ਸ਼੍ਰੋਮਣੀ ਕਮੇਟੀ ਚੋਣਾਂ: ਵੋਟਾਂ ਲਈ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੇ ਪੰਜਾਬੀ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵਿਚ ਪੰਜਾਬ ਵਾਸੀ ਐਤਕੀਂ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੇ। ਕਾਰਨ ਕੁਝ ਵੀ ਰਹੇ ਹੋਣ ਪਰ 30 ਜਨਵਰੀ ਤੱਕ ਸਮੁੱਚੇ ਸੂਬੇ ‘ਚ ਸਿਰਫ 15.06 ਲੱਖ ਵੋਟਾਂ ਬਣੀਆਂ ਹਨ;

2011 ਵਿਚ ਇਹ ਅੰਕੜਾ 51.86 ਲੱਖ ਵੋਟਾਂ ਦਾ ਸੀ। 2011 ਵਿਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਈਆਂ ਸਨ। ਕਰੀਬ 13 ਸਾਲ ਪਹਿਲਾਂ ਦੇ ਮੁਕਾਬਲੇ ਐਤਕੀਂ ਸਿਰਫ 29 ਫੀਸਦ ਵੋਟਾਂ ਹੀ ਬਣੀਆਂ ਹਨ; ਬੀਤੇ ਵਰਿ੍ਹਆਂ ਦੌਰਾਨ ਵੋਟਰਾਂ ਦੀ ਗਿਣਤੀ ਵਿਚ ਵਾਧਾ ਹੋਣਾ ਚਾਹੀਦਾ ਸੀ।
ਪ੍ਰਾਪਤ ਵੇਰਵਿਆਂ ਅਨੁਸਾਰ ਜਦੋਂ ਵੀ ਚੀਫ ਕਮਿਸ਼ਨਰ, ਗੁਰਦੁਆਰਾ ਚੋਣਾਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਈ ਜਾਂਦੀ ਹੈ ਤਾਂ ਨਵੇਂ ਸਿਰਿਓਂ ਸਾਰੀਆਂ ਵੋਟਾਂ ਬਣਦੀਆਂ ਹਨ। ਚੀਫ ਕਮਿਸ਼ਨਰ ਦੀ ਸਿਫਾਰਸ਼ ਉਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਵੱਲੋਂ 21 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਲਈ ਵੋਟਾਂ ਬਣਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਜਿਸ ਦੀ ਆਖਰੀ ਤਰੀਕ 15 ਨਵੰਬਰ 2023 ਸੀ। ਸ਼੍ਰੋਮਣੀ ਕਮੇਟੀ ਨੇ ਲੋਕਾਂ ਦੀ ਘੱਟ ਦਿਲਚਸਪੀ ਨੂੰ ਦੇਖਦਿਆਂ ਤਰੀਕ ਵਿਚ ਵਾਧੇ ਦੀ ਮੰਗ ਕੀਤੀ ਸੀ, ਜਿਸ ਮਗਰੋਂ ਇਹ ਤਰੀਕ ਵਧਾ ਕੇ 29 ਫਰਵਰੀ 2024 ਕੀਤੀ ਗਈ ਹੈ।
10 ਨਵੰਬਰ 2023 ਤੱਕ ਵੋਟਾਂ ਵਾਸਤੇ ਸਿਰਫ 1.32 ਲੱਖ ਫਾਰਮ ਹੀ ਜਮ੍ਹਾਂ ਹੋਏ ਸਨ। ਪੰਥਕ ਧਿਰਾਂ ਲਈ ਸਿੱਖ ਵੋਟਰਾਂ ਦਾ ਮੱਠਾ ਹੁੰਗਾਰਾ ਫਿਕਰਮੰਦੀ ਵਾਲਾ ਹੈ। ਸਾਲ 2011 ਵਿਚ ਸ਼੍ਰੋਮਣੀ ਕਮੇਟੀ ਚੋਣਾਂ ਲਈ 51.86 ਲੱਖ ਵੋਟਰ ਸਨ, ਪਰ ਇਨ੍ਹਾਂ ‘ਚੋਂ 30 ਲੱਖ ਵੋਟਰਾਂ ਨੇ ਵੋਟ ਦਾ ਇਸਤੇਮਾਲ ਕੀਤਾ ਸੀ। ਪੰਜਾਬ ਦੇ 14 ਜ਼ਿਲਿ੍ਹਆਂ ਵਿਚ ਤਾਂ ਸਾਲ 2011 ਦੀ ਵੋਟਰ ਸੂਚੀ ਦੇ ਮੁਕਾਬਲੇ 30 ਫੀਸਦ ਤੋਂ ਵੀ ਘੱਟ ਵੋਟਾਂ ਬਣੀਆਂ ਹਨ, ਜਦਕਿ ਸਿਰਫ਼ ਚਾਰ ਜ਼ਿਲਿ੍ਹਆਂ ਤਰਨ ਤਾਰਨ, ਲੁਧਿਆਣਾ, ਗੁਰਦਾਸਪੁਰ ਤੇ ਅੰਮ੍ਰਿਤਸਰ ਵਿਚ ਵੋਟਰਾਂ ਦਾ ਅੰਕੜਾ ਇਕ ਲੱਖ ਨੂੰ ਪਾਰ ਕੀਤਾ ਹੈ। ਕਪੂਰਥਲਾ ਜ਼ਿਲ੍ਹੇ ਵਿਚ ਸਾਲ 2011 ਵਿਚ 1.40 ਲੱਖ ਵੋਟਰ ਸਨ, ਜਦਕਿ ਐਤਕੀਂ 22,163 ਵੋਟਾਂ ਬਣੀਆਂ ਹਨ। ਬਰਨਾਲਾ ਜ਼ਿਲ੍ਹੇ ਵਿਚ ਸਿਰਫ 20 ਫੀਸਦ ਵੋਟਾਂ ਬਣੀਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਿਚ ਪੂਰਾ ਸਹਿਯੋਗ ਕਰਨ ਅਤੇ ਪਿੰਡ ਪਿੰਡ ਸਟਾਫ ਭੇਜਿਆ ਜਾਵੇ। ਪੰਥਕ ਹਲਕਿਆਂ ਦਾ ਅੰਦਾਜ਼ਾ ਹੈ ਕਿ ਐਤਕੀਂ ਔਰਤਾਂ ਦੀਆਂ ਵੋਟਾਂ ਵੱਧ ਬਣਨ ਦੀ ਸੰਭਾਵਨਾ ਹੈ। ਨਵੀਂ ਪੀੜ੍ਹੀ ਤਾਂ ਇਨ੍ਹਾਂ ਵੋਟਾਂ ਵਿਚ ਦਿਲਚਸਪੀ ਦਿਖਾ ਹੀ ਨਹੀਂ ਰਹੀ।
ਸ਼੍ਰੋਮਣੀ ਕਮੇਟੀ ਦੀ ਸਾਖ ਨੂੰ ਖੋਰਾ ਲੱਗਿਆ: ਢੀਂਡਸਾ
ਸੰਗਰੂਰ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਦੀ ਸਾਖ਼ ਨੂੰ ਬੀਤੇ ਸਮੇਂ ਵਿਚ ਵੱਡਾ ਖੋਰਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਘੱਟ ਦਿਲਚਸਪੀ ਦਾ ਰੁਝਾਨ ਸੱਚਮੁੱਚ ਚਿੰਤਤ ਕਰਨ ਵਾਲਾ ਹੈ। ਸ਼੍ਰੋਮਣੀ ਕਮੇਟੀ ਦਾ ਵੋਟਰ ਬਣਨ ਲਈ 21 ਸਾਲ ਦੀ ਉਮਰ ਵਿਚ ਦਾੜ੍ਹੀ ਤੇ ਕੇਸ ਹੋਣੇ ਲਾਜ਼ਮੀ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਦਾ ਕਹਿਣਾ ਸੀ ਕਿ ਫਾਰਮ ਉਤੇ ਲੱਗਣ ਵਾਲੀ ਫੋਟੋ ਕਰ ਕੇ ਵੀ ਦਿੱਕਤਾਂ ਆਈਆਂ ਹਨ।