ਪ੍ਰਿੰ. ਸਰਵਣ ਸਿੰਘ
29 ਫੁੱਟ ਢਾਈ ਇੰਚ ਲੰਮੀ ਛਾਲ ਕਹਿ ਦੇਣੀ ਗੱਲ ਹੈ। ਬੰਦਾ ਪੱਧਰ ਥਾਂ ਤੋਂ ਪੈਰ ਉਠਾ ਕੇ ਬਾਰਾਂ ਕਦਮ ਦੂਰ ਜਾ ਡਿੱਗੇ? 20 ਹੱਥ ਲੰਮੀ ਛਾਲ ਮਾਰ ਦੇਵੇ! ਸੱਚ ਨਹੀਂ ਆਉਂਦਾ। ਪਰ ਹੈ ਸੱਚ। ਏਨੀ ਲੰਮੀ ਛਾਲ 8 ਮਹੀਨਿਆਂ ਦੇ ਹੀ ਮਾਂ-ਮਹਿੱਟਰ ਹੋਏ ਬਾਲ ਨੇ 22 ਸਾਲਾਂ ਦਾ ਹੋ ਕੇ ਮੈਕਸੀਕੋ ਸਿਟੀ ਦੀਆਂ ਓਲੰਪਿਕ ਖੇਡਾਂ `ਚ ਲਾਈ ਤੇ ਧੰਨ ਧੰਨ ਕਰਾਈ। ਖੇਡਾਂ ਦੇ ਰਿਕਾਰਡ ਨਿੱਤ ਨਵੇਂ ਹੁੰਦੇ ਹਨ ਪਰ ਉਸ ਛਾਲ ਦਾ ਓਲੰਪਿਕ ਰਿਕਾਰਡ 56 ਸਾਲ ਬੀਤ ਜਾਣ `ਤੇ ਵੀ ਨਹੀਂ ਟੁੱਟਾ। ਅਜਿਹੀ ਅਦਭੁੱਤ ਛਾਲ ਲਾਉਣ ਵਾਲਾ ਨੀਗਰੋ ਐਥਲੀਟ ਬੌਬ ਬੀਮਨ ਸੀ ਜੋ 2024 ਵਿਚ ਉਮਰ ਦੇ 78ਵੇਂ ਸਾਲ `ਚ ਹੈ।
ਬੌਬ ਬੀਮਨ ਦਾ ਅਸਲੀ ਨਾਂ ਰੌਬਰਟ ਬੀਮਨ ਹੈ। ਉਸ ਦੀ ਮੈਕਸੀਕੋ `ਚ ਲਾਈ ਗ਼ੈਬੀ ਛਾਲ ਨੇ ਦੁਨੀਆ ਦੰਗ ਕਰ ਦਿੱਤੀ ਸੀ। ਪਹਿਲੇ ਓਲੰਪਿਕ ਰਿਕਾਰਡ ਨਾਲੋਂ ਲਗਭਗ ਦੋ ਫੁੱਟ ਵੱਧ ਲੰਮੀ ਛਾਲ! ਮਿਣਤੀ ਕਰਨ ਵਾਲੀ ਸਕੇਲ ਨਾਲ ਉਸ ਦੀ ਮਿਣਤੀ ਨਾ ਹੋ ਸਕੀ। ਫਿਰ ਸਟੀਲ ਦਾ ਫੀਤਾ ਵਰਤੋਂ ਵਿਚ ਲਿਆਂਦਾ ਗਿਆ। ਵੀਹ ਮਿੰਟ ਛਾਲ ਦੀ ਮੁੜ-ਮੁੜ ਮਿਣਤੀ ਕੀਤੀ ਜਾਂਦੀ ਰਹੀ। ਨਤੀਜਾ ਉਹੀ 29 ਫੁੱਟ ਢਾਈ ਇੰਚ ਯਾਨੀ 8.90 ਮੀਟਰ ਨਿਕਲਦਾ। ਆਖ਼ਰ ਨਤੀਜਾ ਐਲਾਨ ਦਿੱਤਾ ਗਿਆ ਤੇ ਉਸ ਛਾਲ ਨੂੰ ਵੀਹਵੀਂ ਸਦੀ ਦੀ ਇੱਕੀਵੀਂ ਸਦੀ `ਚ ਛਾਲ ਕਿਹਾ ਜਾਣ ਲੱਗਾ।
ਬੌਬ ਬੀਮਨ ਦਾ ਜਨਮ, ਬਰੌਂਕਸ, ਨਿਊ ਯਾਰਕ, ਅਮਰੀਕਾ ਵਿਚ ਬਿਮਾਰ ਰਹਿੰਦੀ ਔਰਤ ਨੌਮੀ ਬਰਾਊਨ ਬੀਮਨ ਦੀ ਕੁੱਖੋਂ 29 ਅਗਸਤ 1946 ਨੂੰ ਹੋਇਆ। ਬੌਬ ਬੀਮਨ ਅੱਠਾਂ ਮਹੀਨਿਆਂ ਦਾ ਸੀ ਜਦੋਂ ਉਸ ਦੀ ਮਾਂ ਤਪਦਿਕ ਦੀ ਬਿਮਾਰੀ ਨਾਲ ਚੱਲ ਵਸੀ। ਉਸ ਦਾ ਪਿਓ ਮਤਰੇਆ ਬਾਪ ਸੀ। ਬੌਬ ਦਾ ਬਚਪਨ ਯਤੀਮਾਂ ਵਾਂਗ ਬੀਤਿਆ। ਮਾਂ ਮਹਿੱਟਰ ਬੱਚੇ ਦੀ ਪਾਲਣਾ ਉਹਦੀ ਨਾਨੀ ਬੇਸੀ ਨੇ ਕੀਤੀ। ਉਹ ਵੀ ਬਿਮਾਰ ਰਹਿੰਦੀ ਸੀ। ਹਾਲਾਤ ਨੇ ਬਾਲਕ ਬੌਬ ਨੂੰ ਹਿੰਸਾ, ਗੈਂਗਵਾਦ ਤੇ ਡਰੱਗ ਦੇ ਚੱਕਰਾਂ ਵਿਚ ਪਾ ਦਿੱਤਾ। ਇਕ ਵਾਰ ਉਸ ਨੇ ਸਕੂਲ ਦੇ ਅਧਿਆਪਕ ਨੂੰ ਹੀ ਕੁੱਟ ਧਰਿਆ ਜਿਸ ਦੀ ਸਜ਼ਾ ਵਜੋਂ ਉਸ ਦਾ ਨਾਂ ਕੱਟ ਦਿੱਤਾ ਗਿਆ। ਉਸ ਨੂੰ ਨਾਬਾਲਗਾਂ ਦੀ ਸੁਧਾਰ ਜੇਲ੍ਹ ਵਿਚ ਰਹਿਣਾ ਪਿਆ ਜਿਥੇ ਉਹ ਅਨੁਸ਼ਾਸਨ ਸਿੱਖਿਆ ਅਤੇ ਖੇਡਾਂ ਵਿਚ ਰੁਚੀ ਲੈਣ ਲੱਗਾ। ਗਲੀਆਂ ਦੀ ਗੁੰਡਾਗਰਦੀ ਛੱਡ ਕੇ ਜਦੋਂ ਉਹ ਜਮਾਇਕਾ ਹਾਈ ਸਕੂਲ ਵਿਚ ਪੜ੍ਹਨ ਲੱਗਾ ਤਾਂ ਸਬੱਬੀਂ ਅਥਲੈਟਿਕਸ ਦੇ ਕੋਚ ਲੈਰੀ ਐਲਿਸ ਦੀ ਨਜ਼ਰੇ ਚੜ੍ਹ ਗਿਆ। ਲੈਰੀ ਐਲਿਸ ਦੀ ਕੋਚਿੰਗ ਨਾਲ ਬੌਬ ਛੇਤੀ ਹੀ ਸਕੂਲੀ ਖੇਡਾਂ `ਚ ਛਾ ਗਿਆ ਤੇ ਇਨਾਮ ਜਿੱਤਣ ਲੱਗ ਪਿਆ।
ਫਿਰ ਉਸ ਨੇ ਬਿਮਾਰ ਪਈ ਨਾਨੀ ਦੀ ਰਿਹਾਇਸ਼ ਨੇੜੇ ਨਾਰਥ ਕੈਰੋਲੀਨਾ ਐਗਰੀਕਲਚਰ ਐਂਡ ਟੈਕਨੀਕਲ ਕਾਲਜ ਵਿਚ ਦਾਖਲਾ ਲੈ ਲਿਆ। ਨਾਨੀ ਦੀ ਮੌਤ ਪਿੱਛੋਂ ਉਹ ਯੂਨੀਵਰਸਿਟੀ ਆਫ਼ ਟੈਕਸਾਸ ਐਟ ਐਲ ਪਾਸੋ `ਚ ਚਲਾ ਗਿਆ ਜਿਥੇ ਉਸ ਨੂੰ ਟ੍ਰੈਕ ਐਂਡ ਫੀਲਡ ਸਕਾਲਰਸ਼ਿਪ ਮਿਲ ਗਿਆ। ਤਦ ਤਕ ਉਸ ਦਾ ਕੱਦ ਛੇ ਫੁੱਟ ਤਿੰਨ ਇੰਚ ਉੱਚਾ ਹੋ ਗਿਆ ਤੇ ਸਰੀਰਕ ਭਾਰ ਵੀ 70 ਕਿਲੋ ਦੇ ਨੇੜੇ ਪਹੁੰਚ ਗਿਆ। ਸਕੂਲਾਂ ਦੀਆਂ ਨੈਸ਼ਨਲ ਖੇਡਾਂ ਵਿਚ ਉਸ ਨੇ ਟ੍ਰਿੱਪਲ ਜੰਪ ਦਾ ਨੈਸ਼ਨਲ ਰਿਕਾਰਡ ਰੱਖ ਦਿੱਤਾ ਅਤੇ ਲੰਮੀ ਛਾਲ ਲਾਉਣ `ਚ ਵੀ ਦੂਜੇ ਸਥਾਨ `ਤੇ ਰਿਹਾ। 1967 ਵਿਚ ਉਹ ਲੰਮੀ ਛਾਲ ਲਾਉਣ `ਚ ਅਮਰੀਕਾ ਦਾ ਨੈਸ਼ਨਲ ਚੈਂਪੀਅਨ ਬਣ ਗਿਆ ਅਤੇ ਵਿਨੀਪੈੱਗ ਦੀਆਂ ਪੈਨ ਅਮੈਰੀਕਨ ਖੇਡਾਂ ਵਿਚ ਸਿਲਵਰ ਮੈਡਲ ਜਿੱਤਿਆ। ਉਹ ਬੇਸ਼ਕ ਬਚਪਨ ਵਿਚ ਹੀ ਯਤੀਮ ਹੋ ਗਿਆ ਸੀ ਪਰ ਆਪਣੀ ਹਿੰਮਤ ਤੇ ਮਿਹਨਤ ਨਾਲ ਵਿਸ਼ਵ ਦਾ ਮਹਾਨ ਖਿਡਾਰੀ ਬਣਿਆ।
ਓਲੰਪਿਕ ਖੇਡਾਂ `ਚ ਲੰਮੀ ਛਾਲ ਦੇ ਮੈਡਲਾਂ `ਤੇ ਝਾਤ ਮਾਰੀਏ ਤਾਂ ਵਧੇਰੇ ਮੈਡਲ ਅਮਰੀਕਾ ਦੇ ਅਥਲੀਟਾਂ ਨੇ ਜਿੱਤੇ ਹਨ। 1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਤੋਂ 2021 ਦੀਆਂ 32ਵੀਆਂ ਓਲੰਪਿਕ ਖੇਡਾਂ ਤਕ ਅਮਰੀਕੀ ਅਥਲੀਟਾਂ ਨੇ 22 ਸੋਨੇ, 15 ਚਾਂਦੀ, 10 ਕਾਂਸੀ, ਕੁਲ 47 ਤਗ਼ਮੇ ਜਿੱਤੇ ਹਨ। ਦੂਜੇ ਨੰਬਰ `ਤੇ ਰਹਿਣ ਵਾਲੇ ਗ੍ਰੇਟ ਬ੍ਰਿਟੇਨ ਨੇ 2 ਸੋਨੇ ਤੇ 2 ਕਾਂਸੀ ਸਮੇਤ 4 ਤਗ਼ਮੇ ਅਤੇ ਤੀਜੇ ਨੰਬਰ `ਤੇ ਈਸਟ ਜਰਮਨੀ ਨੇ 1 ਸੋਨੇ, 2 ਚਾਂਦੀ, 1 ਕਾਂਸੀ ਸਮੇਤ 4 ਤਗ਼ਮੇ ਜਿੱਤੇ ਹਨ। ਚੌਥੇ ਨੰਬਰ `ਤੇ ਕਿਊਬਾ ਹੈ ਜਿਸ ਦੇ 4 ਤਗ਼ਮਿਆਂ `ਚ 1 ਸੋਨੇ, 1 ਚਾਂਦੀ ਤੇ 2 ਕਾਂਸੀ ਦੇ ਤਗ਼ਮੇ ਹਨ। ਪੰਜਵੇਂ ਨੰਬਰ `ਤੇ ਸਵੀਡਨ ਹੈ ਜਿਸ ਪਾਸ 1 ਸੋਨੇ ਤੇ 2 ਕਾਂਸੀ ਦੇ ਤਗ਼ਮਿਆਂ ਨਾਲ ਕੁਲ 3 ਤਗ਼ਮੇ ਹਨ। ਛੇਵੇਂ ਨੰਬਰ `ਤੇ ਗਰੀਸ ਹੈ ਤੇ ਸੱਤਵੇਂ ਨੰਬਰ `ਤੇ ਪਨਾਮਾ ਹੈ ਜਿਨ੍ਹਾਂ ਕੋਲ 1-1 ਸੋਨ ਤਗ਼ਮਾ ਹੈ। ਹੋਰ ਕੋਈ ਮੁਲਕ ਅਜੇ ਤਕ ਸੋਨ-ਤਗ਼ਮਾ ਨਹੀਂ ਜਿੱਤ ਸਕਿਆ।
ਜਿਥੋਂ ਤਕ ਨਵੇਂ ਰਿਕਾਰਡ ਰੱਖਣ ਦੀ ਗੱਲ ਹੈ 1901 ਵਿਚ ਮਰਦਾਂ ਦੀ ਲੰਮੀ ਛਾਲ ਦਾ ਰਿਕਾਰਡ 24 ਫੁੱਟ ਪੌਣੇ 12 ਇੰਚ ਸੀ ਜੋ ਓ ਕੋਨਰ ਦੇ ਨਾਂ ਰਿਹਾ। 1921 ਵਿਚ ਗੌਰਡਨ ਨੇ ਰਿਕਾਰਡ 25 ਫੁੱਟ 3 ਇੰਚ ਕਰ ਦਿੱਤਾ। 1935 `ਚ ਜੈਸੀ ਓਵੇਂਜ਼ ਵਿਸ਼ਵ ਰਿਕਾਰਡ 26 ਫੁੱਟ ਸਵਾ 8 ਇੰਚ ਤਕ ਲੈ ਗਿਆ। 1965 ਵਿਚ ਬੋਸਟਨ ਨੇ 27 ਫੁੱਟ ਪੌਣੇ 5 ਇੰਚ ਲੰਮੀ ਛਾਲ ਮਾਰੀ ਤੇ 1967 ਵਿਚ ਇਗੋਰ ਓਵੇਸੀਅਨ ਵੀ 27 ਫੁੱਟ ਪੌਣੇ 5 ਇੰਚ ਛਾਲ ਮਾਰ ਗਿਆ। ਫੁੱਟਾਂ ਦੇ ਫਰਕ ਨਾਲ ਰਿਕਾਰਡ ਤੋੜਨ ਦਾ ਮਾਅਰਕਾ ਮਾਰਿਆ ਬੌਬ ਬੀਮਨ ਨੇ, ਜੀਹਨੇ 1968 ਵਿਚ 29 ਫੁੱਟ ਢਾਈ ਇੰਚ ਲੰਮੀ ਛਾਲ ਮਾਰ ਦਿੱਤੀ!
ਬੌਬ ਬੀਮਨ ਲਈ 1968 ਦਾ ਸਾਲ ਭਾਗਾਂ ਵਾਲਾ ਚੜ੍ਹਿਆ ਸੀ। ਓਲੰਪਿਕ ਖੇਡਾਂ ਤੋਂ ਪਹਿਲਾਂ ਉਸ ਨੇ 23 ਮੀਟਾਂ ਵਿਚ ਭਾਗ ਲਿਆ ਜਿਨ੍ਹਾਂ `ਚੋਂ 22 ਮੀਟਾਂ `ਚ ਜਿੱਤ ਹਾਸਲ ਕੀਤੀ ਸੀ। ਇਕ ਮੀਟ ਵਿਚ ਉਹ 8.33 ਮੀਟਰ ਭਾਵ 27 ਫੁੱਟ ਪੌਣੇ 4 ਇੰਚ ਲੰਮੀ ਛਾਲ ਮਾਰ ਗਿਆ ਸੀ। ਐਡੀ ਛਾਲ ਨਾਲ ਉਸ ਨੂੰ ਅਗਲਾ ਓਲੰਪਿਕ ਚੈਂਪੀਅਨ ਚਿਤਵਿਆ ਜਾ ਰਿਹਾ ਸੀ। ਉਸ ਵੇਲੇ ਲੰਮੀ ਛਾਲ ਦਾ ਵਿਸ਼ਵ ਰਿਕਾਰਡ 8.39 ਅਥਵਾ 27 ਫੁੱਟ ਸਵਾ 6 ਇੰਚ ਸੀ। ਉਸ ਸਾਲ ਉਹ ਅਮਰੀਕਾ ਦਾ ਲੰਮੀ ਤੇ ਤੀਹਰੀ ਛਾਲ ਦਾ ਵੀ ਚੈਂਪੀਅਨ ਸੀ। 1960 ਦੀਆਂ ਓਲੰਪਿਕ ਖੇਡਾਂ `ਚੋਂ ਗੋਲਡ ਮੈਡਲ ਤੇ 1964 `ਚ ਟੋਕੀਓ ਦੀਆਂ ਓਲੰਪਿਕ ਖੇਡਾਂ `ਚੋਂ ਸਿਲਵਰ ਮੈਡਲ ਜਿੱਤਣ ਵਾਲਾ ਅਮਰੀਕੀ ਅਥਲੀਟ ਰਾਲਫ ਬੋਸਟਨ, ਬ੍ਰਿਟੇਨ ਦਾ ਲਿਨ ਡੈਵੀਜ਼ ਤੇ ਸੋਵੀਅਤ ਰੂਸ ਦਾ ਇਗੋਰ ਓਵਨੇਸੀਅਨ ਵੀ ਓਲੰਪਿਕ ਮੈਡਲ ਜਿੱਤਣ ਦੇ ਉਮੀਦਵਾਰ ਸਨ। ਬੋਸਟਨ ਬੌਬ ਬੀਮਨ ਵਾਂਗ ਸਿਆਹਫਾਮ ਅਥਲੀਟ ਸੀ ਤੇ ਉਹਦਾ ਕੋਚ ਰਿਹਾ ਸੀ। ਉਹ 84 ਸਾਲ ਦੀ ਉਮਰੇ 2023 `ਚ ਚਲਾਣਾ ਕਰ ਗਿਆ। ਬੌਬ ਬੀਮਨ ਤੋਂ ਵੱਡੀ ਛਾਲ ਮਰਵਾਉਣ `ਚ ਉਹਦਾ ਵੀ ਹੱਥ ਸੀ।
ਮੈਕਸੀਕੋ ਸਿਟੀ ਸਮੁੰਦਰੀ ਸਤ੍ਹਾ ਤੋਂ ਕਾਫੀ ਉਚੇਰੀ ਜਗ੍ਹਾ ਹੈ ਜਿਸ ਕਰਕੇ ਉਥੋਂ ਦੀ ਹਵਾ ਹਲਕੀ ਹੈ। ਹਲਕੀ ਹਵਾ ਸਪਰਿੰਟਰਾਂ ਤੇ ਛਾਲਾਂ ਲਾਉਣ ਵਾਲਿਆਂ ਲਈ ਤਾਂ ਬਿਹਤਰ ਨਤੀਜੇ ਲਿਆਉਣ ਵਾਲੀ ਹੁੰਦੀ ਹੈ ਜਦ ਕਿ ਲੰਮੀਆਂ ਦੌੜਾਂ ਲਾਉਣ ਵਾਲਿਆਂ ਲਈ ਘਾਟੇਵੰਦੀ ਕਿਉਂਕਿ ਉਸ ਵਿਚ ਆਕਸੀਜਨ ਘੱਟ ਹੁੰਦੀ ਹੈ। ਸਾਹ ਛੇਤੀ ਚੜ੍ਹਦਾ ਹੈ। ਇਹੋ ਕਾਰਨ ਸੀ ਕਿ ਮੈਕਸੀਕੋ ਦੀ ਓਲੰਪਿਕਸ ਵਿਚ ਸਪਰਿੰਟ ਦੌੜਾਂ ਤੇ ਛਾਲਾਂ ਦੇ ਰਿਕਾਰਡ ਵੱਧ ਟੁੱਟੇ ਜਦ ਕਿ ਲੰਮੀਆਂ ਦੌੜਾਂ ਦੇ ਨਾਮਾਤਰ। ਬਲਕਿ ਮੈਰਾਥਨ ਦੌੜ ਲਾਉਣ ਵਾਲੇ ਤਾਂ ਬੇਹੋਸ਼ ਹੋ ਕੇ ਡਿੱਗਦੇ ਵੀ ਰਹੇ। ਬੌਬ ਬੀਮਨ ਦੀ ਇਹ ਪਹਿਲੀ ਓਲੰਪਿਕਸ ਸੀ। ਉਦੋਂ ਉਹ 22 ਸਾਲਾਂ ਦਾ ਸੀ ਜਿਸ ਤੋਂ ਮੈਡਲ ਜਿੱਤਣ ਦੀਆਂ ਵੱਡੀਆਂ ਆਸਾਂ ਸਨ। ਪਰ ਉਹ ਕੁਆਲੀਫਾਈ ਕਰਨ ਦੀਆਂ ਤਿੰਨ ਛਾਲਾਂ `ਚੋਂ ਪਹਿਲੀਆਂ ਦੋ ਛਾਲਾਂ ਫਾਊਲ ਕਰ ਬੈਠਾ ਸੀ। ਨੌਬਤ ਖੇਡਾਂ `ਚਂੋ ਬਾਹਰ ਹੋ ਜਾਣ ਦੀ ਆ ਬਣੀ ਸੀ। ਹੁਣ ਸਾਰਾ ਦਾਰੋਮਦਾਰ ਅੰਤਮ ਛਾਲ `ਤੇ ਸੀ। ਜੇਕਰ ਉਹ ਵੀ ਫਾਊਲ ਹੋ ਜਾਂਦੀ ਜਾਂ ਕੁਆਲੀਫਾਈ ਟੀਚੇ ਤੋਂ ਘੱਟ ਰਹਿ ਜਾਂਦੀ ਤਾਂ ਉਸ ਨੇ ਮੁਕਾਬਲੇ `ਚੋਂ ਬਾਹਰ ਹੋ ਜਾਣਾ ਸੀ। ਉਹ ਡਾਢਾ ਮਾਯੂਸ ਸੀ।
ਤੀਜੀ ਛਾਲ ਲਾਉਣ ਤੋਂ ਪਹਿਲਾਂ ਉਹਦੇ ਕੋਚ ਰਹੇ ਤੇ ਟੀਮਏਟ ਬਣੇ ਬੋਸਟਨ ਨੇ ਉਸ ਨੂੰ ਠਰੰਮੇ ਨਾਲ ਸਮਝਾਇਆ ਕਿ ਉਹ ਆਖ਼ਰੀ ਛਾਲ ਜੰਪ ਪੱਟੀ ਤੋਂ ਪਿੱਛੋਂ ਵੀ ਲਾਵੇ ਤਾਂ ਵੀ ਉਹ ਆਸਾਨੀ ਨਾਲ ਕੁਆਲੀਫਾਈ ਕਰ ਸਕਦੈ। ਬੌਬ ਬੀਮਨ ਨੇ ਆਪਣਾ ਰਨ ਵੇਅ ਦੁਬਾਰਾ ਮਿਣਿਆ ਅਤੇ ਜੰਪ ਪੱਟੀ ਤੋਂ ਥੋੜ੍ਹਾ ਪਿੱਛੋਂ ਪੈਰ ਚੁੱਕ ਕੇ ਛਾਲ ਮਾਰੀ ਜਿਸ ਨਾਲ ਉਹ ਓਲੰਪਿਕ ਮੁਕਾਬਲੇ ਦੀਆਂ ਫਾਈਨਲ ਛਾਲਾਂ ਲਈ ਕੁਆਲੀਫਾਈ ਕਰ ਗਿਆ।
18 ਅਕਤੂਬਰ 1968 ਨੂੰ ਲੰਮੀ ਛਾਲ ਲਈ ਪਹਿਲੀ ਆਵਾਜ਼ ਵੱਜੀ ਤਾਂ ਰਾਲਫ ਬੋਸਟਨ ਤੇ ਬੌਬ ਬੀਮਨ ਇਕੱਠੇ ਸਰੀਰ ਗਰਮਾਉਣ ਲੱਗੇ। ਬੱਦਲਵਾਈ ਸੀ, ਮੀਂਹ ਪੈਣ ਦਾ ਡਰ ਸੀ। ਸ਼ਾਮ ਦੇ 3:46 ਵਜੇ ਚੈਸਟ ਨੰਬਰ 254 ਦੇ ਚੌਥੇ ਜੰਪਰ ਬੌਬ ਬੀਮਨ ਦਾ ਨਾਂ ਬੋਲਿਆ ਗਿਆ। ਉਹਦੀ ਪਹਿਲੀ ਛਾਲ ਸੀ। ਬੌਬ ਆਪਣੇ ਰੱਨ ਵੇਅ ਦੇ ਮਾਰਕ `ਤੇ ਗਿਆ। ਰਤਾ ਝੁਕ ਕੇ ਤੇ ਸਿਰ ਘੁਮਾ ਕੇ ਪੈਂਤੜਾ ਲਿਆ। ਉਹਦੀ ਦੌੜ ਤੇਜ਼ ਹੁੰਦੀ ਗਈ ਜੋ 24 ਮੀਲ ਪ੍ਰਤੀ ਘੰਟਾ ਰਫਤਾਰ ਫੜ ਗਈ। ਜੰਪ ਪੱਟੀ ਉੱਤੇ ਪੈਰ ਬਿਲਕੁਲ ਠੀਕ ਪਿਆ। ਉਹ ਸਾਢੇ ਪੰਜ ਤੋਂ ਛੇ ਫੁੱਟ ਉੱਚਾ ਕੁੱਦਿਆ। ਹਵਾ `ਚ ਕਿੱਕ ਵੀ ਸਹੀ ਲੱਗੀ। ਨਰਮ ਪਿੱਚ ਵਿਚ ਪੈਰ ਅਗਾਂਹ ਕੱਢ ਕੇ ਪਾਸੇ ਪਰਨੇ ਨਹੀਂ ਡਿੱਗਾ ਬਲਕਿ ਡਿੱਗਣ ਸਾਰ ਨਿੱਕੀ ਜਿਹੀ ਛਾਲ ਮਾਰ ਕੇ ਪਿੱਚ ਤੋਂ ਅੱਗੇ ਨਿਕਲ ਗਿਆ। ਜੱਜ ਨੇ ਚਿੱਟੀ ਝੰਡੀ ਦਿੱਤੀ ਜੋ ਸਹੀ ਛਾਲ ਦਾ ਸੰਕੇਤ ਸੀ। ਉਹ ਛਾਲ ਅੱਜ ਵੀ ਵੀਡੀਓ ਤੋਂ ਵੇਖੀ ਜਾ ਸਕਦੀ ਹੈ।
ਬੌਬ ਬੀਮਨ ਛਾਲ ਮਾਰ ਕੇ ਮਿਣਤੀ ਕਰਨ ਵਾਲਿਆਂ ਵੱਲ ਜਾਣ ਦੀ ਥਾਂ ਸਿੱਧਾ ਬੈਂਚ `ਤੇ ਰੱਖੇ ਟਰੈਕ ਸੂਟ ਵੱਲ ਵਧਿਆ। ਉਸ ਸਮੇਂ ਸਟੇਡੀਅਮ ਵਿਚ 40 ਹਜ਼ਾਰ ਦਰਸ਼ਕ ਮੌਜੂਦ ਸਨ। 1935 ਦਾ ਵਿਸ਼ਵ ਰਿਕਾਰਡੀ ਜੈਸੀ ਓਵੇਂਜ ਓਲੰਪਿਕ ਖੇਡਾਂ ਦਾ ਰੇਡੀਓ ਕੁਮੈਂਟੇਟਰ ਸੀ। ਉਸ ਨੇ ਦੂਰਬੀਨ ਨਾਲ ਬੌਬ ਬੀਮਨ ਦੀ ਛਾਲ ਨੂੰ ਨਿਹਾਰਿਆ ਤੇ ਅੰਦਾਜ਼ਾ ਲਾਇਆ ਕਿ ਇਹ ਛਾਲ ਨਵਾਂ ਰਿਕਾਰਡ ਹੋਵੇਗੀ। ਵਾਰੀ ਦੀ ਉਡੀਕ ਕਰਦੇ ਰਾਲਫ ਬੋਸਟਨ ਨੇ ਲਿਨ ਡੇਵੀਸ ਨੂੰ ਕਿਹਾ, “ਇਹ ਛਾਲ 28 ਫੁੱਟ ਹੋਵੇਗੀ।” ਡੇਵੀਸ ਨੇ ਕਿਹਾ, “ਨਹੀਂ, ਏਨੀ ਨੀ ਹੋ ਸਕਦੀ।” ਬੋਸਟਨ ਨੇ ਫਿਰ ਕਿਹਾ, “28 ਫੁੱਟ ਤੋਂ ਵੱਧ ਹੀ ਹੋਵੇਗੀ।” ਉਦੋਂ ਵਿਸ਼ਵ ਰਿਕਾਰਡ 27 ਫੁੱਟ ਪੌਣੇ 5 ਇੰਚ ਸੀ।
ਸਕੇਲ ਨਾਲ ਛਾਲ 28 ਫੁੱਟ ਤਕ ਹੀ ਮਿਣੀ ਜਾ ਸਕਦੀ ਸੀ। ਸਕੇਲ ਪਾਸੇ ਕਰ ਕੇ ਸਟੀਲ ਦਾ ਫੀਤਾ ਖੋਲ੍ਹ ਲਿਆ ਗਿਆ ਸੀ। ਜਦੋਂ ਮਿਣਤੀ ਹੋਈ ਤਾਂ ਰਾਲਫ ਬੋਸਟਨ ਨੇ ਬੈਂਚ ਕੋਲ ਟਹਿਲਦੇ ਬੌਬ ਬੀਮਨ ਨੂੰ ਸਭ ਤੋਂ ਪਹਿਲਾਂ ਦੱਸਿਆ ਕਿ ਤੇਰੀ ਛਾਲ 29 ਫੁੱਟ ਤੋਂ ਉਪਰ ਹੈ! ਇਹ ਖ਼ਬਰ ਖ਼ੁਸ਼ੀ ਦੇ ਬੰਬ ਵਰਗੀ ਸੀ। ਬੌਬ ਨੇ ਤਾਂ 28 ਫੁੱਟ ਕਰਾਸ ਕਰਨ ਬਾਰੇ ਵੀ ਨਹੀਂ ਸੀ ਸੋਚਿਆ। 29 ਫੁੱਟ ਤੋਂ ਉਪਰ ਸੁਣ ਕੇ ਬੌਬ ਨੂੰ ਜ਼ਬਰਦਸਤ ਜਜ਼ਬਾਤੀ ਦੌਰਾ ਪੈ ਗਿਆ। ਉਹਦੇ ਹੰਝੂ ਉਮਡ ਆਏ। ਹਾਕਲ ਬਾਕਲ ਹੋਇਆ ਉਹ ਗੋਡਣੀਏਂ ਡਿੱਗ ਪਿਆ ਤੇ ਮੂੰਹ ਹੱਥਾਂ ਨਾਲ ਢਕ ਲਿਆ। ਸਾਥੀਆਂ ਨੇ ਉਸ ਨੂੰ ਸੰਭਾਲਿਆ। ਹੋਸ਼ ਪਰਤੀ ਤਾਂ ਉਸ ਨੇ ਧਰਤੀ ਮਾਂ ਨੂੰ ਚੁੰਮਿਆ ਤੇ ਸਾਥੀਆਂ ਦੀ ਸਹਾਇਤਾ ਨਾਲ ਉੱਠ ਖੜ੍ਹਾ ਹੋਇਆ। ਉਸ ਨੇ ਇਕੋ ਛਾਲ ਤੋਂ ਬਾਅਦ ਕੋਈ ਹੋਰ ਛਾਲ ਨਾ ਲਾਈ ਅਤੇ ਅਮਰੀਕੀ ਝੰਡਾ ਚੁੱਕ ਕੇ ਸਟੇਡੀਅਮ ਦਾ ਚੱਕਰ ਲਾਉਣ ਲੱਗਾ। ਸਟੇਡੀਅਮ ਦੇਰ ਤਕ ਤਾੜੀਆਂ ਨਾਲ ਗੂੰਜਦਾ ਰਿਹਾ।
33 ਸਾਲਾਂ ਵਿਚ ਲੰਮੀ ਛਾਲ ਦੇ ਵਿਸ਼ਵ ਰਿਕਾਰਡ `ਚ 22 ਸੈਂਟੀਮੀਟਰ ਦਾ ਵਾਧਾ ਹੋਇਆ ਸੀ ਪਰ ਉੱਦਣ ਬੌਬ ਬੀਮਨ ਨੇ ਇਕੋ ਦਿਨ 55 ਸੈਂਟੀਮੀਟਰ ਦਾ ਵਾਧਾ ਕਰ ਦਿੱਤਾ ਸੀ! ਉਹਦਾ ਵਿਸ਼ਵ ਰਿਕਾਰਡ ਫਿਰ 23 ਸਾਲਾਂ ਬਾਅਦ 1991 `ਚ ਟੋਕੀਓ ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਸ ਵਿਚ ਅਮਰੀਕਾ ਦੇ ਮਾਈਕ ਪੌਵਲ ਨੇ 29 ਫੁੱਟ ਸਵਾ 4 ਇੰਚ ਯਾਨੀ 8.95 ਮੀਟਰ ਛਾਲ ਲਾ ਕੇ ਤੋੜਿਆ ਪਰ ਉਹਦਾ ਓਲੰਪਿਕ ਰਿਕਾਰਡ ਅਜੇ ਵੀ ਕਾਇਮ ਹੈ।
ਬੌਬ ਬੀਮਨ ਫਿਰ ਲੰਮੀ ਛਾਲ ਦੇ ਮੁਕਾਬਲਿਆਂ ਤੋਂ ਰਿਟਾਇਰ ਹੋ ਗਿਆ। 1972 ਦੀਆਂ ਓਲੰਪਿਕ ਖੇਡਾਂ `ਚ ਭਾਗ ਲੈਣ ਦੀ ਥਾਂ ਉਸ ਨੇ ਅਡੈਲਫੀ ਯੂਨੀਵਰਸਿਟੀ ਤੋਂ ਸੋਸ਼ਿਆਲੋਜੀ ਦੀ ਡਿਗਰੀ ਹਾਸਲ ਕੀਤੀ। ਕੈਲੇਫੋਰਨੀਆ ਦੇ ਗਵਰਨਰ ਨਾਲ ਮਿਲ ਕੇ ਅਥਲੈਟਿਕਸ ਦੀ ਪ੍ਰਮੋਸ਼ਨ ਲਈ ਕਈ ਯੂਨੀਵਰਸਿਟੀਆਂ `ਚ ਕੰਮ ਕੀਤਾ। ਉਹ ‘ਆਰਟ ਆਫ਼ ਓਲੰਪੀਅਨਜ਼’ ਦਾ ਗ੍ਰਾਫਿਕ ਆਰਟਿਸਟ ਬਣਿਆ, ਨੁਮਾਇਸ਼ਾਂ ਲਾਈਆਂ ਤੇ ਉਸ ਦੇ ਅਜਾਇਬਘਰ ਦਾ ਪਹਿਲਾ ਮੁੱਖ ਕਾਰਜ ਕਰਤਾ ਬਣਿਆ। ਐਲੀਐਂਟ ਇੰਟਰਨੈਸ਼ਨਲ ਯੂਨੀਵਰਸਿਟੀ ਸਾਨ ਡੀਗੋ, ਜਿਸ ਦਾ ਪਹਿਲਾ ਨਾਂ ਯੂ.ਐੱਸ. ਇੰਟਰਨੈਸ਼ਨਲ ਯੂਨੀਵਰਸਿਟੀ ਸੀ, ਵਿਚ ਟ੍ਰੈਕ ਕੋਚ ਦੀਆਂ ਸੇਵਾਵਾਂ ਨਿਭਾਈਆਂ। ਉਸ ਦਾ ਵਿਆਹ ਮਿਲਾਨਾ ਵਾਲਟਰ ਬੀਮਨ ਨਾਲ ਹੋਇਆ ਜਿਸ ਤੋਂ ਦੋ ਬੱਚੇ ਟਮੇਕਾ ਬੀਮਨ ਤੇ ਵਾਲਟਰ ਬੀਮਨ ਹਨ। 1999 ਵਿਚ ਬੌਬ ਬੀਮਨ ਤੇ ਮਿਲਾਨਾ ਬੀਮਨ ਨੇ ਰਲ ਕੇ ਪੁਸਤਕ ਲਿਖੀ ‘ਦਿ ਮੈਨ ਹੂ ਕੁਡ ਫਲਾਈ: ਬੌਬ ਬੀਮਨ ਸਟੋਰੀ’।
1983 ਵਿਚ ਜਦੋਂ ‘ਯੂਨਾਈਟਿਡ ਸਟੇਟਸ ਓਲੰਪਿਕ ਹਾਲ ਆਫ਼ ਫੇਮ’ ਬਣਿਆ ਤਾਂ ਬੌਬ ਬੀਮਨ ਦਾ ਨਾਂ ਸਭ ਤੋਂ ਪਹਿਲਾਂ ਉਕਰਿਆ ਗਿਆ। ਉਸ ਦਾ ਨਾਂ ‘ਨੈਸ਼ਨਲ ਟ੍ਰੈਕ ਐਂਡ ਫੀਲਡ ਹਾਲ ਆਫ਼ ਫੇਮ’ ਵਿਚ ਵੀ ਦਰਜ ਕੀਤਾ ਗਿਆ। ਐਲ ਪਾਸੋ, ਟੈਕਸਾਸ ਦੀ ਇਕ ਸਟਰੀਟ ਦਾ ਨਾਂ ਬੌਬ ਬੀਮਨ ਸਟਰੀਟ ਰੱਖਿਆ ਗਿਆ। ਉਸ ਦੇ ‘ਪ੍ਰਫੈਕਟ ਜੰਪ’ ਬਾਰੇ ਅਜੇ ਵੀ ਖੋਜਾਂ ਹੋ ਰਹੀਆਂ ਹਨ ਤੇ ਲਗਾਤਾਰ ਲਿਖਿਆ ਜਾ ਰਿਹੈ। ਆਖ਼ਰ ਲੰਮੀ ਛਾਲ ਲੱਗੇਗੀ ਕਿਥੋਂ ਤਕ? ਕਿੱਥੇ ਤਕ ਹੈ ਮਨੁੱਖ ਦੀ ਸੀਮਾ?
ਪਰਨਿਚਪਿਅਲਸਅਰੱਅਨਸਨਿਗਹ@ਗਮਅਲਿ।ਚੋਮ