ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੰਜਾਬ ਦੀ ਸਿਆਸਤ ਵਿਚ ਪਾਰਟੀ ਦਾ ਖੁੱਸਿਆ ਆਧਾਰ ਬਹਾਲ ਕਰਨ ਲਈ ਸ਼ੁਰੂ ਕੀਤੀ ਗਈ ‘ਪੰਜਾਬ ਬਚਾਓ ਯਾਤਰਾ` ਰਾਹੀਂ ਸੰਸਦੀ ਚੋਣਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ।
ਪਾਰਟੀ ਵੱਲੋਂ ਇਸ ਯਾਤਰਾ ਰਾਹੀਂ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪਾਰਟੀ ਕੇਡਰਾਂ ਨੂੰ ਸਰਗਰਮ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਵੀ ਆਰੰਭਿਆ ਗਿਆ ਹੈ। ਭਾਜਪਾ ਨਾਲੋਂ ਸਿਆਸੀ ਤੋੜ-ਵਿਛੋੜੇ ਮਗਰੋਂ ਅਕਾਲੀ ਦਲ ਦਾ ਵੋਟ ਬੈਂਕ 18 ਫੀਸਦ ਸੁੰਗੜ ਗਿਆ ਹੈ। ਵਿਧਾਨ ਸਭਾ ਵਿਚ ਵੀ ਪਾਰਟੀ ਦੇ ਸਿਰਫ਼ ਤਿੰਨ ਹੀ ਮੈਂਬਰ ਹਨ। ਇਸ ਵੇਲੇ ਅਕਾਲੀ ਦਲ ਦਾ ਬਸਪਾ ਨਾਲ ਸਿਆਸੀ ਗੱਠਜੋੜ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਦਸੰਬਰ ਮਹੀਨੇ ਵਿਚ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਤੋਂ ਭੁੱਲਾਂ ਦੀ ਮੁਆਫ਼ੀ ਮੰਗ ਕੇ ਪੰਥਕ ਏਕਤਾ ਦਾ ਹੋਕਾ ਦਿੱਤਾ ਸੀ। ਇਸ ਮਗਰੋਂ ਲਗਾਤਾਰ ਰੁੱਸੇ ਹੋਏ ਜਾਂ ਪਾਰਟੀ ਛੱਡ ਚੁੱਕੇ ਆਗੂਆਂ ਨੂੰ ਵਾਪਸ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਵਿਚ ਦਿੱਲੀ ਦੇ ਅਕਾਲੀ ਆਗੂ ਮਨਜੀਤ ਸਿੰਘ ਜੀ.ਕੇ. ਨੇ ਪਾਰਟੀ `ਚ ਸ਼ਮੂਲੀਅਤ ਕੀਤੀ ਸੀ। ਇਸੇ ਤਰ੍ਹਾਂ ਬੀਬੀ ਜਗੀਰ ਕੌਰ ਦੀ ਅਕਾਲੀ ਦਲ ਵਿਚ ਸ਼ਮੂਲੀਅਤ ਲਈ ਵੀ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ। ਪਾਰਟੀ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਅਕਾਲੀ ਦਲ ਵੱਲੋਂ ਅਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਮੁੜ ਸਿਆਸੀ ਗੱਠਜੋੜ ਬਾਰੇ ਵੀ ਵਿਚਾਰ ਕੀਤਾ ਜਾਣਾ ਹੈ। ਇਕ ਪੱਖ ਇਹ ਵੀ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਇਸ ਗੱਠਜੋੜ ਸਬੰਧੀ ਠੋਸ ਹੁੰਗਾਰਾ ਨਹੀਂ ਭਰਿਆ ਹੈ।
ਇਧਰ, ‘ਪੰਜਾਬ ਬਚਾਓ ਯਾਤਰਾ` ਦੇ ਆਗਾਜ਼ ਮੌਕੇ ਸੁਖਬੀਰ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਪੰਜਾਬ ਨੂੰ ਬਚਾਉਣਾ ਹੈ ਕਿਉਂਕਿ ਇਸ ਵੇਲੇ ਪੰਜਾਬ ਹਰੇਕ ਪੱਖ ਤੋਂ ਕਮਜ਼ੋਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਪੰਜਾਬ ਨੂੰ ਨਾ ਬਚਾਇਆ ਗਿਆ ਤਾਂ ਆਉਣ ਵਾਲਾ ਸਮਾਂ ਬਹੁਤ ਔਖਾ ਹੋਵੇਗਾ। ਉਨ੍ਹਾਂ ਕਿਹਾ ਕਿ ‘ਆਪ` ਸਰਕਾਰ ਚੋਣਾਂ ਦੌਰਾਨ ਕੀਤੇ ਆਪਣੇ ਹਰ ਵਾਅਦੇ ਤੋਂ ਭੱਜ ਗਈ ਹੈ।
ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਸਰਹੱਦੀ ਪਿੰਡ ਰੋੜਾਂਵਾਲਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਹੋਏ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਖੇਤੀ ਲਈ ਮਿਲਦਾ 12 ਹਜ਼ਾਰ ਰੁਪਏ ਪ੍ਰਤੀ ਸਾਲ ਦਾ ਮੁਆਵਜ਼ਾ ਵੀ ਪਿਛਲੇ ਦੋ ਸਾਲਾਂ ਤੋਂ ਨਹੀਂ ਮਿਲਿਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਨੂੰ 2 ਹਜ਼ਾਰ ਰੁਪਏ ਮੁਆਵਜ਼ਾ ਦੇਣਾ ਸ਼ੁਰੂ ਕਰਵਾਇਆ ਸੀ ਤੇ ਨਾਲ ਹੀ ਉਨ੍ਹਾਂ ਖੇਤੀ ਵਾਸਤੇ ਕਿਸਾਨਾਂ ਨੂੰ ਟਿਊਬਵੈੱਲਾਂ ਦੇ ਕੁਨੈਕਸ਼ਨ ਦਿੱਤੇ ਸਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕੰਡਿਆਲੀ ਤਾਰ ਪਾਰਲੀਆਂ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ ਮੁਆਵਜ਼ਾ ਵਧਾ ਕੇ 35 ਹਜ਼ਾਰ ਰੁਪਏ ਦਿੱਤਾ ਜਾਵੇ। ਉਨ੍ਹਾਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੂੰ ਦੁਵੱਲੇ ਵਪਾਰ ਲਈ ਖੋਲ੍ਹਣ ਦੀ ਮੰਗ ਵੀ ਕੀਤੀ। ਯਾਤਰਾ ਵਿਚ ਟਰੈਕਟਰਾਂ, ਕਾਰਾਂ ਤੇ ਵੱਡੀ ਗਿਣਤੀ ਹੋਰ ਵਾਹਨਾਂ ਉਤੇ ਸਵਾਰ ਪਾਰਟੀ ਵਰਕਰਾਂ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ।
‘ਪੰਜਾਬ ਬਚਾਓ ਯਾਤਰਾ` ਸਿਰਫ ਡਰਾਮਾ: ਬੀਬੀ ਗੁਲਸ਼ਨ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੀ ਸਰਪ੍ਰਸਤ ਤੇ ਸਾਬਕਾ ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਰੰਭੀ ਗਈ ‘ਪੰਜਾਬ ਬਚਾਓ ਯਾਤਰਾ` ਸਿਰਫ਼ ਇਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਸਾਰਾ ਪਰਿਵਾਰ ਕੇਂਦਰ ਤੋਂ ਲੈ ਕੇ ਪੰਜਾਬ ਮੰਤਰੀ ਮੰਡਲ ਵਿਚ ਰਿਹਾ ਹੈ ਜਦੋਂ ਕਿ ਉਸ ਸਮੇਂ ਇਹ ਪੰਜਾਬ ਨੂੰ ਨਹੀਂ ਬਚਾਅ ਸਕੇ ਤਾਂ ਹੁਣ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤਾਂ ਉਹ ਕਿਸ ਮੂੰਹ ਨਾਲ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ।