ਪ੍ਰਿੰ. ਸਰਵਣ ਸਿੰਘ
ਦਾਰਾ ਸਿੰਘ ਨਾਂ ਦੇ ਦੋ ਭਲਵਾਨ ਹੋਏ ਹਨ। ਦੋਹਾਂ `ਚੋਂ ਨਕਲੀ ਕੋਈ ਨਹੀਂ, ਦੋਵੇਂ ਅਸਲੀ ਸਨ। ਵੱਡਾ ਦਾਰਾ 1918 `ਚ ਜੰਮਿਆ ਸੀ, ਛੋਟਾ 1928 ਵਿਚ। ਵੱਡਾ ਦੁਲਚੀਪੁਰ ਦਾ ਸੀ, ਛੋਟਾ ਧਰਮੂਚੱਕ ਦਾ। ਅੱਜ ਦਾਰੇ ਦੁਲਚੀਪੁਰੀਏ ਦੀ ਗੱਲ ਕਰਦੇ ਹਾਂ ਜਿਸ ਨੂੰ ਦਾਰਾ ਕਿੱਲਰ ਵੀ ਕਿਹਾ ਜਾਂਦਾ ਸੀ। ਦਾਰੇ ਧਰਮੂਚੱਕੀਏ ਦੀ ਗੱਲ ਕਦੇ ਫੇਰ ਕਰਾਂਗੇ ਜਿਸ ਨੇ ਟੀਵੀ ਸੀਰੀਅਲ ਰਾਮਾਇਣ ਵਿਚ ਹਨੂੰਮਾਨ ਦਾ ਰੋਲ ਕੀਤਾ ਸੀ। ਦੋਹੇਂ ਦਾਰੇ ਵਰਲਡ ਚੈਂਪੀਅਨ ਕਿੰਗਕਾਂਗ ਨੂੰ ਢਾਹ ਕੇ ਰੁਸਤਮੇ ਜ਼ਮਾਂ ਬਣੇ ਸਨ। ਉਦੋਂ ਦਾਰੇ ਦਾ ਭਾਰ 135 ਕਿਲੋ ਸੀ, ਕਿੰਗਕਾਂਗ ਦਾ 200 ਕਿਲੋ।
ਵੱਡਾ ਦਾਰਾ 1918 `ਚ ਖਡੂਰ ਸਾਹਿਬ ਦੇ ਨੇੜਲੇ ਪਿੰਡ ਦੁਲਚੀਪੁਰ `ਚ ਕਿਸਾਨ ਪਿਆਰਾ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਪੈਦਾ ਹੋਇਆ ਸੀ। ਉਹ ਛੇ ਭੈਣ ਭਰਾ ਸਨ। ਦਾਰਾ ਦਸ ਸਾਲ ਦਾ ਸੀ ਕਿ ਪਿਆਰਾ ਸਿੰਘ ਪਲੇਗ ਨਾਲ ਪਰਲੋਕ ਸਿਧਾਰ ਗਿਆ। ਪਰਿਵਾਰ ਪਾਲਣ ਦੀ ਜ਼ਿੰਮੇਵਾਰੀ ਵੱਡੇ ਭਰਾ ਇੰਦਰ ਸਿੰਘ ਦੇ ਸਿਰ ਆਣ ਪਈ। ਇੰਦਰ ਭਲਵਾਨ ਬਣਨਾ ਚਾਹੁੰਦਾ ਸੀ ਪਰ ਉਸ ਦੀਆਂ ਰੀਝਾਂ ਮਨ ਵਿਚ ਹੀ ਦੱਬੀਆਂ ਰਹਿ ਗਈਆਂ।
ਦੁਲਚੀਪੁਰ ਉਸ ਇਲਾਕੇ ਦਾ ਪਿੰਡ ਹੈ ਜਿਥੇ ਪਹਿਲਵਾਨੀ ਦੀ ਪਰੰਪਰਾ ਬੜੀ ਪੁਰਾਣੀ ਹੈ। ਲਾਗੇ ਖਡੂਰ ਸਾਹਿਬ ਹੈ ਜਿਥੇ ਗੁਰੂ ਅੰਗਦ ਦੇਵ ਜੀ ਮੱਲਾਂ ਦੇ ਘੋਲ ਕਰਵਾਇਆ ਕਰਦੇ ਸਨ। ਉਥੇ ਅੱਜ ਵੀ ਗੁਰਦਵਾਰਾ ਮੱਲ ਅਖਾੜਾ ਸਾਹਿਬ ਸੁਭਾਏਮਾਨ ਹੈ। ਖਡੂਰ ਸਾਹਿਬ ਦੇ ਮੇਲੇ ਵਿਚ ਕੁਸ਼ਤੀਆਂ ਹੁੰਦੀਆਂ ਸਨ ਜਿਥੋਂ ਗਭਰੂਆਂ ਨੂੰ ਘੁਲਣ ਦੀ ਚੇਟਕ ਲੱਗਦੀ ਸੀ। ਦਾਰਾ ਸਿੰਘ ਨੂੰ ਵੀ ਉਥੋਂ ਹੀ ਘੁਲਣ ਦੀ ਚੇਟਕ ਲੱਗੀ ਸੀ।
ਦਾਰਾ ਚੌਦਾਂ ਪੰਦਰਾਂ ਸਾਲ ਦੀ ਉਮਰੇ ਹੀ ਆਪਣੇ ਨਾਲੋਂ ਵਡੇਰੇ ਜੁਆਨਾਂ ਨੂੰ ਢਾਹੁਣ ਲੱਗ ਪਿਆ ਸੀ। ਇੰਦਰ ਨੇ ਦਾਰੇ ਦੀ ਖੁਰਾਕ ਦਾ ਪ੍ਰਬੰਧ ਕਰ ਕੇ ਉਸ ਨੂੰ ਹੋਰ ਤਕੜਾ ਪਹਿਲਵਾਨ ਬਣਾਉਣ ਦਾ ਚਾਰਾ ਕੀਤਾ। ਪਿੰਡ ਦੇ ਸਿਆਣੇ ਬੰਦਿਆਂ ਨੇ ਉਸ ਨੂੰ ਸਲਾਹ ਦਿੱਤੀ, ਇਸ ਨੂੰ ਕਿਸੇ ਚੰਗੇ ਪਹਿਲਵਾਨ ਦੇ ਅਖਾੜੇ ਵਿਚ ਛੱਡ ਜਿਥੇ ਇਹ ਵੱਡਾ ਪਹਿਲਵਾਨ ਬਣ ਸਕੇ। ਕਿਸੇ ਨੇ ਦੱਸ ਪਾ ਦਿੱਤੀ ਕਿ ਇਹਨੂੰ ਲਾਹੌਰ ਦੇ ਪਹਿਲਵਾਨ ਸੱਜਣ ਸਿੰਘ ਦਾ ਪੱਠਾ ਬਣਾਓ।
ਇੰਦਰ ਸਿੰਘ ਘਿਓ ਦਾ ਪੀਪਾ, ਸਵਾ ਰੁਪਿਆ ਤੇ ਪੱਗ ਲੈ ਕੇ ਦਾਰੇ ਨੂੰ ਲਾਹੌਰ ਲੈ ਗਿਆ। ਉਸਤਾਦ ਸੱਜਣ ਸਿੰਘ ਨੂੰ ਪੱਗ ਤੇ ਸਵਾ ਰੁਪਿਆ ਮੱਥਾ ਟੇਕ ਕੇ ਗੁਰੂ ਧਾਰਨ ਕਰ ਲਿਆ। ਉਥੇ ਤਿੰਨ ਸਾਲ ਦਾਰੇ ਨੇ ਕੁਸ਼ਤੀਆਂ ਦੇ ਦਾਅ ਪੇਚ ਸਿੱਖੇ ਤੇ ਰਵਾਂ ਕੀਤੇ। ਲਾਹੌਰ ਉਹ ਅਮਾਮ ਬਖਸ਼ ਵਰਗੇ ਪਹਿਲਵਾਨਾਂ ਨੂੰ ਮਿਲਿਆ ਜਿਥੇ ਉਹਦੀ ਕੁਸ਼ਤੀ ਦੀਆਂ ਵੀ ਧੁੰਮਾਂ ਪੈਣ ਲੱਗ ਪਈਆਂ।
ਖੇਤੀਬਾੜੀ `ਚ ਪਰਿਵਾਰ ਦਾ ਗੁਜ਼ਾਰਾ ਔਖਾ ਹੋਣ ਕਰਕੇ ਦਾਰੇ ਦੇ ਵੱਡੇ ਭਰਾ ਦਲੀਪ ਸਿੰਘ ਨੂੰ ਸਿੰਘਾਪੁਰ ਜਾਣਾ ਪੈ ਗਿਆ। ਉਥੇ ਉਸ ਨੇ ਡੇਅਰੀ ਫਾਰਮ ਚਲਾਇਆ ਤੇ ਦਾਰੇ ਨੂੰ ਵੀ ਆਪਣੇ ਕੋਲ ਬੁਲਾ ਲਿਆ। ਉਦੋਂ ਉਹਦੀ ਉਮਰ ਅਠਾਰਾਂ ਕੁ ਸਾਲਾਂ ਦੀ ਸੀ। ਉਨ੍ਹੀਂ ਦਿਨੀਂ ਮਲਾਇਆ ਸਿੰਗਾਪੁਰ ਵਿਚ ਫਰੀ ਸਟਾਈਲ ਕੁਸ਼ਤੀਆਂ ਦੇ ਦੰਗਲ ਹੁੰਦੇ ਸਨ ਜਿਨ੍ਹਾਂ `ਚ ਦਾਰਾ ਵੀ ਭਾਗ ਲੈਣ ਲੱਗਾ। ਦੁੱਧ ਘਿਓ ਘਰ ਦੀ ਡੇਅਰੀ ਦਾ ਖੁੱਲ੍ਹਾ-ਡੁੱਲ੍ਹਾ ਹੋਣ ਕਰਕੇ ਉਹਦਾ ਜੁੱਸਾ ਪੂਰਾ ਭਰ ਗਿਆ ਤੇ ਉਹਦਾ ਕੱਦ ਛੇ ਫੁੱਟ ਗਿਆਰਾਂ ਇੰਚ ਉੱਚਾ ਹੋ ਗਿਆ। ਉਥੇ ਉਹ ਫਰੀ ਸਟਾਈਲ ਕੁਸ਼ਤੀਆਂ ਲੜਨੀਆਂ ਵੀ ਸਿੱਖ ਗਿਆ ਤੇ ਮਲਾਇਆ ਸਿੰਗਾਪੁਰ ਦਾ ਚੈਂਪੀਅਨ ਬਣ ਗਿਆ।
1936 `ਚ ਮਲਾਇਆ ਪੁਲਿਸ ਵਿਚ ਭਰਤੀ ਹੋਣ ਲੱਗੀ ਤਾਂ ਨੌਕਰੀ ਲਈ ਲੋਕਾਂ ਨੂੰ `ਕੱਠੇ ਹੋਏ ਵੇਖ ਕੇ ਉਹ ਵੀ ਲਾਈਨ `ਚ ਜਾ ਲੱਗਾ। ਅੰਗਰੇਜ਼ ਅਫਸਰ ਉਹਦਾ ਕੱਦ ਮਿਣ ਕੇ ਹੈਰਾਨ ਰਹਿ ਗਿਆ। ਦਾਰਾ ਅਨਪੜ੍ਹ ਹੋਣ ਕਰਕੇ ਭਰਤੀ ਕਰਨ ਦੇ ਯੋਗ ਨਹੀਂ ਸੀ ਪਰ ਸੀ ਤਕੜਾ ਪਹਿਲਵਾਨ। ਅਫਸਰ ਨੇ ਸ਼ਰਤ ਰੱਖੀ ਪਈ ਪਹਿਲਾਂ ਭਰਤੀ ਕੀਤੇ ਛੇ ਪਹਿਲਵਾਨਾਂ ਨਾਲ ਉਸ ਨੂੰ ਘੁਲਣਾ ਪਵੇਗਾ। ਦਾਰੇ ਨੇ ਉਨ੍ਹਾਂ ਨੂੰ ਵੇਖੇ ਬਿਨਾਂ ਹੀ ਹਾਂ ਕਰ ਦਿੱਤੀ। ਜਦੋਂ ਕੁਸ਼ਤੀਆਂ ਹੋਈਆਂ ਤਾਂ ਉਸ ਨੇ ਸਾਰੇ ਪਹਿਲਵਾਨ ਚਿੱਤ ਕਰ ਦਿੱਤੇ। ਅਫਸਰ ਨੇ ਉਸ ਨੂੰ ਸਿਪਾਹੀ ਭਰਤੀ ਕਰਨ ਦੀ ਥਾਂ ਇਕ ਦਰਜਾ ਤਰੱਕੀ ਦੇ ਕੇ ਲਾਂਸ ਕਾਰਪੋਰਲ ਭਰਤੀ ਕਰ ਲਿਆ। ਫਿਰ ਉਹ ਤਰੱਕੀ ਕਰ ਕੇ ਸਬ ਇੰਸਪੈਕਟਰ ਬਣ ਗਿਆ ਪਰ ਪੁਲਿਸ ਵਿਚ ਵੀ ਉਸ ਦਾ ਮੁੱਖ ਕੰਮ ਕੁਸ਼ਤੀਆਂ ਲੜਨਾ ਹੀ ਰਿਹਾ। ਲੋਕ ਟਿਕਟਾਂ ਲੈ ਕੇ ਕੁਸ਼ਤੀਆਂ ਵੇਖਦੇ ਜਿਸ ਨਾਲ ਉਸ ਨੂੰ ਕਮਾਈ ਵੀ ਚੋਖੀ ਹੁੰਦੀ। ਉਥੇ ਉਹ ਵਿਆਹਿਆ ਵੀ ਗਿਆ।
1939 `ਚ ਦੂਜੀ ਵਿਸ਼ਵ ਜੰਗ ਲੱਗ ਗਈ। ਜਪਾਨੀ ਮਲਾਇਆ ਵੱਲ ਵਧਣ ਲੱਗੇ। ਮਲਾਇਆ ਦੀ ਪੁਲਿਸ ਨੂੰ ਵੀ ਅੰਗਰੇਜ਼ਾਂ ਨੇ ਜਪਾਨੀਆਂ ਵਿਰੁੱਧ ਲੜਨ ਦਾ ਹੁਕਮ ਦੇ ਦਿੱਤਾ। ਦਾਰਾ ਲੜਨਾ ਨਹੀਂ ਸੀ ਚਾਹੁੰਦਾ ਪਰ ਬੱਧੇ-ਰੁਧੇ ਨੂੰ ਮੋਰਚੇ `ਚ ਜਾਣਾ ਪਿਆ। ਦੋ ਗੋਲੀਆਂ ਉਹਦੇ ਕੰਨ ਨੂੰ ਛੂੰਹਦੀਆਂ ਲੰਘੀਆਂ ਪਰ ਉਹ ਬਚ ਗਿਆ। 25 ਫਰਵਰੀ 1942 ਨੂੰ ਜਪਾਨੀਆਂ ਨੇ ਮਲਾਇਆ `ਤੇ ਕਬਜ਼ਾ ਕਰ ਲਿਆ। ਉਹ ਜਪਾਨੀਆਂ ਦੇ ਕਾਬੂ ਆ ਗਿਆ। ਉਸ ਨੂੰ ਪਹਿਲਾਂ ਤਾਂ ਜਪਾਨੀ ਸਜ਼ਾ ਦੇਣ ਲੱਗੇ ਪਰ ਉਹਦਾ ਦਿਉ-ਕੱਦ ਜੁੱਸਾ ਵੇਖ ਕੇ ਤੇ ਤਕੜਾ ਪਹਿਲਵਾਨ ਜਾਣ ਕੇ ਬਰੀ ਕਰ ਦਿੱਤਾ ਅਤੇ ਆਪਣੀ ਫੌਜ ਵਿਚ ਨੌਕਰੀ ਦੇ ਦਿੱਤੀ। ਜਦੋਂ ਅੰਗਰੇਜ਼ ਮੁੜ ਮਲਾਇਆ `ਤੇ ਕਾਬਜ਼ ਹੋਏ ਤਾਂ ਦਾਰਾ ਸਿੰਘ `ਤੇ ਜਪਾਨੀਆਂ ਦੀ ਮਦਦ ਕਰਨ ਦਾ ਮੁਕੱਦਮਾ ਚਲਾਇਆ ਗਿਆ। ਦਾਰੇ ਨੇ ਜਪਾਨੀਆਂ ਦੀ ਕੋਈ ਮਦਦ ਨਹੀਂ ਸੀ ਕੀਤੀ ਜਿਸ ਕਰਕੇ ਉਹ ਮੁਕੱਦਮੇ `ਚੋਂ ਬਰੀ ਹੋ ਗਿਆ।
ਜਦੋਂ ਕੁਸ਼ਤੀਆਂ ਵਿਚ ਦਾਰੇ ਦੀ ਗੁੱਡੀ ਸਿਖਰ `ਤੇ ਸੀ ਤਾਂ ਸਿੰਗਾਪੁਰੋਂ ਪਿੰਡ ਪਰਤੇ ਉਹਦੇ ਭਰਾ ਦਲੀਪ ਸਿੰਘ ਦਾ ਕਤਲ ਹੋ ਗਿਆ ਤੇ ਇੰਦਰ ਸਿੰਘ ਦਾ ਹੱਥ ਵੱਢਿਆ ਗਿਆ। ਕਤਲ ਦਾ ਕਾਰਨ ਮਾਮੂਲੀ ਸੀ। ਲਾਗਲੇ ਪਿੰਡ ਘਸੀਟਪੁਰੇ ਕਿਸੇ ਕਿਸਾਨ ਦੇ ਖੇਤੋਂ ਤੋਰੀਏ ਦੀ ਭਰੀ ਚੋਰੀਓਂ ਵੱਢੀ ਗਈ ਸੀ। ਉਹ ਕਿਸਾਨ ਦੁਲਚੀਪੁਰੇ ਆਇਆ ਤਾਂ ਇੰਦਰ ਤੇ ਦਲੀਪ ਪਰ੍ਹੇ `ਚ ਬੈਠੇ ਮਿਲ ਪਏ। ਉਨ੍ਹਾਂ ਨੂੰ ਲਾਂਭੇ ਲਿਜਾ ਕੇ ਗੱਲ ਕਰਨ ਦੀ ਥਾਂ ਕਿਸਾਨ ਉਨ੍ਹਾਂ ਨੂੰ ਪੁੱਛ ਬੈਠਾ, “ਤੁਹਾਂ ਮੇਰਾ ਤੋਰੀਆ ਤਾਂ ਨ੍ਹੀ ਵੱਢਿਆ?” ਪਰ੍ਹੇ `ਚ ਚੋਰੀ ਦਾ ਇਲਜ਼ਾਮ ਸੁਣ ਕੇ ਇੰਦਰ ਤੇ ਦਲੀਪ ਨੂੰ ਅੱਗ ਲੱਗ ਗਈ ਤੇ ਉਨ੍ਹਾਂ ਆਖਿਆ, “ਮੂੰਹ ਸੰਭਾਲ ਕੇ ਬੋਲ ਓਏ। ਤੈਨੂੰ ਕੀਹਨੇ ਕਿਹਾ ਪਈ ਅਹੀਂ ਤੇਰਾ ਤੋਰੀਆ ਵੱਢਿਆ?”
ਕਿਸਾਨ ਦੇ ਮੂੰਹੋਂ ਨਿਕਲ ਗਿਆ, “ਧਾਡੇ ਸਰਦਾਰੇ ਨੇ ਦੱਸਿਐ।”
ਸਰਦਾਰੇ ਨੇ ਇਹ ਬਿਲਕੁਲ ਨਹੀਂ ਸੀ ਕਿਹਾ। ਜੇਕਰ ਪੁੱਛ ਪੜਤਾਲ ਕਰਦੇ ਤਾਂ ਗੁੱਸਾ ਘਸੀਟਪੁਰੇ ਦੇ ਕਿਸਾਨ `ਤੇ ਨਿਕਲਦਾ। ਪਰ ਕਹਾਣੀ ਉਲਟ ਪਾਸੇ ਤੁਰ ਪਈ ਜਿਸ ਨਾਲ ਕਤਲਾਂ ਦਾ ਮੁੱਢ ਬੱਝ ਗਿਆ। ਇੰਦਰ ਤੇ ਦਲੀਪ ਨੇ ਸਰਦਾਰਾ ਬੀਹੀ ਵਿਚ ਜਾ ਘੇਰਿਆ ਤੇ ਬਿਨਾਂ ਪੁੱਛੇ ਸੋਟੀਆਂ ਮਾਰ ਦਿੱਤੀਆਂ। ਇਥੋਂ ਉਨ੍ਹਾਂ ਦਾ ਆਪਸ ਵਿਚ ਵੈਰ ਪੈ ਗਿਆ। ਇੰਦਰ ਹੋਰਾਂ ਦਾ ਬਾਪ ਪਿਆਰਾ ਸਿੰਘ ਤੇ ਸਰਦਾਰੇ ਹੋਰਾਂ ਦਾ ਬਾਪ ਸਾਉਣ ਸਿੰਘ ਚਾਚੇ ਤਾਏ ਦੇ ਪੁੱਤਰ ਸਨ। ਇਕੋ ਬਾਬੇ ਦੀ ਔਲਾਦ। ਗੁਆਂਢੀ ਪਿੰਡ ਦੇ ਤੋਰੀਏ ਦੀ ਭਰੀ ਨੇ ਉਨ੍ਹਾਂ ਵਿਚ ਕਲੇਸ਼ ਖੜ੍ਹਾ ਕਰ ਦਿੱਤਾ। ਇੰਦਰ ਹੋਰਾਂ ਨੂੰ ਦਾਰੇ ਦੀ ਤਾਕਤ ਦਾ ਗ਼ੁਮਾਨ ਸੀ ਜਿਸ ਦਾ ਦੁਨੀਆਂ `ਚ ਨਾਂ ਸੀ। ਅੱਗੋਂ ਸ਼ਰੀਕ ਵੀ ਤਿੰਨ ਭਰਾ ਸਨ, ਸਰਦਾਰਾ, ਗੁਰਮੁਖ ਤੇ ਬਾਵਾ। ਇਕ ਉਨ੍ਹਾਂ ਦਾ ਚਾਚਾ ਸੀ ਨਰੈਣ ਸਿੰਘ। ਨਰੈਣ ਸਿੰਘ ਨੇ ਇਕ ਦਿਨ ਕਿਹਾ ਕਿ ਇਨ੍ਹਾਂ ਨਾਲ ਹੁਣ ਸਿਝਣਾ ਈ ਪਊ। ਅਖ਼ੀਰ ਉਨ੍ਹਾਂ ਨੇ ਮਨ `ਚ ਧਾਰ ਲਿਆ ਕਿ ਇੰਦਰ ਹੋਰਾਂ ਦਾ ਕੰਡਾ ਕੱਢ ਹੀ ਦੇਣਾ ਚਾਹੀਦੈ। ਉਨ੍ਹਾਂ ਦਲੀਪ ਦਾ ਕਤਲ ਕਰ ਦਿੱਤਾ ਤੇ ਇੰਦਰ ਦਾ ਗੁੱਟ ਵੱਢਿਆ ਗਿਆ।
ਤੋਰੀਆ ਘਸੀਟਪੁਰੇ ਦਾ, ਵੱਢਣ ਵਾਲਾ ਪਤਾ ਨਹੀਂ ਕੌਣ ਸੀ? ਪਰ ਉਹਦੇ `ਚ ਘਸੀਟਿਆ ਗਿਆ ਦੁਲਚੀਪੁਰੇ ਦਾ ਸਕਾ ਸਧਰਾ ਪਰਿਵਾਰ। ਇਹਨੂੰ ਕਹਿੰਦੀ ਆ ਹੋਣੀ!
ਦਾਰੇ ਨੂੰ ਭਰਾ ਦੇ ਕਤਲ ਦਾ ਪਤਾ ਲੱਗਾ ਤਾਂ ਉਹਦੇ ਅੰਦਰ ਬਦਲੇ ਦੀ ਅੱਗ ਭੜਕ ਉਠੀ। ਉਹ ਪਤਨੀ ਤੇ ਪੁੱਤਰ ਨੂੰ ਪਿੱਛੇ ਛੱਡ ਕਤਲ ਦਾ ਬਦਲਾ ਲੈਣ ਪਿੰਡ ਪਰਤ ਆਇਆ। 19 ਅਕਤੂਬਰ 1950 ਦਸਹਿਰੇ ਦਾ ਦਿਨ ਸੀ। ਦਾਰੇ ਧਰਮੂਚੱਕੀਏ ਦਾ ਚਾਚਾ ਨਿਰੰਜਣ ਸਿੰਘ ਦਾਰੇ ਦੁਲਚੀਪੁਰੀਏ ਦਾ ਸਿੰਗਾਪੁਰ ਤੋਂ ਹੀ ਬੇਲੀ ਸੀ। ਅਨੋਖ ਸਿੰਘ ਉਹਦੇ ਨਾਲ ਸੀ। ਉਨ੍ਹਾਂ ਸ਼ਰਾਬ ਪੀਤੀ ਤੇ ਹਥਿਆਰ ਲੈ ਕੇ ਘਰੋਂ ਨਿਕਲੇ। ਖੇਤੋਂ ਸਰਦਾਰਾ ਮੱਝਾਂ ਲੈ ਕੇ ਆ ਰਿਹਾ ਸੀ। ਪੱਠਿਆਂ ਦੀ ਭਰੀ ਉਹਦੇ ਸਿਰ `ਤੇ ਸੀ। ਮੱਝਾਂ ਉਸ ਨੇ ਛੱਪੜ `ਚ ਵਾੜ ਦਿੱਤੀਆਂ ਤੇ ਆਪ ਭਰੀ ਸੁੱਟਣ ਘਰ ਚਲਾ ਗਿਆ। ਮੱਝਾਂ ਛੱਪੜ `ਚ ਵਾੜਨ ਤੋਂ ਦਾਰੇ ਹੋਰਾਂ ਲੱਖਣ ਲਾਇਆ ਕਿ ਉਹ ਮੱਝਾਂ ਕੱਢਣ ਵੀ ਆਵੇਗਾ। ਇਹੋ ਢੁੱਕਵਾਂ ਮੌਕਾ ਹੋਵੇਗਾ ਉਸ ਨੂੰ ਬੰਨੇ ਲਾਉਣ ਦਾ।
ਦਾਰੇ ਕੋਲ ਕੁਹਾੜੀ ਸੀ, ਇੰਦਰ ਕੋਲ ਕਿਰਪਾਨ ਅਤੇ ਨਿਰੰਜਣ ਤੇ ਅਨੋਖ ਸਿੰਘ ਕੋਲ ਬਰਛੀਆਂ ਸਨ। ਸਰਦਾਰਾ ਮੱਝਾਂ ਕੱਢਣ ਲਈ ਛੱਪੜ ਵਿਚ ਵੜਿਆ ਤਾਂ ਚਾਰਾਂ ਜਣਿਆਂ ਨੇ ਚਾਰੇ ਬਾਹੀਆਂ ਮੱਲ ਲਈਆਂ। ਲੋਕ ਛੱਤਾਂ `ਤੇ ਚੜ੍ਹੇ ਖੜ੍ਹੇ ਸਨ। ਸੱਤ ਫੁੱਟੇ ਕੱਦ ਦਾ ਦਾਰਾ ਛੱਪੜ `ਚ ਵੜਿਆ ਤੇ ਉਹਨੇ ਸਰਦਾਰੇ ਨੂੰ ਧੌਣੋਂ ਜਾ ਫੜਿਆ। ਭਾਊ ਦਲੀਪ ਦੇ ਬਦਲੇ ਦੀ ਗੱਲ ਜਿਤਾ ਕੇ ਦਾਰੇ ਨੇ ਕੁਹਾੜੀ ਨਾਲ ਉਹਦੇ ਸਿਰ `ਤੇ ਵਾਰ ਕੀਤੇ। ਸਿਰ `ਚੋਂ ਲਹੂ ਦੀਆਂ ਧਾਰਾਂ ਫੁੱਟ ਤੁਰੀਆਂ ਜਿਨ੍ਹਾਂ ਨਾਲ ਛੱਪੜ ਦਾ ਪਾਣੀ ਲਾਲ ਹੋ ਗਿਆ। ਆਖ਼ਰ ਸਰਦਾਰਾ ਤੜਫ ਕੇ ਸਾਹ ਛੱਡ ਗਿਆ। ਫਿਰ ਦਾਰੇ ਨੇ ਆਪਣੇ ਪੈਰਾਂ ਨਾਲ ਹੀ ਸਰਦਾਰੇ ਨੂੰ ਛੱਪੜ ਦੀ ਗਾਰ ਵਿਚ ਦੱਬ ਦਿੱਤਾ।
19 ਅਕਤੂਬਰ 1950 ਨੂੰ ਹੋਏ ਕਤਲ ਦੀ ਸਜ਼ਾ 26 ਮਾਰਚ 1951 ਨੂੰ ਸੁਣਾਈ ਗਈ। ਦਾਰੇ ਨੂੰ ਫਾਂਸੀ ਤੇ ਇੰਦਰ ਸਿੰਘ ਨੂੰ ਉਮਰ ਕੈਦ ਬੋਲੀ। ਨਿਰੰਜਣ ਸਿੰਘ ਤੇ ਅਨੋਖ ਸਿੰਘ ਸ਼ੱਕ ਦੀ ਬਿਨਾ `ਤੇ ਬਰੀ ਕਰ ਦਿੱਤੇ। ਹਾਈ ਕੋਰਟ ਵਿਚ ਅਪੀਲ ਹੋਈ ਤਾਂ ਫੈਸਲਾ ਹੋਣ ਤਕ ਫਾਂਸੀ ਰੁਕੀ ਰਹੀ। ਅਪੀਲ ਮਗਰੋਂ ਵੀ ਫਾਂਸੀ ਦੀ ਸਜ਼ਾ ਬਰਕਰਾਰ ਰਹੀ। ਫਿਰ ਅਪੀਲ ਸੁਪਰੀਮ ਕੋਰਟ ਵਿਚ ਕੀਤੀ ਗਈ ਜਿਸ ਨਾਲ ਫਾਂਸੀ ਟੁੱਟ ਕੇ ਦਾਰੇ ਦੀ ਸਜ਼ਾ ਵੀਹ ਸਾਲ ਦੀ ਕੈਦ ਵਿਚ ਬਦਲ ਗਈ।
ਉਹ ਫਿਰੋਜ਼ਪੁਰ ਜੇਲ੍ਹ ਵਿਚ ਕੈਦ ਕੱਟਣ ਲੱਗਾ ਜਿਥੇ ਰਿਲੀਫ਼ ਫੰਡ `ਕੱਠਾ ਕਰਨ ਲਈ ਉਸ ਨੂੰ ਨੁਮਾਇਸ਼ੀ ਕੁਸ਼ਤੀਆਂ ਵਿਖਾਉਣ ਲਿਜਾਇਆ ਜਾਣ ਲੱਗਾ। 1957 `ਚ ਮੈਂ ਖ਼ੁਦ ਫਾਜ਼ਿਲਕਾ ਵਿਖੇ ਉਸ ਦੀ ਕੁਸ਼ਤੀ ਵੇਖੀ। ਰਿੰਗ ਕੋਲ ਉਸ ਦੀ ਹੱਥਕੜੀ ਖੋਲ੍ਹੀ ਗਈ ਤੇ ਕੁਸ਼ਤੀ ਪਿਛੋਂ ਮੁੜ ਜੜ ਲਈ ਗਈ ਸੀ। ਚਿੱਟੇ ਕੁੜਤੇ ਚਾਦਰੇ ਨਾਲ ਉਹ ਖਲਕਤ ਤੋਂ ਗਿੱਠ ਉੱਚਾ ਦਿਸਦਾ ਸੀ।
ਸੋਨੀਪਤ ਨੇੜਲੇ ਪਿੰਡ ਭੱਟਗਾਓਂ `ਚ ਹੋਏ ਦੰਗਲ ਨਾਲ ਉਹਦੀ ਤਕਦੀਰ ਹੀ ਬਦਲ ਗਈ। ਉਥੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਆਪਣੇ ਵਿਸ਼ੇਸ਼ ਮਹਿਮਾਨਾਂ ਨੂੰ ਦਾਰੇ ਦੀ ਕੁਸ਼ਤੀ ਵਿਖਾਉਣ ਲੈ ਕੇ ਗਏ। ਵਿਸ਼ੇਸ਼ ਮਹਿਮਾਨ ਸਨ ਸੋਵੀਅਤ ਰੂਸ ਦੇ ਮਾਰਸ਼ਲ ਬੁਲਗਾਨਿਨ ਤੇ ਨਿਕੀਤਾ ਖਰੋਸ਼ਚੇਵ। ਜਿਉਂ ਹੀ ਕੁਸ਼ਤੀ ਪਿੱਛੋਂ ਦਾਰੇ ਦੇ ਹੱਥਕੜੀ ਲਾਈ ਜਾਣ ਲੱਗੀ ਤਾਂ ਦਰਸ਼ਕਾਂ ਨੇ ਨਾਹਰੇ ਲਾ ਦਿੱਤੇ, “ਦਾਰੇ ਨੂੰ ਰਿਹਾਅ ਕਰੋ।”
ਰੂਸੀ ਮਹਿਮਾਨਾਂ ਨੇ ਦੁਭਾਸ਼ੀਏ ਨੂੰ ਪੁੱਛਿਆ ਕਿ ਲੋਕ ਕੀ ਕਹਿੰਦੇ ਹਨ? ਜਦੋਂ ਦੱਸਿਆ ਕਿ ਲੋਕ ਦਾਰੇ ਦੀ ਜੇਲ੍ਹ `ਚੋਂ ਰਿਹਾਈ ਮੰਗਦੇ ਹਨ ਤਾਂ ਉਨ੍ਹਾਂ ਨੇ ਪੰਡਤ ਨਹਿਰੂ ਨਾਲ ਗੱਲ ਕੀਤੀ। ਪੰਡਤ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੂੰ ਕਹਿ ਕੇ ਮਹਿਮਾਨਾਂ ਲਈ ਦਾਰੇ ਦੀ ਕੁਸ਼ਤੀ ਦਾ ਪ੍ਰਬੰਧ ਕਰਵਾਇਆ ਸੀ। ਮਹਿਮਾਨਾਂ ਦੀ ਇੱਛਾ ਤੇ ਕੁਸ਼ਤੀਆਂ ਰਾਹੀਂ ਹਾਸਲ ਕੀਤੇ ਜਾ ਰਹੇ ਰਿਲੀਫ਼ ਫੰਡ ਨੂੰ ਮੁੱਖ ਰੱਖਦਿਆਂ ਦਾਰੇ ਕਿੱਲਰ ਨੂੰ ਇਕ ਮਹੀਨੇ ਦੀ ਪੈਰੋਲ `ਤੇ ਛੱਡ ਦਿੱਤਾ ਗਿਆ। ਫਿਰ ਉਹਤੋਂ ਰਹਿਮ ਦੀ ਅਪੀਲ ਕਰਵਾਈ ਗਈ ਜੋ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰ੍ਰਸਾਦ ਨੇ ਲੋੜੀਂਦੀ ਕਾਰਵਾਈ ਪਿੱਛੋਂ ਪਰਵਾਨ ਕਰ ਕੇ ਦਾਰਾ ਸਿੰਘ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ। ਰਿਹਾਅ ਹੋ ਕੇ ਦਾਰਾ ਸਿੰਘ ਨੇ ਰਿਲੀਫ਼ ਫੰਡ `ਚੋਂ ਆਪਣਾ ਦੋ ਲੱਖ ਰੁਪਏ ਦਾ ਕੁਸ਼ਤੀ ਕਮਿਸ਼ਨ ਲੋੜਵੰਦ ਗਰੀਬਾਂ ਨੂੰ ਵੰਡ ਦਿੱਤਾ ਜਿਨ੍ਹਾਂ ਦੀਆਂ ਦੁਆਵਾਂ ਨਾਲ ਉਹ ਰਿਹਾਅ ਹੋਇਆ ਸੀ।
ਜੇਲ੍ਹ `ਚੋਂ ਰਿਹਾਅ ਹੋ ਕੇ ਦਾਰੇ ਨੇ ਫਿਰ ਕੁਝ ਸਮਾਂ ਕੁਸ਼ਤੀਆਂ ਲੜੀਆਂ ਅਤੇ ਫਿਲਮਾਂ ‘ਸੈਮਸਨ’ ਤੇ ‘ਖ਼ੂਨ ਕਾ ਬਦਲਾ ਖ਼ੂਨ` ਵਿਚ ਫਿਲਮੀ ਰੋਲ ਨਿਭਾਇਆ ਜੋ ਨਾ ਉਸ ਨੂੰ ਪਸੰਦ ਆਇਆ ਤੇ ਨਾ ਦਰਸ਼ਕਾਂ ਨੂੰ। ਪਹਿਲੀ ਫਿਲਮ ਵਿਚ ਉਸ ਨੂੰ ਜਿੰਨ ਬਣ ਕੇ ਬੋਤਲ `ਚ ਬੰਦ ਹੋਣਾ ਪਿਆ ਤੇ ਦੂਜੀ ਫਿਲਮ ਵਿਚ ਟਾਂਗੇ ਵਾਲਾ ਬਣਨਾ ਪਿਆ ਸੀ। ਉਹਦੇ ਸਾਥੀ ਭਲਵਾਨਾਂ ਨੂੰ ਇਹ ਰੋਲ ਚੰਗੇ ਨਹੀਂ ਲੱਗੇ ਜਿਸ ਕਰਕੇ ਉਨ੍ਹਾਂ ਨੇ ਕਿਹਾ, “ਏਡੇ ਵੱਡੇ ਭਲਵਾਨ ਨੂੰ ਇਹ ਕੁਝ ਕਰਨਾ ਨੀ ਸ਼ੋਭਦਾ। ਛੱਡ ਪਰ੍ਹਾਂ ਫਿਲਮਾਂ ਦਾ ਕੰਜਰਕਾਨਾ!” ਤੇ ਉਹ ਫਿਲਮਾਂ ਛੱਡ ਕੇ ਪਿੰਡ ਪਰਤ ਗਿਆ ਜਿਥੇ ਉਸ ਨੇ ਦੋ ਵਾਰ ਪਿੰਡ ਦੀ ਸਰਪੰਚੀ ਕੀਤੀ। ਚੰਗੇ ਕੰਮ ਵੀ ਕੀਤੇ, ਧੜੇਬੰਦੀ `ਚ ਮਾੜੇ ਵੀ ਤੇ ਨਸ਼ੇ ਪੱਤੇ ਵੀ ਕੀਤੇ।
ਸੱਤਰ ਸਾਲ ਦੀ ਉਮਰ `ਚ ਉਸ ਨੂੰ ਅਧਰੰਗ ਦੇ ਦੋ ਦੌਰੇ ਪਏ। ਸੱਜੀ ਬਾਂਹ ਸੁੰਨ ਹੋ ਗਈ ਤੇ ਸੱਜੀ ਲੱਤ ਵੀ ਹਿਲਣੋਂ ਰਹਿ ਗਈ। ਉਸ ਨੂੰ ਤਰਨਤਾਰਨ ਲਿਜਾਇਆ ਗਿਆ। ਡਾਕਟਰ ਨੇ ਇਲਾਜ ਤਾਂ ਸ਼ੁਰੂ ਕਰ ਦਿੱਤਾ ਪਰ ਉਹਦੇ ਬਚਣ ਦੀ ਬਹੁਤੀ ਆਸ ਨਹੀਂ ਸੀ। ਉਹ ਬੇਹੋਸ਼ ਸੀ ਜਿਸ ਕਰਕੇ ਕਿਸੇ ਗੱਲ ਦਾ ਹੁੰਗਾਰਾ ਨਹੀਂ ਸੀ ਭਰ ਰਿਹਾ। ਸਿਰਫ ਸਾਹ ਚੱਲ ਰਹੇ ਸਨ। ਉਸ ਦੀ ਪਤਨੀ, ਪੁੱਤਰ ਤੇ ਪੋਤਰੇ ਸਿਰ੍ਹਾਣੇ ਬੈਠੇ ਸਨ।
25 ਜੁਲਾਈ 1988 ਨੂੰ ਅੰਮ੍ਰਿਤ ਵੇਲੇ ਉਸ ਨੇ ਆਖ਼ਰੀ ਸਾਹ ਲਿਆ। ਪਿੱਛੇ ਪਤਨੀ ਬਲਬੀਰ ਕੌਰ, ਪੁੱਤਰ ਹਰਬੰਸ ਸਿੰਘ ਤੇ ਦੋਵੇਂ ਪੋਤਰਿਆਂ ਨੂੰ ਧਾਹਾਂ ਮਾਰਦੇ ਛੱਡ ਗਿਆ। ਉਸ ਦਾ ਸਸਕਾਰ ਦੁਲਚੀਪੁਰ ਦੇ ਸਿਵਿਆਂ `ਚ ਕੀਤਾ ਗਿਆ। ਸੱਤ ਫੁੱਟੇ ਦਾਰਾ ਸਿੰਘ ਦੀ ਯਾਦ ਵਿਚ ਉਹਦੇ ਖੇਤ `ਚ ਸੱਤ ਫੁੱਟੀ ਸਮਾਧ ਬਣਾ ਦਿੱਤੀ ਗਈ। ਫਰ ਰੁਸਤਮੇ ਜ਼ਮਾਂ ਪਹਿਲਵਾਨ ਦਾ ਜਹਾਨ ਤੋਂ ਚਲੇ ਜਾਣਾ ਅਖ਼ਬਾਰਾਂ ਦੀ ਖ਼ਬਰ ਨਾ ਬਣ ਸਕਿਆ। 2010 ਵਿਚ ਬਲਵੰਤ ਸਿੰਘ ਸੰਧੂ ਨੇ ਉਹਦੇ ਬਾਰੇ ਨਾਵਲ ‘ਗੁੰਮਨਾਮ ਚੈਂਪੀਅਨ’ ਲਿਖਿਆ ਜੋ ਪੰਜਾਬੀ ਖੇਡ ਸਾਹਿਤ ਦਾ ਪਹਿਲਾ ਨਾਵਲ ਹੈ।