ਅਮਰੀਕਾ ਨੇ ਵੀਜ਼ਾ ਫੀਸਾਂ `ਚ ਭਾਰੀ ਵਾਧਾ ਕੀਤਾ

ਵਾਸ਼ਿੰਗਟਨ: ਅਮਰੀਕਾ ਨੇ ਭਾਰਤੀਆਂ ਵਿਚ ਸਭ ਤੋਂ ਵੱਧ ਪ੍ਰਸਿੱਧ ਐੱਚ-1ਬੀ., ਐੱਲ.-1 ਅਤੇ ਈ.ਬੀ.-5 ਵਰਗੇ ਗੈਰ-ਪਰਵਾਸੀ ਵੀਜ਼ਾ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਫੀਸਾਂ ਵਿਚ ਭਾਰੀ ਵਾਧੇ ਦਾ ਐਲਾਨ ਕੀਤਾ ਹੈ।

2016 ਤੋਂ ਬਾਅਦ ਪਹਿਲੀ ਵਾਰ ਫੀਸਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ ਜੋ 1 ਅਪਰੈਲ ਤੋਂ ਲਾਗੂ ਹੋਵੇਗਾ। ਐੱਚ-1ਬੀ ਵੀਜ਼ਾ ਗੈਰ-ਪਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ। ਅਮਰੀਕੀ ਸਰਕਾਰ ਨੇ 1990 ਵਿਚ ਈ.ਬੀ-5 ਪ੍ਰੋਗਰਾਮ ਸ਼ੁਰੂ ਕੀਤਾ ਸੀ, ਜੋ ਵਿਦੇਸ਼ੀ ਨਿਵੇਸ਼ਕਾਂ ਨੂੰ ਅਮਰੀਕੀ ਕਾਰੋਬਾਰ ਵਿਚ ਘੱਟੋ ਘੱਟ 500,000 ਡਾਲਰ ਦਾ ਨਿਵੇਸ਼ ਕਰਕੇ ਆਪਣੇ ਅਤੇ ਆਪਣੇ ਪਰਿਵਾਰਾਂ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ।
ਈ.ਬੀ-5 ਪ੍ਰੋਗਰਾਮ 10 ਅਮਰੀਕੀ ਕਾਮਿਆਂ ਨੂੰ ਨੌਕਰੀਆਂ ਪ੍ਰਦਾਨ ਕਰਨ ਵਿਚ ਮਦਦ ਕਰਦਾ ਹੈ। ਐੱਚ-1ਬੀ ਐਪਲੀਕੇਸ਼ਨ ਵੀਜ਼ਾ ਫੀਸ 460 ਤੋਂ ਵਧਾ ਕੇ 780 ਡਾਲਰ ਕਰ ਦਿੱਤੀ ਗਈ ਹੈ।
ਅਗਲੇ ਸਾਲ ਤੋਂ ਐੱਚ-1ਬੀ ਰਜਿਸਟ੍ਰੇਸ਼ਨ ਫੀਸ 10 ਡਾਲਰ ਤੋਂ ਵਧਾ ਕੇ 215 ਡਾਲਰ ਤੱਕ ਵਧ ਜਾਵੇਗੀ। ਐੱਲ-1 ਵੀਜ਼ਾ ਲਈ ਫੀਸ 460 ਤੋਂ 1,385 ਡਾਲਰ ਅਤੇ ਈਬੀ-5 ਵੀਜ਼ਾ ਫੀਸ, ਜੋ ਨਿਵੇਸ਼ਕ ਵੀਜ਼ਾ ਵਜੋਂ ਮਸ਼ਹੂਰ ਹੈ, ਦੀ ਫੀਸ 3,675 ਤੋਂ 11,160 ਡਾਲਰ ਗਈ ਹੈ।
ਐੱਚ-1ਬੀ ਵੀਜ਼ਾ: ਅਰਜ਼ੀ
ਪ੍ਰਕਿਰਿਆ 6 ਮਾਰਚ ਤੋਂ
ਵਾਸ਼ਿੰਗਟਨ: ਅਮਰੀਕਾ ਨੇ ਲਾਟਰੀ ਰਾਹੀਂ ਐੱਚ-1ਬੀ ਵੀਜ਼ਾ ਲਈ ਚੋਣ ਪ੍ਰਕਿਰਿਆ ਵਿਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਵਿੱਤੀ ਸਾਲ 2025 ਲਈ ਵੀਜ਼ਾ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ 6 ਮਾਰਚ ਤੋਂ ਸ਼ੁਰੂ ਹੋ ਜਾਵੇਗੀ। ਅਮਰੀਕੀ ਸੰਘੀ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਐੱਚ-1ਬੀ ਵੀਜ਼ਾ ਗੈਰ-ਪਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ।