ਕੈਨੇਡੀਅਨ ਫੂਡ ਬੈਂਕਾਂ ਦੀਆਂ ਬਰਕਤਾਂ

ਸਰਦੀਆਂ ਦੇ ਮੌਸਮ ਵਿਚ ਪੰਜਾਬੀ ਪਰਿਵਾਰਾਂ ਵਿਚ ਵਲਾਇਤ ਵਸੇਂਦੇ ਪ੍ਰਾਹੁਣਿਆਂ ਦਾ ਆਉਣਾ ਆਮ ਗੱਲ ਹੈ| ਲੰਘੇ ਐਤਵਾਰ ਮੇਰੇ ਘਰ ਮੇਰੀ ਭੈਣ ਹਰਭਜਨ ਢਿਲੋਂ ਤੇ ਮੇਰੀ ਮਾਸੀ ਦਾ ਪੁੱਤ ਮਹਿੰਦਰ ਢਿੱਲੋਂ ਇਕੱਠੇ ਹੋ ਗਏ| ਹਵਾਈ ਜਹਾਜ਼ਾਂ ਦੇ ਸਫਰ ਦੀ ਗੱਲ ਹੋਈ ਤਾਂ ਨਕਦੀ ਦਾ ਮੁੱਲ ਵੀ ਪੈਣ ਲੱਗਿਆ|

ਅੱਜ ਦੇ ਦਿਨ 63 ਰੁਪਈਆਂ ਦਾ ਇਕ ਡਾਲਰ ਬਣਦਾ ਹੈ| ਇਹ ਵੀ ਕਿ ਕੈਨੇਡਾ ਵਿਚ ਕੇਵਲ ਪੈਸਿਆਂ ਦੇ ਬੈਂਕ ਹੀ ਨਹੀਂ ਰੋਟੀ ਪਾਣੀ ਦੇ ਬੈਂਕ ਵੀ ਹਨ ਜਿਨ੍ਹਾਂ ਨੂੰ ਫੱੂਡ ਬੈਂਕ ਕਹਿੰਦੇ ਹਨ| ਹਰਭਜਨ ਦਾ ਘਰ ਚੀਫ ਖਾਲਸਾ ਦੀਵਾਨ ਸੋਸਾਇਟੀ ਵਾਲੇ ਗੁਰਦੁਆਰੇ ਕੋਲ ਹੈ ਜਿੱਥੇ ਸਥਾਨਕ ਗੋਰੇ ਲੰਗਰ ਛਕ ਕੇ ਬਰਤਣ ਵੀ ਸਾਫ ਕਰਦੇ ਹਨ ਤੇ ਖਾਣ ਖਿਲਾਉਣ ਦੀ ਸੇਵਾ ਵੀ| ਲੋੜਵੰਦ ਬੱਚਿਆਂ ਲਈ ਖਾਣੇ ਦੇ ਪੈਕਟ ਹਰ ਵੇਲੇ ਤਿਆਰ ਮਿਲਦੇ ਹਨ ਤੇ ਬੱਚੇ ਸਕੂਲ ਜਾਂਦੇ ਸਮੇਂ ਉਥੋਂ ਲੰਚ ਸਮੇਂ ਖਾਣ ਲਈ ਚੁੱਕ ਲਿਜਾਂਦੇ ਹਨ|
ਮਹਿੰਦਰ ਸਿੰਘ ਦਾ ਘਰ ਗੁਰੂ ਨਾਨਕ ਫੂਡ ਬੈਂਕ ਦੇ ਨੇੜੇ ਹੈ, ਜਿਹੜਾ ਦੂਖ-ਨਿਵਾਰਨ ਗੁਰਦੁਆਰੇ ਦੀ ਬੁੱਕਲ ਵਿਚ ਪੈਂਦਾ ਹੈ| ਸਰ੍ਹੀ ਦੇ ਇਲਾਕੇ ਵਿਚ| ਇਸ ਦੀਆਂ ਵਡਿਆਈਆਂ ਦਾ ਵੀ ਅੰਤ ਨਹੀਂ| ਏਥੇ ਲੋੜਵੰਦਾਂ ਨੂੰ ਖਾਣ ਪੀਣ ਤੇ ਰਾਸ਼ਨ ਪਾਣੀ ਦੇ ਪੈਕਟਾਂ ਤੋਂ ਬਿਨਾ ਗੱਦੇ ਅਤੇ ਕੰਬਲ ਵੀ ਦਿੱਤੇ ਜਾਂਦੇ ਹਨ| ਖੂਬੀ ਇਹ ਕਿ ਇਸ ਫੂਡ ਬੈਂਕ ਨੂੰ ਦਾਨ ਕਰਨ ਵਾਲੇ ਵੀ ਸਬੰਧਤ ਵਸਤਾਂ ਦੇ ਟਰੱਕ ਭਰ ਕੇ ਲਿਆਉਂਦੇ ਹਨ ਤੇ ਉਨ੍ਹਾਂ ਦੀ ਉਦੋਂ ਤੱਕ ਤਸੱਲੀ ਨਹੀਂ ਹੁੰਦੀ ਜਦੋਂ ਤੱਕ ਇਨ੍ਹਾਂ ਵਸਤਾਂ ਨੂੰ ਫੂਡ ਬੈਂਕ ਦੇ ਵਿਹੜੇ ਨਹੀਂ ਪਹੁੰਚਾ ਦਿੰਦੇ| ਇਹ ਸੁਣ ਕੇ ਹੈਰਾਨ ਨਾ ਹੋਣਾ ਏਸ ਵਾਰ ਦੇ ਗੁਰੂ ਨਾਨਕ ਦੇ ਗੁਰਪੁਰਬ ਸਮੇਂ ਨਕਦ ਚੜ੍ਹਾਵਾ 3.5 ਲੱਖ ਡਾਲਰ ਸੀ| ਇੰਡੀਆ ਦਾ ਦੋ ਕਰੋੜ, 20 ਲੱਖ ਤੇ 50 ਹਜ਼ਾਰ (2,20,50,000) ਰੁਪਿਆ ਸੀ|
ਇੱਕੋ ਕੁੱਖ ਦੇ ਜਾਇਆਂ ਨਾਲ ਵਿਤਕਰਾ
ਮੁੱਢ ਕਦੀਮੋਂ ਮਨੁੱਖੀ ਨਸਲ ਅਸ਼ਰਫ ਉਲ ਮਖਲੂਦਾਤ, (ਸਭ ਤੋਂ ਉਤਮ ਨਸਲ) ਮੰਨੀ ਜਾਂਦੀ ਹੈ| ਪਰ ਇਹ ਆਦਮੀ ਦਾ ਪੁੱਤ ਇੱਕੋ ਕੁੱਖ ਦੇ ਜਾਇਆਂ ਨੂੰ ਕੈਰੀ ਅੱਖ ਨਾਲ ਵੇਖਦਾ ਹੈ| ਖਾਸ ਕਰਕੇ ਲਿੰਗ ਭੇਦ ਵਜੋਂ ਊਣੀਆਂ ਰਹਿ ਗਈਆਂ ਨਸਲਾਂ ਨੂੰ| ਇਸ ਵਿਚ ਮਨੁੱਖੀ ਹੋਂਦ ਦੀਆਂ ਉਹ ਸਾਰੀਆਂ ਵਿਭਿੰਨਤਾਵਾਂ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਸਦੀਆਂ ਤਕ ਜਾਂ ਤਾਂ ਪ੍ਰਵਾਨ ਨਹੀਂ ਕੀਤਾ ਜਾਂਦਾ ਰਿਹਾ ਜਾਂ ਤ੍ਰਿਸਕਾਰ ਭਾਵ ਨਾਲ ਵੇਖਿਆ ਜਾਂਦਾ ਰਿਹਾ ਹੈ| ਏਸੇ ਤਰ੍ਹਾਂ ਵੱਖਰੀ ਭਾਂਤ ਦੀ ਸੈਕਸੂਅਲ ਓਰੀਐਂਟੇਸ਼ਨ ਨੂੰ ਵੀ ਗ਼ੈਰ ਕੁਦਰਤੀ ਮੰਨਦਿਆਂ ਉਸਨੂੰ ਅਪਰਾਧ ਦੇ ਖਾਨੇ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ| ਅੰਤਰਰਾਸ਼ਟਰੀ ਫੋਰਮਾਂ ਉੱਤੇ ਇਨ੍ਹਾਂ ਵੱਖਰੀ ਭਾਂਤ ਦੇ ਜੀਵਾਂ ਵੱਲ ਸਮਾਜਿਕ ਪਹੁੰਚ ਨੂੰ ਵੀ ਜਾਤ, ਨਸਲ, ਧਰਮ ਤੇ ਲਿੰਗ-ਭੇਦ ਦੇ ਆਧਾਰ ’ਤੇ ਵਿਤਕਰੇ ਵਾਂਗ ਮਨੁੱਖੀ ਅਧਿਕਾਰਾਂ ਦੇ ਮਸਲੇ ਵਜੋਂ ਵੇਖਿਆ ਜਾਂਦਾ ਹੈ| ਪਿਛਲੀ ਇਕ ਸਦੀ ਦੌਰਾਨ ਵਿਕਸਤ ਪੱਛਮੀ ਮੁਲਕਾਂ ਵਿਚ ਇਹ ਸੋਚ ਬਦਲੀ ਹੈ, ਜਿਸ ਅਨੁਸਾਰ ਟਰਾਂਸ ਜੈਂਡਰ ਜੀਵਾਂ ਨਾਲ ਸਮਲਿੰਗੀਆਂ ਨੂੰ ਵੀ ਇਕ ਕੁਦਰਤੀ ਵਰਤਾਰੇ ਵਜੋਂ ਪ੍ਰਵਾਨਗੀ ਦਿੱਤੀ ਜਾਣ ਲੱਗੀ ਹੈ|
ਬਹੁਤ ਸਾਰੇ ਵਿਕਸਤ ਮੁਲਕਾਂ ਵਿਚ ਮਨੁੱਖ ਦੀ ਭੌਤਿਕ ਤੇ ਮਨੋਵਿਗਿਆਨਕ ਬਣਤਰ ਦੀ ਮੁੱਢਲੀ ਜਾਣਕਾਰੀ ਸਕੂਲੀ ਸਿੱਖਿਆ ਦੇ ਪਾਠਕ੍ਰਮ ਦਾ ਹਿੱਸਾ ਬਣ ਚੁੱਕੀ ਹੈ| ਕੈਨੇਡਾ ਵਿਚ ਅਤੇ ਇਸਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਵੀ ਪਿਛਲੇ ਕੁਝ ਮਹੀਨਿਆਂ ਵਿਚ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿਚ ਕੰਜ਼ਰਵੇਟਿਵ ਸੋਚ ਵਾਲੇ ਕੁੱਝ ਵਿਅਕਤੀ ਸਕੂਲੀ ਸਿੱਖਿਆ ਦੀ ਇਸ ਨੀਤੀ ਦੇ ਵਿਰੁੱਧ ਰੋਸ ਕਰ ਰਹੇ ਸਨ| ਭਾਵੇਂ ਇਹ ਨੀਤੀ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਪਰ ਵਿਰੋਧ ਕਰਨ ਵਾਲਿਆਂ ਨੇ ਪ੍ਰਾਂਤ ਦੀ ਵਰਤਮਾਨ ਸਿੱਖਿਆ ਮੰਤਰੀ ਰਚਨਾ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਵਿਧਾਨ ਸਭਾ ਦੀ ਉਸਦੀ ਮੈਂਬਰੀ ਵਿਰੁੱਧ ਪਟੀਸ਼ਨ ਦਾਖਲ ਕਰ ਦਿੱਤੀ ਸੀ| ਏਥੇ ਦੀ ਵਿਧਾਨ ਸਭਾ ਵਿਚ ਕਿਸੇ ਵੀ ਮੈਂਬਰ ਨੂੰ ਵਾਪਸ ਬੁਲਾ ਲੈਣ ਦੀ ਵਿਵਸਥਾ ਹੈ| ਇਸ ਵਿਵਸਥਾ ਅਨੁਸਾਰ ਪਟੀਸ਼ਨ ਕਰਨ ਵਾਲਿਆਂ ਨੂੰ ਦੋ ਮਹੀਨੇ ਤਕ ਦਸਤਖਤੀ ਮੁਹਿੰਮ ਚਲਾਉਣ ਦਾ ਮੌਕਾ ਦਿੱਤਾ ਜਾਂਦਾ ਹੈ| ਸ਼ਰਤ ਇਹ ਉਹ ਨਿਸ਼ਚਿਤ ਤਾਰੀਖ ਤਕ ਦਸਤਖਤਾਂ ਦੀ ਲੋੜੀਂਦੀ ਗਿਣਤੀ ਪੂਰੀ ਕਰਨ| ਇਸ ਕੇਸ ਵਿਚ ਕੌੜੀ ਧਾਰਨਾ ਵਾਲਿਆਂ ਨੇ 29 ਜਨਵਰੀ ਤੱਕ ਲੋੜੀਂਦੇ ਦਸਤਖਤ ਕਰਵਾਣੇ ਸਨ| ਹੋਇਆ ਇਹ ਕਿ ਉਹ ਬੜੀ ਮੁਸ਼ਕਲ ਨਾਲ ਇਕ ਚੌਥਾਈ ਦਸਤਖਤ ਕਰਾ ਸਕੇ| ਨਤੀਜੇ ਵਜੋਂ 29 ਜਨਵਰੀ ਨੂੰ ਬੀ.ਸੀ. ਦੇ ਚੋਣ ਕਮਿਸ਼ਨ ਨੇ ਰਚਨਾ ਸਿੰਘ ਵਿਰੁੱਧ ਪਾਈ ਪਟੀਸ਼ਨ ਦੇ ਰੱਦ ਹੋਣ ਦਾ ਐਲਾਨ ਕਰ ਦਿੱਤਾ| ਆਪਣੇ ਕੰਮ-ਕਾਰ ਕਰਕੇ ਬਹੁਤ ਮਕਬੂਲ ਰਚਨਾ ਸਿੰਘ ਤਾਂ ਇਸ ਸਾਰੇ ਘਟਨਾਕ੍ਰਮ ਨੂੰ ਬਹੁਤ ਸਹਿਜ ਨਾਲ ਲੈ ਰਹੀ ਹੈ ਪਰ ਉਸਦੇ ਪ੍ਰਸ਼ੰਸਕ ਤੇ ਹਮਾਇਤੀ ਯਕੀਨਨ ਬਹੁਤ ਖੁਸ਼ ਹਨ| ਚੇਤੇ ਰਹੇ ਰਚਨਾ ਸਾਡੇ ਮਿੱਤਰ ਰਘਬੀਰ ਸਿੰਘ ਸਿਰਜਣਾ ਦੀ ਬੇਟੀ ਹੈ ਜਿਹੜੀ ਬ੍ਰਿਟਿਸ਼ ਕੋਲੰਬੀਆ ਦੀ ਵਿਦਿਆ ਮੰਤ੍ਰੀ ਹੈ| ਨਿਸ਼ਚੇ ਹੀ ਵਿਰੋਧੀ ਧਿਰ ਦੀ ਪਟੀਸ਼ਨ ਦਾ ਰੱਦ ਹੋਣਾ ਸਾਡੇ ਸਾਰਿਆਂ ਲਈ ਖ਼ੁਸ਼ੀ ਦੀ ਗੱਲ ਹੈ|

ਅੰਤਿਕਾ
—ਲੋਕ ਬੋਲੀ—
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ
ਇੱਕ ਵੀਰ ਦੇਈਂ ਵੇ ਰੱਬਾ।