਦਾ ਉਹ ਥਾਣਾ ਵੇਖ ਕੇ ਆਵੇ, ਜਿੱਥੇ ਉਹਦਾ ਟੌਹਰੀ ਬਾਪ ਐੱਸ ਐੱਚ ਓ ਸੀ।
ਥਾਣਾ ਕਿਲ੍ਹਾ ਗੁੱਜਰ ਸਿੰਘ ਪਹੁੰਚ ਕੇ ਜਦ ਮੇਰੀ ਮਾਂ ਨੇ ਐੱਸ ਐੱਚ ਓ ਦੀ ਕੁਰਸੀ ਵੇਖੀ ਤਾਂ ਉਹਦਾ ਇਹ ਸੋਚ ਕੇ ਗੱਚ ਭਰ ਆਇਆ ਕਿ ਕਦੇ ਮੇਰਾ ਸਰਦਾਰ ਪਿਓ ਏਸ ਕਰਸੀ ’ਤੇ ਬੈਠਦਾ ਸੀ। ਭਰੇ ਗੱਚ ਨਾਲ ਮੇਰੀ ਮਾਂ ਨੇ ਐੱਸ ਐੱਚ ਓ ਯੂਨਸ ਭੱਟੀ ਨੂੰ ਕਿਹਾ, “ਕੀ ਮੈਂ ਇਸ ਕੁਰਸੀ ਨੂੰ ਹੱਥ ਲਾ ਸਕਦੀ ਆਂ?” ਯੂਨਸ ਭੱਟੀ ਝੱਟ ਆਪਣੀ ਕੁਰਸੀ ਤੋਂ ਉੱਠ ਖੜ੍ਹਾ ਹੋਇਆ ਤੇ ਕਹਿਣ ਲੱਗਾ, “ਕਿਓਂ ਨਹੀਂ ਇਹ ਕੁਰਸੀ ਪਹਿਲਾਂ ਤੁਹਾਡੇ ਪਿਓ ਦੀ ਸੀ ਤੇ ਹੁਣ ਪੁੱਤ ਦੀ ਏ। ਮਾਂ ਤੂੰ ਇਸ ਕੁਰਸੀ ‘ਤੇ ਬਹਿ।” ਮੇਰੀ ਮਾਂ ਨੇ ਕੁਰਸੀ ‘ਤੇ ਬਹਿ ਕੇ ਪਹਿਲਾਂ ਤਾਂ ਓਸ ਕੁਰਸੀ ਨੂੰ ਹੱਥ ਲਾ ਕੇ ਮਹਿਸੂਸ ਕੀਤਾ ਤੇ ਫ਼ਿਰ ਫ਼ੋਨ ’ਚੋਂ ਆਪਣੇ ਪਿਤਾ ਜੀ ਦੀ ਤਸਵੀਰ ਕੱਢ ਕੇ ਆਪਣੀ ਹਿੱਕ ਨਾਲ ਲਾ ਕੇ ਰੋਣ ਲੱਗ ਪਈ। ਓਥੇ ਬੈਠੇ ਸਭ ਭਾਵੁਕ ਹੋ ਗਏ। ਮੇਰੀ ਮਾਂ ਨੂੰ ਇੰਝ ਲੱਗਾ ਜਿਵੇਂ ਉਹਨੇ ਆਪਣੇ ਬਾਪ ਨੂੰ ਮਿਲ ਲਿਆ ਹੋਵੇ। ਦੇਖ ਕੇ ਮੇਰੀਆਂ ਅੱਖਾਂ ’ਚ ਵੀ ਹੰਝੂ ਆ ਗਏ। ਓਸ ਪਲ ਮੈਨੂੰ ਵੀ ਲੱਗਾ ਕਿ ਮੈਂ ਆਪਣੇ ਨਾਨੇ ਨੂੰ ਘੁੱਟ ਕੇ ਜੱਫ਼ੀ ਪਾ ਲਈ ਹੈ।
ਤੇ ਹਾਂ! ਹੁਣ ਇਨ੍ਹਾਂ ਅੱਖਾਂ ਨੇ ਭਡਾਣੇ ਵਾਲਾ ਘਰ ਵੀ ਵੇਖ ਲਿਆ ਤੇ ਕਿਲ੍ਹਾ ਗੁੱਜਰ ਸਿੰਘ ਵੀ ਵੇਖ ਲਿਆ।
ਅੰਜੁਮ ਗਿੱਲ ਦੀਆਂ ਡੈਡੀ ਬਾਰੇ ਪਾਈਆਂ ਪੋਸਟਾਂ ਵਿਚ ਆਹ ਸਤਰਾਂ ਨੇ:
ਰਿਸ਼ਤੇਦਾਰੀ ਬਥੇਰੀ ਵੱਡੀ,
ਪਰ ਢੁੱਕਿਆ ਨਾ ਕੋਈ ਪ੍ਰਾਹੁਣਾ
ਜਦ ਏਥੇ ਜੰਮਿਆ ਤੂੰ ਨਹੀਂ ਆਉਂਦਾ,
ਤਾਂ ਹੈਥੇ ਜੰਮਿਆਂ ਨੇ ਕੀ ਆਉਣਾ
ਪਿੰਡ ਭਡਾਣੇ ਘੁੰਮ ਜਾਇਆ ਕਰ, ਜੇ ਨਹੀਂ ਆਉਣਾ ਰਹਿਣ।
ਘਰ ਕਹਿੰਦਾ ਘਰ ਮੁੜਿਆ ਹੁਣ ਤਾਂ…।
ਇਹ ਸੁਣ ਕੇ ਮੇਰੀ ਸੋਚ ਫ਼ਿਰ ਪਿੰਡ ਸੁਰ ਸਿੰਘ ਵੱਲ ਪਰਤ ਜਾਂਦੀ ਹੈ। ਪਿੰਡ ਸੁਰ ਸਿੰਘ ਵਾਲੇ ਮੇਰੇ ਘਰ! ਤੈਨੂੰ ਵੀ ਮੈਂ ਇਹ ਕਹਿਣਾ ਚਾਹੁੰਦੀ ਆਂ ਕਿ ਕਾਸ਼! ਮੈਂ ਇੱਕ ਵਾਰ ਫ਼ੇਰ ਨਿੱਕੀ ਬੱਚੀ ਬਣ ਜਾਂ ਤੇ ਓਸੇ ਵਿਹੜੇ ’ਚ ਮੇਰੀ ਨਾਨੀ ਮੈਨੂੰ ‘ਮੇਰਾ ਮਨ ਲੋਚੈ’ ਬੋਲਦੀ ਸੁਣੇ। ਮੈਂ ਇੱਕ ਵਾਰ ਫ਼ੇਰ ਉਨ੍ਹਾਂ ਕਿਆਰੀਆਂ ਕੋਲ ਬੈਠੀ ਹੋਵਾਂ ਤੇ ਦਾਦੀ ਤੂੰ ਫ਼ੇਰ ਲੱਡੂ ਲੈ ਕੇ ਆਵੇਂ ਤੇ ਮੈਂ ਤੁਹਾਨੂੰ ਦੋਹਵਾਂ ਨੂੰ ਲਿਪਟ ਜਾਵਾਂ ਤੇ ਦੱਸਾਂ ਕਿ “ਸੱਚੀਂ! ਬੜੀਆਂ ਯਾਦ ਆਉਂਦੀਆਂ ਤੁਸੀਂ ਮੈਨੂੰ ਦੋਹਵੇਂ ਤੇ ਨਾਲੇ ਸੁਰ ਸਿੰਘ ਵਾਲਾ ਘਰ!”